ਜੇ.ਐਨ.ਯੂ. ਦੇ ਵਿੱਦਿਆਰਥੀਆਂ ਉੱਤੇ ਰਾਜ ਵਲੋਂ ਜਥੇਬੰਦ ਖੂੰਖਾਰ ਹਮਲੇ ਦੀ ਨਿਖੇਧੀ ਕਰੋ!

ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰ ਕਮੇਟੀ ਦਾ ਬਿਆਨ, 6 ਜਨਵਰੀ 2020

ਕਮਿਉਨਿਸਟ ਗ਼ਦਰ ਪਾਰਟੀ, 5 ਜਨਵਰੀ ਦੀ ਸ਼ਾਮ ਨੂੰ ਦਿੱਲੀ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਸਖਤ ਨਿਖੇਧੀ ਕਰਦੀ ਹੈ। ਲੋਹੇ ਦੇ ਸਰੀਆਂ ਅਤੇ ਲਾਠੀਆਂ ਨਾਲ ਲੈਸ, ਨਕਾਬਪੋਸ਼ ਗੁੰਡਿਆਂ ਨੇ ਯੂਨੀਵਰਸਿਟੀ ਦੇ ਅੰਦਰ ਵੜ ਕੇ, ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਬੁਰਛਾਗਰਦੀ ਫੈਲਾਈ। ਰਾਜ ਵਲੋਂ ਗਿਣਮਿੱਥ ਕੇ ਜਥੇਬੰਦ ਕੀਤੇ ਗਏ ਇਸ ਹਮਲੇ ਵਿੱਚ, 20 ਤੋਂ ਵੱਧ ਇਸਤਰੀ ਤੇ ਪੁਰਸ਼ ਵਿਦਿਆਰਥੀ ਅਤੇ ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।

ਜੇ.ਐਨ.ਯੂ. ਦੇ ਵਿੱਦਿਆਰਥੀ ਅਤੇ ਅਧਿਆਪਕ, ਜੇ.ਐਨ.ਯੂ. ਦਾ ਨਿੱਜੀਕਰਣ ਕਰਨ ਦੇ ਅਧਿਕਾਰੀਆਂ ਦੇ ਯਤਨਾਂ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਦੇ ਆਏ ਹਨ। ਸੀ.ਏ.ਏ. ਅਤੇ ਐਨ.ਆਰ.ਸੀ. ਦੇ ਖ਼ਿਲਾਫ਼ ਆਪਣੇ ਲੋਕਾਂ ਦੇ ਸੰਘਰਸ਼ ਵਿੱਚ ਵੀ, ਜੇ.ਐਨ.ਯੂ. ਦੇ ਵਿੱਦਿਆਰਥੀ ਇੱਕ ਸਰਗਰਮ ਭੂਮਿਕਾ ਨਿਭਾਉਂਦੇ ਆਏ ਹਨ।  ਜਦ, ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਦੇ ਵਿਰੋਧ ਵਿੱਚ ਅਵਾਜ਼ ਉਠਾਉਣ ਦੀ ਜੁਰਅਤ ਕਰਨ ਦੇ ਕਾਰਨ, ਜਾਮੀਆਂ ਮਿਲੀਆ ਇਸਲਾਮੀਆ ਦੇ ਵਿੱਦਿਆਰਥੀਆਂ ਉੱਤੇ 15 ਦਸੰਬਰ ਨੂੰ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ, ਤਦ ਜੇ.ਐਨ,ਯੂ. ਦੇ ਵਿੱਦਿਆਰਥੀਆਂ ਨੇ, ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਦੇ ਵਿੱਦਿਆਰਥੀਆਂ ਦੇ ਨਾਲ ਮਿਲਕੇ, ਉਸ ਹਮਲੇ ਦੇ ਖ਼ਿਲਾਫ਼ ਜੋਰਦਾਰ ਅਵਾਜ਼ ਉਠਾਈ ਸੀ।

