ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦ ਸਾਨੂੰ ਹਿੰਦੋਸਤਾਨ ਦਾ ਨਵ-ਨਿਰਮਾਣ ਕਰਨ ਦਾ ਸੁਨੇਹਾ ਦੇ ਰਹੇ ਹਨ!

ਮੈਂ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਵਲੋਂ ਦੇਸ਼ ਭਗਤ ਯਾਦਗਾਰ ਕਮੇਟੀ ਨੂੰ, ਇਸ ਸਾਲ ਦਾ ਗ਼ਦਰੀ ਮੇਲਾ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਨੂੰ ਸਮਰਪਤ ਕਰਨ ਲਈ ਵਧਾਈ ਦਿੰਦਾ ਹਾਂ।

Jallianwala Bagh 2019

​ਇੱਕ ਸੌ ਸਾਲ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਭਗਤ, ਰੌਲਟ ਐਕਟ ਦੀ ਵਿਰੋਧਤਾ ਕਰਨ ਵਾਸਤੇ ਜੱਲ੍ਹਿਆਂਵਾਲਾ ਬਾਗ ਵਿਖੇ ਇਕੱਤਰ ਹੋਏ ਸਨ। ਰੌਲਟ ਐਕਟ, ਕਿਸੇ ਵੀ ਕਿਸਮ ਦੀ ਰਾਜਨੀਤਕ ਵਿਰੋਧਤਾ ਨੂੰ ਕੁਚਲਣ ਵਾਸਤੇ ਬਿਨਾਂ ਵਾਰੰਟ ਗ੍ਰਿਫਤਾਰੀ, ਬਿਨਾਂ ਮੁਕੱਦਮਾ ਚਲਾਏ ਲੰਬੇ ਸਮੇਂ ਤਕ ਨਜ਼ਰਬੰਦੀ ਅਤੇ ਅਨੇਕਾਂ ਹੋਰ ਅਜਿਹੀਆਂ ਤਾਕਤਾਂ ਅਧਿਕਾਰੀਆਂ ਨੂੰ ਦਿੰਦਾ ਸੀ। ਬਰਤਾਨਵੀ ਬਸਤੀਵਾਦੀਆਂ ਨੇ, ਇਹ ਕਾਨੂੰਨ ਹਿੰਦੋਸਤਾਨੀ ਲੋਕਾਂ ਨੂੰ ਹਿੰਦੋਸਤਾਨ ਗ਼ਦਰ ਪਾਰਟੀ ਵਲੋਂ ਰੁਸ਼ਨਾਏ ਇਨਕਲਾਬ ਦੇ ਰਾਹ ਨੂੰ ਅਪਨਾਉਣ ਤੋਂ ਰੋਕਣ ਲਈ ਪਾਸ ਕੀਤਾ ਸੀ। ਉਨ੍ਹਾਂ ