ਨਾਜ਼ੀ ਜਰਮਨੀ ਵਲੋਂ ਹਥਿਆਰ ਸੁੱਟਣ ਦੀ 75ਵੀਂ ਵਰ੍ਹੇਗੰਢ ਉਤੇ:

ਇਤਿਹਾਸ ਦੇ ਸਬਕਾਂ ਨੂੰ ਕਦੇ ਨਾ ਭੁੱਲੋ!

9 ਮਈ, 1945 ਨੂੰ ਨਾਜ਼ੀ ਜਰਮਨੀ ਨੇ ਹਥਿਆਰ ਸੁੱਟ ਦਿੱਤੇ ਅਤੇ ਇਸ ਨਾਲ ਯੂਰਪ ਵਿੱਚ ਜੰਗ ਖਤਮ ਹੋ ਗਈ। ਇਸ ਤੋਂ ਪਹਿਲਾਂ, ਦੂਸਰੇ ਵਿਸ਼ਵ ਯੁੱਧ ਦੀ ਯੂਰਪ ਵਿੱਚ ਆਖਰੀ ਵੱਡੇ ਪੈਮਾਨੇ ਦੀ ਕਾਰਵਾਈ ਕੀਤੀ ਗਈ ਸੀ, ਜਿਸ ਨੂੰ ਕਿ ਬਰਲਿਨ ਦੀ ਜੰਗ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ। ਇਸ ਹੱਲੇ ਵਿਚ ਸੋਵੀਅਤ ਸੰਘ ਦੀ ਲਾਲ ਫੌਜ ਦੇ 15 ਲੱਖ ਫੌਜੀਆਂ ਨੇ ਹਿਟਲਰ ਦੀ ਬਚੀ ਖੁਚੀ ਫੌਜ ਨੂੰ ਹਰਾ ਦਿੱਤਾ ਅਤੇ ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਦਾਖਲ ਹੋ ਕੇ 2 ਮਈ ਨੂੰ ਉਥੋਂ ਦੀ ਸੰਸਦ (ਰੀਚਸਟੈਗ) ਉੱਤੇ ਲਾਲ ਝੰਡਾ ਲਹਿਰਾ ਦਿੱਤਾ। ਕੁੱਝ ਮਹੀਨਿਆਂ ਬਾਅਦ, 15 ਅਗਸਤ ਨੂੰ ਜਪਾਨ ਵਲੋਂ ਹਥਿਆਰ ਸੁੱਟ ਦੇਣ ਨਾਲ ਦੁਸਰਾ ਵਿਸ਼ਵ ਯੁੱਧ ਸਮਾਪਤ ਹੋ ਗਿਆ।

ਜਰਮਨੀ, ਜਪਾਨ ਅਤੇ ਇਟਲੀ ਦੇ ਹਾਰ ਜਾਣ ਦੇ ਨਾਲ ਹੀ ਦੁਨੀਆਂ-ਭਰ ਵਿੱਚ ਸਾਮਰਾਜਵਾਦ ਅਤੇ ਬਸਤੀਵਾਦ ਦੇ ਖ਼ਿਲਾਫ਼ ਕੌਮਾਂ ਦੀ ਅਜ਼ਾਦੀ, ਜਮਹੂਰੀਅਤ ਅਤੇ ਸਮਾਜਵਾਦ ਲਈ ਜਨਤਕ ਸੰਘਰਸ਼ਾਂ ਵਿੱਚ ਬੜੀ ਹੀ ਤੇਜ਼ੀ ਨਾਲ ਉਭਾਰ ਆਉਣੇ ਸ਼ੁਰੂ ਹੋ ਗਏ। ਯੂਰਪ ਅਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਸਾਮਰਾਜਵਾਦੀ ਢਾਂਚੇ ਦੀ ਜਕੜ੍ਹ ਤੋਂ ਮੁਕਤ ਹੋ ਗਏ। ਅਕਤੂਬਰ 1945 ਵਿੱਚ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਹੋਈ, ਜਿਸਦੇ ਸਾਰੇ ਮੈਂਬਰ ਦੇਸ਼ ਕੌਮਾਂ ਦੇ ਸਵੈ-ਨਿਰਣੇ ਅਤੇ ਸਭ ਵੱਡੇ ਜਾਂ ਛੋਟੇ ਦੇਸ਼ਾਂ ਦੀ ਅਜ਼ਾਦੀ ਅਤੇ ਪ੍ਰਭੂਸੱਤਾ ਦੇ ਅਧਿਕਾਰ ਦੇ ਅਸੂਲ ਉੱਤੇ ਸਹਿਮਤ ਹੋਏ।

