1971 ਦੀ ਜੰਗ ਵਿੱਚ ਭਾਰਤ ਦੀ ਭੂਮਿਕਾ ਬਾਰੇ

16 ਦਸੰਬਰ 2021 ਨੂੰ, ਭਾਰਤੀ ਸ਼ਾਸਕਾਂ ਨੇ ਪਾਕਿਸਤਾਨ ਵਿਰੁੱਧ ਜੰਗ ਵਿੱਚ ਭਾਰਤੀ ਸੈਨਾ ਦੀ ਜਿੱਤ ਦੇ 50 ਸਾਲ ਪੂਰੇ ਹੋਣ ‘ਤੇ “ਸੁਨਹਿਰੀ ਜਿੱਤ ਦਿਵਸ” ਮਨਾਇਆ। ਇਸ ਜੰਗ ਦੇ ਨਤੀਜੇ ਵਜੋਂ ਬੰਗਲਾਦੇਸ਼ ਦਾ ਜਨਮ ਹੋਇਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਮੁੱਖ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸਨੇ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਢਾਕਾ ਵਿੱਚ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਏ।

ਭਾਰਤ ਅਤੇ ਪਾਕਿਸਤਾਨ ਵਿਚਾਲੇ 1971 ਦੀ ਜੰਗ 3 ਦਸੰਬਰ ਤੋਂ 16 ਦਸੰਬਰ ਤੱਕ, 13 ਦਿਨ ਚੱਲੀ ਸੀ। ਇਹ ਜੰਗ 93,000 ਪਾਕਿਸਤਾਨੀ ਸੈਨਿਕਾਂ ਵਲੋਂ ਭਾਰਤੀ ਫੌਜ ਅਤੇ ਬੰਗਲਾਦੇਸ਼ ਲਿਬਰੇਸ਼ਨ ਬਾਹਿਨੀ ਦੀਆਂ ਸੰਯੁਕਤ ਫੌਜਾਂ ਦੇ ਸਾਹਮਣੇ ਆਤਮ-ਸਮਰਪਣ ਨਾਲ ਖਤਮ ਹੋਈ। ਸਮਰਪਣ ਦਸਤਾਵੇਜ਼ ਉੱਤੇ 16 ਦਸੰਬਰ 1971 ਨੂੰ ਢਾਕਾ ਵਿੱਚ ਦਸਤਖਤ ਕੀਤੇ ਗਏ ਸਨ।

ਭਾਰਤੀ ਹਾਕਮ ਜਮਾਤ ਨੇ ਹਮੇਸ਼ਾ 1971 ਦੀ ਜੰਗ ਵਿੱਚ ਪਾਕਿਸਤਾਨ ਉੱਤੇ ਫ਼ੌਜੀ ਜਿੱਤ ਦੀ ਵਰਤੋਂ ਪਾਕਿਸਤਾਨ ਖ਼ਿਲਾਫ਼ ਨਫ਼ਰਤ ਫੈਲਾਉਣ ਲਈ ਕੀਤੀ ਹੈ। ਨਾਲ ਹੀ, ਭਾਰਤ ਅਤੇ ਦੁਨੀਆ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ, ਹਾਕਮ ਜਮਾਤ ਨੇ ਬੰਗਲਾਦੇਸ਼ ਦੇ ਲੋਕਾਂ ਦੇ ਮੁਕਤੀ ਸੰਘਰਸ਼ ਦੇ ਸਮਰਥਨ ਵਿੱਚ ਭਾਰਤ ਦੁਆਰਾ ਛੇੜੀ ਗਈ ਜੰਗ ਨੂੰ “ਨਿਰਪੱਖ ਯੁੱਧ” ਵਜੋਂ ਦਰਸਾਇਆ। ਪਰ ਸੱਚਾਈ ਇਹ ਨਹੀਂ ਹੈ।

ਉਸ ਸਮੇਂ ਦੇ ਪੂਰਬੀ ਪਾਕਿਸਤਾਨ ਵਿੱਚ ਭਾਰਤੀ ਰਾਜ ਦੀ ਫੌਜੀ ਦਖਲਅੰਦਾਜ਼ੀ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਸਾਮਰਾਜਵਾਦੀ ਮਨਸੂਬਿਆਂ ਤੋਂ ਪ੍ਰੇਰਿਤ ਪਾਕਿਸਤਾਨ ਵਿਰੁੱਧ ਸਿੱਧਾ ਹਮਲਾ ਸੀ। ਪੂਰਬੀ ਪਾਕਿਸਤਾਨ ਦੇ ਬੰਗਾਲੀ ਨਿਵਾਸੀਆਂ ਦੀ ਅਜ਼ਾਦੀ ਲਈ ਸਮਰਥਨ ਸਿਰਫ਼ ਇੱਕ ਬਹਾਨਾ ਸੀ।

ਸਾਨੂੰ ਤੱਥਾਂ ਦੇ ਆਧਾਰ ‘ਤੇ ਸੱਚਾਈ ਦੀ ਖੋਜ ਕਰਨੀ ਚਾਹੀਦੀ ਹੈ ਅਤੇ ਆਪਣੇ ਦੇਸ਼ ਦੇ ਹਾਕਮਾਂ ਦੇ ਸ਼ੌਂਵੀਵਾਦ ਨਾਲ ਭਰੇ ਪ੍ਰਚਾਰ ਵਿੱਚ ਨਹੀਂ ਫਸਣਾ ਚਾਹੀਦਾ।

1947 ਵਿੱਚ, ਬਰਤਾਨਵੀ ਬਸਤੀਵਾਦੀਆਂ ਦੁਆਰਾ ਆਪਣੇ ਕਬਜ਼ੇ ਵਿੱਚ ਕੀਤੇ ਉਪ ਮਹਾਂਦੀਪ ਦੀ ਵੰਡ ਤੋਂ ਬਾਅਦ, ਪਾਕਿਸਤਾਨ ਰਾਜ ਦੇ ਪੱਛਮੀ ਅਤੇ ਪੂਰਬੀ ਹਿੱਸੇ ਨੂੰ ਭੂਗੋਲਿਕ ਤੌਰ ‘ਤੇ ਲੱਗਭਗ 1600 ਕਿਲੋਮੀਟਰ ਵੱਖ ਕੀਤਾ ਗਿਆ ਸੀ। ਭਾਰਤ ਅਤੇ ਪਾਕਿਸਤਾਨ ਦੋਵੇਂ ਬਹੁ-ਰਾਸ਼ਟਰੀ ਰਾਜ ਹਨ, ਜਿਨ੍ਹਾਂ ਵਿੱਚ ਕਈ ਕੌਮਾਂ, ਕੌਮੀਅਤਾਂ ਅਤੇ ਲੋਕ ਸ਼ਾਮਲ ਹਨ। ਦੋਵਾਂ ਮੁਲਕਾਂ ਦੀਆਂ ਹਾਕਮ ਜਮਾਤਾਂ ਨੇ ਆਪੋ-ਆਪਣੇ ਮੁਲਕਾਂ ਦੇ ਲੋਕਾਂ ਦੀਆਂ ਕੌਮੀ ਸੱਧਰਾਂ ਨੂੰ ਦਬਾਇਆ ਹੋਇਆ ਹੈ।

