ਪੂੰਜੀਵਾਦ ਦੀ ਥਾਂ ਸਮਾਜਵਾਦ ਸਥਾਪਤ ਕਰਨਾ ਸਮੇਂ ਦੀ ਮੰਗ ਹੈ
ਇਸ ਸਾਲ 22 ਅਪਰੈਲ ਨੂੰ ਦੁਨੀਆਂ ਦੇ ਸਭ ਤੋਂ ਪਹਿਲੇ ਸਫਲ ਸਮਾਜਵਾਦੀ ਇਨਕਲਾਬ ਦੇ ਮੁੱਖ ਨਿਰਮਾਤਾ ਦੇ ਜਨਮ ਦੀ 150ਵੀਂ ਸਾਲਗਿਰ੍ਹਾ ਹੈ।
ਵਲਾਦੀਮੀਰ ਇਲੀਚ ਉਲੀਆਨੋਵ ਦਾ ਜਨਮ ਰੂਸ ਦੇ ਸ਼ਹਿਰ ਸਿੰਬਰਸਕ ਵਿੱਚ ਹੋਇਆ। ਜ਼ਾਰਸ਼ਾਹੀ ਹਕੂਮਤ ਵਲੋਂ ਸਾਇਬੇਰੀਆ ਵਿੱਚ ਜਲਾਵਤਨੀ ਤੋਂ ਬਾਅਦ ਉਨ੍ਹਾਂ ਨੇ 1901 ਵਿੱਚ ਆਪਣਾ ਪਾਰਟੀ ਨਾਮ ਲੈਨਿਨ ਰੱਖ ਲਿਆ। ਉਦੋਂ ਤੋਂ ਲੈ ਕੇ ਉਨ੍ਹਾਂ ਨੂੰ ਵਲਾਦੀਮੀਰ ਇਲੀਚ ਲੈਨਿਨ ਦੇ ਨਾਮ ਨਾਲ ਹੀ ਜਾਣਿਆ ਜਾਣ ਲੱਗ ਪਿਆ।
![]() |
ਲੈਨਿਨ ਦਾ ਕੰਮ ਸ਼ੁਰੂ ਤੋਂ ਹੀ ਮਾਰਕਸਵਾਦ ਦੇ ਸਿਧਾਂਤਕ ਸਿੱਟਿਆਂ ਨਾਲ ਮਾਰਗ-ਦਰਸ਼ਿਤ ਰਿਹਾ। ਉਨ੍ਹਾਂ ਦਾ ਕੰਮ ਇਸ ਨਿਰੋਲ ਸਿੱਟੇ ਉੱਤੇ ਅਧਾਰਿਤ ਰਿਹਾ ਕਿ ਸਮਾਜ ਦੀ ਤਰੱਕੀ ਦਾ ਇੱਕੋ-ਇੱਕ ਰਾਹ ਪ੍ਰੋਲਤਾਰੀ ਦਾ ਰਾਜ ਸਥਾਪਤ ਕਰਨਾ ਅਤੇ ਪੂੰਜੀਵਾਦ ਨੂੰ ਸਮਾਜਵਾਦ ਵਿੱਚ ਬਦਲਣਾ ਹੀ ਹੈ। ਉਦਪਾਦਨ ਦੇ ਸਾਧਨਾਂ ਨੂੰ ਨਿੱਜੀ ਜਾਇਦਾਦ ਤੋਂ ਸਮੁੱਚੇ ਸਮਾਜ ਦੀ ਜਾਇਦਾਦ ਬਣਾਉਣਾ ਜ਼ਰੂਰੀ ਹੈ। ਸੋਵੀਅਤ ਸੰਘ ਦੇ ਢਹਿ-ਢੇਰੀ ਹੋਣ ਤਕ ਦੀਆਂ ਜਾਂ ਉਸ ਤੋਂ ਬਾਅਦ ਦੀਆਂ ਗਤੀਵਿਧੀਆਂ ਨੇ ਇਨ੍ਹਾਂ ਸਿਧਾਂਤਕ ਸਿੱਟਿਆਂ ਨੂੰ ਗਲਤ ਸਾਬਤ ਨਹੀਂ ਕੀਤਾ। ਸਗੋਂ ਇਸ ਦੇ ਉਲਟ, ਪਿਛਲੀ ਸਦੀ ਦੀਆਂ ਤਮਾਮ ਗਤੀਵਿਧੀਆਂ ਨੇ ਮਾਰਕਸਵਾਦ-ਲੈਨਿਨਵਾਦ ਦੇ ਸਭ ਸਿੱਟਿਆਂ ਨੂੰ ਸਹੀ ਸਾਬਤ ਕੀਤਾ ਹੈ।
ਲੈਨਿਨ ਦੀ 150ਵੀਂ ਜਨਮ ਸਾਲਗਿਰ੍ਹਾ ਦੇ ਮੌਕੇ ਉਤੇ ਸਾਫ ਨਜ਼ਰ ਆ ਰਿਹਾ ਹੈ ਕਿ ਸਰਮਾਏਦਾਰਾ ਢਾਂਚਾ ਇੱਕ ਅਣਮੱਨੁਖੀ ਢਾਂਚਾ ਹੈ, ਜਿਸਦਾ ਇੱਕੋ-ਇੱਕ ਮਕਸਦ ਕ੍ਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਰੋਲ ਕੇ ਮੁੱਠੀ-ਭਰ ਲੋਹੜੇ ਦੇ ਅਮੀਰਾਂ ਨੂੰ ਹੋਰ ਅਮੀਰ ਬਣਾਈ ਜਾਣਾ ਜਾਰੀ ਰੱਖਣਾ ਹੈ। ਕਰੋਨਾ ਵਾਇਰਿਸ ਦੀ ਮਹਾਂਮਾਰੀ ਨੇ ਵੀ ਸਾਫ ਸਿੱਧ ਕਰ ਦਿੱਤਾ ਹੈ ਕਿ ਬਹੁਤੇ ਸਰਮਾਏਦਾਰਾ ਦੇਸ਼ ਸਮਾਜ ਦੇ ਸਾਰੇ ਲੋਕਾਂ ਦੀ ਸੇਹਤ ਅਤੇ ਸੁੱਖਸਾਂਦ ਦਾ ਬਚਾਅ ਕਰਨ ਵਿੱਚ ਨਾਕਾਮ ਹਨ।
ਸਰਮਾਏਦਾਰਾਂ ਦੀ ਸੇਵਾ ਕਰਨ ਵਾਲੀਆਂ ਸਰਕਾਰਾਂ ਕਰੋਨਾ ਵਾਇਰਿਸ ਨਾਲ ਜੂਝਣ ਵਾਲੇ ਮੂਹਰਲੀਆਂ ਕਤਾਰਾਂ ਵਿਚਲੇ ਮਜ਼ਦੂਰਾਂ ਦਾ ਲੋੜੀਂਦਾ ਬਚਾਅ ਕਰਨ ਵਿੱਚ ਅਸਫਲ ਸਿੱਧ ਹੋ ਚੁੱਕੀਆਂ ਹਨ। ਉਹ ਸਵਾਸਥ ਸੇਵਾ ਦੇ ਮਜ਼ਦੂਰਾਂ ਨੂੰ ਵਾਇਰਿਸ ਤੋਂ ਹਿਫਾਜ਼ਤ ਦੇਣ ਦੇ ਅਸਮਰਥ ਹਨ; ਸਮਾਜ ਦੇ ਸਭ ਤੋਂ ਕਮਜ਼ੋਰ ਹਿੱਸੇ, ਮਜ਼ਦੂਰ ਜਮਾਤ, ਜਿਨ੍ਹਾਂ ਦੀ ਰੋਜ਼ੀ-ਰੋਟੀ ਖੁੱਸ ਚੁੱਕੀ ਹੈ, ਦਾ ਬਚਾਅ ਕਰਨ ਵਿਚ ਅਸਫਲ ਹਨ। ਜ਼ਿੰਦਗੀ ਦਾ ਤਜਰਬਾ ਲੈਨਿਨ ਦੇ ਸਿੱਟਿਆਂ ਦੀ ਪੁਸ਼ਟੀ ਕਰਦਾ ਹੈ ਕਿ ਸਰਮਾਏਦਾਰ ਜਮਾਤ, ਸਮਾਜ ਨੂੰ ਚਲਾਉਣ ਦੇ ਕਾਬਲ ਨਹੀਂ ਰਹੀ।
ਮਾਰਕਸਵਾਦ ਦੇ ਸਿਧਾਂਤ ਉੱਤੇ ਚੱਲ ਕੇ ਲੈਨਿਨ ਨੇ ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਦੀਆਂ ਠੋਸ ਹਾਲਤਾਂ ਦਾ ਵਿਸ਼ਲੇਸ਼ਣ ਕੀਤਾ। ਉਸ ਵੇਲੇ ਤਕ ਪੂੰਜੀਵਾਦ ਸ਼ੋਸ਼ਣ ਅਤੇ ਲੁੱਟ ਦਾ ਵੈਸ਼ਵਿਕ ਢਾਂਚਾ ਬਣ ਚੁੱਕਾ ਸੀ, ਜਿੱਥੇ ਆਪਸੀ ਮੁਕਾਬਲੇ ਦੀ ਥਾਂ ਅਜਾਰੇਦਾਰੀਆਂ ਨੇ ਲੈ ਲਈ ਸੀ।
