ਦੁਨੀਆਂ-ਭਰ ਦੇ ਮਜ਼ਦੂਰ ਲਾਕਡਾਊਨ ਦੁਰਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ

ਬੈਲਜੀਅਮ:

ਡਾਕਟਰਾਂ ਅਤੇ ਨਰਸਾਂ ਵਲੋਂ ਅਣਸਿੱਖੇ ਕਰਮਚਾਰੀਆਂ ਨੂੰ ਵਰਤਣ ਦੀ ਵਿਰੋਧਤਾ

ਬੈਲਜੀਅਮ ਦੀ ਸਰਕਾਰ ਵਲੋਂ ਸਵਾਸਥ ਸੇਵਾ ਵਿੱਚ ਅਣਸਿੱਖੇ ਵਿਅਕਤੀਆਂ ਨੂੰ ਵਰਤਣ ਲਈ ਜਾਰੀ ਕੀਤੇ ਫੁਰਮਾਨ ਦੇ ਖ਼ਿਲਾਫ਼ ਡਾਕਟਰਾਂ ਅਤੇ ਨਰਸਾਂ ਨੇ ਇੱਕ ਬਿਨ-ਆਵਾਜ਼ (ਮੋਨ ਧਾਰਨ ਕਰਕੇ) ਪਰ ਸ਼ਕਤੀਸ਼ਾਲੀ ਵਿਖਾਵਾ ਕੀਤਾ।

Belgian_nurses_turn_their_backs_on_PM

ਬੈਲਜੀਅਮ ਦੀ ਪ੍ਰਧਾਨ ਮੰਤਰੀ ਸੋਫੀ ਵਿਲਮਜ਼ ਦੇ ਸੇਂਟ ਪੀਟਰ ਹਸਪਤਾਲ ਦੇ ਦੌਰੇ ਸਮੇਂ, ਜਦੋਂ ਉਸਦੀ ਕਾਰ ਆਈ ਤਾਂ ਹਸਪਤਾਲ ਵਿਚ ਦਾਖਲ ਹੋਣ ਵਾਲੇ ਦਰਵਾਜ਼ੇ ਦੇ ਸਾਹਮਣੇ ਦੋਵੀਂ ਪਾਸੀਂ ਖੜ੍ਹੇ ਡਾਕਟਰਾਂ ਅਤੇ ਨਰਸਾਂ ਨੇ ਉਸ ਵੱਲ ਆਪਣੀ ਪਿੱਠ ਕਰ ਲਈ। ਇਸ ਬਿਨ-ਆਵਾਜ਼ ਪਰ ਸ਼ਕਤੀਸ਼ਾਲੀ ਵਿਖਾਵੇ ਦਾ ਮੀਡੀਏ ਵਿੱਚ ਵਿਸ਼ਾਲ ਰੂਪ ਵਿਚ ਪ੍ਰਸਾਰਨ ਕੀਤਾ ਗਿਆ।

ਬੈਲਜੀਅਮ ਦੀਆਂ ਨਰਸਾਂ ਦੀ ਜਨਰਲ ਯੂਨੀਅਨ ਨੇ ਇਸ ਫੁਰਮਾਨ ਨੂੰ ਨਰਸਾਂ ਦੇ ਪੇਸ਼ੇ ਦੇ ਖ਼ਿਲਾਫ਼ ਇੱਕ ਥੱਪੜ ਕਹਿ ਕੇ ਭੰਡਿਆ ਹੈ। ਦੇਸ਼ ਦੇ 12 ਹਸਪਤਾਲਾਂ ਦੇ ਡਾਕਟਰਾਂ ਅਤੇ ਨਰਸਾਂ ਨੇ ਸਰਕਾਰ ਨੇ ਨਾਮ ਇੱਕ ਚਿੱਠੀ ਲਿਖ ਕੇ ਇਸ ਫੁਰਮਾਨ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਨਰਸਾਂ ਨਾ ਸਿਰਫ ਉੱਚੇ ਦਰਜੇ ਦੀ ਸਿਖਲਾਈ ਯਾਫਤਾ ਹੀ ਹਨ, ਬਲਕਿ ਉਹ ਇਸ ਮਹਾਂਮਾਰੀ ਦੀਆਂ ਹਾਲਤਾਂ ਵਿੱਚ ਇੱਕ ਬਹੁਤ ਹੀ ਮੁਸ਼ਕਲ ਕੰਮ ਕਰ ਰਹੀਆਂ ਹਨ।

