ਬੀ.ਐਸ.ਐਨ.ਐਲ. ਦੀ ਐਗਜੀਕਿਊਟਿਵਜ਼ ਅਸੋਸੀਏਸ਼ਨ ਦੇ ਮੁੱਖ ਸਕੱਤਰ, ਕਾਮਰੇਡ ਸੇਵਾਸਿਟਨ ਦੇ ਨਾਲ ਇੱਕ ਮੁਲਾਕਾਤ:

ਬੀ.ਐਸ.ਐਨ.ਐਲ ਦੇ ਨਿੱਜੀਕਰਣ ਦੀ ਸਰਕਾਰ ਦੀ ਯੋਜਨਾ ਦਾ ਵਿਰੋਧ ਕਰੋ!

ਸਰਵਜਨਕ ਖੇਤਰ ਦੀ ਟੈਲੀਕਾਮ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ, ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਦੇ ਨਿੱਜੀਕਰਣ ਨੂੰ ਜਾਇਜ਼ ਠਹਿਰਾਉਣ ਵਾਸਤੇ, ਸਰਕਾਰ ਬਹੁਤ ਪ੍ਰਚਾਰ ਕਰਦੀ ਆਈ ਹੈ। ਇਸ ਸਰਵਜਨਕ ਕੰਪਨੀ ਦੀ ਵਿਸ਼ਾਲ ਸੰਪਤੀ ਨੂੰ, ਸਰਕਾਰ ਵੱਡੇ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਹੱਥ ਕੌਡੀਆਂ ਦੇ ਭਾਅ ਵੇਚ ਦੇਣਾ ਚਾਹੁੰਦੀ ਹੈ। ਬੀ.ਐਸ.ਐਨ.ਐਲ. ਦੇ ਕਰਮਚਾਰੀ ਇਸ ਕਦਮ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ।

ਮਜ਼ਦੂਰ ਏਕਤਾ ਲਹਿਰ ਨੇ ਕਾਮਰੇਡ ਸੇਵਾਸਿਟਨ, ਜੋ ਬੀ.ਐਸ.ਐਨ.ਐਲ. ਅੇਗਜੀਕਿਊਟਿਵ ਅਸੋਸੀਏਸ਼ਨ ਦੇ ਮੁੱਖ ਸਕੱਤਰ ਹਨ, ਦੇ ਨਾਲ ਇੱਕ ਮੁਲਾਕਾਤ ਕੀਤੀ। ਉਹਨਾਂ ਨੇ ਕੰਪਨੀ ਦੇ ਇਤਿਹਾਸ, ਆਪਣੇ ਦੇਸ਼ ਦੇ ਟੈਲੀਕਾਮ ਖ਼ੇਤਰ ਦੇ ਵਿਕਾਸ ਦੇ ਸਬੰਧ ਵਿੱਚ ਅਤੇ ਬੀ.ਐਸ.ਐਨ.ਐਲ. ਦੇ ਨਿੱਜੀਕਰਣ ਦੇ ਮੌਜ਼ੂਦਾ ਕਦਮਾਂ ਦੇ ਬਾਰੇ ਵਿਸਤਾਰ ਨਾਲ ਸਮਝਾਇਆ। ਅਸੀਂ ਉਹਨਾਂ ਦੇ ਨਾਲ ਹੋਈ ਗੱਲਬਾਤ ਦੇ ਕੱੁਝ ਅੰਸ਼ ਇੱਥੇ ਪੇਸ਼ ਕਰ ਰਹੇ ਹਾਂ।

ਮਜ਼ਦੂਰ ਏਕਤਾ ਲਹਿਰ (ਮ.ਏ.ਲ.): ਬੀ.ਐਸ.ਐਨ.ਐਲ. ਦੀ ਸ਼ੁਰੂਆਤ ਕਦੋਂ ਹੋਈ ਸੀ?

ਕਾਮਰੇਡ ਸੇਵਾਸਿਟਨ: ਹਿੰਦੋਸਤਾਨੀ ਸਰਕਾਰ ਦੇ ਦੂਰ-ਸੰਚਾਰ ਵਿਭਾਗ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਨਿਗਮੀਕਰਣ ਦੇ ਜ਼ਰੀਏ, ਬੀ.ਐਸ.ਐਨ.ਐਲ. ਦੀ ਸਥਾਪਨਾ 10 ਜਨਵਰੀ 2000 ਨੂੰ ਕੀਤੀ ਗਈ ਸੀ।

ਮ.ਏ.ਲ.: ਬੀ.ਐਸ.ਐਨ.ਐਲ ਦੇ ਸ਼ੁਰੂਆਤੀ ਉਦੇਸ਼ ਕੀ ਸਨ?

ਕਾਮਰੇਡ ਸੇਵਾਸਿਟਨ: ਟੈਲੀਕਾਮ ਖ਼ੇਤਰ ਨੂੰ ਹੋਰ ਵਿਕਸਿਤ ਕਰਨ ਦੇ ਲਈ ਸਰਕਾਰ ਨੇ ਬੀ.ਐਸ.ਐਨ.ਐਲ. ਨੂੰ ਸ਼ੁਰੂ ਕੀਤਾ ਸੀ। ਇਸ ਨੂੰ ਸਰਵਜਨਕ ਖ਼ੇਤਰ ਦੇ ਇੱਕ ਕਾਰੋਬਾਰ ਬਤੌਰ ਵਿਕਸਤ ਕੀਤਾ ਗਿਆ ਸੀ, ਜੋ ਨਿੱਜੀ ਕੰਪਨੀਆਂ ਦੇ ਨਾਲ-ਨਾਲ ਟੈਲੀਕਾਮ ਖ਼ੇਤਰ ਵਿੱਚ ਸੇਵਾ ਮੁਹੱਈਆ ਕਰੇਗਾ। ਇਹ ਵੀ ਸੋਚ ਸੀ ਕਿ ਬੀ.ਐਸ.ਐਨ.ਐਲ. ਇੱਕ ਨਿਯੰਤ੍ਰਕ ਦੀ ਭੂਮਿਕਾ ਵੀ ਅਦਾ ਕਰੇਗਾ, ਜੋ ਆਪਣੇ ਦੇਸ਼ ਦੇ ਟੈਲੀਕਾਮ ਖ਼ੇਤਰ ਦੀਆਂ ਸਾਰੀਆਂ ਕੰਪਨੀਆਂ ਦੇ ਲਈ ਪਰਿਚਾਲਨ ਦੇ ਮਿਆਰ ਸਥਾਪਤ ਕਰੇਗਾ। ਇਸ ਦੀ ਸਥਾਪਨਾ ਦੇ ਨਾਲ, ਟੈਲੀਕਾਮ ਖ਼ੇਤਰ ਦੇ 3.25 ਲੱਖ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਦੀ ਸਰਕਾਰ ਦੀ ਜਿੰਮੇਵਾਰੀ ਵੀ ਬੀ.ਐਸ.ਐਨ.ਐਲ. ਨੂੰ ਦੇ ਦਿੱਤੀ ਗਈ ਸੀ।

ਮ.ਏ.ਲ.: ਅੱਜ ਦੇ ਸਮੇਂ ਬੀ.ਐਸ.ਐਨ.ਐਲ. ਦੀਆਂ ਸੰਪਤੀਆਂ ਦੀ ਕੀਮਤ ਕਿਤਨੀ ਹੋਵੇਗੀ? ਇਹ ਕਿਸ ਤਰ੍ਹਾਂ ਦੀਆਂ ਸੰਪਤੀਆਂ ਹਨ?

