ਮਜ਼ਦੂਰ ਏਕਤਾ ਲਹਿਰ ਨੇ ਤਾਮਿਲਨਾਡੂ ਸਰਕਾਰੀ ਡਾਕਟਰਾਂ ਦੀ ਐਸੋਸੀਏਸ਼ਨ (ਟੀ.ਐਨ.ਜੀ.ਡੀ.ਏ.) ਦੇ ਪ੍ਰੈਜ਼ੀਡੈਂਟ ਡਾਕਟਰ ਕੇ. ਸੈਂਥਿਲ ਨਾਲ ਕੋਵਿਡ-19 ਦੀ ਸਥਿਤੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੇ ਹਾਲਾਤਾਂ ਬਾਰੇ ਗੱਲਬਾਤ ਕੀਤੀ।
ਮਜ਼ਦੂਰ ਏਕਤਾ ਲਹਿਰ ਨੇ ਤਾਮਿਲਨਾਡੂ ਸਰਕਾਰੀ ਡਾਕਟਰਾਂ ਦੀ ਐਸੋਸੀਏਸ਼ਨ (ਟੀ.ਐਨ.ਜੀ.ਡੀ.ਏ.) ਦੇ ਪ੍ਰੈਜ਼ੀਡੈਂਟ ਡਾਕਟਰ ਕੇ. ਸੈਂਥਿਲ ਨਾਲ ਕੋਵਿਡ-19 ਦੀ ਸਥਿਤੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੇ ਹਾਲਾਤਾਂ ਬਾਰੇ ਗੱਲਬਾਤ ਕੀਤੀ।
ਮਜ਼ਦੂਰ ਏਕਤਾ ਲਹਿਰ: ਪਿਆਰੇ ਡਾਕਟਰ ਸੈਂਥਿਲ ਜੀ, ਅਸੀਂ ਤਾਮਿਲਨਾਡੂ ਵਿੱਚ ਕੋਰੋਨਾ ਵਾਇਰਿਸ ਦੀ ਸਥਿਤੀ ਬਾਰੇ ਜਾਨਣਾ ਚਾਹੁੰਦੇ ਹਾਂ।
ਡਾ. ਸੈਂਥਿਲ: ਦੁਨੀਆਂ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਵਿਚੋਂ ਕੋਵਿਡ-19 (ਕੋਰੋਨਾ ਵਾਇਰਿਸ) ਐਸੀ ਬੀਮਾਰੀ ਹੈ, ਜਿਹੜੀ ਲਾਗ/ਛੂਤ ਨਾਲ ਬਹੁਤ ਜ਼ਿਆਦਾ ਫੈਲਦੀ ਹੈ, ਸਰੀਰ ਦੇ ਅੰਦਰ ਬਹੁਤ ਦੇਰ ਤਕ ਸੁੱਤੀ ਪਈ ਰਹਿ ਸਕਦੀ ਹੈ (15 ਦਿਨਾਂ ਤਕ) ਅਤੇ ਜਿਸਦੇ ਲਾਗ ਲੱਗਣ ਦਾ ਅਰਸਾ ਵੀ ਬਹੁਤ ਲੰਬਾ ਹੈ, ਜਾਣੀ ਕਿ ਇਹ ਬੀਮਾਰੀ ਦੂਸਰੇ ਵਿਅਕਤੀਆਂ ਨੂੰ 28 ਦਿਨਾਂ ਤਕ ਵੀ ਲੱਗ ਸਕਦੀ ਹੈ। ਤਪਦਿਕ ਅਤੇ ਕੋਹੜ ਤੋਂ ਬਾਅਦ ਕੋਰੋਨਾ ਵਾਇਰਿਸ ਹੈ ਜਿਸ ਦੀ ਲਾਗ ਏਨੇ ਲੰਬੇ ਸਮੇਂ ਤੋਂ ਬਾਅਦ ਤਕ ਲੱਗ ਸਕਦੀ ਹੈ। ਇਨ੍ਹਾਂ ਵਿਸ਼ੇਸ਼ਤਾਈਆਂ ਕਰਕੇ ਇਹ ਬਿਮਾਰੀ ਬਹੁਤ ਸੌਖਿਆਂ ਹੀ ਫੈਲ ਸਕਦੀ ਹੈ ਅਤੇ ਕਿਸੇ ਅਬਾਦੀ ਵਿੱਚ ਵੱਡੇ ਪੈਮਾਨੇ ਉੱਤੇ ਫੈਲ ਸਕਦੀ ਹੈ।