ਦੁਨੀਆਂ ਵਿਚ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਸਬੰਧ ਵਿੱਚ ਬੈਲਜੀਅਮ ਦਾ ਰਿਕਾਰਡ ਕਾਫੀ ਮਾੜੇ ਰਿਕਾਰਡਾਂ ਵਿਚੋਂ ਹੈ। ਉਥੇ ਕੋਵਿਡ-19 ਨਾਲ, ਹਰ 100,000 ਲੋਕਾਂ ਵਿੱਚੋਂ 66 ਲੋਕਾਂ ਦੀਆਂ ਮੌਤਾਂ ਹੋਈਆਂ ਹਨ ਅਤੇ ਹੁਣ ਤਕ 9000 ਤੋਂ ਵੱਧ ਲੋਕ ਮਰ ਚੁੱਕੇ ਹਨ ਅਤੇ 55,000 ਲੋਕਾਂ ਨੂੰ ਇਸ ਦੀ ਲਾਗ ਲੱਗ ਚੁੱਕੀ ਹੈ। ਬੈਲਜੀਅਮ ਦੇ ਮੁਕਾਬਲੇ ਵਿੱਚ, ਅਮਰੀਕਾ ਵਿਚ 100,000 ਲੋਕਾਂ ਵਿਚੋਂ 19 ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਜਦ ਕਿ ਅਮਰੀਕਾ ਵਿੱਚ ਵੀ ਇਸ ਬੀਮਾਰੀ ਦਾ ਬਹੁਤ ਗੰਭੀਰ ਅਸਰ ਹੋਇਆ ਹੈ। ਇਸ ਤੋਂ ਪਹਿਲਾਂ, ਬੈਲਜੀਅਮ ਦੇ ਡਾਕਟਰ ਅਤੇ ਨਰਸਾਂ ਬੱਜਟ ਵਿੱਚ ਕਟੌਤੀਆਂ ਅਤੇ ਘੱਟ ਵੇਤਨਾਂ ਦੇ ਖ਼ਿਲਾਫ਼ ਵੀ ਵਿਖਾਵੇ ਕਰ ਚੁੱਕੇ ਹਨ।

ਬਰਤਾਨੀਆ (ਯੂ.ਕੇ.)

ਸਕੂਲ ਅਧਿਆਪਕਾਂ ਅਤੇ ਮਜ਼ਦੂਰਾਂ ਦੀਆਂ ਯੂਨੀਅਨਾਂ ਵਲੋਂ ਸਕੂਲਾਂ, ਕੰਮਾਂ ਨੂੰ ਜਲਦੀ ਖੋਲ੍ਹਣ ਦੀ ਵਿਰੋਧਤਾ

10 ਮਈ ਨੂੰ ਬਰਤਾਨਵੀ ਪ੍ਰਧਾਨ ਮੰਤਰੀ, ਬੋਰਿਸ ਜੌਹਨਸਨ ਨੇ ਅਚਾਨਕ ਹੀ ਇਹ ਐਲਾਨ ਕਰ ਦਿੱਤਾ ਕਿ ਪਹਿਲੀ ਜੂਨ ਤੋਂ ਪ੍ਰਾਇਮਰੀ ਅਤੇ ਜੂਨੀਅਰ ਸਕੂਲਾਂ ਵਿਚ ਪਹਿਲੀ ਅਤੇ ਛੇਵੀਂ ਜਮਾਤ ਦੇ ਬੱਚਿਆਂ ਲਈ ਸਕੂਲ ਖੋਲ੍ਹ ਦਿੱਤੇ ਜਾਣਗੇ ਅਤੇ ਉਹ ਮਜ਼ਦੂਰ ਜੇਹੜੇ ਘਰੋਂ ਕੰਮ ਨਹੀਂ ਕਰ ਸਕਦੇ, ਉਨ੍ਹਾਂ ਨੂੰ ਕੰਮਾਂ ਉੱਤੇ ਵਾਪਸ ਜਾਣਾ ਚਾਹੀਦਾ ਹੈ। ਇਹਦੇ ਵਾਰੇ ਅਧਿਆਪਕਾਂ ਜਾਂ ਮਜ਼ਦੂਰਾਂ ਦੀਆਂ ਯੂਨੀਅਨਾਂ ਨਾਲ ਕੋਈ ਵੀ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਵਿੱਦਿਆ ਖੇਤਰ ਅਤੇ ਮਜ਼ਦੂਰਾਂ ਦੀਆਂ ਯੂਨੀਅਨਾਂ ਇਸ ਇੱਕਪਾਸੜ ਫੈਸਲੇ ਤੋਂ ਬਹੁਤ ਨਾਰਾਜ਼ ਹਨ ਅਤੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਫੈਸਲੇ ਦੇ ਸਿੱਟੇ ਵਜੋਂ ਅਧਿਆਪਕਾਂ ਅਤੇ ਹੋਰ ਸਹਾਇਕ ਸਟਾਫ ਜਿਵੇਂ ਦੁਪਹਿਰ ਦਾ ਖਾਣਾ ਬਣਾਉਣ ਅਤੇ ਵਰਤਾਉਣ ਵਾਲਿਆਂ ਦੀ ਅਤੇ ਬੱਚਿਆਂ ਦੀ ਸਲਾਮਤੀ ਬਾਰੇ ਫਿਕਰ ਹੈ ਅਤੇ ਉਨ੍ਹਾਂ ਨੂੰ ਸਾਇੰਸ ਉੱਤੇ ਅਧਾਰਤ ਸਬੂਤ ਦਿਤੇ ਜਾਣ ਕਿ ਇਸ ਸਭ ਕਾਸੇ ਨਾਲ ਕੋਈ ਖਤਰਾ ਨਹੀਂ ਹੈ। ਦੂਸਰਾ ਇਹ ਕਿ ਕੰਮ ਉੱਤੇ ਜਾਣ ਲਈ ਟਰਾਂਸਪੋਰਟ, ਜਿਵੇਂ ਬੱਸਾਂ, ਗੱਡੀਆਂ ਅਤੇ ਮੈਟਰੋ ਆਦਿ ਵਿੱਚ ਸਮਾਜਿਕ ਦੂਰੀ ਰੱਖਣੀ ਵੀ ਮੁਸ਼ਕਿਲ ਕੰਮ ਹੈ। ਜਿਸ ਨਾਲ ਵਾਇਰਿਸ ਦੇ ਹੋਰ ਫੈਲਣ ਦਾ ਖ਼ਤਰਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦਾ ਫੈਸਲਾ ਇਸ ਬੀਮਾਰੀ ਦੇ ਫੈਲਣ ਨੂੰ ਰੋਕਣ ਪ੍ਰਤੀ ਪੂਰੀ ਤਰ੍ਹਾਂ ਸੋਚਿਆ-ਸਮਝਿਆ ਦਿਖਾਈ ਨਹੀਂ ਦੇ ਰਿਹਾ। ਖਾਸ ਕਰਕੇ ਸਕੂਲਾਂ ਵਿੱਚ ਬੱਚਿਆਂ ਵਿਚਕਾਰ ਦੂਰੀ ਰੱਖਣਾ ਕੋਈ ਅਸਾਨ ਜਿਹਾ ਕੰਮ ਨਹੀਂ, ਅਤੇ ਇਸ ਲਈ ਇਹ ਬਿਮਾਰੀ ਸਕੂਲਾਂ ਤੋਂ ਮਾਪਿਆਂ ਤਕ ਅਤੇ ਇਸ ਤਰ੍ਹਾਂ ਪੂਰੇ ਸਮਾਜ ਵਿਚ ਫੈਲ ਸਕਦੀ ਹੈ।