ਜੇ.ਐਨ.ਯੂ. ਦੇ ਵਿੱਦਿਆਰਥੀਆਂ ਉੱਤੇ ਇਹ ਖੂੰਖਾਰ ਹਮਲਾ, ਦੇਸ਼ ਦੇ ਲੋਕਾਂ ਦੇ ਵਧਦੇ ਸੰਘਰਸ਼ਾਂ ਨੂੰ ਕੁਚਲਣ ਦੇ ਕੇਂਦਰ ਸਰਕਾਰ ਦੇ ਸਿਰਤੋੜ ਯਤਨਾਂ ਦਾ ਪ੍ਰਤੀਕ ਹੈ। 26 ਦਸੰਬਰ ਨੂੰ ਗ੍ਰਹਿ ਮੰਤਰੀ, ਅਮਿਤ ਸ਼ਾਹ ਨੇ ਇਹ ਧਮਕੀ ਦਿੱਤੀ ਸੀ ਕਿ ਜਿਹੜੇ ਲੋਕ ਸੀ.ਏ.ਏ. ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ “ਸਬਕ ਸਿਖਾਇਆ ਜਾਵੇਗਾ”। ਅਮਿਤ ਸ਼ਾਹ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਲੋਕ, ਸਰਕਾਰ ਤੋਂ ਸੀ.ਏ.ਏ. ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਉਹ “ਟੁੱਕੜੇ-ਟੁੱਕੜੇ ਗੈਂਗ” ਦੇ ਮੈਂਬਰ ਹਨ। ਪਿਛਲੇ ਚਾਰ ਸਾਲਾਂ ਤੋਂ ਕੇਂਦਰ ਸਰਕਾਰ, ਜੇ.ਐਨ.ਯੂ. ਦੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਬਾਰੇ ਇਹ ਭੰਡੀ-ਪ੍ਰਚਾਰ ਕਰਦੀ ਆ ਰਹੀ ਹੈ ਕਿ ਉਹ “ਟੁੱਕੜੇ-ਟੁੱਕੜੇ ਗੈਂਗ” ਦੇ ਮੈਂਬਰ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਇਹ ਸਾਫ ਹੈ ਕਿ 5 ਜਨਵਰੀ ਨੂੰ ਜੇ.ਐਨ.ਯੂ. ਦੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਕੀਤੇ ਗਏ ਹਮਲੇ ਦੇ ਪਿੱਛੇ ਕੇਂਦਰੀ ਰਾਜ ਦਾ ਹੱਥ ਹੈ।

ਜੇ.ਐਨ.ਯੂ. ਦੇ ਵਾਈਸ ਚਾਂਸਲਰ ਅਤੇ ਦਿੱਲੀ ਪੁਲਿਸ ਦੀ ਭੂਮਿਕਾ (ਰਵੱਈਏ) ਤੋਂ ਵੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜੇ.ਐਨ.ਯੂ. ਦੇ ਵਿੱਦਿਆਰਥੀਆਂ ਉੱਤੇ ਇਹ ਹਮਲਾ ਰਾਜ ਵਲੋਂ ਹੀ ਜਥੇਬੰਦ ਕੀਤਾ ਗਿਆ ਸੀ। ਵਾਈਸ ਚਾਂਸਲਰ ਨੇ ਪੁਲਿਸ ਨੂੰ ਕੈਂਪਸ ਦੇ ਅੰਦਰ ਉਦੋਂ ਤਕ ਨਹੀਂ ਸੱਦਿਆ, ਜਦ ਤਕ ਕਾਤਲਾਨਾ ਗੁੰਡਿਆਂ ਨੇ ਆਪਣਾ ਮਨਸੂਬਾ ਪੂਰਾ ਨਹੀਂ ਸੀ ਕਰ ਲਿਆ। ਦਿੱਲੀ ਪੁਲਿਸ ਨੇ, ਉਨ੍ਹਾਂ ਲੋਕਾਂ ਨੂੰ ਕੈਂਪਸ ਦੇ ਅੰਦਰ ਦਾਖ਼ਲ ਹੋਣ ਤੋਂ ਰੋਕਿਆ, ਜਿਹੜੇ ਜੇ.ਐਨ.ਯੂ. ਦੇ ਵਿੱਦਿਆਰਥੀਆਂ ਦੀ ਮੱਦਦ ਕਰਨ ਆਏ ਸਨ। ਦੂਸਰੀ ਤਰਫ਼, ਪੁਲਿਸ ਨੇ ਗੁੰਡਿਆਂ ਦਾ ਮਸਬੂਬਾ ਪੂਰਾ ਹੋ ਜਾਣ ਤੋਂ ਬਾਦ ਉਨ੍ਹਾਂ ਨੂੰ ਪੂਰੀ ਹਿਫਾਜ਼ਤ ਨਾਲ ਕੈਂਪਸ ਦੇ ਬਾਹਰ ਪਹੁੰਚਾਇਆ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਜੇ.ਐਨ.ਯੂ. ਦੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਦੇ ਆਪਣੇ ਹੱਕਾਂ ਵਾਸਤੇ ਸੰਘਰਸ਼ ਵਿੱਚ, ਉਨ੍ਹਾਂ ਦੀ ਪੂਰੀ-ਪੂਰੀ ਹਮਾਇਤ ਕਰਦੀ ਹੈ।

Share and Enjoy !

Shares

Leave a Reply

Your email address will not be published. Required fields are marked *