ਸਾਨੂੰ ਡਾਕਟਰਾਂ ਨੂੰ ਇਸ ਬਿਮਾਰੀ ਦੇ ਮੌਜੂਦਾ ਰੁਖ ਬਾਰੇ ਕੁਝ ਸ਼ੰਕਾ ਹੈ ਕਿ ਕੀ ਇਹ ਦੂਸਰੇ ਸਤੱਰ (ਜਾਣੀ ਇੱਕ ਤੋਂ ਦੂਸਰੇ ਵਿਅਕਤੀ ਤਕ) ਤੋਂ ਤੀਸਰੇ ਸਤੱਰ (ਪੂਰੀ ਅਬਾਦੀ ਵਿੱਚ) ਵੱਲ ਵਧ ਰਹੀ ਹੈ? ਦੂਸਰੇ ਸਤੱਰ ਤੋਂ ਤੀਸਰਾ ਸਤੱਰ ਜ਼ਰੂਰੀ ਨਹੀਂ ਕਿ ਪੂਰੇ ਸੂਬੇ ਵਿੱਚ ਹੀ ਫੈਲ ਜਾਵੇ, ਇਹ ਕਿਸੇ ਇੱਕ ਇਲਾਕੇ ਤਕ ਸੀਮਤ ਹੋ ਸਕਦੀ ਹੈ। ਲਾਕਡਾਊਨ ਅਤੇ ਹੋਰ ਜ਼ਰੂਰੀ ਕਦਮਾਂ ਰਾਹੀਂ ਅਸੀਂ ਇਸਨੂੰ ਤੀਸਰੇ ਸਤੱਰ ਤਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ।
ਇਸ ਵੇਲੇ ਤਾਮਿਲਨਾਡੂ ਵਿੱਚ ਕਰੋਨਾ ਵਾਇਰਿਸ ਦੇ 1600 ਕੇਸ ਹਨ ਅਤੇ ਹੁਣੇ ਜਿਹੇ ਕੁੱਝ ਵਿਅਕਤੀਆਂ ਨੂੰ ਲਗੀ ਲਾਗ ਦੇ ਸਰੋਤ ਦਾ ਪਤਾ ਨਹੀਂ ਲੱਗ ਰਿਹਾ। ਅਜੇਹੀ ਹਾਲਤ ਵਿੱਚ, ਜਦੋਂ ਲਾਕਡਾਊਨ ਚੁੱਕ ਦਿੱਤਾ ਗਿਆ, ਤਾਂ ਅਣਜਾਣੇ ਸਰੋਤ, ਖਾਸ ਕਰਕੇ ਉਹ ਮਰੀਜ਼ ਜਿਨ੍ਹਾਂ ਵਿਚ ਇਸ ਦੇ ਲੱਛਣ ਜ਼ਾਹਿਰ ਨਹੀਂ ਹੋਏ, ਸੰਭਾਵਨਾ ਹੈ ਕਿ ਉਨ੍ਹਾਂ ਰਾਹੀਂ ਇਹ ਬੀਮਾਰੀ ਹੋਰ ਲੋਕਾਂ ਵਿੱਚ ਫੈਲ ਰਹੀ ਹੋਵੇਗੀ। ਇਹਦੇ ਨਾਲ-ਨਾਲ, ਸਾਨੂੰ ਇਹ ਵੀ ਪਤਾ ਹੈ ਕਿ ਲਾਕਡਾਊਨ ਨੂੰ ਲੰਬਾ ਸਮਾਂ ਨਹੀਂ ਜਾਰੀ ਰੱਖਿਆ ਜਾ ਸਕਦਾ। ਇਸ ਲਈ ਅਸੀਂ ਸਰਕਾਰੀ ਡਾਕਟਰ ਇਹ ਮਹਿਸੂਸ ਕਰ ਰਹੇ ਹਾਂ ਕਿ ਲਾਕਡਾਊਨ ਨੂੰ ਪੜਾਵਾਂ ਵਿੱਚ ਖੋਲਿ੍ਹਆ ਜਾਵੇ। ਨਹੀਂ ਤਾਂ ਸੰਭਵ ਹੈ ਕਿ ਇਹ ਬਿਮਾਰੀ ਖਤਰਨਾਕ ਪੱਧਰ ਉੱਤੇ ਫੈਲ ਜਾਵੇ।
ਮਜ਼ਦੂਰ ਏਕਤਾ ਲਹਿਰ: ਇਸਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ?
ਡਾ. ਸੈਂਥਿਲ: ਲਾਗ ਲੱਗੇ ਵਿਅਕਤੀਆਂ ਵਿਚੋਂ ਮਰਨ ਵਾਲਿਆਂ ਦੀ ਦਰ ਇਟਲੀ ਵਿੱਚ 12% ਹੈ, ਅਮਰੀਕਾ ਵਿੱਚ 7% ਅਤੇ ਪੂਰੀ ਦੁਨੀਆਂ ਵਿੱਚ ਵੀ ਇਹ ਅੰਕੜਾ 7% ਹੈ। ਬੇਸ਼ੱਕ ਵਡੇਰੀ ਉਮਰ ਦੇ ਲੋਕਾਂ ਦੀਆਂ ਮੌਤਾਂ ਦੀ ਦਰ ਉੱਚੀ ਹੈ, ਪਰ ਉਨ੍ਹਾਂ ਨੂੰ ਇਸ ਦੀ ਲਾਗ ਘੱਟ ਹੈ, ਕਿਉਂਕਿ ਉਹ ਬਹੁਤਾ ਬਾਹਰ ਨਹੀਂ ਜਾਂਦੇ ਅਤੇ ਇਸ ਲਈ ਵਾਇਰਿਸ ਨਾਲ ਬਹੁਤ ਮਿਲਾਪ ਨਹੀਂ ਹੁੰਦਾ। ਨੌਜਵਾਨ ਫਿਰਕੇ ਵਿੱਚ ਲਾਗ ਜ਼ਿਆਦਾ ਹੈ, ਪਰ ਮੌਤਾਂ ਦੀ ਦਰ ਵਡੇਰੀ ਉਮਰ ਦੇ ਵਰਗ ਵਿੱਚ ਵੱਧ ਹੈ।
ਮਜ਼ਦੂਰ ਏਕਤਾ ਲਹਿਰ: ਲਾਗ ਪ੍ਰਭਾਵਿਤ ਲੋਕਾਂ ਕੋਲ ਇਹਦੇ ਲਈ ਕੀ ਇਲਾਜ ਸੰਭਵ ਹਨ?
