ਕਾਰਲ ਮਾਰਕਸ ਦੀ 202ਵੀਂ ਜਨਮ ਸਾਲਗਿਰ੍ਹਾ ਦੇ ਮੌਕੇ ‘ਤੇ:

ਵਕਤ ਦੀ ਮੰਗ ਹੈ ਕਿ ਪੂੰਜੀਵਾਦ ਦੀ ਥਾਂ ਸਮਾਜਵਾਦ ਸਥਾਪਤ ਕੀਤਾ ਜਾਵੇ!

“ਹਾਕਮ ਜਮਾਤਾਂ ਨੂੰ ਕਮਿਉਨਿਸਟ ਇਨਕਲਾਬ ਦੇ ਡਰ ਨਾਲ ਕੰਬਣੀ ਛਿੜ ਲੈਣ ਦਿਓ। ਮਜ਼ਦੂਰਾਂ ਕੋਲ ਆਪਣੀਆਂ ਜੰਜ਼ੀਰਾਂ ਤੋਂ ਬਿਨਾਂ ਗੁਆਉਣ ਲਈ ਹੋਰ ਕੱੁਝ ਵੀ ਨਹੀਂ ਹੈ। ਉਨ੍ਹਾਂ ਪਾਸ ਜਿੱਤਣ ਲਈ ਸਾਰੀ ਦੁਨੀਆਂ ਹੈ। ਸਭਨਾਂ ਦੇਸ਼ਾਂ ਦੇ ਮਜ਼ਦੂਰੋ, ਇੱਕ ਹੋ ਜਾਓ”। ਕਮਿਉਨਿਸਟ ਪਾਰਟੀ ਦੇ ਮੈਨੀਫੈਸਟੋ ਵਿਚਲੀ ਇਹ ਪ੍ਰਸਿਧ ਲਲਕਾਰ, 5 ਮਈ ਨੂੰ ਕਾਰਲ ਮਾਰਕਸ ਦੇ ਜਨਮ ਦੀ 202ਵੀਂ ਸਾਲਗਿਰ੍ਹਾ ਉੱਤੇ ਦੁਨੀਆਂਭਰ ਵਿੱਚ ਗੂੰਜ ਉਠੀ। ਇਹ ਲਲਕਾਰ ਕ੍ਰੋੜਾਂ ਹੀ ਮਜ਼ਦੂਰਾਂ ਦੇ ਦਿੱਲਾਂ ਨੂੰ ਟੁੰਬ ਰਹੀ ਹੈ, ਜਿਨ੍ਹਾਂ ਦਾ ਗੁੱਸਾ ਸਰਮਾਏਦਾਰੀ ਦੇ ਖ਼ਿਲਾਫ਼ ਸਿਖਰ ਉੱਤੇ ਪਹੁੰਚ ਚੁੱਕਾ ਹੈ।

Karl Marx

ਦੁਨੀਆਂ ਦੀਆਂ ਬਹੁਤੀਆਂ ਸਰਮਾਏਦਾਰਾ ਸਰਕਾਰਾਂ ਵਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਲਾਏ ਗਏ ਲੌਕਡਾਊਨ ਨੇ ਮਜ਼ਦੂਰਾਂ ਨੂੰ ਤਬਾਹ ਕਰ ਸੁੱਟਿਆ ਹੈ। ਲੇਕਿਨ, ਨਸਲਵਾਦੀ ਅਤੇ ਫਿਰਕਾਪ੍ਰਸਤ ਪ੍ਰਚਾਰ ਅਤੇ ਜਮਹੂਰੀ ਹੱਕਾਂ ਉੱਤੇ ਹਮਲਿਆਂ ਦੇ ਖ਼ਿਲਾਫ਼ ਕੋਈ ਲੌਕਡਾਊਨ ਨਹੀਂ ਲਾਗੂ ਹੁੰਦਾ। ਅੰਤਰ-ਸਾਮਰਾਜਵਾਦੀ ਦੁਸ਼ਮਣੀ, ਫੌਜੀਕਰਣ ਅਤੇ ਜੰਗਾਂ ਉੱਤੇ ਕੋਈ ਲੌਕਡਾਊਨ ਨਹੀਂ ਲਾਗੂ। ਇੱਥੋਂ ਤਕ ਕਿ ਅਮਰੀਕਾ, ਚੀਨ ਉੱਤੇ ਇਹ ਵਾਇਰਸ ਫੈਲਾਉਣ ਦਾ ਇਲਜ਼ਾਮ ਲਾ ਰਿਹਾ ਹੈ।

ਪੂੰਜੀਵਾਦ, ਇੱਕ ਅਣਮਨੁੱਖੀ ਢਾਂਚੇ ਬਤੌਰ ਐਨ ਨੰਗਾ ਹੋ ਗਿਆ ਹੈ, ਜਿਸਦਾ ਮਨੋਰਥ ਕ੍ਰੋੜਾਂ ਮਨੁੱਖੀ ਜਾਨਾਂ ਦੀ ਕੀਮਤ ਚੁੱਕਾ ਕੇ ਵੀ ਮਹਾਂ-ਅਮੀਰ ਅਲਪਸੰਖਿਆ ਦੀ ਅਮੀਰੀ ਵਿੱਚ ਵਾਧਾ ਕਰੀ ਜਾਣਾ ਜਾਰੀ ਰੱਖਣਾ ਹੈ। ਦੁਨੀਆਂ ਦੀਆਂ ਜ਼ਿਆਦਾਤਰ ਸਰਮਾਏਦਾਰਾ ਸਰਕਾਰਾਂ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਸਮਾਜ ਦੇ ਸਾਰੇ ਮੈਂਬਰਾਂ ਦੇ ਸਵਾਸਥ ਦਾ ਬਚਾਓ ਕਰਨ ਦੇ ਨਾਕਾਬਲ ਸਾਬਤ ਹੋ ਚੁੱਕੀਆਂ ਹਨ।

ਤਮਾਮ ਤੱਥ ਅਤੇ ਗਤੀਵਿਧੀਆਂ ਤੋਂ, ਮਾਰਕਸ ਦਾ ਇਹ ਵਿਗਿਆਨਕ ਸਿੱਟਾ ਸਹੀ ਸਾਬਤ ਹੁੰਦਾ ਹੈ ਕਿ ਸਰਮਾਏਦਾਰ ਜਮਾਤ ਹੁਣ ਸਮਾਜ ਨੂੰ ਚਲਾਉਣ ਦੇ ਕਾਬਲ ਨਹੀਂ ਰਹੀ। ਸਮਾਜ ਦੀ ਅਗਾਂਹ ਹੋਰ ਤਰੱਕੀ ਕਰਨ ਲਈ, ਮਜ਼ਦੂਰ ਜਮਾਤ ਨੂੰ ਹੁਕਮਰਾਨ ਜਮਾਤ ਬਣਨ ਦੀ ਅਤੇ ਪੂੰਜੀਵਾਦ ਦੀ ਥਾਂ ਸਮਾਜਵਾਦ ਸਥਾਪਤ ਕਰਨ ਦੀ ਲੋੜ ਹੈ।