ਲੈਨਿਨ ਨੇ 20ਵੀਂ ਸਦੀ ਦੇ ਸ਼ੁਰੂ ਦੇ ਵਿਸ਼ਵ ਸਰਮਾਏਦਾਰਾ ਢਾਂਚੇ ਨੂੰ ਸਮਝਿਆ ਅਤੇ ਇਸਦੇ ਪੰਜ ਵਿਸ਼ੇਸ਼ ਪਹਿਲੂਆਂ ਨੂੰ ਉਜਾਗਰ ਕੀਤਾ, ਜੋ ਇਸ ਪ੍ਰਕਾਰ ਹਨ: 1. 19ਵੀਂ ਸਦੀ ਦੇ ਪੂੰਜੀਵਾਦ ਦੀ ਵਿਸ਼ੇਸ਼ਤਾ ਇਹ ਸੀ ਕਿ ਉਦੋਂ ਬਹੁਤ ਸਾਰੇ ਛੋਟੇ ਸਰਮਾਏਦਾਰਾਂ ਵਿਚਕਾਰ ਆਪਸੀ ਮੁਕਾਬਲੇਬਾਜ਼ੀ ਚੱਲਦੀ ਸੀ, ਵੀਹਵੀਂ ਸਦੀ ਵਿੱਚ ਉਤਪਾਦਨ ਅਤੇ ਪੂੰਜੀ ਦਾ ਸਕੇਂਦਰੀਕਰਣ ਹੋਣ ਨਾਲ ਅਜਾਰੇਦਾਰੀਆਂ ਦੀ ਚੌਧਰ ਕਾਇਮ ਹੋਣਾ; 2. ਬੈਂਕਿੰਗ ਪੂੰਜੀ ਦੇ ਸਕੇਂਦਰੀਕਰਣ ਦਾ ਸਕੇਂਦਰੀਕ੍ਰਿਤ ਉਦਯੋਗਿਕ ਪੂੰਜੀ ਨਾਲ ਇਕੱਠੇ ਹੋ ਕੇ ਵਿੱਤ ਪੂੰਜੀ ਨੂੰ ਜਨਮ ਦੇਣਾ ਅਤੇ ਪਰਜੀਵੀ ਵਿੱਤੀ ਅਲਪਤੰਤਰ ਨੂੰ ਹਾਵੀ ਕਰਨਾ; 3. ਪੂੰਜੀ ਦੀ, ਵਿਕਸਿਤ ਦੇਸ਼ਾਂ ਤੋਂ ਸਸਤੇ ਕੱਚੇ ਮਾਲ ਅਤੇ ਸਸਤੀ ਕਿਰਤ ਵਾਲੇ ਇਲਾਕਿਆਂ ਵੱਲ, ਬਰਾਮਦੀ; 4. ਅੰਤਰਰਾਸ਼ਟਰੀ ਅਜਾਰੇਦਾਰ ਸਰਮਾਏਦਾਰਾਂ ਦੇ ਸੰਘ ਬਣਨੇ, ਜਿਹੜੇ ਮੰਡੀਆਂ, ਪ੍ਰਭਾਵ ਖੇਤਰਾਂ ਅਤੇ ਕੱਚੇ ਮਾਲ ਦੇ ਸਰੋਤਾਂ ਉੱਤੇ ਕੰਟਰੋਲ ਕਰਨ ਵਾਸਤੇ ਆਪਸ-ਵਿੱਚ ਲੜਦੇ ਹਨ; 5. ਸਭ ਤੋਂ ਬੜੀਆਂ ਸਾਮਰਾਜਵਾਦੀ ਤਾਕਤਾਂ ਵਲੋਂ ਸਮੁੱਚੀ ਦੁਨੀਆਂ ਦੀ ਇਲਾਕਾਈ ਵੰਡ ਦਾ ਮੁਕੰਮਲ ਹੋਣਾ, ਜਿਸ ਦੇ ਫਲਸਰੂਪ ਦੁਨੀਆਂ ਦੀ ਮੁੜ-ਵੰਡ ਵਾਸਤੇ ਅੰਤਰ-ਸਾਮਰਾਜੀ ਜੰਗਾਂ ਲੱਗਣੀਆਂ ਸ਼ੁਰੂ ਹੋਈਆਂ।
ਲੈਨਿਨ ਨੇ ਉੱਚੇ-ਨੀਵੇਂ ਸਰਮਾਏਦਾਰਾ ਵਿਕਾਸ ਦੇ ਨਿਯਮ ਦੀ ਖੋਜ ਕੱਢੀ। ਉਨ੍ਹਾਂ ਨੇ ਤੱਥਾਂ ਅਤੇ ਅੰਕੜਿਆਂ ਦੇ ਅਧਾਰ ਉਤੇ ਦਿਖਾਇਆ ਕਿ ਕਾਰੋਬਾਰਾਂ, ਟਰੱਸਟਾਂ, ਉਦਯੋਗਾਂ ਦੀਆਂ ਸ਼ਾਖਾਵਾਂ ਅਤੇ ਵੱਖ-ਵੱਖ ਦੇਸ਼ਾਂ ਦਾ ਵਿਕਾਸ ਉੱਚਾ-ਨੀਵਾਂ ਅਤੇ ਫੁਹਾਰਿਆਂ ਵਾਂਗ ਜ਼ੋਰ ਦੇ ਕੇ ਹੁੰਦਾ ਹੈ, ਕਈਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਦੂਸਰਿਆਂ ਦਾ ਜ਼ੋਰ ਨਾਲ ਫੁੱਟ ਨਿਕਲਦਾ ਹੈ। ਇਸਦੇ ਫਲਸਰੂਪ ਤਾਕਤਾਂ ਦਾ ਸੰਤੁਲਨ ਬਾਰ-ਬਾਰ ਬਦਲਦਾ ਰਹਿੰਦਾ ਹੈ ਅਤੇ ਸਾਮਰਾਜੀ ਤਾਕਤਾਂ ਵਿੱਚ ਨਵੇਂ ਸੰਤੁਲਨ ਸਥਾਪਤ ਕਰਨ ਲਈ ਬਾਰ-ਬਾਰ ਜੰਗਾਂ ਲੱਗਦੀਆਂ ਹਨ। ਇਹਦੇ ਨਾਲ ਸਾਮਰਾਜਵਾਦ ਦਾ ਵਿਸ਼ਵ ਮੋਰਚਾ ਕਮਜ਼ੋਰ ਪੈ ਜਾਂਦਾ ਹੈ, ਇਸ ਮੋਰਚੇ ਨੂੰ ਇਨਕਲਾਬ ਰਾਹੀਂ ਤੋੜਨਾ ਸੰਭਵ ਹੋ ਜਾਂਦਾ ਹੈ।
ਲੈਨਿਨ ਨੇ ਵਿਸ਼ਲੇਸ਼ਣ ਕੀਤਾ ਕਿ ਸਾਮਰਾਜਵਾਦ ਇੱਕ ਅਜੇਹਾ ਪੜਾਅ ਹੈ, ਜਦੋਂ ਸਰਮਾਏਦਾਰਾ ਢਾਂਚੇ ਦੇ ਸਾਰੇ ਅੰਤਰ-ਵਿਰੋਧ ਬਹੁਤ ਤਿੱਖੇ ਹੋ ਜਾਂਦੇ ਹਨ। ਉਨ੍ਹਾਂ ਨੇ ਮੁੱਖ ਅੰਤਰ-ਵਿਰੋਧਾਂ ਦੀ ਪਹਿਚਾਣ ਇਉਂ ਦਿੱਤੀ: ਹਰੇਕ ਸਰਮਾਏਦਾਰਾ ਦੇਸ਼ ਵਿਚਲੇ ਲੋਟੂਆਂ ਅਤੇ ਲੁਟੀਂਦਿਆਂ ਵਿਚਕਾਰ ਅੰਤਰ-ਵਿਰੋਧ; ਸਾਮਰਾਜਵਾਦ ਅਤੇ ਦੱਬੇ-ਕੁਚਲੇ ਦੇਸ਼ਾਂ ਤੇ ਲੋਕਾਂ ਵਿਚਕਾਰ ਅੰਤਰ-ਵਿਰੋਧ; ਅਤੇ ਸਾਮਰਾਜਵਾਦੀ ਤਾਕਤਾਂ ਵਿਚਕਾਰ ਅਤੇ ਅਜਾਰੇਦਾਰ ਘਰਾਣਿਆਂ ਵਿਚਕਾਰ ਅੰਤਰ-ਵਿਰੋਧ।
ਲੈਨਿਨ ਹੁਰਾਂ ਇਹ ਨਿਚੋੜ ਕੱਢਿਆ ਕਿ ਸਾਮਰਾਜਵਾਦ ਸਰਮਾਏਦਾਰੀ ਦਾ ਸਰਬਉੱਚ, ਸਭ ਤੋਂ ਵੱਧ ਪਰਜੀਵੀ ਅਤੇ ਆਖਰੀ ਪੜਾਅ ਹੈ। ਸਾਮਰਾਜਵਾਦ, ਸਰਮਾਏਦਾਰੀ ਨੂੰ ਇੱਕ ਉੱਤਮ ਸਮਾਜਿਕ ਢਾਂਚੇ, ਜਾਣੀ ਸਮਾਜਵਾਦ ਵਿੱਚ ਬਦਲਣ ਦੀ ਪੂਰਵ-ਸੰਧਿਆ ਹੈ।
ਤੱਥ ਅਤੇ ਗਤੀਵਿਧੀਆਂ ਇਸ ਗੱਲ ਨੂੰ ਉਘਾੜ ਰਹੇ ਹਨ ਕਿ ਸਰਮਾਏਦਾਰਾ ਢਾਂਚਾ ਹਾਲੀਂ ਵੀ ਆਪਣੇ ਆਖਰੀ ਪੜਾਅ ਉੱਤੇ ਹੈ, ਦਿਨ-ਬ-ਦਿਨ ਹੋਰ ਵੱਧ ਪਰਜੀਵੀ, ਤਬਾਹਕੁੰਨ ਅਤੇ ਸੰਕਟ-ਗ੍ਰਸਤ ਹੁੰਦਾ ਜਾ ਰਿਹਾ ਹੈ। ਅਜਾਰੇਦਾਰੀਆਂ ਦੇ ਹਾਵੀ ਹੋਣ ਨਾਲ, ਵਿੱਤ-ਪੂੰਜੀ ਵਲੋਂ ਪੂੰਜੀ ਦੇ ਨਿਰਯਾਤ ਰਾਹੀਂ ਦੁਨੀਆਂਭਰ ਵਿੱਚ ਲੁੱਟ ਅਤੇ ਡਕੈਤੀ ਬੇਮਿਸਾਲ ਪੱਧਰਾਂ ਉਤੇ ਪਹੁੰਚ ਚੁੱਕੀ ਹੈ। ਸਰਮਾਏਦਾਰਾ ਅਜਾਰੇਦਾਰੀਆਂ ਵਿਚਕਾਰ ਤੇਲ ਅਤੇ ਹੋਰ ਅਹਿਮ ਕੱਚੇ ਮਾਲ ਦੇ ਸਰੋਤਾਂ ਸਬੰਧੀ ਟੱਕਰਾਂ ਬਹੁਤ ਹੀ ਤਿੱਖੀਆਂ ਹੋ ਗਈਆਂ ਹਨ। ਚੀਨ ਦੇ ਦੁਨੀਆਂ ਵਿੱਚ ਸਭ ਤੋਂ ਬੜੇ ਸਨੱਅਤੀ ਦੇਸ਼ ਦੇ ਤੌਰ ਉੱਤੇ ਉਭਰਨ ਅਤੇ ਹਿੰਦੋਸਤਾਨ ਸਮੇਤ ਹੋਰ “ਉਭਰ ਰਹੀਆਂ” ਸਾਮਰਾਜਵਾਦੀ ਤਾਕਤਾਂ ਦੇ ਚੜ੍ਹਾਅ ਤੋਂ ਉੱਚੇ-ਨੀਵੇਂ ਵਿਕਾਸ ਦੇ ਨਿਯਮ ਦੇ ਸਬੂਤ ਸਾਹਮਣੇ ਹਾਜ਼ਰ ਹਨ। ਦੇਸ਼ਾਂ ਦੇ ਆਪਸੀ ਅੰਤਰਰਾਸ਼ਟਰੀ ਸਬੰਧਾਂ ਦੇ ਖੇਤਰ ਵਿਚ, ਅਮਰੀਕਾ ਦੇ ਹਰ ਕੀਮਤ ਉੱਤੇ ਸਭ ਤੋਂ ਪਹਿਲੇ ਨੰਬਰ ਉੱਤੇ ਰਹਿਣ ਦੀ ਕੋਸ਼ਿਸ਼ ਵਿੱਚ ਹਮਲਾਵਰ ਰੌਂਅ ਦਾ ਹੋਰ ਸਾਮਰਾਜੀ ਦੇਸ਼ਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਜਦੋਂ 1991 ਵਿੱਚ ਸੋਵੀਅਤ ਸੰਘ ਟੁੱਟਿਆ ਤਾਂ ਦੁਨੀਆਂ ਦੇ ਸਰਮਾਏਦਾਰਾਂ ਨੇ ਇਹ ਦਾਅਵਾ ਕੀਤਾ ਕਿ ਹੁਣ ਹੋਰ ਜੰਗਾਂ ਨਹੀਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਪੂੰਜੀਵਾਦ ਇੱਕ ਨਵੇਂ ਪੜਾਅ, ਜਾਣੀ ਅਮਨ-ਸ਼ਾਂਤੀ ਦੇ ਪੜਾਅ ਉੱਤੇ ਪਹੁੰਚ ਗਿਆ ਹੈ। ਲੇਕਿਨ ਪਿਛਲੇ ਤਿੰਨ ਦਹਾਕਿਆਂ ਦਾ ਪੂਰਾ ਅਰਸਾ ਸਥਾਈ ਜੰਗਾਂ ਦਾ ਦੌਰ ਹੋ ਨਿਬੜਿਆ ਹੈ, ਅਜ਼ਾਦ ਦੇਸ਼ਾਂ ਉੱਤੇ ਹਥਿਆਰਬੰਦ ਕਬਜ਼ਿਆਂ ਅਤੇ ਦੁਨੀਆਂ ਉੱਤੇ ਹਾਵੀ ਹੋਣ ਖਾਤਰ ਅੰਤਰ-ਸਾਮਰਾਜੀ ਝਗੜਿਆਂ ਦਾ ਦੌਰ ਰਿਹਾ ਹੈ।
ਜ਼ਿੰਦਗੀ ਦਾ ਤਜਰਬਾ ਵੀ ਲੈਨਿਨ ਦੇ ਸਿੱਟਿਆਂ ਨੂੰ ਸਹੀ ਠਹਿਰਾਉਂਦਾ ਹੈ, ਕਿ ਸਾਮਰਾਜਵਾਦ ਪੂੰਜੀਵਾਦ ਦਾ ਆਖਰੀ ਪੜਾਅ ਹੈ। ਕੋਈ ਨਵਾਂ ਸ਼ਾਂਤਮਈ ਦੌਰ ਸੰਭਵ ਨਹੀਂ। ਸਾਮਰਾਜੀ ਢਾਂਚੇ ਦਾ ਤਖਤਾ ਉਲਟਾਕੇ ਅਤੇ ਇੱਕ ਤੋਂ ਬਾਅਦ ਦੂਸਰੇ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਰਾਹੀਂ ਹੀ ਜੰਗਾਂ ਖਤਮ ਕੀਤੀਆਂ ਜਾ ਸਕਦੀਆਂ ਹਨ ਅਤੇ ਸਥਾਈ ਅਮਨ ਸਥਾਪਤ ਕੀਤਾ ਜਾ ਸਕਦਾ ਹੈ।
ਲੈਨਿਨ ਨੇ ਆਪਣੇ ਸਮਕਾਲੀ ਰੂੜੀਵਾਦੀ ਮਾਰਕਸਵਾਦੀਆਂ ਨਾਲ ਖੂਬ ਸੰਘਰਸ਼ ਕੀਤਾ, ਜਿਹੜੇ ਇਹ ਯਕੀਨ ਕਰਦੇ ਸਨ ਕਿ ਪ੍ਰੋਲਤਾਰੀ ਕੇਵਲ ਦੁਨੀਆਂ ਦੇ ਉੱਨਤ ਸਰਮਾਏਦਾਰਾ ਦੇਸ਼ਾਂ ਵਿੱਚ ਹਾਕਮ ਜਮਾਤ ਬਣ ਸਕਦੀ ਹੈ ਅਤੇ ਸਮਾਜਵਾਦ ਦੀ ਉਸਾਰੀ ਸ਼ੁਰੂ ਕਰ ਸਕਦੀ ਹੈ। ਉਹ ਇਹ ਸਬਕ ਦਿੰਦੇ ਸਨ ਕਿ ਰੂਸ, ਜਿਹੜਾ ਉਸ ਵੇਲੇ ਮੁਕਾਬਲਤਨ ਪਛੜਿਆ ਹੋਇਆ ਸੀ, ਉਥੇ ਕੇਵਲ ਬੁਰਜੂਆ ਜਮਹੂਰੀ ਇਨਕਲਾਬ ਹੀ ਸੰਭਵ ਹੈ। ਲੈਨਿਨ ਨੇ ਸਾਮਰਾਜਵਾਦ ਬਾਰੇ ਵਿਸ਼ਲੇਸ਼ਣ ਦੇ ਅਧਾਰ ਉੱਤੇ ਉਨ੍ਹਾਂ ਦੇ ਵਿਚਾਰਾਂ ਦਾ ਖੰਡਨ ਕੀਤਾ, ਉਸਦੇ ਵਿਸ਼ਲੇਸ਼ਣ ਮੁਤਾਬਿਕ ਸਾਮਰਾਜਵਾਦ ਪ੍ਰੋਲਤਾਰੀ ਇਨਕਲਾਬਾਂ ਅਤੇ ਸਮਾਜਵਾਦ ਦੀ ਪੂਰਵ-ਸੰਧਿਆ ਹੈ। ਉਸ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਕਿਉਂਕਿ ਪੂੰਜੀਵਾਦ ਦੁਨੀਆਂ ਦੇ ਪੱਧਰ ਉੱਤੇ ਆਪਣੇ ਆਖਰੀ ਪੜਾਅ ‘ਤੇ ਪਹੁੰਚ ਚੁੱਕਾ ਹੈ, ਇਸ ਲਈ ਇੱਕ ਮੁਕਾਲਬਤਨ ਪਛੜੇ ਹੋਏ ਦੇਸ਼ ਵਿੱਚ ਵੀ ਇਨਕਲਾਬ ਅਤੇ ਸਮਾਜਵਾਦ ਦੀ ਪ੍ਰਗਤੀ ਸੰਭਵ ਹੈ। ਉਸਨੇ ਰੂਸ ਵਿੱਚ ਪ੍ਰੋਲਤਾਰੀ ਵਲੋਂ ਹਾਕਮ ਜਮਾਤ ਬਣਨ ਲਈ ਤਿਆਰੀਆਂ ਕਰਨ ਦੀ ਜ਼ਰੂਰਤ ਉਤੇ ਜ਼ੋਰ ਦਿੱਤਾ।
ਲੈਨਿਨ ਨੇ ਉਨਾਂ ਲੋਕਾਂ ਦੀ ਮੌਕਾਪ੍ਰਸਤੀ ਦਾ ਪਰਦਾਫਾਸ਼ ਕੀਤਾ, ਜਿਹੜੇ ਇਹ ਪ੍ਰਚਾਰ ਕਰਦੇ ਸਨ ਕਿ ਰਾਜ ਸਰਮਾਏਦਾਰੀ ਅਤੇ ਮਜ਼ਦੂਰ ਜਮਾਤ ਵਿਚਕਾਰ ਵਿਰੋਧਤਾਈਆਂ ਨੂੰ ਸੁਲਝਾਉਣ ਦਾ ਸਾਧਨ ਹੋ ਸਕਦਾ ਹੈ। ਉਸਨੇ ਰਾਜ ਬਾਰੇ ਮਾਰਕਸਵਾਦੀ ਸਿਧਾਂਤ ਦੀ ਹਿਫਾਜ਼ਤ ਕਰਦਿਆਂ ਵਿਸਤਾਰ ਪੂਰਬਕ ਸਮਝਾਇਆ ਕਿ ਰਾਜ ਇੱਕ ਜਮਾਤ ਦਾ ਦੂਸਰੀ ਜਮਾਤ ਉਤੇ ਹਕੂਮਤ ਕਰਨ ਦਾ ਸਾਧਨ ਹੈ।
