ਮਹਾਨ ਅਕਤੂਬਰ ਇਨਕਲਾਬ ਜ਼ਿੰਦਾਬਾਦ:

ਆਓ ਆਪਾਂ ਹਿੰਦੋਸਤਾਨ ਅੰਦਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਸਥਾਪਤ ਕਰਨ ਵਾਸਤੇ ਕੰਮ ਕਰੀਏ!

7 ਨਵੰਬਰ 1917 ਨੂੰ, ਰੂਸ ਦੇ ਇਨਕਲਾਬੀ ਮਜ਼ਦੂਰਾਂ, ਕਿਸਾਨਾਂ, ਸੈਨਿਕਾਂ ਅਤੇ ਮਲਾਹਾਂ ਨੇ ਵਿੰਟਰ ਪੈਲੇਸ ਉੱਤੇ ਧਾਵਾ ਬੋਲ ਦਿੱਤਾ ਅਤੇ ਆਰਜ਼ੀ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਵਜ਼ਾਰਤਾਂ, ਰਾਜ ਦੇ ਕੇਂਦਰੀ ਬੈਂਕ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ, ਡਾਕਖਾਨਿਆਂ ਅਤੇ ਟੈਲੀਗ੍ਰਫ ਦਫਤਰਾਂ ਉੱਤੇ ਕਬਜ਼ਾ ਕਰ ਲਿਆ। ਬਾਲਸ਼ਵਿਕ ਪਾਰਟੀ ਦੀ ਅਗਵਾਈ ਹੇਠ ਮਜ਼ਦੂਰ ਜਮਾਤ ਨੇ, ਰੂਸ ਵਿੱਚ ਰਾਜਨੀਤਕ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ। ਇਸ ਇਨਕਲਾਬ ਨੇ ਪੂਰੀ ਦੁਨੀਆਂ ਨੂੰ ਹਿੱਲਾ ਕੇ ਰੱਖ ਦਿੱਤਾ। ਇਹਨੇ ਪੂਰੀ ਦੁਨੀਆਂ ਦੇ ਸਰਮਾਏਦਾਰਾਂ ਨੂੰ ਭੈਭੀਤ ਕਰ ਦਿੱਤਾ। ਇਹਨੇ ਪੂਰੀ ਦੁਨੀਆਂ ਦੇ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਵਿੱਚ ਇੱਕ ਨਵੀਂ ਆਸ ਜਗਾਈ।

ਇਸ ਇਨਕਲਾਬ ਨੇ ਇੱਕ ਨਵੇਂ ਰਾਜ ਅਤੇ ਸਮਾਜ ਨੂੰ ਜਨਮ ਦਿੱਤਾ, ਜਿਹਨੇ ਮਿਹਨਤਕਸ਼ ਲੋਕਾਂ ਨੂੰ ਕੇਂਦਰ ‘ਚ ਰੱਖਿਆ। ਇਸ ਨਵੇਂ ਸੋਵੀਅਤ ਰਾਜ ਨੇ, ਵੱਡੇ ਸਰਮਾਏਦਾਰਾਂ ਨੂੰ ਬੇਦਖਲ ਕਰ ਦਿੱਤਾ ਅਤੇ ਵੱਡੇ ਪੈਮਾਨੇ ਦੇ ਉਦਯੋਗਾਂ, ਟਰਾਂਸਪੋਰਟ, ਬੈਂਕਿੰਗ ਤੇ ਵਪਾਰ ਨੂੰ ਸਰਵਜਨਕ ਮਾਲਕੀ ਹੇਠ ਲਿਆਕੇ ਸਮਾਜਕ ਉਦਮ ਬਣਾ ਦਿੱਤਾ। ਇਹਨੇ, ਗਰੀਬ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਇਕੱਠੀਆਂ ਰਲ਼ਾ ਕੇ ਵੱਡੇ ਪੈਮਾਨੇ ਦੇ ਸਮੂਹਿਕ ਫਾਰਮ ਬਣਾਉਣ ਲਈ ਪ੍ਰੇਰਿਤ ਕੀਤਾ। ਮਿਹਨਤਕਸ਼ ਜਨਸਮੂਹ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਦੇ ਵਾਸਤੇ, ਤਮਾਮ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਤੇ ਵਿਤਰਣ ਨੂੰ ਇੱਕੋ ਕੇਂਦਰੀ ਯੋਜਨਾ ਦੇ ਤਹਿਤ ਲਿਆਂਦਾ ਗਿਆ। ਇੱਕ ਨਵੀਂ ਸਮਾਜਵਾਦੀ ਆਰਥਿਕਤਾ ਹੋਂਦ ਵਿੱਚ ਆਈ, ਜਿੱਥੇ ਨਾ ਤਾਂ ਕੋਈ ਬੇਰੁਜ਼ਗਾਰੀ ਸੀ, ਨਾ ਹੀ ਮੰਹਿਗਾਈ ਅਤੇ ਨਾ ਹੀ ਕੋਈ ਸੰਕਟ ਸੀ।

