21 ਦਸੰਬਰ 2019, ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦੇ ਮਹਾਨ ਆਗੂ ਅਤੇ ਸਿਖਿਅਕ, ਕਾਮਰੇਡ ਜੋਸਫ ਵਿਸਾਰੀਓਨੋਵਿਚ ਸਟਾਲਿਨ ਦਾ 140ਵਾਂ ਜਨਮ ਦਿਹਾੜਾ ਸੀ। ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਨੇ ਇਸ ਅਵਸਰ ਉੱਤੇ ਨਵੀਂ ਦਿੱਲੀ ਵਿੱਚ ਇੱਕ ਮੀਟਿੰਗ ਜਥੇਬੰਦ ਕੀਤੀ, ਜਿਸ ਦੀ ਪ੍ਰਧਾਨਗੀ ਕਾਮਰੇਡ ਲਾਲ ਸਿੰਘ ਨੇ ਕੀਤੀ।
ਕਾਮਰੇਡ ਲਾਲ ਸਿੰਘ ਨੇ ਦੱਸਿਆ ਕਿ ਅੱਜ ਦੁਨੀਆਂਭਰ ਵਿੱਚ ਕਮਿਉਨਿਜ਼ਮ ਦੇ ਸਿਧਾਂਤ ਅਤੇ ਕਮਿਉਨਿਸਟਾਂ ਉਪਰ ਚੌਹਾਂ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਅੱਜ ਦੇ ਕਮਿਉਨਿਸਟਾਂ ਨੂੰ ਮਹਾਨ ਮਾਰਕਸਵਾਦੀ-ਲੈਨਿਨਵਾਦੀ ਜੇ.ਵੀ. ਸਟਾਲਿਨ ਦੀ ਜ਼ਿੰਦਗੀ ਅਤੇ ਉਹਨਾਂ ਦੇ ਕੰਮਾਂ ਤੋਂ ਅਥਾਹ ਉਤਸ਼ਾਹ ਮਿਲਦਾ ਹੈ। ਕਾਮਰੇਡ ਸਟਾਲਿਨ, ਕਾਮਰੇਡ ਵੀ.ਆਈ. ਲੈਨਿਨ ਦੇ ਸਭ ਤੋਂ ਸਿਰ-ਕੱਢਵੇਂ ਅਤੇ ਵਫਾਦਾਰ ਚੇਲਾ ਸੀ। ਉਸਨੇ ਹੌਸਲਾ-ਪੂਰਬਕ ਅਤੇ ਪੂਰਾ ਤਾਣ ਲਾ ਕੇ ਆਪਣੀ ਜ਼ਿੰਦਗੀ ਦੇ ਆਖਰੀ ਦਮ ਤਕ ਮਾਰਕਸਵਾਦ-ਲੈਨਿਨਵਾਦ ਦੀਆਂ ਸਿਖਿਆਵਾਂ ਅਤੇ ਸਿੱਟਿਆਂ ਦੀ ਹਿਫਾਜ਼ਤ ਕੀਤੀ। ਬਾਲਸ਼ਵਿਕ ਪਾਰਟੀ ਦੇ ਆਗੂ ਦੀ ਹੈਸੀਅਤ ਵਿੱਚ, ਉਸ ਨੇ ਸੋਵੀਅਤ ਸੰਘ ਦੀ ਮਜ਼ਦੂਰ ਜਮਾਤ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਲੁੱਟ-ਖਸੁੱਟ ਅਤੇ ਜਬਰ ਤੋਂ ਸੁਰਖਰੂ ਇੱਕ ਨਵੇਂ ਸਮਾਜਵਾਦੀ ਸਮਾਜ ਦਾ ਨਿਰਮਾਣ ਕਰਨ ਦੇ ਸੰਘਰਸ਼ ਵਿਚ ਅਗਵਾਈ ਦਿੱਤੀ। ਉਹ ਪੂਰੀ ਦੁਨੀਆਂ ਦੀ ਮਜ਼ਦੂਰ ਜਮਾਤ ਦੀ ਅੱਖ ਦਾ ਤਾਰਾ ਸੀ ਅਤੇ ਹਮੇਸ਼ਾ ਹੀ ਰਹੇਗਾ। ਵੀਹਵੀਂ ਸਦੀ ਦੇ ਪ੍ਰਮੁੱਖ ਹਿੱਸੇ ਤੋਂ ਲੈ ਕੇ ਹੁਣ ਤਕ ਜੇ.