ਕਿਉਂਕਿ ਸਰਮਾਏਦਾਰ ਜਮਾਤ ਅਤੇ ਮਜ਼ਦੂਰ ਜਮਾਤ ਦੇ ਹਿੱਤ ਪੂਰੀ ਤਰ੍ਹਾਂ ਉਲਟ ਹਨ, ਇਸ ਲਈ ਇੱਕ ਜਮਾਤ ਲਈ ਜਮਹੂਰੀਅਤ ਦਾ ਮਤਲਬ ਦੂਸਰੀ ਉੱਤੇ ਤਾਨਾਸ਼ਾਹੀ ਹੋਣਾ ਅਵੱਸ਼ਕ ਹੈ। ਲੈਨਿਨ ਨੇ ਭਾਰੂ ਦਲੀਲ ਦਿੱਤੀ ਕਿ ਜ਼ਾਰਸ਼ਾਹੀ ਹਕੂਮਤ ਨੂੰ ਹਟਾ ਕੇ ਬੁਰਜੂਆ ਸੰਸਦੀ ਗਣਰਾਜ ਨਹੀਂ ਸੋਵੀਅਤ ਗਣਰਾਜ ਸਥਾਪਤ ਕਰਨਾ ਜ਼ਰੂਰੀ ਹੈ।
ਲੈਨਿਨ ਨੇ ਸਮਝਾਇਆ ਕਿ ਬੁਰਜੂਆ ਜਮਹੂਰੀ ਗਣਰਾਜ, ਪੂੰਜੀਵਾਦ ਲਈ ਇੱਕ ਸਭ ਤੋਂ ਬੇਹਤਰੀਨ ਮਖੌਟਾ ਹੈ। ਇੱਕ ਬਾਰੀ ਜਦੋਂ ਪੂੰਜੀ ਇਸ ਮਖੌਟੇ ਨੂੰ ਕਬਜ਼ੇ ਵਿੱਚ ਕਰ ਲੈਂਦੀ ਹੈ, ਫਿਰ ਉਹ ਆਪਣੀ ਤਾਕਤ ਇਤਨੀ ਸੁਰੱਖਿਅਤ ਬਣਾ ਲੈਂਦੀ ਹੈ ਕਿ ਵਿਅਕਤੀ, ਅਦਾਰੇ ਜਾਂ ਪਾਰਟੀਆਂ ਵਿੱਚ ਕੋਈ ਵੀ ਤਬਦੀਲੀ ਉਸ ਨੂੰ ਹਿਲਾ ਨਹੀਂ ਸਕਦੀ। ਲੈਨਿਨ ਨੇ ਲਿਖਿਆ ਕਿ: “ਹਰ ਕੁਝ ਸਾਲਾਂ ਬਾਦ ਇਹ ਫੈਸਲਾ ਕਰਨਾ ਕਿ ਹਾਕਮ ਜਮਾਤ ਦੇ ਕਿਹੜੇ ਵਿਅਕਤੀ ਸੰਸਦ ਦੇ ਰਾਹੀਂ ਲੋਕਾਂ ਉੱਤੇ ਅਤਿਆਚਾਰ ਕਰਨਗੇ ਅਤੇ ਉਨ੍ਹਾਂ ਨੂੰ ਪੈਰਾਂ ਹੇਠ ਲਿਤਾੜਨਗੇ – ਬੁਰਜੂਆ ਜਮਹੂਰੀਅਤ ਦਾ ਤੱਤ ਹੈ”। (ਰਾਜ ਅਤੇ ਇਨਕਲਾਬ ਵਿਚੋਂ)
ਪਾਰਲੀਮਾਨੀ ਜਮਹੂਰੀਅਤ ਦੇ ਜਮਾਤੀ ਖਾਸੇ ਬਾਰੇ ਜੋ ਕੱੁਝ ਲੈਨਿਨ ਨੇ ਦੱਸਿਆ ਸੀ, ਉਹ 1950 ਤੋਂ ਲੈ ਕੇ, ਜਦੋਂ ਹਿੰਦੋਸਤਾਨੀ ਗਣਰਾਜ ਦਾ ਸੰਵਿਧਾਨ ਅਪਣਾਇਆ ਗਿਆ ਸੀ, ਹਿੰਦੋਸਤਾਨ ਦੇ ਲੋਕਾਂ ਦੀ ਜ਼ਿੰਦਗੀ ਦੇ ਤਜਰਬੇ ਮੁਤਾਬਿਕ ਪੂਰੀ ਤਰ੍ਹਾਂ ਸਾਬਤ ਹੁੰਦਾ ਹੈ। ਸਿਆਸੀ ਪਾਰਟੀਆਂ ਚੋਣਾਂ ਰਾਹੀਂ ਇੱਕ-ਦੂਜੇ ਨੂੰ ਹਟਾ ਕੇ ਸੱਤਾ ਵਿੱਚ ਆਉਂਦੀਆਂ ਰਹਿੰਦੀਆਂ ਹਨ, ਸਰਕਾਰਾਂ ਅਤੇ ਨਾਅਰੇ ਬਦਲਦੇ ਰਹਿੰਦੇ ਹਨ, ਪਰ ਆਰਥਿਕਤਾ ਦੀ ਪੂੰਜੀ-ਕੇਂਦਰਿਤ ਦਿਸ਼ਾ ਬਿਲਕੁਲ ਨਹੀਂ ਬਦਲਦੀ। ਬੜੇ ਸਰਮਾਏਦਾਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਲੁੱਟ ਕਰਕੇ ਹੋਰ ਅਮੀਰ ਹੁੰਦੇ ਰਹਿੰਦੇ ਹਨ। ਮਜ਼ਦੂਰ ਅਤੇ ਕਿਸਾਨ ਗਰੀਬ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੀ ਲੁੱਟ ਹੋਰ ਤੀਬਰ ਹੁੰਦੀ ਰਹਿੰਦੀ ਹੈ। ਰਾਜ ਸਰਮਾਏਦਾਰ ਜਮਾਤ ਦਾ ਹੱਥਠੋਕਾ ਬਣਿਆ ਰਹਿੰਦਾ ਹੈ, ਜੋ ਪਾੜੋ ਤੇ ਰਾਜ ਕਰੋ ਦੀ ਨੀਤੀ ‘ਤੇ ਚੱਲਦਿਆਂ, ਵੋਟ ਜਾਂ ਬੰਦੂਕ ਦੇ ਜ਼ਰੀਏ ਮੇਹਨਤਕਸ਼ ਜਨਤਾ ਉੱਤੇ ਹਕੂਮਤ ਕਰਦੀ ਰਹਿੰਦੀ ਹੈ।
ਲੈਨਿਨ ਨੇ ਤਮਾਮ ਸੱਤਾ ਸੋਵੀਅਤਾਂ ਦੇ ਹੱਥਾਂ ਵਿੱਚ ਦਿੱਤੇ ਜਾਣ ਦੀ ਵਕਾਲਤ ਕੀਤੀ। ਮਜ਼ਦੂਰਾਂ ਦੇ ਪ੍ਰਤੀਨਿਧਾਂ ਦੀ ਸੋਵੀਅਤ, ਉਦਯੋਗਿਕ ਮਜ਼ਦੂਰਾਂ ਦਾ ਇੱਕ ਹਰਮਨ ਪਿਆਰਾ ਜਥੇਬੰਦਕ ਰੂਪ ਸੀ, ਜਿਹੜਾ 1905 ਵਿੱਚ ਜ਼ਾਰ ਦੇ ਖ਼ਿਲਾਫ਼ ਇਨਕਲਾਬੀ ਬਗਾਵਤ ਦੁਰਾਨ ਰੂਸ ਵਿੱਚ ਉਭਰ ਕੇ ਆਇਆ ਸੀ। ਇਹ ਮਜ਼ਦੂਰ ਜਮਾਤ ਦੇ ਪਰਖੇ ਹੋਏ ਲੜਾਕੂਆਂ ਦੀ ਕੌਂਸਲ ਸੀ, ਜਿਨ੍ਹਾਂ ਨੂੰ ਉਹ ਖੁਦ ਆਪਣੇ ਵਿਚੋਂ ਛਾਂਟ ਕੇ ਚੁਣਦੇ ਸਨ। ਸੋਵੀਅਤਾਂ ਦੀ ਧਾਰਨਾ ਮਜ਼ਦੂਰਾਂ ਦੇ ਦਿਲਾਂ ਵਿੱਚ ਜਿਉਂਦੀ ਰਹੀ, ਜਿਸ ਨੂੰ ਫਰਵਰੀ 1917 ਵਿੱਚ ਜ਼ਾਰ ਦਾ ਤਖਤਾ ਉਲਟਾਉਣ ਲਈ ਆਏ ਇਨਕਲਾਬੀ ਉਭਾਰ ਦੁਰਾਨ ਦੁਬਾਰਾ ਉਜਾਗਰ ਕੀਤਾ ਗਿਆ ਸੀ। ਮੁੱਖ ਸ਼ਹਿਰਾਂ ਵਿੱਚ ਮਜ਼ਦੂਰਾਂ ਅਤੇ ਸੈਨਿਕਾਂ ਦੇ ਪ੍ਰਤੀਨਿਧਾਂ ਦੀਆਂ ਸੋਵੀਅਤਾਂ ਬਣਾਈਆਂ ਗਈਆਂ ਅਤੇ ਕਈ ਪੇਂਡੂ ਇਲਾਕਿਆਂ ਵਿੱਚ ਕਿਸਾਨਾਂ ਦੇ ਪ੍ਰਤੀਨਿਧਾਂ ਦੀਆਂ ਸੋਵੀਅਤਾਂ ਵੀ ਬਣਾਈਆਂ ਗਈਆਂ।