1971 ਦੀ ਜੰਗ ਤੋਂ ਪਹਿਲਾਂ ਦੇ ਸਾਲਾਂ ਵਿੱਚ, ਪਾਕਿਸਤਾਨ ਅਤੇ ਭਾਰਤ ਦੋਵਾਂ ਦੀਆਂ, ਹਾਕਮ ਜਮਾਤਾਂ ਨੂੰ ਆਪਣਾ ਰਾਜ ਕਾਇਮ ਰੱਖਣ ਲਈ ਕਈ ਅੰਦਰੂਨੀ ਖਤਰਿਆਂ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਅੰਦਰ, ਬੰਗਾਲੀ ਲੋਕ ਆਪਣੇ ਰਾਸ਼ਟਰੀ ਅਧਿਕਾਰਾਂ ਲਈ, ਆਪਣੀ ਭਾਸ਼ਾ ਅਤੇ ਸੱਭਿਆਚਾਰ ਦੇ ਦਮਨ ਅਤੇ ਉਰਦੂ ਭਾਸ਼ਾ ਨੂੰ ਥੋਪਣ ਵਿਰੁੱਧ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਇਹ ਸੰਘਰਸ਼ ਉਸ ਮੁਕਾਮ ‘ਤੇ ਪਹੁੰਚ ਗਿਆ ਸੀ, ਜਿੱਥੇ ਵੱਖ-ਵੱਖ ਸਿਆਸੀ ਤਾਕਤਾਂ ਵੱਖ ਹੋਣ ਦੀ ਮੰਗ ਉਠਾ ਰਹੀਆਂ ਸਨ। ਭਾਰਤ ਵਿੱਚ ਵੀ ਰਾਸ਼ਟਰੀ ਅਧਿਕਾਰਾਂ ਦੀ ਰਾਖੀ ਦੀ ਸਮੱਸਿਆ ਉੱਤਰ ਪੂਰਬ, ਕਸ਼ਮੀਰ ਅਤੇ ਹੋਰ ਖੇਤਰਾਂ ਵਿੱਚ ਕਈ ਲੋਕ ਸੰਘਰਸ਼ਾਂ ਦੇ ਰੂਪ ਵਿੱਚ ਪ੍ਰਗਟ ਹੋ ਰਹੀ ਸੀ। ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਵਿਆਪਕ ਅਸੰਤੋਸ਼ ਸੀ। ਕਮਿਊਨਿਸਟ ਇਨਕਲਾਬੀਆਂ ਦੇ ਸੱਦੇ ‘ਤੇ ਹਥਿਆਰਬੰਦ ਇਨਕਲਾਬ ਲਈ ਨੌਜਵਾਨ ਅਤੇ ਵਿਿਦਆਰਥੀ ਵੱਡੀ ਗਿਣਤੀ ‘ਚ ਅੱਗੇ ਆ ਰਹੇ ਸਨ।

ਪਾਕਿਸਤਾਨ ਵਿੱਚ, ਦਸੰਬਰ 1970 ਦੀਆਂ ਆਮ ਚੋਣਾਂ ਵਿੱਚ, ਸ਼ੇਖ ਮੁਜੀਬੁਰ ਰਹਿਮਾਨ ਦੀ ਅਗਵਾਈ ਵਾਲੀ ਅਵਾਮੀ ਲੀਗ ਨੇ ਪੂਰਬੀ ਪਾਕਿਸਤਾਨ ਦੀ ਖੁਦਮੁਖਤਿਆਰੀ ਦੀ ਮੰਗ ਕਰਦੇ ਹੋਏ ਪੂਰਨ ਬਹੁਮਤ ਹਾਸਲ ਕਰ ਲਿਆ। ਪਾਕਿਸਤਾਨੀ ਹਾਕਮ ਜਮਾਤ ਨੇ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਅਵਾਮੀ ਲੀਗ ਨੂੰ ਨਾ ਸੌਂਪਣ ਦਾ ਫੈਸਲਾ ਕੀਤਾ। ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਯਾਹੀਆ ਖ਼ਾਨ ਨੇ ਪੂਰਬੀ ਪਾਕਿਸਤਾਨ ਵਿੱਚ ਫ਼ੌਜੀ ਰਾਜ ਲਾਗੂ ਕਰ ਦਿੱਤਾ। 25 ਮਾਰਚ 1971 ਨੂੰ, ਪਾਕਿਸਤਾਨੀ ਫੌਜ ਨੇ ਆਪਰੇਸ਼ਨ ਸਰਚਲਾਈਟ ਸ਼ੁਰੂ ਕੀਤਾ ਅਤੇ ਬੰਗਲਾਦੇਸ਼ ਦੇ ਲੋਕਾਂ ਵਿਰੁੱਧ ਦਹਿਸ਼ਤ ਦੀ ਮੁਹਿੰਮ ਚਲਾਈ। 26 ਮਾਰਚ 1971 ਨੂੰ, ਅਵਾਮੀ ਲੀਗ ਨੇ ਢਾਕਾ ਵਿੱਚ ਇੱਕ ਜਨਤਕ ਰੈਲੀ ਵਿੱਚ ਬੰਗਲਾਦੇਸ਼ ਨੂੰ ਇੱਕ ਸੁਤੰਤਰ ਰਾਜ ਘੋਸ਼ਿਤ ਕੀਤਾ।

