ਰਾਡੀਆ ਟੇਪਸ ਅਤੇ ਉਨ੍ਹਾਂ ਨੇ ਕਿਸ ਚੀਜ਼ ਦਾ ਪਰਦਾਫਾਸ਼ ਕੀਤਾ

21 ਸਤੰਬਰ ਨੂੰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ ਬੀ ਆਈ) ਨੇ ਸੁਪਰੀਮ ਕੋਰਟ ਨੂੰ ਦਸਿਆ ਕਿ ਉਸ ਨੂੰ ਰਾਡੀਆ ਟੇਪਾਂ ਵਿਚ ਕੁਝ ਵੀ ਅਪਰਾਧਜਨਕ ਨਹੀਂ ਮਿਿਲਆ। ਇਨ੍ਹਾਂ ਟੇਪਾਂ ਵਿਚ ਦੇਸ਼ ਦੀਆਂ ਕਈ ਏਜੰਸੀਆਂ ਵਲੋਂ ਨੀਰਾ ਰਾਡੀਆ ਅਤੇ ਕਈ ਬੜੇ ਕਾਰਪੋਰੇਟ ਘਰਾਣਿਆਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਮੰਤਰੀਆਂ ਵਿਚਕਾਰ ਟੈਲੀਫੋਨ ਉਤੇ ਕੀਤੀਆਂ ਗਈਆਂ ਗੱਲਾਂ ਬਾਤਾਂ ਦਾ ਰਿਕਾਰਡ ਹੈ। ਨੀਰਾ ਰਾਡੀਆ ਕਈ ਬੜੀਆਂ ਕਾਰਪੋਰੇਸ਼ਨਾਂ ਅਤੇ ਕੇਂਦਰੀ ਸਾਂਸਦਾਂ ਵਿਚਕਾਰ ਦਲਾਲੀ ਕਰਦੀ ਹੈ।

ਸੁਪਰੀਮ ਕੋਰਟ ਨੇ 2013 ਵਿਚ ਸੀ ਬੀ ਆਈ ਨੂੰ ਇਨ੍ਹਾਂ ਟੇਪਾਂ ਦੀ ਜਾਂਚ-ਪੜਤਾਲ ਕਰਨ ਲਈ ਕਿਹਾ ਸੀ। ਅਦਾਲਤ ਨੇ ਨੋਟ ਕੀਤਾ ਸੀ ਕਿ “ਰਾਡੀਆ ਦੀ ਗੱਲਬਾਤ ਦਸਦੀ ਹੈ ਕਿ ਨਿੱਜੀ ਬਿਜ਼ਨਿਸ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਨਿੱਜੀ ਹਿੱਤ ਪੂਰੇ ਕਰ ਰਹੇ ਹਨ”।

ਸੀ ਬੀ ਆਈ ਵਲੋਂ ਲਏ ਗਏ ਸਟੈਂਡ ਤੋਂ ਲਗਦਾ ਹੈ ਕਿ ਹੁਣ ਇਹ ਸਾਰਾ ਮਾਮਲਾ ਚੁੱਪਚਾਪ ਦਬਾ ਦਿਤਾ ਜਾਵੇਗਾ। ਇਸ ਸਬੰਧ ਵਿਚ ਅਸੀਂ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਵਲੋਂ 18 ਦਸੰਬਰ, 2010 ਨੂੰ ਛਾਪੇ ਗਏ ਇਕ ਲੇਖ ਦੇ ਕੁਝ ਅੰਸ਼ ਹੇਠਾਂ ਦੁਬਾਰਾ ਛਾਪ ਰਹੇ ਹਾਂ। ਇਸ ਲੇਖ ਦਾ ਸਿਰਲੇਖ ਹੈ: ਰਾਡੀਆ ਟੇਪਾਂ ਨਾਲ ਕਿਸ ਚੀਜ਼ ਦਾ ਪਰਦਾਫਾਸ਼ ਹੋਇਆ: ਸਰਮਾਏਦਾਰ ਘਰਾਣਿਆਂ ਦੀ ਤਾਨਾਸ਼ਾਹੀ ਹੀ ਬਹੁ-ਪਾਰਟੀਵਾਦੀ ਪ੍ਰਤੀਨਿਧਤਾ ਵਾਲੀ ਜਮਹੂਰੀਅਤ ਦੀ ਅਸਲੀਅਤ ਹੈ।

