ਅਮਰੀਕਾ ਦੀ ਅਗਵਾਈ ਹੇਠ ਜਮਹੂਰੀਅਤ ਲਈ ਸਿਖਰ ਸੰਮੇਲਨ:
ਜਮਹੂਰੀਅਤ ਦੇ ਝੰਡੇ ਹੇਠ ਦੁਸ਼ਟ ਸਾਮਰਾਜਵਾਦੀ ਉਦੇਸ਼ਾਂ ਦੀ ਤਲਾਸ਼

ਅਮਰੀਕੀ ਜਮਹੂਰੀਅਤ ਦੀ ਬਦਨਾਮ ਸਥਿਤੀ ਅਤੇ ਵਿਸ਼ਵ ਪੱਧਰ ‘ਤੇ ਮਨੁੱਖੀ ਅਧਿਕਾਰਾਂ ਅਤੇ ਰਾਸ਼ਟਰੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਅਮਰੀਕੀ ਰਾਜ ਦੀ ਕਾਰਗੁਜਾਰੀ ਨੂੰ ਦੇਖਦਿਆਂ, ਇਹ ਸਿਖਰ ਸੰਮੇਲਨ ਇੱਕ ਬਹੁਤ ਹੀ ਵੱਡਾ ਢੌਂਗ ਸੀ। ਦੁਸ਼ਟ ਭੂ-ਰਾਜਨੀਤਿਕ ਇਰਾਦਿਆਂ ਵਾਲੇ ਇਸ ਅਮਰੀਕੀ ਪ੍ਰਦਰਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਜੋਸ਼ੀਲੀ ਸ਼ਮੂਲੀਅਤ ਨਾ ਸਿਰਫ ਸ਼ਰਮਨਾਕ ਹੈ, ਬਲਕਿ ਭਾਰਤੀ ਲੋਕਾਂ ਲਈ ਖ਼ਤਰੇ ਦਾ ਸੰਕੇਤ ਵੀ ਹੈ।

9-10 ਦਸੰਬਰ 2021 ਨੂੰ, ਅਮਰੀਕਾ ਦੇ ਰਾਸ਼ਟਰਪਤੀ ਬਿਡੇਨ ਨੇ “ਜਮਹੂਰੀਅਤ ਲਈ ਦੋ ਸਿਖਰ ਸੰਮੇਲਨਾਂ” ‘ਚੋਂ ਪਹਿਲੇ ਦਾ ਪਹਿਲਾ ਆਯੋਜਨ ਕੀਤਾ, ਜਿਸ ਵਿੱਚ ਚੋਣਵੇਂ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ। 10 ਦਸੰਬਰ ਦਾ ਦਿਨ, ‘ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਐਲਾਨਨਾਮੇ’ ਦੀ 73ਵੀਂ ਵਰ੍ਹੇਗੰਢ ਸੀ। 1948 ਵਿੱਚ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਵਲੋਂ  ਇਸ ਉੱਤੇ ਦਸਤਖਤ ਕੀਤੇ ਗਏ ਸਨ। ਇਸ ਨੂੰ ‘ਮਨੁੱਖੀ ਅਧਿਕਾਰ ਦਿਵਸ’ ਵਜੋਂ ਜਾਣਿਆ ਜਾਂਦਾ ਹੈ।