ਇਹ ਘਟਨਾਕ੍ਰਮ ਉਦੋਂ ਹੋ ਰਿਹਾ ਸੀ, ਜਦੋਂ ਸ਼ੀਤ ਯੁੱਧ ਆਪਣੀ ਸਿਖਰ ‘ਤੇ ਸੀ। ਅੰਤਰਰਾਸ਼ਟਰੀ ਸਬੰਧਾਂ ਵਿੱਚ ਦੋ ਮਹਾਂਸ਼ਕਤੀਆਂ, ਅਮਰੀਕਾ ਅਤੇ ਸੋਵੀਅਤ ਯੂਨੀਅਨ, ਵਿਚਕਾਰ ਮੁਕਾਬਲੇ ਅਤੇ ਮਿਲੀਭੁਗਤ ਦਾ ਦਬਦਬਾ ਸੀ। ਅਮਰੀਕਾ ਦਾ ਪਾਕਿਸਤਾਨ ਨਾਲ ਲੰਬੇ ਸਮੇਂ ਤੋਂ ਫੌਜੀ ਰਣਨੀਤਕ ਗਠਜੋੜ ਸੀ। ਉਸ ਸਮੇਂ ਅਮਰੀਕਾ ਨੇ ਸੋਵੀਅਤ ਸੰਘ ਦੇ ਖ਼ਿਲਾਫ਼ ਗਠਜੋੜ ਬਣਾਉਣ ਲਈ ਚੀਨ ਨਾਲ ਸੰਪਰਕ ਕੀਤਾ।

ਭਾਰਤੀ ਹਾਕਮ ਜਮਾਤ ਨੇ ਫੈਸਲਾ ਕਰ ਲਿਆ ਸੀ ਕਿ ਪਾਕਿਸਤਾਨ ਨੂੰ ਤੋੜਨ ਅਤੇ ਕਮਜ਼ੋਰ ਕਰਨ ਲਈ ਫੌਜੀ ਦਖਲ ਦੇਣ ਦਾ ਇਹ ਢੁਕਵਾਂ ਸਮਾਂ ਹੈ। ਇਹ ਯਕੀਨੀ ਬਣਾਉਣ ਲਈ ਕਿ ਭਾਰਤ ਦੇ ਕਦਮ ਨੂੰ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਹੋਵੇ, ਭਾਰਤੀ ਹਾਕਮ ਜਮਾਤ ਨੇ ਅਗਸਤ 1971 ਵਿੱਚ ਭਾਰਤ-ਸੋਵੀਅਤ ‘ਸ਼ਾਂਤੀ, ਦੋਸਤੀ ਅਤੇ ਸਹਿਯੋਗ ਦੀ ਸੰਧੀ’ – ਇੱਕ ਫੌਜੀ ਸੰਧੀ – ਉੱਤੇ ਦਸਤਖਤ ਕੀਤੇ। ਇਸ ਸੰਧੀ ਨੇ ਸੋਵੀਅਤ ਯੂਨੀਅਨ ਨੂੰ ਅਮਰੀਕੀ ਰਣਨੀਤੀ ਦਾ ਮੁਕਾਬਲਾ ਕਰਨ ਵਿੱਚ ਮੱਦਦ ਕੀਤੀ।