ਕੁਝ ਅੰਸ਼

ਰਾਡੀਆ ਟੇਪਾਂ ਨੇ ਇਸ ਅਸਲੀਅਤ ਨੂੰ ਸਾਹਮਣੇ ਲਿਆਂਦਾ ਹੈ ਕਿ ਅਜਾਰੇਦਾਰ ਸਰਮਾਏਦਾਰ ਸਿਰਫ ਇਹੀ ਫੈਸਲਾ ਨਹੀਂ ਕਰਦੇ ਕਿ ਕੇਂਦਰ ਵਿਚ ਕਿਹੜੀਆਂ ਪਾਰਟੀਆਂ ਦੇ ਗਠਜੋੜ ਦੀ ਸਰਕਾਰ ਬਣੇਗੀ ਬਲਕਿ ਇਹ ਫੈਸਲਾ ਵੀ ਕਰਦੇ ਹਨ ਕਿ ਕਿਸੇ ਮਹਿਕਮੇ ਦਾ ਮੰਤਰੀ ਕੌਣ ਬਣੇਗਾ। ਟੇਪਾਂ ਤੋਂ ਪਤਾ ਲਗਦਾ ਹੈ ਕਿ ਟਾਟਾ ਸਮੂਹ ਨੇ ਯੁਨਾਈਟਿਡ ਪ੍ਰੌਗਰੈਸਿਵ ਗਠਜੋੜ ਦੀ ਦੂਸਰੀ ਸਰਕਾਰ ਵਿਚ ਡੀ ਐਮ ਕੇ ਪਾਰਟੀ ਦਾ ਕਿਹੜਾ ਨੇਤਾ ਟੈਲੀਕਾਮ ਦਾ ਨੇਤਾ ਬਣੇਗਾ: ਇਸ ਫੈਸਲੇ ਨੂੰ ਪ੍ਰਭਾਵਿਤ ਕਰਨ ਲਈ ਰਾਡੀਆ ਨੂੰ ਪੈਸੇ ਦਿਤੇ ਸਨ।

