ਲੈਸਟਰ ਵਿਚ ਫਿਰਕੂ ਹਿੰਸਾ ਦੀ ਨਿਖੇਧੀ ਕਰੋ

ਨਸਲੀ ਅਤੇ ਫਿਰਕੂ ਹਿੰਸਾ ਭੜਕਾਉਣ ਲਈ ਬਰਤਾਨਵੀ ਰਾਜ ਜ਼ਿਮੇਵਾਰ ਹੈ

ਸਤੰਬਰ ਦੇ ਸ਼ੁਰੂ ਵਿਚ ਬਰਤਾਨੀਆਂ ਦੇ ਲੈਸਟਰ ਸ਼ਹਿਰ ਵਿਚ ਫਿਰਕਾਪ੍ਰਸਤ ਝੜਪਾਂ ਹੋਈਆਂ। ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟਨ) ਅਤੇ ਗ਼ਦਰ ਇੰਟਰਨੈਸ਼ਨਲ ਨੇ ਇਕ ਬਿਆਨ ਜਾਰੀ ਕਰਕੇ ਹਿੰਸਾ ਭੜਕਾਉਣ ਲਈ ਬਰਤਾਨਵੀ ਰਾਜ ਦੀ ਨਿਖੇਧੀ ਕੀਤੀ ਅਤੇ ਸਾਊਥ ਏਸ਼ੀਅਨ ਕਮਿਉਨਿਟੀ ਦੇ ਲੋਕਾਂ ਨੂੰ ਆਪਣੀ ਏਕਤਾ ਬਰਕਰਾਰ ਰਖਣ ਅਤੇ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਬਿਆਨ ਦੇ ਕੁਝ ਸੰਖੇਪ ਅੰਸ਼ ਅਸੀਂ ਹੇਠਾਂ ਛਾਪ ਰਹੇ ਹਾਂ:

30 ਅਗਸਤ ਨੂੰ ਦੁਬਾਈ ਵਿਚ ਹਿੰਦੋਸਤਾਨ ਅਤੇ ਪਾਕਿਸਤਾਨ ਵਿਚਕਾਰ ਹੋਏ ਕ੍ਰਿਕਟ ਮੈਚ ਤੋਂ ਬਾਅਦ, ਸਤੰਬਰ ਵਿਚ ਲੈਸਟਰ ਦੀ ਕਮਿਉਨਿਟੀ ਨੂੰ ਸੜਕਾਂ ਉਤੇ ਫਿਰਕੂ ਹਿੰਸਾ ਦਾ ਸਾਹਮਣਾ ਕਰਨਾ ਪਿਆ। ਬਰਤਾਨੀਆਂ ਦੇ ਮੁੱਖ ਧਾਰਾ ਮੀਡੀਆ ਨੇ ਇਸ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਫਿਰਕੂ ਫਸਾਦ ਬਤੌਰ ਪੇਸ਼ ਕੀਤਾ।

ਬਰਤਾਨਵੀ ਮਜ਼ਦੂਰ ਜਮਾਤ ਵਾਂਗ ਸਾਊਥ ਏਸ਼ੀਅਨ ਕਮਿਉਨਿਟੀ ਬਰਤਾਨਵੀ ਅਤੇ ਹਿੰਦੋਸਤਾਨੀ ਰਾਜਾਂ ਵਲੋਂ ਫਿਰਕੂ ਹਿੰਸਾ ਭੜਕਾਉਣ ਦੇ ਦਾਅ ਪੇਚਾਂ ਤੋਂ ਭਲੀ ਭਾਂਤ ਵਾਕਿਫ ਹਨ, ਜਿਨ੍ਹਾਂ ਰਾਹੀਂ ਉਹ ਲੋਟੂ ਸਰਮਾਏਦਾਰਾ ਢਾਂਚੇ ਦੇ ਖਿਲਾਫ ਉਨ੍ਹਾਂ ਦੀ ਏਕਤਾ ਨੂੰ ਕਮਜ਼ੋਰ ਕਰਨ ਕਰਦੇ ਹਨ।

ਲੈਸਟਰ ਵਿਚ ਵਾਪਰੀਆਂ ਘਟਨਾਵਾਂ ਨੂੰ ਬਰਤਾਨਵੀ ਸਰਮਾਏਦਾਰੀ ਦੇ ਆਰਥਿਕ ਸੰਕਟ ਅਤੇ ਵੈਸ਼ਵਿਕ ਆਰਥਿਕ ਦੇ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ, ਜਿਸ ਦਾ ਦੁਨੀਆਂ ਦੇ ਤਮਾਮ ਸਰਮਾਏਦਾਰਾ ਦੇਸ਼ਾਂ ਉਤੇ ਹੋ ਰਿਹਾ ਹੈ। ਖਾਸ ਕਰਕੇ ਆਰਥਿਕ ਸੰਕਟਾਂ ਦੁਰਾਨ ਮੇਹਨਤਕਸ਼ ਲੋਕਾਂ ਵਿਚ ਫੁੱਟ ਪਾਉਣ ਲਈ ਨਸਲਵਾਦ ਫੈਲਾਉਣਾ ਅਤੇ ਫਿਰਕੂ ਹਿੰਸਾ ਭੜਕਾਉਣਾ ਸਾਮਰਾਜਵਾਦੀ ਤਾਕਤਾਂ ਅਤੇ ਸਰਮਾਏਦਾਰ ਰਾਜਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਨੀਤੀ ਹੈ। ਇਸ ਮਕਸਦ ਲਈ ਫਾਸ਼ੀ ਜਥੇਬੰਦੀਆਂ ਵੀ ਬਣਾਈਆਂ ਜਾਂਦੀਆਂ ਹਨ।

ਸੱਤਰਵਿਆਂ ਵਿਚ ਬਰਤਾਨਵੀ ਰਾਜ ਨੇ ਆਪਣੇ ਰੁਜ਼ਗਾਰ ਲਈ ਲੜ ਰਹੇ ਮਜ਼ਦੂਰਾਂ ਵਿਚ ਫੁੱਟ ਪਾਉਣ ਅਤੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਨੈਸ਼ਨਲ ਫਰੰਟ ਜਥੇਬੰਦ ਕੀਤਾ ਅਤੇ ਮਜ਼ਦੂਰ-ਵਿਰੋਧੀ ਕਨੂੰਨ ਬਣਾਏ ਸਨ। ਸਾਊਥ ਏਸ਼ੀਅਨ ਅਤੇ ਹੋਰ ਇਮੀਗ੍ਰੈਂਟ ਕਮਿਉਨਿਟੀਆਂ ਨੂੰ ਨਸਲੀ ਗਾਲੀ ਗਲੋਚ ਅਤੇ ਨਸਲੀ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਅਤੇ ਕਤਲ ਵੀ ਹੋਏ। ਸਾਊਥ ਏਸ਼ੀਅਨਾਂ ਅਤੇ ਬਰਤਾਨੀਆਂ ਦੇ ਸਭ ਮੇਹਨਤਕਸ਼ ਲੋਕਾਂ ਨੇ ਏਕਤਾ ਕਰਕੇ ਨੈਸ਼ਨਲ ਫਰੰਟ ਨੂੰ ਹਰਾਇਆ।

ਬਰਤਾਨਵੀ ਸਾਮਰਾਜਵਾਦ ਨੇ ਸਾਊਥ ਏਸ਼ੀਅਨ ਉਪ-ਮਹਾਂਦੀਪ ਵਿਚ ਹਿੰਦੂਆਂ, ਮੁਸਲਮਾਨਾ ਅਤੇ ਸਿੱਖਾਂ ਵਿਚਕਾਰ ਫਿਰਕੂ ਫਸਾਦ ਜਥੇਬੰਦ ਕੀਤੇ ਜਿਨ੍ਹਾਂ ਨਾਲ ਦਹਿ-ਲੱਖਾਂ ਦੀ ਗਿਣਤੀ ਵਿਚ ਲੋਕ ਮਾਰੇ ਗਏ ਅਤੇ ਦੇਸ਼ ਦੇ ਟੋਟੇ ਕੀਤੇ। ਇਹ ਸਭ ਕੁਝ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਏਸ਼ੀਆ ਵਿਚ ਬਰਤਾਨਵੀ ਸਾਮਰਾਜੀ ਹਿੱਤਾਂ ਨੂੰ ਮਹਿਫੂਜ਼ ਰਖਣ ਲਈ ਕੀਤਾ ਗਿਆ ਸੀ, ਜਦੋਂ ਬਿਲਕੁਲ ਸਾਫ ਹੋ ਚੁੱਕਾ ਸੀ ਕਿ ਬਰਤਾਨੀਆਂ ਹਿੰਦੋਸਤਾਨੀ ਲੋਕਾਂ ਉਤੇ ਆਪਣਾ ਘਿਰਣਤ ਰਾਜ ਜਾਰੀ ਨਹੀਂ ਸੀ ਰੱਖ ਸਕਦੇ।

1980 ਵਿਆਂ ਵਿਚ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਫਿਰਕੂ ਹਿੰਸਾ ਭੜਕਾਉਣ ਲਈ ਸਾਂਝੀ ਸਾਜ਼ਿਸ਼ ਰਚੀ ਅਤੇ ਇਸ ਨੂੰ ਸਿੱਖਾਂ ਉਤੇ ਹਮਲੇ ਕਰਨ ਲਈ ਵਰਤਿਆ। ਇਹ ਪੰਜਾਬ ਦੇ ਲੋਕਾਂ ਦੇ ਆਪਣੇ ਹੱਕਾਂ ਦੇ ਸੰਘਰਸ਼ ਨੂੰ ਕੁਚਲਣ ਲਈ ਕੀਤਾ ਗਿਆ ਸੀ।