ਕਾਮਰੇਡ ਸੇਵਾਸਿਟਨ: ਦਿੱਲ਼ੀ ਅਤੇ ਮੁੰਬਈ ਸਮੇਤ, ਦੇਸ਼ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਦੇ ਪ੍ਰਮੁੱਖ ਤੇ ਮਹਿੰਗੇ ਇਲਾਕਿਆਂ ਵਿੱਚ ਬੀ.ਐਸ.ਐਨ.ਐਲ. ਦੀਆਂ ਜ਼ਮੀਨਾਂ ਹਨ। ਇਸ ਦੀਆਂ ਸੰਪਤੀਆਂ ਦੀ ਕੀਮਤ ਸਿਰਫ ਭਾਰਤੀ ਰੇਲ ਤੋਂ ਘੱਟ ਹੈ। 2014 ਦੀ ਸਰਕਾਰੀ ਕੀਮਤ ਦੀ ਦਰ ਉਤੇ ਏ, ਬੀ ਅਤੇ ਸੀ ਕਲਾਸ ਦੇ ਨਗਰਾਂ ਵਿੱਚ ਹੀ ਇਸ ਦੀ ਜ਼ਮੀਨ ਦੀ ਕੀਮਤ 1,15,000 ਕਰੋੜ ਰੁਪਏ ਸੀ। ਅੱਜ ਦੀਆਂ ਕੀਮਤਾਂ ਉੱਤੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਪਈਆਂ ਜ਼ਮੀਨਾਂ ਨੂੰ ਮਿਲਾ ਕੇ, ਇਸ ਦੀ ਕੀਮਤ 3,00,000 ਕਰੋੜ ਰੁਪਏ ਤੋਂ ਵੀ ਵੱਧ ਹੈ।

ਬੀ.ਐਸ.ਐਨ.ਐਲ. ਦੇ ਕੋਲ ਸਭ ਤੋਂ ਜ਼ਿਆਦਾ ਓਪਟੀਕਲ ਫਾਈਵਰ ਨੈਟਵਰਕ ਹੈ, ਜੋ 7.5 ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਹੈ। ਬੀ.ਐਸ.ਐਨ.ਐਲ ਦਾ ਫਾਈਵਰ ਨੈਟ-ਵਰਕ ਪੂਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲਿਆ ਹੋਇਆ ਹੈ। ਮੁਕਾਬਲੇ ਵਿੱਚ ਰਿਲਾਇੰਸ ਜੀਓ ਦਾ ਫਾਈਵਰ ਨੈਟਵਰਕ 3.25 ਲੱਖ ਕਿਲੋਮੀਟਰ ਹੈ, ਏਅਰਟੈਲ ਦਾ 2.5 ਲੱਖ ਕਿਲੋਮੀਟਰ ਅਤੇ ਬੋਡਾਫੋਨ-ਆਈਡਿਆ ਦਾ 1.6 ਲੱਖ ਕਿਲੋਮੀਟਰ ਹੈ।

ਬੀ.ਐਸ.ਐਨ.ਐਲ. ਕੋਲ 66,000 ਟਾਵਰ ਹਨ, ਜੋ ਹੋਰ ਟੈਲੀਕਾਮ ਓਪ੍ਰੇਟਰਾਂ ਦੇ ਮੁਕਾਬਲੇ ਤੀਸਰੇ ਨੰਬਰ ‘ਤੇ ਹੈ।

ਮ.ਏ.ਲ.: 2008-09 ਤਕ ਬੀ.ਐਸ.ਐਨ.ਐਲ. ਇੱਕ ਮੁਨਾਫੇਦਾਰ ਇਕਾਈ ਸੀ। ਇਸ ਨੂੰ ਘਾਟੇ ਵਿੱਚ ਚੱਲਣ ਵਾਲਾ ਬਨਾਉਣ ਲਈ ਕਿਹੜੇ ਕਦਮ ਜਿੰਮੇਵਾਰ ਹਨ?

ਕਾਮਰੇਡ ਸੇਵਾਸਿਟਨ: ਸਰਕਾਰ ਨੇ ਬੀ.ਐਸ.ਐਨ.ਐਲ. ਨੂੰ ਪੇਂਡੂ ਅਤੇ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਟੈਲੀਕਾਮ ਸੇਵਾ ਪਹੁੰਚਾਉਣ ਦੀ ਜਿੰਮੇਵਾਰੀ ਸੌਂਪੀ ਸੀ। ਦੇਸ਼ ਦੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬੀ.ਐਸ.ਐਨ.ਐਲ. 17,000 ਤੋਂ 18,000 ਟੈਲੀਫੋਨ ਐਕਸਚੇਜਾਂ ਦੀ ਸਾਂਭ-ਸੰਭਾਲ ਕਰਦਾ ਹੈ। ਸੰਨ 2000 ਵਿੱਚ ਇਹਨੂੰ ਸਥਾਪਤ ਕਰਨ ਵੇਲੇ ਕੇਂਦਰੀ ਮੰਤਰੀ ਮੰਡਲ ਨੇ ਐਲਾਨ ਕੀਤਾ ਸੀ ਕਿ ਸਰਕਾਰ “ਬੀ.ਐਸ.ਐਨ.ਐਲ. ਦੀ ਵਿੱਤੀ ਪਾਏਦਾਰੀ ਦੀ ਜਿੰਮੇਵਾਰੀ ਲਵੇਗੀ”, ਜਾਣੀ ਕਿ ਦੂਰ-ਦਰਾਡੇ ਇਲਾਕਿਆਂ ਵਿੱਚ ਸੇਵਾ ਪਹੁੰਚਾਉਣ ਦੇ ਕਾਰਨ ਹੋਣ ਵਾਲੇ ਘਾਟੇ ਨੂੰ ਸਰਕਾਰ ਸਹਿਣ ਕਰੇਗੀ। ਲੇਕਿਨ 2006 ਤੋਂ ਬਾਦ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਮੱਦਦ ਬੰਦ ਕਰ ਦਿੱਤੀ ਗਈ। ਦੂਜੇ ਪਾਸੇ ਸਰਕਾਰ ਨੇ ਟੈਲੀਕਾਮ ਖ਼ੇਤਰ ਵਿੱਚ ਨਿੱਜੀ ਕੰਪਨੀਆਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਸਾਰੇ ਕਦਮ ਉਠਾਏ।