ਸਾਡੇ ਦੇਸ਼ ਦੀ ਬਹੁ-ਪਾਰਟੀ ਜਮਹੂਰੀਅਤ ਨੂੰ ਲੋਕਾਂ ਵਲੋਂ, ਅਤੇ ਲੋਕਾਂ ਅਤੇ ਲੋਕਾਂ ਦੀ ਹਕੂਮਤ ਬਤੌਰ ਪ੍ਰਚਾਰਿਆ ਜਾਂਦਾ ਹੈ। ਲੇਕਿਨ ਦੇਸ਼ ਦੀ ਸਿਆਸੀ ਪ੍ਰੀਕ੍ਰਿਆ ਵਿਚ ਬਹੁਤੇਰੇ ਲੋਕਾਂ ਦੀ ਭੂਮਿਕਾ ਬਹੁਤ ਹੀ ਘੱਟ ਹੁੰਦੀ ਹੈ, ਉਹ ਵੀ ਕੇਵਲ ਵੋਟਾਂ ਵਾਲੇ ਦਿਨ। ਕਿਹੜੀ ਪਾਰਟੀ ਜਾਂ ਗਠਜੋੜ ਦੀ ਸਰਕਾਰ ਬਣੇਗੀ?, ਇਸਦਾ ਫੈਸਲਾ ਕੁਝ ਮੁੱਠੀ-ਭਰ ਮਹਾਂ ਅਮੀਰ ਅਤੇ ਵੱਡੇ ਅਜਾਰੇਦਾਰ ਸਰਮਾਏਦਾਰ ਹੀ ਕਰਦੇ ਹਨ। ਕਿਹੜੇ ਵਿਅਕਤੀ ਨੂੰ ਕਿਹੜਾ ਮੰਤਰਾਲਾ ਸੌਂਪਿਆ ਜਾਵੇਗਾ, ਉਸ ਵਿਚ ਸਰਮਾਏਦਾਰਾਂ ਦੀ ਸਿੱਧੀ ਭੂਮਿਕਾ ਹੁੰਦੀ ਹੈ। ਸਰਮਾਏਦਾਰ ਨੇਤਾਵਾਂ ਨੂੰ ਪੈਸੇ ਦਿੰਦੇ ਹਨ ਅਤੇ ਇਸਦੇ ਬਦਲੇ ਨੇਤਾ ਸੱਤਾ ਵਿਚ ਆਉਣ ਤੋਂ ਬਾਦ ਸਰਮਾਏਦਾਰਾਂ ਦੇ ਹਿੱਤ ਵਿਚ ਕੰਮ ਕਰਦੇ ਹਨ। ਇਸ ਤਰਾਂ ਮੌਜੂਦਾ ਰਾਜਕੀ ਅਜਾਰੇਦਾਰ ਸਰਮਾਏਦਾਰਾ ਢਾਂਚੇ ਵਿਚ, ਮੰਤਰੀ ਅਤੇ ਅਧਿਕਾਰੀ ਨੇਮ ਨਾਲ ਖਾਸ ਕੰਪਨੀਆਂ ਨੂੰ ਮੁਨਾਫੇਦਾਰ ਲਾਇਸੰਸ ਅਤੇ ਪਰਮਿਟ ਦਿੰਦੇ ਹਨ। ਸਰਮਾਏਦਾਰ “ਵਿਰੋਧੀ” ਪਾਰਟੀਆਂ ਨੂੰ ਵੀ ਪੈਸੇ ਦਿੰਦੇ ਹਨ। ਇਸ ਦੇ ਬਦਲੇ ਵਿਰੋਧ ਦੇ ਨੇਤਾ ਵੀ ਸਰਮਾਏਦਾਰਾਂ ਦੇ ਹਿੱਤ ਵਿਚ ਤਰਾਂ ਤਰਾਂ ਦੇ ਕੰਮ ਕਰਦੇ ਹਨ। ਚੋਣਾਂ ਮੁੱਠੀ ਭਰ ਸਰਮਾਏਦਾਰਾਂ ਦੀ ਤਾਨਾਸ਼ਾਹੀ ਨੂੰ ਵੈਧਤਾ ਦੇਣ ਦਾ ਕੰਮ ਕਰਦੀਆਂ ਹਨ।

ਰਾਡੀਆ ਟੇਪਾਂ ਤੋਂ ਸਾਨੂੰ ਕੁਝ ਝਲਕ ਮਿਲਦੀ ਹੈ ਕਿ ਸਰਕਾਰ ਦੀ ਨੀਤੀ ਕਿਵੇਂ ਬਣਾਈ ਜਾਂਦੀ ਹੈ। ਜਾਂਚ ਅਦਾਰਿਆਂ ਨੂੰ ਟੇਪਾਂ ਵਿਚ ਦਰਜ ਰਿਕਾਰਡ ਕੀਤੀਆਂ ਗੱਲਾਂ ਦਾ ਸਾਰਅੰਸ਼ ਦਿੰਦਿਆਂ ਇਹ ਮੰਨਣਾ ਪਿਆ ਹੈ ਕਿ ਵੱਖ ਵੱਖ ਸਰਕਾਰੀ ਵਿਭਾਗਾਂ – ਟੈਲੀਕਾਮ, ਪਟਰੌਲੀਅਮ ਅਤੇ ਗੈਸ, ਰਖਿਆ, ਏਅਰ ਲਾਈਨਾਂ ਆਦਿ – ਦੇ ਕੰਮਾਂ ਕਾਰਾਂ ਉਤੇ ਅਜਾਰੇਦਾਰ ਸਰਮਾਏਦਾਰਾਂ ਵਲੋਂ ਆਪਣੇ ਦਲਾਲਾਂ ਰਾਹੀਂ ਚਰਚਾ ਕੀਤੀ ਜਾਂਦੀ ਹੈ ਤਾਂ ਕਿ ਉਨ੍ਹਾਂ ਦਾ ਹੱਥ ਆਪਣੇ ਵਿਰੋਧੀਆਂ ਤੋਂ ਉਪਰ ਹੋਵੇ। ਕਿਹਾ ਜਾਂਦਾ ਹੈ ਕਿ ਸਰਕਾਰੀ ਨੀਤੀਆਂ “ਦੇਸ਼ ਦੇ ਹਿੱਤ” ਵਿਚ ਬਣਾਈਆਂ ਜਾਂਦੀਆਂ ਹਨ, ਪਰ ਅਸਲੀਅਤ ਵਿਚ ਇਹ ਨੀਤੀਆਂ ਅਜਾਰੇਦਾਰ ਸਰਮਾਏਦਾਰਾਂ ਦੇ ਲਾਲਚ ਪੂਰੇ ਕਰਨ ਲਈ ਬਣਾਈਆਂ ਜਾਂਦੀਆਂ ਹਨ।