ਹਿੰਦੋਸਤਾਨ ਦੇ ਫਿਰਕੂ ਰਾਜ ਨੇ ਲੋਕਾਂ ਦੇ ਸੰਘਰਸ਼ਾਂ ਨੂੰ ਖੂਨ ਵਿਚ ਡੁਬੋਣ ਲਈ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਦ ਸਿੱਖਾਂ ਅਤੇ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦੀ ਨਸਲਕੁਸ਼ੀ ਕਰਵਾਈ। ਫਿਰਕਾਪ੍ਰਸਤੀ ਅਤੇ ਵਹਿਸ਼ੀ ਰਾਜਕੀ ਅੱਤਵਾਦ ਟਾਟਾ, ਅੰਬਾਨੀ, ਬਿਰਲੇ ਅਦਾਨੀ ਅਤੇ ਹੋਰ ਵੱਡੇ ਅਜਾਰੇਦਾਰ ਸਰਮਾਏਦਾਰਾਂ ਦੀ ਹਕੂਮਤ ਨੂੰ ਜਾਰੀ ਰਖਣ ਲਈ ਵਰਤੀ ਜਾਂਦੀ ਹੈ।

19 ਸਤੰਬਰ ਨੂੰ ਇੰਡੀਅਨ ਹਾਈ ਕਮਿਸ਼ਨ ਨੇ ਹਿੰਦੂ ਕਮਿਉਨਿਟੀ ਅਤੇ ਮੰਦਰਾਂ ਉਤੇ ਹਮਲਿਆਂ ਦੀ ਨਿੰਦਿਆ ਕੀਤੀ, ਜਿਸ ਤੋਂ ਹਿੰਦੋਸਤਾਨੀ ਰਾਜ ਦਾ ਫਿਰਕੂ ਖਾਸਾ ਜ਼ਾਹਰ ਹੁੰਦਾ ਹੈ। ਉਸ ਨੇ ਮੁਸਲਮਾਨਾਂ ਉਤੇ ਹਮਲਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਤੋਂ ਸਾਬਤ ਹੁੰਦਾ ਹੈ ਕਿ ਹਿੰਦੋਸਤਾਨ ਦੇ ਸਰਮਾਏਦਾਰ ਫਿਰਕਾਪ੍ਰਸਤੀ ਨੂੰ ਹਵਾ ਦੇ ਰਹੇ ਹਨ। ਬਰਤਾਨਵੀ ਰਾਜ ਯੂ ਕੇ ਵਿਚ ਮੁਸਲਮਾਨਾਂ ਦੇ ਖਿਲਾਫ ਨਫਰਤ ਭੜਕਾਉਂਦਾ ਆ ਰਿਹਾ ਹੈ ਅਤੇ ਸੱਜੀਆਂ ਜਥੇਬੰਦੀਆਂ ਵੀ ਮੁਸਲਮਾਨਾਂ ਦੇ ਖਿਲਾਫ ਪ੍ਰਚਾਰ ਕਰਦਾ ਹੈ।

ਅਸੀਂ ਪੁਲੀਸ ਜਾਂ ਬਰਤਾਨਵੀ ਰਾਜ ਦੇ ਹੋਰ ਅਦਾਰਿਆਂ ਵਲੋਂ ਕਮਿਉਨਿਟੀ ਵਿਚ ਆਪਸੀ ਇਕਸੁਰਤਾ ਪੈਦਾ ਕਰਨ ਲਈ ਭਰੋਸਾ ਨਹੀਂ ਕਰ ਸਕਦੇ। ਲੈਸਟਰ ਅਤੇ ਬਰਤਾਨੀਆਂ ਭਰ ਵਿਚ ਸਾਊਥ ਏਸ਼ੀਅਨਾਂ ਦਾ ਆਪਸ ਵਿਚ ਸ਼ਾਂਤੀ ਨਾਲ ਰਹਿਣ ਅਤੇ ਨਸਲੀ ਹਮਲਿਆਂ ਦੇ ਖਿਲਾਫ ਇਕ ਦੂਸਰੇ ਦੀ ਰਖਵਾਲੀ ਕਰਨ ਦੀ ਮਾਣ ਕਰਨ ਵਾਲੀ ਰਵਾਇਤ ਹੈ। ਸਾਊਥ ਏਸ਼ੀਅਨ ਕਮਿਉਨਿਟੀ ਦੇ ਅਗਾਂਹਵਧੂ ਤਾਕਤਾਂ ਨੇ ਫਿਰਕੂ ਹਿੰਸਾ ਦੇ ਖਿਲਾਫ ਬਿਆਨ ਜਾਰੀ ਕੀਤੇ ਹਨ ਅਤੇ ਉਨ੍ਹਾਂ ਵਿਚਕਾਰ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਆਪਣੀ ਏਕਤਾ ਮਜ਼ਬੂਤ ਕਰਨ ਦਾ ਸੱਦਾ ਦਿਤਾ ਹੈ। ਉਨ੍ਹਾਂ ਨੇ ਇਹ ਨਾਅਰਾ ਬੁਲੰਦ ਕੀਤਾ ਹੈ: “ਇਕ ਉਤੇ ਹਮਲਾ, ਸਭ ਉਤੇ ਹਮਲਾ ਹੈ”।