ਇੰਟਰਕਨੈਕਟ ਯੂਸੇਜ਼ ਚਾਰਜ਼ (ਆਈ.ਯੂ.ਸੀ.), ਇੱਕ ਮੋਬਾਈਲ ਟੈਲੀਕਾਮ ਕੰਪਨੀ ਵਲੋਂ ਦੂਸਰੀ ਟੈਲੀਕਾਮ ਕੰਪਨੀ ਨੂੰ ਉਦੋਂ ਦਿੱਤਾ ਜਾਂਦਾ ਹੈ, ਜਦੋਂ ਉਸ ਕੰਪਨੀ ਦੀ ਕਾਲ ਦੂਸਰੀ ਰਾਹੀਂ ਪੂਰੀ ਹੁੰਦੀ ਹੈ। ਸਰਕਾਰ ਨੇ ਆਈ.ਯੂ.ਸੀ. ਨੂੰ ਬਹੁਤ ਘਟਾ ਦਿੱਤਾ ਤਾਂ ਕਿ ਨਿੱਜੀ ਟੈਲੀਕਾਮ ਕੰਪਨੀਆਂ ਨੂੰ ਫ਼ਾਇਦਾ ਹੋਵੇ।

2006 ਤਕ ਬੀ.ਐਸ.ਐਨ.ਐਲ. ਦਾ ਹਰ ਸਾਲ ਮੁਨਾਫਾ 5000 ਤੋਂ 6000 ਕਰੋੜ ਰੁਪਏ ਸੀ। ਇਸ ਦੀ ਸੇਵਾ ਦਾ ਪ੍ਰਸਾਰ ਏਅਰਟੈਲ ਦੇ ਬਰਾਬਰ ਸੀ। 2007-2013 ਦੇ ਵਿਚਾਲੇ ਸਰਕਾਰ ਨੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾ ਕੇ ਬੀ.ਐਸ.ਐਨ.ਐਲ. ਦੇ ਚਾਰ ਮੋਬਾਈਲ ਟੈਂਡਰ ਰੱਦ ਕਰ ਦਿੱਤੇ, ਜਿਹਨਾਂ ਦੀ ਲੜੀਵਾਰ ਸਮਰੱਥਾ 455 ਲੱਖ ਕਨੇਕਸ਼ਨ, 930 ਲੱਖ ਕਨੇਕਸ਼ਨ, 150 ਲੱਖ ਕਨੇਕਸ਼ਨ ਅਤੇ 50 ਲੱਖ ਕਨੇਕਸ਼ਨ ਸੀ। 2013 ਤਕ ਸਰਕਾਰ ਨੇ ਬੀ.ਐਸ.ਐਨ.ਐਲ. ਨੂੰ ਚੀਨ ਵਿੱਚ ਉਤਪਾਦਿਤ ਉਪਕਰਣਾਂ ਨੂੰ ਸਰਹੱਦੀ ਇਲਾਕਿਆਂ ਵਿੱਚ ਇਸਤੇਮਾਲ ਕਰਨ ਤੋਂ ਵਰਜਿਆ ਹੋਇਆ ਸੀ, ਜਦ ਕਿ ਨਿੱਜੀ ਕੰਪਨੀਆਂ ‘ਤੇ ਕੋਈ ਰੋਕ ਨਹੀਂ ਸੀ। ਇਸ ਨਾਲ ਦੇਸ਼ ਦੇ ਉੱਤਰੀ ‘ਤੇ ਪੂਰਬੀ ਇਲਾਕਿਆਂ ਵਿੱਚ ਬੀ.ਐਸ.ਐਨ.ਐਲ. ਦੇ ਵਿਸਤਾਰ ਵਿੱਚ ਬਹੁਤ ਰੁਕਾਵਟ ਆਈ। 2013 ਵਿੱਚ ਇਹਨਾਂ ਰੋਕਾਂ ਨੂੰ ਹਟਾਉਣ ਤੋਂ ਬਾਦ 2016 ਤਕ ਬੀ.ਐਸ.ਐਨ.ਐਲ. ਨੇ ਤਰੱਕੀ ਕੀਤੀ ਸੀ।

2016 ਦੇ ਸਤੰਬਰ ਵਿੱਚ, ਮੌਜੂਦਾ ਸਰਕਾਰ ਦੀ ਖੁਲ੍ਹੇਆਮ ਮੱਦਦ ਅਤੇ ਹੱਲਾਸ਼ੇਰੀ ਨਾਲ ਰਿਲਾਇੰਸ ਜੀਓ ਨੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਭਾਰਤ ਦੀ ਟੈਲੀਕਾਮ ਨਿਯੰਤ੍ਰਕ ਪ੍ਰਾਧਿਕਰਣ (ਟੀ.ਆਰ.ਏ.ਆਈ.) ਰਾਹੀਂ ਸਰਕਾਰ ਨੇ ਰਿਲਾਇੰਸ ਜੀਓ ਨੂੰ 6 ਮਹੀਨੇ ਦੇ ਲਈ ਮੁਫ਼ਤ ਸੇਵਾ ਪ੍ਰਦਾਨ ਕਰਨ ਦੀ ਆਗਿਆ ਦੇ ਦਿੱਤੀ (ਜਦ ਕਿ ਟੀ.ਆਰ.ਏ.ਆਈ. ਦੇ ਆਪਣੇ ਨਿਯਮਾਂ ਅਨੁਸਾਰ ਮੁਫ਼ਤ ਸੇਵਾ ਸਿਰਫ ਤਿੰਨ ਮਹੀਨੇ ਦੇ ਲਈ ਹੀ ਦਿੱਤੀ ਜਾ ਸਕਦੀ ਹੈ)। ਉਸਨੇ ਰਿਲਾਇੰਸ ਜੀਓ ਦੇ ਲੋਟੂ-ਸ਼ਿਕਾਰੀ (ਧਾੜਵੀ) ਕੀਮਤ ਨਿਰਧਾਰਣ ਨੂੰ ਨਜ਼ਰ-ਅੰਦਾਜ਼ ਕੀਤਾ।