ਇਸ ਤੋਂ ਇਲਾਵਾ ਸਰਕਾਰ ਵਲੋਂ ਕਈ ਬਿਆਨ, ਜਿਵੇਂ ਬੀਮਾਰੀ ਦੇ ਟੈਸਟ ਕਰਨਾ, ਅਤੇ ਲਾਗ ਲੱਗੇ ਵਿਅਕਤੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਲੱਭਣ ਲਈ ਜ਼ਰੂਰੀ ਇੰਤਜ਼ਾਮਾਂ ਦੀ ਤਿਆਰੀ ਤੋਂ ਬਿਨਾਂ ਹੀ ਜਾਰੀ ਕਰ ਦਿੱਤੇ ਗਏ ਹਨ ਕਿ ਇਹ ਸਭ ਕੱੁਝ ਹੋ ਰਿਹਾ ਹੈ। ਸਾਰੇ ਸਕੂਲਾਂ ਵਿਚ ਬਚਾਓ ਦਾ ਸਮਾਨ ਵੀ ਪੂਰਾ ਉਪਲਭਦ ਨਹੀਂ ਹੈ। ਸਰਕਾਰ ਦਾ ਇਹ ਰਵੱਈਆ ਦਿਖਾਉਂਦਾ ਹੈ ਕਿ ਉਸ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ, ਬਲਕਿ ਸਰਮਾਏਦਾਰਾਂ ਦੇ ਮੁਨਾਫਿਆਂ ਦੀ ਵਧੇਰੇ ਚਿੰਤਾ ਹੈ।

ਬਰਾਜ਼ੀਲ

ਦੁਨੀਆਂ ਵਿੱਚ ਕੋਵਿਡ-19 ਦੀ ਲਾਗ ਵਾਲੇ ਲੋਕਾਂ ਦੀ ਗਿਣਤੀ ਵਿੱਚ ਤੀਸਰੇ ਸਥਾਨ ਵਾਲੇ ਦੇਸ਼ ਦੇ ਸਵਾਸਥ ਸੇਵਾ ਮਜ਼ਦੂਰਾਂ ਦਾ ਸੰਘਰਸ਼

ਇਸ ਵੇਲੇ ਬਰਾਜ਼ੀਲ ਵਿੱਚ ਕੋਵਿਡ-19 ਦੀ ਛੂਤ ਲੱਗੇ ਵਿਅਕਤੀਆਂ ਦੀ ਗਿਣਤੀ ਵਿੱਚ ਦੁਨੀਆਂ ਵਿੱਚ ਤੀਸਰੇ ਸਥਾਨ ਉੱਤੇ ਹੈ, ਅਤੇ ਇਸ ਮਹਾਂਮਾਰੀ ਦਾ ਸਭ ਤੋਂ ਵੱਧ ਬੋਝ, ਕੁਦਰਤੀ ਹੀ ਸਵਾਸਥ ਮਜ਼ਦੂਰਾਂ ਉੱਤੇ ਹੈ।