ਇਹ ਸੰਮੇਲਨ ਅਜਿਹੇ ਸਮੇਂ ‘ਚ ਆਯੋਜਿਤ ਕੀਤਾ ਗਿਆ ਹੈ, ਜਦੋਂ ਅਮਰੀਕੀ ਜਮਹੂਰੀਅਤ ਤੇਜ਼ੀ ਨਾਲ ਬਦਨਾਮ ਹੁੰਦੀ ਜਾ ਰਹੀ ਹੈ। ਹਾਲ ਹੀ ਦੇ ਦਿਨਾਂ ਵਿੱਚ ਯੂਐਸ ਵਿੱਚ ਕੋਵਿਡ -19 ਤਾਲਾਬੰਦੀ ਦੇ ਬਾਵਜੂਦ, ਲੱਖਾਂ ਲੋਕ ਨਸਲੀ ਪੁਲਿਸ ਹਿੰਸਾ ਦਾ ਵਿਰੋਧ ਕਰਨ ਅਤੇ ਆਪਣੀਆਂ ਬਸਤੀਆਂ ਦੀ ਸੁਰੱਖਿਆ ਉੱਤੇ ਲੋਕਾਂ ਦੇ ਨਿਯੰਤਰਣ ਦੀ ਮੰਗ ਕਰਨ ਲਈ ਸੜਕਾਂ ‘ਤੇ ਉਤਰ ਆਏ ਹਨ। ਆਮ ਮਜ਼ਦੂਰ, ਔਰਤਾਂ ਅਤੇ ਨੌਜਵਾਨ, ਉਸ ਸਿਆਸੀ ਪ੍ਰਕਿਿਰਆ ਨੂੰ ਨਫ਼ਰਤ ਕਰਦੇ ਹਨ, ਜਿਸ ਵਿੱਚ ਅਰਬਪਤੀ ਅਜਾਰੇਦਾਰ ਸਰਮਾਏਦਾਰੀ ਦੀ ਹਮਾਇਤ ਵਾਲੀਆਂ ਦੋ ਵਿਰੋਧੀ ਪਾਰਟੀਆਂ ਹਾਵੀ ਹੁੰਦੀਆਂ ਹਨ। ਅਖੌਤੀ ਜਮਹੂਰੀ ਸੰਸਥਾਵਾਂ ਵੀ ਹਾਕਮ ਜਮਾਤ ਦੇ ਅੰਦਰਲੇ ਝਗੜਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਵਿੱਚ ਅਸਫ਼ਲ ਰਹਿੰਦੀਆਂ ਹਨ। ਲੋਕ ਮੌਜੂਦਾ ਨਿਜ਼ਾਮ ਵਿੱਚ ਗੁਣਾਤਮਕ ਤਬਦੀਲੀ ਦੀ ਮੰਗ ਕਰ ਰਹੇ ਹਨ, ਜੋ ਸਿਰਫ਼ ਧਨਾਢ ਸਰਮਾਏਦਾਰਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦਾ ਹੈ। ਬਿਡੇਨ ਨੂੰ ਅਮਰੀਕੀ ਸਾਮਰਾਜਵਾਦ ਦੁਆਰਾ ਨਾ ਸਿਰਫ ਮੌਜੂਦਾ ਪ੍ਰਣਾਲੀ ਨੂੰ ਬਰਕਰਾਰ ਰੱਖਣ ਲਈ, ਸਗੋਂ “ਜਮਹੂਰੀ ਨਵੀਨੀਕਰਨ” ਦੇ ਨਾਮ ‘ਤੇ, ਇਸਨੂੰ ਹੋਰ ਸੁੰਦਰ ਢੰਗ ਨਾਲ ਪੇਸ਼ ਕਰਕੇ, ਲੋਕਾਂ ਨੂੰ ਗੁੰਮਰਾਹ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਅਮਰੀਕੀ ਰਾਜ ਰੰਗਭੇਦ ਦੇ ਆਧਾਰ ‘ਤੇ ਆਪਣੇ ਨਾਗਰਿਕਾਂ ਦੇ ਕਈ ਵਰਗਾਂ ਨੂੰ ਮਨੁੱਖ ਤੋਂ ਘੱਟ ਸਮਝਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੁਨੀਆਂ ਵਿਚ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਦੇਸ਼ ਹੈ। ਉਸਨੇ ਕੌਮਾਂ ਅਤੇ ਲੋਕਾਂ ਦੇ ਵਿਰੁੱਧ ਅਣਗਿਣਤ ਅਪਰਾਧ ਕੀਤੇ ਹਨ, ਉਨ੍ਹਾਂ ਦੇਸ਼ਾਂ ਵਿੱਚ ਸ਼ਾਸਨ ਤਬਦੀਲੀ ਲਿਆਉਣ ਲਈ ਵੱਖ-ਵੱਖ ਤਰੀਕਿਆਂ ਨਾਲ ਦਖਲਅੰਦਾਜ਼ੀ ਕੀਤੀ ਹੈ। ਅਮਰੀਕਾ ਨੇ ਹਥਿਆਰਬੰਦ ਹਮਲੇ ਕਰਕੇ ਕਈ ਦੇਸ਼ਾਂ ਉੱਤੇ ਵੀ ਕਬਜ਼ਾ ਕੀਤਾ ਹੋਇਆ ਹੈ।