ਇਸਦਾ ਇਹ ਨਤੀਜਾ ਹੋਇਆ ਹੈ ਕਿ ਪਿਛਲੇ ਤਿੰਨ ਸਾਲਾਂ ਦੁਰਾਨ, ਰਿਲਾਇੰਸ ਜਿਓ ਤੋਂ ਇਲਾਵਾ ਨਿੱਜੀ ਖੇਤਰ ਦੀਆਂ ਹੋਰ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਆਮਦਨੀ 40 ਤੋਂ 45 ਫੀਸਦੀ ਤਕ ਘਟ ਗਈ ਹੈ, ਜੋ ਬੀ.ਐਸ.ਐਨ.ਐਲ. ਦੇ ਆਮਦਨੀ ਘਾਟੇ ਨਾਲੋਂ ਬਹੁਤ ਜ਼ਿਆਦਾ ਹੈ। ਏਅਰਸੈਲ, ਰਿਲਾਇੰਸ ਇਨਫੋਕਾਮ, ਟਾਟਾ ਟੈਲੀ-ਸਰਵਿਸਜ, ਡੋਕੋਮੋ, ਟੈਲੀਨੋਰ, ਸਿਸਟੇਮਾਂ ਅਤੇ ਕਈ ਹੋਰ ਕੰਪਨੀਆਂ ਨੂੰ ਮਜਬੂਰਨ ਬੰਦ ਕਰਨਾ ਪਿਆ ਹੈ, ਜਦ ਕਿ ਵੋਡਾਫੋਨ ਅਤੇ ਆਇਡੀਆ ਨੇ ਰਲੇਵਾਂ ਕਰ ਲਿਆ ਹੈ।

ਸਰਕਾਰ ਨੇ ਬੀ.ਐਸ.ਐਨ.ਐਲ. ਨੂੰ, 4ਜੀ ਨੀਲਾਮੀ ਵਿੱਚ ਇਸ ਬਹਾਨੇ ਹਿੱਸਾ ਨਹੀਂ ਲੈਣ ਦਿੱਤਾ ਸੀ ਕਿ ਉਹ ਸਰਵਜਨਕ ਇਕਾਈ ਹੈ ਅਤੇ ਉਸ ਨੂੰ ਨਿੱਜੀ ਕੰਪਨੀਆਂ ਦੇ ਨਾਲ ਖੱੁਲ੍ਹੀ ਨਿਲਾਮੀ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਦਰਅਸਲ, ਅਜਿਹਾ ਨਿੱਜੀ ਕੰਪਨੀਆਂ ਦੇ ਹਿੱਤ ਪੂਰਨ ਵਾਸਤੇ ਅਤੇ ਇਹ ਦਿਖਾਉਣ ਦੇ ਮਕਸਦ ਨਾਲ ਕੀਤਾ ਗਿਆ ਸੀ ਕਿ ਬੀ.ਐਸ.ਐਨ.ਐਲ. ਦੂਸਰੀਆਂ ਕੰਪਨੀਆਂ ਦੇ ਮੁਕਾਬਲੇ “ਚੰਗੀ ਸੇਵਾ ਦੇਣ ਵਿੱਚ ਅਸਮਰਥ” ਹੈ, ਤਾਂ ਕਿ ਇਸਨੂੰ ਬੰਦ ਕਰਨ ਨੂੰ ਜਾਇਜ਼ ਠਹਿਰਾਇਆ ਜਾ ਸਕੇ। ਬੀ.ਐਸ.ਐਨ.ਐਲ. ਦੇ ਮਜ਼ਦੂਰਾਂ ਦੇ ਲੰਬੇ ਅੰਦੋਲਨ ਤੋਂ ਬਾਦ, 2017 ਵਿੱਚ ਹੀ ਸੰਚਾਰ ਮੰਤਰੀ ਨੇ ਮੰਨਿਆ ਸੀ ਕਿ ਬੀ.ਐਸ.ਐਨ.ਐਲ. ਨੂੰ 4ਜੀ ਸਪੈਕਟਰਮ ਦਿੱਤਾ ਜਾਣਾ ਚਾਹੀਦਾ ਹੈ। ਪਰ ਹਾਲੇ ਤੱਕ ਅਜਿਹਾ ਨਹੀਂ ਕੀਤਾ ਗਿਆ।

ਸਰਕਾਰ ਨੇ ਬੀ.ਐਸ.ਐਨ.ਐਲ. ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਸਰਵਜਨਕ ਬੈਂਕਾਂ ਤੋਂ ਕਰਜ਼ੇ ਲੈਣ ਦੀ ਇਜਾਜ਼ਿਤ ਵੀ ਨਹੀਂ ਦਿੱਤੀ। ਦੂਜੀਆਂ ਨਿੱਜੀ ਖੇਤਰ ਦੀਆਂ ਟੈਲੀਕਾਮ ਕੰਪਨੀਆਂ ਨੂੰ ਇੱਕ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਕਰਜ਼ੇ ਲੈਣ ਦਿੱਤੇ ਗਏ ਹਨ, ਜਦ ਕਿ ਉਹਨਾਂ ਵੱਲ ਪਹਿਲਾਂ ਦੇ ਹੀ ਬੈਂਕਾਂ ਤੋਂ ਲਏ ਬੜੇ-ਬੜੇ ਕਰਜ਼ੇ ਹਨ। ਨਿੱਜੀ ਕੰਪਨੀਆਂ ਦੇ ਕਰਜ਼ੇ 4,25,000 ਕਰੋੜ ਤੋਂ ਵੀ ਜ਼ਿਆਦਾ ਹਨ (ਵੋਡਾਫੋਨ ਆਈਡੀਆ ਦੇ ਸਿਰ 1,18,000 ਕਰੋੜ, ਏਅਰਟੈਲ ਦੇ ਸਿਰ 1,08,000 ਕਰੋੜ ਅਤੇ ਰਿਲਾਇੰਸ ਜੀਓ ਦੇ ਸਿਰ 1,12,000 ਕਰੋੜ ਰੁਪਏ ਦੇ ਕਰਜ਼ੇ ਹਨ)। ਦੂਸਰੇ ਪਾਸੇ ਬੀ.ਐਸ.ਐਨ.ਐਲ. ਵੱਲ ਬੈਂਕਾਂ ਦਾ ਕਰਜ਼ ਸਭ ਤੋਂ ਘੱਟ ਹੈ, ਲੱਗਭਗ 20,000 ਹਜ਼ਾਰ ਕਰੋੜ ਰੁਪਏ।