ਹੁਣ 75 ਸਾਲਾਂ ਤੋਂ ਬਾਅਦ, ਮਨੁੱਖਤਾ ਫਿਰ ਇੱਕ ਤੀਸਰੇ ਵਿਸ਼ਵ ਯੁੱਧ ਦੀ ਕਗਾਰ ਉੱਤੇ ਖੜ੍ਹੀ ਹੈ, ਜੋ ਪਿਛਲੇ ਦੋਵਾਂ ਵਿਸ਼ਵ ਯੁੱਧਾਂ ਤੋਂ ਬਹੁਤ ਜ਼ਿਆਦਾ ਤਬਾਹਕੁੰਨ ਹੋਵੇਗਾ। ਅਮਰੀਕੀ ਸਾਮਰਾਜਵਾਦ ਦੁਨੀਆਂ ਵਿੱਚ ਆਪਣੀ ਸਰਦਾਰੀ ਅਤੇ ਚੌਧਰ ਕਾਇਮ ਰੱਖਣ ਦੀ ਕੋਸ਼ਿਸ਼ ਵਿੱਚ, ਤਮਾਮ ਅੰਤਰਰਾਸ਼ਟਰੀ ਕਾਇਦੇ-ਕਾਨੂੰਨਾਂ ਅਤੇ ਸਮਝੌਤਿਆਂ ਦੀ ਸ਼ਰ੍ਹੇਆਮ ਅਵੱਗਿਆ ਕਰ ਰਿਹਾ ਹੈ। ਉਹਨੇ ਇਰਾਨ, ਵੈਨਜ਼ੂਏਲਾ, ਕਿਊਬਾ ਅਤੇ ਰੂਸ ਦੇ ਖ਼ਿਲਾਫ਼ ਕਠੋਰ ਆਰਥਿਕ ਬੰਦਸ਼ਾਂ ਲਾਈਆਂ ਹੋਈਆਂ ਹਨ। ਉਹ ਕਰੋਨਾ ਵਾਇਰਸ ਦੀ ਵੈਸ਼ਵਿਕ ਮਹਾਂਮਾਰੀ ਦਾ ਫਾਇਦਾ ਉਠਾ ਕੇ, ਆਪਣੇ ਦੇਸ਼ ਦੇ ਅੰਦਰ ਜਮਹੂਰੀ ਅਧਿਕਾਰਾਂ ਉੱਤੇ ਫਾਸ਼ੀ ਹਮਲੇ ਕਰ ਰਿਹਾ ਹੈ ਅਤੇ ਚੀਨ ਨੂੰ ਨਿਖੇੜ ਕੇ ਉਸ ਉੱਤੇ ਹਮਲਾ ਕਰਨ ਲਈ, ਆਪਣੇ ਯੂਰਪੀ ਦੋਸਤਾਂ ਅਤੇ ਹਿੰਦੋਸਤਾਨ ਸਮੇਤ ਕਈ ਏਸ਼ੀਆਈ ਦੋਸਤਾਂ ਨੂੰ ਲਾਮਬੰਦ ਕਰ ਰਿਹਾ ਹੈ।

ਬਰਤਾਨਵੀ-ਅਮਰੀਕੀ ਸਾਮਰਾਜਵਾਦੀਆਂ ਨੇ ਆਪਣੇ ਮਨਹੂਸ ਇਰਾਦਿਆਂ ਦੇ ਮੁਤਾਬਿਕ ਦੂਸਰੇ ਵਿਸ਼ਵ ਯੁੱਧ ਦੇ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਵਿੱਚ ਕੋਈ ਕਸਰ ਨਹੀਂ ਛੱਡੀ। ਉਹ ਸੋਵੀਅਤ ਸੰਘ ਅਤੇ ਜੇ.ਵੀ. ਸਟਾਲਿਨ ਵਲੋਂ ਦੁਨੀਆਂ ਦੇ ਫਾਸ਼ੀਵਾਦ-ਵਿਰੋਧੀ ਅਤੇ ਅਜ਼ਾਦੀ-ਪਸੰਦ ਲੋਕਾਂ ਦੇ ਆਗੂ ਬਤੌਰ, ਦੂਸਰੇ ਵਿਸ਼ਵ ਯੁੱਧ ਨੂੰ ਖਤਮ ਕਰਨ ਵਿੱਚ ਅਦਾ ਕੀਤੀ ਗਈ ਬਹਾਦਰਾਨਾ ਅਤੇ ਫੈਸਲਾਕੁੰਨ ਭੂਮਿਕਾ ਉਤੇ ਪੋਚਾ ਫੇਰ ਦੇਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਇਹ ਯਕੀਨ ਕਰ ਲੈਣ ਕਿ ਅਮਰੀਕਾ, ਬਰਤਾਨੀਆਂ ਅਤੇ ਫਰਾਂਸ “ਕੌਮਾਂ ਅਤੇ ਦੇਸ਼ਾਂ ਦੀ ਅਜ਼ਾਦੀ ਨੂੰ ਫਾਸ਼ੀ ਤਾਕਤਾਂ ਤੋਂ ਬਚਾ ਰਹੇ ਸਨ”, ਜਦ ਕਿ ਸੋਵੀਅਤ ਸੰਘ ਨੇ ਉਨ੍ਹਾਂ ਉੱਤੇ ਕਬਜ਼ਾ ਕਰਨ ਲਈ ਹਿਟਲਰੀ ਜਰਮਨੀ ਨਾਲ ਤਥਾਕਥਿਤ ਸਹਿਯੋਗ ਕੀਤਾ ਸੀ।

ਦੂਸਰਾ ਵਿਸ਼ਵ ਯੁੱਧ, ਉਸ ਸਮੇਂ ਦੀਆਂ ਵੱਡੀਆਂ ਸਾਮਰਾਜਵਾਦੀ ਤਾਕਤਾਂ ਵਿਚਕਾਰ ਦੁਨੀਆਂ ਨੂੰ ਮੁੜ ਕੇ ਆਪਸ ਵਿੱਚ ਵੰਡਣ ਵਾਸਤੇ ਸ਼ੁਰੂ ਕੀਤਾ ਗਿਆ ਸੀ। ਯੁੱਧ ਦੇ ਸਮੁੱਚੇ ਅਰਸੇ ਦੁਰਾਨ, ਇੱਕ ਪਾਸੇ ਜਰਮਨੀ, ਜਪਾਨ ਅਤੇ ਇਟਲੀ ਅਤੇ ਉਨ੍ਹਾਂ ਦੇ ਦੋਸਤ ਦੇਸ਼ਾਂ ਦਾ ਅਤੇ ਦੂਸਰੇ ਪਾਸੇ ਬਰਤਾਨੀਆਂ, ਫਰਾਂਸ ਅਤੇ ਅਮਰੀਕਾ ਦਾ ਇਹੀ ਉਦੇਸ਼ ਕਾਇਮ ਰਿਹਾ। ਉਨ੍ਹਾਂ ਨੇ ਆਪਣੀਆਂ ਬਸਤੀਆਂ, ਮੰਡੀਆਂ, ਕੱਚੇ ਮਾਲ ਦੇ ਸਰੋਤਾਂ ਅਤੇ ਅਸਰ-ਰਸੂਖ ਦੀ ਹਿਫਾਜ਼ਤ ਲਈ ਜਾਂ ਇਨ੍ਹਾਂ ਨੂੰ ਹੋਰ ਵਧਾਉਣ ਦੀ ਖਾਤਰ ਯੁੱਧ ਕੀਤਾ ਸੀ।

ਪਰ ਸੋਵੀਅਤ ਸੰਘ ਦੀ ਭੂਮਿਕਾ ਉਸ ਜੰਗ ਵਿੱਚ ਬਿਲਕੁੱਲ ਵੱਖਰੀ ਸੀ। ਸੋਵੀਅਤ ਸੰਘ ਸਾਮਰਾਜਵਾਦੀ ਯੁੱਧ ਦੇ ਖ਼ਿਲਾਫ਼ ਸੀ ਅਤੇ ਅਮਨ ਦੀ ਹਿਫਾਜ਼ਤ ਲਈ ਲਗਾਤਾਰ ਸਫਾਰਤੀ ਜੱਦੋ-ਜਹਿਦ ਕਰਦਾ ਰਿਹਾ। ਜਦੋਂ 22 ਜੂਨ 1941 ਨੂੰ ਨਾਜ਼ੀ ਜਰਮਨੀ ਨੇ ਸੋਵੀਅਤ ਸੰਘ ਉੱਤੇ ਹਮਲਾ ਕਰ ਦਿੱਤਾ ਤਾਂ ਉਸਨੇ ਇਹਦਾ ਮੁਕਾਬਲਾ ਕੀਤਾ। ਸੋਵੀਅਤ ਸੰਘ ਨੇ ਬਸਤੀਆਂ, ਮੰਡੀਆਂ ਜਾਂ ਅਸਰ-ਰਸੂਖ ਖੇਤਰਾਂ ਵਾਸਤੇ ਨਹੀਂ, ਬਲਕਿ ਸਮਾਜਵਾਦ ਦੀ ਹਿਫਾਜ਼ਤ ਲਈ ਲੜਾਈ ਲੜੀ ਸੀ। ਸੋਵੀਅਤ ਸੰਘ ਦੀ ਦੇਸ਼-ਭਗਤ ਜੰਗ ਨੇ ਉਨ੍ਹਾਂ ਸਭ ਦੇਸ਼ਾਂ ਦੇ ਲੋਕਾਂ ਨੂੰ ਉਤਸ਼ਾਹਤ ਕੀਤਾ, ਜਿਹੜੇ ਕਬਜ਼ਾਕਾਰੀ ਤਾਕਤਾਂ ਦੇ ਖ਼ਿਲਾਫ਼ ਲੜ ਰਹੇ ਸਨ। ਸੋਵੀਅਤ ਲੋਕਾਂ ਦੇ ਯੁੱਧ ਤੋਂ ਉਤਸ਼ਾਹਤ ਹੋ ਕੇ ਬਸਤੀਆਂ ਅਤੇ ਗੁਲਾਮ ਦੇਸ਼ਾਂ ਦੇ ਲੋਕ ਸਾਮਰਾਜਵਾਦ, ਫਾਸ਼ੀਵਾਦ ਅਤੇ ਬਸਤੀਵਾਦ ਦੇ ਖ਼ਿਲਾਫ਼ ਰਾਸ਼ਟਰੀ ਪ੍ਰਭੂਸੱਤਾ ਅਤੇ ਲੋਕ ਜਮਹੂਰੀਅਤ ਵਾਸਤੇ ਉਠ ਖੜ੍ਹੇ ਹੋਏ।

