ਨਵੀਂ ਦਿੱਲੀ ਵਿੱਚ ਰਾਮ ਲੀਲਾ ਮੈਦਾਨ ਵਿੱਚ 5 ਅਪ੍ਰੈਲ ਨੂੰ ਮਜ਼ਦੂਰ ਕਿਸਾਨ ਸੰਘਰਸ਼ ਰੈਲੀ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾ ਮਜ਼ਦੂਰ ਅਤੇ ਕਿਸਾਨ ਇਕੱਠੇ ਹੋਏ।
ਰੈਲੀ ਦਾ ਪ੍ਰਬੰਧ ਅਖਿਲ ਭਾਰਤੀਆ ਕਿਸਾਨ ਸਭਾ (ਏ.ਆਈ.ਕੇ.ਐਸ.), ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਅਤੇ ਆਲ ਇੰਡੀਆ ਐਗਰੀਕਲਚਰ ਵਰਕਸ ਯੂਨੀਅਨ (ਏ.ਆਈ.ਏ.ਡਬਲਯੂ.ਯੂ.) ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਸੀ। ਧਰਨੇ ਵਾਲੀ ਥਾਂ ਤੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੀਆਂ ਮੰਗਾ ਨੂੰ ਉਭਾਰਨ ਵਾਲੇ ਬੈਨਰ ਲੱਗੇ ਹੋਏ ਸਨ।
ਰੈਲੀ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮਹਾਂ ਰਾਸ਼ਟਰ, ਆਂਧਰ ਪ੍ਰਦੇਸ਼, ਤੇਲੰਗਾਨਾ, ਕੇਰਲ, ਕਰਨਾਟਕ, ਅਸਾਮ, ਤ੍ਰੀਪੁਰਾ, ਮਣੀਪੁਰ, ਗੁਜਰਾਤ ਅਤੇ ਕਈ ਹੋਰ ਰਾਜਾਂ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੇ ਹਿੱਸਾ ਲਿਆ। ਇਸ ਵਿੱਚ ਮਨਰੇਗਾ ਮਜ਼ਦੁਰਾਂ, ਆਂਗਨਵਾੜੀ ਅਤੇ ਆਸ਼ਾ ਵਰਕਰਾਂ, ਬੈਂਕ ਕਰਮਚਾਰੀਆਂ, ਬਿਜ਼ਲੀ ਕਰਮਚਾਰੀਆਂ, ਬੀ.ਐਸ.ਐਨ.ਐਲ. ਦੇ ਮਜ਼ਦੂਰਾਂ ਅਤੇ ਕਈ ਹੋਰ ਸਾਰਵਜਨਿਕ ਖੇਤਰ ਦੇ ਉਪਕ੍ਰਮਾਂ ਅਤੇ ਸੇਵਾਵਾਂ ਦੇ ਮਜ਼ਦੁਰਾਂ ਦੇ ਪ੍ਰਤੀਨਿਧੀ ਮੰਡਲ ਸ਼ਾਮਲ ਸਨ। ਇਸ ਵਿੱਚ ਵਿਦਿਆਰਥੀਆਂ, ਨੌਜਵਾਨਾਂ ਅਤੇ ਔਰਤਾਂ ਦੇ ਸੰਗਠਨਾਂ ਨੇ ਵੀ ਹਿੱਸਾ ਲਿਆ।
ਰੈਲੀ ਵਿੱਚ ਉਠਾਈਆਂ ਮੰਗਾਂ ਵਿੱਚ ਸੀ – ਖਾਧ ਪਦਾਰਥਾਂ ਅਤੇ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਦੀ ਵਧਦੀਆਂ ਕੀਮਤਾਂ ਤੇ ਰੋਕ, ਸਾਰਵਜਨਿਕ ਖੇਤਰ ਦੇ ਉੱਪਕ੍ਰਮਾਂ, ਸਿਹਤ ਅਤੇ ਸਿੱਖਿਆ ਵਰਗੀਆਂ ਜ਼ਰੂਰੀ ਸਾਰਵਜਨਿਕ ਸੇਵਾਵਾਂ ਦੇ ਨਿੱਜੀਕਰਣ ਨੂੰ ਖ਼ਤਮ ਕਰਨਾ, ਠੇਕਾ ਮਜ਼ਦੂਰੀ ਨੂੰ ਖ਼ਤਮ ਕਰਨਾ, ਸਾਰੇ ਮਜ਼ਦੂਰਾਂ ਦੇ ਲਈ 26,000/- ਰੁਪਏ ਪ੍ਰਤੀ ਮਾਹ ਘੱਟੋ-ਘੱਟ ਤਨਖ਼ਾਹ, ਮਜ਼ਦੂਰ ਵਿਰੋਧੀ ਚਾਰ ਕਿਰਤ ਕਨੂੰਨਾਂ ਨੂੰ ਖ਼ਤਮ ਕਰਨਾ ਅਤੇ ਬਿਜ਼ਲੀ ਸੋਧ ਕਨੂੰਨ -2020 ਨੂੰ ਵਾਪਸ ਲੈਣਾ, ਖੇਤੀ ਉਪਜ਼ਾਂ ਦੇ ਲਈ ਨਿਉਨਤਮ ਸਹਿਯੋਗੀ ਮੁੱਲ (ਐਮ.ਐਸ,ਪੀ.) ਦੀ ਕਨੂੰਨੀ ਗਰੰਟੀ, ਕਿਸਾਨਾਂ ਦੇ ਲਈ ਕਰਜ਼ ਛੋਟਾਂ, 60 ਸਾਲ ਤੋਂ ਵੱਧ ਸਾਰੇ ਕਿਸਾਨਾਂ ਦੇ ਲਈ ਪੈਂਸ਼ਨ, ਮਨਰੇਗਾ ਮਜ਼ਦੂਰਾਂ ਨੂੰ ਮਜ਼ਦੂਰੀ ਦੀ ਅਦਾਇਗੀ, ਰੋਜ਼ਗਾਰ ਦੀ ਗਰੰਟੀ ਅਤੇ ਆਂਗਨਵਾੜੀ ਮਜ਼ਦੂਰਾਂ ਲਈ ਨਿਉਨਤਮ ਤਨਖ਼ਾਹ।
