ਨਵੇਂ ਸਾਲ ਦੇ ਅਵਸਰ ‘ਤੇ ਕਾਮਰੇਡ ਲਾਲ ਸਿੰਘ ਦਾ ਸੰਦੇਸ਼

ਪਿਆਰੇ ਸਾਥੀਓ,

ਆਪ ਸਭਨਾਂ ਨੂੰ ਕ੍ਰਾਂਤੀਕਾਰੀ ਸ਼ੁਭ-ਕਾਮਨਾਵਾਂ!

ਅੱਜ, ਨਵੇਂ ਸਾਲ ਵਿੱਚ ਪ੍ਰਵੇਸ਼ ਕਰਦਿਆਂ, ਆਪਾਂ ਵਰਤਮਾਨ ਹਾਲਤ ਬਾਰੇ ਸੋਚਣਾ ਹੈ ਅਤੇ ਇਹ ਸੋਚਣਾ ਹੈ ਕਿ ਆਪਣੇ ਪਿਆਰੇ ਦੇਸ਼ ਦੇ ਲੋਕਾਂ ਦੇ ਉੱਜਲ ਭਵਿੱਖ ਵਾਸਤੇ ਸਾਨੂੰ ਕੀ ਕਰਨਾ ਹੋਵੇਗਾ।

ਬੀਤੇ ਦਹਾਕੇ ਅਤੇ ਖਾਸ ਕਰ ਬੀਤੇ ਸਾਲ ਵਿੱਚ, ਦੁਨੀਆਂ ਦੀ ਸਰਮਾਏਦਾਰਾ-ਸਾਮਰਾਜਵਾਦੀ ਵਿਵਸਥਾ ਦਾ ਗਹਿਰਾ ਸਭਤਰਫ਼ਾ ਸੰਕਟ ਬਹੁਤ ਹੀ ਸਪੱਸ਼ਟ ਹੋ ਗਿਆ ਹੈ। ਸਾਡੀ ਹੁਕਮਰਾਨ ਜਮਾਤ ਜਿਆਦਾ ਵਹਿਸ਼ੀ ਤਰੀਕੇ ਨਾਲ ਲੋਕਾਂ ਉੱਤੇ ਹਮਲੇ ਕਰ ਰਹੀ ਹੈ। ਉਹ ਆਪਣੀ ਹਕੂਮਤ ਨੂੰ ਬਚਾ ਕੇ ਰੱਖਣ ਦੀ ਬੇਤਹਾਸ਼ਾ ਕੋਸ਼ਿਸ਼ ਕਰ ਰਹੀ ਹੈ ਅਤੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਸਭ ਮਿਹਨਤਕਸ਼ ਲੋਕਾਂ ਦੀ ਲੁੱਟ ਨੂੰ ਹੋਰ ਵੀ ਤੇਜ਼ ਕਰ ਰਹੀ ਹੈ।