ਡਾ. ਸੈਂਥਿਲ: ਅਸੀਂ ਮਰੀਜ਼ ਨੂੰ ਹਰ ਉਪਲਭਦ ਸਾਧਨ ਰਾਹੀਂ ਜਲਦ ਤੋਂ ਜਲਦ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਿੰਦੋਸਤਾਨ ਸਰਕਾਰ ਅਤੇ ਤਾਮਿਲਨਾਡੂ ਸਰਕਾਰ ਵਲੋਂ ਹਾਈਡਰੌਕਸੀਕਲੋਰੋਕੁਈਨ ਅਤੇ ਹੋਰ ਦਵਾਈਆਂ ਵਰਤੇ ਜਾਣ ਦੀ ਸਲਾਹ ਦਿੱਤੀ ਗਈ ਹੈ ਅਤੇ ਇਹ ਮੱਦਦਗਾਰ ਅਤੇ ਸਹਾਇਕ ਦਵਾਈਆਂ ਦੇ ਤੌਰ ‘ਤੇ ਵਰਤੀਆਂ ਜਾ ਰਹੀਆਂ ਹਨ, ਪਰ ਇਹ ਮਰੀਜ਼ਾਂ ਦੀ ਵਿਸ਼ੇਸ਼ ਮੱਦਦ ਨਹੀਂ ਕਰਦੀਆਂ। ਬੀਮਾਰੀ ਦੇ ਗੰਭੀਰ ਕੇਸਾਂ ਵਿੱਚ ਹੋਰ ਜਬਰਦਸਤ ਵਿਧੀ ਵਰਤੀ ਜਾਂਦੀ ਹੈ। ਜਲਦ ਹੀ ਅਸੀਂ ਰਾਜ਼ੀ ਹੋਣ ਦੀ ਜੀਵ-ਦ੍ਰਵ ਥੈਰੇਪੀ ਸ਼ੁਰੂ ਕੀਤੇ ਜਾਣ ਦੀ ਉਡੀਕ ਕਰ ਰਹੇ ਹਾਂ।
ਕੁੱਝ ਮਰੀਜ਼ ਜਿਨ੍ਹਾਂ ਦੀ ਹਾਲਤ ਤੇਜ਼ੀ ਨਾਲ ਵਿਗੜ ਰਹੀ ਹੈ, ਉਨ੍ਹਾਂ ਲਈ ਸ਼ਾਇਦ, ਟੋਕੂਲੀਜ਼ੂਮਾਬ ਇੱਕ ਮਹਿੰਗੀ ਦਵਾਈ (ਕੋਈ 50,000 ਰੁ.) ਦੀ ਜ਼ਰੂਰਤ ਹੋਵੇ। ਕਿਤੇ-ਕਿਤੇ ਮਰੀਜ਼ ਅਨੁਸਾਰ ਕਈਆਂ ਮੁਸ਼ਕਲ ਕੇਸਾਂ ਵਿੱਚ ਸਟੈਰੌਇਡ ਅਤੇ ਜਾਗ-ਵਿਰੋਧੀ ਪਦਾਰਥ (ਜਿਹੜਾ ਲਹੂ ਦੇ ਗਤਲੇ ਨਹੀਂ ਬਣਨ ਦਿੰਦਾ) ਦੀ ਵਰਤੋਂ ਵੀ ਮੱਦਦ ਕਰ ਸਕਦੀ ਹੈ।
ਦਵਾਈਆਂ ਤੋਂ ਇਲਾਵਾ ਵੈਂਟੀਲੇਟਰਜ਼ ਅਤੇ ਆਕਸੀਜਨ ਵਰਤੇ ਜਾਣਾ ਇਲਾਜ ਦੇ ਮੁੱਖ ਪੱਖ ਹਨ। ਆਕਸੀਜਨ ਲਾਏ ਜਾਣ ਦੇ ਨਤੀਜੇ ਆਲੀਸ਼ਾਨ ਹਨ। ਜੇਕਰ ਅਸੀਂ ਤਿੰਨ-ਚਾਰ ਦਿਨ ਵੀ ਆਕਸੀਜ਼ਨ ਲਾ ਦੇਈਏ ਤਾਂ 20 ਫੀਸਦੀ ਕੇਸਾਂ ਵਿੱਚ ਬੀਮਾਰੀ ਠੀਕ ਹੋ ਜਾਂਦੀ ਹੈ। ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤਮਾਮ ਹਸਪਤਾਲਾਂ ਵਿੱਚ ਲੋੜ ਮੁਤਾਬਿਕ ਕਾਫੀ ਆਕਸੀਜਨ ਸਪਲਾਈ ਹੋਵੇ।
ਸਾਨੂੰ ਆਕਸੀਜਨ ਦੇ ਹੋਰ ਪਾਈਪ ਵਿਛਾਉਣ, ਬਿੰਦੂਆਂ, ਨਿਯੰਤ੍ਰਕਾਂ ਅਤੇ ਆਕਸੀਜਨ ਸਿਲੰਡਰਾਂ ਅਤੇ ਆਕਸੀਜਨ ਜੈਨਰੇਟਰਾਂ ਦੀ ਜ਼ਰੂਰਤ ਹੈ। ਕੋਵਿਡ-19 ਦੇ ਵਧੇਰੇ ਮਰੀਜ਼ਾਂ ਲਈ, ਸ਼ਾਇਦ ਸਾਨੂੰ ਆਕਸੀਜਨ ਦੀ ਆਮ ਸਪਲਾਈ ਨਾਲੋਂ 15 ਤੋਂ 20 ਗੁਣਾ ਵਧੇਰੇ ਆਕਸੀਜਨ ਦੀ ਜ਼ਰੂਰਤ ਹੈ। ਸਹਾਇਕੀ ਇਲਾਜ ਦੇ ਨਵੇਂ ਤੌਰ ਤਰੀਕਿਆਂ ਕਰਕੇ ਕੇਵਲ 5 ਫੀਸਦੀ ਮਰੀਜ਼ਾਂ ਲਈ ਵੈਂਟੀਲੇਟਰਾਂ ਦੀ ਜ਼ਰੂਰਤ ਹੈ। ਲੇਕਿਨ ਫਿਰ ਵੀ, ਸਾਨੂੰ ਬਹੁਤ ਜ਼ਿਆਦਾ ਵੈਂਟੀਲੇਟਰ ਚਾਹੀਦੇ ਹਨ।
ਹਿੰਦੋਸਤਾਨ ਨੂੰ ਇਸਦੇ ਪੱਕੇ ਇਲਾਜ਼ ਲਈ ਕੋਈ ਦਵਾਈ ਜਾਂ ਟੀਕਾ ਤਿਆਰ ਕਰਨ ਦੀ ਕੋਸ਼ਿਸ਼ ਕਰਨ ਦੀ ਆਵੱਸ਼ਕਤਾ ਹੈ।
ਮਜ਼ਦੂਰ ਏਕਤਾ ਲਹਿਰ: ਕੀ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਡਾਕਟਰ ਸੁਰੱਖਿਅਤ ਹਨ?
