ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਾ ਦਿਨ, ਮਈ ਦਿਵਸ – ਜ਼ਿੰਦਾਬਾਦ!

ਸਰਮਾਏਦਾਰਾ ਢਾਂਚੇ ਦੇ ਖਿਲਾਫ ਸੰਘਰਸ਼ ਕਰਦੇ ਹੋਏ ਵਧੇ ਚਲੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਸੱਦਾ, 1 ਮਈ, 2023

ਮਜ਼ਦੂਰ ਸਾਥੀਓ!

ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਿਵਸ, ਮਈ ਦਿਵਸ ਦੇ ਅਵਸਰ ਉਤੇ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੁਨੀਆਂ ਦੇ ਤਮਾਮ ਮਜ਼ਦੂਰਾਂ ਨੂੰ ਸਲਾਮ ਕਰਦੀ ਹੈ। ਅਸੀਂ ਉਨ੍ਹਾਂ ਸਭਨਾਂ ਨੂੰ ਸਲਾਮ ਕਰਦੇ ਹਾਂ ਜਿਹੜੇ ਸਰਮਾਏਦਾਰ ਜਮਾਤ ਦੀਆਂ ਸਰਕਾਰਾਂ ਵਲੋਂ ਉਨ੍ਹਾਂ ਦੇ ਸਖਤ ਸੰਘਰਸ਼ਾਂ ਰਾਹੀਂ ਜਿੱਤੇ ਹੱਕਾਂ ਅਤੇ ਜਾਇਜ਼ ਮੰਗਾਂ ਉਤੇ ਵਹਿਸ਼ੀ ਹਮਲਿਆਂ ਦੇ ਖਿਲਾਫ ਲੜਾਈ ਕਰ ਰਹੇ ਹਨ।

ਦੁਨੀਆਂ ਦਾ ਪੂੰਜੀਵਾਦੀ ਢਾਂਚਾ ਇਕ ਅੱਤੀ ਡੂੰਘੇ ਸੰਕਟ ਵਿਚ ਫਸਿਆ ਹੋਇਆ ਹੈ। 2023 ਵਿਚ ਯੂਰਪ ਅਤੇ ਉੱਤਰੀ ਅਮਰੀਕਾ ਦੀਆਂ ਆਰਥਿਕਤਾਵਾਂ ਦਾ ਵਿਕਾਸ ਸਿਫਰ ਰਹਿ ਜਾਣ ਦੇ ਅਨੁਮਾਨ ਹਨ।

ਆਰਥਿਕ ਸੰਕਟ ਦੇ ਬਾਵਯੂਦ ਵਧ ਤੋਂ ਵਧ ਮੁਨਾਫੇ ਹੜਪਣ ਦੀ ਜਨੂੰਨੀ ਕੋਸ਼ਿਸ਼ ਵਿਚ, ਅਜਾਰੇਦਾਰ ਸਰਮਾਏਦਾਰ ਅਤੇ ਉਨ੍ਹਾਂ ਦੀ ਸੇਵਾ ਕਰ ਰਹੀਆਂ ਸਰਕਾਰਾਂ ਇਕ ਤੋਂ ਬਾਦ ਦੂਸਰਾ ਲੋਕ-ਵਿਰੋਧੀ ਕਦਮ ਉਠਾ ਰਹੀਆਂ ਹਨ। ਉਹ ਸਮਾਜ ਸੇਵਾਵਾਂ ਉਤੇ ਖਰਚੇ ਘਟਾ ਰਹੀਆਂ ਹਨ। ਸਵਾਸਥ ਸੇਵਾ ਅਤੇ ਪੜ੍ਹਾਈ ਵਰਗੀਆਂ ਜਨਤਕ ਸੇਵਾਵਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਨਤਕ ਜਾਇਦਾਦਾਂ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਦਾ ਕੰਮ ਨਿੱਜੀ ਕੰਪਨੀਆਂ ਲਈ ਮੁਨਾਫੇ ਕਮਾਉਣ ਲਈ ਉਨ੍ਹਾਂ ਦੇ ਹੱਥਾਂ ਵਿਚ ਸੌਂਪੀਆਂ ਜਾ ਰਹੀਆਂ ਹਨ।, ਤੇਲ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧੀਆਂ ਚਲੀਆਂ ਆ ਰਹੀਆਂ ਹਨ। ਪਿਛਲੇ ਦੋ ਦਹਾਕਿਆਂ ਤੋਂ ਮਜ਼ਦੂਰਾਂ ਦੀਆਂ ਅਸਲੀ ਤਨਖਾਹਾਂ ਲਗਾਤਾਰ ਘਟਦੀਆਂ ਆ ਰਹੀਆਂ ਹਨ। ਪੈਨਸ਼ਨਾਂ ਅਤੇ ਹੋਰ ਕਈ ਤਰਾਂ ਦੀ ਸਮਾਜਿਕ ਸੁਰਖਿਆ ਦੇ ਅਧਿਕਾਰ ਜੋ ਦਹਾਕਿਆਂ ਬੱਧੀ ਸੰਘਰਸ਼ਾਂ ਤੋਂ ਬਾਅਦ ਜਿੱਤੇ ਗਏ ਸਨ, ਤਿੱਖੇ ਹਮਲਿਆਂ ਹੇਠ ਹਨ। ਅੱਠ ਘੰਟੇ ਦੀ ਦਿਹਾੜੀ ਦੇ ਹੱਕ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਬਹੁਤ ਸਾਰੇ ਮਜ਼ਦੂਰਾਂ ਨੂੰ ਦਿਨ ਦੇ 12 ਤੋਂ 16 ਘੰਟੇ ਤਕ ਕੰਮ ਕਰਨ ਲਈ ਮਜਬੂਤ ਕੀਤਾ ਰਿਹਾ ਹੈ।

