25 ਦਿਸੰਬਰ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਸਥਾਪਨਾ ਦੀ 41ਵੀਂ ਵਰ੍ਹੇਗੰਢ ਹੈ। ਪਾਰਟੀ ਦੀਆਂ ਜਥੇਬੰਦੀਆਂ ਨੇ ਇਸ ਖੁਸ਼ੀਆਂ ਭਰੇ ਦਿਨ ਹਿੰਦੋਸਤਾਨ ਅਤੇ ਬਦੇਸ਼ਾਂ ਵਿਚ ਮੀਟਿੰਗਾਂ ਕੀਤੀਆਂ। ਇਹ ਮੀਟਿੰਗਾਂ ਦਿੱਲੀ, ਮੁੰਬਈ, ਟਰਾਂਟੋ ਅਤੇ ਹੋਰ ਕਈ ਸ਼ਹਿਰਾਂ ਵਿਚ ਜਥੇਬੰਦ ਕੀਤੀਆਂ ਗਈਆਂ ਸਨ।
ਪਾਰਟੀ ਦੇ ਵਿਸ਼ਲੇਸ਼ਣ ਬਾਰੇ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਉਸਦੇ ਉਪਰੰਤ ਉਨ੍ਹਾਂ ਉੱਤੇ ਭਖਵੀਆਂ ਬਹਿਸਾਂ ਹੋਈਆਂ। ਇਸ ਮੌਕੇ ਉਤੇ ਸੱਭਿਆਚਾਰਕ ਪੇਸ਼ਕਾਰੀਆਂ, ਗੀਤ ਅਤੇ ਨਾਚਾਂ ਰਾਹੀਂ ਖੁਸ਼ੀ ਮਨਾਈ ਗਈ।
ਇਨ੍ਹਾਂ ਮੀਟਿੰਗਾਂ ਵਿਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਅਜੋਕੇ ਸੰਘਰਸ਼ਾਂ ਦਾ ਤਜਰਬਾ ਅਤੇ ਉਦਾਰੀਕਰਣ ਅਤੇ ਨਿੱਜੀਕਰਣ ਦੇ ਪ੍ਰੋਗਰਾਮ ਦੇ ਖ਼ਿਲਾਫ਼ ਉਨ੍ਹਾਂ ਦੀ ਵਧ ਰਹੀ ਏਕਤਾ ਦਾ ਸਮੀਖਿਆ ਕੀਤੀ ਗਈ।
ਇੱਕ ਅਹਿਮ ਨੁਕਤਾ, ਜਿਸ ਉੱਤੇ ਖਾਸ ਜ਼ੋਰ ਦਿੱਤਾ ਗਿਆ ਉਹ ਇਹ ਹੈ ਕਿ ਹਿੰਦੋਸਤਾਨੀ ਅਤੇ ਬਦੇਸ਼ੀ ਅਜਾਰੇਦਾਰਾਂ ਦੀ ਅਗਵਾਈ ਵਿਚ ਸੰਸਦੀ ਜਮਹੂਰੀਅਤ, ਸਰਮਾਏਦਾਰ ਜਮਾਤ ਦੀ ਤਾਨਾਸ਼ਾਹੀ ਬਤੌਰ ਬੁਰੀ ਤਰ੍ਹਾਂ ਨੰਗੀ ਹੋ ਰਹੀ ਹੈ। ਹਾਕਮ ਜਮਾਤ ਇਹ ਭਰਮ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਜੂਦਾ ਢਾਂਚੇ ਦੇ ਅੰਦਰ ਹੀ ਇੱਕ ਅੱਛੀ ਪਾਰਟੀ ਜਾਂ ਗਠਜੋੜ ਦੀ ਸਰਕਾਰ ਚੁਣਨ ਰਾਹੀਂ ਹੱਲ ਕੀਤਾ ਜਾ ਸਕਦਾ ਹੈ।