ਸਰਮਾਏਦਾਰੀ ਲਗਾਤਾਰ ਇਹ ਝੂਠ ਫੈਲਾਉਂਦੀ ਆ ਰਹੀ ਹੈ ਕਿ ਮਾਰਕਸ ਦੇ ਸਿਧਾਂਤਕ ਸਿੱਟੇ ਅਤੇ ਸਿੱਖਿਆਵਾਂ ਪੁਰਾਣੇ ਹੋ ਚੁੱਕੇ ਹਨ ਅਤੇ ਹੁਣ ਇਹ ਵਾਜਬ ਨਹੀਂ ਰਹੇ। ਉਨ੍ਹਾਂ ਦਾ ਮਨੋਰਥ ਇਸ ਆਦਮਖੋਰ ਅਤੇ ਸੰਕਟ-ਗ੍ਰਸਤ ਸਰਮਾਏਦਾਰਾ ਢਾਂਚੇ ਦੀ ਉਮਰ ਲੰਬੀ ਕਰਨਾ ਹੈ। ਉਹ ਮਜ਼ਦੂਰ ਜਮਾਤ ਨੂੰ ਉਸ ਸਿਧਾਂਤ ਨਾਲ ਲੈਸ ਹੋਣ ਤੋਂ ਰੋਕਣਾ ਚਾਹੁੰਦੇ ਹਨ, ਜਿਸ ਤੋਂ ਸੇਧ ਲੈ ਕੇ ਉਹ ਸਰਮਾਏਦਾਰੀ ਦਾ ਤਖਤਾ ਉਲਟਾਉਣ ਅਤੇ ਇੱਕ ਨਵਾਂ ਸਮਾਜਵਾਦੀ ਸਮਾਜ ਉਸਾਰਨ ਦੇ ਆਪਣੇ ਸੰਘਰਸ਼ ਵਿੱਚ ਸਫਲ ਹੋ ਸਕਦੇ ਹਨ।

ਹਿੰਦੋਸਤਾਨ ਵਿੱਚ ਲੌਕਡਾਊਨ ਦੇ ਚੱਲਦਿਆਂ, ਹੁਣ ਤਕ ਕ੍ਰੋੜਾਂ ਮਜ਼ਦੂਰਾਂ ਦੀਆਂ ਨੌਕਰੀਆਂ ਚਲੇ ਗਈਆਂ ਹਨ ਅਤੇ ਜੋ ਕੁੱਝ ਥੋੜ੍ਹਾ-ਬਹੁਤ ਪੈਸਾ ਬਚਿਆ ਵੀ ਸੀ, ਉਹ ਵੀ ਖਤਮ ਹੋ ਚੁੱਕਾ ਹੈ। ਉਹ ਆਪਣੇ ਪਿੰਡਾਂ ਨੂੰ ਜਾਣ ਦਾ ਆਪਣਾ ਹੱਕ ਮੰਗ ਰਹੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਸਰਮਾਏਦਾਰਾਂ ਦੇ ਹਿੱਤਾਂ ਵਿੱਚ ਕੰਮ ਕਰ ਰਹੀਆਂ ਹਨ, ਜਿਹੜੇ (ਸਰਮਾਏਦਾਰ) ਨਹੀਂ ਚਾਹੁੰਦੇ ਕਿ ਮਜ਼ਦੂਰ ਸ਼ਹਿਰਾਂ ਨੂੰ ਛੱਡ ਕੇ ਚਲੇ ਜਾਣ। ਸਰਮਾਏਦਾਰ ਚਾਹੁੰਦੇ ਹਨ ਕਿ ਜਿਉਂ ਹੀ ਲੌਕਡਾਊਨ ਖਤਮ ਹੋਵੇ, ਬੇਰੁਜ਼ਗਾਰ ਮਜ਼ਦੂਰਾਂ ਦੀ ਫੌਜ ਉਨ੍ਹਾਂ ਦੇ ਸਾਹਮਣੇ ਹੱਥ ਅੱਡੀ ਖੜੀ ਹੋਵੇ। ਮਜ਼ਦੂਰ, ਸਰਕਾਰੀ ਅਧਿਕਾਰੀਆਂ ਦੀ ਪ੍ਰਵਾਹ ਨਹੀਂ ਕਰ ਰਹੇ ਅਤੇ ਥਾਂ ਥਾਂ ਉੱਤੇ ਮਜ਼ਦੂਰਾਂ ਅਤੇ ਪੁਲੀਸ ਵਿਚਕਾਰ ਘਮਸਾਣ ਦੀਆਂ ਲੜਾਈਆਂ ਹੋਈਆਂ ਹਨ।