ਡਾ. ਸੈਂਥਿਲ: ਜਿੱਥੋਂ ਤਕ ਸੁਰੱਖਿਆ ਸਮਾਨ ਦਾ ਸਬੰਧ ਹੈ, ਸਰਕਾਰ ਵਲੋਂ ਵਿਅਕਤੀਗਤ ਸੁਰਖਿਆ ਸਮਾਨ ਦਿੱਤਾ ਜਾ ਰਿਹਾ ਹੈ। ਪਰ ਇਨ੍ਹਾਂ ਦੀ ਗੁਣਵਤਾ ਸੰਦੇਹਜਨਕ ਹੈ। ਕਈ ਵਾਰ, ਮਾਡਲ ਜਾਂ ਮੇਚ ਆਦਿ ਠੀਕ ਤਰ੍ਹਾਂ ਨਾਲ ਮੇਚ ਨਹੀਂ ਆਉਂਦੇ। ਸ਼ਾਇਦ ਇਸ ਸੁਰੱਖਿਆ ਸਮਾਨ ਦੀ ਗੁਣਵਤਾ ਯਕੀਨੀ ਬਣਾ ਦਿੱਤੀ ਜਾਵੇਗੀ। ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ਼ ਵਿੱਚ ਸਾਡੀਆਂ ਕੋਸ਼ਿਸ਼ਾਂ ਦਾ ਸਭ ਤੋਂ ਅਹਿਮ ਪੱਖ ਇਹ ਸੁਰਖਿਆ ਸਮਾਨ ਹੈ। ਇਹਦੇ ਵਿੱਚ ਕਿਸੇ ਘਾਟ ਨੂੰ ਹਊ-ਪਰੇ ਕਰ ਦੇਣ ਨਾਲ ਸਾਡੇ ਸਵਾਸਥ ਸੇਵਕ ਮਜ਼ਦੂਰਾਂ ਅਤੇ ਇਸ ਲਈ ਸਮੁੱਚੀ ਸਵਾਸਥ ਸੇਵਾ ਲਈ ਇੱਕ ਬਹੁਤ ਹੀ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ। ਸਾਡੀ ਐਸੋਸੀਏਸ਼ਨ ਨੇ ਸਰਕਾਰ ਨੂੰ ਕਿਹਾ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਸਮਾਨ ਸਾਡੇ ਸਵਾਸਥ ਸੇਵਾ ਮਜ਼ਦੂਰਾਂ ਵਿੱਚ ਵੰਡਿਆ ਜਾਵੇ, ਇਸ ਦੀ ਗੁਣਵੱਤਾ ਯਕੀਨੀ ਬਣਾਈ ਜਾਵੇ।
ਵਿਸ਼ਵ ਰਿਕਾਰਡ ਦੱਸਦਾ ਹੈ ਕਿ ਕੋਵਿਡ-19 ਨਾਲ ਸਵਾਸਥ ਸੇਵਾ ਵਿਚਲੇ ਲੋਕਾਂ ਦੀਆਂ ਆਮ ਜਨਤਾ ਨਾਲੋਂ ਦੁੱਗਣੀਆਂ ਮੌਤਾਂ ਹੋਈਆਂ ਹਨ। ਇਸ ਦਾ ਕਾਰਨ ਸਵਾਸਥ ਪੇਸ਼ਾਵਰਾਂ ਨੂੰ ਉੱਚੇ ਕੀਟਾਣੂੰ-ਭਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਨ੍ਹਾਂ ਦਾ ਵਾਹ ਸਿੱਧਾ ਲਾਗ ਵਾਲੇ ਮਰੀਜ਼ਾਂ ਨਾਲ ਪੈਂਦਾ ਹੈ।
ਮਜ਼ਦੂਰ ਏਕਤਾ ਲਹਿਰ: ਕੀ ਸਰਕਾਰ ਨੇ ਉਨ੍ਹਾਂ ਸਭ ਸਵਾਸਥ ਪੇਸ਼ਾਵਰਾਂ ਨੂੰ ਪੀ.ਪੀ.ਈ. ਮੁਹੱਈਆ ਕਰਵਾ ਦਿੱਤੀ ਹੈ, ਜਿਨ੍ਹਾਂ ਦੀ ਕਰੋਨਾ ਵਾਇਰਿਸ ਦੀ ਲਾਗ ਵਾਲੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਦੀ ਸੰਭਾਵਨਾ ਹੈ?
