ਸਾਡੇ ਬਾਰੇ


“ਇੱਕ ਚੋਣਾਂ ਲੜਨ ਵਾਲੀ ਮਸ਼ੀਨ ਨਹੀਂ, ਬਲਕਿ ਮਜ਼ਦੂਰ ਜਮਾਤ ਅਤੇ ਸਭ ਦੱਬੇ-ਕੁਚਲੇ ਲੋਕਾਂ ਨੂੰ ਸਮਰੱਥ ਬਣਾਉਣ ਵਾਲਾ ਔਜ਼ਾਰ”

 

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, 25 ਦਿਸੰਬਰ 1980 ਨੂੰ ਸਥਾਪਤ ਕੀਤੀ ਗਈ ਸੀ। ਇਹ ਅਜਿਹੇ ਹਿੰਦੋਸਤਾਨੀ ਕਮਿਉਨਿਸਟਾਂ ਦਾ ਇੱਕ ਜਥੇਬੰਦ ਦਸਤਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਹਿੰਦੋਸਤਾਨ ਦੀ ਮੁਕਤੀ ਅਤੇ ਦੁਨੀਆਂਭਰ ਵਿੱਚ ਕਿਰਤੀਆਂ ਦੀ ਬੰਦ-ਖਲਾਸੀ ਦੇ ਕਾਜ਼ ਨੂੰ ਸਮਰਪਤ ਕੀਤੇ ਹੋਏ ਹਨ।

ਕਮਿਉਨਿਸਟ ਗ਼ਦਰ ਪਾਰਟੀ ਦੇ ਦਰਵਾਜ਼ੇ ਉਨ੍ਹਾਂ ਸਭਨਾਂ ਲਈ ਖੁਲ੍ਹੇ ਹਨ, ਜਿਹੜੇ ਇਨਕਲਾਬ ਨੂੰ ਆਪਣਾ ਜੀਵਨ-ਮਨੋਰਥ ਬਣਾਉਣਾ ਚਾਹੁੰਦੇ ਹਨ ਅਤੇ ਪਾਰਟੀ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ, ਪਾਰਟੀ ਦੀ ਇੱਕ ਜਥੇਬੰਦੀ ਵਿੱਚ ਕੰਮ ਕਰਨ ਅਤੇ ਮਾਸਿਕ ਚੰਦਾ ਦੇਣ ਲਈ ਸਹਿਮਤ ਹਨ।