ਬਿਡੇਨ ਦਾ ਇਹ ਦਿਖਾਵਾ ਕਰਨਾ ਕਿ ਉਸਦੀ ਸਰਕਾਰ ਵਿਸ਼ਵ ਪੱਧਰ ‘ਤੇ ਮਨੁੱਖੀ ਅਧਿਕਾਰਾਂ, ਆਜ਼ਾਦੀ ਅਤੇ ਜਮਹੂਰੀਅਤ ਦੇ ਕਾਜ਼ ਦਾ ਸਮਰਥਨ ਕਰ ਰਹੀ ਹੈ, ਇੱਕ ਸਪੱਸ਼ਟ ਪਖੰਡ ਹੈ। ਇਹ ਇੱਕ ਵੱਡਾ ਢੌਂਗ ਹੈ।

ਆਜ਼ਾਦੀ ਅਤੇ ਜਮਹੂਰੀਅਤ ਬਾਰੇ ਇਨ੍ਹਾਂ ਸਭ ਦੰਭੀ ਗੱਲਾਂ ਦੇ ਪਿੱਛੇ ਅਮਰੀਕੀ ਸਾਮਰਾਜਵਾਦ ਦਾ ਉਦੇਸ਼ ਅਮਰੀਕਾ ਦੀ ਅਗਵਾਈ ਹੇਠ ਅਖੌਤੀ ਜਮਹੂਰੀ ਰਾਜਾਂ ਦਾ ਇੱਕ ਸਮੂਹ ਬਣਾਉਣਾ ਹੈ। ਇਸ ਬਲਾਕ ਦਾ ਨਿਸ਼ਾਨਾ ਅਮਰੀਕਾ ਦੇ ਗਲੋਬਲ ਵਿਰੋਧੀ, ਉਨ੍ਹਾਂ ਦੇ ਸਹਿਯੋਗੀ ਅਤੇ ਸਾਮਰਾਜ ਵਿਰੋਧੀ ਦੇਸ਼ ਹਨ। ਬਿਡੇਨ ਨੇ, ਅਮਰੀਕਾ ਦੇ ਅਨੁਸਾਰ “ਲੋਕਤੰਤਰ ਦੀ ਘਾਟ” ਵਾਲੇ ਦੇਸ਼ਾਂ ਵਿੱਚ ਹੋਰ ਵਧੇਰੇ ਦਖਲ ਦੇਣ ਲਈ “ਲੋਕਤੰਤਰ-ਨਵੀਨੀਕਰਨ ਫੰਡ” ਨਾਮਕ ਇੱਕ ਪਹਿਲਕਦਮੀ ਦੇ ਤਹਿਤ, 2022 ਵਿੱਚ ਲੱਖਾਂ ਡਾਲਰ ਖਰਚਣ ਦਾ ਪ੍ਰਸਤਾਵ ਕੀਤਾ ਹੈ।

ਇਸ ਸੰਮੇਲਨ ਵਿੱਚ ਸੱਦੇ ਗਏ ਅਤੇ ਨਾ ਸੱਦੇ ਗਏ ਦੇਸ਼ਾਂ ਦੀ ਸੂਚੀ ਉੱਤੇ ਨਜ਼ਰ ਮਾਰੀਏ ਤਾਂ ਅਮਰੀਕੀ ਸਾਮਰਾਜਵਾਦ ਦਾ ਭੂ-ਰਾਜਨੀਤਿਕ ਉਦੇਸ਼ ਸਾਫ਼ ਦੇਖਿਆ ਜਾ ਸਕਦਾ ਹੈ। ਜਿਨ੍ਹਾਂ ਦੇਸ਼ਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਚੀਨ, ਰੂਸ, ਈਰਾਨ, ਕਿਊਬਾ, ਉੱਤਰੀ ਕੋਰੀਆ, ਬੰਗਲਾਦੇਸ਼, ਸ਼੍ਰੀਲੰਕਾ, ਤੁਰਕੀ, ਦੱਖਣ-ਪੂਰਬੀ ਏਸ਼ੀਆ ਦੇ ਜ਼ਿਆਦਾਤਰ ਦੇਸ਼ ਅਤੇ ਕਈ ਅਫ਼ਰੀਕੀ ਦੇਸ਼ ਸ਼ਾਮਲ ਹਨ।