ਮਜ਼ਦੂਰਾਂ ਦੀ ਏਕਤਾ ਨਸ਼ਟ ਕਰਨ ਲਈ ਪੂੰਜੀਵਾਦੀ ਦੇਸ਼ ਆਪਣੇ ਪਰਖੇ ਹੋਏ ਤਰੀਕੇ, ਜਾਣੀ ਨਸਲਵਾਦ, ਫਿਰਕਾਪ੍ਰਸਤੀ ਅਤੇ ਅਵਾਸੀਆਂ ਉਤੇ ਹਮਲੇ ਕਰਨਾ ਵਰਤ ਰਹੇ ਹਨ। ਬਰਤਾਨਵੀ ਸਰਕਾਰ ਨੇ ਅਵਾਸੀ ਮਜ਼ਦੂਰਾਂ ਦੇ ਖਿਲਾਫ ਇਕ ਬਹੁਤ ਹੀ ਸਖਤ ਕਨੂੰਨ ਪਾਸ ਕੀਤਾ ਹੈ। ਅਮਰੀਕਾ ਅਤੇ ਕਈ ਇਕ ਯੂਰਪੀ ਦੇਸ਼ਾਂ ਵਿਚ ਨਸਲੀ ਹਮਲਿਆਂ ਦੀ ਭਰਮਾਰ ਹੈ। ਹਿੰਦੋਸਤਾਨ ਵਿਚ, ਹਾਕਮ ਜਮਾਤ ਇਕ ਗਿਣ-ਮਿਥੇ ਢੰਗ ਨਾਲ ਧਰਮ ਅਤੇ ਜਾਤ ਦੇ ਅਧਾਰ ਉਤੇ ਫੁੱਟ ਵਧਾ ਰਹੀ ਹੈ।

ਅਮਰੀਕਾ ਨੇ ਸਮੁੱਚੀ ਦੁਨੀਆਂ ਉਤੇ ਆਪਣਾ ਨਿਰਵਿਵਾਦ ਦਬਦਬਾ ਸਥਾਪਤ ਕਰਨ ਲਈ ਇਕ ਹਮਲਾਵਰ ਰੁਖ ਧਾਰਨ ਕੀਤਾ ਹੋਇਆ ਹੈ। ਉਸ ਨੇ ਏਸ਼ੀਆ ਅਤੇ ਅਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿਚ ਸਿਵਲ ਜੰਗਾਂ ਲੁਆਈਆਂ ਹੋਈਆਂ ਹਨ। ਉਸ ਨੇ ਯੁਕਰੇਨ ਦੇ ਮਾਮਲੇ ਬਾਰੇ ਰੂਸ ਦੇ ਖ਼ਿਲਾਫ਼ ਜੰਗ ਦੇ ਸਬੰਧ ਵਿਚ ਨੇਟੋ ਨੂੰ ਲਾਮਬੰਦ ਕੀਤਾ ਹੋਇਆ ਹੈ। ਇਸ ਜੰਗ ਦਾ ਨਿਸ਼ਾਨਾ ਰੂਸ ਨੂੰ ਘੇਰਾ ਪਾਉਣਾ ਤੇ ਤਬਾਹ ਕਰਨਾ ਅਤੇ ਜਰਮਨੀ ਨੂੰ ਕਮਜ਼ੋਰ ਕਰਨਾ ਹੈ। ਦੂਸਰੀਆਂ ਸਾਮਰਾਜਵਾਦੀ ਤਾਕਤਾਂ ਨਾਲ ਸਹਿਯੋਗ ਅਤੇ ਟਾਕਰਾ ਕਰਦਿਆਂ ਹੋਇਆਂ ਅਮਰੀਕੀ ਸਾਮਰਾਜਵਾਦ ਨੇ ਅਫਰੀਕਾ ਅਤੇ ਏਸ਼ੀਆ ਵਿਚ ਲੁੱਟ ਮਚਾਈ ਹੋਈ ਹੈ। ਉਸ ਨੇ ਜਪਾਨ ਵਿਚ ਫੌਜੀਕਰਣ ਨੂੰ ਉਤਸ਼ਾਹਤ ਕੀਤਾ ਹੈ ਅਤੇ ਚੀਨ ਨੂੰ ਘੇਰਾ ਪਾਉਣ ਲਈ ਉਹ ਏਸ਼ੀਆ ਉਤੇ ਦਾਬਾ ਪਾਉਣ ਲਈ ਏਸ਼ੀਅਨ ਨੇਟੋ ਉਸਾਰ ਰਿਹਾ ਹੈ। ਸੰਖੇਪ ਵਿਚ, ਅਮਰੀਕੀ ਸਾਮਰਾਜਵਾਦੀਏ ਮਨੁੱਖਤਾ ਨੂੰ ਇਕ ਨਵੇਂ ਵਿਸ਼ਵ ਯੁੱਧ ਵਿਚ ਝੋਕਣ ਦਾ ਖਤਰਾ ਪੈਦਾ ਕਰ ਰਹੇ ਹਨ।

ਯੂਰਪ ਵਿਚ, ਅਤੇ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿਚ ਵੀ ਲੋਕਾਂ ਵਲੋਂ, ਅਮਰੀਕੀ ਸਾਮਰਾਜਵਾਦੀ ਹਮਲਾਵਰ ਰੌਂ/ਵੇਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਈ ਇਕ ਯੂਰਪੀ ਦੇਸ਼ਾਂ ਵਿਚ ਲੋਕਾਂ ਵਲੋਂ ਵੱਡੇ ਪੱਧਰ ਉਤੇ ਵਿਰੋਧ ਕੀਤਾ ਜਾ ਰਿਹਾ ਹੈ, ਜਿਥੇ ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਦੇਸ਼ ਜੰਗ-ਫਰੋਸ਼ ਨੇਟੋ ਗੁਟਬੰਦੀ ਵਿਚੋਂ ਨਿਕਲ ਜਾਵੇ। ਜੰਗ ਦੇ ਵਿਰੋਧ ਅਤੇ ਉਨ੍ਹਾਂ ਦੇ ਰੁਜ਼ਗਾਰ ਤੇ ਅਧਿਕਾਰਾਂ ੳਤੇ ਹਮਲਿਆਂ ਨੇ ਫਰਾਂਸ, ਬਰਤਾਨੀਆਂ, ਗਰੀਸ, ਇਟਲੀ ਅਤੇ ਹੋਰ ਯੂਰਪੀ ਦੇਸ਼ਾਂ ਦੇ ਲੋਕਾਂ ਨੂੰ ਸੜਕਾਂ ਉਤੇ ਲੈ ਆਂਦਾ ਹੈ। ਸੜਕਾਂ ਉਤੇ ਆ ਕੇ ਵਿਰੋਧ ਕਰਨ ਵਾਲਿਆਂ ਅਤੇ ਹੜਤਾਲਾਂ ਕਰਨ ਵਾਲਿਆਂ ਵਿਚ ਰੇਲਵੇ ਮਜ਼ਦੂਰ, ਏਅਰਲਾਈਨ ਵਰਕਰਜ਼, ਰੋਡ ਟਰਾਂਸਪੋਰਟ ਵਰਕਰਜ਼, ਡਾਕਖਾਨਾ ਮਜ਼ਦੂਰ, ਡਾਕਟਰ ਅਤੇ ਨਰਸਾਂ, ਸਕੂਲੀ ਅਧਿਆਪਕ, ਸਨਅੱਤੀ ਮਜ਼ਦੂਰ ਅਤੇ ਸਰਕਾਰੀ ਕਰਮਚਾਰੀ ਸ਼ਾਮਲ ਹਨ। ਯੂਰਪ ਵਿਚ ਪਿਛਲੇ 30 ਸਾਲਾਂ ਵਿਚ ਮਜ਼ਦੂਰਾਂ ਨੇ ਪਹਿਲਾਂ ਕਦੇ ਹੜਤਾਲਾਂ ਵਿਚ ਏਨੀ ਭਾਰੀ ਗਿਣਤੀ ਵਿਚ ਹਿੱਸਾ ਨਹੀਂ ਸੀ ਲਿਆ।

ਅਮਰੀਕਾ ਅਤੇ ਹੋਰ ਸਰਮਾਏਦਾਰਾ ਦੇਸ਼ਾਂ ਵਿਚ ਵੀ ਬੜੀਆਂ ਬੜੀਆਂ ਹੜਤਾਲਾਂ ਹੋ ਰਹੀਆਂ ਹਨ। ਜਪਾਨੀ ਅਤੇ ਦੱਖਣੀ ਕੋਰੀਆਈ ਮਜ਼ਦੂਰ ਵੀ ਫੌਜੀਕਰਣ ਅਤੇ ਜੰਗ-ਫਰੋਸ਼ੀ ਦਾ ਭਾਰੀ ਵਿਰੋਧ ਕਰ ਰਹੇ ਹਨ।

ਪੂਰੀ ਦੁਨੀਆਂ ਵਿਚ ਹੀ ਮਜ਼ਦੂਰ, ਪੂੰਜੀਵਾਦੀ ਸਰਕਾਰਾਂ ਵਲੋਂ ਆਪਣੇ ਰੁਜ਼ਗਾਰ ਅਤੇ ਅਧਿਕਾਰਾਂ ਉਤੇ ਵਹਿਸ਼ੀ ਹਮਲਿਆਂ ਦਾ ਵਿਰੋਧ ਕਰ ਰਹੇ ਹਨ। ਉਹ ਵਧ ਰਹੀ ਮਹਿੰਗਾਈ ਕਾਰਨ ਆਪਣੇ ਗੁਜ਼ਾਰੇ ਲਈ ਵੇਤਨ ਵਧਾਏ ਜਾਣ ਦੀ ਮੰਗ ਕਰ ਰਹੇ ਹਨ। ਉਹ ਪੈਨਸ਼ਨ ਅਤੇ ਸਮਾਜਿਕ ਸੁਰਖਿਆ ਉਤੇ ਲਾਏ ਕੱਟ ਨੂੰ ਮੁੜਕੇ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਉਹ ਨਿੱਜੀਕਰਣ ਅਤੇ ਨੌਕਰੀਆਂ ਕੱਟ ਕਰਨ ਦੀ ਵਿਰੋਧਤਾ ਕਰ ਰਹੇ ਹਨ। ਉਹ ਅਵਾਸੀ ਮਜ਼ਦੂਰਾਂ ਦੇ ਖਿਲਾਫ ਬਣਾਏ ਗਏ ਨਸਲਵਾਦੀ ਕਨੂੰਨਾਂ ਦੀ ਵਿਰੋਧਤਾ ਕਰ ਰਹੇ ਹਨ।