ਸਰਮਾਏਦਾਰੀ ਮੌਜੂਦਾ ਆਸਾਧਾਰਨ ਹਾਲਾਤਾਂ ਦਾ ਫਾਇਦਾ ਉਠਾ ਕੇ ਕਿਰਤ ਦੀ ਲੁੱਟ ਹੋਰ ਤੀਬਰ ਕਰਨਾ ਚਾਹੁੰਦੀ ਹੈ, ਜੋ ਕਿ ਕਈਆਂ ਰਾਜ ਸਰਕਾਰਾਂ ਵਲੋਂ, ਕਾਨੂੰਨੀ ਤੌਰ ਉੱਤੇ ਮਿੱਥੇ ਹੋਏ 8 ਘੰਟਿਆਂ ਦੀ ਦਿਹਾੜੀ ਨੂੰ 12 ਘੰਟੇ ਕਰ ਦਿੱਤੇ ਜਾਣ ਦੇ ਕਦਮਾਂ ਤੋਂ ਦੇਖੀ ਜਾ ਸਕਦੀ ਹੈ। ਇਹ ਉੱਤਰ ਪ੍ਰਦੇਸ਼ ਦੀ ਸਰਕਾਰ ਵਲੋਂ, ਅਗਲੇ ਤਿੰਨਾਂ ਸਾਲਾਂ ਲਈ ਕਿਰਤ ਕਾਨੂੰਨ ਨਿਲੰਿਬਤ ਕਰਨ ਦੇ ਫੈਸਲੇ ਤੋਂ ਦੇਖੀ ਜਾ ਸਕਦੀ ਹੈ।

ਕਰੋਨਾਵਾਇਰਸ ਦੀ ਵਜ੍ਹਾ ਨਾਲ ਲਾਗੂ ਕੀਤੇ ਲੌਕਡਾਊਨ ਨੇ ਸਾਡੇ ਦੇਸ਼ ਦੇ ਕ੍ਰੋੜਾਂ ਹੀ ਮਜ਼ਦੂਰਾਂ ਨੂੰ ਸਰਮਾਏਦਾਰਾ ਢਾਂਚੇ ਦੇ ਅਣਮਨੁੱਖੀ ਖਾਸੇ ਬਾਰੇ ਜਾਗਰਿਤ ਕਰ ਦਿੱਤਾ ਹੈ। ਇਸਨੇ ਮਜ਼ਦੂਰਾਂ ਨੂੰ ਆਪਣੀ ਗਿਣਤੀ ਦੀ ਤਾਕਤ ਬਾਰੇ ਜਾਗਰਿਤ ਕਰ ਦਿੱਤਾ ਹੈ ਅਤੇ ਸਮਾਜ ਵਿੱਚ ਆਪਣੀ ਦੀ ਭੂਮਿਕਾ ਦੀ ਅਹਿਮੀਅਤ ਤੋਂ ਵੀ ਜਾਣੂੰ ਕਰਵਾ ਦਿੱਤਾ ਹੈ।

ਮਾਰਕਸ ਦੀ 202ਵੀਂ ਜਨਮ ਸਾਲਗਿਰ੍ਹਾ ਦੇ ਅਵਸਰ ਉੱਤੇ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਆਪਣੇ ਇਸ ਪ੍ਰਣ ਨੂੰ ਦੁਹਰਾਉਂਦੀ ਹੈ ਕਿ ਤਮਾਮ ਦੱਬੇ-ਕੁਚਲੇ ਲੋਕਾਂ ਨੂੰ ਅਗਵਾਈ ਦੇਣ ਲਈ, ਸਰਮਾਏਦਾਰ ਜਮਾਤ ਦੀ ਹਕੂਮਤ ਦਾ ਤਖਤਾਪਲਟ ਕਰਨ ਲਈ, ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕਰਨ ਲਈ ਅਤੇ ਇੱਕ ਆਧੁਨਿਕ ਤੇ ਸਮਾਜਵਾਦੀ ਹਿੰਦੋਸਤਾਨ ਦੀਆਂ ਨਵੀਂਆਂ ਨੀਂਹਾਂ ਰੱਖਣ ਲਈ ਮਜ਼ਦੂਰ ਜਮਾਤ ਨੂੰ ਇਕਮੁੱਠ ਕਰਦੀ ਰਹੇਗੀ।