ਸਰਮਾਏਦਾਰਾ ਢਾਂਚਾ ਇਕ ਡੂੰਘੇ ਸੰਕਟ ਵਿਚ ਹੈ ਅਤੇ ਆਰਥਿਕ ਮੰਦਵਾੜੇ ਦੇ ਕਿਨਾਰੇ ਖੜਾ ਹੈ। ਮੁਦਰਾਸਫੀਤੀ ਉਪਰ ਜਾ ਰਹੀ ਹੈ, ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਗੁਜ਼ਾਰਾ ਤੋਰਨਾ ਮੁਸ਼ਕਿਲ ਹੋ ਗਿਆ ਹੈ। ਇਸ ਸਭ ਕਾਸੇ ਦੇ ਜਵਾਬ ਵਿਚ ਤਮਾਮ ਮੇਹਨਤਨਕਸ਼ਾਂ ਦੇ ਸੰਘਰਸ਼ ਤੇਜ਼ ਹੋ ਰਹੇ ਹਨ ਅਤੇ ਉਹ ਸਰਮਾਏਦਾਰ ਜਮਾਤ ਵਲੋਂ ਸੰਕਟ ਦਾ ਭਾਰ ਮੇਹਨਤਕਸ਼ ਲੋਕਾਂ ਦੇ ਮੋਢਿਆਂ ਉੱਤੇ ਪਾਉਣ ਦੀ ਵਿਰੋਧਤਾ ਕਰ ਰਹੇ ਹਨ।

ਅਸੀਂ ਨਸਲਵਾਦ, ਨਜਾਇਜ਼ ਜੰਗਾਂ ਦੇ ਖਿਲਾਫ ਅਤੇ ਸਾਊਥ ਏਸ਼ੀਆ ਵਿਚ ਅਮਨ-ਸ਼ਾਂਤੀ ਦੇ ਹਾਮੀ ਹਾਂ। ਅਸੀਂ ਸਰਬਜਨਕ ਸੇਵਾਵਾਂ ਦੇ ਨਿੱਜੀਕਰਣ ਦੀ ਅਤੇ ਸਰਬਜਨਕ ਅਸਾਸਿਆਂ ਦੀ ਲੁੱਟ ਦੀ ਵਿਰੋਧਤਾ ਕਰਦੇ ਹਾਂ ਅਤੇ ਵਧ ਰਹੀ ਮਹਿੰਗਾਈ ਦੇ ਖਿਲਾਫ ਜਦੋਜਹਿਦਾਂ ਦੀ ਹਮਾਇਤ ਕਰਦੇ ਹਾਂ। ਅਸੀਂ ਆਪਣੇ ਸਾਂਝੇ ਸੰਘਰਸ਼ਾਂ ਰਾਹੀਂ ਇਕ ਨਵਾਂ ਸਮਾਜ ਸਿਰਜਣ ਦਾ ਰਸਤਾ ਬਣਾਉਣਾ ਚਾਹੁੰਦੇ ਹਾਂ ਜਿਸ ਸਮਾਜ ਵਿਚ ਬਹੁਗਿਣਤੀ ਲੋਕਾਂ ਦੀ ਜ਼ਿੰਦਗੀ ਅਤੇ ਸਭਿਆਚਾਰ ਦਾ ਮਿਆਰ ਲਗਾਤਾਰ ਉੱਚਾ ਹੋਵੇ।

ਸਾਊਥ ਏਸ਼ੀਅਨ ਕਮਿਉਨਿਟੀ ਅਤੇ ਸਮੁੱਚੀ ਬਰਤਾਨਵੀ ਮਜ਼ਦੂਰ ਜਮਾਤ ਦੀ ਏਕਤਾ ਜ਼ਿੰਦਾਬਾਦ!

ਇੰਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਗ਼ਦਰ ਇੰਟਰਨੈਸ਼ਨਲ

close

Share and Enjoy !

Shares

Leave a Reply

Your email address will not be published. Required fields are marked *