ਰੈਲੀ ਵਿੱਚ ਬੁਲਾਰਿਆਂ ਨੇ ਕੇਂਦਰ ਸਰਕਾਰ ਦੀ ਮਜ਼ਦੂਰ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਦੀ ਅਲੋਚਨਾਂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਕੇਵਲ ਸਭ ਤੋਂ ਬੜੇ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਰੱਖਿਆ ਕਰਨ ਦੇ ਲਈ ਕੰਮ ਕਰਦੀ ਹੈ, ਜਦ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੇ ਅਧਿਕਾਰਾਂ ਤੇ ਹਮਲੇ ਕਰਦੀ ਹੈ। ਉਨ੍ਹਾਂ ਨੇ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਦੁਹਰਾਇਆ। ਖੇਤੀ ਦੇ ਲਈ ਜ਼ਰੂਰੀ ਚੀਜ਼ਾਂ ਦੀਆਂ ਵਧਦੀਆਂ ਲਾਗਤਾਂ, ਰਾਜ ਵਲੋਂ ਗਰੰਟੀ-ਸ਼ੁਦਾ ਖ਼੍ਰੀਦ ਦੀ ਕਮੀ ਅਤੇ ਖੇਤੀ ਉਪਜ਼ਾਂ ਦੇ ਲਈ ਨਿਉਨਤਮ ਸਹਿਯੋਗੀ ਮੁੱਲ, ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੇ ਵਧਦੇ ਕਰਜ਼ੇ – ਇਹ ਕੁਝ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਤੇ ਰੋਸਨੀ ਪਾਈ ਗਈ। ਨਿੱਜੀਕਰਣ, ਸਾਰਵਜਨਿਕ ਉੱਪਕ੍ਰਮਾਂ, ਜੰਗਲਾਂ, ਖਾਣਾ ਆਦਿ ਦੀ ਵਿਕਰੀ ਦੀ ਨਿੰਦਾ ਕੀਤੀ ਗਈ। ਵਧਦੀ ਬੇਰੁਜ਼ਗਾਰੀ ਅਤੇ ਔਰਤਾਂ ਤੇ ਵਧ ਰਹੀ ਹਿੰਸਾ ਤੇ ਚਿੰਤਾ ਜਾਹਰ ਕੀਤੀ ਗਈ। ਬੁਲਾਰਿਆਂ ਨੇ ਰਾਜ ਵਲੋਂ ਕੀਤੀ ਜਾਂਦੀ ਫ਼ਿਰਕੂ ਹਿੰਸਾ ਦੇ ਜ਼ਰੀਏ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਨੂੰ ਤੋੜਨ ਦੇ ਵਾਰ-ਵਾਰ ਕੀਤੇ ਜਾਂਦੇ ਯਤਨਾਂ ਅਤੇ ਪੀੜਤ ਲੋਕਾਂ ਦੀਆਂ ਮੰਗਾਂ ਨੂੰ ਉਠਾਉਣ ਦੇ ਲਈ ਰਾਜਨੀਤਕ ਲੋਕਾਂ ਨੂੰ ਜ਼ੇਲਾਂ ਵਿੱਚ ਬੰਦ ਕਰਨ ਦੀ ਨਿੰਦਾ ਕੀਤੀ।
ਇਹ ਰੈਲੀ ਦੇਸ਼ ਭਰ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਦਿਲਾਂ ਵਿੱਚ ਮਜ਼ੂਦਾ ਵਿਵਸਥਾ ਅਤੇ ਸੱਤਾਧਾਰੀ ਸਰਮਾਏਦਾਰ ਵਰਗ ਦੇ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਪ੍ਰੋਗਰਾਮ ਦੇ ਖ਼ਿਲਾਫ਼ ਬੜੇ ਗੁੱਸੇ ਦਾ ਵਿਖਾਵਾ ਸੀ।