ਹਿੰਦੋਸਤਾਨ ਵਿਚ, ਮਜ਼ਦੂਰ ਆਪਣੇ ਅਤੇ ਕਿਸਾਨਾਂ ਦੇ ਹੱਕਾਂ ਦੀ ਰਖਵਾਲੀ ਖਾਤਰ ਕਈ ਇਕ ਸੰਘਰਸ਼ ਚਲਾ ਰਹੇ ਹਨ। ਮਜ਼ਦੂਰ ਆਪਣੀ ਮਰਜ਼ੀ ਦੀਆਂ ਟਰੇਡ ਯੂਨੀਅਨਾਂ ਬਣਾਉਣ ਦੇ ਅਧਿਕਾਰ ਵਿਰੁਧ ਬਣਾਏ ਗਏ ਕਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਉਹ ਜਨਤਕ ਅਸਾਸਿਆਂ ਅਤੇ ਜ਼ਰੂਰੀ ਸੇਵਾਵਾਂ ਦੇ ਨਿੱਜੀਕਰਣ ਕੀਤੇ ਜਾਣ ਦੇ ਖਿਲਾਫ ਲੜ ਰਹੇ ਹਨ। ਉਹ ਠੇਕਾ ਮਜ਼ਦੂਰੀ ਦੀ ਵਧ ਰਹੀ ਵਰਤੋਂ ਕੀਤੇ ਜਾਣ ਦੇ ਖਿਲਾਫ, ਨੌਕਰੀਆਂ ਨੂੰ ਨਿਯਮਿਤ ਕਰਾਉਣ ਲਈ ਅਤੇ ਸਮਾਜਿਕ ਸੁਰਖਿਆ ਦਿਤੇ ਜਾਣ ਲਈ ਲੜ ਰਹੇ ਹਨ। ਸਰਕਾਰੀ ਕਰਮਚਾਰੀ ਪੈਨਸ਼ਨਾਂ ਘਟਾਏ ਜਾਣ ਦਾ ਵਿਰੋਧ ਕਰ ਰਹੇ ਹਨ ਅਤੇ ਖਾਲੀ ਅਸਾਮੀਆਂ ਭਰਨ ਦੀ ਮੰਗ ਕਰ ਰਹੇ ਹਨ। ਆਟੋ ਇੰਡਸਟਰੀ, ਆਈ ਟੀ ਸੇਵਾਵਾਂ, ਚਮੜਾ ਸਨਅੱਤ, ਪੁਸ਼ਾਕ ਸਨਅੱਤ ਅਤੇ ਆਰਥਿਕਤਾ ਦੇ ਹੋਰ ਖੇਤਰਾਂ ਦੇ ਮਜ਼ਦੂਰ ਲੇ-ਆਫ ਅਤੇ ਫੈਕਟਰੀਆਂ ਬੰਦ ਕੀਤੇ ਜਾਣ ਦੇ ਖਿਲਾਫ ਲੜ ਰਹੇ ਹਨ। ਆਂਗਨਵਾੜੀ ਅਤੇ ਆਸ਼ਾ ਮਜ਼ਦੂਰ ਮਜ਼ਦੂਰਾਂ ਬਤੌਰ ਆਪਣੇ ਹੱਕ ਮੰਗ ਕਰ ਰਹੇ ਹਨ ਅਤੇ ਗੁਜ਼ਾਰੇਲਾਇਕ ਤਨਖਾਹਾਂ ਦੀ ਗਰੰਟੀ ਵਾਸਤੇ ਲੜਾਈ ਕਰ ਰਹੇ ਹਨ। ਗਿਗ ਵਰਕਰਜ਼ ਮਜ਼ਦੂਰ ਬਤੌਰ ਆਪਣੇ ਹੱਕ ਮੰਗ ਰਹੇ ਹਨ।

“ਮੇਕ ਇਨ ਇੰਡੀਆ” ਦੇ ਬੈਨਰ ਹੇਠ, ਹਾਕਮ ਸਰਮਾਏਦਾਰ ਜਮਾਤ ਚਾਹੁੰਦੀ ਹੈ ਕਿ ਦੁਨੀਆਂ ਦੇ ਸਰਮਾਏਦਾਰ ਆਪਣੀ ਪੂੰਜੀ ਹਿੰਦੋਸਤਾਨ ਵਿਚ ਨਿਵੇਸ਼ ਕਰਨ। ਟਾਟਾ, ਅੰਬਾਨੀ, ਬਿਰਲਾ, ਅਦਾਨੀ ਅਤੇ ਹੋਰ ਹਿੰਦੋਸਤਾਨੀ ਅਜਾਰੇਦਾਰ ਸਰਮਾਏਦਾਰ ਅਮਰੀਕਾ ਅਤੇ ਰੂਸ ਵਿਚਕਾਰ ਟਕਰਾਓ ਅਤੇ ਅਮਰੀਕਾ ‘ਤੇ ਚੀਨ ਵਿਚਕਾਰ ਟਕਰਾਓ ਨੂੰ ਆਪਣੇ ਖੁਦ ਦੇ ਬਜ਼ਾਰ ਅਤੇ ਅਸਰ-ਰਸੂਖ ਦਾ ਘੇਰਾ ਮੋਕਲਾ ਕਰਨ ਲਈ ਵਰਤਣਾ ਚਾਹੁੰਦੇ ਹਨ। ਹਿੰਦੋਸਤਾਨ ਦੀ ਸਰਕਾਰ ਵਲੋਂ ਲਿਆ ਹੋਇਆ ਰਸਤਾ ਕੇਵਲ ਮਜ਼ਦੂਰਾਂ ਅਤੇ ਕਿਸਾਨਾਂ ਦੀ ਲੁੱਟ ਨੂੰ ਹੀ ਨਹੀਂ ਤੇਜ਼ ਕਰ ਰਿਹਾ, ਬਲਕਿ ਇਸ ਨਾਲ ਹਿੰਦੋਸਤਾਨੀ ਲੋਕਾਂ ਲਈ ਇਸ ਇਲਾਕੇ ਵਿਚ ਇਕ ਪਿਛਾਂਹ-ਖਿਚੂ ਜੰਗ ਵਿਚ ਫਸਾਉਣ ਦਾ ਖਤਰਾ ਵੀ ਵਧ ਰਿਹਾ ਹੈ।