ਸਰਮਾਏਦਾਰਾ ਜਮਾਤ ਦੇ ਪ੍ਰਚਾਰ ਅਨੁਸਾਰ, ਪਿਛਲੇ ਦੋ ਦਹਾਕਿਆਂ ਤੋਂ “ਮੁਕਤ ਬਜ਼ਾਰ” ਸੁਧਾਰਾਂ ਨਾਲ “ਲਾਇਸੰਸ-ਪਰਮਿਟ ਰਾਜ ਦੇ ਪੁਰਾਣੇ ਭ੍ਰਿਸ਼ਟ ਤੌਰ ਤਰੀਕੇ ਖਤਮ ਹੋ ਗਏ ਹਨ। ਪ੍ਰਚਾਰ ਕੀਤਾ ਜਾ ਰਿਹਾ ਹੈ ਕਿ 1991 ਵਿਚ ਤੱਤਕਾਲੀਨ ਵਿੱਤਮੰਤਰੀ ਮਨਮੋਹਣ ਸਿੰਘ ਵਲੋਂ ਸ਼ੁਰੂ ਕੀਤੀ ਗਈ ਅਖੌਤੀ ਸੁਧਾਰ ਪ੍ਰੀਕ੍ਰਿਆ ਨੇ ਬੇਹਤਰ ਪ੍ਰਸਾਸ਼ਣ, ਪਾਰਦਰਸ਼ਤਾ ਅਤੇ ਜਵਾਬਦੇਹੀ ਸਥਾਪਤ ਕਰ ਦਿਤੀ ਹੈ। ਪਰ ਰਾਡੀਆ ਟੇਪਾਂ ਨੇ ਇਨ੍ਹਾਂ ਦਾਅਵਿਆਂ ਦਾ ਖੋਖਲਾਪਣ ਨੰਗਾ ਕਰ ਦਿਤਾ ਹੈ।