ਪਹਿਲੇ ਵਿਸ਼ਵ ਯੁੱਧ ਵਿਚ ਜਰਮਨੀ ਦੀ ਹਾਰ ਤੋਂ ਬਾਅਦ, ਉਸ ਕੋਲੋਂ ਉਸਦੀਆਂ ਸਭ ਬਸਤੀਆਂ ਅਤੇ ਉਸਦੇ ਆਪਣੇ ਕੱੁਝ ਇਲਾਕੇ ਵੀ ਖੋਹ ਲਏ ਗਏ ਸਨ। ਜਰਮਨੀ ਦੀ ਵਿੱਤੀ ਜੁੰਡਲੀ ਨੇ ਹਿਟਲਰ ਦੀ ਨਾਜ਼ੀ ਪਾਰਟੀ ਨੂੰ ਸੱਤਾ ‘ਤੇ ਬਿਠਾਇਆ, ਤਾਂ ਕਿ ਜਰਮਨ ਲੋਕਾਂ ਦੀਆਂ ਸ਼ਰਮਿੰਦਗੀ ਦੀਆਂ ਭਾਵਨਾਵਾਂ ਨੂੰ ਆਪਣੇ ਹਿੱਤ ਵਿੱਚ ਵਰਤ ਕੇ ਨਵੇਂ ਇਲਾਕੇ, ਮੰਡੀਆਂ ਅਤੇ ਕੱਚੇ ਮਾਲ ਦੇ ਸਰੋਤਾਂ ਉੱਤੇ ਕਬਜ਼ਾ ਕਰਨ ਲਈ ਹਮਲਾਵਰ ਫੌਜੀ ਮੁਹਿੰਮ ਵਿੱਢੀ ਜਾਵੇ। ਨਾਜ਼ੀ ਪਾਰਟੀ ਨੇ ਜਰਮਨੀ ਦੇ ਅੰਦਰ ਯਹੂਦੀ ਲੋਕਾਂ ਦੀ ਨਸਲਕੁਸ਼ੀ ਜਥੇਬੰਦ ਕੀਤੀ ਅਤੇ ਮਜ਼ਦੂਰ ਜਮਾਤ, ਟਰੇਡ ਯੂਨੀਅਨਾਂ ਤੇ ਸਭ ਜਮਹੂਰੀ ਤਾਕਤਾਂ ਦੇ ਖ਼ਿਲਾਫ਼ ਸ਼ਰ੍ਹੇਆਮ ਵਹਿਸ਼ੀ ਅਤਿਆਚਾਰ ਛੇੜ ਦਿੱਤਾ।

ਅਮਰੀਕਾ ਨੇ ਬਰਤਾਨੀਆਂ ਨਾਲ ਖਹਿਬਾਜ਼ੀ ਹੋਣ ਕਰਕੇ, ਯੂਰਪ ਵਿੱਚ ਆਪਣਾ ਦਬਦਬਾ ਸਥਾਪਤ ਕਰਨ ਲਈ ਜਰਮਨੀ ਦੀ ਖੂਬ ਵਿੱਤੀ ਸਹਾਇਤਾ ਕੀਤੀ ਅਤੇ ਉਸਨੂੰ ਦੁਬਾਰਾ ਹਥਿਆਰਬੰਦ ਕੀਤਾ। ਰੌਕੀਫੈਲਰ ਅਤੇ ਹੋਰ ਅਮਰੀਕੀ ਵਿੱਤੀ ਜੁੰਡਲੀਆਂ ਨੇ ਨਾਜ਼ੀ ਜਰਮਨੀ ਦੇ ਫੌਜੀਕਰਣ ਦੇ ਪ੍ਰੋਗਰਾਮ ਲਈ ਕ੍ਰੋੜਾਂ ਡਾਲਰ ਦਿੱਤੇ। ਬਰਤਾਨੀਆਂ ਅਤੇ ਫਰਾਂਸ ਨੇ ਜਰਮਨੀ ਨੂੰ ਸੋਵੀਅਤ ਸੰਘ ਦੇ ਖ਼ਿਲਾਫ਼ ਉਕਸਾਉਣ ਲਈ ਇੱਕ ਸੋਚੀ-ਸਮਝੀ ਨੀਤੀ ਅਪਣਾਈ।