ਭਾਰਤੀ ਰਾਜ ਦੀਆਂ ਖ਼ੁਫੀਆ ਏਜੰਸੀਆਂ ਨੇ ਪੂਰਬੀ ਪਾਕਿਸਤਾਨ ਵਿੱਚ ਵੱਖਵਾਦੀ ਤਾਕਤਾਂ ਨੂੰ ਮਜ਼ਬੂਤ ਕਰਨ ਲਈ ਲੁਕਵੇਂ ਢੰਗ ਨਾਲ ਕੰਮ ਕੀਤਾ। ਭਾਰਤੀ ਫੌਜ ਨੇ ਮੁਕਤੀ ਬਾਹਨੀ ਨੂੰ ਗੁਪਤ ਤਰੀਕੇ ਨਾਲ ਸਿਖਲਾਈ ਅਤੇ ਹਥਿਆਰ ਮੁਹੱਈਆ ਕਰਵਾਏ। ਸਰਕਾਰ ਨੇ ਕਈ ਮਹੀਨਿਆਂ ਤੱਕ ਇੱਕ ਵਿਸ਼ਾਲ ਅੰਤਰਰਾਸ਼ਟਰੀ ਮੁਹਿੰਮ ਚਲਾਈ, ਜਿਸ ਵਿੱਚ ਬੰਗਲਾਦੇਸ਼ ਵਿੱਚ ਲੋਕਾਂ ਉੱਤੇ ਪਾਕਿਸਤਾਨੀ ਫੌਜ ਦੁਆਰਾ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਵਿਆਪਕ ਪ੍ਰਚਾਰ ਕੀਤਾ ਗਿਆ। ਇਸਦੇ ਨਾਲ ਹੀ ਪੂਰਬੀ ਪਾਕਿਸਤਾਨ ਦੇ ਲੱਖਾਂ ਹੀ ਸ਼ਰਨਾਰਥੀਆਂ ਨੂੰ ਭਾਰਤ ਵਿੱਚ ਆਉਣ ਦੀ ਇਜਾਜ਼ਤ ਦੇਣ ਲਈ ਆਪਣੀ ਪੂਰਬੀ ਸਰਹੱਦ ਖੋਲ੍ਹ ਦਿੱਤੀ। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਪ੍ਰਤੀਨਿਧੀਆਂ ਨੇ ਦਾਅਵਾ ਕੀਤਾ ਕਿ ਸ਼ਰਨਾਰਥੀਆਂ ਦੀ ਵਧਦੀ ਗਿਣਤੀ ਭਾਰਤ ਨੂੰ ਦਿਨ-ਬ-ਦਿਨ ਅਸਥਿਰ ਕਰ ਰਹੀ ਹੈ। ਇਹ ਕਹਿ ਕੇ ਉਹ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਭਾਰਤ ਕੋਲ ਫੌਜੀ ਦਖਲ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। 30 ਨਵੰਬਰ 1971 ਨੂੰ, ਸੋਵੀਅਤ ਸੰਘ ਨੇ ਭਾਰਤ ਦੁਆਰਾ ਫੌਜੀ ਦਖਲਅੰਦਾਜ਼ੀ ਲਈ ਹਰੀ ਝੰਡੀ ਦੇ ਦਿੱਤੀ।

ਬੰਗਲਾਦੇਸ਼ ਦੇ ਲੋਕਾਂ ਨੂੰ ਆਜ਼ਾਦ ਕਰਵਾਉਣ ਦੇ ਨਾਂ ‘ਤੇ, ਭਾਰਤੀ ਫੌਜ ਨੇ ਉੱਥੋਂ ਦੇ ਲੋਕਾਂ ਨਾਲ ਇੱਕ ਧਾੜਵੀ ਫੌਜ ਵਾਂਗ ਵਿਹਾਰ ਕੀਤਾ। ਇਹ ਪਾਕਿਸਤਾਨੀ ਫੌਜ ਦੇ ਰਵੱਈਏ ਤੋਂ ਵੱਖਰਾ ਨਹੀਂ ਸੀ। ਭਾਰਤੀ ਫੌਜ ਨੇ ਬੰਗਲਾਦੇਸ਼ ਵਿੱਚ ਵਿਆਪਕ ਗੁਪਤ ਸਾਜ਼ਿਸ਼ਾਂ, ਕਤਲੇਆਮ ਅਤੇ ਬੰਬ ਧਮਾਕੇ ਕੀਤੇ।

ਅਮਰੀਕੀ ਖੁਫੀਆ ਏਜੰਸੀ ਦੇ ਗੁਪਤ ਦਸਤਾਵੇਜ਼, ਜੋ ਕਿ ਹਾਲ ਹੀ ਵਿੱਚ ਜਨਤਕ ਕੀਤੇ ਗਏ ਹਨ, ਇਹ ਦਰਸਾਉਂਦੇ ਹਨ ਕਿ ਭਾਰਤੀ ਰਾਜ ਦੀ ਪੱਛਮੀ ਪਾਕਿਸਤਾਨ ਉੱਤੇ ਹਮਲਾ ਕਰਨ ਅਤੇ ਉਸਦੇ ਇੱਕ ਹਿੱਸੇ ਉੱਤੇ ਕਬਜ਼ਾ ਕਰਨ ਦੀ ਵੀ ਯੋਜਨਾ ਸੀ। ਅਮਰੀਕਾ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਫਿਰ ਸੋਵੀਅਤ ਯੂਨੀਅਨ ਰਾਹੀਂ ਭਾਰਤੀ ਹਾਕਮ ਜਮਾਤ ਨੂੰ ਨਕੇਲ ਪਾਈ ਗਈ।