ਪੂੰਜੀਵਾਦ ਦੇ ਵਿਕਾਸ ਦੇ ਮੌਜੂਦਾ ਪੜਾਅ ਦੀ ਖਾਸੀਅਤ ਉਪਰੋਂ ਲੈ ਕੇ ਹੇਠਾਂ ਤਕ ਅਜਾਰੇਦਾਰੀ, ਬੜੇ ਸਰਮਾਏਦਾਰਾਂ ਦਾ ਪ੍ਰਭਾਵ, ਪਰਜੀਵਤਾ ਅਤੇ ਭ੍ਰਿਸ਼ਟਾਚਾਰ ਹੈ। ਇਸ ਢਾਂਚੇ ਦੇ ਅੰਦਰ ਸਭ ਲਈ ਬਰਾਬਰ “ਮੁਕਤ ਬਜ਼ਾਰ” ਹੋ ਹੀ ਨਹੀਂ ਸਕਦਾ। ਬਜ਼ਾਰਾਂ ਅਤੇ ਰਾਜਕੀ ਸੰਸਥਾਨਾਂ ਉਤੇ ਅਜਾਰੇਦਾਰ ਸਰਮਾਏਦਾਰਾਂ ਦਾ ਬੋਲਬਾਲਾ ਹੈ। ਅਖੌਤੀ ਬਜ਼ਾਰ-ਮੁੱਖੀ ਸੁਧਾਰਾਂ ਨਾਲ ਅਜਾਰੇਦਾਰ ਸਰਮਾਏਦਾਰਾਂ ਲਈ ਨਵੇਂ ਨਵੇਂ ਮੌਕੇ ਪੈਦਾ ਹੋਏ ਹਨ, ਜਿਸ ਨਾਲ ਕੁਝ ਅਜਾਰੇਦਾਰ ਸਰਮਾਏਦਾਰ ਦੂਸਰਿਆਂ ਨੂੰ ਪਿੱਛੇ ਧੱਕ ਕੇ ਖੁਦ ਅਗੇ ਵਧ ਜਾਂਦੇ ਹਨ ਅਤੇ ਸਰਮਾਇਆ ਅਤੇ ਸੱਤਾ ਹੋਰ ਜ਼ਿਆਦਾ ਸਕੇਂਦਰਿਤ ਹੋ ਜਾਂਦੀ ਹੈ।

ਨਹਿਰੂਵੀ “ਸਮਾਜਵਾਦੀ ਨਮੂਨੇ ਦੇ ਸਮਾਜ” ਦੁਰਾਨ ਅਤੇ ਹੁਣ ਵਾਲੇ ਉਦਾਰੀਕਰਣ ਅਤੇ ਨਿੱਜੀਕਰਣ ਦੇ ਦੌਰ ਅੰਦਰ ਸਾਡੇ ਦੇਸ਼ ਦਾ ਢਾਂਚਾ ਰਾਜਕੀ ਅਜਾਰੇਦਾਰ ਸਰਮਾਏਦਾਰਾ ਸੀ ਅਤੇ ਹੈ। ਇਸ ਢਾਂਚੇ ਅੰਦਰ ਸਰਮਾਏਦਾਰ ਅਜਾਰੇਦਾਰੀਆਂ ਦਾ ਕੇਂਦਰੀ ਰਾਜ ਉਤੇ ਕੰਟਰੋਲ ਹੁੰਦਾ ਹੈ ਅਤੇ ਰਾਜ ਅਜਾਰੇਦਾਰਾਂ ਦੇ ਹਿੱਤਾਂ ਖਾਤਰ ਦਖਲ ਦਿੰਦਾ ਹੈ। ਸਮੇਂ ਦੇ ਨਾਲ ਨਾਲ, ਅਜਾਰੇਦਾਰੀ ਬਹੁਤ ਵਧ ਗਈ ਹੈ, ਜਿਸ ਦੇ ਕਾਰਨ ਹਰੇਕ ਸੌਦੇ ਵਿਚ ਬੜੀਆਂ ਬੜੀਆਂ ਬਾਜ਼ੀਆਂ ਲਾਈਆਂ ਜਾਂਦੀਆਂ ਹਨ। ਕੁਝ ਨਵੇਂ ਸਰਮਾਏਦਾਰਾ ਗਰੁਪ ਅੱਗੇ ਆਏ ਹਨ ਅਤੇ ਵਿਕਸਤ ਹੋਏ ਹਨ ਜਦ ਕਿ ਕੁਝ ਪੁਰਾਣੇ ਪੂੰਜੀਵਾਦੀ ਗਰੁਪ ਪਿਛੇ ਹਟਣ ਲਈ ਮਜਬੂਰ ਹੋਏ ਹਨ। ਨੇਤਾਵਾਂ ਅਤੇ ਬੜੇ ਸਰਮਾਏਦਾਰਾਂ ਵਿਚਕਾਰ ਨੇੜਤਾ ਵਧਦੀ ਜਾ ਰਹੀ ਹੈ।