ਸੋਵੀਅਤ ਸੰਘ ਨੇ ਬਰਤਾਨੀਆਂ ਅਤੇ ਫਰਾਂਸ ਨੂੰ ਬਾਰ-ਬਾਰ ਅਪੀਲਾਂ ਕੀਤੀਆਂ ਕਿ ਨਾਜ਼ੀ ਜਰਮਨੀ ਦੀ ਹਮਲਾਵਰ ਮੁਹਿੰਮ ਨੂੰ ਰੋਕਣ ਲਈ ਆਪਸੀ ਸਹਿਯੋਗ ਦਾ ਸਮਝੌਤਾ ਕਰ ਲਿਆ ਜਾਵੇ। ਬਰਤਾਨੀਆਂ ਅਤੇ ਫਰਾਂਸ ਨੇ ਸੋਵੀਅਤ ਸੰਘ ਦੇ ਇਨ੍ਹਾਂ ਸੁਝਾਵਾਂ ਨੂੰ ਠੁਕਰਾ ਦਿੱਤਾ ਅਤੇ 1938 ਵਿੱਚ ਜਰਮਨੀ ਨਾਲ ਬਦਨਾਮ ਮਿਉਨਿਕ ਸਮਝੌਤਾ ਕਰ ਲਿਆ। ਜਰਮਨੀ ਅਤੇ ਇਟਲੀ ਵਲੋਂ ਇੱਕ ਤੋਂ ਬਾਅਦ ਦੂਸਰੇ ਦੇਸ਼ ਉਤੇ ਹਮਲਿਆਂ ਅਤੇ ਕਬਜ਼ਿਆਂ ਨੂੰ ਚੁੱਪਚਾਪ ਬੈਠੇ ਦੇਖਦੇ ਰਹੇ। ਸੋਵੀਅਤ ਸੰਘ ਕੋਲ ਹੁਣ ਆਪਣੀ ਹਿਫਾਜ਼ਤ ਕਰਨ ਅਤੇ ਅਮਨ-ਸ਼ਾਂਤੀ ਦੇ ਕਾਜ਼ ਲਈ ਜੋ ਵੀ ਕਦਮ ਉਠਾਏ ਜਾ ਸਕਦੇ ਸਨ, ਉਠਾਉਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਅਗਸਤ 1939 ਵਿੱਚ ਸੋਵੀਅਤ ਸੰਘ ਨੇ ਜਰਮਨੀ ਨਾਲ, ਇੱਕ-ਦੂਸਰੇ ਉੱਤੇ ਹਮਲਾ ਨਾ ਕਰਨ ਦਾ ਸਮਝੌਤਾ ਕਰ ਲਿਆ, ਹਾਲਾਂਕਿ ਉਸਨੂੰ ਪੱਕਾ ਪਤਾ ਵੀ ਸੀ ਕਿ ਜਰਮਨੀ ਇਸ ਸਮਝੌਤੇ ਨੂੰ ਮੌਕਾ ਆਉਣ ਉਤੇ ਤੋੜ ਦੇਵੇਗਾ। ਬਰਤਾਨੀਆਂ-ਫਰਾਂਸ ਵਲੋਂ ਜਰਮਨੀ ਨੂੰ ਖੁਸ਼ ਰੱਖਣ ਦੀ ਨੀਤੀ ਨਾਲ ਪੈਦਾ ਹੋਈਆਂ ਗੈਰ-ਮੁਆਫਕ ਹਾਲਾਤਾਂ ਵਿੱਚ, ਜਰਮਨੀ ਨਾਲ ਇੱਕ-ਦੂਸਰੇ ਉਤੇ ਹਮਲਾ ਨਾ ਕਰਨ ਦੇ ਸਮਝੌਤੇ ਨੇ ਸੋਵੀਅਤ ਸੰਘ ਨੂੰ ਜਰਮਨ ਹਮਲੇ, ਜੋ 22 ਜੂਨ 1941 ਨੂੰ ਸ਼ੁਰੂ ਹੋਇਆ, ਦਾ ਮੁਕਾਬਲਾ ਕਰਨ ਲਈ ਤਿਆਰੀਆਂ ਕਰਨ ਵਾਸਤੇ 22 ਮਹੀਨਿਆਂ ਦਾ ਸਮਾਂ ਦਿੱਤਾ।

ਅਮਰੀਕਾ ਨੇ ਦੂਸਰੇ ਵਿਸ਼ਵ ਯੁੱਧ ਵਿਚ ਸ਼ਾਮਲ ਹੋਣ ਦਾ ਜੋ ਰਣਨੈਤਿਕ ਪੈਂਤੜਾ ਖੇਡਿਆ, ਉਸਦਾ ਮਕਸਦ ਸੀ ਦੁਨੀਆਂ ਵਿਚ ਇੱਕ ਹਾਵੀ ਸਾਮਰਾਜਵਾਦੀ ਤਾਕਤ ਬਣਨਾ। ਇਸ ਪ੍ਰਾਪਤੀ ਲਈ, ਉਹ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਉਸਦੀਆਂ ਵਿਰੋਧੀ ਸਾਮਰਾਜਵਾਦੀ ਤਾਕਤਾਂ – ਜਰਮਨੀ, ਬਰਤਾਨੀਆਂ, ਜਪਾਨ, ਫਰਾਂਸ ਅਤੇ ਨਾਲ ਨਾਲ ਸੋਵੀਅਤ ਸੰਘ ਵੀ – ਇਸ ਆਪਸੀ ਭੇੜ ਵਿੱਚ ਕਮਜ਼ੋਰ ਹੋ ਜਾਣ। ਇਸ ਤੋਂ ਇਲਾਵਾ, ਦੂਸਰੀਆਂ ਸਾਮਰਾਜਵਾਦੀ ਤਾਕਤਾਂ ਵਾਂਗ ਅਮਰੀਕਾ ਵੀ ਸਮਾਜਵਾਦੀ ਸੋਵੀਅਤ ਸੰਘ ਨੂੰ ਤਬਾਹ ਕਰਨਾ ਚਾਹੁੰਦਾ ਸੀ।

