1857 ਦੇ ਗ਼ਦਰ ਦੀ 163ਵੀਂ ਸਾਲਗਿਰ੍ਹਾ ਉਤੇ:

ਹਿੰਦੋਸਤਾਨ ਦੇ ਮਾਲਕ ਬਣਨ ਦੇ ਸੰਘਰਸ਼ ਨੂੰ ਅੱਗੇ ਵਧਾਓ!

“ਅਸੀਂ ਹਾਂ ਇਸਦੇ ਮਾਲਕ! ਹਿੰਦੋਸਤਾਨ ਅਸਾਡਾ!”

ਆਪਣੇ ਦਿਲੋ-ਦਿਮਾਗ ਵਿੱਚ ਇਸ ਨਾਅਰੇ ਦੀ ਗੂੰਜ ਨੂੰ ਲੈ ਕੇ, ਮੇਰਠ ਦੀ ਬਰਤਾਨਵੀ ਬਸਤੀਵਾਦੀ ਫੌਜ ਦੇ ਹਿੰਦੋਸਤਾਨੀ ਸਿਪਾਹੀ 10 ਮਈ 1857 ਨੂੰ ਦਿੱਲੀ ਵਿੱਚ ਆ ਪਹੁੰਚੇ। ਪੂਰੇ ਉਪ-ਮਹਾਂਦੀਪ ਵਿੱਚ ਬਰਤਾਨਵੀਆਂ ਦੇ ਖ਼ਿਲਾਫ਼ ਬਗਾਵਤ ਛੇੜੇ ਜਾਣ ਲਈ ਇਹ ਇੱਕ ਨਗਾਰੇ ਦੀ ਚੋਟ ਸੀ।

ਮੇਰਠ ਤੋਂ ਚੜ੍ਹਾਈ ਕਰਕੇ ਆਏ ਇਨ੍ਹਾਂ ਸਿਪਾਹੀਆਂ ਨੇ ਦਿੱਲੀ ਉਤੇ ਕਬਜ਼ਾ ਕਰ ਲੈਣ ਤੋਂ ਬਾਅਦ, ਬਦੇਸ਼ੀ ਈਸਟ ਇੰਡੀਆ ਕੰਪਨੀ ਦੇ ਜਾਬਰ ਰਾਜ ਦੀ ਥਾਂ ਬਹਾਦਰ ਸ਼ਾਹ ਜ਼ਫ਼ਰ ਨੂੰ ਇੱਕ ਨਵੀਂ ਸਿਆਸੀ ਸੱਤਾ ਦੇ ਪ੍ਰਤੀਨਿਧ ਬਤੌਰ ਤਖ਼ਤ ‘ਤੇ ਬਿਠਾ ਦਿੱਤਾ। ਦਿੱਲੀ ਵਿਚ ਸਾਸ਼ਣ ਚਲਾਉਣ ਲਈ ਨਾਗਰਿਕਾਂ ਅਤੇ ਫੌਜੀ ਸਿਪਾਹੀਆਂ ਦੀ ਮਿਲੀ-ਜੁਲੀ ਅਦਾਲਤ ਕਾਇਮ ਕੀਤੀ ਗਈ, ਜਿਸਦੇ ਫੈਸਲਿਆਂ ਨੂੰ ਮੰਨਣਾ ਰਾਜੇ ਲਈ ਜ਼ਰੂਰੀ ਸੀ। ਬਹਾਦਰ ਸ਼ਾਹ ਨੇ ਖੁੱਲੇ੍ਹਆਮ ਐਲਾਨ ਕੀਤਾ ਕਿ ਉਸਨੂੰ ਗੱਦੀ ਉੇਤੇ ਲੋਕਾਂ ਨੇ ਬਿਠਾਇਆ ਹੈ ਅਤੇ ਉਹ ਲੋਕਾਂ ਦੀ ਮਰਜ਼ੀ ਦਾ ਗੁਲਾਮ ਹੈ। ਉਸਨੇ ਕਿਹਾ ਕਿ ਬਰਤਾਨਵੀ ਹਕੂਮਤ ਉੱਕਾ ਹੀ ਜਾਇਜ਼ ਨਹੀਂ ਅਤੇ ਉਸਦਾ ਖਾਤਮਾ ਕਰ ਦੇਣਾ ਚਾਹੀਦਾ ਹੈ ਅਤੇ “ਜਿਥੋਂ ਤਕ ਭਵਿੱਖ ਦਾ ਸਵਾਲ ਹੈ, ਏਹਦਾ ਫੈਸਲਾ ਹਿੰਦੋਸਤਾਨ ਦੇ ਲੋਕ ਕਰਨਗੇ”।