ਡਾ. ਸੈਂਥਿਲ: ਮੇਰਾ ਖਿਆਲ ਹੈ ਕਿ ਕਰੋਨਾ ਡਿਊਟੀ ਵਾਲਿਆਂ ਨੂੰ ਪੀ.ਪੀ.ਈ. ਮੁਹੱਈਆ ਕਰਵਾ ਦਿੱਤੀ ਗਈ ਹੈ। ਪਰ ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕਾਂ ਹਾਂ, ਡੀਜ਼ਾਈਨ ਅਤੇ ਕੁਅਲਿਟੀ ਬਾਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ।
ਗੈਰ-ਕੋਵਿਡ ਡਿਊਟੀ ਵਾਲਿਆਂ ਲਈ, ਜਿਹੜੇ ਆਮ ਮਰੀਜ਼ਾਂ ਦੀ ਦੇਖ-ਭਾਲ ਕਰਦੇ ਹਨ, ਅਸੀਂ ਸਰਕਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਬਾਕਾਇਦਾ ਪੀ.ਪੀ.ਈ., ਜਿਵੇਂ ਮਾਸਕ ਆਦਿ ਦਿੱਤੇ ਜਾਣ। ਸਰਕਾਰ ਨੇ ਇਹ ਮੰਨ ਲਿਆ ਹੈ। ਜੇਕਰ (ਕਰੋਨਾ) ਅਬਾਦੀ ਵਿੱਚ ਫੈਲ ਗਿਆ ਤਾਂ ਇਹ ਨਿਰਣਾਇਕ ਬਣ ਜਾਵੇਗਾ।
ਮਜ਼ਦੂਰ ਏਕਤਾ ਲਹਿਰ: ਕਿਹੋ ਜਿਹੇ ਨਕਾਬ ਵਰਤਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ?
ਡਾ. ਸੈਂਥਿਲ: ਆਈ.ਸੀ.ਐਮ.ਆਰ. ਨੇ ਕੋਵਿਡ ਡਿਊਟੀ ਅਤੇ ਬੁਖਾਰ ਵਾਲੇ ਵਾਰਡਾਂ ਲਈ ਐਨ.95 ਦੇ ਨਕਾਬਾਂ ਦੀ ਸਿਫਾਰਸ਼ ਕੀਤੀ ਗਈ ਹੈ। ਆਈ.ਸੀ.ਯੂ. ਅਤੇ ਐਮਰਜੰਸੀ ਵਾਲੇ ਗੈਰ-ਕੋਵਿਡ ਕੇਸਾਂ ਲਈ ਵੀ ਐਨ.95 ਦੀ ਹੀ ਸਿਫਾਰਿਸ਼ ਹੈ। ਜਣੇਪੇ ਦੇ ਵਧੇਰੇ ਕੇਸ ਵੀ ਸਰਕਾਰੀ ਹਸਪਤਾਲਾਂ ਵਿੱਚ ਆ ਰਹੇ ਹਨ, ਕਿਉਂਕਿ ਤਕਰੀਬਨ ਸਾਰੇ ਹੀ ਨਿੱਜੀ ਹਸਪਤਾਲ ਹੁਣ ਬੰਦ ਹੋ ਚੁੱਕੇ ਹਨ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗੈਰ-ਕੋਵਿਡ ਕੇਸਾਂ ਵਿੱਚ ਐਮਰਜੰਸੀ ਅਤੇ ਬੱਚੇ ਜੰਮਣ ਦੇ ਕੇਸ ਹੁਣ ਮੁੱਖ ਸੇਵਾਵਾਂ ਬਣ ਗਈਆਂ ਹਨ। ਇੱਕ ਦਿਨ ਦੇ ਗੈਰ-ਦਾਖਲ ਮਰੀਜ਼ਾਂ ਵਾਲੇ ਸਥਾਨਾਂ ਲਈ ਆਮ ਸਰਜੀਕਲ ਨਕਾਬ ਹੀ ਠੀਕ ਹਨ। ਲੇਕਿਨ, ਜੇਕਰ ਆਬਾਦੀ ਵਿੱਚ ਫੈਲਾਅ ਸ਼ੁਰੂ ਹੋ ਗਿਆ ਤਾਂ ਸਾਨੂੰ ਹਰ ਤਰ੍ਹਾਂ ਦੇ ਕੇਸਾਂ ਲਈ ਪੀ.ਪੀ.ਈ. ਦੀ ਲੋੜ ਪਏਗੀ। ਲਾਕਡਾਊਨ ਚੁੱਕਣ ਤੋਂ ਪਹਿਲਾਂ ਸਰਕਾਰ ਨੂੰ ਸਾਰੇ ਡਾਕਟਰਾਂ ਨੂੰ ਪੀ.ਪੀ.ਈ. ਮੁਹੱਈਆ ਕਰਨਾ ਲਾਜ਼ਮੀ ਹੋਵੇਗਾ।
ਕੋਈ ਵੀ ਜਿਸਮਾਨੀ ਮੁਆਇਨਾ ਅਤੇ ਮਰੀਜ਼ ਨੂੰ ਹੱਥ ਲਾ ਕੇ ਦੇਖਣਾ, ਕੇਵਲ ਪੀ.ਪੀ.ਈ. ਪਹਿਨ ਕੇ ਹੀ ਕੀਤੇ ਜਾਣ ਦੀ ਜ਼ਰੂਰਤ ਹੈ। ਜਿੰਨਾ ਚਿਰ ਕਰੋਨਾ ਵਾਇਰਿਸ ਲਈ ਕੋਈ ਅਸਰਦਾਇਕ ਦਵਾਈ ਜਾਂ ਟੀਕਾ ਈਜਾਦ ਨਹੀਂ ਹੁੰਦਾ, ਉਨਾ ਚਿਰ ਸ਼ਾਇਦ ਸਾਨੂੰ ਮਰੀਜ਼ਾਂ ਦਾ ਜਿਸਮਾਨੀ ਮੁਆਇਨਾ ਬਿਲਕੁੱਲ ਤੁੱਛ ਰੱਖਣਾ ਪਏਗਾ। ਜਦੋਂ ਸੰਭਵ ਹੋਵੇ ਡਾਕਟਰਾਂ ਨੂੰ ਮਰੀਜ਼ ਤੋਂ ਇੱਕ ਮੀਟਰ ਦੂਰੀ ਉੱਤੇ ਰਹਿ ਕੇ ਇਲਾਜ਼ ਕਰਨਾ ਪਏਗਾ। ਸਮੁੱਚੇ ਹਿੰਦੋਸਤਾਨ ਵਿੱਚ ਇਹੀ ਅਮਲ ਲਾਗੂ ਹੈ।
ਮਜ਼ਦੂਰ ਏਕਤਾ ਲਹਿਰ: ਕਿਰਪਾ ਕਰਕੇ ਤੁਸੀਂ ਕੋਵਿਡ-19 ਦੇ ਡਾਕਟਰਾਂ ਦੇ ਕੰਮ ਦੇ ਹਾਲਾਤਾਂ ਉਤੇ ਚਾਨਣਾ ਪਾਓਗੇ?