ਬਰਾਜ਼ੀਲ ਵਿੱਚ ਆਮ ਤੌਰ ਉਤੇ ਸਰਬਜਨਕ ਸਵਾਸਥ ਸੇਵਾ ਦੀ ਹਾਲਤ ਪਤਲੀ ਹੈ ਅਤੇ ਮਜ਼ਦੂਰ ਦੇ ਇਲਾਕਿਆਂ ਵਿੱਚ ਤਾਂ ਬਿੱਲਕੁਲ ਹੀ ਭੈੜੀ ਹੈ, ਕਈ ਇਲਾਕਿਆਂ ਵਿਚ ਤਾਂ ਇਹ ਪੂਰੀ ਤਰ੍ਹਾਂ ਗਾਇਬ ਹੈ। 18 ਮਈ ਨੂੰ ਵਿਖਾਵਾਕਾਰੀਆਂ ਨੇ ਸਾਓ ਪਾਲੋ ਦੇ ਸਭ ਤੋਂ ਬੜੇ ਤੇ ਗਰੀਬ ਇਲਾਕੇ, ਪਾਰਾਏਸੋਪੋਲਿਸ ਤੋਂ ਸ਼ੁਰੂ ਕਰਕੇ ਦੇਸ਼ ਦੀ ਸਰਕਾਰ ਦੀ ਸੀਟ, ਪਲੇਸੀਓ ਡੌਸ ਬਾਂਦੇਰੇਂਟਸ (ਪਾਰਲੀਮੈਂਟ) ਤਕ ਮਾਰਚ ਕੀਤਾ। ਵਿਖਾਵਾਕਾਰੀ ਦੇਸ਼ ਦੀ ਸਰਕਾਰ ਦੀ ਨਿਖੇਧੀ ਕਰ ਰਹੇ ਸਨ, ਜਿਸਨੇ ਉਨ੍ਹਾਂ ਨੂੰ ਭੁੱਖੇ, ਪਾਣੀ ਦੀ ਨਿਰੰਤਰ ਥੋੜ੍ਹ ਅਤੇ ਸਵਾਸਥ ਸੇਵਾ ਤੋਂ ਵਾਂਝਿਆਂ ਰੱਖਿਆ ਹੋਇਆ ਹੈ। ਮਿਲਟਰੀ ਪੁਲੀਸ ਦੇ ਸ਼ਾਕ ਟਰੂਪਸ (ਅਚਾਨਕ ਹਮਲਾ ਬੋਲ ਦੇਣ ਵਾਲੀ ਸਪੈਸ਼ਲ ਫੌਜ) ਨੇ  ਮੁਜ਼ਾਹਰੇ ਦਾ ਰਾਹ ਰੋਕ ਲਿਆ।

ਰੀਓ ਡੀ ਜਨਾਇਰੋ ਵਿੱਚ 30,000 ਤੋਂ ਵੱਧ ਲੋਕਾਂ ਨੂੰ ਕਰੋਨਾ ਦੀ ਛੂਤ ਅਤੇ 3000 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਗੈਰ-ਸਰਕਾਰੀ ਸੂਤਰਾਂ ਅਨੁਸਾਰ ਕੋਵਿਡ-19 ਨਾਲ ਮਰਨ ਵਾਲਿਆਂ ਦੀ ਅਸਲੀ ਗਿਣਤੀ ਇਸ ਤੋਂ ਦੁੱਗਣੀ ਹੈ। ਮਈ ਦੇ ਸ਼ੁਰੂ ਤਕ ਹੀ ਦੇਸ਼ ਦੀ ਸਵਾਸਥ ਸੇਵਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਸੀ। 2 ਮਈ ਨੂੰ ਪੁਰਾਕੁਕੇਰਾ ਜੇਲ੍ਹ ਵਿੱਚ ਹੋਏ ਇੱਕ ਹਿੰਸਕ ਵਿਰੋਧ ਪ੍ਰਦਰਸ਼ਨ ਰਾਹੀਂ ਵਿਖਾਵਾਕਾਰੀਆਂ ਨੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਗਲ਼ੇ ਹੋਏ ਖਾਣੇ ਅਤੇ ਡਾਕਟਰੀ ਸਹਾਇਤਾ ਦੀ ਅਣਹੋਂਦ ਦੇ ਖ਼ਿਲਾਫ਼ ਆਪਣਾ ਗੁੱਸਾ ਪ੍ਰਗਟ ਕੀਤਾ। 18 ਮਈ ਨੂੰ ਬਾਹੀਆ ਅਤੇ ਪਿਅਊਈ ਸੂਬਿਆਂ ਵਿੱਚ ਕੈਦੀਆਂ ਦੇ ਪ੍ਰਵਾਰਾਂ ਨੇ ਇਹ ਪੋਸਟਰ ਚੁੱੱਕ ਕੇ ਵਿਖਾਵਾ ਕੀਤਾ: “ਕੈਦੀਆਂ ਦੇ ਵੀ ਹੱਕ ਹੁੰਦੇ ਹਨ” ਅਤੇ “ਕਰੋਨਾਵਾਇਰਸ ਮਾਰ ਦਿੰਦਾ ਹੈ”।