ਮਜ਼ਦੂਰ ਸਾਥੀਓ,

ਸਮਾਜ ਨੂੰ ਪੂੰਜੀਵਾਦ ਇਕ ਤਬਾਹੀ ਤੋਂ ਦੂਸਰੀ ਤਬਾਹੀ ਵਲ ਲੈ ਜਾਂਦਾ ਹੈ। ਪੂੰਜੀਵਾਦ ਦੇ ਮੌਜੂਦਾ ਪੜਾਅ ਦਾ ਬੁਨਿਆਦੀ ਨਿਯਮ/ਕਨੂੰਨ, ਲੁੱਟ-ਖਸੁੱਟ ਕਰਕੇ, ਕਿਸੇ ਇਕ ਖਾਸ ਦੇਸ਼ ਦੀ ਬਹੁਗਿਣਤੀ ਅਬਾਦੀ ਦੀ ਤਬਾਹੀ ਅਤੇ ਗੁਰਬਤ ਵਧਾ ਕੇ, ਦੂਸਰੇ ਦੇਸ਼ਾਂ, ਖਾਸ ਕਰਕੇ ਘੱਟ ਵਿਕਸਤ ਦੇਸ਼ਾਂ ਨੂੰ ਗੁਲਾਮ ਕਰਕੇ ਉਨ੍ਹਾਂ ਦੀ ਸਿਲਸਿਲੇਵਾਰ ਡਕੈਤੀ ਕਰਕੇ ਅਤੇ ਜੰਗਾਂ ‘ਤੇ ਕੌਮੀ ਆਰਥਿਕਤਾ ਦਾ ਫੌਜੀਕਰਣ ਕਰਕੇ ਵੱਧ ਤੋਂ ਵੱਧ ਸਰਮਾਏਦਾਰਾ ਮੁਨਾਫੇ ਵਧਾਉਣਾ ਹੈ।

ਪੂੰਜੀਵਾਦ ਦਾ ਬਦਲ ਹੈ, ਉਹ ਬਦਲ ਹੈ ਵਿਗਿਆਨਿਕ ਸਮਾਜਵਾਦ।

ਇਕ ਅਜੇਹਾ ਢਾਂਚਾ ਸਥਾਪਤ ਕਰਨਾ ਪੂਰੀ ਤਰਾਂ ਸੰਭਵ ਹੈ, ਜਿਸ ਵਿਚ ਆਰਥਿਕਤਾ ਦੀ ਦਿਸ਼ਾ ਸਮੁੱਚੇ ਸਮਾਜ ਦੀਆਂ ਲਗਾਤਾਰ ਵਧ ਰਹੀਆਂ ਪਦਾਰਥਕ ਅਤੇ ਸਭਿਆਚਾਰਕ ਜ਼ਰੂਰਤਾਂ ਨੂੰ ਵਧ ਤੋਂ ਵਧ ਪੂਰਾ ਕਰਨ ਵਲ ਹੋਵੇ।

ਵੀਹਵੀਂ ਸਦੀ ਵਿਚ, 1917 ਵਿਚ ਰੂਸ ਦੇ ਮਹਾਨ ਅਕਤੂਬਰ ਇਨਕਲਾਬ ਤੋਂ ਬਾਅਦ ਸਮਾਜਵਾਦੀ ਢਾਂਚਾ ਕਾਇਮ ਹੋਇਆ ਅਤੇ ਮੌਲਿਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਨਵੇਂ ਅਜ਼ਾਦ ਹੋਏ ਦੇਸ਼ਾਂ ਦੇ ਲੋਕ ਸਮਾਜਵਾਦੀ ਢਾਂਚੇ ਤੋਂ ਬਹੁਤ ਉਤਸ਼ਾਹਤ ਹੋਏ, ਜਿਸ ਢਾਂਚੇ ਨੇ ਸਾਬਤ ਕਰ ਦਿਤਾ ਸੀ ਕਿ ਉਹ ਪੂੰਜੀਵਾਦ ਨਾਲੋਂ ਵਧੀਆ ਹੈ। ਯੂਰਪ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਬਹੁਤ ਸਾਰੇ ਦੇਸ਼ ਅਤੇ ਲੋਕ ਸਮਾਜਵਾਦ ਉਸਾਰਨ ਦੇ ਰਾਹ ਉਤੇ ਢਿੱਲ ਪਏ ਸਨ।

ਅਮਰੀਕੀ ਬੁਰਜੂਆਜ਼ੀ ਦੀ ਅਗਵਾਈ ਵਿਚ ਸਾਮਰਾਜਵਾਦੀਆਂ ਨੇ ਸਮਾਜਵਾਦ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਵਿਚ ਕੋਈ ਕਸਰ ਨਹੀਂ ਛੱਡੀ। ਜਦੋਂ ਫੌਜੀ ਤਰੀਕਾ ਫੇਲ੍ਹ ਹੋ ਗਿਆ ਤਾਂ ਉਨ੍ਹਾਂ ਨੇ ਕਮਿਉਨਿਸਟ ਪਾਰਟੀਆਂ ਦੇ ਅੰਦਰ ਆਪਣੇ ਏਜੰਟ ਪੈਦਾ ਕਰਕੇ ਅੰਦਰੋਂ ਢਾਹ ਲਾਉਣਾ ਜਥੇਬੰਦ ਕਰਨ ਦਾ ਰਾਹ ਅਪਣਾ ਲਿਆ।

1991 ਵਿਚ ਸੋਵੀਅਤ ਸੰਘ ਨੂੰ ਢਹਿ ਢੇਰੀ ਕਰਨ ਤੋਂ ਬਾਅਦ, ਸਾਮਰਾਜਵਾਦੀ ਸਰਮਾਏਦਾਰੀ ਨੇ ਐਲਾਨ ਕਰ ਦਿਤਾ ਕਿ ਸਮਾਜਵਾਦ ਖਤਮ ਹੋ ਚੁੱਕਾ ਹੈ ਅਤੇ ਪੂੰਜੀਵਾਦ ਦਾ ਕੋਈ ਬਦਲ ਨਹੀਂ ਹੈ। ਲੇਕਿਨ ਉਹ ਇਸ ਅਣ-ਮਨੁੱਖੀ ਢਾਂਚੇ ਦੇ ਬਦਲ ਵਾਸਤੇ ਲੋਕਾਂ ਦੀਆਂ ਖਾਹਿਸ਼ਾਂ ਦਾ ਅੰਤ ਨਹੀਂ ਕਰ ਸਕੇ।