ਬਹਾਦਰ ਸ਼ਾਹ ਜ਼ਫ਼ਰ ਨੇ 12 ਮਈ ਨੂੰ ਇਹ ਸ਼ਾਹੀ ਫੁਰਮਾਨ ਜਾਰੀ ਕੀਤਾ:

“ਹਿੰਦੋਸਤਾਨ ਦੇ ਤਮਾਮ ਹਿੰਦੂਓ ਅਤੇ ਮੁਸਲਮਾਨੋ! ਇਸ ਘੜੀ ਲੋਕਾਂ ਪ੍ਰਤੀ ਆਪਣੇ ਫਰਜ਼ ਨੂੰ ਧਿਆਨ ਵਿੱਚ ਰੱਖਦਿਆਂ, ਮੈਂ ਆਪਣੇ ਲੋਕਾਂ ਦੇ ਨਾਲ ਖੜ੍ਹਾ ਹੋਣ ਦਾ ਫੈਸਲਾ ਕੀਤਾ ਹੈ… ਸਭ ਹਿੰਦੂਆਂ ਅਤੇ ਮੁਸਲਮਾਨਾਂ ਦਾ ਲਾਜ਼ਮੀ ਫਰਜ਼ ਹੈ ਕਿ ਉਹ ਅੰਗਰੇਜ਼ਾਂ ਦੇ ਖ਼ਿਲਾਫ਼ ਬਗਾਵਤ ਵਿੱਚ ਸ਼ਾਮਲ ਹੋ ਜਾਣ। ਉਨ੍ਹਾਂ ਨੂੰ ਆਪਣੇ ਸ਼ਹਿਰਾਂ ਵਿੱਚ ਆਪਣੇ ਨੇਤਾਵਾਂ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਅਤੇ ਦੇਸ਼ ਵਿੱਚ ਅਮਨ ਕਾਨੂੰਨ ਦੇ ਹਾਲਾਤ ਬਣਾਉਣ ਲਈ ਕਦਮ ਉਠਾਉਣੇ ਚਾਹੀਦੇ ਹਨ। ਜਿੰਨਾ ਵੀ ਸੰਭਵ ਹੋਵੇ, ਇਸ ਫੁਰਮਾਨ ਦੀਆਂ ਨਕਲਾਂ ਤਿਆਰ ਕਰਕੇ ਸ਼ਹਿਰਾਂ ਵਿੱਚ ਖਾਸ ਖਾਸ ਥਾਵਾਂ ਉਤੇ ਲਾਈਆਂ ਜਾਣ, ਇਹ ਸਭ ਲੋਕਾਂ ਦਾ ਫਰਜ਼ ਹੈ। ਪਰ ਅਜੇਹਾ ਕਰਨ ਤੋਂ ਪਹਿਲਾਂ, ਹਥਿਆਰਬੰਦ ਹੋਵੇ ਅਤੇ ਅੰਗਰੇਜ਼ਾਂ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰ ਦੇਵੋ”।

ਉਸ ਨੇ ਇੱਕ ਹੋਰ ਫੁਰਮਾਨ ਵੀ ਜਾਰੀ ਕੀਤਾ, ਜਿਸ ਰਾਹੀਂ ਲੋਕਾਂ ਨੂੰ ਹੁਸ਼ਿਆਰ ਰਹਿਣ ਲਈ ਕਿਹਾ:

“ਇਹ ਅੰਗਰੇਜ਼ ਹਿੰਦੂਆਂ ਨੂੰ ਮੁਸਲਮਾਨਾਂ ਦੇ ਖ਼ਿਲਾਫ਼ ਅਤੇ ਮੁਸਲਮਾਨਾਂ ਨੂੰ ਹਿੰਦੂਆਂ ਦੇ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੀਆਂ ਗੱਲਾਂ ਉਤੇ ਯਕੀਨ ਨਾ ਕਰਿਓ, ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਭਜਾ ਦਿਓ”।

ਬਰਤਾਨਵੀ ਸਾਮਰਾਜਵਾਦੀਆਂ ਨੇ ਗ਼ਦਰ ਦੇ ਅਸਲੀ ਖਾਸੇ ਅਤੇ ਇਸ ਦੀ ਇਲਾਕਾਈ ਵਿਸ਼ਾਲਤਾ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਕਾਰਲ ਮਾਰਕਸ ਨੇ ਇਸ ਗ਼ਦਰ ਨੂੰ ਹਿੰਦੋਸਤਾਨ ਦੀ ਪਹਿਲੀ ਜੰਗੇ ਆਜ਼ਾਦੀ ਦਾ ਨਾਮ ਦਿੱਤਾ ਹੈ। ਬਰਤਾਨਵੀ ਇਤਿਹਾਸਕਾਰਾਂ ਨੇ ਇਸ ਨੂੰ “ਸਿਪਾਹੀ ਬਗਾਵਤ” ਅਤੇ “ਮੁਸਲਮਾਨਾਂ ਦੀ ਬਗਾਵਤ” ਕਿਹਾ। ਅਸਲੀਅਤ ਇਹ ਹੈ ਕਿ ਇਸ ਵਿੱਚ ਸਭਨਾਂ ਹੀ ਧਾਰਮਿਕ ਫਿਰਕਿਆਂ ਦੇ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਵਿੱਚ ਕੇਵਲ ਫੌਜੀ ਸਿਪਾਹੀ ਹੀ ਨਹੀਂ ਬਲਕਿ ਕਿਸਾਨ, ਕਾਰੀਗਰ, ਆਦਿਵਾਸੀ ਲੋਕ, ਦੇਸ਼ਭਗਤ ਰਾਜੇ ਅਤੇ ਰਾਣੀਆਂ ਵੀ ਸ਼ਾਮਲ ਸਨ। ਵਿਓਪਾਰੀ, ਬੁੱਧੀਜੀਵੀ ਅਤੇ ਹਰ ਪ੍ਰਕਾਰ ਦੇ ਧਾਰਮਿਕ ਆਗੂ ਉਨ੍ਹਾਂ ਦੀ ਹਮਾਇਤ ਕਰਦੇ ਸਨ। ਕਸ਼ਮੀਰ ਵਿੱਚ ਗਿਲਗਿਤ ਤੋਂ ਲੈ ਕੇ ਤਾਮਿਲਨਾਡੂ ਦੇ ਮਦੂਰਾਏ ਤਕ, ਸਾਧੂ ਅਤੇ ਮੌਲਵੀ “ਰਾਜ-ਧਰੋਹ” ਦਾ ਉਪਦੇਸ਼ ਦੇਂਦੇ ਹੋਏ ਦੇਖੇ ਗਏ। ਭੂਗੋਲਿਕ ਪੈਮਾਨੇ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਇਹ 19ਵੀਂ ਸਦੀ ਦੀ ਸਭ ਤੋਂ ਵੱਡੀ ਜੰਗ ਸੀ।

ਇਹ ਇੱਕ ਵਧੀਆ ਵਿਉਂਤਬੰਦੀ ਵਾਲਾ ਜਨਤਕ ਉਭਾਰ ਸੀ। ਬਹਾਦਰਸ਼ਾਹ ਜ਼ਫ਼ਰ, ਵਾਜਿਦ ਅਲੀ ਸ਼ਾਹ, ਨਾਨਾ ਸਾਹਿਬ, ਮੌਲਵੀ ਅਹਿਮਦ-ਉੱਲਾ ਸ਼ਾਹ, ਕੁੰਵਰ ਸਿੰਘ ਅਤੇ ਹੋਰ, 1856 ਅਤੇ ਅਵੱਧ ਉਤੇ ਕਬਜ਼ੇ ਨਾਲੋਂ ਵੀ ਪਹਿਲਾਂ ਤੋਂ ਇਸਦੀਆਂ ਤਿਆਰੀਆਂ ਵਿੱਚ ਜੁੱਟੇ ਹੋਏ ਸਨ। ਬਹਾਦਰ ਸ਼ਾਹ ਜ਼ਫ਼ਰ, ਪੀਰ-ਮੁਰੀਦ ਵਾਲੇ ਪੁਰਾਣੇ ਢਾਂਚੇ ਵਰਗੀਆਂ ਅਧਿਐਨ ਜਮਾਤਾਂ ਲਾਉਂਦਾ ਸੀ। ਨਾਨਾ ਸਾਹਿਬ ਅਤੇ ਅਜ਼ੀਮਉੱਲਾ ਖਾਨ ਨੇ ਕਿਸੇ ਨਾ ਕਿਸੇ ਭੇਸ ਵਿੱਚ ਜਾ ਕੇ ਉੱਤਰੀ ਹਿੰਦੋਸਤਾਨ ਦੀਆਂ ਸਭ ਮੁੱਖ ਫੌਜੀ ਛਾਉਣੀਆਂ ਦਾ ਦੌਰਾ ਕੀਤਾ। ਬੰਬਈ ਅਤੇ ਮਦਰਾਸ ਦੀਆਂ ਫੌਜੀ ਛਾਉਣੀਆਂ ਵਿੱਚ ਅਜੇਹੇ ਪਰਚੇ ਦਿਖਾਈ ਦੇਣ ਲੱਗ ਪਏ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਬਹਾਦਰ ਸ਼ਾਹ ਜ਼ਫ਼ਰ ਨੂੰ “ਹਿੰਦੋਸਤਾਨ ਦਾ ਸ਼ਹਿਨਸ਼ਾਹ” ਬਹਾਲ ਕਰ ਦਿੱਤਾ ਗਿਆ ਹੈ ਅਤੇ ਬਰਤਾਨਵੀ ਰਾਜ ਖਤਮ ਹੋ ਗਿਆ ਹੈ।

ਹਿੰਦੋਸਤਾਨ ਵਿੱਚ ਵੀ ਕਈ ਅਜੇਹੇ ਇਤਿਹਾਸਕਾਰ ਅਤੇ ਰਾਜਨੀਤਕ ਪਾਰਟੀਆਂ ਹਨ, ਜੋ ਇਹ ਦਾਅਵਾ ਕਰਦੇ ਹਨ ਕਿ 1857 ਦੇ ਗ਼ਦਰ ਦੀ ਅਗਵਾਈ ਜਗੀਰਦਾਰਾਂ ਅਤੇ ਪਿਛਾਖੜੀ ਤਾਕਤਾਂ ਨੇ ਕੀਤੀ ਸੀ, ਜਿਹੜੇ ਹਿੰਦੋਸਤਾਨ ਨੂੰ ਬਸਤੀਵਾਦ ਨਾਲੋਂ ਪਹਿਲਿਆਂ ਸਮਿਆਂ ਵਿੱਚ ਲੈ ਜਾਣਾ ਚਾਹੁੰਦੇ ਸਨ। ਦੂਸਰੇ ਸ਼ਬਦਾਂ ਵਿੱਚ, ਉਨ੍ਹਾਂ ਦੇ ਮੁਤਾਬਿਕ ਬਰਤਾਨਵੀ ਬਸਤੀਵਾਦੀ ਰਾਜ ਅਤੇ ਉਹਦਾ “ਕਾਨੂੰਨ ਦਾ ਰਾਜ” ਨਵੇਂ ਢਾਂਚੇ ਦਾ ਪ੍ਰਤੀਕ ਹੈ, ਜਦਕਿ 1857 ਦਾ ਗ਼ਦਰ ਪੁਰਾਣੇ ਸਮੇਂ ਦਾ ਪ੍ਰਤੀਕ ਹੈ। ਇਸ ਢੰਗ ਨਾਲ ਉਹ ਸੱਚਾਈ ਨੂੰ ਉਲਟਾ ਖੜ੍ਹਾ ਕਰਦੇ ਹਨ।

