ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਸਥਾਪਨਾ ਦੀ 43ਵੀਂ ਵਰ੍ਹੇਗੰਢ ਉਤੇ ਦਿਸੰਬਰ ਦੇ ਆਖਰੀ ਹਫਤੇ ਵਿਚ ਹਿੰਦੋਸਤਾਨ ਅਤੇ ਬਦੇਸ਼ਾਂ ਵਿਚ ਬਹੁਤ ਸਾਰੇ ਸ਼ਹਿਰਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ। ਪਾਰਟੀ ਦੇ ਵਕਤਾ, ਕਾਮਰੇਡ ਪ੍ਰਕਾਸ਼ ਰਾਓ ਨੇ ਇਸ ਮੌਕੇ ਉਤੇ, ਪਾਰਟੀ ਦੀ ਕੇਂਦਰੀ ਕਮੇਟੀ ਦੇ ਵਲੋਂ, ਇਕ ਬਹੁਤ ਹੀ ਅਹਿਮ ਤਕਰੀਰ ਕੀਤੀ, ਜਿਸ ਦਾ ਸਿਰਲੇਖ ਸੀ “ਆਓ ਇਕ ਆਧੁਨਿਕ ਜਮਹੂਰੀਅਤ ਵਾਸਤੇ ਸੰਘਰਸ਼ ਨੂੰ ਅੱਗੇ ਵਧਾਈਏ, ਜਿਸ ਵਿਚ ਮਜ਼ਦੂਰ ਅਤੇ ਕਿਸਾਨ ਅਜੰਡਾ ਤੈਅ ਕਰਨਗੇ”।
ਮੁੱਖ ਤਕਰੀਰ ਤੋਂ ਬਾਦ ਬਹੁਤ ਹੀ ਭਖਵੀਂ ਚਰਚਾ ਹੋਈ ਜਿਸ ਵਿਚ ਬਹੁਤ ਸਾਰੇ ਸਾਥੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ ਇਸ ਸਿੱਟੇ ਨਾਲ ਸਹਿਮਤੀ ਦਿਖਾਈ ਕਿ 2024 ਦੀਆਂ ਚੋਣਾਂ ਵਿਚ ਭਾਜਪਾ ਦੀ ਥਾਂ ਕਾਂਗਰਸ ਪਾਰਟੀ ਦੇ ਆ ਜਾਣ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ। ਸਮੱਸਿਆਵਾਂ ਦੇ ਹੱਲ ਲਈ ਸਾਨੂੰ ਸੱਤਾ ਵਿਚਲੀ ਜਮਾਤ ਨੂੰ ਬਦਲਣਾ ਪਏਗਾ। ਸਰਮਾਏਦਾਰੀ ਦੇ ਰਾਜ ਦੀ ਥਾਂ ਕਿਸਾਨੀ ਅਤੇ ਹੋਰ ਮੇਹਨਤਕਸ਼ ਲੋਕਾਂ ਨਾਲ ਭਾਈਵਾਲੀ ਵਿਚ ਮਜ਼ਦੂਰ ਜਮਾਤ ਦਾ ਰਾਜ ਸਥਾਪਤ ਕਰਨਾ ਪਏਗਾ।
ਬਹਿਸ ਵਿਚ ਹਿੱਸਾ ਲੈਣ ਵਾਲਿਆਂ ਨੇ ਆਪਣੇ ਨਿੱਜੀ ਤਜਰਬੇ ਦੇ ਲਿਹਾਜ਼ ਨਾਲ ਦਸਿਆ ਕਿ ਹਾਕਮ ਸਰਮਾਏਦਾਰੀ ਲੋਕਾਂ ਦੀਆਂ ਫੈਸਲੇ ਲੈਣ ਵਾਲੇ ਬਣਨ ਦੀਆਂ ਖਾਹਿਸ਼ਾਂ ਅਤੇ ਇਛਾਵਾਂ ਨੂੰ ਪੂਰਾ ਕਰਨ ਦੇ ਕਾਬਲ ਨਹੀਂ। ਮਜ਼ਦੂਰ ਜਮਾਤ ਨੂੰ ਹੀ ਇਸ ਕਾਜ਼ ਦੇ ਘੁਲਾਟੀਏ ਬਣਨਾ ਪੈਣਾ ਪਏਗਾ। ਸਾਨੂੰ ਕਮਿਉਨਿਸਟਾਂ ਨੂੰ ਸਿਆਸੀ ਢਾਂਚੇ ਅਤੇ ਚੋਣ ਪ੍ਰੀਕ੍ਰਿਆ ਵਿਚ ਅਜੇਹੀਆਂ ਤਬਦੀਲੀਆਂ ਲਿਆਉਣ ਦੀ ਮੰਗ ਕਰਨ ਲਈ ਲੜਨ ਲਈ ਮਜ਼ਦੂਰ ਜਮਾਤ ਨੂੰ ਲਾਮਬੰਦ ਕਰਨਾ ਪਏਗਾ, ਜਿਨ੍ਹਾਂ ਨਾਲ ਫੈਸਲੇ ਲੈਣ ਦੀ ਤਾਕਤ ਲੋਕਾਂ ਦੇ ਹੱਥ ਵਿਚ ਆਵੇ। ਸਾਨੂੰ ਕਿਸਾਨੀ ਅਤੇ ਤਮਾਮ ਹੋਰ ਦੱਬੇ ਕੁਚਲੇ ਲੋਕਾਂ ਨੂੰ ਇਸ ਪ੍ਰੋਗਰਾਮ ਦੇ ਹੱਕ ਵਿਚ ਲਾਮਬੰਦ ਕਰਨਾ ਪਏਗਾ। ਫੈਸਲੇ ਲੈਣ ਦੀ ਤਾਕਤ ਆਪਣੇ ਹੱਥਾਂ ਵਿਚ ਆਉਣ ਤੋਂ ਬਾਦ ਅਸੀਂ ਆਰਥਿਕਤਾ ਦੀ ਦਿਸ਼ਾ ਸਰਮਾਏਦਾਰਾ ਲਾਲਚਾਂ ਦੀ ਬਜਾਇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਲ ਕਰ ਸਕਦੇ ਹਾਂ।
ਮੀਟਿੰਗ ਦੀ ਸਮਾਪਤੀ ਦੁਨੀਆਂ ਭਰ ਦੇ ਮਜ਼ਦੂਰਾਂ ਦਾ ਇਨਕਲਾਬੀ ਗੀਤ “ਦਾ ਇੰਟਰਨੈਸ਼ਲ” ਗਾਉਣ ਤੋਂ ਬਾਦ ਬਹੁਤ ਹੀ ਖਾੜਕੂ ਮਹੌਲ ਵਿਚ ਹੋਈ