ਡਾ. ਸੈਂਥਿਲ: ਇਹ ਧਿਆਨ ਰੱਖਦਿਆਂ ਕਿ ਡਾਕਟਰਾਂ ਲਈ ਡਿਊਟੀ ਤੋਂ ਪਹਿਲਾਂ ਅਤੇ ਬਾਅਦ ਵਿਸਤਾਰ-ਪੂਰਬਕ ਤਿਆਰੀਆਂ ਕੀਤੀਆਂ ਗਈਆਂ ਹਨ, ਡਾਕਟਰਾਂ ਨੂੰ 6 ਘੰਟੇ ਦੀ ਡਿਊਟੀ ਦਿੱਤੀ ਜਾਂਦੀ ਹੈ। ਸੱਤ ਦਿਨਾਂ ਦੀ ਡਿਊਟੀ ਤੋਂ ਬਾਅਦ ਉਨ੍ਹਾਂ ਨੂੰ 7 ਤੋਂ 14 ਦਿਨਾਂ ਤਕ ਨਿਵੇਕਲਾ ਰੱਖਿਆ ਜਾਂਦਾ ਹੈ। ਉਨ੍ਹਾਂ ਦੀ ਰਹਾਇਸ਼ ਹੋਟਲਾਂ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਉਹ ਆਪਣੇ ਘਰ ਜਾਂ ਹੋਸਟਲ ਵਿੱਚ ਨਹੀਂ ਜਾ ਸਕਦੇ ਅਤੇ ਨਿਵੇਕਲੇ ਰੱਖੇ ਜਾਂਦੇ ਹਨ। ਡਿਊਟੀ ਅਤੇ ਨਿਵੇਕਲੇਪਣ ਦਾ ਪੂਰਾ ਸਮਾਂ ਉਹ ਆਪਣੇ ਪ੍ਰਵਾਰ ਜਾਂ ਹੋਰ ਕਿਸੇ ਨੂੰ ਵੀ ਨਹੀਂ ਮਿਲ ਸਕਦੇ। ਉਨ੍ਹਾਂ ਦੇ ਠਹਿਰਣ ਦੇ ਸਥਾਨ ਉੱਤੇ ਹੀ ਉਨ੍ਹਾਂ ਨੂੰ ਖਾਣਾ-ਪੀਣਾ ਦਿੱਤਾ ਜਾਂਦਾ ਹੈ, ਕਿਉਂਕਿ ਉਹ ਬਾਹਰ ਨਹੀਂ ਜਾ ਸਕਦੇ। ਡਾਕਟਰਾਂ ਨੂੰ ਸਹਾਇਕ ਦਵਾਈਆਂ, ਜਿਵੇਂ ਹਾਈਡਰੋਕਸੀਕਲੋਰੋਕੁਈਨ, ਵਿਟਾਮਿਨ ਡੀ., ਸੀ., ਆਦਿ ਵੀ ਦਿੱਤੀਆਂ ਜਾਂਦੀਆਂ ਹਨ। ਕਈਆਂ ਥਾਵਾਂ ਉੱਤੇ ਉਨ੍ਹਾਂ ਨੂੰ ਐਚ.1ਐਨ.1 ਦੇ ਟੀਕੇ ਵੀ ਲਾਏ ਜਾਂਦੇ ਹਨ। ਉਨ੍ਹਾਂ ਦੇ ਨਿਵੇਕਲੇਪਣ ਦੇ ਹਰ 7ਵੇਂ ਦਿਨ ਉਨ੍ਹਾਂ ਦਾ ਟੈਸਟ ਕੀਤਾ ਜਾਂਦਾ ਹੈ। ਏਨੀ ਸਾਰੀ ਸਹਾਇਤਾ ਅਤੇ ਬਚਾਓ ਮੁਹੱਈਆ ਕੀਤੇ ਜਾਣ ਕਾਰਨ ਉਹ ਪੂਰੇ ਹੌਸਲੇ ਨਾਲ ਇਸ ਵਾਇਰਿਸ ਦੇ ਖ਼ਿਲਾਫ਼ ਲੜਾਈ ਕਰ ਰਹੇ ਹਨ, ਜਦਕਿ ਉਨ੍ਹਾਂ ਨੂੰ ਕਈ-ਗੁਣਾ ਵਧੇਰੇ ਅਤੇ ਕਈ ਸਰੋਤਾਂ ਤੋਂ ਖਤਰੇ ਹਨ।
ਮਜ਼ਦੂਰ ਏਕਤਾ ਲਹਿਰ: ਡਾਕਟਰਾਂ ਨੂੰ ਇਸ ਵਕਤ ਕਿਹੜੇ ਸਮਾਜਿਕ ਮਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ?