ਸਰਮਾਏਦਾਰਾ ਜਮਹੂਰੀਅਤ ਦਾ ਢਾਂਚਾ (ਉਨ੍ਹਾਂ ਲਈ) ਉਸ ਸਮੇਂ ਵਧੀਆ ਚੱਲਦਾ ਹੈ, ਜਦੋਂ ਸਰਮਾਏਦਾਰ ਜਮਾਤ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਦੋ ਪਾਰਟੀਆਂ ਜਾਂ ਕੋਈ ਗਠਜੋੜ, ਬਾਰੀ ਬਾਰੀ ਸਰਕਾਰ ਚਲਾਉਂਦੀਆਂ ਹੋਣ। ਜਦੋਂ ਸੱਤਾ ਵਿਚਲੀ ਪਾਰਟੀ ਲੋਕਾਂ ਵਿਚ ਬਦਨਾਮ ਹੋ ਜਾਂਦੀ ਹੈ ਤਾਂ ਵਿਰੋਧੀ ਪਾਰਟੀ ਉਹਦੀ ਥਾਂ ਲੈ ਲੈਂਦੀ ਹੈ ਅਤੇ ਨਵੇਂ ਨਾਅਰਿਆਂ ਹੇਠ ਉਹੀ ਅਜੰਡਾ ਲਾਗੂ ਕਰਦੀ ਹੈ। ਹਾਕਮ ਜਮਾਤ ਨੇ ਕਿਸਾਨ ਅੰਦੋਲਨ ਨੂੰ ਵਰਤ ਕੇ ਭਾਜਪਾ ਦਾ ਭਰੋਸੇਯੋਗ ਬਦਲ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬਹੁਸੰਖਿਆ ਲੋਕ ਦੋ ਟੀਮਾਂ ਵਿਚਕਾਰ ਚੋਣ ਲੜਾਈ ਵਿਚ ਇਸ ਜਾਂ ਉਸ ਧਿਰ ਦੇ ਪਿੱਛੇ ਲੱਗ ਜਾਣ, ਜਿਹੜੀਆਂ ਟਾਟਾ, ਅੰਬਾਨੀ, ਬਿਰਲਾ, ਅਡਾਨੀ ਜਾਂ ਹੋਰ ਅਜਾਰੇਦਾਰ ਘਰਾਣਿਆਂ ਵਾਸਤੇ ਸਰਕਾਰ ਚਲਾਉਣ ਦੇ ਫਿਟ ਹੋਣ।
ਚਰਚਾਵਾਂ ਦਾ ਮੁੱਖ ਮੁੱਦਾ ਪਾਰਟੀ ਦੇ 41 ਸਾਲਾਂ ਦੇ ਅਮੀਰ ਤਜਰਬੇ ਦੇ ਅਧਾਰ ਉੱਤੇ ਪਾਰਟੀ ਦੀ ਉਸਾਰੀ ਅਤੇ ਮਜ਼ਬੂਤੀ ਸੀ। ਕਾਮਰੇਡਾਂ ਨੇ ਉਨ੍ਹਾਂ ਹਾਲਾਤਾਂ ਨੂੰ ਯਾਦ ਕੀਤਾ, ਜਿਨ੍ਹਾਂ ਵਿਚ ਪਾਰਟੀ ਬਣਾਈ ਗਈ ਸੀ। ਇਹ ਉਹ ਵਕਤ ਸੀ, ਜਦੋਂ ਸੋਵੀਅਤ ਯੂਨੀਅਨ ਅਤੇ ਅਮਰੀਕਾ ਵਿਚਕਾਰ ਟੱਕਰ ਦੇ ਦਬਾ ਹੇਠ, ਕਮਿਉਨਿਸਟ ਲਹਿਰ ਟੁਕੜੇ ਟੁਕੜੇ ਹੋ ਰਹੀ ਸੀ ਅਤੇ ਸਮਾਜਵਾਦ ਦੇ ਸੰਸਦੀ ਰਾਹ ਦਾ ਭਰਮ ਫੈਲਿਆ ਹੋਇਆ ਸੀ। ਜਦਕਿ ਇਨਕਲਾਬ ਵਾਸਤੇ ਬਾਹਰਮੁੱਖੀ ਹਾਲਾਤ ਸਾਜ਼ਗਾਰ ਸਨ, ਪਰ ਮਜ਼ਦੂਰ ਜਮਾਤ ਇਕਮੁੱਠ ਕਮਿਉਨਿਸਟ ਅਗਵਾਈ ਤੋਂ ਸੱਖਣੀ ਸੀ। ਇਨ੍ਹਾਂ ਹਾਲਾਤਾਂ ਵਿਚ ਅਸੀਂ ਹਿੰਦੋਸਤਾਨੀ ਮਜ਼ਦੂਰ ਜਮਾਤ ਦਾ ਹਰਾਵਲ ਦਸਤਾ ਪਾਰਟੀ ਸਥਾਪਤ ਕਰਨ ਫੈਸਲਾ ਕਰ ਲਿਆ, ਜਿਸ ਵਿਚ ਸਾਰੇ ਹੀ ਕਮਿਉਨਿਸਟ ਸ਼ਾਮਲ ਹੋਣ, ਇੱਕ ਅਜੇਹੀ ਪਾਰਟੀ ਜਿਹੜੀ ਮਜ਼ਦੂਰ ਜਮਾਤ ਅਤੇ ਦੱਬੇ-ਕੁਚਲੇ ਲੋਕਾਂ ਦੀ ਸਿਆਸੀ ਏਕਤਾ ਬਣਾਏਗੀ ਅਤੇ ਸਮਾਜ ਦੀ ਪ੍ਰਗਤੀ ਦਾ ਰਾਹ ਖੋਲ੍ਹੇਗੀ। ਅਸੀਂ ਸੋਧਵਾਦ ਅਤੇ ਹਰ ਰੰਗ ਦੀ ਮੌਕਾਪ੍ਰਸਤੀ ਦੇ ਉਲਟ, ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨਕ ਸਿਧਾਂਤ ਦੇ ਅਧਾਰ ਉਤੇ ਪਾਰਟੀ ਬਣਾਉਣ ਦਾ ਫੈਸਲਾ ਲਿਆ।
ਅਸੀਂ ਬਾਰ-ਬਾਰ ਦੁਹਰਾਇਆ ਕਿ ਹਿੰਦੋਸਤਾਨੀ ਮਜ਼ਦੂਰ ਜਮਾਤ, ਇੱਕ ਜਮਾਤ ਹੈ ਅਤੇ ਇਸਦਾ ਨਿਸ਼ਾਨਾ ਵੀ ਇੱਕੋ ਹੀ ਹੈ; ਉਹ ਨਿਸ਼ਾਨਾ ਹੈ: ਸਰਮਾਏਦਾਰੀ ਦੀ ਹਕੂਮਤ ਦੀ ਜਗ੍ਹਾ ਮਜ਼ਦੂਰ ਜਮਾਤ ਅਤੇ ਮੇਹਨਤਕਸ਼ ਕਿਸਾਨੀ ਦੀ ਭਾਈਵਾਲੀ ਦੀ ਹਕੂਮਤ ਕਾਇਮ ਕਰਨਾ। ਇਸ ਮੰਜ਼ਿਲ ਉੱਤੇ ਪਹੁੰਚਣ ਲਈ ਮਜ਼ਦੂਰ ਜਮਾਤ ਨੂੰ ਆਪਣਾ ਅਜ਼ਾਦ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ, ਅਤੇ ਉਸ ਦੇ ਦੁਆਲੇ ਤਮਾਮ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਸਭ ਦੱਬੇ-ਕੁਚਲੇ ਲੋਕਾਂ ਨੂੰ ਇਕਮੁੱਠ ਕਰਨਾ ਚਾਹੀਦਾ ਹੈ।
ਸਾਨੂੰ ਸਰਮਾਏਦਾਰਾਂ ਦੇ ਵਿਸ਼ਵੀਕਰਣ, ਉਦਾਰੀਕਰਣ ਅਤੇ ਨਿੱਜੀਕਰਣ ਅਤੇ ਮੌਜੂਦਾ ਸੰਸਦੀ ਢਾਂਚੇ ਦੇ ਬਦਲ ਦੇ ਗਿਰਦ ਏਕਤਾ ਕਾਇਮ ਕਰਨੀ ਚਾਹੀਦੀ ਹੈ, ਜਿਹੜਾ (ਢਾਂਚਾ) ਲੋਕਾਂ ਨੂੰ ਸੱਤਾ ਤੋਂ ਬਾਹਰ ਰੱਖਦਾ ਹੈ ਅਤੇ ਉਨ੍ਹਾਂ ਦੇ ਹੱਕਾਂ ਨੂੰ ਪੈਰਾਂ ਹੇਠ ਲਿਤਾੜਦਾ ਹੈ। ਸਾਡੀ ਪਾਰਟੀ, ਸਰਮਾਏਦਾਰ ਜਮਾਤ ਦੇ ਸਮਾਜ-ਵਿਰੋਧੀ ਹਮਲੇ ਦਾ ਟਾਕਰਾ ਕਰਨ ਲਈ ਮਜ਼ਦੂਰ ਜਮਾਤ ਅਤੇ ਕਿਸਾਨਾਂ ਨੂੰ ਅਜੇਹੇ ਪ੍ਰੋਗਰਾਮ ਨਾਲ ਲੈਸ ਕਰਨ ਲਈ ਇੱਕ ਵਿਉਂਤਬੰਦ ਢੰਗ ਨਾਲ ਕੰਮ ਕਰਦੀ ਆ ਰਹੀ ਹੈ।