ਪਿਛਲੇ 32 ਸਾਲਾਂ ਨੇ ਪੁਸ਼ਟੀ ਕਰ ਦਿਤੀ ਹੈ ਕਿ ਪੂੰਜੀਵਾਦ ਮਨੁੱਖਤਾ ਨੂੰ ਕੇਵਲ ਤਬਾਹੀ ਪ੍ਰਦਾਨ/ਭੇਂਟ ਕਰ ਸਕਦਾ ਹੈ। ਮੇਹਨਤਕਸ਼ ਬਹੁਗਿਣਤੀ ਅਤੇ ਲੋਟੂ ਅਲਪਸੰਖਿਆ ਦੇ ਹਾਲਾਤਾਂ ਵਿਚਕਾਰਲਾ ਪਾੜਾ ਹੋਰ ਵਧਿਆ ਹੀ ਹੈ। ਜੰਗਾਂ ਰਹਿਤ ਸੰਸਾਰ ਦਾ ਪੂੰਜੀਵਾਦੀ ਵਾਇਦਾ ਝੂਠਾ ਸਾਬਤ ਹੋਇਆ ਹੈ। ਅਖੌਤੀ ਲੋਕ-ਪੱਖੀ ਸਰਕਾਰੀ ਨੀਤੀਆਂ ਰਾਹੀਂ, ਸਰਮਾਏਦਾਰਾ ਢਾਂਚੇ ਦੇ ਅੰਦਰ ਮਜ਼ਦੂਰਾਂ ਦਾ ਭਲਾ ਕਰਨ ਦੀ ਸੰਭਾਵਨਾ ਬਾਰੇ ਤਮਾਮ ਭੁਲੇਖੇ ਤਹਿਸ਼ ਨਹਿਸ਼ ਹੋ ਚੁੱਕੇ ਹਨ।

ਮਜ਼ਦੂਰ ਜਮਾਤ ਅਤੇ ਦੁਨੀਆਂ ਦੇ ਦੱਬੇ ਕੁਚਲੇ ਲੋਕ ਮਨੁੱਖ ਦੀ ਮਨੁੱਖ ਹਥੋਂ ਲੁੱਟ, ਅਤੇ ਕੁਝ ਦੇਸ਼ਾਂ ਵਲੋਂ ਦੂਸਰੇ ਦੇਸ਼ਾਂ ਨਾਲ ਵਧੀਕੀ ਅਤੇ ਸਾਮਰਾਜਵਾਦੀ ਜੰਗਾਂ ਤੋਂ ਮੁਕਤ ਦੁਨੀਆਂ ਵਾਸਤੇ ਤਾਂਘ ਰਹੇ ਹਨ। ਸਰਮਾਏਦਾਰੀ ਦੇ ਸਮਾਜ-ਵਿਰੋਧੀ ਹਮਲੇ ਦੇ ਖਿਲਾਫ ਸੰਘਰਸ਼ ਨੂੰ ਉਸ ਦੀ ਤਰਕ-ਪੂਰਨ ਮੰਜ਼ਿਲ ਤਕ ਲੈ ਜਾਣ ਲਈ, ਜਾਣੀ ਇਨਕਲਾਬ ਰਾਹੀਂ ਪੂੰਜੀਵਾਦ ਦਾ ਤਖਤਾ ਉਲਟਾ ਕੇ ਸਮਾਜਵਾਦ ਉਸਾਰਨ ਲਈ, ਵਕਤ ਮਜ਼ਦੂਰ ਜਮਾਤ ਨੂੰ ਹੋਕਾ ਦੇ ਰਿਹਾ ਹੈ।

ਮਜ਼ਦੂਰ ਸਾਥੀਓ,

ਹਿੰਦੋਸਤਾਨੀ ਸਰਮਾਏਦਾਰੀ ਅਤੇ ਉਸ ਦੀਆਂ ਸਭ ਪਾਰਟੀਆਂ ਸਾਡੇ ਕੰਨਾਂ ਵਿਚ ਲਗਾਤਾਰ ਇਹੀ ਢੰਡੋਰਾ ਪਿਟ ਰਹੇ ਹਨ ਕਿ ਮਜੂਦਾ ਸੰਸਦੀ ਜਮਹੂਰੀਅਤ ਦੇ ਢਾਂਚੇ ਨਾਲੋਂ ਬੇਹਤਰ ਕੁਝ ਵੀ ਨਹੀਂ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਢਾਂਚਾ ਸਾਰੀਆਂ ਜਮਾਤਾਂ ਦੇ ਹਿੱਤਾਂ ਦੀ ਸੇਵਾ ਕਰਦਾ ਹੈ। ਉਹ ਇਹ ਸਚਾਈ ਛੁਪਾ ਰਹੇ ਹਨ ਕਿ ਅਸਲ ਵਿਚ ਇਹ ਇਕ ਅਜੇਹਾ ਢਾਂਚਾ ਹੈ ਜਿਹਦੇ ਰਾਹੀਂ ਸਰਮਾਏਦਾਰੀ ਮਜ਼ਦੂਰਾਂ ਅਤੇ ਕਿਸਾਨਾਂ ਉਤੇ ਹੁਕਮਸ਼ਾਹੀ/ਤਾਨਾਸ਼ਾਹੀ ਚਲਾਉਂਦੀ ਹੈ।