ਬੀ.ਐਸ.ਐਨ.ਐਲ. ਦੇ ਨਿਰਦੇਸ਼ਕ ਮੰਡਲ ਦੇ ਖ਼ਾਲੀ ਪਦਾਂ ਨੂੰ ਸਰਕਾਰ ਜਾਣ-ਬੁੱਝਕੇ ਨਹੀਂ ਭਰ ਰਹੀ ਹੈ। ਕੱੁਝ ਪਦਾਂ ਨੂੰ ਆਰਜ਼ੀ ਤੌਰ ‘ਤੇ ਭਰਿਆ ਗਿਆ ਹੈ। ਘੱਟ ਤੋਂ ਘੱਟ ਇੱਕ ਪਦ ਪਿਛਲੇ 6 ਸਾਲ ਤੋਂ ਖ਼ਾਲੀ ਪਿਆ ਹੈ।

ਮ.ਏ.ਲ.: ਬੀ.ਐਸ.ਐਨ.ਐਲ. ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਸਫ਼ਾਈ ਵਿੱਚ ਸਰਕਾਰ ਅਤੇ ਮੀਡੀਆ ਕੀ ਪ੍ਰਚਾਰ ਕਰ ਰਹੇ ਹਨ?

ਕਾਮਰੇਡ ਸੋਵਾਸਿਟਨ: ਸਰਕਾਰ ਅਤੇ ਮੀਡੀਆ ਇਹ ਕਹਿ ਰਹੇ ਹਨ ਕਿ ਸਰਕਾਰੀ ਟੈਲੀਕਾਮ ਕੰਪਨੀ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਨਿੱਜੀ ਕੰਪਨੀਆਂ ਜ਼ਰੂਰੀ ਸੇਵਾਵਾਂ ਦੇ ਰਹੀਆਂ ਹਨ। ਉਹ ਇਹ ਵੀ ਦਾਅਵਾ ਕਰ ਰਹੇ ਹਨ ਕਿ ਬੀ.ਐਸ.ਐਨ.ਐਲ. ਇੱਕ ਘਾਟੇ ਵਿਚ ਚੱਲਣ ਵਾਲੀ ਕੰਪਨੀ ਹੈ, ਜਦੋਂ ਕਿ ਪਿਛਲੇ 19 ਸਾਲਾਂ ਵਿੱਚ ਬੀ.ਐਸ.ਐਨ.ਐਲ. ਦਾ ਕੱੁਲ ਮਿਲਾ ਕੇ ਘਾਟਾ ਸਿਰਫ 16,613 ਕਰੋੜ ਰੁਪਏ ਹੈ ਅਤੇ ਕੰਪਨੀ ਦੀ ਨਿਰੋਲ ਕੀਮਤ (ਸੰਪਤੀ) 3,50,000 ਕਰੋੜ ਰੁਪਏ ਹੈ।

ਸਰਕਾਰ ਇੱਕ ਹੋਰ ਬਹਾਨਾ ਕਰ ਰਹੀ ਹੈ ਕਿ ਬੀ.ਐਸ.ਐਨ.ਐਲ. ਨੂੰ ਚਲਾਉਣ ਦਾ ਮਤਲਬ ਰਾਜ ਦੇ ਖ਼ਜ਼ਾਨੇ ਨੂੰ ਤੇਜ਼ੀ ਨਾਲ ਖ਼ਾਲੀ ਕਰਨਾ ਹੈ। ਇਹ ਸਰਾਸਰ ਝੂਠ ਹੈ। ਪਿਛਲੇ 19 ਸਾਲਾਂ ਤੋਂ ਬੀ.ਐਸ.ਐਨ.ਐਲ. ਸਰਕਾਰ ਦੇ ਟੈਲੀਕਾਮ ਵਿਭਾਗ ਦੇ 3,25,000 ਕਰਮਚਾਰੀਆਂ ਦੀ ਤਨਖ਼ਾਹ ਦਾ ਭੁਗਤਾਨ, ਜਿਹਨਾਂ ਨੂੰ ਅਕਤੂਬਰ 2000 ਵਿੱਚ ਬੀ.ਐਸ.ਐਨ.ਐਲ. ਵਿੱਚ ਲਿਆ ਗਿਆ ਸੀ, ਆਪਣੀ ਸੇਵਾ ਤੋਂ ਕਮਾਏ ਪੈਸੇ ਨਾਲ ਕਰਦੀ ਆਈ ਹੈ (ਜੋ ਹੁਣ ਤੱਕ ਕਰੀਬ 1,50,000 ਕਰੋੜ ਰੁਪਏ ਬਣਦਾ ਹੈ)। ਇਸ ਤੋਂ ਇਲਾਵਾ ਬੀ.ਐਸ.ਐਨ.ਐਲ. ਨੇ ਹਜ਼ਾਰਾਂ ਕਰੋੜ ਰੁਪਏ ਦਾ ਭੁਗਤਾਨ ਸਪੈਕਟਰਮ ਸ਼ੁਲਕ, ਲਾਇਸੈਂਸ ਸ਼ੁਲਕ, ਯੂ.ਐਸ.ਓ. ਫੰਡ ਯੋਗਦਾਨ, ਆਮਦਨ ਕਰ, ਸੇਵਾ ਕਰ, ਜੀ.ਐਸ.ਟੀ., ਪੈਨਸ਼ਨ ਯੋਗਦਾਨ, ਆਦਿ ਲਈ ਕੀਤਾ ਹੈ।