1857 ਦਾ ਗ਼ਦਰ ਇੱਕ ਇਨਕਲਾਬੀ ਜਨਤਕ ਉਭਾਰ ਸੀ, ਜਿਸ ਨੇ ਮੁਗਲ ਸਲਤਨਤ ਦੇ ਆਖਰੀ ਰਾਜੇ ਨੂੰ ਆਪਣੇ ਲੋਕਾਂ ਦੇ ਨਾਲ ਖੜ੍ਹੇ ਹੋਣ ਉੱਤੇ ਮਜਬੂਰ ਕਰ ਦਿੱਤਾ ਸੀ। ਲੋਕਾਂ ਦੀ ਅਦਾਲਤ ਦਾ ਬਣਾਏ ਜਾਣਾ, ਜਿਸਦੇ ਫੈਸਲੇ ਰਾਜੇ ਉੱਤੇ ਲਾਗੂ ਹੋਣੇ ਲਾਜ਼ਮੀ ਸਨ, ਇੱਕ ਬਿਲਕੁਲ ਹੀ ਨਵੀਂ ਚੀਜ਼ ਸੀ। ਇਹ ਪੂਰੀ ਤਰ੍ਹਾਂ ਨਾਲ ਜਮਹੂਰੀ ਸੀ ਅਤੇ ਇਨਕਲਾਬੀ ਸੀ। ਦੂਸਰੇ ਪਾਸੇ, ਬਰਤਾਨਵੀ ਬਸਤੀਵਾਦੀ ਰਾਜ, ਜੋ ਕਿ “ਚਿੱਟੇ ਆਦਮੀ ਦੇ ਬੋਝ” ਦੇ ਸਿਧਾਂਤ ਉੱਤੇ ਅਧਾਰਿਤ ਸੀ, ਪੂਰੀ ਤਰ੍ਹਾਂ ਨਾਲ ਪਿਛਾਂਹ-ਖਿਚੂ ਸੀ। ਉਹ ਬਸਤੀਵਾਦੀ ਰਾਜ ਤੋਂ ਪਹਿਲਾਂ ਦੀ ਹਰ ਪਿਛਾਖੜੀ ਚੀਜ਼ ਨੂੰ ਕਾਇਮ ਰੱਖਣ ਉਤੇ ਅਧਾਰਿਤ ਸੀ, ਤਾਂਕਿ ਲੋਕਾਂ ਨੂੰ ਪਾੜ ਕੇ ਅਤੇ ਗੁਲਾਮ ਬਣਾ ਕੇ ਰੱਖਿਆ ਜਾ ਸਕੇ।

ਜਦਕਿ ਬਰਤਾਨਵੀ ਹੁਕਮਰਾਨਾਂ ਨੇ ਇਸ ਇਨਕਲਾਬੀ ਵਿਦਰੋਹ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ, ਪਰ ਹਿੰਦੋਸਤਾਨ ਦੇ ਲੋਕਾਂ ਦੀ ਚੇਤਨਾ ਉੱਤੇ ਉਸਨੇ ਇੱਕ ਗਹਿਰੀ ਛਾਪ ਛੱਡ ਦਿੱਤੀ। ਉਸਨੇ ਹਿੰਦੋਸਤਾਨੀ ਲੋਕਾਂ ਨੂੰ ਇੱਕੋ-ਇੱਕ ਸ਼ਾਨਦਾਰ ਉਦੇਸ਼ ਲਈ ਇਕਮੁੱਠ ਕਰ ਦਿੱਤਾ। ਵੱਖ-ਵੱਖ ਧਰਮਾਂ ਅਤੇ ਜ਼ਾਤਾਂ ਦੇ ਲੋਕ ਬਤੌਰ ਹਿੰਦੋਸਤਾਨੀ ਇਕਮੱੁਠ  ਹੋਏ ਅਤੇ ਉਹ ਬਸਤੀਵਾਦੀ ਗੁਲਾਮੀ ਅਤੇ ਆਪਣੀ ਧਰਤ ਤੇ ਮੇਹਨਤ ਦੀ ਅੰਨ੍ਹੀ ਲੁੱਟ ਤੋਂ ਛੁਟਕਾਰਾ ਪਾਉਣ ਲਈ ਬਚਨਬੱਧ ਬਣ ਗਏ। ਉਸ ਇਨਕਲਾਬੀ ਉਭਾਰ ਨੇ ਇਸ ਵਿਚਾਰ ਨੂੰ ਜਨਮ ਦਿੱਤਾ ਕਿ ਅਸੀਂ, ਇਸ ਉਪਮਹਾਂਦੀਪ ਦੇ ਬਾਗ਼ੀ ਲੋਕ, ਬਰਤਾਨਵੀਆਂ ਨੂੰ ਏਥੋਂ ਬਾਹਰ ਸੁੱਟ ਦੇਣ ਤੋਂ ਬਾਅਦ, ਹਿੰਦੋਸਤਾਨ ਦੇ ਮਾਲਕ ਬਣਾਂਗੇ। ਇਸ ਨੇ ਬਸਤੀਵਾਦ ਵਿਰੋਧੀ ਸੰਘਰਸ਼ ਵਿੱਚ, ਹਿੰਦੋਸਤਾਨ ਗ਼ਦਰ ਪਾਰਟੀ, ਸ਼ਹੀਦ ਭਗਤ ਸਿੰਘ ਅਤੇ ਹਿੰਦੋਸਤਾਨ ਰੀਪਬਲੀਕਨ ਐਸੋਸੀਏਸ਼ਨ ਦੇ ਉਸਦੇ ਸਾਥੀਆਂ ਅਤੇ ਅਣਗਿਣਤ ਹੋਰ ਇਨਕਲਾਬੀਆਂ ਅਤੇ ਦੇਸ਼ਭਗਤਾਂ ਨੂੰ ਪ੍ਰੇਰਨਾ ਦਿੱਤੀ।