ਡਾ. ਸੈਂਥਿਲ: ਮੁੱਖ ਤੌਰ ਉੱਤੇ ਅਸੀਂ ਆਪਣੇ ਆਪ ਨੂੰ ਸਮਾਜ ਤੋਂ ਨਿਵੇਕਲੇ ਕੀਤਾ ਹੋਇਆ ਹੈ, ਤਾਂ ਕਿ ਦੂਸਰਿਆਂ ਨੂੰ ਲਾਗ ਨਾ ਲੱਗੇ। ਲੋਕ ਆਪਣੀ ਅਗਿਆਨਤਾ ਕਾਰਨ ਡਾਕਟਰਾਂ ਅਤੇ ਨਰਸਾਂ ਦੇ ਨੇੜੇ ਆਉਣ ਤੋਂ ਡਰਦੇ ਹਨ। ਤੁਹਾਨੂੰ ਪਤਾ ਹੀ ਹੋਵੇਗਾ ਕਿ ਲੋਕ ਕੋਵਿਡ-19 ਨਾਲ ਚਲਾਣਾ ਕਰ ਗਏ ਇੱਕ ਡਾਕਟਰ ਦੇ ਅੰਤਮ ਸੰਸਕਾਰ ਵੇਲੇ ਕਿਸ ਤਰ੍ਹਾਂ ਪੇਸ਼ ਆਏ ਸਨ। ਅਸੀਂ ਇਸਦਾ ਗੰਭੀਰ ਨੋਟਿਸ ਲਿਆ ਅਤੇ ਸਰਕਾਰ ਨੂੰ ਅਜੇਹੇ ਕੇਸਾਂ ਵਿੱਚ ਜ਼ਰੂਰੀ ਹਿਫਾਜ਼ਤੀ ਪ੍ਰਬੰਧ ਕਰਨ ਲਈ ਕਿਹਾ ਹੈ। ਕੇਂਦਰ ਸਰਕਾਰ ਨੇ ਸਵਾਸਥ ਪੇਸ਼ਾਵਰਾਂ ਦੀ ਸੁਰੱਖਿਆ ਲਈ ਆਰਡੀਨੈਂਸ ਜਾਰੀ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਵੀ ਅੰਤਮ ਸੰਸਕਾਰਾਂ ਵੇਲੇ ਸੁਰੱਖਿਆ ਪ੍ਰਦਾਨ ਕਰਨ ਦਾ ਵਾਇਦਾ ਕੀਤਾ ਹੈ।
ਸਵਾਸਥ ਪੇਸ਼ਾਵਰਾਂ ਦੀ ਜਾਨ ਨੂੰ ਅਥਾਹ ਖਤਰਿਆਂ ਦੇ ਬਾਵਯੂਦ, ਹਾਲੇ ਤਕ ਕਿਸੇ ਵੀ ਡਾਕਟਰ ਜਾਂ ਨਰਸ ਨੇ ਕੋਵਿਡ ਡਿਊਟੀ ਕਰਨ ਤੋਂ ਇਨਕਾਰ ਨਹੀਂ ਕੀਤਾ।
ਮਜ਼ਦੂਰ ਏਕਤਾ ਲਹਿਰ: ਸਰਕਾਰੀ ਡਾਕਟਰਾਂ ਦੀਆਂ ਹੋਰ ਕਿਹੜੀਆਂ ਮੰਗਾਂ ਹਨ?
ਡਾ. ਸੈਂਥਿਲ: ਤਾਮਿਲਨਾਡੂ ਵਿੱਚ ਤਕਰੀਬਨ 18,000 ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਹਨ। ਡਾਕਟਰਾਂ ਦੀ ਤਨਖਾਹ ਅਤੇ ਭੱਤਿਆਂ ਦੇ ਢਾਂਚੇ ਸਬੰਧੀ ਸਾਡੀਆਂ ਕੁੱਝ ਅਹਿਮ ਮੰਗਾਂ ਹਨ। ਜਦੋਂ ਸਾਰਜ਼-ਕੋਵ2 ਵਾਇਰਿਸ ਨੇ ਸਾਡੇ ਦੇਸ਼ ਉਤੇ ਧਾਵਾ ਬੋਲਿਆ ਸੀ, ਅਸੀਂ ਉਸ ਵਕਤ ਇਨ੍ਹਾਂ ਵਿਸ਼ਿਆਂ ਬਾਰੇ ਸਰਕਾਰ ਨਾਲ ਆਖਰੀ ਗੱਲਬਾਤ ਕਰ ਰਹੇ ਸਾਂ। ਇਸ ਵਕਤ ਅਸੀਂ ਉਹ ਮੰਗਾਂ ਇੱਕ ਪਾਸੇ ਰੱਖ ਕੇ ਕੋਵਿਡ ਨਾਲ ਜੂਝ ਰਹੇ ਹਾਂ।
ਮਜ਼ਦੂਰ ਏਕਤਾ ਲਹਿਰ: ਤੁਹਾਨੂੰ ਹਸਪਤਾਲਾਂ ਵਿੱਚ ਸਵਾਸਥ ਸੇਵਾ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ?