ਕਾਰਲ ਮਾਰਕਸ ਵਲੋਂ ਕੱਢੇ ਗਏ ਮੁੱਖ ਸਿਧਾਂਤਕ ਸਿੱਟੇ

ਕਾਰਲ ਮਾਰਕਸ ਨੇ ਮਨੁੱਖ ਜਾਤੀ ਦੇ ਵਿਕਾਸ ਦਾ ਆਮ ਨਿਯਮ (ਜਮਾਤੀ ਸੰਘਰਸ਼ ਦਾ ਸਿਧਾਂਤ) ਅਤੇ ਸਰਮਾਏਦਾਰਾ ਸਮਾਜ ਦੀ ਗਤੀ ਦੇ ਖਾਸ ਨਿਯਮ (ਵਾਧੂ ਮੁੱਲ ਦਾ ਸਿਧਾਂਤ) ਨੂੰ ਖੋਜਿਆ ਅਤੇ ਸਿੱਧ ਕੀਤਾ। ਉਸ ਨੇ ਸਮਝਾਇਆ ਕਿ ਕਿਰਤ-ਮਜ਼ਦੂਰੀ ਦੀ ਲੁੱਟ ਸਰਮਾਏਦਾਰਾ ਮੁਨਾਫੇ ਦਾ ਸੋਮਾ ਹੈ। ਉਹਨੇ ਆਦਮ ਕਾਲ ਦੇ ਪੜਾਅ ਤੋਂ ਸ਼ੁਰੂ ਕਰਕੇ, ਉਸਤੋਂ ਬਾਅਦ ਲਗਾਤਾਰ, ਉਹਦੇ ਨਾਲੋਂ ਬੇਹਤਰ ਮਨੁੱਖੀ ਸਮਾਜਾਂ ਦੀ ਉਤਪਤੀ ਹੁੰਦੇ ਰਹਿਣ ਦਾ ਵਿਸ਼ਲੇਸ਼ਣ ਕਰਕੇ ਸਾਬਤ ਕੀਤਾ ਕਿ ਇਹ ਜਮਾਤੀ ਸੰਘਰਸ਼ਾਂ ਦੇ ਨਤੀਜੇ ਵਜੋਂ ਹੁੰਦੀ ਆਈ ਹੈ। ਉਸਨੇ ਦਿਖਾਇਆ ਕਿ ਜਦੋਂ ਉਤਪਾਦਨ ਦੇ ਮੌਜੂਦਾ ਸਬੰਧ ਉਤਪਾਦਕ ਤਾਕਤਾਂ ਦੇ ਅੱਗੇ ਵਿਕਾਸ ਦੇ ਮੂਹਰੇ ਰੋੜਾ ਬਣ ਜਾਂਦੇ ਹਨ ਤਾਂ ਸਮਾਜ ਦੀ ਹੋਰ ਤਰੱਕੀ ਵਾਸਤੇ ਇਨਕਲਾਬ ਲਿਆਉਣਾ ਜ਼ਰੂਰੀ ਸ਼ਰਤ ਬਣ ਜਾਂਦਾ ਹੈ।

ਉਸਨੇ ਇਹ ਸਿੱਟਾ ਕੱਢਿਆ ਕਿ ਸਰਮਾਏਦਾਰਾ ਸਮਾਜ, ਜਮਾਤਾਂ ਵਿੱਚ ਵੰਡੇ ਹੋਏ ਸਮਾਜ ਦਾ ਆਖਰੀ ਰੂਪ ਹੈ। ਉਸਨੇ ਇਹ ਖਿਆਲ ਪੇਸ਼ ਕੀਤਾ ਕਿ ਸਰਮਾਏਦਾਰਾ ਸਮਾਜ ਤੋਂ ਅਗਲਾ ਉਚੇਰਾ ਪੜਾਅ, ਇੱਕ ਜਮਾਤਾਂ-ਰਹਿਤ ਸਮਾਜ, ਜਾਣੀ ਇੱਕ ਕਮਿਉਨਿਸਟ ਸਮਾਜ ਹੋਵੇਗਾ, ਜਿਸ ਦਾ ਸ਼ੁਰੂਆਤੀ ਪੜਾਅ ਸਮਾਜਵਾਦ ਹੋਵੇਗਾ।

ਉਸਨੇ ਇਹ ਪਹਿਚਾਣ ਕੱਢੀ ਕਿ ਪੂੰਜੀਵਾਦ ਦੀ ਬੁਨਿਆਦੀ ਵਿਰੋਧਤਾਈ ਇਹ ਹੈ ਕਿ ਉਤਪਾਦਨ ਦਾ ਖਾਸਾ ਸਮਾਜਿਕ ਹੈ ਪਰ ਉਤਪਾਦਨ ਦੇ ਸਾਧਨਾਂ ਉੱਤੇ ਮਾਲਕੀ ਨਿੱਜੀ ਹੈ (ਜਾਣੀ ਉਤਪਾਦਨ ਸਮਾਜ ਦੇ ਮੈਂਬਰ ਮਿਲਕੇ ਕਰਦੇ ਹਨ, ਪਰ ਜਿਨ੍ਹਾਂ ਸਾਧਨਾਂ ਜਾਂ ਮਸ਼ੀਨਰੀ ਆਦਿ ਨਾਲ ਉਤਪਾਦਨ ਕੀਤਾ ਜਾ ਰਿਹਾ ਹੈ ਉਹ ਕਿਸੇ ਨਿੱਜੀ ਵਿਅਕਤੀ ਦੀ ਜਾਇਦਾਦ ਹਨ)। ਕਿਰਤ ਦੀ ਲੁੱਟ ਦੇ ਜ਼ਰੀਏ ਸਰਮਾਏਦਾਰਾ ਮੁਨਾਫੇ ਵਧਾਉਂਦੇ ਰਹਿਣ ਦਾ ਮੁੱਖ ਉਦੇਸ਼, ਉਤਪਾਦਿਕ ਸ਼ਕਤੀਆਂ ਦੇ ਲਗਾਤਾਰ ਵਿਕਾਸ ਲਈ ਇੱਕ ਰੋੜਾ ਬਣ ਜਾਂਦਾ ਹੈ, ਇਸਦੇ ਨਤੀਜੇ ਵਜੋਂ ਬਾਰ-ਬਾਰ ਬਹੁਤ ਜ਼ਿਆਦਾ ਉਤਪਾਦਨ ਦੇ ਸੰਕਟ ਪੈਦਾ ਹੁੰਦੇ ਹਨ। ਇਨ੍ਹਾਂ ਸੰਕਟਾਂ ਦੁਰਾਨ ਉਤਪਾਦਨ ਘਟ ਜਾਂਦਾ ਹੈ ਅਤੇ ਉਤਪਾਦਿਕ ਸ਼ਕਤੀਆਂ ਤਬਾਹ ਹੋ ਜਾਂਦੀਆਂ ਹਨ, ਕਿਉਂਕਿ ਮੇਹਨਤਕਸ਼ ਲੋਕਾਂ ਕੋਲ ਉਨ੍ਹਾਂ ਚੀਜ਼ਾਂ ਨੂੰ ਖਰੀਦਣ ਲਈ ਪੈਸੇ ਨਹੀਂ ਹੁੰਦੇ, ਜਿਹੜੀਆਂ ਸਰਮਾਏਦਾਰ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਹਨ।