ਜਿਵੇਂ-ਜਿਵੇਂ ਸਰਕਾਰ ਬੀ.ਐਸ.ਐਨ.ਐਲ. ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਤਿਆਰੀ ਕਰ ਰਹੀ ਹੈ, ਉਹ ਪ੍ਰਚਾਰ ਕਰ ਰਹੀ ਹੈ ਕਿ ਬੀ.ਐਸ.ਐਨ.ਐਲ. ਨੂੰ ਬਚਾਉਣਾ ਨਾਮੁਮਕਿਨ ਹੈ। ਇਹ ਸੱਚ ਨਹੀਂ ਹੈ। 2014-15, 2015-16 ਅਤੇ 2016-17 ਵਿੱਚ ਵੀ, ਲੋਟੂ-ਸ਼ਿਕਾਰੀ ਮੁੱਲ ਨਿਰਧਾਰਣ ਵਾਲੀ ਨੀਤੀ ਦੇ ਨਾਲ ਰਿਲਾਇੰਸ ਜੀਓ ਦੀ ਸ਼ੁਰੂਆਤ ਤਕ, ਜਾਣੀ ਕਿ ਲਗਾਤਾਰ ਤਿੰਨਾਂ ਸਾਲਾਂ ਤੱਕ, ਬੀ.ਐਸ.ਐਨ.ਐਲ. ਨੇ ਪਰਿਚਾਲਨ ਮੁਨਾਫ਼ਾ ਕਮਾਇਆ ਹੈ। ਅਗਰ ਰਿਲਾਇੰਸ ਜੀਓ ਨੂੰ ਸਰਕਾਰ ਲੋਟੂ-ਸ਼ਿਕਾਰੀ ਮੁੱਲ ਨਿਰਧਾਰਣ ਕਰਨ ਦੀ ਆਗਿਆ ਨਾ ਦਿੰਦੀ ਤਾਂ 2019-20 ਤਕ ਬੀ.ਐਸ.ਐਨ.ਐਲ. ਮੁਨਾਫ਼ੇਦਾਰ ਕੰਪਨੀ ਬਣ ਜਾਂਦੀ। ਇਹ, ਬੀ.ਐਸ.ਐਨ.ਐਲ. ਹੀ ਹੈ ਜੋ ਦੂਸਰੀਆਂ ਕੰਪਨੀਆਂ ਤੋਂ ਵੀ ਜ਼ਿਆਦਾ ਰਿਲਾਇੰਸ ਜੀਓ ਨੂੰ ਟੱਕਰ ਦੇ ਰਹੀ ਹੈ। ਹਾਲ ਹੀ ਵਿੱਚ ਕੀਤੇ ਗਏ ਰਿਲਾਇੰਸ ਜੀਓ ਗੀਗਾ ਫਾਈਵਰ ਪਲਾਨਜ਼ ਵੀ ਪੂਰੀ ਤਰ੍ਹਾ ਫ਼ੇਲ ਹੋ ਗਏ ਹਨ, ਕਿਉਂਕਿ ਬੀ.ਐਸ.ਐਨ.ਐਲ ਦੇ ਐਫ.ਟੀ.ਟੀ.ਐਚ. ਪਲਾਨਜ਼ ਰਿਲਾਇੰਸ ਜੀਓ ਦੇ ਪਲਾਨਜ਼ ਨਾਲੋਂ 5 ਗੁਣਾ ਬੇਹਤਰ ਹਨ। ਬੀ.ਐਸ.ਐਨ.ਐਲ. ਦੇ ਕਰਮਚਾਰੀ ਬਹੁਤ ਹੀ ਮਿਹਨਤੀ ਹਨ ਅਤੇ ਆਪਣੇ ਕੰਮ ਪ੍ਰਤੀ ਸਮਰਪਤ ਹਨ।

ਮ.ਏ.ਲ.: ਬੀ.ਐਸ.ਐਨ.ਐਲ. ਦੇ ਨਿੱਜੀ ਹੱਥਾਂ ਵਿੱਚ ਵਿਕਣ ਤੋਂ ਬਾਦ ਲੋਕਾਂ ਦੇ ਹਿੱਤਾਂ ‘ਤੇ ਕੀ ਅਸਰ ਹੋਵੇਗਾ, ਖਾਸ ਤੌਰ ਉੱਤੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਜਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਉੱਤੇ?

ਕਾਮਰੇਡ ਸੇਵਾਸਿਟਨ: ਬੀ.ਐਸ.ਐਨ.ਐਲ. ਨੂੰ ਨਿੱਜੀ ਹੱਥਾਂ ਵਿੱਚ ਵੇਚਣਾ ਪੂਰੀ ਤਰ੍ਹਾਂ ਲੋਕਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ। ਦੇਸ਼ ਦੇ ਪੇਂਡੂ ਅਤੇ ਦੂਰ-ਦਰਾਡੇ ਇਲਾਕਿਆਂ ਵਿੱਚ, ਸਰਹੱਦੀ ਇਲਾਕਿਆਂ ਵਿੱਚ ਅਤੇ ਉੱਚ ਸੁਰੱਖਿਆ ਵਾਲੀਆਂ ਜਗ੍ਹਾਵਾਂ ਉੱਤੇ ਬੀ.ਐਸ.ਐਨ.ਐਲ. ਹੀ ਇੱਕੋ-ਇਕ ਵਿਸਵਾਸ਼ ਕਰਨ ਯੋਗ ਟੈਲੀਕਾਮ ਸੇਵਾ ਦੇਣ ਵਾਲੀ ਇਕਾਈ ਹੈ। ਬੀ.ਐਸ.ਐਨ.ਐਲ. ਦਾ ਫ਼ਾਈਵਰ ਨੈੱਟਵਰਕ ਦੇਸ਼ ਦੇ ਕੋਨੇ ਕੋਨੇ ਤਕ ਜਾਂਦਾ ਹੈ। ਉਦਾਹਰਣ ਦੇ ਲਈ ਜੰਮੂ ਅਤੇ ਕਸ਼ਮੀਰ ਵਿੱਚ ਮੌਜ਼ੂਦਾ ਹਾਲਤਾਂ ਵਿੱਚ ਸਰਕਾਰੀ ਕਰਮੀਆਂ ਅਤੇ ਘਾਟੀ ਵਿੱਚ ਤੈਨਾਤ ਸੁਰੱਖਿਆ ਬਲਾਂ ਨੂੰ ਸੇਵਾ ਦੇਣ ਦੇ ਲਈ, ਸਰਕਾਰ ਪੂਰੀ ਤਰ੍ਹਾਂ ਨਾਲ ਬੀ.ਐਸ.ਐਨ.ਐਲ. ਉੱਤੇ ਨਿਰਭਰ ਕਰਦੀ ਹੈ। ਸਾਰੇ ਸੁਰੱਖਿਆ ਬਲ, ਬੈਂਕ, ਡਾਕਖਾਨੇ, ਰਾਸ਼ਟਰੀ ਮਿਸ਼ਨ ਪ੍ਰਯੋਜਨਾਵਾਂ, ਆਦਿ ਸਿਰਫ ਬੀ.ਐਸ.ਐਨ.ਐਲ. ਦੀਆਂ ਸੇਵਾਵਾਂ ਦਾ ਇਸਤੇਮਾਲ ਕਰਦੇ ਹਨ।