ਹਾਲਾਂਕਿ ਪਾਕਿਸਤਾਨ ਨੂੰ ਇਸ ਸੰਮੇਲਨ ਲਈ ਸੱਦਾ ਦਿੱਤਾ ਗਿਆ ਸੀ, ਪਰ ਉਸਨੇ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਕਿਸੇ ਵੀ ਸਿਆਸੀ ਸਮੂਹ ਦਾ ਹਿੱਸਾ ਬਣਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ, ”ਸ਼ੀਤ ਯੁੱਧ ਕਾਰਨ ਦੁਨੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਪਾਕਿਸਤਾਨ ਇਸ ਤਰ੍ਹਾਂ ਦੀ ਨਵੀਂ ਜੰਗ ‘ਚ ਫਸਣਾ ਨਹੀਂ ਚਾਹੁੰਦਾ।

ਇਸ ਸੰਮੇਲਨ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਉਤਸ਼ਾਹੀ ਸ਼ਮੂਲੀਅਤ ਦਰਸਾਉਂਦੀ ਹੈ ਕਿ ਭਾਰਤੀ ਹਾਕਮ ਜਮਾਤ ਅਮਰੀਕਾ ਨਾਲ ਆਪਣੇ ਰਣਨੀਤਕ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਬਹੁਤ ਉਤਸੁਕ ਹੈ। ਭਾਰਤੀ ਰਾਜ ਨੇ ਦੁਸ਼ਟ ਸਾਮਰਾਜਵਾਦੀ ਸਾਜ਼ਿਸ਼ਾਂ ਅਤੇ ਅਖੌਤੀ “ਜਮਹੂਰੀਅਤ ਦੇ ਪ੍ਰੋਜੈਕਟਾਂ” ਵਿੱਚ ਅਮਰੀਕੀ ਸਾਮਰਾਜਵਾਦ ਅਤੇ ਇਸਦੇ ਸਹਿਯੋਗੀਆਂ ਨਾਲ ਸਰਗਰਮੀ ਨਾਲ ਸਹਿਯੋਗ ਕਰਨ ਵਿੱਚ ਬਹੁਤ ਦਿਲਚਸਪੀ ਦਿਖਾਈ। ਇਹ, ਨਾ ਸਿਰਫ਼ ਭਾਰਤ ਦੇ ਲੋਕਾਂ ਲਈ, ਸਗੋਂ ਵਿਸ਼ਵ ਦੇ ਲੋਕਾਂ ਲਈ ਵੀ ਖ਼ਤਰਾ ਹੈ। ਇਹ ਦੱਖਣੀ ਏਸ਼ੀਆ ਦੇ ਸਾਰੇ ਲੋਕਾਂ ਅਤੇ ਖੇਤਰ ਦੀ ਸ਼ਾਂਤੀ ਲਈ ਬਹੁਤ ਵੱਡਾ ਖ਼ਤਰਾ ਹੈ।