ਭਾਰਤੀ ਕਮਿਉਨਿਸਟ ਪਾਰਟੀ (ਸੀ ਪੀ ਆਈ) ਨੇ 1951 ਵਿਚ ਸਮਝ ਲਿਆ ਸੀ ਕਿ ਬਸਤੀਵਾਦ ਤੋਂ ਬਾਅਦ ਵਾਲਾ ਹਿੰਦੋਸਤਾਨੀ ਰਾਜ ਸਰਮਾਏਦਾਰਾ ਤਾਨਾਸ਼ਾਹੀ ਦਾ ਔਜ਼ਾਰ ਹੈ। ਪਰ ਉਸ ਤੋਂ ਬਾਅਦ ਵਾਲੇ ਸਾਲਾਂ ਵਿਚ ਕਮਿਉਨਿਸਟ ਲਹਿਰ ਇਸ ਸਟੈਂਡ ਉਤੇ ਕਾਇਮ ਨਹੀਂ ਰਹੀ। ਉਹ ਇਸ ਭਰਮ ਦਾ ਸ਼ਿਕਾਰ ਬਣ ਗਈ ਕਿ ਮਜ਼ਦੂਰ ਜਮਾਤ ਪਾਰਲੀਮਾਨੀ ਜਮਹੂਰੀ ਢਾਂਚੇ ਰਾਹੀਂ ਸਮਾਜਵਾਦ ਸਥਾਪਤ ਕਰਨ ਦੀ ਮੰਜ਼ਿਲ ਵਲ ਅੱਗੇ ਵਧ ਸਕਦੀ ਹੈ। ਇਸ ਚੀਜ਼ ਨੇ ਇਸ ਢਾਂਚੇ ਬਾਰੇ ਭਰਮ ਨੂੰ ਜ਼ਿੰਦਾ ਰਖਣ ਵਿਚ ਸਰਮਾਏਦਾਰੀ ਦੀ ਮਦਦ ਕੀਤੀ ਹੈ।

ਇਸ ਢਾਂਚੇ ਦਾ ਸਭ ਤੋਂ ਪਹਿਲਾ ਕਥਨ ਇਹ ਹੈ ਕਿ ਅਸੀਂ ਮਜ਼ਦੂਰ ਅਤੇ ਕਿਸਾਨ ਆਪਣਾ ਪ੍ਰਸ਼ਾਸਣ ਚਲਾਉਣ ਦੇ ਨਾਕਾਬਲ ਹਾਂ; ਅਤੇ ਇਹ ਕਿ ਸਾਨੂੰ ਸਾਡੇ ਤੋਂ ਉਪਰ ਕਿਸੇ ਦੀ ਜ਼ਰੂਰਤ ਹੈ, ਜਿਹੜਾ ਸਾਡੇ ਉਤੇ ਹਕੂਮਤ ਕਰੇ।

ਮੌਜੂਦਾ ਢਾਂਚਾ ਸਾਨੂੰ ਫੈਸਲੇ ਲੈਣ ਦੀ ਤਾਕਤ ਤੋਂ ਵਾਂਝਾ ਰਖਦਾ ਹੈ। ਫੈਸਲੇ ਲੈਣ ਦੀ ਤਾਕਤ ਪਾਰਲੀਮੈਂਟ ਵਿਚ ਸਭ ਤੋਂ ਬੜੀ ਪਾਰਟੀ ਦੇ ਮੰਤਰੀਮੰਡਲ (ਕੈਬਨਿਟ) ਦੇ ਹੱਥ ਵਿਚ ਸਕੇਂਦਰਿਤ ਹੈ। ਸਰਮਾਏਦਾਰੀ ਇਹ ਯਕੀਨੀ ਬਣਾਉਂਦੀ ਹੈ ਕਿ ਉਨ੍ਹਾਂ ਪਾਰਟੀਆਂ ਨੂੰ ਹੀ ਸਰਕਾਰ ਬਣਾਉਣ ਦੀ ਇਜਾਜ਼ਤ ਦਿਤੀ ਜਾਵੇ ਜਿਹੜੀਆਂ ਪੂਰੀ ਵਫਾਦਾਰੀ ਨਾਲ ਉਸ ਦਾ ਅਜੰਡਾ ਲਾਗੂ ਕਰਨਗੀਆਂ। ਚੋਣਾਂ ਦੇ ਸਮੇਂ, ਉਹ ਇਨ੍ਹਾਂ ਪਾਰਟੀਆਂ ਵਿਚੋਂ ਉਸ ਪਾਰਟੀ ਨੂੰ ਚੁਣਦੀ ਹੈ ਜਿਹੜੀ ਮੇਹਨਤਕਸ਼ ਜਨਤਾ ਨੂੰ ਬੁੱਧੂ ਬਣਾਉਣ ਦੇ ਸਭ ਤੋਂ ਵਧ ਕਾਬਲ ਹੋਵੇ। ਚੋਣਾਂ ਨੂੰ ਸਰਮਾਏਦਾਰੀ ਦੀ ਹਕੂਮਤ ਨੂੰ ਜਾਇਜ਼ ਕਰਾਰ ਦੇਣ ਲਈ ਵਰਤਿਆ ਜਾਂਦਾ ਹੈ। ਜਮਹੂਰੀਅਤ ਕੇਵਲ ਸਰਮਾਏਦਾਰੀ ਲਈ ਹੈ।

