8 ਦਸੰਬਰ ਨੂੰ ਤੜਕਸਾਰ, ਅਨਾਜ ਮੰਡੀ ਵਿੱਚ ਇੱਕ ਭਿਆਨਕ ਹਾਦਸਾ ਹੋਇਆ। ਉੱਤਰੀ ਦਿੱਲੀ ਦੇ ਅਨਾਜ ਮੰਡੀ ਇਲਾਕੇ ਵਿੱਚ, ਇੱਕ ਇਮਾਰਤ ਨੂੰ ਅੱਗ ਲੱਗ ਜਾਣ ਕਾਰਨ ਉਹਦੇ ਅੰਦਰ ਸੁੱਤੇ ਪਏ 43 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਮੌਤਾਂ ਬੁਰੀ ਤਰ੍ਹਾਂ ਝੁਲ਼ਸ ਜਾਣ ਨਾਲ ਜਾਂ ਧੂੰਏਂ ਦੀ ਵਜਾਹ ਨਾਲ ਦਮ ਘੁੱਟ ਜਾਣ ਕਾਰਨ ਹੋਈਆਂ। ਜਦ ਇਸ ਚਾਰ-ਮੰਜ਼ਲੀ ਇਮਾਰਤ ‘ਚ ਸਥਿਤ ਵਰਕਸ਼ਾਪ ਵਿੱਚ ਅੱਗ ਲੱਗੀ, ਉਸ ਵਕਤ ਇਹ ਮਜ਼ਦੂਰ ਕੰਮ ਤੋਂ ਬਾਅਦ ਗਹਿਰੀ ਨੀਂਦ ਸੌਂ ਰਹੇ ਸਨ; ਉਹ ਏਸੇ ਇਮਾਰਤ ਦੀ ਦੂਸਰੀ ਮੰਜ਼ਿਲ ‘ਤੇ ਕੰਮ ਕਰਦੇ ਸਨ ਅਤੇ ਏਥੇ ਹੀ ਰਹਿੰਦੇ ਸਨ। ਅੱਗ-ਬੁਝਾਊ ਅਮਲੇ ਦੀ ਸਖ਼ਤ ਮੁਸ਼ੱਕਤ ਦੇ ਬਾਵਯੂਦ ਇਨ੍ਹਾਂ ਮਜ਼ਦੂਰਾਂ ਦੀ ਮੌਤ ਹੋ ਗਈ। ਜਦ ਤਕ ਅੱਗ-ਬੁਝਾਊ ਦਸਤਾ ਉਥੇ ਪਹੁੰਚਿਆ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ, ਲੇਕਿਨ ਉਨ੍ਹਾਂ ਨੇ ਬੜੀ ਬਹਾਦਰੀ ਨਾਲ ਆਪਣੀ ਜਾਨ ਜੋਖ਼ਮ ਵਿੱਚ ਪਾਕੇ ਕੁੱਝ ਲੋਕਾਂ ਨੂੰ ਬਚਾ ਲਿਆ। ਮਾਰੇ ਗਏ ਅਤੇ ਜਖ਼ਮੀ ਹੋਏ ਜ਼ਿਆਦਾਤਰ ਮਜ਼ਦੂਰ, ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆਏ ਹੋਏ ਗ਼ਰੀਬ ਪ੍ਰਵਾਸੀ ਮਜ਼ਦੂਰ ਸਨ।
ਇਹ ਅੱਗ ਕਿਉਂ ਲੱਗੀ? ਐਸੀ ਕੀ ਵਜਾਹ ਸੀ ਕਿ ਇਹ ਮਜ਼ਦੂਰ ਬਾਹਰ ਨਾ ਨਿਕਲ ਸਕੇ?
ਖ਼ਬਰਾਂ ਮੁਤਾਬਿਕ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਸੀ। ਅੱਗ-ਬੁਝਾਊ ਦਸਤੇ ਦੇ 150 ਬਹਾਦਰ ਕਰਮੀਆਂ ਵਲੋਂ ਆਪਣੀ ਜਾਨ ਤਕ ਜੋਖ਼ਮ ਵਿੱਚ ਪਾਉਣ ਦੇ ਬਾਵਯੂਦ, ਅੱਗ ਛੇਤੀ ਨਾ ਬੁਝਾਈ ਜਾ ਸਕੀ। ਇਸਦੀ ਵਜਾਹ ਇਹ ਸੀ ਕਿ ਇਹੋ ਇਮਾਰਤ ਭੀੜ-ਭਾੜ ਵਾਲੇ ਇਲਾਕੇ ਵਿੱਚ ਹੈ ਅਤੇ ਅੱਗ-ਬੁਝਾਊ ਅਮਲੇ ਨੂੰ ਇਮਾਰਤ ਵਿੱਚ ਵੜਨ ਵਾਸਤੇ ਖਿੜਕੀਆਂ ‘ਚ ਲੱਗੇ ਲੋਹੇ ਦੇ ਸਰੀਏ ਦੀਆਂ ਗਰਿਲਾਂ ਨੂੰ ਕੱਟਣਾ ਪਿਆ। ਇਮਾਰਤ ਵਿੱਚ ਕਿਤੇ ਵੀ ਅੱਗ ਤੋਂ ਬਚਕੇ ਨਿਕਲਣ ਦਾ ਰਸਤਾ ਨਹੀਂ ਸੀ। ਇਮਾਰਤ ਤੋਂ ਬਾਹਰ ਨਿਕਲਣ ਦਾ ਸਿਰਫ ਇੱਕ ਹੀ ਦਰਵਾਜ਼ਾ ਹੈ, ਬਾਕੀ ਦਰਵਾਜ਼ੇ ਵਰਕਸ਼ਾਪ ਵਿੱਚ ਤਿਆਰ ਕੀਤੇ ਗਏ ਸਮਾਨ ਅਤੇ ਕੱਚੇਮਾਲ ਨਾਲ ਤੁੰਨੇ ਹੋਏ ਹਨ। ਇਮਾਰਤ ਵਿੱਚ ਕਿਤੇ ਵੀ ਕੋਈ ਅੱਗ-ਬੁਝਾਊ ਯੰਤਰ ਮੌਜੂਦ ਨਹੀਂ ਸੀ। ਮੀਡੀਆ ਵਿੱਚ ਛਪੀਆਂ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਜਗਾਹ-ਜਗਾਹ ‘ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਲਟਕ ਰਹੀਆਂ ਹਨ। ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਸਤੇ, ਇਹ ਮਜ਼ਦੂਰ ਅਜਿਹੀਆਂ ਗੈਰ-ਨਮੁੱਖੀ ਹਾਲਤਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਹਨ।
ਇਸ ਤਰ੍ਹਾਂ ਦੀਆਂ ਦੁਰਘਟਨਾਵਾਂ, ਮੌਜੂਦਾ ਵਿਵਸਥਾ ਨੂੰ ਕਟਹਿਰੇ ‘ਚ ਖੜਾ ਕਰਦੀਆਂ ਹਨ। ਰਾਸ਼ਟਰੀ ਰਾਜਧਾਨੀ ਖੇਤਰ ਦੇ ਕਈ ਇਲਾਕੇ, ਅੱਜ ਵੀ ਮਧਯੁੱਗੀ ਹਾਲਤਾਂ ਵਿੱਚ ਅਟਕੇ ਹੋਏ ਹਨ। ਅਜੇਹੀ ਤਬਾਹੀ ਨੂੰ ਕੋਈ ਅਚਾਨਕ ਹੋਈ ਦੁਰਘਟਨਾ ਨਹੀਂ ਕਿਹਾ ਜਾ ਸਕਦਾ। ਇਹ ਦੁਰਘਟਨਾਵਾਂ, ਰਾਜ ਅਤੇ ਉਹਦੇ ਪ੍ਰਸ਼ਾਸਨ ਦੀ ਮੁਜ਼ਰਮਾਨਾ ਲਾਪ੍ਰਵਾਹੀ ਦਾ ਸਿੱਟਾ ਹਨ। ਅੱਜ ਜਿਹੜਾ ਵੀ ਦੇਸ਼ ਆਧੁਨਿਕ ਅਤੇ ਵਿਕਸਤ ਹੋਣ ਦਾ ਦਾਅਵਾ ਕਰਦਾ ਹੈ, ਜਰੂਰੀ ਹੈ ਕਿ ਉਥੇ ਉਤਪਾਦਨ ਜਾਂ ਮੈਨੁਫੈਕਚਰਿੰਗ ਦੇ ਵਾਸਤੇ ਸੁਚੱਜੇ ਢੰਗ ਨਾਲ ਬਣਾਏ ਹੋਏ ਢਾਂਚੇ (ਇਮਾਰਤਾਂ) ਹੋਣ, ਜਿੱਥੇ ਪੇਸ਼ਾਵਾਰਾਨਾ ਹਾਦਸਿਆਂ ਨੂੰ ਰੋਕਣ ਦੇ ਯੰਤਰ ਮੌਜੂਦ ਹੋਣ, ਜਿਨ੍ਹਾਂ ਦਾ ਸਹੀ ਢੰਗ ਨਾਲ ਪੰਜੀਕਰਣ ਕੀਤਾ ਗਿਆ ਹੋਵੇ ਅਤੇ ਪ੍ਰਸ਼ਾਸਨ ਇਨ੍ਹਾਂ ਦੀ ਦੇਖਭਾਲ ਅਤੇ ਨਿਗਰਾਨੀ ਕਰਦਾ ਹੋਵੇ।