ਉਸੇ ਦਿਨ (18 ਮਈ) ਨੂੰ, ਟਰੇਸੀਨਾ ਵਿਚ ਸਵਾਸਥ ਕਰਮਚਾਰੀਆਂ ਨੇ ਇੱਕ ਹੋਰ ਵਿਰੋਧ ਪ੍ਰਦਰਸ਼ਨ ਕੀਤਾ। ਟਰੇਸੀਨਾ ਦੇ ਐਮਰਜੰਸੀ ਹਸਪਤਾਲਾਂ (ਐਚ.ਯੂ.ਟੀ.) ਦੀਆਂ ਨਰਸਾਂ ਅਤੇ ਨਰਸਿੰਗ ਟੈਕਨੀਸ਼ੀਅਨਾਂ ਨੇ ਆਪਣੇ ਇੱਕ ਸਾਥੀ ਮਜ਼ਦੂਰ ਦੀ ਮੌਤ ਹੋ ਜਾਣ ਤੋਂ ਬਾਅਦ ਵਿਅਕਤੀਗਤ ਬਚਾਓ ਸਾਜ਼-ਸਮਾਨ (ਪੀਪੀਈ) ਦੀ ਘਾਟ ਦੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਐਚ.ਯੂ.ਟੀ. ਵਿੱਚ ਸਵਾਸਥ ਪੇਸ਼ਾਵਰਾਂ ਨੇ ਖਾਸ ਕਰਕੇ “ਗੈਰ-ਕੋਵਿਡ” ਵਾਰਡਾਂ ਦੇ ਸਵਾਸਥ ਕਰਮੀਆਂ ਕੋਲ ਬਚਾਓ ਸਮਾਨ ਹੋਰ ਵੀ ਘੱਟ ਹੋਣ ਕਾਰਨ ਉਥੇ ਇਸ ਛੂਤ ਫੈਲਣ ਦੀ ਦਰ ਵਧੇਰੇ ਹੋਣ ਕਰਕੇ ਸਰਕਾਰ ਦੀ ਨਿਖੇਧੀ ਕੀਤੀ, ਕਿਉਂਕਿ ਇਨ੍ਹਾਂ ਵਾਰਡਾਂ ਵਿੱਚ ਉਨ੍ਹਾਂ ਦਾ ਕੋਵਿਡ ਨਾਲ ਦੂਸ਼ਤ ਮਰੀਜ਼ਾਂ ਨਾਲ ਵਧੇਰੇ ਸਾਹਮਣਾ ਹੁੰਦਾ ਹੈ। ਉਨ੍ਹਾਂ ਨੇ ਖਤਰਨਾਕ ਹਾਲਾਤ ਵਿੱਚ ਕੰਮ ਕਰਨ ਲਈ 40 ਪ੍ਰਤੀਸ਼ਤ ਹੋਰ ਵੇਤਨ ਦਿੱਤੇ ਜਾਣ ਦੀ ਮੰਗ ਵੀ ਉਠਾਈ ਹੈ।

ਦੁਨੀਆਂ ਵਿਚ ਹੋਰ ਕਿਸੇ ਵੀ ਜਗਾਹ ਦੇ ਮੁਕਾਬਲੇ ਬਰਾਜ਼ੀਲ ਵਿਚ ਕਰੋਨਾ ਵਾਇਰਸ ਨਾਲ ਵਧੇਰੇ ਮੌਤਾਂ ਹੋ ਰਹੀਆਂ ਹਨ। ਬਰਾਜ਼ੀਲ ਦੀ ਫੈਡਰਲ ਨਰਸਿੰਗ ਕੌਂਸਲ ਦੇ ਅਨੁਸਾਰ ਬਰਾਜ਼ੀਲ ਵਿੱਚ 15,000 ਨਰਸਾਂ ਨੂੰ ਕੋਵਿਡ ਦੀ ਛੂਤ ਲੱਗ ਚੁੱਕੀ ਹੈ ਅਤੇ 137 ਤੋਂ ਵੱਧ ਨਰਸਾਂ ਇਹਦੀ ਵਜਾਹ ਨਾਲ ਮੌਤ ਦੇ ਮੂੰਹ ਵਿੱਚ ਜਾ ਚੁੱਕੀਆਂ ਹਨ। ਨਰਸਾਂ ਦੀ ਅੰਤਰਰਾਸ਼ਟਰੀ ਕੌਂਸਲ ਮੁਤਾਬਿਕ ਪੂਰੀ ਦੁਨੀਆਂ ਵਿੱਚ ਮੱਧ ਮਈ 2020 ਤਕ ਤਕਰੀਬਨ 260 ਨਰਸਾਂ ਦੀ ਮੌਤ ਹੋਈ ਹੈ।

ਫੈਡਰਲ ਕੌਂਸਲ ਆਫ ਮੈਡੀਸਨ (ਸੀ.ਐਫ.ਐਮ.) ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਕੇਂਦਰਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਕੋਲੋਂ 17,000 ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਬਹੁਤੀਆਂ ਪੀਪੀਈ ਦੀ ਘਾਟ ਬਾਰੇ ਹਨ, ਇਸ ਤੋਂ ਬਾਅਦ ਦਵਾਈਆਂ, ਟੈਸਟ ਕਰਨ ਦੇ ਸਮਾਨ ਦੀ ਘਾਟ ਅਤੇ ਹਸਪਤਾਲਾਂ ਵਿਚ ਪੇਸ਼ਾਵਰ ਵਿਅਕਤੀਆਂ ਦੀ ਘਾਟ, ਆਦਿ ਬਾਰੇ ਹਨ।

ਪੂਰੇ ਬਰਾਜ਼ੀਲ ਵਿੱਚ ਸਵਾਸਥ ਸੇਵਾ ਮਜ਼ਦੂਰਾਂ ਨੇ ਪਿਛਲੇ ਦੋ ਹਫਤਿਆਂ ਵਿਚ ਦਰਜਨਾਂ ਹੀ ਖਾੜਕੂ ਮੁਜ਼ਾਹਰੇ ਅਤੇ ਹੜਤਾਲਾਂ ਕੀਤੀਆਂ ਹਨ।