ਅਮਰੀਕਾ ਦੂਸਰੇ ਵਿਸ਼ਵ ਯੁੱਧ ਵਿੱਚ ਉਦੋਂ ਤਕ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹੋਇਆ, ਜਦੋਂ ਤਕ ਕਿ ਜਪਾਨ ਨੇ ਉਸਦੇ ਫੌਜੀ ਅੱਡੇ, ਪਰਲ ਹਾਰਬਰ ਉੱਤੇ ਹਮਲਾ ਨਹੀਂ ਕੀਤਾ। ਉਦੋਂ ਤਕ ਅਮਰੀਕਾ ਖੜਾ ਦੇਖਦਾ ਰਿਹਾ ਸੀ ਅਤੇ ਜਰਮਨੀ ਨੇ ਯੂਰਪ ਦੇ ਬਹੁਤ ਬੜੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ, ਅਤੇ ਸੋਵੀਅਤ ਸੰਘ ਉੱਤੇ ਵੀ ਹਮਲਾ ਛੇੜ ਚੁੱਕਾ ਸੀ।

ਜਰਮਨੀ ਵਲੋਂ ਸੋਵੀਅਤ ਸੰਘ ਉੱਤੇ ਹਮਲਾ ਕਰ ਦੇਣ ਤੋਂ ਇਕਦਮ ਬਾਅਦ, ਹੈਰੀ ਟਰੂਮੈਨ ਵਲੋਂ ਦਿੱਤੇ ਗਏ ਬਿਆਨ ਤੋਂ ਅਮਰੀਕਾ ਦੀ ਪੂਰੀ ਤਰ੍ਹਾਂ ਸਨਕੀ ਅਤੇ ਮੌਕਾਪ੍ਰਸਤ ਨੀਤੀ ਦਾ ਖੁਲਾਸਾ ਹੁੰਦਾ ਹੈ। ਟਰੂਮੈਨ, ਜੋ ਉਸ ਵੇਲੇ ਸੈਨੇਟ ਮੈਂਬਰ ਸੀ ਅਤੇ ਬਾਅਦ ਵਿੱਚ ਅਮਰੀਕਾ ਪ੍ਰਧਾਨ ਬਣਿਆ, ਨੇ ਬਿਆਨ ਦਿੱਤਾ ਕਿ “ਜੇਕਰ ਸਾਨੂੰ ਦਿੱਸਿਆ ਕਿ ਜੰਗ ਵਿੱਚ ਜਰਮਨੀ ਜਿੱਤ ਰਿਹਾ ਹੈ ਤਾਂ ਸਾਨੂੰ ਰੂਸ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਜੇਕਰ ਰੂਸ ਜਿੱਤਦਾ ਹੋਇਆ ਨਜ਼ਰ ਆਇਆ ਤਾਂ ਸਾਨੂੰ ਜਰਮਨੀ ਦੀ ਮੱਦਦ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਅਸੀਂ ਉਨ੍ਹਾਂ ਦੇ ਇੱਕ-ਦੂਜੇ ਦੇ ਵੱਧ-ਤੋਂ-ਵੱਧ ਸੰਭਵ ਕਤਲ ਹੋਣ ਦਿਆਂਗੇ” (ਨਿਊਯਾਰਕ ਟਾਈਮਜ਼, 24 ਜੂਨ 1941)।

ਜਰਮਨ ਹਮਲੇ ਦੇ ਖ਼ਿਲਾਫ਼ ਸੋਵੀਅਤ ਸੰਘ ਦੀ ਲਾਲ ਫੌਜ ਅਤੇ ਸੋਵੀਅਤ ਲੋਕਾਂ ਦਾ ਮਹਾਨ ਦੇਸ਼ਭਗਤ ਯੁੱਧ, ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਸਭ ਤੋਂ ਵਧ ਭਿਆਨਕ ਯੁੱਧ ਸੀ। ਸਮੁੱਚੇ ਦੂਸਰੇ ਵਿਸ਼ਵ ਯੁੱਧ ਵਿੱਚ ਹੋਏ ਨਾਜ਼ੀਆਂ ਦੇ ਨੁਕਸਾਨ ਦਾ 70% ਨੁਕਸਾਨ ਸੋਵੀਅਤ ਸੰਘ ਦੇ ਅੰਦਰ ਹੋਈਆਂ ਘਮਸਾਨ ਦੀਆਂ ਜੰਗਾਂ ਵਿੱਚ ਹੋਇਆ। ਸਟਾਲਿਨਗਰਾਡ ਦੀ ਪ੍ਰਸਿਧ ਇਤਿਹਾਸਿਕ ਜੰਗ ਨੇ ਦੂਸਰੇ ਵਿਸ਼ਵ ਯੁੱਧ ਦਾ ਰੁੱਖ ਬਦਲ ਕੇ ਰੱਖ ਦਿੱਤਾ। ਸੋਵੀਅਤ ਲਾਲ ਫੌਜ ਨੇ ਜਰਮਨ ਫੌਜ ਨੂੰ ਸੋਵੀਅਤ ਸੰਘ ਵਿਚੋਂ ਬਾਹਰ ਕੱਢ ਸੱੁਟਿਆ ਅਤੇ ਉਸਦਾ ਪਿੱਛਾ ਕਰਦਿਆਂ ਧੁਰ ਜਰਮਨੀ ਤਕ ਵਾਪਸ ਧੱਕ ਦਿੱਤਾ, ਅਤੇ ਰਸਤੇ ਵਿੱਚ ਆਉਂਦੇ ਕਈਆਂ ਦੇਸ਼ਾਂ ਨੂੰ ਵੀ ਅਜ਼ਾਦ ਕਰਵਾ ਦਿੱਤਾ।