  • ਕਮਿਉਨਿਸਟ ਗ਼ਦਰ ਪਾਰਟੀ, ਸਾਰੇ ਹਿੰਦੋਸਤਾਨੀ ਕਮਿਉਨਿਸਟਾਂ ਦੀ ਏਕਤਾ ਮੁੜ-ਬਹਾਲ ਕਰਨ ਪ੍ਰਤੀ ਬਚਨਬੱਧ ਹੈ।
  • ਕਮਿਉਨਿਸਟ ਗ਼ਦਰ ਪਾਰਟੀ, ਜਮਾਤੀ ਸੰਘਰਸ਼ ਨੂੰ ਅਤੇ ਬੰਦੇ ਹੱਥੋਂ ਬੰਦੇ ਦੀ ਹਰ ਕਿਸਮ ਦੀ ਲੁੱਟ-ਖਸੁੱਟ ਨੂੰ ਖਤਮ ਕਰਨ ਦੇ ਵਾਸਤੇ, ਹਿੰਦੋਸਤਾਨ ਦੀ ਧਰਤ ਉੱਤੇ ਇਨਕਲਾਬ ਅਤੇ ਕਮਿਊਨਿਜ਼ਮ ਦੀ ਜਿੱਤ ਵਾਸਤੇ ਅੰਤਰਮੁੱਖੀ ਹਾਲਤਾਂ ਤਿਆਰ ਕਰਨ ਦੇ ਸੰਘਰਸ਼ ਨੂੰ ਅਗਵਾਈ ਦਿੰਦਿਆਂ, ਸਭ ਕਮਿਉਨਸਟਾਂ – ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ – ਨੂੰ ਇੱਕਮੁੱਠ ਕਰਨ ਦਾ ਕੰਮ ਕਰਦੀ ਹੈ।
  • ਕਮਿਉਨਿਸਟ ਗ਼ਦਰ ਪਾਰਟੀ, ਸੋਸ਼ਲ ਡੈਮੋਕ੍ਰੇਸੀ ਨਾਲ ਅਤੇ ਪੂੰਜੀਵਾਦ ਅਤੇ ਸਮਾਜਵਾਦ ਦੇ ਵਿਚਕਾਰ ਇੱਕ “ਦੋਗਲੇ ਰਸਤੇ” ਦੇ ਵਿਚਾਰ ਨਾਲ ਕਿਸੇ ਵੀ ਕਿਸਮ ਦੇ ਸਮਝੌਤੇ ਦੀ ਵਿਰੋਧਤਾ ਕਰਦੀ ਹੈ।
  • ਕਮਿਉਨਿਸਟ ਗ਼ਦਰ ਪਾਰਟੀ, ਹਿੰਦੋਸਤਾਨੀ ਸੰਘ ਦੇ ਰਾਜ (ਸਟੇਟ) ਬਾਰੇ ਕਿਸੇ ਵੀ ਕਿਸਮ ਭਰਮ ਪਾਲਣ ਦੀ ਵਿਰੋਧਤਾ ਕਰਦੀ ਹੈ, ਕਿਉਂਕਿ ਇਹ ਰਾਜ ਨਾ ਤਾਂ ਜਮਹੂਰੀ ਹੈ ਅਤੇ ਨਾ ਹੀ ਧਰਮ-ਨਿਰਪੇਖ, ਬਲਕਿ ਬਸਤੀਵਾਦੀ ਵਿਰਾਸਤ ਦਾ ਇੱਕ ਥੰਮ ਹੈ, ਪੂੰਜੀਵਾਦੀ ਲੁੱਟ-ਖਸੁੱਟ ਅਤੇ ਸਾਮਰਾਜਵਾਦੀ ਡਾਕੇ ਦਾ ਇੱਕ ਔਜ਼ਾਰ ਹੈ।
  • ਕਮਿਉਨਿਸਟ ਗ਼ਦਰ ਪਾਰਟੀ, ਉਨ੍ਹਾਂ ਸਭ ਦੀ ਵਿਰੋਧਤਾ ਕਰਦੀ ਹੈ, ਜਿਹੜੇ “ਕੌਮੀ ਏਕਤਾ ਅਤੇ ਇਲਾਕਾਈ ਅਖੰਡਤਾ” ਦੀ ਰਖਵਾਲੀ ਕਰਨ ਦੇ ਨਾਂ ‘ਤੇ ਰਾਜਕੀ ਦਹਿਸ਼ਤਗਰਦੀ ਨੂੰ ਜਾਇਜ਼ ਕਹਿੰਦੇ ਹਨ।
  • ਕਮਿਉਨਿਸਟ ਗ਼ਦਰ ਪਾਰਟੀ, ਖੁਦ ਵਸਤੇ ਸੱਤਾ ਦੀ ਲੋਭੀ ਨਹੀਂ ਹੈ। ਇਸ ਪਾਰਟੀ ਨੂੰ, ਮਜ਼ਦੂਰ ਜਮਾਤ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਥਾਂ ਵਿੱਚ ਸੱਤਾ ਲਿਆਉਣ ਦੇ ਉਦੇਸ਼ ਵਾਸਤੇ ਜਥੇਬੰਦ ਕੀਤਾ ਗਿਆ ਹੈ।
  • ਪਾਰਟੀ ਦੀ ਤਮਾਮ ਮੈਂਬਰਸ਼ਿਪ ਵਲੋਂ, ਪਾਰਟੀ ਦੀ ਕਾਂਗਰਸ (ਮਹਾਸੰਮੇਲਨ) ਵਿੱਚ ਪਾਰਟੀ ਦੀ ਲਾਈਨ (ਸੇਧ) ਅਤੇ ਕਾਰਜ ਮਿੱਥੇ ਜਾਂਦੇ ਹਨ, ਜੋ ਕਿ ਪਾਰਟੀ ਦਾ ਸਭ ਤੋਂ ਉਚਤਮ ਮੰਚ ਹੈ। ਮਹਾਸੰਮੇਲਨ ਵਲੋਂ ਅਗਲੇ ਮਹਾਸੰਮੇਲਨ ਤਕ ਦੇ ਸਮੇਂ ਲਈ ਪਾਰਟੀ ਲਾਈਨ ਨੂੰ ਲਾਗੂ ਕਰਨ ਅਤੇ ਮਿੱਥੇ ਗਏ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਾਸਤੇ ਕੇਂਦਰੀ ਕਮੇਟੀ ਚੁਣੀ ਜਾਂਦੀ ਹੈ।
  • ਪਾਰਟੀ ਦੀ ਨੀਂਹ, ਕਾਰਖਾਨਿਆਂ, ਕੰਮ ਦੀਆਂ ਥਾਵਾਂ, ਮੁਹੱਲਿਆਂ, ਚਾਅਲਾਂ, ਪਿੰਡਾਂ ਅਤੇ ਕਾਲਜਾਂ ‘ਚ ਇਹਦੀਆਂ ਬੁਨਿਆਦੀ ਜਥੇਬੰਦੀਆਂ – ਜਮਾਤੀ ਸੰਘਰਸ਼ ਦੇ ਬਨਿਆਦੀ ਅੰਗਾਂ – ਵਿੱਚ ਹੈ।
  • ਪਾਰਟੀ ਜਥੇਬੰਦੀਆਂ, ਸਭ ਪੱਧਰਾਂ ‘ਤੇ ਅਗਵਾਈ ਪ੍ਰਦਾਨ ਕਰਦੀਆਂ ਹਨ। ਪਾਰਟੀ ਦਾ ਕੰਮ, ਸਮੂਹਿਕ ਤੌਰ ‘ਤੇ ਫੈਸਲੇ ਲੈਣ ਅਤੇ ਵਿਅਕਤੀਗਤ ਜਿਮੇਵਾਰੀਆਂ ਨਿਭਾਉਣ ਦੇ ਅਸੂਲ ਦੇ ਅਧਾਰ ‘ਤੇ ਕੀਤਾ ਜਾਂਦਾ।
  • ਕਮਿਉਨਿਸਟ ਗ਼ਦਰ ਪਾਰਟੀ, ਹਿੰਦੋਸਤਾਨੀ ਇਨਕਲਾਬੀ ਸਿਧਾਂਤ, ਜਾਣੀ ਕਿ ਹਿੰਦੋਸਤਾਨ ਦੀਆਂ ਹਾਲਤਾਂ ਵਿੱਚੋਂ ਉਗਮਿਆਂ ਅਤੇ ਏਥੇ ਕਮਿਉਨਿਜ਼ਮ ਦੇ ਵਿਕਾਸ ਲਈ ਢੁੱਕਵਾਂ ਸਿਧਾਂਤ ਵਿਕਸਤ ਕਰਨ ਪ੍ਰਤੀ ਬਚਨਬੱਧ ਹੈ। ਪਾਰਟੀ ਸਭ ਕਮਿਉਨਿਸਟਾਂ ਅਤੇ ਪ੍ਰਬੁੱਧ ਵਿਅਕਤੀਆਂ ਨੂੰ ਸਿਧਾਂਤ ਦੇ ਇਸ ਕੰਮ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੰਦੀ ਹੈ; ਇਹ ਸਿਧਾਂਤ ਵਿਕਸਤ ਕਰਨ ਲਈ ਜਰੂਰੀ ਹੈ ਕਿ ਅਸੀਂ ਭਰਪੂਰ ਹਿੰਦੋਸਤਾਨੀ ਸੋਚ-ਸਮੱਗਰੀ ਨੂੰ ਅਤੇ ਵਰਤਮਾਨ ਤੋਂ ਸ਼ੁਰੂ ਕਰਦਿਆਂ ਮਜ਼ਦੂਰ ਜਮਾਤ ਅੰਦੋਲਨ ਦੇ ਤਜ਼ਰਬੇ ਦੇ ਨਿਚੋੜ ਨੂੰ ਆਪਣਾ ਅਧਾਰ ਬਣਾਈਏ।

ਕਮਿਉਨਿਸਟ ਗ਼ਦਰ ਪਾਰਟੀ ਦਾ ਕੰਮ, ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਕ ਸੋਚ ਉੱਤੇ ਅਧਾਰਤ ਹੈ ਅਤੇ ਸਮਕਾਲੀ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਇਹਦੀ ਰਾਹਨੁਮਾਈ ਕਰਦੀ ਹੈ। ਸਮਕਾਲੀ ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ, ਸਮਾਜਵਾਦੀ ਇਨਕਲਾਬ ਅਤੇ ਸਮਾਜਵਾਦੀ ਉਸਾਰੀ ਦੇ ਹਾਲਾਤਾਂ ਵਿੱਚ, ਆਧੁਨਿਕ (ਨਵ) ਸੋਧਵਾਦ ਅਤੇ ਪੂੰਜੀਵਾਦੀ ਮੁੜ-ਬਹਾਲੀ ਦੇ ਖ਼ਿਲਾਫ਼, ਫਾਸ਼ੀਵਾਦ, ਫੌਜਵਾਦ, ਸਾਮਰਾਜਵਾਦ ਅਤੇ ਮੱਧ-ਯੁੱਗੀਵਾਦ ਦੇ ਖ਼ਿਲਾਫ਼ ਸੰਘਰਸ਼ ਵਿੱਚ, ਮਾਰਕਸਵਾਦ-ਲੈਨਿਨਵਾਦ ਨੂੰ ਲਾਗੂ ਕਰਨ ਦੇ ਤਜ਼ਰਬੇ ਦਾ ਇੱਕ ਆਮ ਰੂਪ ਵਿੱਚ ਲਿਆ ਗਿਆ ਨਿਚੋੜ ਹੈ। ਇਹ, ਵਰਤਮਾਨ ਹਾਲਤਾਂ ਤਹਿਤ ਮਾਰਕਸਵਾਦ-ਲੈਨਿਨਵਾਦ ਦਾ ਅੰਤਲਾ (ਸਮਾਪਕ) ਰੂਪ ਨਹੀਂ, ਬਲਕਿ ਇਹਦੀ ਨਿਰੰਤਰਤਾ ਅਤੇ ਸਮ੍ਰਿਧਤਾ ਹੈ।