ਕਾਮਰੇਡਾਂ ਨੇ 21 ਸਾਲ ਪਹਿਲਾਂ ਪਾਰਟੀ ਵਲੋਂ ਦਿੱਤੇ ਗਏ “ਇੱਕ ਮਜ਼ਦੂਰ ਜਮਾਤ, ਇੱਕ ਪ੍ਰੋਗਰਾਮ ਅਤੇ ਇੱਕ ਪਾਰਟੀ” ਨਾਅਰੇ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣਾ ਦ੍ਰਿੜ ਇਰਾਦਾ ਪ੍ਰਗਟ ਕੀਤਾ ਕਿ ਮਜ਼ਦੂਰ ਜਮਾਤ ਨੂੰ ਉਸਦੇ ਆਪਣੇ ਅਜ਼ਾਦ ਪ੍ਰੋਗਰਾਮ ਨਾਲ ਲੈਸ ਕਰਨ ਦੇ ਸੰਘਰਸ਼ ਦੁਰਾਨ ਸਭ ਕਮਿਉਨਿਸਟਾਂ ਦੀ ਇੱਕ ਪਾਰਟੀ ਵਿਚ ਏਕਤਾ ਬਹਾਲ ਹੋਵੇਗੀ। ਇਹ ਏਕਤਾ ਕਮਿਉਨਿਸਟ ਅਤੇ ਮਜ਼ਦੂਰ ਲਹਿਰ ਵਿਚ ਹਾਨੀਕਾਰਕ ਵਿਚਾਰਾਂ ਬਾਰੇ ਸੰਘਰਸ਼ ਕਰਦਿਆਂ ਬਹਾਲ ਹੋਵੇਗੀ। ਸੰਸਦੀ ਜਮਹੂਰੀਅਤ, ਮੌਜੂਦਾ ਹਿੰਦੋਸਤਾਨੀ ਸੰਘ ਅਤੇ ਇਸਦੇ ਸੰਵਿਧਾਨ ਦਾ ਪਰਦਾਫਾਸ਼ ਕਰਨਾ, ਇਹਦੇ ਲਈ ਖਾਸ ਤੌਰ ‘ਤੇ ਜ਼ਰੂਰੀ ਹੈ।
ਇਨ੍ਹਾਂ ਮੀਟਿੰਗਾਂ ਵਿਚ ਜਮਹੂਰੀ ਕੇਂਦਰੀਵਾਦ ਦੇ ਜਥੇਬੰਦਕ ਸਿਧਾਂਤ ਦੀ ਰਖਵਾਲੀ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਸਾਡੀ ਪਾਰਟੀ ਦੀ ਉਸਾਰੀ ਦਾ ਅਧਾਰ ਹੈ। ਸਾਥੀਆਂ ਨੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਸਾਰੇ ਰੁਝਾਨਾਂ ਵਿਰੁੱਧ ਸੰਘਰਸ਼ ਕਰਨ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਅਰਾਜਕਤਾ, ਹੰਕਾਰ ਅਤੇ ਮੁਕਾਬਲਾ ਸ਼ਾਮਲ ਹਨ। ਉਨ੍ਹਾਂ ਨੇ ਪਾਰਟੀ ਦੀ ਏਕਤਾ ਦੀ ਆਪਣੀ ਅੱਖ ਦੇ ਤਾਰੇ ਵਾਂਗ ਰੱਖਿਆ ਕਰਨ ਦਾ ਪ੍ਰਣ ਕੀਤਾ।
