ਅਮਰੀਕਾ ਦੀ ਅਗਵਾਈ ਹੇਠਲੇ ਸੈਨਿਕ ਗਠਜੋੜ – ਨਾਟੋ ਦਾ ਸਿਖਰ ਸੰਮੇਲਨ 28 ਤੋਂ 30 ਜੂਨ ਵਿਚਕਾਰ, ਸਪੇਨ ਦੇ ਸ਼ਹਿਰ ਮੈਡਰਿਡ ਵਿੱਚ ਹੋਇਆ। ਯੂਰਪ ਅਤੇ ਉੱਤਰੀ ਅਮਰੀਕੀ ਦੇਸ਼ਾਂ ਦੇ ਇਸ 30 ਮੈਂਬਰੀ ਦੇਸ਼ਾਂ ਦੇ ਅੰਤਰਰਾਸ਼ਟਰੀ ਸੈਨਿਕ ਗਠਜੋੜ ਦਾ ਸਿਖਰ ਸੰਮੇਲਨ ਸਪੇਨ ਦੀ ਇਸ ਵਿਚ ਸ਼ਾਮਲ ਹੋਣ ਦੀ 40ਵੀਂ ਵਰ੍ਹੇਗੰਢ ਉਤੇ ਕੀਤਾ ਗਿਆ ਸੀ। ਨਾਟੋ ਦੀ ਸਥਾਪਨਾ ਦੂਸਰੀ ਵਿਸ਼ਵ ਜੰਗ ਤੋਂ ਬਾਦ, 4 ਅਪਰੈਲ 1949 ਨੂੰ ਨਾਰਥ ਐਟਲਾਂਟਿਕ ਟਰੀਟੀ (ਉੱਤਰੀ ਐਟਲਾਂਟਿਕ ਸਮਝੌਤਾ) ਦੇ ਦਸਖ਼ਤ ਕੀਤੇ ਜਾਣ ਨਾਲ ਹੋਈ ਸੀ। ਇਸ ਨੂੰ ਯੂਰਪ ਉੱਤੇ ਅਮਰੀਕਾ ਦੀ ਚੌਧਰ ਕਾਇਮ ਕਰਨ ਅਤੇ ਸੋਵੀਅਤ ਸੰਘ ਅਤੇ ਪੂਰਬੀ ਯੂਰਪ ਦੇ ਲੋਕ-ਜਮਹੂਰੀ ਦੇਸ਼ਾਂ ਨੂੰ ਧਮਕਾਉਣ ਦੇ ਉਦੇਸ਼ ਨਾਲ ਬਣਾਇਆ ਗਿਆ ਸੀ।
ਇਸ ਸਿਖਰ ਸੰਮੇਲਨ ਤੋਂ ਅਮਰੀਕੀ ਸਾਮਰਾਜਵਾਦੀਆਂ ਅਤੇ ਨਾਟੋ ਦੇ ਮੈਂਬਰ ਦੇਸ਼ਾਂ ਵਲੋਂ ਆਪਣੀਆਂ ਹਮਲਾਵਰ ਸਰਗਰਮੀਆਂ ਦਾ ਦਾਇਰਾ ਹੋਰ ਵਧਾਉਣ ਦੀ ਰਣਨੀਤੀ ਦਾ ਝਲਕਾਰਾ ਸਾਫ ਨਜ਼ਰ ਆਉਂਦਾ ਹੈ। ਨਾਟੋ ਲੀਡਰ ਆਪਣੀ ਪੂਰਬੀ ਵੱਖੀ ਨੂੰ ਮਜ਼ਬੂਤ ਕਰਨ ਅਤੇ ਜੰਗੀ-ਟੁਕੜੀਆਂ ਵਧਾਉਣ ਲਈ ਸਹਿਮਤ ਹੋਏ। ਇਨ੍ਹਾਂ ਜੰਗੀ-ਟੁਕੜੀਆਂ ਨੂੰ ਕਿਸੇ ਵੀ ਪਲ ਜੰਗ ਲਈ ਤਾਇਨਾਤ ਕੀਤਾ ਜਾ ਸਕਦਾ ਹੈ। ਇਨ੍ਹਾਂ ਜੰਗੀ-ਟੁਕੜੀਆਂ ਲਈ ਫੌਜੀ ਨਾਟੋ ਦੇ ਮੈਂਬਰ ਦੇਸ਼ਾਂ ਵਿਚੋਂ ਲਏ ਜਾਂਦੇ ਹਨ। ਨਾਟੋ ਸਿਖਰ ਸੰਮੇਲਨ ਨੇ ਤਿਆਰ-ਬਰ-ਤਿਆਰ ਫੌਜ ਦੀ ਗਿਣਤੀ 40,000 ਤੋਂ ਵਧਾ ਕੇ 3 ਲੱਖ ਕੀਤੇ ਜਾਣ ਦਾ ਫੈਸਲਾ ਵੀ ਲਿਆ। ਇਹ ਫੌਜੀ ਆਪਣੇ- ਆਪਣੇ ਦੇਸ਼ਾਂ ਦੇ ਫੌਜੀ ਅੱਡਿਆਂ ਵਿੱਚ ਹੀ ਰਹਿਣਗੇ। ਉਹ ਪੂਰਬੀ ਯੂਰਪ ਦੇ ਵਿਸ਼ੇਸ਼ ਦੇਸ਼ਾਂ ਨੂੰ ਸਮਰਪੱਤ ਹੋਣਗੇ, ਜਿਥੇ ਨਾਟੋ ਜੰਗ ਦਾ ਸਾਜ਼ੋ-ਸਮਾਨ ਅਤੇ ਗੋਲੀ-ਬਾਰੂਦ ਦੇ ਭੰਡਾਰ ਭਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਸਾਫ ਸੰਕੇਤ ਮਿਲਦੇ ਹਨ ਕਿ ਨਾਟੋ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਯੁਕਰੇਨ ਦੀ ਲੜਾਈ ਲੰਬਾ ਸਮਾਂ ਜਾਰੀ ਰਹੇ।
ਸਿਖਰ ਸੰਮੇਲਨ ਦੁਰਾਨ, ਪੂਰਾ ਸਮਾਂ ਨਾਟੋ ਨੂੰ ਰੂਸ ਅਤੇ ਚੀਨ ਦਾ ਟਾਕਰਾ ਕਰਨ ਲਈ ਤਿਆਰ ਕਰਨ ਉਤੇ ਜ਼ੋਰ ਦਿੱਤਾ ਜਾਂਦਾ ਰਿਹਾ। ਇਸ ਨਿਸ਼ਾਨੇ ਨਾਲ, ਸੰਮੇਲਨ ਵਿੱਚ ਜਪਾਨ, ਦੱਖਣੀ ਕੋਰੀਆ, ਅਸਟ੍ਰੇਲੀਆ ਅਤੇ ਸਾਊਥ ਅਫਰੀਕਾ ਨੂੰ ਪਹਿਲੀ ਵਾਰੀ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਸੀ। ਸੰਮੇਲਨ ਨੇ ਨਾਟੋ ਦੇ “ਨਵੇਂ ਰਣਨੀਤਕ ਸੰਕਲਪ” ਜਾਣੀ ਅਗਲੇ ਦਹਾਕੇ ਲਈ ਇਸ ਦੀ ਰਣਨੀਤੀ ਦੇ ਖ਼ਾਕੇ/ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ। ਇਹ ਰੂਸ ਨੂੰ ਨਾਟੋ ਦੀ ਸੁਰੱਖਿਆ ਵਾਸਤੇ “ਸਭ ਤੋਂ ਅਹਿਮ ਅਤੇ ਸਿੱਧੇ ਖਤਰੇ” ਬਤੌਰ ਹਰਾਉਣ ਲਈ ਵਧੇਰੇ ਤਿਆਰ ਕਰਨ ਲਈ ਨਾਟੋ ਨੂੰ ਹੋਰ ਵੱਧ ਹਥਿਆਰਬੰਦ ਕਰਨ ਦੀ ਸਿਫਰਸ਼ ਹੈ।
