8 ਦਸੰਬਰ ਨੂੰ ਤੜਕਸਾਰ, ਰਾਣੀ ਝਾਂਸੀ ਰੋਡ ‘ਤੇ ਸਥਿਤ ਅਨਾਜ ਮੰਡੀ ਵਿੱਚ ਇੱਕ ਚਾਰ-ਮੰਜ਼ਲੀ ਫੈਕਟਰੀ ‘ਚ ਹੋਏ ਭਿਆਨਕ ਅਗਨੀਕਾਂਡ ਵਿੱਚ 43 ਮਜ਼ਦੂਰਾਂ ਦੀ ਮੌਤ ਹੋ ਗਈ, ਅਤੇ ਬਹੁਤ ਸਾਰੇ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।
ਰਾਣੀ ਝਾਂਸੀ ਰੋਡ ‘ਤੇ ਫਿਲਮੀਸਤਾਨ ਸਿਨਮੇ ਦੇ ਸਾਹਮਣੇ, 11 ਦਸੰਬਰ 2019 ਨੂੰ ਇੱਕ ਫੈਕਟਰੀ ਵਿੱਚ ਹੋਏ ਅਗਨੀਕਾਂਡ ਦੇ ਮ੍ਰਿਤਕਾਂ ਦੇ ਲਈ ਇੱਕ ਸ਼ੋਕ ਸਭਾ ਕੀਤੀ ਗਈ।
ਇਹ ਸ਼ੋਕ ਸਭਾ, ਦਿੱਲੀ ਦੀਆਂ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ‘ਤੇ ਜਥੇਬੰਦ ਕੀਤੀ ਗਈ ਸੀ। ਇਨ੍ਹਾਂ ਵਿੱਚ ਸ਼ਾਮਲ ਸਨ – ਏਟਕ, ਸੀਟੂ, ਐਚ.ਐਮ.ਐਸ., ਏ.ਆਈ.ਸੀ.ਸੀ.ਟੀ.ਯੂ., ਯੂ.ਟੀ.ਯੂ.ਸੀ., ਇੰਟਕ, ਸੇਵਾ, ਏ.ਆਈ.ਯੂ.ਟੀ.ਯੂ.ਸੀ., ਐਲ.ਪੀ.ਐਫ. ਅਤੇ ਮਜ਼ਦੂਰ ਏਕਤਾ ਕਮੇਟੀ। ਸਭਾ ਵਿੱਚ ਟਰੇਡ ਯੂਨੀਅਨਾਂ ਦੇ ਕਾਰਜਕਰਤਾ ਅਤੇ ਨੇਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਸਥਾਨਕ ਨੇਤਾ, ਨੱਥੂ ਰਾਮ ਵੀ ਹਾਜ਼ਰ ਸਨ।
ਸਭਾ ਨੂੰ ਸੰਬੋਧਿਤ ਕਰਦਿਆਂ, ਸਭ ਬੁਲਾਰਿਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਿਆ ਕੀਤੀ। ਉਨ੍ਹਾਂ ਨੇ, ਇਸ ਘਟਨਾ ਦੇ ਦੋਸ਼ੀਆਂ – ਫੈਕਟਰੀ ਮਾਲਕ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ – ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਹ ਮੰਗ ਵੀ ਕੀਤੀ ਗਈ ਕਿ ਘਟਨਾ ਦੀ ਨਿਆਂਇਕ ਜਾਂਚ ਸਮੇਂਬੱਧ ਤਰੀਕੇ ਨਾਲ ਕੀਤੀ ਜਾਵੇ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਮੁਆਵਜ਼ਾ ਅਤੇ ਉਨ੍ਹਾਂ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੇ ਜਾਣ ਦੀ ਵੀ ਮੰਗ ਕੀਤੀ ਗਈ।
ਬੁਲਾਰਿਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਨਬਾਲਗਾਂ ਦੇ ਸ਼ਾਮਲ ਹੋਣ ਦੀ ਵੀ ਜਾਣਕਾਰੀ ਮਿਲੀ ਹੈ – ਇਹਦੀ ਜਾਂਚ ਹੋਣੀ ਚਾਹੀਦੀ ਹੈ। ਮਜ਼ਦੂਰ ਦਿਨਭਰ ਦੇ ਸਖ਼ਤ ਕੰਮ ਤੋਂ ਬਾਦ ਥੱਕ-ਟੁੱਟਕੇ ਸੌਂ ਰਹੇ ਸਨ। ਬਾਹਰ ਤੋਂ ਸ਼ਟਰ ਲੱਗਾ ਹੋਇਆ ਸੀ। 600 ਗਜ਼ ਜ਼ਮੀਨ ‘ਤੇ ਬਣੀ ਇਸ ਚਾਰ-ਮੰਜ਼ਲੀ ਫੈਕਟਰੀ ਤੋਂ ਨਿਕਲਣ ਦਾ ਉਸ ਸ਼ਟਰ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਇਸ ਫੈਕਟਰੀ ਵਿੱਚ ਪਲਾਸਟਿਕ ਦੇ ਖਿਡੌਣੇ ਅਤੇ ਬੈਗ ਬਣਾਉਣ ਦਾ ਕੰਮ ਹੁੰਦਾ ਹੈ। ਇਹ ਇਮਾਰਤ ਅਤੇ ਇਸ ਵਿੱਚ ਚੱਲ ਰਿਹਾ ਕੰਮ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਲਿਆ ਗਿਆ ਸੀ ਅਤੇ ਨਾ ਹੀ ਇਹਦਾ ਕੋਈ ਰਜਿਸਟਰੇਸ਼ਨ ਕਰਵਇਆ ਗਿਆ ਸੀ। ਫੈਕਟਰੀ ਨੂੰ ਚਲਾਉਣ ਦਾ ਕੋਈ ਸਰਟੀਫਿਕੇਟ ਨਹੀਂ ਸੀ ਅਤੇ ਅੱਗ-ਬਝਾਊ ਯੰਤਰਾਂ ਦਾ ਕੋਈ ਇਤਜ਼ਾਮ ਵੀ ਨਹੀਂ ਸੀ। ਇਹ ਫੈਕਟਰੀ ਇੱਕ ਭੀੜੀ ਗਲੀ ਵਿੱਚ ਸਥਿਤ ਹੈ, ਇਸ ਲਈ ਅੱਗ-ਬੁਝਾਊ ਗੱਡੀਆਂ ਨੂੰ ਉੱਥੇ ਪਹੁੰਚਣ ਵਿੱਚ ਬਹੁਤ ਹੀ ਮੁਸ਼ਕਲਾਂ ਦਾ ਸਹਮਣਾ ਕਰਨਾ ਪਿਆ ਸੀ।
ਬੁਲਾਰਿਆਂ ਨੇ ਸਮਝਾਇਆ ਕਿ ਅੱਜ ਲੱਖਾਂ ਹੀ ਕੰਪਨੀਆਂ, ਲਾਜ਼ਮੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਚਲਾਈਆਂ ਜਾ ਰਹੀਆਂ ਹਨ। ਅਜਿਹੀਆਂ ਦੁਰਘਟਨਾਵਾਂ ਹੋਣ ਨਾਲ ਇਨ੍ਹਾਂ ਫੈਕਟਰੀਆਂ ਦੇ ਲੱਖਾਂ ਹੀ ਮਜ਼ਦੂਰਾਂ ਦੀਆਂ ਜਾਨਾਂ ਜਾ ਸਕਦੀਆਂ ਹਨ। ਇਨ੍ਹਾਂ ਕੰਪਨੀਆਂ ਨੂੰ ਕਾਨੂੰਨੀ ਮਨਜ਼ੂਰੀ ਨਹੀਂ ਹੈ, ਪ੍ਰੰਤੂ ਕੇਂਦਰ ਅਤੇ ਪ੍ਰਦੇਸ਼ ਸਰਕਾਰਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਇਸਨੂੰ ਅਣਦੇਖਿਆ ਕਰ ਦਿੰਦੀਆਂ ਹਨ, ਕਿਉਂਕਿ ਇਹ ਤਮਾਮ ਸਰਕਾਰੀ ਏਜੰਸੀਆਂ ਅਤੇ ਰਾਜਨੀਤਕ ਪਾਰਟੀਆਂ ਵਾਸਤੇ, ਰਿਸ਼ਵਤਖੋਰੀ ਦਾ ਇੱਕ ਵੱਡਾ ਸਾਧਨ ਹੰਦਾ ਹੈ। ਨਾਲੋ-ਨਾਲ ਸਰਕਾਰੀ ਤਜ਼ੋਰੀ ਵਿੱਚ ਵੀ ਇਨ੍ਹਾਂ ਤੋਂ ਕਾਨੂੰਨੀ ਰੂਪ ‘ਚ ਟੈਕਸ ਜਾਂਦਾ ਹੈ।