ਅੱਜ ਸਾਡੇ ਸਮਾਜ ਨੂੰ ਚਿੰਬੜੀਆਂ ਹੋਈਆਂ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ਦੀ ਜੜ੍ਹ ਇਸ ਹਕੀਕਤ ਵਿੱਚ ਹੈ ਕਿ 1947 ਵਿੱਚ ਗ਼ਦਰੀਆਂ ਦਾ ਉਦੇਸ਼ ਪੂਰਾ ਨਹੀਂ ਹੋਇਆ। ਪ੍ਰਭੂਸੱਤਾ ਦਾ ਲੰਡਨ ਤੋਂ ਦਿੱਲੀ ਤਕ ਤਾਂ ਹਸਤਾਂਤਰਣ ਹੋ ਗਿਆ, ਪਰ ਇਹ ਹਿੰਦੋਸਤਾਨ ਦੇ ਲੋਕਾਂ ਤਕ ਨਹੀਂ ਪਹੁੰਚੀ। ਹਿੰਦੋਸਤਾਨ ਦੇ ਲੋਕਾਂ ਦੀ ਧਰਤ ਅਤੇ ਕਿਰਤ ਦੀ ਅਤਿਅੰਤ ਲੁੱਟ ਅਜੇ ਤਕ ਵੀ ਜਾਰੀ ਹੈ। ਸਾਫ ਨਜ਼ਰ ਆ ਰਿਹਾ ਹੈ ਕਿ ਹਿੰਦੋਸਤਾਨ ਦੇ ਲੋਕ, ਹਿੰਦੋਸਤਾਨ ਦੇ ਮਾਲਕ ਨਹੀਂ ਹਨ।

ਅੰਗਰੇਜ਼ਾਂ ਵਲੋਂ ਬਣਾਈ ਗਈ ਸੰਵਿਧਾਨ ਸਭਾ ਨੇ 1950 ਵਿੱਚ ਅਜ਼ਾਦ ਹਿੰਦੋਸਤਾਨ ਦਾ ਸੰਵਿਧਾਨ ਅਪਣਾ ਲਿਆ। ਉਨ੍ਹਾਂ ਨੇ ਬਸਤੀਵਾਦੀ ਰਾਜ ਦਾ ਬੁਨਿਆਦੀ ਚੌਖਟਾ ਅਤੇ ਉਸਦੇ ਇਸ ਸਿਧਾਂਤ ਨੂੰ ਬਰਕਰਾਰ ਰੱਖਿਆ ਕਿ ਹਿੰਦੋਸਤਾਨ ਦੇ ਲੋਕ ਆਪਣਾ ਰਾਜ ਖੁਦ ਚਲਾਉਣ ਦੇ ਨਾਕਾਬਲ ਹਨ। ਕੇਵਲ ਸੰਸਦ ਅਤੇ ਪ੍ਰਾਂਤਿਕ ਵਿਧਾਨ ਸਭਾਵਾਂ ਨੂੰ ਹੀ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਮੇਹਨਤਕਸ਼ ਬਹੁਗਿਣਤੀ ਲੋਕਾਂ ਨੂੰ ਕੇਵਲ ਵੋਟ ਦੇਣ ਦਾ ਅਧਿਕਾਰ ਹੈ, ਉਸਤੋਂ ਬਾਦ ਸਾਰੀ ਤਾਕਤ “ਲੋਕਾਂ ਦੇ ਪ੍ਰਤੀਨਿਧਾਂ” ਦੇ ਹੱਥਾਂ ਵਿੱਚ ਚਲੇ ਜਾਂਦੀ ਹੈ। ਲੋਕਾਂ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਚੋਣਾਂ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਛਾਂਟੀ ਕਰਕੇ ਖੜ੍ਹੇ ਕਰ ਸਕਣ। ਉਨ੍ਹਾਂ ਕੋਲ ਚੁਣੇ ਗਏ ਪ੍ਰਤੀਨਿਧਾਂ ਨੂੰ ਜਬਾਵ-ਤਲਬ ਕਰਨ ਦਾ ਕੋਈ ਅਧਿਕਾਰ ਨਹੀਂ, ਨਾ ਹੀ ਉਹ ਇਨ੍ਹਾਂ ਨੂੰ ਵਾਪਸ ਬੁਲਾ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਕਾਨੂੰਨ ਪ੍ਰਸਤਾਵਿਤ ਕਰਨ ਦਾ ਕੋਈ ਅਧਿਕਾਰ ਹੈ।