ਇਸ ਪੂਰੇ ਅਰਸੇ ਦੁਰਾਨ, ਸੋਵੀਅਤ ਸੰਘ ਨੇ ਬਾਰ-ਬਾਰ ਅਮਰੀਕਾ ਨੂੰ ਸੱਦਾ ਭੇਜਿਆ ਕਿ ਯੂਰਪ ਵਿੱਚ ਜੰਗ ਦਾ ਜਲਦੀ ਖਾਤਮਾ ਕਰਨ ਲਈ ਪੱਛਮੀ ਯੂਰਪ ਵਿੱਚ ਜਰਮਨੀ ਦੇ ਖ਼ਿਲਾਫ਼ ਦੂਸਰਾ ਮੋਰਚਾ ਖੋਲਿ੍ਹਆ ਜਾਵੇ। ਪਰ ਅਮਰੀਕਾ ਨੇ ਅਜੇਹਾ ਕਰਨ ਤੋਂ  ਇਨਕਾਰ ਕੀਤਾ, ਕਿਉਂਕਿ ਉਹ ਚਾਹੁੰਦਾ ਸੀ ਕਿ ਜਰਮਨੀ ਅਤੇ ਸੋਵੀਅਤ ਸੰਘ ਇੱਕ-ਦੂਸਰੇ ਦੀ ਤਾਕਤ ਦਾ ਨਾਸ ਕਰ ਦੇਣ। ਅਮਰੀਕਾ ਨੇ ਕੇਵਲ ਉਦੋਂ ਹੀ ਯੂਰਪ ਵਿੱਚ ਦੂਸਰਾ ਮੋਰਚਾ ਖੋਲ੍ਹਣ ਲਈ ਆਪਣੀਆਂ ਫੌਜਾਂ ਭੇਜੀਆਂ, ਜਦੋਂ ਇਹ ਸਾਫ ਨਜ਼ਰ ਆਉਣ ਲੱਗ ਪਿਆ ਕਿ ਲਾਲ ਫੌਜ ਆਪਣੇ ਤੌਰ ਉੱਤੇ ਹੀ ਜਰਮਨੀ ਨੂੰ ਹਰਾਉਣ ਦੇ ਕਿਨਾਰੇ ਖੜ੍ਹੀ ਹੈ। ਅਮਰੀਕਾ ਜਰਮਨੀ ਅਤੇ ਫਾਸ਼ੀਵਾਦੀ ਗੁਲਾਮੀ ਤੋਂ ਅਜ਼ਾਦ ਹੋ ਰਹੇ ਦੇਸ਼ਾਂ ਨੂੰ ਆਪਣੇ ਕਬਜ਼ੇ ਹੇਠ ਲਿਆਉਣਾ ਚਾਹੁੰਦਾ ਸੀ। ਇਸਦਾ ਸਬੂਤ ਹੈ ਕਿ 1944 ਵਿਚ ਜਦੋਂ ਯੂਨਾਨ ਦੇ ਦੇਸ਼ਭਗਤਾਂ ਨੇ ਜਰਮਨ ਫਾਸ਼ੀ ਫੌਜਾਂ ਨੂੰ ਆਪਣੇ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਸੀ ਤਾਂ ਅਮਰੀਕਾ ਨੇ ਉੱਥੇ ਆਪਣੀਆਂ ਫੌਜਾਂ ਭੇਜ ਕੇ ਫਾਸ਼ੀਵਾਦੀ ਤਾਨਾਸ਼ਾਹੀ ਸਥਾਪਤ ਕਰਵਾ ਦਿੱਤੀ ਸੀ। ਇਸੇ ਤਰ੍ਹਾਂ, ਅਮਰੀਕਾ ਨੇ 1945 ਵਿੱਚ ਕੋਰੀਆ ਉੱਤੇ ਹਮਲਾ ਕੀਤਾ ਅਤੇ ਦੱਖਣੀ ਕੋਰੀਆ ਵਿੱਚ ਫਾਸ਼ੀ ਫੌਜੀ ਤਾਨਾਸ਼ਾਹੀ ਸਥਾਪਤ ਕਰ ਦਿੱਤੀ।