ਇਹ ਹਾਲਤ ਸਾਡੇ ਲੋਕਾਂ ਵਾਸਤੇ ਬਹੁਤ ਹੀ ਖਤਰਨਾਕ ਹੈ। ਜਿਉਂ-ਜਿਉਂ ਮਜ਼ਦੂਰ ਜਮਾਤ ਅਤੇ ਲੋਕਾਂ ਦੇ ਸੰਘਰਸ਼ ਤੇਜ਼ ਹੋ ਰਹੇ ਹਨ, ਤਿਉਂ-ਤਿਉਂ ਹੁਕਮਰਾਨ ਜਮਾਤ ਅਤੇ ਉਹਦਾ ਰਾਜ, ਸਾਡੀ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਨੂੰ ਪਾਸ ਕਰਨ ਅਤੇ ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ ਬਣਾਉਣ ਦੇ ਫੈਸਲਾ ਦਾ ਮਕਸਦ, ਲੋਕਾਂ ਨੂੰ ਧਰਮ ਦੇ ਅਧਾਰ ‘ਤੇ ਅੱਡੋਫਾੜ ਕਰਨਾ ਹੈ। ਲੇਕਿਨ, ਹਰ ਦਿਨ, ਦੇਸ਼ ਦੇ ਹਰ ਕੋਨੇ ਵਿੱਚ, ਕਰੋੜਾਂ ਲੋਕ ਲਗਾਤਾਰ ਸੜਕਾਂ ‘ਤੇ ਉਤਰਕੇ, ਇਹਦਾ ਵਿਰੋਧ ਕਰ ਰਹੇ ਹਨ। ਲੋਕ, ਰਾਜ ਦੇ ਖੂੰਖਾਰ ਦਮਨ ਦਾ ਸਾਹਮਣਾ ਕਰਦੇ ਹੋਏ ਵਿਰੋਧ ਪ੍ਰਦਰਸ਼ਨਾਂ ‘ਚ ਹਿੱਸਾ ਲੈ ਰਹੇ ਹਨ। ਇਨ੍ਹਾਂ ਦਲੇਰਾਨਾ ਕਦਮਾਂ ਦੇ ਜ਼ਰੀਏ, ਅਸੀਂ ਇਹ ਦਾਅਵਾ ਕਰ ਰਹੇ ਹਾਂ ਕਿ ਹਿੰਦੋਸਤਾਨ ਸਾਡਾ ਸਭਨਾਂ ਦਾ ਹੈ।

ਸਾਥੀਓ,

ਸਾਡੇ ਲੋਕਾਂ ਨੇ ਹਮੇਸ਼ਾ ਹੀ ਇੱਕ ਅਜਿਹਾ ਸਮਾਜ ਚਾਹਿਆ ਹੈ, ਜਿਹਦੇ ਅੰਦਰ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਸਭ ਮਿਹਨਤਕਸ਼ ਲੋਕਾਂ ਨੂੰ ਅਸਲੀ ਅਜ਼ਾਦੀ ਮਿਲੇ। ਅਸੀਂ ਇੱਕ ਅਜਿਹੇ ਸਮਾਜ ਦਾ ਸੁਪਨਾ ਦੇਖਿਆ ਹੈ, ਜਿਹਦੇ ਅੰਦਰ ਲੋਕਾਂ ਨੂੰ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੇਵਾ, ਰੋਜ਼ਗਾਰ ਅਤੇ ਇੱਕ ਸਨਮਾਨਜਨਕ ਜੀਵਨ ਦੀਆਂ ਸਾਰੀਆਂ ਜਰੂਰਤਾਂ ਦੀ ਪੂਰਤੀ ਯਕੀਨੀ ਹੋਵੇਗੀ; ਜਿਹਦੇ ਅੰਦਰ ਲੋਕ ਸਮਾਜ ਦੇ ਸਾਂਝੇ ਹਿੱਤ ‘ਚ ਆਪਣਾ ਯੋਗਦਾਨ ਦੇ ਸਕਣ। ਲੇਕਿਨ ਸਾਡਾ ਇਹ ਸੁਪਨਾ ਅੱਜ ਵੀ ਅਧੂਰਾ ਹੈ।