ਸੋਵੀਅਤਾਂ ਦੇ ਹੱਥਾਂ ਵਿੱਚ ਸਮੁੱਚੀ ਤਾਕਤ ਦੇ ਕੇ, ਅਕਤੂਬਰ ਇਨਕਲਾਬ ਨੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਵਾਲੇ ਇੱਕ ਬਿਲਕੁਲ ਨਵੇਂ ਰਾਜ ਦੀ ਨੀਂਹ ਰੱਖ ਦਿੱਤੀ। ਵਿਸ਼ੇਸ਼ ਅਧਿਕਾਰਾਂ ਅਤੇ ਉੱਚੀਆਂ ਤਨਖਾਹਾਂ ਵਾਲੇ ਅਫਸਰਾਂ ਦੀ ਥਾਂ ਨਾਗਰਿਕ ਸੇਵਕ ਲਾ ਦਿੱਤੇ, ਜਿਨ੍ਹਾਂ ਨੂੰ ਕਿਸੇ ਵੀ ਵਕਤ ਵਾਪਸ ਬੁਲਾਇਆ ਜਾ ਸਕਦਾ ਸੀ ਅਤੇ ਸਿਖਲਾਈ-ਯਾਫਤਾ ਮਜ਼ਦੂਰਾਂ ਜਿੰਨੀ ਹੀ ਤਨਖਾਹ ਦਿੱਤੀ ਜਾਂਦੀ ਸੀ। ਜ਼ਾਰ ਦੀ ਪਰਜੀਵੀ ਫੌਜ ਦੀ ਥਾਂ ਲਾਲ ਫੌਜ ਨੇ ਲੈ ਲਈ, ਜਿਹੜੀ ਕਿ ਲੋਟੂਆਂ ਦਾ ਤਖਤਾ ਉਲਟਾਉਣ ਦੇ ਇਨਕਲਾਬੀ ਸੰਘਰਸ਼ ਦੁਰਾਨ ਪੈਦਾ ਹੋਈ ਸੀ।
ਸੋਵੀਅਤ ਸੰਘ ਵਿੱਚ ਖੇਤੀਬਾੜੀ ਦੇ ਸਮੂਹੀਕਰਣ ਅਤੇ ਸਮਾਜਵਾਦ ਦਾ ਆਰਥਿਕ ਅਧਾਰ ਉਸਾਰ ਲਏ ਜਾਣ ਤੋਂ ਬਾਅਦ, ਸੋਵੀਅਤ ਜਮਹੂਰੀਅਤ ਦੇ ਸਿਧਾਂਤ ਅਤੇ ਅਮਲ ਦਾ ਅਗਾਂਹ ਵਿਕਾਸ ਹੋਇਆ। 1936 ਵਿੱਚ ਅਪਣਾਏ ਗਏ ਸੰਵਿਧਾਨ ਨੇ ਸੋਵੀਅਤਾਂ ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਛਾਂਟਣ ਅਤੇ ਚੁਣਨ ਵਿੱਚ ਮੇਹਨਤਕਸ਼ਾਂ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਲਈ ਵਿਆਪਕ ਹਿੱਸਾ ਲੈਣ ਦਾ ਰਾਹ ਖੋਲਿ੍ਹਆ। ਦੂਸਰੇ ਮਹਾਂ-ਯੁੱਧ ਨੇ ਹਕੂਮਤ ਚਲਾਉਣ ਵਿੱਚ ਲੋਕਾਂ ਦੀ ਭੂਮਿਕਾ ਵਧਾਉਣ ਦੀ ਪ੍ਰੀਕ੍ਰਿਆ ਵਿੱਚ ਰੁਕਾਵਟ ਪਾ ਦਿੱਤੀ। ਇਸ ਤੋਂ ਬਾਅਦ, 1950ਵਿਆਂ ਵਿੱਚ ਇਹ ਦਿਸ਼ਾ ਉਲਟ ਗਈ, ਜਦੋਂ ਸੋਵੀਅਤ ਪਾਰਟੀ ਨੇ ਆਪਣਾ ਜਮਾਤੀ ਖਾਸਾ ਬਦਲਣਾ ਸ਼ੁਰੂ ਕਰ ਦਿੱਤਾ ਅਤੇ ਫੈਸਲੇ ਲੈਣ ਦੀ ਸਾਰੀ ਤਾਕਤ ਸੋਧਵਾਦੀ ਲੀਡਰਸ਼ਿਪ ਨੇ ਆਪਣੇ ਹੱਥਾਂ ਵਿੱਚ ਲੈਣੀ ਸ਼ੁਰੂ ਕਰ ਦਿੱਤੀ।
ਸਮਾਜਵਾਦ ਦੀ ਉਸਾਰੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸੋਵੀਅਤ ਸੰਘ ਤੇ ਦੂਸਰੇ ਸਾਬਕਾ ਸਮਾਜਵਾਦੀ ਦੇਸ਼ਾਂ ਵਿਚ ਸਰਮਾਏਦਾਰੀ ਦੀ ਬਹਾਲੀ ਦੇ ਖ਼ਿਲਾਫ਼ ਮਾਰਕਸਵਾਦ-ਲੈਨਿਨਵਾਦ ਲਾਗੂ ਕੀਤੇ ਜਾਣ ਦੇ ਤਜਰਬੇ ਦੀ ਸਮੀਖਿਆ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਇੱਕ ਆਧੁਨਿਕ ਜਮਹੂਰੀ ਸੰਵਿਧਾਨ ਵਿੱਚ ਪ੍ਰਭੂਸੱਤਾ ਦਾ ਲੋਕਾਂ ਦੇ ਹੱਥਾਂ ਵਿੱਚ ਦਿੱਤਾ ਜਾਣਾ ਜ਼ਰੂਰੀ ਹੈ। ਇਹ ਲਾਜ਼ਮੀ ਤੌਰ ਉਤੇ ਗਰੰਟੀ ਕਰੇ ਕਿ ਮਨੁੱਖੀ ਅਧਿਕਾਰਾਂ ਅਤੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਨਾ ਹੋ ਸਕੇ। ਆਧੁਨਿਕ ਜਮਹੂਰੀਅਤ ਦੀ ਸਿਆਸੀ ਪ੍ਰੀਕ੍ਰਿਆ ਵਿੱਚ ਲੋਕਾਂ ਕੋਲ ਚੋਣ ਕਰਨ ਲਈ ਉਮੀਦਵਾਰ ਛਾਂਟਣ ਦਾ ਅਧਿਕਾਰ ਹੋਵੇ, ਚੁਣੇ ਗਏ ਪ੍ਰਤੀਨਿਧਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੋਵੇ ਅਤੇ ਕਾਨੂੰਨ ਪ੍ਰਸਤਾਵਿਤ ਕਰਨ ਦਾ ਅਧਿਕਾਰ ਹੋਵੇ। ਇਹ ਸਮਕਾਲੀ ਮਾਰਕਸਵਾਦੀ-ਲੈਨਿਨਵਾਦੀ ਚਿੰਤਨ ਦਾ ਅਹਿਮ ਹਿੱਸਾ ਹਨ।
ਲੈਨਿਨ ਨੇ ਰੂਸੀ ਪ੍ਰੋਲਤਾਰੀਆ ਲਈ ਸਿਆਸੀ ਤਾਕਤ ਉੱਤੇ ਸਫਲਤਾ ਪੂਰਬਕ ਕਬਜ਼ਾ ਕਰਨ ਵਾਲੀ ਅਤੇ ਇਸ ਤਾਕਤ ਨੂੰ ਆਪਣੇ ਹੱਥਾਂ ਵਿੱਚ ਰੱਖਣ ਦੇ ਕਾਬਲ ਸਿਆਸੀ ਪਾਰਟੀ ਸਥਾਪਤ ਅਤੇ ਵਿਕਸਤ ਕਰਨ ਲਈ ਇੱਕ ਦਿ੍ਰੜ ਅਤੇ ਲੰਬਾ ਸੰਘਰਸ਼ ਚਲਾਇਆ। ਉਨ੍ਹਾਂ ਨੇ ਸਮਝਾਇਆ ਕਿ ਟ੍ਰੇਡ ਯੂਨੀਅਨ ਸੰਘਰਸ਼ ਆਪਣੇ ਤੌਰ ਉਤੇ ਸਿਰਫ ਸਰਮਾਏਦਾਰਾ ਸੁਧਾਰਵਾਦੀ ਚੇਤਨਾ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ਪੇਸ਼ਾਵਰ ਇਨਕਲਾਬੀਆਂ ਦੀ ਪਾਰਟੀ ਬਣਾਉਣ ਦੀ ਅਵੱਸ਼ਕਤਾ ਉੱਤੇ ਜ਼ੋਰ ਦਿੱਤਾ, ਜੋ ਮਜ਼ਦੂਰ ਜਮਾਤ ਵਿੱਚ ਤਾਕਤ ਉਤੇ ਕਬਜ਼ਾ ਕਰਨ ਅਤੇ ਖੁਦ ਹਾਕਮ ਜਮਾਤ ਬਣਨ ਦੀ ਸਿਆਸੀ ਚੇਤੰਨਤਾ ਦਾ ਜਜ਼ਬਾ ਭਰ ਦੇਵੇ। ਉਨ੍ਹਾਂ ਨੇ ਇੱਕ ਸਰਬ-ਰੂਸ ਅਖ਼ਬਾਰ ਸਥਾਪਤ ਕੀਤੇ ਜਾਣ ਦੀ ਵਕਾਲਤ ਕੀਤੀ, ਜੋ ਪਾਰਟੀ ਰੂਪੀ ਇਮਾਰਤ ਖੜ੍ਹੀ ਕਰਨ ਲਈ ਇੱਕ ਪੈੜ ਦਾ ਕੰਮ ਦੇਵੇ।