ਭੋਜਨ ਵਿਤਰਣ ਮਜ਼ਦੂਰਾਂ ਨੇ ਆਪਣੀ ਖਤਰਨਾਕ ਸਥਿਤੀ ਦੇ ਵਿਰੋਧ ਵਿਚ ਹੜਤਾਲਾਂ ਕੀਤੀਆਂ

ਬਰਾਜ਼ੀਲ ਵਿੱਚ ਵੱਡੀਆਂ ਬਹੁ-ਦੇਸ਼ੀ ਕੰਪਨੀਆਂ ਦੇ ਕੰਟਰੋਲ ਹੇਠ ਵਿਤਰਣ ਸੇਵਾਵਾਂ ਲਈ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਲੜੀਵਾਰ ਹੜਤਾਲਾਂ ਅਤੇ ਵਿਰੋਧ ਪ੍ਰਦਰਸ਼ਨ ਕੀਤੇ ਹਨ। ਉਨ੍ਹਾਂ ਦੀਆਂ ਮੰਗਾਂ ਬੇਹਤਰ ਵੇਤਨ (ਵਿਤਰਣ ਰੇਟ) ਅਤੇ ਜ਼ਰੂਰੀ ਪੀਪੀਈ ਦੀ ਸਪਲਾਈ ਹੈ। ਪੀਪੀਈ ਦੇ ਸਮਾਨ ਵਾਸਤੇ ਉਨ੍ਹਾਂ ਨੇ ਪੈਸੇ ਦੇ ਰੱਖੇ ਹਨ, ਪਰ ਕੰਪਨੀਆਂ ਨੇ ਇਹ ਸਪਲਾਈ ਨਹੀਂ ਕੀਤਾ। 14 ਮਈ ਨੂੰ ਇਸਪਰਿਟੋ ਦੀ ਰਾਜਧਾਨੀ, ਵਿਟੋਰੀਆ ਵਿੱਚ ਮਜ਼ਦੂਰਾਂ ਨੇ ਭੋਜਨ ਵਿਤਰਣ ਦੇ ਆਈਫੂਡ ਐਪ ਨੂੰ ਕੁਝ ਘੰਟਿਆਂ ਲਈ ਬੰਦ ਕਰਕੇ ਆਪਣਾ ਵਿਰੋਧ ਪ੍ਰਗਟ ਕੀਤਾ। ਪਹਿਲਾਂ ਹੀ ਖਰਾਬ ਕੰਮ ਦੇ ਹਾਲਾਤ, ਕਰੋਨਾ ਦੀ ਵਜ੍ਹਾ ਨਾਲ ਹੋਰ ਵੀ ਖ਼ਤਰਨਾਕ ਹੋ ਗਏ ਹਨ ਅਤੇ ਕੰਪਨੀਆਂ ਬਿਨਾਂ ਕਿਸੇ ਨੋਟਿਸ ਦੇ ਮਜ਼ਦੂਰਾਂ ਨੂੰ ਕੰਮਾਂ ਤੋਂ ਕੱਢ ਰਹੀਆਂ ਹਨ। ਭੋਜਨ ਦਾ ਵਿਤਰਣ ਕਰਨ ਵਾਲੇ ਮਜ਼ਦੂਰ 30 ਮਈ ਨੂੰ ਪੂਰੇ ਬਰਾਜ਼ੀਲ ਵਿਚ ਹੜਤਾਲ ਕਰਨ ਦੀ ਯੋਜਨਾ ਬਣਾ ਰਹੇ ਹਨ।

ਅਮਰੀਕਾ

ਫਲ ਅਤੇ ਮੀਟ ਪੈਕਿੰਗ ਕੰਪਨੀਆਂ ਦੇ ਮਜ਼ਦੂਰਾਂ ਵਲੋਂ ਹੜਤਾਲਾਂ

ਵਾਸ਼ਿੰਗਟਨ ਰਾਜ ਦੀ ਯਾਕੀਮਾ ਕਾਊਂਟੀ ਵਿੱਚ ਫਲਾਂ ਦੀ ਪੈਕਿੰਗ ਕਰਨ ਵਾਲੀਆਂ 6 ਕੰਪਨੀਆਂ ਦੇ ਮਜ਼ਦੂਰ ਹੜਤਾਲ ਉੱਤੇ ਚਲੇ ਗਏ। ਉਨ੍ਹਾਂ ਦੀਆਂ ਮੰਗਾਂ ਸਨ: ਕੰਪਨੀਆਂ ਉਨ੍ਹਾਂ ਨੂੰ ਜ਼ਰੂਰੀ ਪੀਪੀਈ ਸਮਾਨ ਸਪਲਾਈ ਕਰਨ, ਜ਼ੋਖਿਮ ਵਾਸਤੇ ਵਾਧੂ ਤਨਖਾਹ ਦੇਣ ਅਤੇ ਕੋਵਿਡ ਦੀ ਛੂਤ ਲੱਗਣ ਤੋਂ ਬਚਾਓ ਲਈ ਕੰਮ ਦੇ ਹਾਲਾਤਾਂ ਨੂੰ ਸੁਧਾਰਣ।

15 ਮਈ ਨੂੰ, 12 ਮਜ਼ਦੂਰਾਂ ਨੂੰ ਕੋਵਿਡ ਦੀ ਛੂਤ ਲੱਗ ਜਾਣ ਦੀ ਖ਼ਬਰ ਮਿਲਦਿਆਂ ਹੀ, ਐਲਨ ਬਰਦਰਜ਼ ਫਰੂਟ ਕੰਪਨੀ ਦੇ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। ਇਸ ਹੜਤਾਲ ਨਾਲ ਹੋਰ ਨੇੜਲੀਆਂ ਕੰਪਨੀਆਂ, ਮੈਟਸਨ ਫਰੂਟ, ਜੈਕ ਫਰੌਸਟ ਫਰੂਟ, ਮੌਨਸਨ ਫਰੂਟ ਅਤੇ ਹੁਣ ਹੁਣੇ ਹੀ ਕੋਲੰਬੀਆਂ ਰੀਚ ਤੇ ਮੈਡਨ ਫਰੂਟ ਕੰਪਨੀਆਂ ਵਿੱਚ ਹੜਤਾਲਾਂ ਦੀ ਲੜੀ ਸ਼ੁਰੂ ਹੋ ਗਈ ਹੈ।