ਅੱਜ ਜਦੋਂ ਸਾਰੀ ਦੁਨੀਆਂ ਵਿੱਚ ਮਜ਼ਦੂਰਾਂ ਦੇ ਹੱਕਾਂ ਅਤੇ ਸਭ ਜਮਹੂਰੀ ਹੱਕਾਂ ਉਤੇ ਫਾਸ਼ੀਵਾਦੀ ਹਮਲੇ ਹੋ ਰਹੇ ਹਨ, ਜਦੋਂ ਧਰਮ, ਨਸਲ, ਜ਼ਾਤ ਅਤੇ ਕੌਮੀਅਤ ਦੇ ਅਧਾਰ ਉਤੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਜਦੋਂ “ਇਸਲਾਮੀ ਅੱਤਵਾਦ” ਖ਼ਿਲਾਫ਼ ਲੜਾਈ ਕਰਨ ਦੇ ਨਾਂ ਉਤੇ ਨਾਜਾਇਜ਼ ਜੰਗਾਂ ਹੋ ਰਹੀਆਂ ਹਨ, ਅਤੇ ਜਦੋਂ ਇੱਕ ਤੀਸਰੇ ਵਿਸ਼ਵ ਯੁੱਧ ਦਾ ਖਤਰਾ ਪੈਦਾ ਹੋ ਰਿਹਾ ਹੈ, ਤਾਂ ਜ਼ਰੂਰੀ ਹੈ ਕਿ 75 ਸਾਲ ਪਹਿਲਾਂ ਜੋ ਵਾਪਰਿਆ ਸੀ ਉਸ ਤੋਂ ਸਹੀ ਸਬਕ ਲਏ ਜਾਣ।

ਸਭ ਤੋਂ ਅਹਿਮ ਸਬਕ ਇਹੀ ਹੈ ਕਿ ਜਦੋਂ ਤਕ ਸਾਮਰਾਜਵਾਦੀ ਢਾਂਚਾ ਕਾਇਮ ਹੈ, ਉਦੋਂ ਤਕ ਇਲਾਕਿਆਂ, ਮੰਡੀਆਂ ਅਤੇ ਕੱਚੇ ਮਾਲ ਦੇ ਸਰੋਤਾਂ ਉੱਤੇ ਕਬਜ਼ਾ ਕਰਨ ਲਈ ਆਪਸ-ਵਿਰੋਧੀ ਸਰਮਾਏਦਾਰਾ ਹੁਕਮਰਾਨ ਜਮਾਤਾਂ ਵਿਚਕਾਰ ਜੰਗਾਂ ਲੱਗਣੀਆਂ ਅਵੱਸ਼ਕ ਹਨ। ਇਹਦੇ ਨਾਲ ਮਜ਼ਦੂਰ ਜਮਾਤ ਦਾ ਕੁਚਲਿਆ ਜਾਣਾ ਅਤੇ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੀ ਵਿਆਪਕ ਉਲੰਘਣਾ ਵੀ ਅਵੱਸ਼ਕ ਹੈ। ਸਥਾਈ ਅਮਨ ਅਤੇ ਤਰੱਕੀ ਦਾ ਇੱਕੋ-ਇੱਕ ਰਸਤਾ ਇਹ ਹੈ ਕਿ ਸਭ ਦੇਸ਼ਾਂ ਦੇ ਮਜ਼ਦੂਰ ਅਤੇ ਦੱਬੇ-ਕੁਚਲੇ ਲੋਕ ਇਕਮੁੱਠ ਹੋ ਕੇ ਸਾਮਰਾਜਵਾਦੀ ਢਾਂਚੇ ਦਾ ਤਖਤਾ ਪਲਟਾਉਣ ਦੇ ਸੰਘਰਸ਼ ਨੂੰ ਅਗਾਂਹ ਵਧਾਉਣ।

ਦੂਸਰੇ ਵਿਸ਼ਵ ਯੁੱਧ ਬਾਰੇ ਸਾਮਰਾਜਵਾਦੀਆਂ ਦਾ ਝੂਠਾ ਪ੍ਰਚਾਰ ਮੁਰਦਾਬਾਦ!

ਫਾਸ਼ੀਵਾਦ ਨੂੰ ਹਰਾਉਣ ਵਾਲੇ ਸੋਵੀਅਤ ਲੋਕਾਂ ਦੀ ਬਹਾਦਰਾਨਾ ਭੂਮਿਕਾ ਨੂੰ ਲਾਲ ਸਲਾਮ!

ਸਾਮਰਾਜਵਾਦ, ਸਾਮਰਾਜਵਾਦੀ ਜੰਗਾਂ ਅਤੇ ਮਨੁੱਖੀ ਤੇ ਜਮਹੂਰੀ ਹੱਕਾਂ ਉੱਤੇ ਫਾਸ਼ੀ ਹਮਲਿਆਂ

ਦੇ ਖਿਲਾਫ ਸੰਘਰਸ਼ ਨੂੰ ਅਗਾਂਹ ਵਧਾਓ!

Share and Enjoy !

Shares

Leave a Reply

Your email address will not be published. Required fields are marked *