ਇਹੋ ਗੈਰ-ਨਮੁੱਖੀ ਸਰਮਾਏਦਾਰਾ ਨਜ਼ਾਮ ਦਾ ਇੱਕ ਭੱਦਾ ਚਿਹਰਾ ਹੈ। ਹਰ ਅਜਿਹੀ ਦੁਰਘਟਨਾ ਤੋਂ ਬਾਦ, ਮੁਆਵਜ਼ਾ ਦੇਕੇ ਮਜ਼ਦੂਰਾਂ ਨੂੰ ਸ਼ਾਂਤ ਕਰ ਦਿੱਤਾ ਜਾਂਦਾ ਹੈ, ਐਪਰ ਇਹ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਨਾ ਹੀ ਇਹ ਭਵਿੱਖ ਵਿੱਚ ਇਸ ਪ੍ਰਕਾਰ ਦੇ ਘਾਤਕ ਕਾਂਡਾਂ ਦੇ ਫਿਰ ਤੋਂ ਨਾ ਵਾਪਰਨ ਦੀ ਕੋਈ ਗਾਰੰਟੀ ਹੈ। ਸਾਨੂੰ ਮਜ਼ਦੂਰਾਂ ਨੂੰ ਇੱਕਮੁੱਠ ਹੋਕੇ, ਇਹਦੇ ਖ਼ਿਲਾਫ਼ ਅਵਾਜ਼ ਉਠਾਉਣੀ ਪਵੇਗੀ।
ਸਾਡੇ ਦੇਸ਼ ਦੇ ਮਜ਼ਦੂਰਾਂ ਦਾ ਜੀਵਨ ਬਹੁਤ ਬਹੁਮੁੱਲਾ ਹੈ। ਸਾਨੂੰ ਮੰਗ ਕਰਨੀ ਚਾਹੀਦੀ ਹੈ ਕਿ ਇਸ ਕਿਸਮ ਦੇ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਲਈ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਅਤੇ ਰਾਜ ਦੇ ਉਨ੍ਹਾਂ ਸਾਰੇ ਸੰਸਥਾਨਾਂ – ਜਿਨ੍ਹਾਂ ਦੀ ਜਿਮੇਵਾਰੀ ਸਾਡੀ ਸੁਰੱਖਿਆ ਯਕੀਨੀ ਬਣਾਉਣਾ ਹੈ – ਨੂੰ ਕਟਿਹਰੇ ਵਿੱਚ ਖੜਾ ਕੀਤਾ ਜਾਵੇ।
ਸ਼ੋਕ ਸਭਾ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਏਟਕ ਦੇ ਕਾ. ਮੁਕੇਸ਼ ਕਸ਼ਯਪ, ਸੀਟੂ ਦੇ ਕਾ. ਅਨੁਰਾਗ, ਐਚ.ਐਮ.ਐਸ. ਦੇ ਕਾ. ਰਾਜਿੰਦਰ, ਏ.ਆਈ.ਸੀ.ਸੀ.ਟੀ.ਯੂ. ਦੇ ਕਾ. ਸੰਤੋਸ਼ ਰਾਏ, ਏ.ਆਈ.ਯੂ.ਟੀ.ਯੂ.ਸੀ. ਦੇ ਕਾ. ਚੌਰਸਿਆ, ਯੂ.ਟੀ.ਯੂ.ਸੀ. ਦੇ ਕਾ. ਸ਼ਤਰੂਜੀਤ ਸਿੰਘ, ਮਜ਼ਦੂਰ ਏਕਤਾ ਕਮੇਟੀ ਦੇ ਕਾ. ਬਿਰਜੂ ਨਾਯਕ, ਇੰਟਕ ਦੇ ਸ਼੍ਰੀ ਅਮਜਦ ਹਸਨ, ਸੇਵਾ ਦੀ ਲਤਾ, ਐਲ.ਪੀ.ਐਫ. ਦੇ ਸ਼੍ਰੀ ਮੋਹਨ ਕੁਮਾਰ ਅਤੇ ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਕਾ. ਨੱਥੂ ਰਾਮ, ਸ਼ਾਮਲ ਸਨ।
ਸਭਾ ਦੇ ਅੰਤ ਵਿੱਚ 2 ਮਿੰਟ ਲਈ ਮੌਨ ਰੱਖਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।