ਮੀਟ ਪੈਕਿੰਗ ਉਦਯੋਗ ਵਿੱਚ ਕੰਮ ਦੀਆਂ ਖ਼ਤਰਨਾਕ ਹਾਲਤਾਂ ਦਾ ਵਿਰੋਧ ਲਗਾਤਾਰ ਵਧ ਰਿਹਾ ਹੈ, ਜਿੱਥੇ ਘੱਟ ਤੋਂ ਘੱਟ 12,000 ਮਜ਼ਦੂਰ ਕੋਵਿਡ ਪਾਜ਼ੇਟਿਵ ਪਾਏ ਗਏ ਹਨ ਅਤੇ 48 ਮਜ਼ਦੂਰਾਂ ਦੀਆਂ ਕਰੋਨਾ ਨਾਲ ਮੌਤਾਂ ਹੋ ਚੁੱਕੀਆਂ ਹਨ। ਜੌਰਜੀਆ, ਕੈਲੇਫੌਰਨੀਆ, ਆਏਓਵਾ, ਨੈਬਰਾਸਕਾ ਅਤੇ ਹੋਰ ਰਾਜਾਂ ਵਿੱਚ ਹੜਤਾਲਾਂ ਦੀ ਲਹਿਰ ਅਤੇ ਹੋਰ ਵਿਰੋਧੀ ਕਾਰਵਾਈਆਂ ਨੇ ਦਰਜਨਾਂ ਹੀ ਮੀਟ ਪੈਕਿੰਗ ਕੰਪਨੀਆਂ ਬੰਦ ਕਰਵਾ ਦਿੱਤੀਆਂ, ਤਾਂ ਅਮਰੀਕੀ ਪ੍ਰਧਾਨ, ਟਰੰਪ ਨੇ “ਰੱਖਿਆ ਉਤਪਾਦਨ ਐਕਟ” ਲਾਗੂ ਕਰਕੇ ਇਨ੍ਹਾਂ ਨੂੰ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ। ਟਰੰਪ ਦੀ ਇਸ ਕਾਰਵਾਈ ਦੇ ਇੱਕ ਹਫਤੇ ਬਾਅਦ, ਮੀਟ ਪੈਕਿੰਗ ਦੀਆਂ ਬੜੀਆਂ ਕੰਪਨੀਆਂ ਵਾਲੇ ਰਾਜਾਂ ਵਿੱਚ ਕਰੋਨਾ ਛੂਤ ਲੱਗੇ ਵਿਅਕਤੀਆਂ ਦੀ ਗਿਣਤੀ ਕੌਮੀ ਔਸਤ ਨਾਲੋਂ ਦੁੱਗਣੀ ਹੋ ਗਈ ਹੈ। ਸਾਊਥ ਕੈਰੋਲਾਈਨਾ ਦੇ ਵੈਸਟ ਕੋਲੰਬੀਆ ਵਿਚ ਇੱਕ ਪੋਲਟਰੀ ਪਲਾਂਟ ਦੇ ਮਜ਼ਦੂਰਾਂ ਨੇ ਕੰਮ ਦੀਆਂ ਖ਼ਤਰਨਾਕ ਹਾਲਤਾਂ ਦੇ ਵਿਰੋਧ ਵਿਚ 13 ਮਈ ਨੂੰ ਹੜਤਾਲ ਕਰ ਦਿੱਤੀ। ਅਮਰੀਕਾ-ਭਰ ਵਿਚ ਹੋਰ ਮੀਟ ਪੈਕਿੰਗ ਪਲਾਂਟਾਂ ਵਿੱਚ ਹੜਤਾਲਾਂ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਗਾਰਮੈਂਟ ਮਜ਼ਦੂਰਾਂ ਦਾ ਵਿਰੋਧ

ਨੌਰਥ ਮਿੱਸੀਸਿਪੀ ਦੀ ਇੱਕ ਸਰਹਾਣੇ ਬਣਾਉਣ ਵਾਲੀ ਕੰਪਨੀ ਵਿੱਚ ਆਪਣੇ ਇੱਕ ਸਹਿ-ਕਾਮੇ ਨੂੰ ਕਰੋਨਾ ਦੀ ਛੂਤ ਨੂੰ ਕੰਪਨੀ ਵਲੋਂ ਛੁਪਾਉਣ ਦੀ ਕੋਸ਼ਿਸ਼ ਦਾ ਪਤਾ ਲੱਗਣ ਉੱਤੇ ਉਥੇ ਕੰਮ ਕਰਨ ਵਾਲੇ 300 ਗਾਰਮੈਂਟ ਮਜ਼ਦੂਰ ਵਾਕ ਆਊਟ ਕਰ ਗਏ। ਪਿਛਲੇ ਮਹੀਨੇ ਐਲਾਬਾਮਾ ਦੇ ਸੈਲਮਾ ਸ਼ਹਿਰ ਵਿਚ ਅਮੈਰੇਕਿਨ ਐਪਾਰਿਲ ਨਾਮ ਦੀ ਕੰਪਨੀ ਦੇ ਗਾਰਮੈਂਟ ਮਜ਼ਦੂਰਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਸਨ। ਦੇਖਣ ਵਾਲੀ ਗੱਲ ਇਹ ਹੈ ਕਿ ਇਹ ਮਜ਼ਦੂਰ ਅਮਰੀਕਾ ਦੇ ਸੈਨਿਕਾਂ ਲਈ ਫੇਸ ਮਾਸਕਸ ਬਣਾਉਂਦੇ ਸਨ, ਪਰ ਉਹ ਖੁਦ ਨੂੰ ਇਸ ਛੂਤ ਤੋਂ ਬਚਾਉਣ ਦੇ ਸਾਧਨਾਂ ਤੋਂ ਵਾਂਝੇ ਹਨ।