ਪੂਰਾ ਭਾਰਤਨੇਟ ਨੈਟਵਰਕ ਅਤੇ ਡਿਜੀਟਲ ਇੰਡੀਆ ਪ੍ਰਯੋਜਨਾ ਮੁਕੰਮਲ ਤੌਰ ‘ਤੇ ਬੀ.ਐਸ.ਐਨ.ਐਲ. ਉੱਤੇ ਨਿਰਭਰ ਹੈ। ਹਿੰਦੋਸਤਾਨੀ ਫ਼ੌਜ ਦੀ ਨੈਟਵਰਕ ਫਾਰ ਸਪੈਕਟਰਮ ਪ੍ਰਯੋਜਨਾ ਬੀ.ਐਸ.ਐਨ.ਐਲ ਵਲੋਂ ਹੀ ਦਿੱਤੀ ਜਾ ਰਹੀ ਹੈ। ਹਥਿਆਰਬੰਦ ਬਲਾਂ ਨੂੰ ਬਿਨਾਂ ਰੁਕਾਵਟ ਨੈਟਵਰਕ ਦੇਣ ਵਿੱਚ ਬੀ.ਐਸ.ਐਨ.ਐਲ. ਦੀ ਬਹੁਤ ਵੱਡੀ ਭੂਮਿਕਾ ਹੈ।

ਕੁਦਰਤੀ ਆਫ਼ਤਾਂ ਦੇ ਦੌਰਾਨ ਅਤੇ ਦੂਸਰੀਆਂ ਅਪਾਤਜਨਕ ਹਾਲਤਾਂ ਵਿੱਚ ਸਰਕਾਰੀ ਏਜੰਸੀਆਂ ਪੂਰੀ ਤਰ੍ਹਾਂ ਨਾਲ ਬੀ.ਐਸ.ਐਨ.ਐਲ. ‘ਤੇ ਨਿਰਭਰ ਕਰਦੀਆਂ ਹਨ, ਮੁਸ਼ਕਲ ਹਾਲਤਾਂ ਵਿੱਚ ਸਾਰੇ ਕਰਮਚਾਰੀ ਸੇਵਾ ਦਿੰਦੇ ਹਨ। ਨਿੱਜੀ ਕੰਪਨੀਆਂ ਐਸੀਆਂ ਹਾਲਤਾਂ ਵਿੱਚ ਸੇਵਾ ਮੁਹੱਈਆ ਨਹੀਂ ਕਰਦੀਆਂ, ਕਿਉਂਕਿ ਉੱਥੇ ਵੱਡੇ ਮੁਨਾਫ਼ੇ ਕਮਉਣਾ ਸੰਭਵ ਨਹੀਂ ਹੁੰਦਾ।

ਬੀ.ਐਸ.ਐਨ.ਐਲ, ਟੇਲੀਕਾਮ ਉਦਯੋਗ ਵਿੱਚ ਸ਼ੁਲਕ ਨਿਯੰਤ੍ਰਕ ਦੀ ਭੂਮਿਕਾ ਵੀ ਨਿਭਾਊਂਦੀ ਹੈ। ਜੇਕਰ ਬੀ.ਐਸ.ਐਨ.ਐਲ ਨਾ ਹੁੰਦੀ, ਤਾਂ ਨਿੱਜੀ ਕੰਪਨੀਆਂ ਆਪਣੀ ਆਪਸੀ ਗੰਢ-ਤੁੱਪ ਬਣਾ ਕੇ, ਆਉਣ ਅਤੇ ਜਾਣ ਵਾਲੀਆਂ ਕਾਲਾਂ ਦੀਆਂ ਦਰਾਂ ਨੂੰ ਬਹੁਤ ਵਧਾ ਦਿੰਦੀਆਂ, ਜਿਵੇਂ ਕਿ ਇਸ ਖੇਤਰ ਵਿੱਚ ਬੀ.ਐਸ.ਐਨ.ਐਲ. ਦੇ ਆਉਣ ਤੋਂ ਪਹਿਲਾਂ ਹੁੰਦਾ ਸੀ।

ਮ.ਏ.ਲ.: ਹੁਣ ਬੀ.ਐਸ.ਐਨ.ਐਲ. ਦੇ ਕਰਮਚਾਰੀਆਂ ਨੂੰ ਕਿਹਨਾਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ?

ਕਾਮਰੇਡ ਸੇਵਾਸਿਟਨ: ਹਰ ਤਰ੍ਹਾਂ ਦੇ ਭੁਗਤਾਨ ਵਿੱਚ ਦੇਰ ਹੋ ਰਹੀ ਹੈ, ਚਾਹੇ ਉਹ ਕਰਮਚਾਰੀਆਂ ਦੀ ਤਨਖ਼ਾਹ ਹੋਵੇ ਜਾਂ ਦੂਸਰੇ ਕੰਮਾਂ ਲਈ ਹੋਵੇ, ਬਿਜਲੀ ਬਿੱਲ ਜ਼ਮ੍ਹਾਂ ਕਰਾਉਣੇ ਹੋਣ, ਕਿਰਾਇਆ ਦੇਣਾ ਹੋਵੇ ਜਾਂ ਵੱਖ-ਵੱਖ ਸਾਜ਼ੋ-ਸਮਾਨ ਦੇਣ ਵਾਲਿਆਂ (ਵਿੰਡੋਰਸ) ਲਈ ਹੋਵੇ। ਕਰਮਚਾਰੀ ਬਹਾਦਰੀ ਨਾਲ ਲੋਕਾਂ ਪ੍ਰਤੀ ਜਿੰਮਾ ਨਿਭਾਉਣ ਦੇ ਲਈ ਕੰਮ ਕਰ ਰਹੇ ਹਨ। ਲੇਕਿਨ ਹੁਣ ਉਨ੍ਹਾਂ ਦਾ ਸਬਰ ਟੁੱਟਣ ਵਾਲਾ ਹੈ।

ਮ.ਏ.ਲ.: ਬੀ.ਐਸ.ਐਨ.ਐਲ. ਦੇ ਨਿੱਜੀਕਰਣ ਦਾ ਕਰਮਚਾਰੀਆਂ ‘ਤੇ ਕੀ ਅਸਰ ਹੋਵੇਗਾ?