ਡਾ. ਸੈਂਥਿਲ: ਸਾਡੀਆਂ ਨਰਸਾਂ ਕੋਵਿਡ-19 ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਸ਼ਾਨਦਾਰ ਸਹਾਇਤਾ ਕਰ ਰਹੀਆਂ ਹਨ। ਉਹ ਵੀ ਬਹੁਤ ਸਿਰੜੀ ਹਨ, ਜ਼ਿਮੇਵਾਰੀ ਲੈਂਦੀਆਂ ਹਨ ਅਤੇ ਡਾਕਟਰਾਂ ਨਾਲ ਮਿਲ ਕੇ ਬਿਨਾਂ-ਝਿਜਕ ਲਗਨ ਨਾਲ ਕੰਮ ਕਰਦੀਆਂ ਹਨ। ਅਸੀਂ ਇਸ ਮਹਾਂਮਾਰੀ ਦੁਰਾਨ ਖਾਸ ਚੀਜ਼ਾਂ ਦਾ ਖਿਆਲ ਰੱਖਣ ਸਬੰਧੀ, ਕੁੱਝ ਹੋਰ ਸਹਾਇਕ ਸਟਾਫ, ਜਿਵੇਂ ਨਰਸਿੰਗ ਸਹਾਇਕ, ਸੈਨੇਟਰੀ ਮਜ਼ਦੂਰ ਆਦਿ, ਨੂੰ ਟ੍ਰੇਨਿੰਗ ਦੇਣ ਉਤੇ ਕੰਮ ਕਰ ਰਹੇ ਹਾਂ।
ਮਜ਼ਦੂਰ ਏਕਤਾ ਲਹਿਰ: ਕਰੋਨਾ ਮਹਾਂਮਾਰੀ ਤੋਂ ਆਪਣੇ ਦੇਸ਼ ਵਿੱਚ ਸਵਾਸਥ ਦਾ ਖਿਆਲ ਰੱਖਣ ਸਬੰਧੀ ਕੀ ਸਬਕ ਸਿੱਖੇ ਜਾ ਸਕਦੇ ਹਨ?
ਡਾ. ਸੈਂਥਿਲ: ਸਵਾਸਥ ਇੱਕ ਬਹੁਤ ਹੀ ਅਹਿਮ ਖੇਤਰ ਹੈ। ਰਾਜ ਨੂੰ ਸਮੁੱਚੀ ਅਬਾਦੀ ਲਈ ਅੱਛੀ ਗੁਣਵਤਾ ਵਾਲੀ ਅਤੇ ਲੋਕਾਂ ਦੀ ਪਹੁੰਚ ਮੂਜਬ ਕੀਮਤ ਉਤੇ ਸਵਾਸਥ ਸੇਵਾ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਸਵਾਸਥ ਸੇਵਾ ਵਿੱਚ ਰੋਕਥਾਮ ਦੀਆਂ ਦਵਾਈਆਂ, ਨਵੀਆਂ ਦਵਾਈਆਂ, ਟੀਕਿਆਂ ਦੀ ਖੋਜ ਆਦਿ ਸ਼ਾਮਲ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ ਦੇਸ਼ ਦੇ ਬੱਜਟ ਵਿੱਚ ਸਵਾਸਥ ਸੇਵਾ ਲਈ ਚੋਖਾ ਹਿੱਸਾ ਅਲਾਟ ਕੀਤਾ ਜਾਣਾ ਚਾਹੀਦਾ ਹੈ।
ਮਜ਼ਦੂਰ ਏਕਤਾ ਲਹਿਰ: ਤਾਮਿਲਨਾਡੂ ਦੇ ਲੋਕਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ?
ਡਾ. ਸੈਂਥਿਲ: ਇਸ ਮਹਾਂਮਾਰੀ ਦੇ ਖਤਰਿਆਂ ਤੋਂ ਤਾਮਿਲਨਾਡੂ ਦੇ ਲੋਕ ਪੂਰੀ ਤਰ੍ਹਾਂ ਸੁਚੇਤ ਹਨ। ਸਾਡੀ ਜਨਤਾ ਦੇ ਵੱਡੇ ਹਿੱਸੇ ਦੀ ਰੋਜ਼ੀ ਰੋਟੀ ਖੁੱਸ ਗਈ ਹੈ ਅਤੇ ਉਨ੍ਹਾਂ ਨੂੰ ਲਾਕਡਾਊਨ ਦੁਰਾਨ ਵਾਜਬ ਸਹਾਇਤਾ ਨਹੀਂ ਮਿਲ ਰਹੀ। ਇਹਦੇ ਬਾਵਯੂਦ ਭਾਰੀ ਮੁਸ਼ਕਲਾਂ ਦੇ ਹੁੰਦਿਆਂ ਉਹ ਸਰਕਾਰੀ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿੰਦਗੀਆਂ ਬਹੁਤ ਅਣਮੁੱਲੀਆਂ ਹਨ ਅਤੇ ਸਾਨੂੰ ਸਭ ਨੂੰ ਇਨ੍ਹਾਂ ਨੂੰ ਬਚਾਉਣ ਲਈ ਮਿਲਕੇ ਚੱਲਣਾ ਚਾਹੀਦਾ ਹੈ।
ਅਸੀਂ ਡਾਕਟਰ, ਨਰਸਾਂ ਅਤੇ ਹੋਰ ਸਵਾਸਥ ਸੇਵਾ ਸਟਾਫ, ਇਸ ਸੰਕਟ ਉਤੇ ਕਾਬੂ ਪਾਉਣ ਲਈ ਆਪਣੀ ਪੂਰੀ ਸੇਵਾ ਨਿਭਾਉਣਾ ਜਾਰੀ ਰੱਖਾਂਗੇ।
ਮਜ਼ਦੂਰ ਏਕਤਾ ਲਹਿਰ: ਅਸੀਂ ਤੁਹਾਡੇ ਕੀਮਤੀ ਵਿਚਾਰਾਂ ਅਤੇ ਤਜਰਬੇ ਵਾਸਤੇ ਤੁਹਾਡਾ ਤਹਿ-ਦਿਲ ਤੋਂ ਧੰਨਵਾਦ ਕਰਦੇ ਹਾਂ।