ਹੁਣ ਉੱਥੇ ਨਾ ਤਾਂ ਕੋਈ ਲੁਟੇਰੀਆਂ ਜਮਾਤਾਂ ਰਹੀਆਂ ਸਨ ਅਤੇ ਨਾ ਹੀ ਕਿਸੇ ਵਾਸਤੇ ਕੋਈ ਉਚੇਚੇ ਅਧਿਕਾਰ ਸਨ। ਹਰੇਕ ਮਜ਼ਦੂਰ, ਕਿਸਾਨ ਅਤੇ ਸੈਨਿਕ ਨੂੰ ਵਿਧਾਨਕ ਸੰਸਥਾਵਾਂ ਵਾਸਤੇ ਚੁਣਨ ਅਤੇ ਚੁਣੇ ਜਾਣ ਦਾ ਅਧਿਕਾਰ ਸੀ। ਉਨ੍ਹਾਂ ਕੋਲ ਇਹ ਵੀ ਅਧਿਕਾਰ ਸੀ ਕਿ ਉਹ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਕਿਸੇ ਵੀ ਸਮੇਂ ਵਾਪਸ ਬੁਲਾ ਸਕਦੇ ਸਨ। ਸੋਵੀਅਤ ਰਾਜ ਨੇ ਅਜਿਹੀਆਂ ਹਾਲਤਾਂ ਪੈਦਾ ਕਰ ਦਿੱਤੀਆਂ, ਜਿੱਥੇ ਇਸਤਰੀਆਂ ਸਭ ਤਰ੍ਹਾਂ ਦੇ ਵਿਤਕਰੇ (ਭੇਦਭਾਵ) ਤੋਂ ਮੁਕਤ ਹੋ ਗਈਆਂ ਅਤੇ ਉਨ੍ਹਾਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਬਰਾਬਰੀ ਵਾਲਾ ਦਰਜਾ ਹਾਸਲ ਹੋਇਆ। ਸੋਵੀਅਤ ਰਾਜ ਨੇ, ਸਭਨਾਂ ਵਾਸਤੇ ਅਮਨ, ਖੁਸ਼ਹਾਲੀ ਅਤੇ ਸੁਰੱਖਿਆ ਦੀ ਗਾਰੰਟੀ ਦਿੱਤੀ। ਇਸਨੇ ਉਨ੍ਹਾਂ ਸੱਭ ਵੱਖੋ-ਵੱਖ ਕੌਮਾਂ ਅਤੇ ਲੋਕਾਂ ਦੀ ਏਕਤਾ ਮਜਬੂਤ ਕੀਤੀ, ਜਿਨ੍ਹਾਂ ਨੇ ਸਮਾਜਵਾਦੀ ਸਮਾਜ ਉਸਾਰਨ ਵਾਸਤੇ ਸਾਂਝ ਪਾਈ ਸੀ।

ਸੋਵੀਅਤ ਰਾਜ ਦੇ ਇਸ ਸਮੁੱਚੇ ਅਨੁਭਵ ਨੇ, ਮਾਨਵਤਾ ਨੂੰ ਇਸ ਸੱਚਾਈ ਦਾ ਇਹਸਾਸ ਕਰਾਇਆ ਕਿ ਇੱਕ ਅਜਿਹੇ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਜਿੱਥੇ ਸਮਾਜ ਦੇ ਸਾਰੇ ਮੈਂਬਰ ਇਨਸਾਨਾਂ ਵਾਲੀ ਇੱਕ ਗੌਰਵਮਈ ਜਿੰਦਗੀ ਦਾ ਆਨੰਦ ਮਾਣ ਸਕਦੇ ਹਨ। ਅਕਤੂਬਰ ਇਨਕਲਾਬ ਨੇ ਇੱਕ ਬਿੱਲਕੁਲ ਨਵੀਂ ਜਮਾਤ, ਮਜ਼ਦੂਰ ਜਮਾਤ, ਨੂੰ ਸੱਤਾ ਵਿੱਚ ਲਿਆ ਕੇ, ਸਭਨਾਂ ਦੇਸ਼ਾਂ ਦੇ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਏਸ ਰਾਹ ਉੱਤੇ ਚੱਲਣ ਵਾਸਤੇ ਪ੍ਰੇਰਿਤ ਕੀਤਾ।