ਵੀ. ਸਟਾਲਿਨ ਦੇ ਨਾਮ ਤੋਂ ਮਜ਼ਦੂਰ ਜਮਾਤ, ਮੇਹਨਤਕਸ਼ਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ, ਇਸ ਲੋਟੂ ਸਰਮਾਏਦਾਰਾ ਸਮਾਜ ਤੋਂ ਮੁਕਤੀ ਪਾਉਣ ਲਈ ਲੜਨ ਅਤੇ ਆਪਣੀ ਮੰਜ਼ਿਲ ਹਾਸਿਲ ਕਰਨ ਲਈ ਪ੍ਰੇਰਨਾ ਮਿਲਦੀ ਹੈ।
ਸਾਮਰਾਜਵਾਦੀ ਸਰਮਾਏਦਾਰ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਾਮਰੇਡ ਜੇ.ਵੀ. ਸਟਾਲਿਨ ਉਨ੍ਹਾਂ ਦੇ ਸਮਾਜਵਾਦ ਨੂੰ ਤਬਾਹ ਕਰਨ, ਇਨਕਲਾਬ ਨੂੰ ਕੁਚਲ ਦੇਣ ਅਤੇ ਇਸ ਆਦਮਖੋਰ ਸਰਮਾਏਦਾਰਾ ਸਾਮਰਾਜਵਾਦੀ ਢਾਂਚੇ ਨੂੰ ਜਿਉਂਦਾ ਰੱਖਣ ਦੇ ਮਨਹੂਸ ਮਨਸੂਬਿਆਂ ਦੇ ਸਾਹਮਣੇ ਇੱਕ ਪਹਾੜ ਵਾਂਗ ਖੜ੍ਹਾ ਹੈ। ਇਹੀ ਕਾਰਨ ਹੈ ਕਿ ਉਹ ਉਸਦੇ ਜਿਉਂਦੇ ਜੀਅ ਉਹਦੀ ਬਦਨਾਮੀ ਕਰਦੇ ਰਹੇ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਇਸ ਮਹਾਨ ਸਖਸ਼ੀਅਤ ਦੇ ਖ਼ਿਲਾਫ਼ ਵੱਧ ਤੋਂ ਵੱਧ ਨਫ਼ਰਤ ਫੈਲਾਉਣ ਤੋਂ ਇੱਕ ਪਲ ਵੀ ਨਹੀਂ ਸਾਹ ਲੈਂਦੇ।
ਕਾਮਰੇਡ ਸਟਾਲਿਨ ਨੇ, ਮਜ਼ਦੂਰ ਜਮਾਤ ਦੀ ਮੁਕਤੀ ਲਈ ਪੂਰੀ ਦ੍ਰਿੜਤਾ ਨਾਲ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਸਨੇ ਨਾ ਕੇਵਲ ਮਾਰਕਸਵਾਦ-ਲੈਨਿਨਵਾਦ ਦੇ ਸਿੱਟਿਆਂ ਦੀ ਹਿਫਾਜ਼ਤ ਹੀ ਕੀਤੀ, ਬਲਕਿ ਇੱਕ ਨਵੇਂ ਸਮਾਜਵਾਦੀ ਸਮਾਜ ਦੇ ਨਿਰਮਾਣ ਦੇ ਸੰਘਰਸ਼ ਨੂੰ ਅਗਵਾਈ ਦਿੰਦਿਆਂ ਹੋਇਆਂ, ਇਸ ਸਿਧਾਂਤ ਨੂੰ ਹੋਰ ਅੱਗੇ ਵਿਕਸਤ ਕਰਨ ਅਤੇ ਇਹਨੂੰ ਅਮੀਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਕਾਮਰੇਡ ਲਾਲ ਸਿੰਘ ਦੀਆਂ ਇਨ੍ਹਾਂ ਆਰੰਭਕ ਟਿੱਪਣੀਆਂ ਤੋਂ ਬਾਅਦ ਕਾਮਰੇਡ ਜੇ.ਵੀ. ਸਟਾਲਿਨ ਦੇ ਜੀਵਨ ਅਤੇ ਕਾਰਨਾਮਿਆਂ ਬਾਰੇ ਇੱਕ ਪੇਸ਼ਕਾਰੀ ਪੇਸ਼ ਕੀਤੀ ਗਈ। ਕਾਮਰੇਡ ਸਟਾਲਿਨ ਦਾ ਜਨਮ ਇੱਕ ਗਰੀਬ ਮਜ਼ਦੂਰ ਪ੍ਰਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਜੁੱਤੀਆਂ ਬਣਾਉਣ ਵਾਲੇ ਕਾਰਖਾਨੇ ਵਿੱਚ ਮੋਚੀ ਦਾ ਕੰਮ ਕਰਦੇ ਸਨ। ਕਾਮਰੇਡ ਸਟਾਲਿਨ ਕੇਵਲ 15 ਸਾਲ ਦੀ ਅਲੱ੍ਹੜ ਉਮਰ ਵਿੱਚ ਹੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਜਲਦ ਹੀ ਇੱਕ ਆਗੂ ਜਥੇਬੰਦਕ ਬਣ ਗਿਆ।
ਕਾਮਰੇਡ ਲੈਨਿਨ ਦੇ 1922 ਵਿੱਚ ਬਿਮਾਰ ਪੈ ਜਾਣ ਉਪਰੰਤ, ਕਾਮਰੇਡ ਸਟਾਲਿਨ ਨੂੰ ਪਾਰਟੀ ਦਾ ਜਨਰਲ ਸਕੱਤਰ ਚੁਣਿਆਂ ਗਿਆ ਸੀ। ਲੈਨਿਨ ਦੀ ਮੌਤ ਤੋਂ ਕੱਝ ਦਿਨਾਂ ਬਾਅਦ, ਕਾਮਰੇਡ ਸਟਾਲਿਨ ਨੇ ਦੂਸਰੇ ਸਰਬ-ਸੋਵੀਅਤ ਸੰਘ ਦੀ ਕਾਂਗਰਸ ਵਿੱਚ ਇੱਕ ਬਹੁਤ ਹੀ ਉਤਸ਼ਾਹ ਦੇਣ ਵਾਲੀ ਅਭੁੱਲ ਤਕਰੀਰ ਕੀਤੀ, ਜਿਸ ਵਿਚ ਉਸਨੇ ਇਹ ਸਮਝਾਇਆ ਕਿ ਲੈਨਿਨ ਦੇ ਕੰਮ ਨੂੰ ਜਾਰੀ ਰੱਖਣ ਅਤੇ ਉਸਦੀਆਂ ਸਿਖਿਆਵਾਂ ਦੇ ਵਫਾਦਾਰ ਰਹਿਣ ਦਾ ਮਤਲਬ ਕੀ ਹੈ। ਉਸ ਨੇ ਬਾਲਸ਼ਵਿਕ ਪਾਰਟੀ ਦੇ ਵਲੋਂ, ਕਮਿਉਨਿਸਟ ਪਾਰਟੀ ਦੇ ਮੈਂਬਰ ਹੋਣ ਦੇ ਸੱਚੇ ਸੁੱਚੇ ਪਦ ਦੀ ਸ਼ਾਨ ਨੂੰ ਕਦੇ ਵੀ ਆਂਚ ਨਾ ਆਉਣ ਦੇਣ ਦਾ ਪ੍ਰਣ ਲਿਆ। ਉਸਨੇ ਹਰ ਕੀਮਤ ਉੱਤੇ ਪਾਰਟੀ ਦੀ ਏਕਤਾ ਦੀ ਹਿਫਾਜ਼ਤ ਕਰਨ ਦਾ ਪ੍ਰਣ ਕੀਤਾ। ਉਸਨੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਗਠਜੋੜ ਨੂੰ ਮਜ਼ਬੂਤ ਕਰਦੇ ਰਹਿਣ ਦਾ ਪ੍ਰਣ ਕੀਤਾ। ਉਸ ਨੇ ਸੋਵੀਅਤ ਸੰਘ ਦੀਆਂ ਤਮਾਮ ਕੌਮਾਂ ਅਤੇ ਕੌਮੀਅਤਾਂ ਦੀ ਸਵੈਇਛਤਾ ਉੱਤੇ ਅਧਾਰਤ ਸੰਘ ਨੂੰ ਮਜ਼ਬੂਤ ਕਰਨ ਅਤੇ ਉਸ ਦਾ ਵਿਸਤਾਰ ਕਰਨ ਦਾ ਪ੍ਰਣ ਲਿਆ। ਅਤੇ ਆਖਰ ਵਿੱਚ, ਉਸਨੇ ਕਮਿਉਨਿਸਟ ਇੰਟਰਨੈਸ਼ਨਲ ਦੇ ਸਿਧਾਂਤਾਂ ਪ੍ਰਤੀ ਵਫਾਦਾਰ ਰਹਿਣ ਅਤੇ ਦੁਨੀਆਂਭਰ ਵਿਚ ਮੇਹਨਤਕਸ਼ ਲੋਕਾਂ ਦੇ ਸੰਘ ਨੂੰ ਮਜ਼ਬੂਤ ਕਰਨ ਅਤੇ ਉਹਦਾ ਵਿਸਤਾਰ ਕਰਨ ਦਾ ਪ੍ਰਣ ਕੀਤਾ।
ਕਾਮਰੇਡ ਲੈਨਿਨ ਦੀ ਮੌਤ ਉਸ ਵਕਤ ਹੋਈ, ਜਦੋਂ ਪ੍ਰੋਲਤਾਰੀ ਰਾਜ ਦੀ ਸਥਾਪਨਾ ਅਜੇ ਸ਼ੁਰੂ ਹੀ ਹੋਈ ਸੀ। ਦੁਨੀਆਂਭਰ ਦੇ ਸਾਮਰਾਜਵਾਦੀਏ ਪ੍ਰੋਲਤਾਰੀ ਦੀ ਤਾਨਾਸ਼ਾਹੀ ਨੂੰ ਤਬਾਹ ਕਰਨ ਲਈ ਸੋਵੀਅਤ ਸੰਘ ਦੇ ਅੰਦਰ ਬੈਠੇ ਮਜ਼ਦੂਰ ਜਮਾਤ ਦੇ ਦੁਸ਼ਮਣਾਂ ਨਾਲ ਗਾਂਢਾ ਸਾਂਢਾ ਕਰ ਰਹੇ ਸਨ। ਇਨ੍ਹਾਂ ਔਖੇ ਹਾਲਾਤਾਂ ਵਿਚ ਕਾਮਰੇਡ ਸਟਾਲਿਨ ਨੇ ਸਾਮਰਾਜਵਾਦੀ ਘੇਰਾਬੰਦੀ ਦਾ ਮੁਕਾਬਲਾ ਕਰਦਿਆਂ ਹੋਇਆਂ, ਬੜੀ ਬਹਾਦਰੀ ਅਤੇ ਦ੍ਰਿੜਤਾ ਨਾਲ ਸਮਾਜਵਾਦ ਦੀ ਸਥਾਪਨਾ ਦੇ ਸੰਘਰਸ਼ ਨੂੰ ਅਗਵਾਈ ਦਿੱਤੀ।
ਸੋਵੀਅਤ ਸੰਘ ਵਿੱਚ ਸਮਾਜਵਾਦ ਦੀ ਸਫਲ ਸਥਾਪਤੀ ਤੋਂ ਤਿਲਮਿਲਾ ਕੇ, ਸਾਮਰਾਜਵਾਦੀਆਂ ਨੇ ਸੋਵੀਅਤ ਸੰਘ ਨੂੰ ਤਬਾਹ ਕਰਨ ਲਈ ਹਿਟਲਰ ਅਤੇ ਨਾਜ਼ੀ ਜਰਮਨੀ ਨੂੰ ਸ਼ਹਿ ਦਿੱਤੀ। ਪਰ ਉਨ੍ਹਾਂ ਦੀਆਂ ਸਭ ਚਾਲਾਂ ਮਿੱਟੀ ਵਿਚ ਮਿਲ ਗਈਆਂ। ਕਾਮਰੇਡ ਸਟਾਲਿਨ ਦੀ ਬੇਮਿਸਾਲ ਅਗਵਾਈ ਹੇਠ ਸੋਵੀਅਤ ਸੰਘ ਦੇ ਲੋਕ ਇੱਕ ਵਿਸ਼ਾਲ ਤਾਕਤ ਬਣ ਕੇ ਉਭਰੇ ਅਤੇ ਉਨ੍ਹਾਂ ਨੇ ਫਾਸ਼ੀਵਾਦੀਆਂ ਦਾ ਅੱਗੇ ਵਧਣਾ ਰੋਕ ਦਿੱਤਾ, ਅਤੇ ਅਖੀਰ ਨੂੰ ਹਿਟਲਰ ਨੂੰ ਭਾਂਜ ਦਿੱਤੀ ਅਤੇ ਯੂਰਪ ਨੂੰ ਮੁਕਤ ਕਰਾ ਲਿਆ। ਇਸ ਮਹਾਨ ਦੇਸ਼ਭਗਤੀ ਦੀ ਜੰਗ ਵਿੱਚ ਢਾਈ ਕ੍ਰੋੜ ਤੋਂ ਜ਼ਿਆਦਾ ਸੋਵੀਅਤ ਲੋਕਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ। ਜੰਗ ਦੇ ਮੁਹਾਜ਼ ਉੱਤੇ ਨੌਜਵਾਨਾਂ ਨੇ ਜੇ.ਵੀ. ਸਟਾਲਿਨ ਦਾ ਨਾਮ ਲੈਂਦਿਆਂ ਹੋਇਆਂ ਹੱਸ ਹੱਸ ਕੇ ਮੌਤ ਨੂੰ ਚੁਮਿਆਂ। ਫਾਸ਼ੀਵਾਦ ਵਿਰੋਧੀ ਜੰਗ ਵਿੱਚ ਸੋਵੀਅਤ ਸੰਘ ਦੀ ਜਿੱਤ ਨੇ ਯੂਰਪ ਅਤੇ ਏਸ਼ੀਆ ਵਿੱਚ ਲੋਕਾਂ ਦੇ ਇਨਕਲਾਬੀ ਮੁਕਤੀ ਸੰਘਰਸ਼ਾਂ ਨੂੰ ਇੱਕ ਤਕੜਾ ਹਲੂਣਾ ਦਿੱਤਾ। ਬਹੁਤ ਸਾਰੇ ਦੇਸ਼ ਸਰਮਾਏਦਾਰਾ ਗੁਲਾਮੀ ਅਤੇ ਬਸਤੀਵਾਦੀ ਬੇੜੀਆਂ ਤੋਂ ਮੁਕਤ ਹੋ ਗਏ ਅਤੇ ਉਨ੍ਹਾਂ ਨੇ ਸਮਾਜਵਾਦ ਦਾ ਰਾਹ ਅਪਣਾਇਆ।
ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੇ ਦੌਰ ਵਿੱਚ, ਅਮਰੀਕੀ ਸਾਮਰਾਜਵਾਦ ਦੀ ਅਗਵਾਈ ਵਿੱਚ ਸਾਮਰਾਜਵਾਦੀਆਂ ਨੇ ਸੋਵੀਅਤ ਸੰਘ ਨੂੰ ਤਬਾਹ ਕਰਨ ਅਤੇ ਇਨਕਲਾਬ ਦੀ ਚੜ੍ਹ ਰਹੀ ਲਹਿਰ ਨੂੰ ਕੁਚਲਣ ਲਈ ਸਰਦ ਜੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸੋਵੀਅਤ ਸੰਘ ਅਤੇ ਹੋਰ ਸਮਾਜਵਾਦੀ ਦੇਸ਼ਾਂ ਨੂੰ ਪ੍ਰਮਾਣੂੰ ਬੰਬ ਨਾਲ ਪੂਰੀ ਤਰ੍ਹਾਂ ਤਬਾਹ ਕਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਹਦੇ ਨਾਲ-ਨਾਲ ਸਾਮਰਾਜਵਾਦੀਆਂ ਨੇ ਵੱਖ ਵੱਖ ਕਮਿਉਨਿਸਟ ਪਾਰਟੀਆਂ ਦੇ ਅੰਦਰ ਬਿਠਾਏ ਆਪਣੇ ਏਜੰਟਾਂ ਨੂੰ ਮਾਰਕਸਵਾਦ-ਲੈਨਿਨਵਾਦ ਦੀਆਂ ਸਿੱਖਿਆਵਾਂ ਵਿਚ ਸੋਧਾਂ ਕਰਨ, ਸਮਾਜਵਾਦ ਨੂੰ ਅੰਦਰੋਂ ਢਾਹ ਲਾਉਣ ਅਤੇ ਅੰਤਰਰਾਸ਼ਟਰੀ ਕਮਿਉਨਿਸਟ ਲਹਿਰ ਦੀ ਏਕਤਾ ਤਬਾਹ ਕਰਨ ਲਈ ਸ਼ਹਿ ਦਿੱਤੀ। ਸਟਾਲਿਨ ਨੇ ਇਨ੍ਹਾਂ ਹਾਲਤਾਂ ਵਿੱਚ ਸੋਵੀਅਤ ਲੋਕਾਂ ਅਤੇ ਮਜ਼ਦੂਰ ਜਮਾਤ ਨੂੰ ਅਤੇ ਸਮੁੱਚੀ ਦੁਨੀਆਂ ਦੇ ਲੋਕਾਂ ਨੂੰ ਬੜੇ ਠਰੰਮੇ ਅਤੇ ਹੌਸਲੇ ਨਾਲ ਅਗਵਾਈ ਦਿੱਤੀ। ਉਸਨੇ ਅੰਤਰਰਾਸ਼ਟਰੀ ਕਮਿਉਨਿਸਟ ਲਹਿਰ ਵਿਚ ਬਰਾਉਡਰਵਾਦੀ ਅਤੇ ਟੀਟੋਵਾਦੀ ਆਦਿ ਮਜ਼ਦੂਰ ਜਮਾਤ ਦੇ ਗ਼ਦਾਰਾਂ ਨੂੰ ਨੰਗਿਆਂ ਕਰਨ ਅਤੇ ਉਨ੍ਹਾਂ ਨੂੰ ਨਿਖੇੜਨ ਲਈ ਸੰਘਰਸ਼ ਨੂੰ ਅਗਵਾਈ ਦਿੱਤੀ। ਸਟਾਲਿਨ ਨੇ ਆਪਣੇ ਆਖਰੀ ਦਮ ਤਕ ਸਮਾਜਵਾਦੀ ਸੋਵੀਅਤ ਸੰਘ ਅਤੇ ਅੰਤਰਰਾਸ਼ਟਰੀ ਮਜ਼ਦੂਰ ਜਮਾਤ ਲਹਿਰ ਨੂੰ ਸਾਮਰਾਜਵਾਦੀਆਂ ਅਤੇ ਕਮਿਉਨਿਜ਼ਮ ਦੇ ਗ਼ੱਦਾਰਾਂ ਤੋਂ ਹਿਫਾਜ਼ਤ ਕਰਨ ਲਈ ਕੰਮ ਕੀਤਾ।
ਇਸ ਪੇਸ਼ਕਾਰੀ ਤੋਂ ਬਾਅਦ, ਕਾਮਰੇਡ ਲਾਲ ਸਿੰਘ ਨੇ ਚਰਚਾ ਨੂੰ ਅਗਵਾਈ ਦਿੰਦਿਆਂ ਹੋਇਆਂ ਦੱਸਿਆ ਕਿ ਕਿਵੇਂ ਕਮਿਉਨਿਸਟਾਂ ਦੇ ਸਭ ਤੋਂ ਵੱਧ ਜਗਮਗਾਉਂਦੇ ਹੀਰੇ ਕਾਮਰੇਡ ਜੇ.ਵੀ. ਸਟਾਲਿਨ ਦੀਆਂ ਸਿੱਖਿਆਵਾਂ ਨੇ ਸਾਡੀ ਪਾਰਟੀ ਦੇ ਕੰਮ ਦਾ ਰਾਹ ਰੁਸ਼ਨਾਇਆ ਹੈ।
ਕਾਮਰੇਡ ਸਟਾਲਿਨ ਸਾਫ ਤੌਰ ‘ਤੇ, ਪ੍ਰੋਲਤਾਰੀ ਦੀ ਤਾਨਾਸ਼ਾਹੀ ਸਥਾਪਤ ਕਰਨ ਅਤੇ ਕਮਿਉਨਿਸਟ ਸਮਾਜ ਸਥਾਪਤ ਕਰਨ ਦੀ ਦਿਸ਼ਾ ਵਿਚ ਸਮਾਜਵਾਦ ਦੇ ਨਿਰਮਾਣ ਵਿੱਚ ਵਿਸ਼ਵਾਸ਼ ਰੱਖਦੇ ਸਨ। ਉਹ ਇਹ ਗੱਲ ਸਾਫ ਤੌਰ ਉਤੇ ਸਮਝਦੇ ਸਨ ਕਿ ਇਹ ਕੰਮ ਕੇਵਲ ਮਜ਼ਦੂਰ ਜਮਾਤ ਦੀ ਪਾਰਟੀ ਦੀ ਮਜ਼ਬੂਤ ਅਗਵਾਈ ਹੇਠ ਹੀ ਪੂਰਾ ਕੀਤਾ ਜਾ ਸਕਦਾ ਹੈ। ਲੈਨਿਨਵਾਦ ਦੇ ਅਸੂਲ, ਜਿਨ੍ਹਾਂ ਦੀ ਪਾਲਣਾ ਕਾਮਰੇਡ ਸਟਾਲਿਨ ਨੇ ਆਪਣੇ ਆਖਰੀ ਦਮ ਤਕ ਕੀਤੀ, ਸਾਡੀ ਪਾਰਟੀ ਨੂੰ ਵੀ ਉਨ੍ਹਾਂ ਹੀ ਅਸੂਲਾਂ ਉਪਰ ਜਥੇਬੰਦ ਕੀਤਾ ਗਿਆ ਹੈ।
ਕਾਮਰੇਡ ਲਾਲ ਸਿੰਘ ਨੇ ਦੱਸਿਆ ਕਿ ਮਜ਼ਦੂਰ ਜਮਾਤ ਨਾਲ ਗੱਦਾਰੀ ਕਰਨ ਵਾਲੇ ਸਭ ਗ਼ੱਦਾਰਾਂ ਨੇ ਲੈਨਿਨ ਦੀ ਇਸ ਸਿੱਖਿਆ ਉੱਤੇ ਹਮਲਾ ਕੀਤਾ ਕਿ ਪ੍ਰੋਲਤਾਰੀ ਇਨਕਲਾਬ ਦੀ ਰਖਵਾਲੀ ਕਰਨ ਲਈ ਅਤੇ ਸਮਾਜਵਾਦ ਦਾ ਨਿਰਮਾਣ ਕਰਨ ਲਈ ਪ੍ਰੋਲਤਾਰੀ ਦੀ ਤਾਨਾਸ਼ਾਹੀ ਸਥਾਪਤ ਕਰਨਾ ਸਭ ਤੋਂ ਜ਼ਰੂਰੀ ਸ਼ਰਤ ਹੈ। ਕਾਮਰੇਡ ਸਟਾਲਿਨ ਦੀ ਮੌਤ ਤੋਂ ਬਾਅਦ ਖਰੁਚਵਵਾਦੀਆਂ ਨੇ ਸੱਤਾ ਉੱਤੇ ਕਬਜ਼ਾ ਕਰ ਲਿਆ ਅਤੇ ਸੋਵੀਅਤ ਸੰਘ ਨੂੰ “ਸਾਰੇ ਲੋਕਾਂ ਦਾ ਰਾਜ” ਹੋਣ ਦਾ ਐਲਾਨ ਕਰ ਦਿੱਤਾ। ਐਨ ਓਸੇ ਤਰਾਂ ਚੀਨ ਵਿੱਚ ਮਾਓ ਜ਼ੇ ਤੁੰਗ ਨੇ ਚੌਂਹ ਜਮਾਤਾਂ ਦੀ ਸਾਂਝੀ ਤਾਨਾਸ਼ਾਹੀ ਦੀ ਗੱਲ ਕੀਤੀ, ਜਿਸ ਨੂੰ ਉਸ ਨੇ ਨਵ-ਜਮਹੂਰੀ ਤਾਨਾਸ਼ਾਹੀ ਕਿਹਾ, ਜਿਹਦੇ ਵਿੱਚ ਬੁਰਜੂਆਜ਼ੀ ਅਤੇ ਪ੍ਰੋਲਤਾਰੀ ਦੋਵੇਂ ਹੀ ਸ਼ਾਮਲ ਹਨ, ਜੋ ਕਿ ਬਿੱਲਕੁਲ ਹੀ ਸੰਭਵ ਨਹੀਂ।
ਕਾਮਰੇਡ ਲਾਲ ਸਿੰਘ ਨੇ ਅੱਗੇ ਸਮਝਾਇਆ ਕਿ ਕਿਸ ਤਰ੍ਹਾਂ ਨਾਲ ਸਾਡੀ ਪਾਰਟੀ ਨੇ ਮਾਰਕਸਵਾਦ-ਲੈਨਿਨਵਾਦ ਦੇ ਅਸੂਲਾਂ ਦੀ ਪਾਲਣਾ ਕੀਤੀ ਹੈ ਕਿ ਪ੍ਰੋਲਤਾਰੀ ਜਮਾਤ ਦੀ ਪਾਰਟੀ ਵਿੱਚ ਕੇਵਲ ਇੱਕ ਹੀ ਲਾਈਨ ਹੋ ਸਕਦੀ ਹੈ। ਕਿਸੇ ਵੀ ਮਸਲੇ ਜਾਂ ਕੰਮ ਉਪਰ ਚਰਚਾ ਅਤੇ ਮੱਤਭੇਦ ਹੋ ਸਕਦੇ ਹਨ, ਲੇਕਿਨ ਕਈ ਲਾਈਨਾਂ ਨਹੀਂ ਹੋ ਸਕਦੀਆਂ।
