
ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਉਪ ਤਹਿਸੀਲ ਰਾਮਗਡ਼੍ਹ ਦੇ ਅਧੀਨ ਆਉਣ ਵਾਲੇ ਰਾਮਗਡ਼੍ਹ ਹਾਲਟ ਸਟੇਸ਼ਨ ਤੇ ਜ਼ਰੂਰਤਮੰਦ ਜਨਤਕ ਸੁਵਿਧਾਵਾਂ ਦੀ ਘਾਟ ਹੈ। ਸਟੇਸ਼ਨ ਤੇ ਸੁਵਿਧਾਵਾਂ ਦੀਆਂ ਮੰਗਾਂ ਨੂੰ ਲੈ ਕੇ ਉੱਥੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਿਵਾਸੀ ਲਗਾਤਾਰ ਸੰਘਰਸ਼ ਕਰ ਰਹੇ ਹਨ।
ਉੱਥੇ ਦੀਆਂ ਜਨਤਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਵਸਨੀਕਾਂ ਨੇ ਕਈ ਵਾਰ ‘ਰੇਲ ਰੋਕੋ’ ਪ੍ਰਦਰਸ਼ਨ ਕੀਤੇ ਹਨ, ਪਰ ਰੇਲ ਪ੍ਰਸ਼ਾਸਨ ਨੇ ਇਨ੍ਹਾਂ ਸਾਰੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਹੁਣ ਤੱਕ ਕੋਈ ਸਖ਼ਤ ਕਦਮ ਨਹੀਂ ਚੁੱਕਿਆ।
ਵਸਨੀਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਹਨੂੰਮਾਨਗੜ੍ਹ ਦੇ ਸਾਦੂਲਪੁਰ ਦੇ ਵਿਚ ਸਥਿਤ, ਰਾਮਗੜ੍ਹ ਹਾਲਟ ਸਟੇਸ਼ਨ ਦੇ ਪਲੇਟਫਾਰਮ ਦੀ ਉਚਾਈ ਨੂੰ ਵਧਾਇਆ ਜਾਵੇ। ਰਾਮਗੜ੍ਹ ਹਾਲਟ ਸਟੇਸ਼ਨ ਦੇ ਪਲੇਟਫਾਰਮ ਦੀ ਉਚਾਈ ਗੱਡੀ ਦੇ ਡੱਬੇ ਦੇ ਕਾਫ਼ੀ ਹੇਠਾਂ ਹੈ। ਪਲੇਟਫਾਰਮ ਦੇ ਹੇਠਾਂ ਹੋਣ ਦੇ ਕਾਰਨ ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਗੱਡੀ ਵਿੱਚ ਚੜ੍ਹਨ ਤੇ ਉਤਰਨ ਸਮੇਂ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੁਰਘਟਨਾ ਦੀ ਸੰਭਾਵਨਾ ਅਕਸਰ ਹੀ ਬਣਦੀ ਰਹਿੰਦੀ ਹੈ।
ਰੇਲਵੇ ਅਧਿਕਾਰੀਆਂ ਨੂੰ ਇਹ ਵੀ ਯਾਦ ਕਰਾਇਆ ਗਿਆ ਕਿ ਹਨੂੰਮਾਨਗੜ੍ਹ ਅਤੇ ਸਾਦੂਲਪੁਰ ਦੇ ਵਿੱਚ ਆਉਣ ਵਾਲੇ ਬਾਕੀ ਸਾਰੇ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮ ਦੀ ਉਚਾਈ ਨੂੰ ਵਧਾਇਆ ਗਿਆ।
ਵਸਨੀਕਾਂ ਨੇ ਲਗਾਤਾਰ ਇਹ ਮੰਗਾਂ ਚੁੱਕੀਆਂ ਹਨ ਕਿ ਰਾਮਗਡ਼੍ਹ ਹਾਰਟ ਸਟੇਸ਼ਨ ਦੀ ਉਚਾਈ ਨੂੰ ਵਧਾਉਣ ਦੇ ਨਾਲ-ਨਾਲ, ਬੁਕਿੰਗ ਆਫਿਸ, ਵਿਸ਼ਰਾਮ ਘਰ, ਤੇ ਹੋਰਾਂ ਦਾ ਨਿਰਮਾਣ ਕਰਾਇਆ ਜਾਣਾ ਚਾਹੀਦਾ ਹੈ। ਸਟੇਸ਼ਨ ਤੇ ਇਕ ਫੁੱਟ ਓਵਰਬ੍ਰਿਜ ਦਾ ਨਿਰਮਾਣ ਕੀਤਾ ਜਾਵੇ, ਜੀਹਦੇ ਨਾ ਹੋਣ ਦੇ ਕਾਰਣ, ਇਸ ਸਮੇਂ ਯਾਤਰੀ ਰੇਲ ਲਾਈਨਾਂ ਦੀਆਂ ਪਟੜੀਆਂ ਨੂੰ ਪਾਰ ਕਰਨ ਲਈ ਮਜਬੂਰ ਹਨ। ਜੀਹਦੇ ਨਾਲ ਹਰ ਸਮੇਂ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਰਾਮਗੜ੍ਹ ਦੀ ਲੋਕਰਾਜ ਸਮਿਤੀ ਨੇ ਮੰਡਲ ਪ੍ਰਬੰਧਕ, ਉੱਤਰ ਪੱਛਮ ਰੇਲਵੇ, ਬੀਕਾਨੇਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਨਿਆਂ ਪੱਖੀ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਰਾਮਗੜ੍ਹ ਹਾਲਟ ਸਟੇਸ਼ਨ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।