ਅੱਜ ਸਾਡਾ ਦੇਸ਼ ਅਤੇ ਪੂਰੀ ਦੁਨੀਆਂ, ਇੱਕ ਘੋਰ ਸੰਕਟ ਵਿੱਚ ਫਸੇ ਹੋਏ ਹਨ। ਸਭ ਪਾਸੇ ਜੰਗਾਂ ਅਤੇ ਨਸਲਕੁਸ਼ੀ ਬਿਫਰੇ ਹੋਏ ਹਨ। ਮਿਹਨਤਕਸ਼ ਲੋਕ ਦੁਨੀਆਂ ਵਿੱਚ ਹਰ ਜਗ੍ਹਾ ਆਰਥਿਕ ਮੁਥਾਜੀ ਦੀ ਜਿੰਦਗੀ ਬਸਰ ਕਰ ਰਹੇ ਹਨ। ਦੂਸਰੇ ਪਾਸੇ, ਮੁੱਠੀਭਰ ਸ਼ੋਸ਼ਕ ਮਿਹਨਤਕਸ਼ ਲੋਕਾਂ ਦੀ ਕਿਰਤ ਨਾਲ ਪੈਦਾ ਕੀਤੀ ਗਈ ਸਾਰੀ ਸਮਾਜਕ ਦੌਲਤ ਨੂੰ ਹਥਿਆਈ ਜਾ ਰਹੇ ਹਨ। ਸਮਾਜ ਦੀ ਦਿਸ਼ਾ ਨਿਰਧਾਰਤ ਕਰਨ ਵਿੱਚ ਆਮ ਜਨਤਾ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਮੌਜੂਦਾ ਰਾਜਨੀਤਕ ਪਰਿਕ੍ਰਿਆ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਾਸ਼ੀਏ ‘ਤੇ ਧੱਕ ਦਿੱਤਾ ਹੈ।

ਮੌਜੂਦਾ ਵਿਵਸਥਾ ਵਿੱਚ ਬੁਨਿਆਦੀ ਅਤੇ ਗਹਿਰੀਆਂ ਤਬਦੀਲੀਆਂ ਕਰਨ ਦੀ ਸਖਤ ਜਰੂਰਤ ਹੈ। ਏਸੇ ਕਰਕੇ ਅਕਤੂਬਰ ਇਨਕਲਾਬ ਅਤੇ ਪ੍ਰੋਲੇਤਰੀਅਨ ਜਮਹੂਰੀਅਤ ਤੇ ਸਮਾਜਵਾਦ ਦੀ ਸਥਾਪਨਾ ਤੋਂ ਸਾਨੂੰ ਅੱਜ ਵੀ ਬਹੁਮੁੱਲੇ ਸਬਕ ਮਿਲਦੇ ਹਨ, ਬੇਸ਼ੱਕ ਬਾਦ ਵਿੱਚ ਉਸ ਵਿਵਸਥਾ ਦਾ ਵਿਨਾਸ਼ ਕਰ ਦਿੱਤਾ ਗਿਆ ਸੀ।

ਸੋਵੀਅਤ ਯੂਨੀਅਨ ਵਿੱਚ ਪੂੰਜੀਵਾਦ ਦੀ ਸਿਲਸਿਲੇਵਾਰ ਮੁੜ-ਬਹਾਲੀ ਅਤੇ ਇਹਨੂੰ ਇੱਕ ਸਾਮਰਾਜਵਾਦੀ ਸ਼ਕਤੀ ਵਿੱਚ ਤਬਦੀਲ ਕਰ ਦਿੱਤੇ ਜਾਣ ਦੇ ਕਾਰਨ ਦੋ ਸਾਮਰਾਜਵਾਦੀ ਮਹਾਂਸ਼ਕਤੀਆਂ –  ਸੋਵੀਅਤ ਯੂਨੀਅਨ ਅਤੇ ਅਮਰੀਕਾ – ਦੇ ਵਿਚਾਲੇ ਇੱਕ ਖ਼ਤਰਨਾਕ ਟੱਕਰ ਸ਼ੁਰੂ ਹੋ ਗਈ। ਇਹਦੇ ਸਿੱਟੇ ਵਜੋਂ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ ਅਤੇ ਦੁਨੀਆ ਦੋ ਦੁਸ਼ਮਣ ਧੜਿਆਂ ਵਿੱਚ ਵੰਡੀ ਗਈ। ਸੋਵੀਅਤ ਯੂਨੀਅਨ ਦੇ ਅੰਤਿਮ ਪਤਨ ਤੋਂ ਬਾਦ, ਦੁਨੀਆ ਨੇ ਅਮਰੀਕਣ ਸਾਮਰਾਜਵਾਦੀਆਂ ਵਲੋਂ ਪੂਰੇ ਵਿਸ਼ਵ ਉੱਤੇ ਆਪਣਾ ਦਬਦਬਾ ਸਥਾਪਤ ਕਰਨ ਵਾਸਤੇ ਖੂੰਖਾਰ ਸਮਾਜ-ਵਿਰੋਧੀ ਹੱਲੇ ਅਤੇ ਸੱਤਾ-ਬਦਲੀਆਂ ਕਰਾਉਣ ਵਾਸਤੇ ਜੰਗਾਂ ਦਾ ਦ੍ਰਿਸ਼ ਦੇਖਿਆ ਹੈ। 1989 ਤੋਂ ਬਾਦ ਜੋ ਕੁੱਝ ਵਾਪਰਿਆ ਹੈ, ਉਸਨੇ ਦੁਨੀਆ ਤੋਂ ਇਸ ਆਦਮਖੋਰ ਪੂੰਜੀਵਾਦੀ-ਸਾਮਰਾਜਵਾਦੀ ਵਿਵਸਥਾ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਣ ਦੀ ਜਰੂਰਤ ਨੂੰ ਇੱਕ ਫੌਰੀ ਜਰੂਰਤ ਬਣਾ ਦਿੱਤਾ ਹੈ।

ਆਪਣੇ ਦੇਸ਼ ਅੰਦਰ ਇਸ ਪੂੰਜੀਵਾਦੀ  ਵਿਵਸਥਾ ਦੇ ਬਾਰੇ ਸੱਭ ਭਰਮਾਂ ਨੂੰ ਚਕਨਾਚੂਰ ਕਰ ਦੇਣ ਦੀ ਸਖ਼ਤ ਜਰੂਰਤ ਹੈ, ਜਿਹੜੇ ਭਰਮ ਮੌਜੂਦਾ ਤਥਾਕਥਿਤ ਧਰਮ-ਨਿਰਲੇਪ ਅਤੇ ਜਮਹੂਰੀ ਹਿੰਦੋਸਤਾਨੀ ਰਾਜ ਅਤੇ ਇਹਦੀ ਬਹੁ-ਪਾਰਟੀ ਪ੍ਰਤੀਨਿਧਤਾ ਵਾਲੀ ਰਾਜਨੀਤਕ ਪਰਿਕ੍ਰਿਆ ਵਲੋਂ ਪੈਦਾ ਕੀਤੇ ਅਤੇ ਬਰਕਰਾਰ ਰੱਖੇ ਜਾਂਦੇ ਹਨ। ਇਸ ਵਿਵਸਥਾ ਦੀ ਚਾਹੇ ਜਿੰਨੀ ਮਰਜ਼ੀ ਲਿੱਪਾ-ਪੋਚੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਇਹ ਕਦੇ ਵੀ ਸੱਭ ਲੁਟੀਂਦੇ ਅਤੇ ਦੱਬੇ-ਕੁਚਲੇ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਨੂੰ ਮੁਕਤੀ ਨਹੀਂ ਦੁਆ ਸਕਦੀ।