ਸਾਮਰਾਜਵਾਦੀਏ ਇਹ ਝੂਠਾ ਪ੍ਰਚਾਰ ਕਰਦੇ ਹਨ ਕਿ ਕਾਮਰੇਡ ਸਟਾਲਿਨ ਆਪਣੇ ਵਿਰੋਧੀਆਂ ਪ੍ਰਤੀ ਬੇਰਹਿਮ ਸੀ, ਲੇਕਿਨ ਸੱਚਾਈ ਇਹ ਹੈ ਕਿ ਕਾਮਰੇਡ ਸਟਾਲਿਨ ਪਾਰਟੀ ਦੇ ਅੰਦਰ ਏਕਤਾ ਕਾਇਮ ਰੱਖਣ ਦੀ ਪੂਰੀ ਕੋਸ਼ਿਸ ਕਰਦੇ ਰਹੇ ਅਤੇ ਉਨ੍ਹਾਂ ਨੇ ਗਲਤ ਵਿਚਾਰਾਂ ਦਾ ਬੜੇ ਹੀ ਠਰੰਮੇ ਅਤੇ ਸਮਝਦਾਰੀ ਨਾਲ ਮੁਕਾਬਲਾ ਕੀਤਾ।
ਕਾਮਰੇਡ ਸਟਾਲਿਨ ਦੀ ਇੱਕ ਸਿਰਕੱਢਵੀਂ ਵਿਸ਼ੇਸ਼ਤਾਈ ਇਹ ਵੀ ਸੀ ਕਿ ਉਸਨੇ ਜਾਂ ਉਹਦੀ ਪਾਰਟੀ ਨੇ ਕਦੇ ਵੀ ਛੋਟੀਆਂ ਕਮਿਉਨਿਸਟ ਪਾਰਟੀਆਂ ਉੱਤੇ ਰੋਹਬ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੂਸਰੇ ਦੇਸ਼ਾਂ ਦੀਆਂ ਪਾਰਟੀਆਂ ਨਾਲ ਉਸਨੇ ਹਮੇਸ਼ਾ ਹੀ ਇੱਕ ਦੋਸਤ ਅਤੇ ਮਾਰਗਦਰਸ਼ਕ ਬਤੌਰ ਗੱਲਬਾਤ ਕੀਤੀ ਅਤੇ ਕਦੇ ਵੀ ਆਪਣੇ ਵਿਚਾਰ ਠੋਸਣ ਦੀ ਕੋਸ਼ਿਸ਼ ਨਹੀਂ ਕੀਤੀ।
ਚਰਚਾ ਦੀ ਸਮਾਪਤੀ ਕਰਦਿਆਂ, ਕਾਮਰੇਡ ਲਾਲ ਸਿੰਘ ਨੇ ਕਿਹਾ ਕਿ ਦੁਨੀਆਂ ਵਿੱਚ ਕਾਮਰੇਡ ਸਟਾਲਿਨ ਵਰਗੇ ਕਮਿਉਨਿਸਟ ਬਹੁਤ ਘੱਟ ਹੀ ਹੋਏ ਹਨ। ਲੇਕਿਨ ਇਹ ਵੀ ਨਹੀਂ ਕਿ ਉਹ ਜਨਮ ਤੋਂ ਹੀ ਇਸ ਤਰ੍ਹਾਂ ਦਾ ਸੀ। ਉਹਨੇ ਸਭ ਕਝ ਪਾਰਟੀ ਦੇ ਅੰਦਰ ਆ ਕੇ ਹੀ ਸਿਖਿਆ ਸੀ। ਇੱਕ ਬਾਰੀ ਜਦੋਂ ਉਸਨੇ ਆਪਣੀ ਜ਼ਿੰਦਗੀ ਕਮਿਉਨਿਜ਼ਮ ਨੂੰ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਤਾਂ ਫਿਰ ਉਸ ਨੇ ਆਪਣਾ ਦਿਲੋ-ਦਿਮਾਗ ਇਸ ਕਾਜ਼ ਦੇ ਲੇਖੇ ਲਾ ਦਿੱਤਾ।