ਦੁਨੀਆਂ ਦੇ ਲੋਕ ਚਾਹੁੰਦੇ ਹਨ ਕਿ ਸਮਾਜ ਵਿੱਚ ਫੈਸਲੇ ਲੈਣ ਦੀ ਸ਼ਕਤੀ ਉੱਤੇ ਅਜਾਰੇਦਾਰ ਸਰਮਾਏਦਾਰਾਂ ਅਤੇ ਉਹਨਾਂ ਦੀਆਂ ਪਾਰਟੀਆਂ ਦਾ ਦਬਦਬਾ ਖਤਮ ਹੋ ਜਾਵੇ। ਉਹ ਮੌਜੂਦਾ ਸਥਿਤੀ ਵਿੱਚ ਇੱਕ ਗੁਣਾਤਮਕ ਤਬਦੀਲੀ ਦੀ ਇੱਛਾ ਰੱਖਦੇ ਹਨ, ਇੱਕ ਨਵੀਂ ਪ੍ਰਣਾਲੀ ਚਾਹੁੰਦੇ ਹਨ ਜਿਸ ਵਿੱਚ ਲੋਕਾਂ ਕੋਲ ਫੈਸਲੇ ਲੈਣ ਦੀ ਸ਼ਕਤੀ ਹੋਵੇ ਅਤੇ ਰਾਜ ਸਭ ਦੇ ਮਨੁੱਖੀ ਅਧਿਕਾਰਾਂ ਅਤੇ ਜਮਹੂਰੀ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਉਹ ਇੱਕ ਅਜਿਹੀ ਅੰਤਰਰਾਸ਼ਟਰੀ ਵਿਵਸਥਾ ਸਥਾਪਤ ਕਰਨਾ ਚਾਹੁੰਦੇ ਹਨ, ਜਿਸ ਵਿੱਚ ਹਰ ਦੇਸ਼ ਅਤੇ ਸਾਰੇ ਲੋਕਾਂ ਨੂੰ ਆਪਣੀ ਪਸੰਦ ਦੀ ਆਰਥਿਕ ਅਤੇ ਰਾਜਨੀਤਿਕ ਵਿਵਸਥਾ ਸਥਾਪਤ ਕਰਨ ਦਾ ਬੁਨਿਆਦੀ ਅਧਿਕਾਰ ਹੋਵੇ ਅਤੇ ਜੋ ਪ੍ਰਸਪਰ ਸਨਮਾਨ ਉੱਤੇ ਅਧਾਰਤ ਹੋਵੇ। ਅਮਰੀਕਾ ਦੀ ਕਿਸੇ ਵੀ ਪਹਿਲਕਦਮੀ ਨਾਲ ਇਹ ਇੱਛਾਵਾਂ ਪੂਰੀਆਂ ਹੋਣ ਵਾਲੀਆਂ ਨਹੀਂ ਹਨ, ਕਿਉਂਕਿ ਅਮਰੀਕਾ ਇੱਕ ਅਜਿਹਾ ਰਾਜ ਹੈ, ਜੋ ਦੁਨੀਆਂ ਵਿੱਚ ਸਭ ਤੋਂ ਵੱਧ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਅਤੇ ਜਿਸਦਾ ਹਰ ਕਦਮ ਦੇਸ਼ ਵਿੱਚ ਆਪਣੀ ਸ਼ਾਨ ਅਤੇ ਦੁਨੀਆਂ ਉੱਤੇ ਦਬਦਬਾ ਕਾਇਮ ਰੱਖਣ ਦੇ ਉਦੇਸ਼ ਤੋਂ ਪ੍ਰੇਰਿਤ ਹੁੰਦਾ ਹੈ।

ਬੁਰਜੂਆਜ਼ੀ ਦੇ ਵਿਰੁੱਧ ਮਜ਼ਦੂਰ ਜਮਾਤ ਅਤੇ ਹੋਰ ਦੱਬੇ-ਕੁਚਲੇ ਲੋਕਾਂ ਦਾ ਸੰਘਰਸ਼ ਅਤੇ ਨਾਲ ਹੀ ਸਾਮਰਾਜਵਾਦ ਵਿਰੁੱਧ ਦੱਬੀਆਂ-ਕੁਚਲੀਆਂ ਕੌਮਾਂ ਅਤੇ ਲੋਕਾਂ ਦਾ ਸੰਘਰਸ਼ ਹੀ ਸੰਸਾਰ ਵਿੱਚ ਉਹ ਗੁਣਾਤਮਕ ਤਬਦੀਲੀ ਲਿਆ ਸਕਦਾ ਹੈ, ਜਿਸਦੀ ਲੋਕ ਇੱਛਾ ਰੱਖਦੇ ਹਨ।

close

Share and Enjoy !

0Shares
0

Leave a Reply

Your email address will not be published. Required fields are marked *