ਮਾਰਕਸ ਨੇ ਰਾਹ ਦਿਖਾਇਆ ਕਿ ਪੂੰਜੀਵਾਦ ਦੀ ਬੁਨਿਆਦੀ ਵਿਰੋਧਤਾਈ ਦਾ ਹੱਲ ਹੋ ਸਕਦਾ ਹੈ ਅਤੇ ਕੀਤਾ ਜਾਣਾ ਜ਼ਰੂਰੀ ਹੈ। ਉਤਪਾਦਨ ਦੇ ਸਾਧਨਾਂ ਨੂੰ ਨਿੱਜੀ ਤੋਂ ਬਦਲ ਕੇ ਸਮਾਜ ਦੀ ਜਾਇਦਾਦ ਬਣਾ ਦੇਣਾ ਜ਼ਰੂਰੀ ਹੈ, ਜਿਸ ਨਾਲ ਸੰਭਵ ਹੋ ਸਕੇਗਾ ਕਿ ਉਤਪਾਦਨ ਦਾ ਉਦੇਸ਼ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਬਣ ਜਾਵੇ ਨਾ ਕਿ ਸਰਮਾਏਦਾਰਾ ਲਾਲਚਾਂ ਦੀ ਪੂਰਤੀ ਕਰਨਾ। ਮਾਰਕਸ ਨੇ ਇਹ ਪਹਿਚਾਣ ਕੱਢੀ ਕਿ ਕੇਵਲ ਮਜ਼ਦੂਰ ਜਮਾਤ ਹੀ ਉਹ ਇਨਕਲਾਬੀ ਜਮਾਤ ਹੈ, ਜਿਸ ਵਿੱਚ ਸਮਾਜ ਨੂੰ ਪੂੰਜੀਵਾਦ ਤੋਂ ਸਮਾਜਵਾਦ ਵਿੱਚ ਬਦਲ ਦੇਣ ਲਈ ਅਗਵਾਈ ਦੇਣ ਦੀ ਤਾਕਤ ਵੀ ਹੈ ਅਤੇ ਹਿੱਤ ਵੀ।

ਮਾਰਕਸ ਨੇ ਇਹ ਸਵੀਕਾਰ ਕੀਤਾ ਕਿ ਉਸ ਤੋਂ ਪਹਿਲਾਂ ਵੀ ਕਈ ਵਿਚਾਰਵਾਨਾਂ ਨੇ ਜਮਾਤੀ ਸੰਘਰਸ਼ ਨੂੰ ਸਮਾਜਿਕ ਵਿਕਾਸ ਦੀ ਪ੍ਰੇਰਿਕ ਸ਼ਕਤੀ ਦੇ ਤੌਰ ‘ਤੇ ਪਹਿਚਾਨ ਕੱਢ ਲਈ ਸੀ। ਮਾਰਕਸ ਦਾ ਅਨੂਠਾ ਯੋਗਦਾਨ ਇਹ ਸਿੱਟਾ ਕੱਢਣਾ ਸੀ ਕਿ ਆਧੁਨਿਕ ਸਮਾਜ ਦੇ ਅੰਦਰ ਜਮਾਤੀ ਸੰਘਰਸ਼ ਦਾ ਲਾਜ਼ਮੀ ਨਤੀਜਾ ਸਰਮਾਏਦਾਰੀ ਦੀ ਤਾਨਾਸ਼ਾਹੀ ਦਾ ਤਖਤਾਪਲਟ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਹੋਵੇਗਾ। ਇਹ ਸਮਾਜ ਵਿੱਚ ਤਮਾਮ ਜਮਾਤੀ ਵੰਡਾਂ ਦੇ ਖਾਤਮੇ ਦੀ ਪੂਰਵ-ਸੰਧਿਆ ਹੋਵੇਗੀ।

close

Share and Enjoy !

Shares

Leave a Reply

Your email address will not be published.