ਹਿੰਦੋਸਤਾਨ ਦੀ ਕਿਸਮਤ ਦਾ ਫੈਸਲਾ ਕਰਨ ਦੀ ਸਰਬਉੱਚ ਤਾਕਤ ਨੂੰ ਮੁੱਠੀ ਭਰ ਲੋਟੂਆਂ ਨੇ ਹਥਿਆ ਲਿਆ ਹੈ, ਜਿਨ੍ਹਾਂ ਦੀ ਅਗਵਾਈ ਟਾਟਾ, ਅੰਬਾਨੀ, ਬਿਰਲਾ ਅਤੇ ਕੁੱਝ ਹੋਰ ਸਰਮਾਏਦਾਰ ਘਰਾਣੇ ਕਰਦੇ ਹਨ। ਪਰਸਪਰ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ, ਜਿਹੜੀਆਂ ਬਾਰੀ ਬਾਰੀ ਸਿਰ ਰਾਜ ਦਾ ਪ੍ਰਬੰਧ ਚਲਾਉਂਦੀਆਂ ਹਨ, ਜਦਕਿ ਲੋਕਾਂ ਨੂੰ ਮਹਿਜ਼ ਵੋਟ ਦੇਣ ਵਾਲੇ ਡੰਗਰ ਬਣਾ ਦਿੱਤਾ ਗਿਆ ਹੈ ਅਤੇ ਉਹ ਇੱਕ ਲੋਟੂ ਢਾਂਚੇ ਦੇ ਬਲਹੀਨ ਸ਼ਿਕਾਰ ਬਣ ਕੇ ਰਹਿ ਗਏ ਹਨ। ‘ਪਾੜੋ ਅਤੇ ਰਾਜ ਕਰੋ’ ਦਾ ਫਿਰਕਾਪ੍ਰਸਤ ਤਰੀਕਾ ਅਜ਼ਾਦ ਹਿੰਦੋਸਤਾਨ ਵਿੱਚ ਵੀ ਜਾਰੀ ਹੈ। ਲੋਕਾਂ ਨੂੰ ਉਨ੍ਹਾਂ ਦੇ ਧਰਮ ਕਰਕੇ ਤੰਗ ਕੀਤਾ ਜਾਣਾ ਅਤੇ ਉਨ੍ਹਾਂ ਦੀ ਜ਼ਾਤ ਦੇ ਅਧਾਰ ਉਤੇ ਵਿਤਕਰਾ ਅਤੇ ਜ਼ੁਲਮ ਕੀਤਾ ਜਾਣਾ ਅੱਜ ਵੀ ਜਾਰੀ ਹੈ।