ਸਫਾਈ ਮਜ਼ਦੂਰ ਆਪਣੇ ਕੰਮ ਦੀਆਂ ਖਤਰਨਾਕ ਹਾਲਤਾਂ ਦਾ ਵਿਰੋਧ ਕਰ ਰਹੇ ਹਨ

ਅਮਰੀਕਾ ਦੇ ਹੋਰ ਰਾਜਾਂ ਵਾਂਗ ਲੂਈਸੀਆਨਾ ਰਾਜ ਵਿੱਚ ਵੀ ਮਹਾਂਮਾਰੀ ਨੇ ਤਬਾਹੀ ਮਚਾਈ ਹੋਈ ਹੈ, ਇਸਦੇ ਸ਼ਹਿਰ ਨਿਊ ਓਰਲੀਨਜ਼ ਦੇ ਸਫਾਈ ਮਜ਼ਦੂਰਾਂ ਨੇ ਮਈ ਦੇ ਸ਼ੁਰੂ ਵਿੱਚ ਘੱਟ ਤਨਖਾਹ ਅਤੇ ਕੰਮ ਦੀਆਂ ਖਤਰਨਾਕ ਹਾਲਤਾਂ ਦੇ ਖ਼ਿਲਾਫ਼ ਹੜਤਾਲ ਕੀਤੀ। ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤਕ ਬਹੁਤ ਹੀ ਘੱਟ ਤਨਖਾਹ ਲੈ ਕੇ ਕੂੜਾ ਚੁੱਕਣ ਵਾਲੇ ਮਜ਼ਦੂਰ 15 ਡਾਲਰ ਪ੍ਰਤੀ ਦਿਨ ਤਨਖਾਹ ਦੀ ਮੰਗ ਕਰ ਰਹੇ ਹਨ।

ਕੂੜਾ ਚੁੱਕਣ ਵਾਲੀ ਨਿੱਜੀ ਕੰਪਨੀ, ਮੈਟਰੋ ਡਿਸਪੋਜ਼ਲ, ਨੇ ਮੱਧ ਮਈ ਵਿੱਚ ਕਈ ਹੜਤਾਲੀ ਸਫਾਈ ਮਜ਼ਦੂਰਾਂ ਨੂੰ ਕੰਮ ਤੋਂ ਕੱਢ ਦਿੱਤਾ ਸੀ। ਹੁਣ ਇਹ ਕੰਪਨੀ ਜੇਲ੍ਹਾਂ ਤੋਂ ਕੈਦੀ ਮਜ਼ਦੂਰਾਂ ਨੂੰ ਹੜਤਾਲ ਤੋੜਨ ਲਈ ਵਰਤ ਰਹੀ ਹੈ। ਲੂਈਸੀਆਨਾ ਦੇ ਲੇਬਰ ਕਾਨੂੰਨਾਂ ਅਨੁਸਾਰ, ਅਹਿੰਸਕ ਜ਼ੁਰਮ ਲਈ ਮੁਜਰਮ ਕਰਾਰ ਦਿੱਤੇ ਕੈਦੀਆਂ ਨੂੰ ਸਫਾਈ ਮਜ਼ਦੂਰਾਂ ਦੇ ਤੌਰ ਉੱਤੇ 13 ਪ੍ਰਤੀਸ਼ਤ ਤਨਖਾਹ ਉਤੇ ਕੰਮ ‘ਤੇ ਰੱਖਿਆ ਜਾ ਸਕਦਾ ਹੈ। ਇਸਦਾ ਮਤਲਬ ਹੈ ਕਿ ਕੈਦੀਆਂ ਨੂੰ ਗੁਲਾਮਾਂ ਵਾਂਗ ਵਰਤਿਆ ਜਾ ਰਿਹਾ ਹੈ।

ਲੇਕਿਨ, ਨਿਊ ਓਰਲੀਨਜ਼ ਦੇ ਨਾਗਰਿਕਾਂ ਨੇ ਅਤੇ ਹੋਰ ਜ਼ਰੂਰੀ ਸੇਵਾਵਾਂ ਵਿਚ ਇਸੇ ਤਰ੍ਹਾਂ ਦੇ ਖ਼ਤਰਨਾਕ ਹਾਲਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਹੜਤਾਲੀ ਸਫਾਈ ਮਜ਼ਦੂਰਾਂ ਦੀ ਹਮਾਇਤ ਵਿੱਚ ਆਵਾਜ਼ ਉਠਾਈ ਹੈ।

close

Share and Enjoy !

Shares

Leave a Reply

Your email address will not be published.