ਸਾਡੇ ਹੁਕਮਰਾਨ ਦਾਅਵਾ ਕਰਦੇ ਹਨ ਕਿ ਦੇਸ਼ ਵਿੱਚ ਜਮਹੂਰੀਅਤ ਹੈ। ਲੇਕਿਨ ਵਰਤਮਾਨ ਜਮਹੂਰੀਅਤ ਅੰਦਰ, ਫੈਸਲੇ ਲੈਣ ਦੀ ਤਾਕਤ ਸਿਰਫ ਮੁੱਠੀਭਰ ਵੱਡੇ ਅਜਾਰੇਦਾਰ ਸਰਮਾਏਦਾਰਾਂ ਦੇ ਹੱਥਾਂ ਵਿੱਚ ਹੈ। ਫੈਸਲੇ ਲੈਣ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ। ਇਸ ਜਮਹੂਰੀਅਤ ਅੰਦਰ ਚਾਹੇ ਕੋਈ ਵੀ ਪਾਰਟੀ ਚੋਣਾਂ ਜਿੱਤ ਕੇ ਸੱਤਾ ਵਿੱਚ ਆ ਜਾਵੇ, ਪ੍ਰੰਤੂ ਸਰਮਾਏਦਾਰ ਜਮਾਤ ਹੀ ਹੁਕਮਰਾਨ ਜਮਾਤ ਰਹਿੰਦੀ ਹੈ; ਮਜ਼ਦੂਰਾਂ ਅਤੇ ਲੋਕਾਂ ਉੱਤੇ ਸਰਮਾਏਦਾਰ ਜਮਾਤ ਦੀ ਡਿਕਟੇਟਰਸ਼ਿਪ ਕਾਇਮ ਰਹਿੰਦੀ ਹੈ।

ਅਸੀਂ ਇੱਕ ਅਜਿਹੀ ਜਮਹੂਰੀਅਤ ਚਾਹੁੰਦੇ ਹਾਂ, ਜਿਹਦੇ ਅੰਦਰ ਫੈਸਲੇ ਲੈਣ ਦੀ ਤਾਕਤ ਲੋਕਾਂ ਦੇ ਹੱਥਾਂ ਵਿੱਚ ਹੋਵੇ। ਇਸ ਤਾਕਤ ਦਾ ਇਸਤੇਮਾਲ ਕਰਕੇ ਲੋਕ, ਸਭਨਾਂ ਵਾਸਤੇ ਸੁੱਖ ਅਤੇ ਸੁਰੱਖਿਆ ਯਕੀਨੀ ਬਣਾ ਸਕਣਗੇ। ਅਸੀਂ ਪ੍ਰੋਲੇਤਾਰੀ ਜਮਹੂਰੀਅਤ ਚਾਹੁੰਦੇ ਹਾਂ। ਇਹਦੇ ਵਾਸਤੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ, ਸਰਮਾਏਦਾਰਾਂ ਹੱਥੋਂ ਸੱਤਾ ਖੋਹ ਕੇ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ। ਪੈਦਾਵਾਰ ਦੇ ਸਾਰੇ ਸਾਧਨ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਆਪਣੇ ਹੱਥਾਂ ਵਿੱਚ ਲੈਣੇ ਪੈਣਗੇ। ਤਦ ਹੀ, ਸਭਨਾਂ ਵਾਸਤੇ ਸੁੱਖ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।

ਸਾਮਰਾਜਵਾਦੀਏ ਅਤੇ ਹਿੰਦੋਸਤਾਨੀ ਹਾਕਮ ਜਮਾਤ, ਕਮਿਊਨਿਜ਼ਮ ਦੇ ਪ੍ਰੇਤ ਤੋਂ ਭੈਭੀਤ ਹਨ। ਉਹ ਆਪਣੀ ਮਰਨੇ ਪਈ ਸਰਮਾਏਦਾਰਾ ਵਿਵਸਥਾ ਨੂੰ ਥੰਮੀਆਂ ਦੇਣ ਲਈ ਅੱਡੀ-ਚੋਟੀ ਦਾ ਜੋਰ ਲਾ ਰਹੇ ਹਨ। ਉਹ ਲੋਕਾਂ ਨੂੰ ਇਨਕਲਾਬ ਅਤੇ ਸਮਾਜਵਾਦ ਦੇ ਰਾਹ ਪੈਣ ਤੋਂ ਰੋਕਣ ਵਾਸਤੇ ਕੁੱਝ ਵੀ ਕਰਨ ਨੂੰ ਤਿਆਰ ਹਨ। ਐਂਗਲੋ-ਅਮਰੀਕਣ ਸਾਮਰਾਜਵਾਦੀਏ ਅਤੇ ਹਿੰਦੋਸਤਾਨ ਦੀ ਹਾਕਮ ਜਮਾਤ, ਇਸ ਇਲਾਕੇ ਵਿੱਚ ਜੰਗ ਦੀਆਂ ਤਿਆਰੀਆਂ ਕਰ ਰਹੇ ਹਨ।