ਲੈਨਿਨ ਨੇ ਉਨ੍ਹਾਂ ਰੂਸੀ ਮਾਰਕਸਵਾਦੀਆਂ ਦੇ ਖ਼ਿਲਾਫ਼ ਸਖ਼ਤ ਸਿਧਾਂਤਕ ਸੰਘਰਸ਼ ਚਲਾਇਆ, ਜਿਹੜੇ ਪਾਰਟੀ ਨੂੰ ਇਕੋ ਜਿਹੀ ਸੋਚ ਰੱਖਣ ਵਾਲੇ ਮੈਂਬਰਾਂ ਦੀ ਇੱਕ ਢਿੱਲੀ ਜਿਹੀ ਜਥੇਬੰਦੀ ਬਤੌਰ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਸਮਝਾਇਆ ਕਿ ਪਾਰਟੀ ਦੇ ਮੈਂਬਰਾਂ ਲਈ ਪਾਰਟੀ ਦੇ ਪ੍ਰੋਗਰਾਮ ਨਾਲ ਸਹਿਮਤ ਹੋਣਾ ਅਤੇ ਨਿਯਮਿਤ ਚੰਦਾ ਦੇਣਾ ਹੀ ਕਾਫੀ ਨਹੀਂ ਹੈ, ਉਨ੍ਹਾਂ ਨੂੰ ਪਾਰਟੀ ਦੀ ਕਿਸੇ ਇਕਾਈ ਦੇ ਅਨੁਸ਼ਾਸਣ ਹੇਠ ਕੰਮ ਕਰਨਾ ਪਵੇਗਾ। ਇਸ ਤੋਂ ਬਗੈਰ ਪਾਰਟੀ ਕਦੇ ਵੀ, ਸਰਮਾਏਦਾਰ ਜਮਾਤ ਦਾ ਤਖਤਾ ਉਲਟਾਉਣ ਲਈ ਪ੍ਰੋਲਤਾਰੀ ਨੂੰ ਅਗਵਾਈ ਦੇਣ ਲਈ ਜ਼ਰੂਰੀ ਫੌਲਾਦੀ ਏਕਤਾ ਪੈਦਾ ਨਹੀਂ ਕਰ ਸਕੇਗੀ।
ਲੈਨਿਨ ਨੇ ਲਿਖਿਆ: “ਮਜ਼ਦੂਰ ਜਮਾਤ ਦੀ ਤਾਕਤ ਜਥੇਬੰਦੀ ਵਿੱਚ ਹੈ। ਜੇਕਰ ਜਨਤਾ ਜਥੇਬੰਦ ਨਹੀਂ ਤਾਂ ਮਜ਼ਦੂਰ ਜਮਾਤ ਕੁੱਝ ਵੀ ਨਹੀਂ। ਜਥੇਬੰਦ ਹੈ ਤਾਂ ਇਹ ਸਭ ਕੁੱਝ ਹੈ”। (ਪਾਰਟੀ ਅਨੁਸ਼ਾਸਣ ਅਤੇ ਕੈਡਿਟ ਪੱਖੀ ਸੋਸ਼ਲ ਡੈਮੋਕ੍ਰੇਟਾਂ ਦੇ ਖ਼ਿਲਾਫ਼ ਸੰਘਰਸ਼ ਵਿਚੋਂ)।
ਲੈਨਿਨ ਨੇ ਜਮਹੂਰੀ ਕੇਂਦਰੀਵਾਦ ਦੇ ਜਥੇਬੰਦਕ ਅਸੂਲ ਦਾ ਵਿਸਤਾਰ ਕੀਤਾ ਅਤੇ ਇਸ ਨੂੰ ਅਮਲ ਵਿੱਚ ਲਾਗੂ ਕੀਤਾ, ਜਿਸਦੇ ਮੁਤਾਬਿਕ ਫੈਸਲੇ ਸਮੂਹਿਕ ਅਤੇ ਜ਼ਿਮੇਵਾਰੀ ਵਿਅਕਤੀਗਤ ਹੈ। ਰੂਸੀ ਮਜ਼ਦੂਰ ਜਮਾਤ ਦੀ ਹਰਾਵਲ ਪਾਰਟੀ ਇਨ੍ਹਾਂ ਅਸੂਲਾਂ ਦੀ ਹਿਫਾਜ਼ਤ ਵਿੱਚ ਨਿਰੰਰਤ ਸੰਘਰਸ਼ ਚਲਾ ਕੇ ਬਣਾਈ ਅਤੇ ਮਜ਼ਬੂਤ ਕੀਤੀ ਗਈ। ਪਾਰਟੀ ਵਿੱਚ ਮਜ਼ਦੂਰ ਜਮਾਤ ਨੂੰ ਕਿਸਾਨਾਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਨਾਲ ਗਠਜੋੜ ਕਰਕੇ ਸੱਤਾ ਵਿੱਚ ਲਿਆਉਣ ਦੇ ਉਦੇਸ਼ ਦੇ ਗਿਰਦ ਫੌਲਾਦੀ ਏਕਤਾ ਸੀ। ਇਹ ਪਾਰਟੀ ਕਮਿਉਨਿਸਟ ਪਾਰਟੀ ਆਫ ਸੋਵੀਅਤ ਯੂਨੀਅਨ (ਬਾਲਸ਼ਵਿਕ) ਦੇ ਤੌਰ ‘ਤੇ ਜਾਣੀ ਜਾਣ ਲੱਗ ਪਈ, ਇਸ ਨੂੰ ਬਾਲਸ਼ਵਿਕ ਪਾਰਟੀ ਵੀ ਕਿਹਾ ਜਾਂਦਾ ਹੈ।
ਮਾਰਕਸਵਾਦ ਅਤੇ ਸਾਮਰਾਜਵਾਦ ਦੇ ਹਾਲਾਤਾਂ ਵਿੱਚ ਇਹਦੇ ਅਗਾਂਹ ਵਿਕਾਸ ਤੋਂ ਮਾਰਗ-ਦਰਸ਼ਕ ਹੋ ਕੇ ਬਾਲਸ਼ਵਿਕ ਪਾਰਟੀ ਨੇ ਮਹਾਨ ਅਕਤੂਬਰ ਇਨਕਲਾਬ ਨੂੰ ਅਗਵਾਈ ਦਿੱਤੀ ਅਤੇ ਸੋਵੀਅਤ ਸੰਘ ਦੀ ਮਜ਼ਦੂਰ ਜਮਾਤ ਅਤੇ ਲੋਕਾਂ ਨੂੰ ਸਮਾਜਵਾਦ ਉਸਾਰਨ ਵਿਚ ਸਫਲਤਾਪੂਰਵਕ ਅਗਵਾਈ ਦਿੱਤੀ। ਮਨੁੱਖੀ ਕਿਰਤ ਨੂੰ ਹਰ ਕਿਸਮ ਦੇ ਸ਼ੋਸ਼ਣ ਤੋਂ ਮੁਕਤ ਕੀਤਾ ਗਿਆ ਅਤੇ ਮਨੁੱਖਤਾ ਦੇ ਛੇਵੇਂ ਹਿੱਸੇ ਦੇ ਜੀਵਨ ਮਿਆਰ ਵਿੱਚ ਗੁਣਾਤਮਕ ਤਰੱਕੀ ਹੋਈ।
ਅੱਜ-ਕਲ੍ਹ, ਸਾਮਰਾਜਵਾਦੀਏ ਕਈਆਂ ਰੰਗਾਂ ਦੇ “ਇਨਕਲਾਬਾਂ” ਦਾ ਪ੍ਰਚਾਰ ਕਰਦੇ ਹਨ, ਜਿਨ੍ਹਾਂ ਨੂੰ ਨੌਜਵਾਨ ਸੋਸ਼ਲ ਮੀਡੀਆ ਰਾਹੀਂ “ਕਾਮਯਾਬ” ਕਰਦੇ ਹਨ, ਅਤੇ ਜਿਨ੍ਹਾਂ ਲਈ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੀ ਅਗਵਾਈ ਦੀ ਕੋਈ ਜ਼ਰੂਰਤ ਨਹੀਂ। ਪਰ ਸਾਰੇ ਤੱਥ ਅਤੇ ਗਤੀਵਿਧੀਆਂ ਬਾਰ ਬਾਰ ਇਸ ਖਿਆਲ ਨੂੰ ਇੱਕ ਨੁਕਸਾਨਦੇਹ ਭਰਮ ਬਤੌਰ ਨੰਗਾ ਕਰ ਰਹੇ ਹਨ। ਅਖੌਤੀ ਰੰਗਦਾਰ ਇਨਕਲਾਬਾਂ ਅਤੇ ਉਭਾਰਾਂ ਨੇ ਕਿਸੇ ਇੱਕ ਵੀ ਦੇਸ਼ ਵਿੱਚ ਸਰਮਾਏਦਾਰੀ ਦਾ ਤਖਤਾ ਨਹੀਂ ਉਲਟਾਇਆ। ਲੈਨਿਨੀ ਕਿਸਮ ਦੀ ਹਰਾਵਲ ਪ੍ਰੋਲਤਾਰੀ ਪਾਰਟੀ ਬਣਾਉਣਾ ਅਤੇ ਮਜ਼ਬੂਤ ਕਰਨਾ, ਅੱਜ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਭ ਤੋਂ ਫੈਸਲਾਕੁੰਨ ਕੰਮ ਹੈ। ਜਿਹਾ ਕਿ ਲੈਨਿਨ ਨੇ ਬਾਰ-ਬਾਰ ਕਿਹਾ ਸੀ ਕਿ ਇਨਕਲਾਬੀ ਸਿਧਾਂਤ ਅਤੇ ਇਸ ਤੋਂ ਮਾਰਗਦਰਸ਼ਤ ਹਰਾਵਲ ਪਾਰਟੀ ਦੇ ਬਗੈਰ ਇਨਕਲਾਬ ਨਹੀਂ ਆ ਸਕਦਾ।