ਵਰਤਮਾਨ ਬਾਰੇ ਇਸੇ ਸਰੋਕਾਰ ਨਾਲ, ਅਸੀਂ ਬੀਤੇ ਨੂੰ ਦੇਖਦੇ ਹਾਂ। ਸਾਨੂੰ ਲਾਜ਼ਮੀ ਹੀ ਬੀਤੇ ਤੋਂ ਸਬਕ ਸਿੱਖਣੇ ਚਾਹੀਦੇ ਹਨ, ਤਾਂ ਜੁ ਅਸੀਂ ਵਰਤਮਾਨ ਭਿਅੰਕਰ ਸਥਿਤੀ ਨਾਲ ਇਵੇਂ ਸਿੱਝੀਏ ਕਿ ਆਪਣੇ ਦੇਸ਼ ਅਤੇ ਪੂਰੀ ਦੁਨੀਆ ਦੇ ਸਭ ਮਿਹਨਤਕਸ਼ਾਂ, ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਉੱਜਲ ਭਵਿੱਖ ਵਾਸਤੇ ਰਾਹ ਖੋਲ੍ਹਿਆ ਜਾ ਸਕੇ। ਅੱਜ ਸਾਨੂੰ ਉਹ ਕੰਮ ਕਰਨਾ ਚਾਹੀਦਾ ਹੈ, ਜਿਹੜਾ ਕੰਮ ਇੱਕ ਸਦੀ ਪਹਿਲਾਂ ਬਾਲਸ਼ਵਿਕ ਪਾਰਟੀ ਕਰਨ ਵਿੱਚ ਸਫਲ ਰਹੀ ਸੀ। ਇਹ ਬਲਸ਼ਵਿਕ ਪਾਰਟੀ ਅਤੇ ਉਹਦਾ ਸਾਬਤਕਦਮ  ਕੰਮ ਹੀ ਸੀ, ਜਿਹਨੇ 1917 ਵਿੱਚ ਇਨਕਲਾਬ ਦੀ ਜਿੱਤ ਵਾਸਤੇ ਹਾਲਾਤ ਤਿਆਰ ਕੀਤੇ ਸਨ। ਮਾਰਕਸਵਾਦ ਦੇ ਵਿਗਿਆਨ ਦੀ ਹਿਫਾਜ਼ਿਤ ਕਰਦਿਆਂ ਅਤੇ ਇਹਨੂੰ ਰੂਸ ਦੀਆਂ ਠੋਸ ਹਾਲਤਾਂ ਵਿੱਚ ਲਾਗੂ ਕਰਦਿਆਂ, ਬਾਲਸ਼ਵਿਕ ਪਾਰਟੀ ਨੇ, ਰਾਜਨੀਤਕ ਸੱਤਾ ਉੱਤੇ ਕਬਜ਼ਾ ਕਰਨ ਅਤੇ ਇੱਕ ਨਵਾਂ ਸਮਾਜ ਉਸਾਰਨ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਨੂੰ ਅਗਵਾਈ ਦਿੱਤੀ ਸੀ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਦਸੰਬਰ 1980 ਵਿੱਚ ਸਥਾਪਨਾ, ਇਨਕਲਾਬ ਵਾਸਤੇ ਅੰਤਰਮੁਖੀ ਹਾਲਤਾਂ ਤਿਆਰ ਕਰਨ ਦੇ ਇਸੇ ਉਦੇਸ਼ ਨਾਲ ਕੀਤੀ ਗਈ ਸੀ। ਉਸੇ ਸਮੇਂ ਤੋਂ ਸਾਡੀ ਪਾਰਟੀ ਦਾ ਇੱਕ ਹੀ ਅਜੰਡਾ ਰਿਹਾ ਹੈ – ਹਿੰਦੋਸਤਾਨ ਦੇ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਦੇਸ਼ ਦੇ ਹੁਕਮਰਾਨ ਬਣਨ ਅਤੇ ਇੱਕ ਅਜਿਹਾ ਸਮਾਜ ਸਿਰਜਣ ਵਾਸਤੇ ਹਾਲਤਾਂ ਤਿਆਰ ਕਰਨੀਆਂ, ਜਿਹੜਾ ਸਮਾਜ ਦੇ ਸਭ ਮੈਂਬਰਾਂ ਦੀ ਖੁਸ਼ਹਾਲੀ ਅਤੇ ਸੁਰੱਖਿਆ ਯਕੀਨੀ ਬਣਾਵੇ।

ਆਓ, ਆਪਣੇ ਦੇਸ਼ ਵਿੱਚ ਪ੍ਰੋਲੇਤਾਰੀ ਇਨਕਲਾਬ ਦੀ ਜਿੱਤ ਵਾਸਤੇ ਅੰਤਰਮੁਖੀ ਹਾਲਤਾਂ ਤਿਆਰ ਕਰਕੇ ਮਹਾਨ ਅਕਤੂਬਰ ਇਨਕਲਾਬ ਨੂੰ ਸਲਾਮ ਕਰੀਏ!

ਇਨਕਲਾਬ ਜ਼ਿੰਦਾਬਾਦ!

close

Share and Enjoy !

Shares

Leave a Reply

Your email address will not be published. Required fields are marked *