ਸਰਮਾਏਦਾਰ ਜਮਾਤ ਇਹ ਪ੍ਰਚਾਰ ਕਰਦੀ ਹੈ ਕਿ ਕੁਝ ਸੁਧਾਰਾਂ ਜਾਂ ਨਿੱਕੇ ਮੋਟੇ ਕਦਮ ਉਠਾ ਕੇ ਮੌਜੂਦਾ ਸਿਆਸੇ ਢਾਂਚੇ ਨੂੰ ਸਾਫ ਅਤੇ ਭ੍ਰਿਸ਼ਟਾਚਾਰ ਰਹਿਤ ਬਣਾਇਆ ਜਾ ਸਕਦਾ ਹੈ। ਪਰ ਸਚਾਈ ਇਹ ਹੈ ਕਿ ਕੇਵਲ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਇਨਕਲਾਬ ਹੀ ਮੁੱਠੀਭਰ ਲੋਟੂਆਂ ਦੀ ਭ੍ਰਿਸ਼ਟ ਅਤੇ ਪਰਜੀਵੀ ਹਕੂਮਤ ਨੂੰ ਖਤਮ ਕਰ ਸਕਦਾ ਹੈ ਅਤੇ ਸਰਮਾਏਦਾਰਾ ਜਮਹੂਰੀਅਤ ਦੀ ਥਾਂ ਆਧੁਨਿਕ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਮੇਹਨਤਕਸ਼ ਜਨਤਾ ਦਾ ਸ਼ਾਸਣ, ਜਾਣੀ ਪ੍ਰੋਲਤਾਰੀ ਜਮਹੂਰੀਅਤ ਸਥਾਪਤ ਕਰ ਸਕਦਾ ਹੈ।

ਸਮੇਂ ਦੇ ਨਾਲ ਨਾਲ ਸਰਮਾਏਦਾਰਾ ਜਮਹੂਰੀਅਤ ਹੋਰ ਭ੍ਰਿਸ਼ਟ ਅਤੇ ਅੱਤਿਆਚਾਰੀ ਹੁੰਦਾ ਜਾਵੇਗਾ। ਇਸ ਦਾ ਖਾਤਮਾ ਉਦੋਂ ਹੀ ਹੋਵੇਗਾ ਜਦੋਂ ਮਜ਼ਦੂਰ ਜਮਾਤ ਕਿਸਾਨਾਂ ਨਾਲ ਗਠਜੋੜ ਕਰਕੇ ਆਪਣੇ ਅਤੀਤ ਨਾਲ ਨਾਤਾ ਤੋੜ ਲਵੇਗਾ ਅਤੇ ਆਧੁਨਿਕ ਜਮਹੂਰੀਅਤ ਲੈ ਕੇ ਆਵੇਗਾ। ਉਹ ਜਮਹੂਰੀਅਤ ਮਜ਼ਦੂਰ ਜਮਾਤ ਦੀ ਅਗਵਾਈ ਵਿਚ ਮੇਹਨਤਕਸ਼ ਜਨਤਾ ਦਾ ਸ਼ਾਸਣ ਹੋਵੇਗਾ, ਜਿਸ ਵਿਚ ਕੋਈ ਵੀ ਸਰਕਾਰੀ ਸੇਵਕ ਆਪਣੇ ਪਦ ਦਾ ਫਾਇਦਾ ਉਠਾ ਕੇ ਨਿੱਜੀ ਹਿੱਤਾਂ ਦੀ ਸੇਵਾ ਕਰਨ ਦੀ ਹਿੰਮਤ ਨਹੀਂ ਕਰ ਸਕੇਗਾ।

ਰਾਡੀਆ ਟੇਪਾਂ ਤੋਂ ਸਪਸ਼ਟ ਹੋਣ ਵਾਲੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਰਮਾਏਦਾਰਾ ਜਮਹੂਰੀਅਤ ਅਤੇ ਉਹਦੇ ਬਾਰੇ ਸਭ ਭਰਮਾਂ ਨਾਲ ਨਾਤਾ ਤੋੜਨਾ ਜ਼ਰੂਰੀ ਹੈ।

close

Share and Enjoy !

Shares

Leave a Reply

Your email address will not be published. Required fields are marked *