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਨੇ ਹਿੰਦੋਸਤਾਨ ਦੇ ਠੋਸ ਹਾਲਾਤਾਂ ਵਿੱਚ ਮਾਰਕਸਵਾਦ-ਲੈਨਿਨਵਾਦ ਲਾਗੂ ਕਰਨ ਦੇ ਤਜਰਬੇ ਦੀ ਸਮੀਖਿਆ ਕਰਦਿਆਂ, ਇਹ ਮਾਰਗ-ਦਰਸ਼ਕ ਅਸੂਲ ਅਪਣਾਇਆ ਹੈ ਕਿ ਇਹ ਨਾ ਤਾਂ ਇੱਕ ਚੋਣ ਲੜਨ ਵਾਲੀ ਮਸ਼ੀਨ ਹੋਵੇਗੀ ਅਤੇ ਨਾ ਹੀ ਅੰਡਰਗਰਾਊਂਡ ਮਿਲਟਰੀ ਮਸ਼ੀਨ। ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਮਜ਼ਦੂਰ ਜਮਾਤ ਦਾ ਸਭ ਤੋਂ ਜਥੇਬੰਦ ਅਤੇ ਚੇਤੰਨ ਦਸਤਾ ਬਣੀ ਰਹੇਗੀ, ਮਜ਼ਦੂਰ ਜਮਾਤ ਅਤੇ ਹੋਰ ਸਭ ਮੇਹਨਤਕਸ਼ ਤੇ ਦੱਬੇ-ਕੁਚਲੇ ਲੋਕਾਂ ਨੂੰ ਸੱੱਤਾ ਵਿੱਚ ਲਿਆਉਣ ਦਾ ਸਾਧਨ ਬਣੀ ਰਹੇਗੀ।
ਨਿਚੋੜ ਵਿੱਚ, ਸਾਰੀ ਦੁਨੀਆਂ ਦੇ ਵਰਤਮਾਨ ਹਾਲਾਤ, ਸਣੇ ਕਰੋਨਾ ਵਾਇਰਿਸ ਦੇ ਫੈਲਣ ਨਾਲ ਪੈਦਾ ਹੋਏ ਸੰਕਟ ਦੇ, ਅਤੇ ਸਰਮਾਏਦਾਰਾ ਦੇਸ਼ਾਂ ਦਾ ਇਸ ਵੱਲ ਪ੍ਰਤੀਕ੍ਰਮ, ਮੌਜੂਦਾ ਸਾਮਰਾਜਵਾਦੀ ਪੜਾਅ ਦੁਰਾਨ ਪੂੰਜੀਵਾਦ ਦੇ ਪੂਰੀ ਤਰ੍ਹਾਂ ਗਲੇ-ਸੜੇ ਅਤੇ ਪਰਜੀਵੀ ਖਾਸੇ ਨੂੰ ਜ਼ਾਹਰ ਕਰਦਾ ਹੈ। ਇਹ ਇੱਕ ਅਜੇਹਾ ਢਾਂਚਾ ਹੈ, ਜਿਸ ਵਿੱਚ ਵਾਇਰਿਸ ਨੂੰ ਫੈਲਾ ਕੇ ਅਤੇ ਫਿਰ ਲੋਕਾਂ ਨੂੰ ਇਹਦੇ ਤੋਂ ਬਚਾਉਣ ਲਈ ਵੈਕਸੀਨਾਂ ਵੇਚ ਕੇ ਵੱਧ ਤੋਂ ਵੱਧ ਅਜਾਰੇਦਾਰਾ ਮੁਨਾਫੇ ਬਣਾਏ ਜਾਂਦੇ ਹਨ। ਇਹ ਇੱਕ ਅਜੇਹਾ ਢਾਂਚਾ ਹੈ, ਜਿਸ ਵਿੱਚ ਵਿਗਿਆਨਿਕ ਖੋਜ ਨੂੰ, ਕੀਟਾਣੂੰ-ਜੰਗਾਂ ਸਮੇਤ, ਫੌਜੀਕਰਣ ਅਤੇ ਦੁਨੀਆਂ ਨੂੰ ਫਿਰ ਤੋਂ ਵੰਡਣ ਦੇ ਸਾਮਰਾਜਵਾਦੀ ਜੰਗਾਂ ਦੇ ਨਿਸ਼ਾਨਿਆਂ ਦੇ ਅਧੀਨ ਕਰ ਦਿੱਤਾ ਗਿਆ ਹੈ।
ਮੌਜੂਦਾ ਹਾਲਾਤ ਲੈਨਿਨ ਵਲੋਂ ਕੱਢੇ ਸਿੱਟਿਆਂ ਦੀ ਪੁਸ਼ਟੀ ਕਰਦੇ ਹਨ ਕਿ ਦੁੱਖਾਂ ਤਕਲੀਫਾਂ ਤੋਂ ਮਨੁੱਖਤਾ ਨੂੰ ਬਚਾਉਣ ਲਈ ਇੱਕੋ ਇੱਕ ਰਸਤਾ, ਮਜ਼ਦੂਰ ਜਮਾਤ ਨੂੰ ਹੋਰ ਸਭ ਦੱਬੇ ਕੁਚਲੇ ਲੋਕਾਂ ਨਾਲ ਗਠਜੋੜ ਕਰਕੇ ਸਿਆਸੀ ਤਾਕਤ ਆਪਣੇ ਹੱਥਾਂ ਵਿਚ ਲੈਣ ਲਈ ਜਥੇਬੰਦ ਕਰਨਾ ਅਤੇ ਪੂੰਜੀਵਾਦ ਤੋਂ ਸਮਾਜਵਾਦ ਤਕ ਤਬਦੀਲੀ ਲਿਆਉਣਾ ਹੈ।
ਹਿੰਦੋਸਤਾਨ ਵਿੱਚ, ਕਰੋੜਾਂ ਮਜ਼ਦੂਰ ਲਾਕਡਾਊਨ ਦੇ ਕਾਰਨ ਮੁਸੀਬਤਾਂ ਝੱਲ ਰਹੇ ਹਨ ਅਤੇ ਕਰੋਨਾ ਨਾਲ ਜੂਝਣ ਵਾਲੇ ਮੋਹਰੀ ਯੋਧਿਆਂ ਨੂੰ ਤਸੱਲੀਬਖਸ਼ ਸੁਰੱਖਿਆ ਸਮਾਨ ਨਹੀਂ ਮਿਲ ਰਿਹਾ। ਕੇਂਦਰ ਸਰਕਾਰ, ਸੜਕਾਂ ਉਤੇ ਪ੍ਰਦਰਸ਼ਨਾਂ ਉੱਤੇ ਲਾਈ ਰੋਕ ਨੂੰ, ਉਨ੍ਹਾਂ ਲੋਕਾਂ ਦੀਆਂ ਗਿ੍ਰਫਤਾਰੀਆਂ ਤੇਜ਼ ਕਰਨ ਲਈ ਵਰਤ ਰਹੀ ਹੈ, ਜਿਹੜੇ ਸਰਕਾਰ ਦੀ ਅਲੋਚਨਾ ਕਰਦੇ ਹਨ। ਵਾਇਰਿਸ ਦੇ ਡਰ ਨੂੰ ਵਰਤ ਕੇ, ਮੋਬਾਈਲ ਫੋਨਾਂ ਉਤੇ ਡਾਟਾ ਵਰਤ ਕੇ ਲੋਕਾਂ ਉਤੇ ਨਿਗਰਾਨੀ ਵਧਾਈ ਜਾ ਰਹੀ ਹੈ। ਅਮਰੀਕੀ ਅਜਾਰੇਦਾਰ ਕੰਪਨੀ, ਫੇਸ ਬੁੱਕ ਅਤੇ ਹਿੰਦੋਸਤਾਨੀ ਅਜਾਰੇਦਾਰ ਕੰਪਨੀ ਰਿਲਾਐਂਸ ਜੀਓ ਵਿਚਕਾਰ ਇੱਕ ਬੜਾ ਸੌਦਾ ਕੀਤਾ ਗਿਆ ਹੈ, ਜਿਸ ਨਾਲ ਦੋਵੇਂ ਕੰਪਨੀਆਂ ਲਾਕਡਾਊਨ ਖਤਮ ਹੋਣ ਤੋਂ ਬਾਅਦ ਇੱਕ-ਦੂਸਰੀ ਨੂੰ ਡਾਟਾ ਦੇ ਸਕੇਣਗੀਆਂ ਅਤੇ ਈ-ਵਿਉਪਾਰ ਤੋਂ ਜ਼ਿਆਦਾ ਤੋਂ ਜ਼ਿਆਦਾ ਮੁਨਾਫੇ ਬਣਾ ਸਕੇਣਗੀਆਂ।