1971 ਦੀ ਜੰਗ ਅਤੇ ਬੰਗਲਾਦੇਸ਼ ਦੇ ਹੋਂਦ ਵਿੱਚ ਆ ਜਾਣ ਨੇ ਭਾਰਤੀ ਹਾਕਮ ਜਮਾਤ ਦੇ ਸਾਮਰਾਜਵਾਦੀ ਉਦੇਸ਼ਾਂ ਦੀ ਪੂਰਤੀ ਕੀਤੀ। ਇਸ ਕਰਕੇ, ਭਾਰਤੀ ਰਾਜ ਸੋਵੀਅਤ ਸਮਾਜਿਕ ਸਾਮਰਾਜੀਆਂ ਦੀ ਆਰਥਿਕ ਅਤੇ ਫੌਜੀ ਸਹਾਇਤਾ ਨਾਲ, ਇਸ ਖੇਤਰ ਵਿੱਚ ਪ੍ਰਮੁੱਖ ਆਰਥਿਕ ਅਤੇ ਫੌਜੀ ਸ਼ਕਤੀ ਬਣਨ ਦੇ ਯੋਗ ਹੋ ਗਿਆ। ਉਸ ਜੰਗ ਨੇ ਭਾਰਤੀ ਰਾਜ ਲਈ ਕਮਿਊਨਿਸਟ ਇਨਕਲਾਬੀਆਂ ਦੇ ਸੰਘਰਸ਼ ਅਤੇ ਲੋਕਾਂ ਦੇ ਕੌਮੀ ਮੁਕਤੀ ਸੰਘਰਸ਼ਾਂ ਨੂੰ ਦਬਾਉਣ ਲਈ ਅਨੁਕੂਲ ਹਾਲਾਤ ਪੈਦਾ ਕੀਤੇ।

1971 ਵਿੱਚ ਭਾਰਤ-ਸੋਵੀਅਤ ਸੰਧੀ ‘ਤੇ ਦਸਤਖਤ ਕਰਕੇ, ਭਾਰਤੀ ਹਾਕਮ ਜਮਾਤ ਨੇ ਆਪਣੇ ਸੁਆਰਥੀ ਇਰਾਦਿਆਂ ਦੀ ਪ੍ਰਾਪਤੀ ਲਈ ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਕੀਤਾ। ਅੱਜ ਉਸੇ ਖਤਰਨਾਕ ਰਾਹ ‘ਤੇ ਚੱਲਦਿਆਂ ਭਾਰਤੀ ਹਾਕਮ ਜਮਾਤ ਅਮਰੀਕਾ ਨਾਲ ਰਣਨੀਤਕ ਫੌਜੀ ਗਠਜੋੜ ਬਣਾ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਭਾਰਤ ਦੀ ਪ੍ਰਭੂਸੱਤਾ ਦੀ ਰਾਖੀ ਲਈ ਭਾਰਤੀ ਹਾਕਮ ਜਮਾਤ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

ਕਿਸੇ ਵੀ ਦੇਸ਼ ਨੂੰ ਕਿਸੇ ਵੀ ਬਹਾਨੇ ਦੂਜੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਭਾਰਤ ਦਾ ਫੌਜੀ ਦਖਲ ਇੱਕ ਗੁਆਂਢੀ ਦੇਸ਼ ਉੱਤੇ ਹਮਲਾ ਸੀ, ਉਸਦੇ ਅੰਦਰੂਨੀ ਮਾਮਲਿਆਂ ਵਿੱਚ ਇੱਕ ਬੇਰਹਿਮ ਦਖ਼ਲ ਸੀ। ਭਾਰਤੀ ਲੋਕਾਂ ਕੋਲ 1971 ਦੀ ਜੰਗ ਦਾ ਜਸ਼ਨ ਮਨਾਉਣ ਦਾ ਕੋਈ ਕਾਰਨ ਅਤੇ ਲੋੜ ਨਹੀਂ ਹੈ।

close

Share and Enjoy !

0Shares
0

Leave a Reply

Your email address will not be published. Required fields are marked *