ਕਰੋਨਾਵਾਇਰਸ ਨਾਲ ਲੜਨ ਲਈ ਦੇਸ਼ਭਰ ਵਿੱਚ ਲਾਏ ਗਏ ਲੌਕਡਾਊਨ ਨਾਲ ਪੈਦਾ ਹੋਏ ਸੰਕਟ ਨੇ ਲੋਕਾਂ ਦੀ ਬੇਵਸੀ ਵਾਲੀ ਹਾਲਤ ਨੂੰ ਹੋਰ ਵੀ ਜ਼ਿਆਦਾ ਜ਼ਾਹਿਰ ਕਰ ਦਿੱਤਾ ਹੈ। ਬੇਵੱਸੀ ਦੀ ਹਾਲਤ ਵਿੱਚ ਫਸੇ ਹੋਏ ਕ੍ਰੋੜਾਂ ਹੀ ਸਖ਼ਤ ਮੇਹਨਤ ਕਰਨ ਵਾਲੇ ਲੋਕ, ਜਿਨ੍ਹਾਂ ਨੂੰ ਨਾ ਕੋਈ ਆਮਦਨੀ ਆ ਰਹੀ ਹੈ ਅਤੇ ਨਾ ਹੀ ਸਿਰ ਉਤੇ ਕੋਈ ਛੱਤ ਹੈ, ਨੂੰ ਉਨ੍ਹਾਂ ਦੇ ਹਾਲ ਉੱਤੇ ਛੱਡ ਦਿੱਤਾ ਗਿਆ ਹੈ। ਹਿੰਦੋਸਤਾਨ ਦੀ ਸਰਕਾਰ ਉਨ੍ਹਾਂ ਦੇ ਜਨ-ਧਨ ਖਾਤਿਆਂ ਵਿੱਚ ਮਹਿਜ਼ 500 ਰੁ. ਪਾ ਕੇ ਆਪਣੇ ਆਪ ਨੂੰ ਸ਼ਾਬਾਸ਼ ਦੇ ਰਹੀ ਹੈ। ਇਨ੍ਹਾਂ 500 ਰੁਪਿਆਂ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਉਹ 50 ਤੋਂ ਵਧ ਦਿਨਾਂ ਤੋਂ ਚਲੇ ਆ ਰਹੇ ਲੌਕਡਾਊਨ ਦੁਰਾਨ ਗੁਜ਼ਾਰਾ ਤੋਰ ਸਕਣਗੇ!

ਸਾਡੇ ਦੇਸ਼ ਦੀ ਮਜ਼ਦੂਰ ਜਮਾਤ, ਕਿਸਾਨੀ ਅਤੇ ਤਮਾਮ ਮੇਹਨਤਕਸ਼ ਅਤੇ ਦੇਸ਼ਭਗਤ ਲੋਕਾਂ ਲਈ ਗ਼ਦਰ ਦੀ ਪੁਕਾਰ, “ਅਸੀਂ ਹਾਂ ਇਸਦੇ ਮਾਲਕ! ਅਸੀਂ ਹਾਂ ਹਿੰਦੋਸਤਾਨ!” ਇੱਕ ਨਵੇਂ ਹਿੰਦੋਸਤਾਨ ਦਾ ਤਸੱਵਰ ਬਣ ਕੇ ਖੜ੍ਹਾ ਹੈ, ਜੋ ਇੱਕ ਅਸਲੀਅਤ ਬਣਨ ਲਈ ਤਰਸ ਰਿਹਾ ਹੈ। ਆਓ, ਆਪਾਂ ਹਿੰਦੋਸਤਾਨ ਦੇ ਨਵ-ਨਿਰਮਾਣ ਲਈ ਜਾਨ ਤੋੜ ਕੇ ਕੰਮ ਕਰੀਏ – ਜਾਣੀ ਇੱਕ ਅਜੇਹੇ ਰਾਜ ਅਤੇ ਸਿਆਸੀ ਪ੍ਰੀਕ੍ਰਿਆ ਲਈ ਕੰਮ ਕਰੀਏ, ਜੋ ਇਨ੍ਹਾਂ ਅਸੂਲਾਂ ਉੱਤੇ ਅਧਾਰਿਤ ਹੋਵੇ ਕਿ ਪ੍ਰਭੂਸੱਤਾ ਉੱਤੇ ਲੋਕਾਂ ਦਾ ਅਧਿਕਾਰ ਹੈ ਅਤੇ ਸਭ ਲੋਕਾਂ ਲਈ ਸੁੱਖ ਅਤੇ ਸੁਰੱਖਿਆ ਯਕੀਨੀ ਬਣਾਉਣਾ ਰਾਜ ਦਾ ਫਰਜ਼ ਹੈ।

ਅਸੀਂ ਹਾਂ ਇਸਦੇ ਮਾਲਕ! ਅਸੀਂ ਹਾਂ ਹਿੰਦੋਸਤਾਨ!

ਮਜ਼ਦੂਰ, ਕਿਸਾਨ, ਔਰਤ ਅਤੇ ਜਵਾਨ!

close

Share and Enjoy !

Shares

Leave a Reply

Your email address will not be published.