ਮਜ਼ਦੂਰ ਜਮਾਤ, ਕਿਸਾਨ ਅਤੇ ਹੋਰ ਸਭ ਮੇਹਨਤਕਸ਼ ਲੋਕ ਮੌਜੂਦਾ ਅਣਮਨੁੱਖੀ ਢਾਂਚੇ ਤੋਂ ਅਜ਼ਾਦੀ ਲਈ ਸੰਘਰਸ਼ ਕਰ ਰਹੇ ਹਨ। ਉਹ ਸਰਮਾਏਦਾਰਾ ਲੁੱਟ, ਵਿਤਕਰਾ ਅਤੇ ਜ਼ਾਤ, ਕੌਮ ਤੇ ਲਿਗ ਦੇ ਅਧਾਰ ਉਤੇ ਜ਼ੁਲਮ ਤੋਂ, ਧਰਮ ਦੇ ਅਧਾਰ ਉਤੇ ਤੰਗ ਕੀਤੇ ਜਾਣ ਤੋਂ ਅਤੇ ਰਾਸ਼ਟਰੀ ਸੁਰੱਖਿਆ ਦੇ ਨਾਮ ਉਤੇ ਕੀਤੇ ਜਾ ਰਹੇ ਰਾਜਕੀ ਅੱਤਵਾਦ ਤੋਂ ਅਜ਼ਾਦੀ ਚਾਹੁੰਦੇ ਹਨ। ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਇਨ੍ਹਾਂ ਖਾਹਿਸ਼ਾਂ ਦੀ ਪੂਰਤੀ ਲਈ, ਸਮੁੱਚੀ ਬਸਤੀਵਾਦੀ ਵਿਰਾਸਤ, ਸਰਮਾਏਦਾਰਾ ਢਾਂਚਾ ਅਤੇ ਮੌਜੂਦਾ ਰਾਜ, ਦਾ ਖਾਤਮਾ ਕਰਨਾ ਪਵੇਗਾ। ਇੱਕ ਆਧੁਨਿਕ ਜਮਹੂਰੀ ਅਤੇ ਸਮਾਜਵਾਦੀ ਹਿੰਦੋਸਤਾਨ ਲਈ ਨਵੀਂਆਂ ਨੀਹਾਂ ਰੱਖਣ ਦੀ ਜ਼ਰੂਰਤ ਹੈ।
ਸਾਨੂੰ ਕਮਿਉਨਿਸਟ ਲਹਿਰ ਦੇ ਅੰਦਰ ਉਨ੍ਹਾਂ ਸਭਨਾਂ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਨ ਦੀ ਜ਼ਰੂਰਤ ਹੈ, ਜਿਹੜੇ ਮੌਜੂਦਾ ਰਾਜ ਅਤੇ ਸੰਵਿਧਾਨ ਨੂੰ ਬਚਾਉਣ ਦਾ ਨਾਅਰਾ ਦੇ ਰਹੇ ਹਨ ਅਤੇ ਇਹ ਦਾਅਵਾ ਕਰ ਰਹੇ ਹਨ ਕਿ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਇੱਕ ਖਾਸ ਪਾਰਟੀ ਦੀ ਵਿਚਾਰਧਾਰਾ ਹੈ। ਮਾਰਕਸਵਾਦ-ਲੈਨਿਨਵਾਦ ਉੱਤੇ ਚੱਲਣ ਦਾ ਮਤਲਬ ਹੈ ਇਸ ਸੱਚਾਈ ਨੂੰ ਮੰਨਣਾ ਅਤੇ ਮਜ਼ਦੂਰ ਜਮਾਤ ਤੇ ਮੇਹਨਤਕਸ਼ਾਂ ਨੂੰ ਦੱਸਣਾ ਕਿ ਮੌਜੂਦਾ ਰਾਜ ਅਤੇ ਸੰਵਿਧਾਨ ਸਰਮਾਏਦਾਰ ਜਮਾਤ ਦੀ ਤਾਨਾਸ਼ਾਹੀ ਦੇ ਸੰਦ ਹਨ, ਜਿਸ ਜਮਾਤ ਦੀ ਅਗਵਾਈ ਅਜਾਰੇਦਾਰ ਘਰਾਣੇ ਕਰਦੇ ਹਨ। ਸਾਰੀਆਂ ਆਰਥਿਕ ਅਤੇ ਸਿਆਸੀ ਸਮੱਸਿਆਵਾਂ ਦਾ ਸਰੋਤ ਇਸ ਜਮਾਤ ਦੀ ਹਕੂਮਤ ਅਤੇ ਜੰਗਫਰੋਸ਼ ਅਮਰੀਕੀ ਸਾਮਰਾਜਵਾਦ ਨਾਲ ਸਾਂਝ ਪਾ ਕੇ, ਮੌਜੂਦਾ ਖਤਰਨਾਕ ਸਾਮਰਾਜਵਾਦੀ ਰਸਤੇ ਉੱਤੇ ਚੱਲਣਾ ਹੈ। ਸਾਡਾ ਕੰਮ ਹੈ ਇਸ ਜਮਾਤ ਨੂੰ ਸੱਤਾ ਤੋਂ ਬਾਹਰ ਕੱਢਣਾ ਨਾ ਕਿ ਇਸ ਜਮਾਤ ਦੀ ਇੱਕ ਪਾਰਟੀ ਨੂੰ ਹਟਾ ਕੇ ਇਸੇ ਜਮਾਤ ਦੀ ਕਿਸੇ ਹੋਰ ਪਾਰਟੀ ਨੂੰ ਸੱਤਾ ਉਤੇ ਲਿਆ ਕੇ ਬਿਠਾਉਣਾ।
ਲੈਨਿਨ ਦੀਆਂ ਸਿਖਿੱਆਵਾਂ ਉੱਤੇ ਚੱਲਣ ਦਾ ਮਤਲਬ ਹੈ ਸਰਮਾਏਦਾਰ ਜਮਾਤ ਦੀ ਹਕੂਮਤ ਦੀ ਥਾਂ ਮਜ਼ਦੂਰਾਂ-ਕਿਸਾਨਾਂ ਦੀ ਹਕੂਮਤ ਸਥਾਪਤ ਕਰਨ ਦੇ ਸੰਘਰਸ਼ ਦਾ ਬੀੜਾ ਚੁੱਕਣਾ। ਇਸ ਦਾ ਮਤਲਬ ਹੈ ਇੱਕ ਨਵੇਂ ਹਿੰਦੋਸਤਾਨ ਦੀ ਨੀਂਹ ਰੱਖਣਾ।
ਆਓ! ਕਾਮਰੇਡ ਲੈਨਿਨ ਦੇ ਜਨਮ ਦੀ 150ਵੀਂ ਸਾਲਗਿਰ੍ਹਾ ਦੇ ਮੌਕੇ ਉੱਤੇ ਇਹ ਪ੍ਰਣ ਲਈਏ ਕਿ ਅਸੀਂ ਸਮਾਜ ਨੂੰ ਸੰਕਟ ਵਿਚੋਂ ਕੱਢਣ ਅਤੇ ਸਮਾਜ ਦੀ ਸਭ-ਤਰਫਾ ਤਰੱਕੀ ਦਾ ਰਾਹ ਖੋਲ੍ਹਣ ਲਈ, ਹਿੰਦੋਸਤਾਨ ਦੀ ਮਜ਼ਦੂਰ ਜਮਾਤ ਨੂੰ ਆਪਣਾ ਇਤਿਹਾਸਿਕ ਮਿਸ਼ਨ ਪੂਰਾ ਕਰਨ ਲਈ ਤਿਆਰ ਕਰਾਂਗੇ।
ਆਓ, ਪ੍ਰਣ ਲਈਏ ਕਿ ਪਾਰਟੀ ਦੀਆਂ ਬੁਨਿਆਦੀ ਜਥੇਬੰਦੀਆਂ ਅਤੇ ਮਜ਼ਦੂਰ ਜਮਾਤ ਤੇ ਇਹਦੀਆਂ ਦੋਸਤ ਜਮਾਤਾਂ ਦੀਆਂ ਜਨਤਕ ਜਥੇਬੰਦੀਆਂ ਨੂੰ ਬਣਾਉਂਦਿਆਂ ਹੋਇਆਂ ਅਤੇ ਉਨ੍ਹਾਂ ਨੂੰ ਮਜਬੂਤ ਕਰਦਿਆਂ ਹੋਇਆਂ, ਜਮਹੂਰੀ ਕੇਂਦਰੀਵਾਦ ਦੀ ਹਿਫਾਜ਼ਤ ਕਰਦਿਆਂ ਹੋਇਆਂ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਹਰਾਵਲ ਭੂਮਿਕਾ ਸਥਾਪਤ ਅਤੇ ਮਜਬੂਤ ਕਰਾਂਗੇ।
ਆਓ! ਮੌਜੂਦਾ ਰਾਜ ਅਤੇ ਸੰਵਿਧਾਨ ਨੂੰ ਬਚਾਉਣ ਦੀ ਮੌਕਾਪ੍ਰਸਤ ਅਤੇ ਸਰਮਾਏਦਾਰ ਜਮਾਤ ਨਾਲ ਸਮਝੌਤਾਕਰੂ ਲਾਈਨ ਦਾ ਵਿਰੋਧ ਕਰਦਿਆਂ ਹੋਇਆਂ ਅਤੇ ਹਿੰਦੋਸਤਾਨ ਦੇ ਨਵ-ਨਿਰਮਾਣ ਦੇ ਇਨਕਲਾਬੀ ਪ੍ਰੋਗਰਾਮ ਦੇ ਗਿਰਦ ਮਜ਼ਦੂਰ ਜਮਾਤ ਅਤੇ ਮੇਹਨਤਕਸ਼ਾਂ ਨੂੰ ਇਕਮੁੱਠ ਕਰਦਿਆਂ ਹੋਇਆਂ ਕਮਿਉਨਿਸਟ ਲਹਿਰ ਦੀ ਏਕਤਾ ਨੂੰ ਮੁੜ-ਬਹਾਲ ਕਰਨ ਲਈ ਸੰਘਰਸ਼ ਨੂੰ ਤੇਜ਼ ਕਰੀਏ!