ਅਮਰੀਕਾ, ਰੂਸ ਨਾਲ ਨਾਟੋ ਨੂੰ ਪੂਰਬੀ ਯੂਰਪ ਵੱਲ ਨਾ ਵਧਾਉਣ ਦੇ ਪੁਰਾਣੇ ਸਮਝੌਤਿਆਂ ਦੀ ਉਲੰਘਣਾ ਕਰਦਾ ਹੋਇਆ, ਇੱਕ ਯੋਜਨਾਬੱਧ ਢੰਗ ਨਾਲ ਨਾਟੋ ਦਾ ਪੂਰਬ ਵੱਲ ਨੂੰ ਪਸਾਰਾ ਕਰਦਾ ਆ ਰਿਹਾ ਹੈ। ਰੂਸ ਦੇ ਪੱਛਮੀ ਬਾਰਡਰਾਂ ਉੱਤੇ ਹਜ਼ਾਰਾਂ ਨਾਟੋ ਫੌਜਾਂ ਜਮ੍ਹਾਂ ਕੀਤੀਆਂ ਹੋਈਆਂ ਹਨ, ਜੋ ਰੂਸ ਦੀ ਸੁਰੱਖਿਆ ਲਈ ਖਤਰਾ ਪੇਸ਼ ਕਰਦੀਆਂ ਹਨ। ਨਾਟੋ ਨੇ ਫਿਨਲੈਂਡ ਅਤੇ ਸਵੀਡਨ ਨੂੰ ਇਸ ਗਠਜੋੜ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਪਸਾਰਾ ਕਰਨ ਦਾ ਆਪਣਾ ਇਰਾਦਾ ਜ਼ਾਹਿਰ ਕਰ ਦਿੱਤਾ ਹੈ। ਇਹ ਰੂਸ ਦੀ ਸੁਰੱਖਿਆ ਲਈ ਹੋਰ ਵੀ ਭੜਕਾਊ ਕਦਮ ਹੈ।
ਸੰਮੇਲਨ ਦੁਰਾਨ ਨਾਟੋ ਲਈ ਨਵੀਂਆਂ ਕਾਢਾਂ ਕੱਢਣ ਲਈ ਇੱਕ ਫੰਡ ਵੀ ਸ਼ੁਰੂ ਕੀਤਾ ਗਿਆ ਹੈ, ਜੋ ਫੌਜ ਦੇ ਵਰਤਣ ਲਈ ਇੱਕ ਬਿਲੀਅਨ ਯੂਰੋ ਨਿਵੇਸ਼ ਕਰੇਗਾ। ਯੁਕਰੇਨ ਵਿੱਚ ਜੰਗ ਲੱਗਣ ਤੋਂ ਬਾਅਦ, ਨਾਟੋ ਮੈਂਬਰਾਂ ਦਾ ਫੌਜੀ ਖਰਚਾ ਲਗਾਤਾਰ ਵਧਦਾ ਆ ਰਿਹਾ ਹੈ, ਹਾਲਾਂਕਿ ਇਨ੍ਹਾਂ ਦੇਸ਼ਾਂ ਦੇ ਲੋਕ ਇਸ ਦਾ ਭਾਰੀ ਵਿਰੋਧ ਕਰ ਰਹੇ ਹਨ। ਲੋਕ ਮੰਗ ਕਰ ਰਹੇ ਹਨ ਕਿ ਖੁਰਾਕ, ਤੇਲ ਅਤੇ ਸਵਾਸਥ ਵਾਸਤੇ ਫੰਡਾਂ ਨੂੰ ਸੈਨਿਕ ਕੰਮਾਂ ਵਾਸਤੇ ਵਰਤਣਾ ਬੰਦ ਕੀਤਾ ਜਾਵੇ। ਪਰ ਅਮਰੀਕਾ ਅਤੇ ਹੋਰ ਨਾਟੋ ਮੈਂਬਰ ਦੇਸ਼ਾਂ ਦੇ ਲੀਡਰਾਂ ਨੇ ਯੂਰਪ ਦੀ ਸੁਰੱਖਿਆ ਮਜ਼ਬੂਤ ਕਰਨ ਦੇ ਢੌਂਗ ਹੇਠ ਸੈਨਿਕ ਖਰਚੇ ਹੋਰ ਵੀ ਵਧਾ ਦਿੱਤੇ ਹਨ। ਅਮਰੀਕੀ ਪ੍ਰਧਾਨ, ਜੋ ਬਾਈਡਨ ਨੇ ਅਮਰੀਕੀ ਫੌਜਾਂ ਦੀ ਯੂਰਪ ਵਿੱਚ ਮੌਜੂਦਗੀ ਵਧਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਮੁਤਾਬਿਕ ਪੋਲੈਂਡ ਵਿੱਚ ਇੱਕ ਪੱਕਾ ਅਮਰੀਕੀ ਫੌਜੀ ਅੱਡਾ ਬਣੇਗਾ, ਸਪੇਨ ਵਿੱਚ ਰੋਟਾ ਵਿੱਚ ਨੇਵੀ ਦੇ ਦੋ ਹੋਰ ਤਬਾਹੀ-ਬੇੜੇ, ਅਤੇ ਯੂ.ਕੇ. ਵਿੱਚ ਦੋ ਹੋਰ ਐਫ-35 ਜੰਗੀ ਸਕੂਆਡ ਤਾਇਨਾਤ ਕੀਤੇ ਜਾਣਗੇ।
ਯਾਦ ਰਹੇ ਕਿ ਅਪਰੈਲ 2022 ਵਿੱਚ, ਅਮਰੀਕੀ ਹਾਊਸ ਆਫ ਰੈਪ੍ਰੇਜ਼ੈਂਨਟੇਟਿਵਜ਼ (ਪਾਰਲੀਮੈਂਟ) ਨੇ ਇੱਕ ਮੱਤਾ ਪਾਸ ਕਰਕੇ ਪ੍ਰਧਾਨ, ਜੋ ਬਾਈਡਨ ਨੂੰ “ਨਾਟੋ ਦੇ ਮੈਂਬਰ, ਸਾਂਝੀਦਾਰਾਂ ਅਤੇ ਮੈਂਬਰ ਬਣਨ ਦੇ ਖਾਹਿਸ਼ਮੰਦ ਦੇਸ਼ਾਂ ਵਿੱਚ ਲੋਕਤੰਤਰੀ ਅਦਾਰੇ ਮਜ਼ਬੂਤ ਕਰਨ ਲਈ” ਜ਼ੋਰ ਲਾਉਣ ਦੇ ਆਦੇਸ਼ ਦਿੱਤੇ ਹਨ। ਮਤੇ ਨੇ ਯੂਰਪ ਉੱਤੇ ਅਮਰੀਕੀ ਚੌਧਰ ਅਤੇ ਕੰਟਰੋਲ ਵਧਾਉਣ ਦਾ ਸੰਦੇਸ਼ ਦਿੱਤਾ ਹੈ। “ਜਮਹੂਰੀ ਅਸੂਲਾਂ” ਦੀ ਗੱਲਬਾਤ ਰਾਹੀਂ ਨਾਟੋ ਨੂੰ ਸਿਆਸੀ ਅਤੇ ਸੈਨਿਕ ਤੌਰ ਉਤੇ ਮਜਬੂਤ ਕੀਤਾ ਜਾਵੇਗਾ। ਅਮਰੀਕੀ ਚੌਧਰ ਵਧਾਉਣ ਲਈ “ਸਾਂਝੀਆਂ ਜਮਹੂਰੀ ਕਦਰਾਂ-ਕੀਮਤਾਂ” ਦੇ ਦਾਵਿਆਂ ਹੇਠ ਰੂਸ, ਚੀਨ ਅਤੇ ਏਸ਼ੀਆ ਦੇ ਦੇਸ਼ਾਂ ਖ਼ਿਲਾਫ਼ ਗਤੀਵਿਧੀਆਂ ਨੂੰ ਜਾਇਜ਼ ਠਹਿਰਾਇਆ ਜਾਵੇਗਾ।
ਸਿਖਰ ਸੰਮੇਲਨ ਦੇ ਅੰਤ ਵਿੱਚ ਨਾਟੋ ਨੇ ਇੱਕ ਚਿਤਾਵਨੀ ਜਾਰੀ ਕੀਤੀ ਕਿ ਦੁਨੀਆਂ ਨੂੰ “ਵੱਡੀਆਂ ਤਾਕਤਾਂ ਵਿਚਕਾਰ ਮੁਕਾਬਲੇਬਾਜ਼ੀ ਅਤੇ ਅਨੇਕਾਂ ਧਮਕੀਆਂ ਦੇ ਦੌਰ ਵਿੱਚ” ਧਕੇਲ ਦਿੱਤਾ ਗਿਆ ਹੈ। ਪਰ ਇਸ ਨਿਰੰਤਰ ਪਸਾਰਾ ਕਰ ਰਹੇ ਜੰਗਫਰੋਸ਼ੀ ਗਠਜੋੜ (ਨਾਟੋ) ਦੀ ਹੋਂਦ ਨੇ ਹੀ ਤਾਂ ਇਹ ਹਾਲਾਤ ਪੈਦਾ ਕੀਤੇ ਹਨ। ਨਾਟੋ ਅਤੇ ਇਸ ਦੀਆਂ ਗਤੀਵਿਧੀਆਂ ਨੇ ਅਮਨ ਲਈ ਖਤਰਾ ਹੀ ਵਧਾਇਆ ਹੈ। ਅਮਰੀਕੀ ਸਾਮਰਾਜਵਾਦੀ ਅਤੇ ਉਨ੍ਹਾਂ ਦੇ ਨਾਟੋ ਭਾਈਵਾਲ ਕੋਠੇ ਚੜ੍ਹ ਚੜ੍ਹ ਰੌਲਾ ਪਾ ਰਹੇ ਹਨ ਕਿ ਦੇਖੋ ਉਹ ਕਿਵੇਂ ਕੌਮਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦੇ ਹੱਕ ਵਿੱਚ ਹਨ, ਕਿਵੇਂ ਉਹ ਹੋਰਨਾਂ ਦੇਸ਼ਾਂ ਅਤੇ ਲੋਕਾਂ ਦੀ ਪ੍ਰਭੂਸੱਤਾ ਦੀ ਇੱਜ਼ਤ ਕਰਦੇ ਹਨ। ਇਹ ਇੱਕ ਬਹੁਤ ਬੜਾ ਝੂਠ ਹੈ। ਅਮਰੀਕਾ ਅਤੇ ਨਾਟੋ ਨੇ ਹਮੇਸ਼ਾ ਹੀ ਉਨ੍ਹਾਂ ਦੇਸ਼ਾਂ ਅਤੇ ਲੋਕਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ, ਜਿਹੜੇ ਆਪਣੀ ਮਰਜ਼ੀ ਦਾ ਆਰਥਿਕ ਅਤੇ ਸਿਆਸੀ ਢਾਂਚਾ ਰੱਖਣਾ ਚਾਹੁੰਦੇ ਹਨ।