ਸਾਥੀਆਂ ਨੇ ਪਾਰਟੀ ਸਥਾਪਨਾ ਕਰਨ ਵਿਚ ਹਿੰਦੋਸਤਾਨ ਅਤੇ ਬਦੇਸ਼ਾਂ ਵਿਚ ਕੀਤੇ ਬਹਾਦਰਾਨਾ ਸੰਘਰਸ਼ ਨੂੰ ਯਾਦ ਕੀਤਾ। ਉਨ੍ਹਾਂ ਨੇ ਉਨ੍ਹਾਂ ਸਾਥੀਆਂ ਦੀ ਯਾਦ ਨੂੰ ਸਲਾਮ ਕੀਤਾ, ਜਿਹੜੇ ਹੁਣ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਨੇ ਮਜ਼ਦੂਰ ਜਮਾਤ ਨੂੰ ਜਥੇਬੰਦ ਕਰਨ ਅਤੇ ਸਰਮਾਏਦਾਰਾਂ ਦੇ ਰਾਜ ਦੀ ਥਾਂ ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕਰਨ ਅਤੇ ਹਿੰਦੋਸਤਾਨ ਵਿਚ ਸਮਾਜਵਾਦ ਦੇ ਰਾਹ ਉੱਤੇ ਅੱਗੇ ਵਧਣ ਦੇ ਸੰਘਰਸ਼ ਵਿਚ ਮਜ਼ਦੂਰ ਜਮਾਤ ਨੂੰ ਅਗਵਾਈ ਦੇਣ ਦੇ ਕੰਮ ਨੂੰ ਦੁਗਣੀ ਤਾਕਤ ਨਾਲ ਕਰਨ ਦਾ ਪ੍ਰਣ ਕੀਤਾ।
ਇਸ ਗੱਲ ਨੂੰ ਦੁਹਰਾਇਆ ਗਿਆ ਕਿ ਸਾਡੀ ਪਾਰਟੀ ਅੰਤਰਰਾਸ਼ਟਰੀ ਕਮਿਉਨਿਸਟ ਲਹਿਰ ਦਾ ਅੰਗ ਹੈ। ਅਸੀਂ ਸਾਮਰਾਜਵਾਦ ਅਤੇ ਸਾਮਰਾਜਵਾਦੀ ਜੰਗ ਦੇ ਖ਼ਿਲਾਫ਼, ਅਤੇ ਇਨਕਲਾਬ, ਕੌਮੀ ਮੁਕਤੀ ਅਤੇ ਸਮਾਜਵਾਦ ਸਥਾਪਤ ਕਰਨ ਦੇ ਸਭ ਦੇਸ਼ਾਂ ਦੇ ਮਜ਼ਦੂਰਾਂ ਅਤੇ ਲੋਕਾਂ ਦੇ ਸੰਘਰਸ਼ਾਂ ਦਾ ਸਮਰਥਨ ਕਰਦੇ ਹਾਂ।
ਇਨ੍ਹਾਂ ਮੀਟਿੰਗਾਂ ਦਾ ਮਹੌਲ ਪਾਰਟੀ ਦੇ ਸਾਥੀਆਂ ਦੇ ਪਾਰਟੀ ਦੀ ਲਾਈਨ ਵਿਚ ਵਿਸ਼ਵਾਸ਼ ਨੂੰ ਦਰਸਾਉਂਦਾ ਹੈ। ਇਹ ਸਾਥੀਆਂ ਵਲੋਂ ਪਾਰਟੀ ਦੀ ਲਾਈਨ ਨੂੰ ਦੂਰ-ਦੂਰ ਤਕ ਪਹੁੰਚਾਉਣ ਦੇ ਦ੍ਰਿੜ ਸੰਕਲਪ ਨੂੰ ਦਰਸਾਉਂਦਾ ਹੈ, ਜਿਸ ਨਾਲ ਆਪਣੇ ਦੇਸ਼ ਵਿਚ ਇਨਕਲਾਬ ਅਤੇ ਸਮਾਜਵਾਦ ਦੀ ਜਿੱਤ ਲਈ ਅੰਤਰਮੁੱਖੀ ਹਾਲਾਤ ਤਿਆਰ ਹੋਣਗੇ।
ਮੀਟਿੰਗਾਂ ਦੀ ਸਮਾਪਤੀ ਅੰਤਰਾਸ਼ਟਰੀ ਮਜ਼ਦੂਰ ਜਮਾਤ ਦਾ ਗੀਤ “ਇੰਟਰੈਸ਼ਨਲ” ਗਾਉਣ ਨਾਲ ਹੋਈ।