ਸਰਮਾਏਦਾਰਾ ਜਮਹੂਰੀਅਤ ਤੋਂ ਉਚੇਰਾ ਬਦਲ ਹੈ, ਉਹ ਹੈ ਪ੍ਰੋਲਤਾਰੀ ਜਮਹੂਰੀਅਤ। ਪ੍ਰੋਲਤਾਰੀ ਜਮਹੂਰੀਅਤ ਇਕ ਅਜੇਹਾ ਢਾਂਚਾ ਹੈ ਜਿਸ ਵਿਚ ਅਸੀਂ, ਮਜ਼ਦੂਰ ਅਤੇ ਕਿਸਾਨ, ਖੁਦ ਪ੍ਰਸ਼ਾਸਣ ਚਲਾਵਾਂਗੇ। ਅਸੀਂ ਉਹ ਪ੍ਰਤੀਨਿਧ ਖੜ੍ਹੇ ਕਰ ਸਕਾਂਗੇ ਅਤੇ ਚੁਣ ਸਕਾਂਗੇ ਜਿਨ੍ਹਾਂ ਉਤੇ ਸਾਨੂੰ ਭਰੋਸਾ ਹੋਵੇ। ਅਸੀਂ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਉਤੇ ਕੰਟਰੋਲ ਰਖ ਸਕਾਂਗੇ ਅਤੇ ਜਦੋਂ ਉਹ ਸਾਡੇ ਹਿੱਤਾਂ ਦੇ ਖਿਲਾਫ ਕੰਮ ਕਰਨਗੇ ਤਾਂ ਅਸੀਂ ਉਨ੍ਹਾਂ ਨੂੰ ਕਿਸੇ ਵੀ ਵਕਤ ਵਾਪਸ ਬੁਲਾ ਸਕਾਂਗੇ। ਸਾਨੂੰ ਮੰਗ ਕਰਨੀ ਚਾਹੀਦੀ ਹੈ ਕਿ ਉਹ ਸਭ ਪਾਰਟੀਆਂ ਜੋ ਸਾਡੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਵਾ ਕਰਦੀਆਂ ਹਨ ਉਹ ਇਕਮੁੱਠ ਹੋ ਕੇ ਅਜੇਹੇ ਢਾਂਚੇ ਵਾਸਤੇ ਲੜਾਈ ਕਰਨ।

ਮਜ਼ਦੂਰ ਸਾਥੀਓ,

ਤਮਾਮ ਪ੍ਰਾਪਤ ਤੱਥ ਦਿਖਾਉਂਦੇ ਹਨ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਰੁਜ਼ਗਾਰ ਅਤੇ ਅਧਿਕਾਰਾਂ ਦੀ ਬਲੀ ਚੜ੍ਹਾ ਕੇ ਹਿੰਦੋਸਤਾਨੀ ਅਤੇ ਬਦੇਸ਼ੀ ਅਜਾਰੇਦਾਰ ਸਰਮਾਏਦਾਰਾਂ ਦੇ ਲਾਲਚ ਪੂਰੇ ਕਰਨ ਲਈ ਬਚਨਬੱਧ ਹੈ। ਜ਼ਿੰਦਗੀ ਦੇ ਤਜਰਬੇ ਨੇ ਇਹ ਵੀ ਦਿਖਾ ਦਿਤਾ ਹੈ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ, ਜਿਹੜੀਆਂ ਸਰਕਾਰਾਂ ਚਲਾ ਚੁੱਕੀਆਂ ਹਨ ਉਹ ਸਭ ਸਰਮਾਏਦਾਰ ਜਮਾਤ ਦੇ ਹਿੱਤਾਂ ਦੀ ਸੇਵਾ ਕਰਨ ਲਈ ਬਚਨਬੱਧ ਹਨ। ਕਰਨਾਟਕ ਅਤੇ ਤਾਮਿਲਨਾਡੂ ਦੀਆਂ ਵਿਧਾਨ ਸਭਾਵਾਂ ਵਲੋਂ ਕੰਮ ਦਿਹਾੜੀ ਨੂੰ 8 ਤੋਂ 12 ਘੰਟੇ ਕਰ ਦੇਣ ਲਈ ਪਾਸ ਕੀਤੇ ਗਏ ਕਨੂੰਨ ਇਸ ਸਚਾਈ ਦੀਆਂ ਤਾਜ਼ਾ ਉਦਾਹਰਣਾਂ ਹਨ।

ਜਿਉਂ ਹੀ ਅਸੀਂ 2024 ਦੀਆਂ ਲੋਕਸਭਾ ਚੋਣਾਂ ਵਲ ਜਾ ਰਹੇ ਹਾਂ, ਹਾਕਮ ਜਮਾਤ ਸਾਨੂੰ ਆਪਣੀ ਇਕ ਜਾਂ ਦੂਸਰੀ ਪਾਰਟੀ ਦੇ ਪਿਛੇ ਲਗ ਜਾਣ ਲਈ ਪ੍ਰਚਾਰ ਨੂੰ ਤੇਜ਼ ਕਰ ਰਹੀ ਹੈ। ਸਾਨੂੰ ਇਨ੍ਹਾਂ ਫਰੇਬੀ ਬਦਲਾਂ ਉਤੇ ਯਕੀਨ ਨਹੀਂ ਕਰਨਾ ਚਾਹੀਦਾ। ਸਾਨੂੰ ਹਿੰਦੋਸਤਾਨ ਦੇ ਨਵਨਿਰਮਾਣ, ਜੋ ਕੇਵਲ ਇਕੋ ਬਦਲ ਹੈ, ਲਈ ਆਪਣੇ ਖੁਦ ਦੇ ਅਜੰਡੇ ਦੁਆਲੇ ਆਪਣੀ ਖਾੜਕੂ ਏਕਤਾ ਉਸਾਰਨੀ ਅਤੇ ਮਜਬੂਤ ਕਰਨੀ ਚਾਹੀਦੀ ਹੈ। ਸਾਡਾ ਪ੍ਰੋਗਰਾਮ ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕਰਨਾ, ਅਤੇ ਆਰਥਿਕਤਾ ਨੂੰ ਸਰਮਾਏਦਾਰਾ ਲਾਲਚ ਪੂਰੇ ਕਰਨ ਦੀ ਬਜਾਇ ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਵਲ ਸੇਧਤ ਕਰਨਾ ਹੈ।

ਸਾਡਾ ਕਾਜ਼ ਸਹੀ ਹੈ। ਅਸੀਂ ਆਪਣੇ ਲੋਕਾਂ ਦੀ ਇਕ ਬਹੁਤ ਬੜੀ ਬਹੁਗਿਣਤੀ ਦੇ ਹਿੱਤਾਂ ਲਈ ਲੜ ਰਹੇ ਹਾਂ। ਅਸੀਂ ਯਕੀਨੀ ਤੌਰ ਉਤੇ ਜਿੱਤਾਂਗੇ।

Share and Enjoy !

Shares

Leave a Reply

Your email address will not be published. Required fields are marked *