ਸਪੇਨ ਦੀ ਰਾਜਧਾਨੀ, ਮੈਡਰਿਡ ਵਿੱਚ 28-30 ਜੂਨ ਨੂੰ ਰੱਖੇ ਗਏ ਨਾਟੋ ਸਿਖਰ ਸੰਮੇਲਨ ਦੀ ਹਜ਼ਾਰਾਂ ਹੀ ਲੋਕਾਂ ਵਲੋਂ ਵਿਰੋਧਤਾ ਕੀਤੀ ਗਈ। ਇਹ ਮੁਜ਼ਾਹਰੇ ਸਰਕਾਰ ਵਲੋਂ ਲਾਏ ਗਏ ਬੈਨ ਦੀ ਕੋਈ ਪ੍ਰਵਾਹ ਕੀਤੇ ਬਗੈਰ ਹੀ ਜਥੇਬੰਦ ਕੀਤੇ ਗਏ ਸਨ। ਨਾਟੋ ਦੇ ਲੀਡਰਾਂ ਨੂੰ ਜੰਗੀ ਤਿਆਰੀਆਂ ਕਰਨ ਲਈ ਲੋਕਾਂ ਵਲੋਂ ਲਾਹਣਤਾਂ ਤੋਂ ਬਚਾਉਣ ਲਈ, 10,000 ਤੋਂ ਵੱਧ ਪੁਲੀਸ ਲਾ ਕੇ ਮੈਡਰਿਡ ਨੂੰ ਇੱਕ ਹਥਿਆਰਬੰਦ ਕੈਂਪ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਜਰਮਨੀ ਵਿਚ, 19 ਤੋਂ 26 ਜੂਨ ਤਕ ਸੈਂਕੜੇ ਹੀ ਲੋਕਾਂ ਨੇ ਰੈਮਸਟਨ ਵਿੱਚ ਅਮਰੀਕੀ ਹਵਾਈ ਸੈਨਾ ਅੱਡੇ ਦੇ ਨੇੜੇ ਇਕ ਹਫਤੇ ਭਰ ਦਾ ਕੈਂਪ ਲਾਇਆ। ਇਹ ਅੱਡਾ ਅਮਰੀਕੀ ਹਵਾਈ ਸੈਨਾ ਦਾ ਅਮਰੀਕਾ ਤੋਂ ਬਾਹਰ ਸਭ ਤੋਂ ਬੜਾ ਫੌਜੀ ਅੱਡਾ ਹੈ। ਇਹ ਅੱਡਾ ਅਮਰੀਕੀ ਕਬਜ਼ੇ ਹੇਠ ਹੈ ਅਤੇ ਨਾਟੋ ਦੀਆਂ ਸਰਗਰਮੀਆਂ ਦਾ ਇੱਕ ਕੇਂਦਰ ਹੈ। ਰੈਮਸਟਨ ਅੱਡੇ ਉਤੇ ਹਫਤੇ ਭਰ ਦੀਆਂ ਸਰਗਰਮੀਆਂ ਦੇ ਅੰਤ ਵਿੱਚ 500 ਲੋਕਾਂ ਨੇ ਇਸ ਅੱਡੇ ਦੇ ਗੇਟ ਨੂੰ ਘੇਰਾ ਪਾ ਲਿਆ ਅਤੇ ਰੈਮਸਟਨ ਨੂੰ ਬੰਦ ਕਰਨ ਅਤੇ ਜਰਮਨੀ ਵਿਚੋਂ ਅਮਰੀਕੀ ਅੱਡੇ ਚੁੱਕੇ ਜਾਣ ਦੀ ਮੰਗ ਕੀਤੀ।
ਕਨੇਡਾ ਭਰ ਦੇ ਕਈ ਸ਼ਹਿਰਾਂ ਵਿੱਚ ਨਾਟੋ ਦੇ 2022 ਸਿਖਰ ਸੰਮੇਲਨ ਦੇ ਰਣਨੈਤਿਕ ਸੰਕਲਪ ਨੂੰ ਲਾਹਣਤਾਂ ਪਾਉਣ, ਜੰਗੀ-ਤਿਆਰੀਆਂ ਅਤੇ ਜੰਗਫਰੋਸ਼ੀ ਨੂੰ ਲਾਹਣਤਾਂ ਪਾਉਣ ਅਤੇ ਨਾਟੋ ਨੂੰ ਤੋੜੇ ਜਾਣ ਦੀ ਮੰਗ ਲਈ ਰੈਲੀਆਂ ਅਤੇ ਮੀਟਿੰਗਾਂ ਅਤੇ ਵੈਬ ਮੀਟਿੰਗਾਂ ਕੀਤੀਆਂ ਗਈਆਂ।
ਯੂਰਪ ਅਤੇ ਉੱਤਰੀ ਅਮਰੀਕਾ ਦੇ ਲੋਕਾਂ ਨੂੰ ਤੇਜ਼ੀ ਨਾਲ ਅਹਿਸਾਸ ਹੋ ਰਿਹਾ ਹੈ ਕਿ ਅਮਰੀਕੀ ਅਗਵਾਈ ਵਾਲਾ ਨਾਟੋ ਗਠਜੋੜ ਦੁਨੀਆਂ ਵਿੱਚ ਅਮਨ ਲਈ ਸਭ ਤੋਂ ਬੜਾ ਖਤਰਾ ਹੈ। ਨਾਟੇੋ ਜੰਗ ਦਾ ਹਿੱਸਾ ਹੈ। ਨਾਟੋ ਦੀ ਅਗਵਾਈ ਹੇਠ ਫੌਜੀ ਦਖਲ-ਅੰਦਾਜ਼ੀਆਂ ਨੇ ਦਰਜਨਾਂ ਦੇਸ਼ਾਂ ਨੂੰ ਤਬਾਹ ਕੀਤਾ ਹੈ। ਇਹ ਵੈਸ਼ਵਿਕ ਹਥਿਆਰਾਂ ਦੀ ਦੌੜ ਦਾ ਚਾਲਕ ਹੈ ਅਤੇ ਦੁਨੀਆਂ ਵਿੱਚ ਅੱਧੇ ਤੋਂ ਜ਼ਿਆਦਾ ਫੌਜੀ ਖਰਚ ਲਈ ਜ਼ਿਮੇਵਾਰ ਹੈ ਅਤੇ ਵਿਸ਼ਵ ਵਿੱਚ ਹਥਿਆਰਾਂ ਦੇ ਵਪਾਰ ਦੇ ਦੋ-ਤਿਹਾਈ ਹਿੱਸੇ ਲਈ ਜ਼ਿਮੇਵਾਰ ਹੈ। ਜਿੰਨਾ ਚਿਰ ਨਾਟੋ ਕਾਇਮ ਹੈ, ਦੁਨੀਆਂ ਦੇ ਲੋਕਾਂ ਅਤੇ ਦੇਸ਼ਾਂ ਨੂੰ ਇੱਕ ਹੋਰ ਜੰਗ ਵਿੱਚ ਝੋਕੇ ਜਾਣ ਦਾ ਖਤਰਾ ਇੱਕ ਅਸਲੀ ਖਤਰਾ ਬਣਿਆਂ ਰਹੇਗਾ। ਇਸ ਹਮਲਾਵਰ ਫੌਜੀ ਗਠਜੋੜ ਨੂੰ ਤੋੜੇ ਜਾਣ ਦੀ ਮੰਗ ਪੂਰੇ ਤੌਰ ਉਤੇ ਜਾਇਜ਼ ਮੰਗ ਹੈ।