ਆਪਣੀ ਪੁਰਾਤਨ ਸਭਿੱਅਤਾ, ਆਪਣੇ ਲੋਕਾਂ ਦੀ ਤਕਦੀਰ ਨਾਲ ਸਰੋਕਾਰ ਰੱਖਣ ਵਾਲੇ ਸਾਰੇ ਆਓ! ਆਓ, ਆਪਾਂ ਮੁਕਤੀ ਦਾ, ਗਹਿਰਾਈ ਤਕ ਜਾਣ ਵਾਲੀਆਂ ਤਬਦੀਲੀਆਂ ਦਾ, ਝੰਡਾ ਬੁਲੰਦ ਕਰੀਏ! ਆਓ, ਆਪਾਂ ਇਸ ਸੰਗਰਾਮੀ ਪ੍ਰੋਗਰਾਮ ਦੇ ਦੁਆਲੇ ਇਨਕਲਾਬੀ ਸਾਂਝਾ ਮੋਰਚਾ ਉਸਾਰੀਏ!

ਇਨਕਲਾਬ ਸਾਡਾ ਹੱਕ ਅਤੇ ਫਰਜ਼ ਹੈ। ਹਿੰਦੋਸਤਾਨ ਦੇ ਜਮਹੂਰੀ ਨਵੀਨੀਕਰਣ ਵਾਸਤੇ ਸੰਘਰਸ਼ ਕਰਨਾ ਫੌਰੀ ਕਾਰਜ ਹੈ।

ਆਓ, ਆਪਾਂ ਇੱਕਮੁੱਠ ਹੋ ਕੇ ਇਸ ਕਾਰਜ ਨੂੰ ਅੱਗੇ ਵਧਾਈਏ ਤਾਂਕਿ ਸੰਕਟ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਸਮਾਜ ਦੇ ਵਿਕਾਸ ਵਾਸਤੇ ਦਰਵਾਜ਼ੇ ਖੋਲ੍ਹੇ ਜਾ ਸਕਣ!

ਇਨਕਲਾਬ – ਜਿੰਦਾਬਾਦ!   

Share and Enjoy !

Shares