ਸਾਥੀਓ,

ਆਪਾਂ ਆਪਣੀ ਪਾਰਟੀ ਦੀ ਸਥਾਪਨਾ ਦੇ 40ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਇਨ੍ਹਾਂ ਸਾਰੇ ਸਾਲਾਂ ਦੁਰਾਨ, ਆਪਾਂ ਸਰਮਾਏਦਾਰ ਜਮਾਤ ਦੀ ਹਕੂਮਤ ਦੀ ਸਮੁੱਚੀ ਵਿਵਸਥਾ ਦੀ ਥਾਂ ‘ਤੇ ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਕਿਸਾਨਾਂ ਦੇ ਗਠਜੋੜ ਦੀ ਹਕੂਮਤ ਦੀ ਵਿਵਸਥਾ ਸਥਾਪਤ ਕਰਨ ਦੇ ਆਪਣੇ ਲਕਸ਼ ‘ਤੇ ਅਡੋਲ ਰਹੇ ਹਾਂ। ਆਪਾਂ ਸਮਾਜ ਨੂੰ ਸੰਕਟ ਤੋਂ ਬਾਹਰ ਕੱਢਣ ਦੇ ਪ੍ਰੋਗਰਾਮ – ਹਿੰਦੋਸਤਾਨ ਦੇ ਨਵ-ਨਿਰਮਾਣ ਦੇ ਪ੍ਰੋਗਰਾਮ – ਦੇ ਇਰਦ-ਗਿਰਦ ਮਜ਼ਦੂਰ ਜਮਾਤ ਅਤੇ ਸਭ ਮਿਹਨਤਕਸ਼ਾਂ ਦੀ ਰਾਜਨੀਤਕ ਏਕਤਾ ਉਸਾਰਨ ਦੇ ਵਾਸਤੇ ਕੰਮ ਕਰਦੇ ਰਹੇ ਹਾਂ। ਇਨਕਲਾਬ ਦੇ ਜ਼ਰੀਏ ਇੱਕ ਸਮਾਜਵਾਦੀ ਸਮਾਜ ਉਸਾਰਨਾ, ਆਪਣਾ ਰਣਨੀਤਕ ਲਕਸ਼ ਹੈ।

ਆਪਣੇ ਸਾਹਮਣੇ ਇੱਕ ਮਹੱਤਵਪੂਰਨ ਕਾਰਜ ਹੈ, ਕਮਿਉਨਿਸਟ ਲਹਿਰ ਦੇ ਅੰਦਰ ਉਸ ਲਾਈਨ ਨੂੰ ਹਰਾਉਣਾ, ਜਿਹੜੀ ਸਰਮਾਏਦਾਰੀ ਦੇ ਵਰਤਮਾਨ ਰਾਜ ਅਤੇ ਉਹਦੀ ਜਮਹੂਰੀਅਤ ਦੇ ਬਾਰੇ ਭਰਮ ਪੈਦਾ ਕਰਦੀ ਹੈ ਅਤੇ ਇਸ ਤਰ੍ਹਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਨਕਲਾਬ ਦੇ ਰਾਹ ਤੋਂ ਭਟਕਾਉਂਦੀ ਹੈ। ਜਦ ਤਕ ਆਪਾਂ ਅਜਿਹਾ ਨਹੀਂ ਕਰਾਂਗੇ, ਤਦ ਤਕ ਇਨਕਲਾਬ ਨਹੀਂ ਆਏਗਾ ਅਤੇ ਆਪਣਾ ਦੇਸ਼ ਇੱਕ ਤੋਂ ਬਾਦ ਇੱਕ ਸੰਕਟ ਵਿੱਚ ਫਸਦਾ ਰਹੇਗਾ।