ਕਾਮਰੇਡ ਸੇਵਾਸਿਟਨ: ਬੀ.ਐਸ.ਐਨ.ਐਲ. ਵਿੱਚ 1,63,000 ਕਰਮਚਾਰੀ ਹਨ। ਇਹਨਾਂ ਵਿਚੋਂ 38,000 ਸੰਨ 2000 ਦੇ ਬਾਦ ਭਰਤੀ ਕੀਤੇ ਗਏ ਹਨ। ਉਹ 25-45 ਸਾਲ ਦੀ ਉਮਰ ਦੇ ਹਨ। ਜੇ ਕਰ ਬੀ.ਐਸ.ਐਨ.ਐਲ ਦਾ ਨਿੱਜੀਕਰਣ ਹੁੰਦਾ ਹੈ ਤਾਂ ਉਹ ਸਾਰੇ ਨੌਕਰੀ ਤੋਂ ਹੱਥ ਧੋ ਬੈਠਣਗੇ। ਇਸ ਤੋਂ ਬਿਨਾਂ ਇੱਕ ਲੱਖ ਹੋਰ ਲੋਕ ਹਨ, ਜਿਹਨਾਂ ਦੀ ਰੋਟੀ-ਰੋਜ਼ੀ ਬੀ.ਐਸ.ਐਨ.ਐਲ. ਵਿੱਚ ਠੇਕੇ ਦੇ ਕੰਮ ਜਾ ਦੂਸਰੇ ਅਸਥਾਈ ਕੰਮਾਂ ਦੀ ਮਜ਼ਦੂਰੀ ‘ਤੇ ਨਿਰਭਰ ਹੈ। ਇਹ ਛੋਟੇ-ਛੋਟੇ ਕਾਰਖ਼ਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹਨ, ਜੋ ਬੀ.ਐਸ.ਐਨ.ਐਲ. ਨੂੰ ਮਾਲ ਵੇਚਦੇ ਹਨ।

ਮ.ਏ.ਲ: ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਜਾਂ ਕਾਰਵਾਈਆਂ ਦਾ ਰਸਤਾ ਕੀ ਹੋਵੇਗਾ?

ਕਾਮਰੇਡ ਸੇਵਸਿਟਨ: ਅਸੀਂ ਆਸ ਕਰਦੇ ਆਏ ਹਾਂ ਕਿ ਸਰਕਾਰ ਦਿਵਾਲੀ ਤਕ ਬੀ.ਐਸ.ਐਨ.ਐਲ ਨੂੰ ਮੁੜ ਪੈਰਾਂ ‘ਤੇ ਖੜਾ ਕਰਨ ਦੀ ਕਿਸੇ ਯੋਜਨਾ ਦਾ ਪ੍ਰਸਤਾਵ ਰੱਖੇਗੀ। ਜੇਕਰ ਇਹ ਸਮੇਂ ਸਿਰ ਨਹੀਂ ਹੁੰਦਾ ਤਾਂ ਨਵੰਬਰ ਦੇ ਅੱਧ ਤੋਂ ਬੀ.ਐਸ.ਐਨ.ਐਲ. ਦੇ ਕਰਮਚਾਰੀ, ਐਮ.ਟੀ.ਐਨ.ਐਲ. ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਵੱਖ-ਵੱਖ ਤਰ੍ਹਾਂ ਦੇ ਅੰਦੋਲਨ ਕਰਨਗੇ। ਐਮ.ਟੀ.ਐਨ.ਐਲ. ਦੇ ਕਰਮਚਾਰੀਆਂ ਉੱਤੇ ਵੀ ਨਿੱਜੀਕਰਣ ਦੀ ਤਲਵਾਰ ਲਟਕ ਰਹੀ ਹੈ।

ਮ.ਏ.ਲ: ਕੇਂਦਰੀ ਟ੍ਰੇਡ ਯੂਨੀਅਨਾਂ ਨੇ 8 ਜਨਵਰੀ 2020 ਨੂੰ, ਇੱਕ ਕੁੱਲ-ਹਿੰਦ ਹੜਤਾਲ਼ ਦਾ ਸੱਦਾ ਦਿੱਤਾ ਹੈ। ਇਸ ਦਾ ਇੱਕ ਅਹਿਮ ਅਜੰਡਾ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਹੈ। ਕੀ ਬੀ.ਐਸ.ਐਨ.ਐਲ. ਦੇ ਕਰਮਚਾਰੀ ਇਸ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ?

ਕਾਮਰੇਡ ਸੇਵਾਸਿਟਨ: ਇਤਿਹਾਸਕ ਤੌਰ ‘ਤੇ ਬੀ.ਐਸ.ਐਨ.ਐਲ. ਦੇ ਕਰਮਚਾਰੀ, ਕੇਂਦਰੀ ਟ੍ਰੇਡ ਯੂਨੀਅਨਾਂ ਵਲੋਂ ਹੜਤਾਲ਼ ਦੇ ਹਰ ਸੱਦੇ ਵਿੱਚ ਹਿੱਸਾ ਲੈਂਦੇ ਆਏ ਹਨ। ਇਸ ਵਾਰ ਅਫ਼ਸਰਾਂ ਦੇ ਸੰਗਠਨ ਨੇ ਵੀ ਇਸ ਹੜਤਾਲ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। 8 ਜਨਵਰੀ 2020 ਦੀ ਹੜਤਾਲ਼ ਵਿੱਚ ਅਸੀਂ ਜ਼ਰੂਰ ਹੀ ਉਤਸ਼ਾਹ ਨਾਲ ਹਿੱਸਾ ਲੈਣ ਵਾਲੇ ਹਾਂ ਅਤੇ ਨਿੱਜੀਕਰਣ ਦੇ ਖ਼ਿਲਾਫ਼ ਆਪਣਾ ਵਿਰੋਧ ਪ੍ਰਗਟ ਕਰਨ ਵਾਲੇ ਹਾਂ।

ਮ.ਏ.ਲ.: ਕਾਮਰੇਡ ਜੀ ਅਸੀਂ ਬੀ.ਐਸ.ਐਨ.ਐਲ ਦੇ ਨਿੱਜੀਕਰਣ ਦੇ ਬਾਰੇ ਸਰਕਾਰ ਦੀਆਂ ਯੋਜਨਾਵਾਂ ਦੀ ਸੱਚਾਈ ਨੂੰ ਉਜਾਗਰ ਕਰਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਤੁਹਾਡੇ ਸੰਘਰਸ਼ ਦੀ ਪੂਰੀ ਤਰ੍ਹਾਂ ਹਮਾਇਤ ਕਰਦੇ ਹਾਂ ਅਤੇ ਸਰਕਾਰ ਵਲੋਂ ਕੀਤੇ ਜਾ ਰਹੇ ਨਿੱਜੀਕਰਣ ਨੂੰ ਵਾਪਸ ਕਰਾਉਣ ਦੇ ਸੰਘਰਸ਼ ਵਿੱਚ ਅਸੀਂ ਤੁਹਾਨੂੰ ਮੁਕੰਮਲ ਸਫ਼ਲਤਾ ਦੀਆਂ ਸੁੱਭਕਾਮਨਾਵਾਂ ਭੇਟ ਕਰਦੇ ਹਾਂ।

close

Share and Enjoy !

Shares

Leave a Reply

Your email address will not be published. Required fields are marked *