ਹਰੇਕ ਮਜ਼ਦੂਰ ਨੂੰ ਸੁਰੱਖਿਅਤ ਅਤੇ ਸਿਹਤਮੰਦ ਹਾਲਤ ਵਿੱਚ ਕੰਮ ਕਰਨ ਦਾ ਅਧਿਕਾਰ ਹੈ। ਕਈ ਦਹਾਕਿਆਂ ਤੋਂ, ਸਾਡੇ ਦੇਸ਼ ਵਿੱਚ ਅਤੇ ਦੁਨੀਆਂਭਰ ਵਿੱਚ ਮਜ਼ਦੂਰ ਆਪਣੇ ਅਧਿਕਾਰਾਂ ਵਾਸਤੇ ਲੜਾਈ ਲੜਦੇ ਰਹੇ ਹਨ। ਆਪਣੇ ਸੰਘਰਸ਼ਾਂ ਦੀ ਵਜਾਹ ਕਰਕੇ, ਮਜ਼ਦੂਰ ਕੁਛ ਅਧਿਕਾਰ ਹਾਸਲ ਕਰਨ ਅਤੇ ਆਪਣੇ ਹਿੱਤ ‘ਚ ਕਾਨੂੰਨ ਬਣਵਾਉਣ ਵਿੱਚ ਇੱਕ ਹੱਦ ਤਕ ਕਾਮਯਾਬ ਰਹੇ ਹਨ। ਲੇਕਿਨ, ਅੱਜ ਸਰਮਾਏਦਾਰਾ ਵਿਵਸਥਾ ਅੰਦਰ, ਇਨ੍ਹਾਂ ਅਧਿਕਾਰਾਂ ਅਤੇ ਕਾਨੂੰਨਾਂ ਦਾ ਬੁਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨਾ ਸਿਰਫ ਇਹ ਜਾਣਦੇ ਹਨ ਕਿ ਕਾਨੂੰਨਾਂ ਅਤੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਬਲਕਿ ਇਹਦੇ ਵਿੱਚ ਉਨ੍ਹਾਂ ਦੀ ਵੀ ਮਿਲੀਭੁਗਤ ਹੈ। ਦਿੱਲੀ ਦੀ ਪ੍ਰਦੇਸ਼ ਸਰਕਾਰ ਅਤੇ ਕੇਂਦਰ ਦੀ ਸਰਕਾਰ – ਜਿਨ੍ਹਾਂ ਦੇ ਹੱਥਾਂ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਜਿੰਮੇਵਾਰੀ ਹੈ – ਇਸ ਗੁਨਾਹ ਵਿੱਚ ਆਪਣੀ ਜਵਾਬਦੇਹੀ ਤੋਂ ਬਚ ਨਹੀਂ ਸਕਦੀਆਂ।
ਸਾਨੂੰ ਇਹ ਮੰਗ ਕਰਨੀ ਹੋਵੇਗੀ ਕਿ ਅਜਿਹੇ ਮਾਮਲਿਆਂ ਵਿੱਚ ਕਮਾਨ ਦੀ ਜਿਮੇਵਾਰੀ ਨੂੰ ਯਕੀਨੀ ਬਣਾਉਣ ਵਾਸਤੇ, ਉੱਚੇ ਅਹੁੱਦਿਆਂ ‘ਤੇ ਬੈਠੇ ਲੋਕਾਂ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਵੱਧ-ਤੋਂ-ਵੱਧ ਮੁਨਾਫਿਆਂ ਦੀ ਭੁੱਖੀ ਇਸ ਮਜ਼ਦੂਰ-ਵਿਰੋਧੀ ਸਰਮਾਏਦਾਰਾ ਵਿਵਸਥਾ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਇੱਕ ਐਸੀ ਨਵੀਂ ਵਿਵਸਥਾ ਉਸਾਰਨੀ ਹੋਵੇਗੀ, ਜਿਹੜੀ ਸਾਰੇ ਮਜ਼ਦੂਰਾਂ ਨੂੰ ਅਜਿਹੇ ਹਾਦਸਿਆਂ ਤੋਂ ਸੁਰੱਖਿਆ ਦੇ ਸਕੇ ਅਤੇ ਉਨ੍ਹਾਂ ਵਾਸਤੇ ਕੰਮ ਦੀਆਂ ਸੁਰੱਖਿਅਤ ਹਾਲਤਾਂ ਯਕੀਨੀ ਬਣਾਵੇ।