ਸਾਨੂੰ, ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਕੰਮ ‘ਤੇ ਆਪਣੀ ਪੂਰੀ ਤਾਕਤ ਲਾਉਣੀ ਪਵੇਗੀ। ਇਹਦਾ ਮਤਲਬ ਹੈ ਪਾਰਟੀ ਦੀਆਂ ਬੁਨਿਆਦੀ ਜਥੇਬੰਦੀਆਂ ਨੂੰ ਮਜ਼ਬੂਤ ਕਰਨਾ, ਕਹਿਣੀ ਅਤੇ ਕਰਨੀ ਵਿੱਚ ਇੱਕ-ਦੂਜੇ ਦਾ ਆਦਰ ਕਰਨਾ, ਕਮਜੋਰੀਆਂ ਉੱਤੇ ਕਾਬੂ ਪਾਉਣ ਵਿੱਚ ਇੱਕ-ਦੂਜੇ ਦੀ ਮੱਦਦ ਕਰਨਾ, ਇੱਕ-ਦੂਜੇ ਦੀ ਤਾਕਤ ਵਧਾਉਣਾ ਅਤੇ ਆਪਣੀਆਂ ਸਾਂਝੀਆਂ ਜਿੱਤਾਂ ‘ਤੇ ਖੁਸ਼ੀ ਮਨਾਉਣਾ। ਸਾਨੂੰ ਪਾਰਟੀ ਦੇ ਹਰ ਮੈਂਬਰ ਦੀ ਚੇਤਨਾ ਨੂੰ ਵਧਾਉਂਦੇ ਰਹਿਣਾ ਪਵੇਗਾ। ਸਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਹੋਵੇਗਾ, ਤਾਂ ਕਿ ਆਪਾਂ ਪਾਰਟੀ ਦੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਸਰੀਰਕ ਅਤੇ ਮਾਨਸਕ ਤੌਰ ‘ਤੇ ਕਾਮਯਾਬ ਹੋਈਏ।

ਇਨਕਲਾਬ ਲਿਆਉਣ ਦਾ ਕੰਮ ਅਧੂਰਾ ਪਿਆ ਹੈ। ਇਸ ਲਈ, ਪਿਆਰੇ ਸਾਥੀਓ, ਇਸ ਕੰਮ ਨੂੰ ਸਿਰੇ ਚਾੜ੍ਹਨਾ ਸਾਡੀ ਜਿਮੇਵਾਰੀ ਹੈ।

ਸਾਥੀਓ, ਮੈਂ ਆਪ ਸਭ ਨੂੰ ਇਨਕਲਾਬੀ ਸ਼ੁੱਭ-ਇੱਛਾਵਾਂ ਪੇਸ਼ ਕਰਦਾ ਹਾਂ ਅਤੇ ਨਵੇਂ ਸਾਲ ਵਿੱਚ ਤੁਹਾਡੀ ਅਤੇ ਤੁਹਾਡੇ ਪਰਿਵਾਰਾਂ ਦੀ ਚੰਗੀ ਸਿਹਤ ਤੇ ਚੋਖੀਆਂ ਸਫਲਤਾਵਾਂ ਦੀ ਸ਼ੁਭਕਾਮਨਾ ਕਰਦਾ ਹਾਂ।

ਆਪਣੀ ਪਾਰਟੀ ਜ਼ਿੰਦਾਬਾਦ! ਆਓ, ਆਉਣ ਵਾਲੇ ਇਨਕਲਾਬੀ ਝੱਖੜਾਂ ਲਈ ਹੋਰ ਵੀ ਧੜੱਲੇ ਨਾਲ ਤਿਆਰੀ ਕਰੀਏ! ਮਾਰਕਸਵਾਦ-ਲੈਨਿਨਵਾਦ ਸ਼ਾਨ ਬੁਲੰਦ ਰਹੇ!

ਲਾਲ ਸਿੰਘ, ਮੁੱਖ ਸਕੱਤਰ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ

Share and Enjoy !

Shares

Leave a Reply

Your email address will not be published. Required fields are marked *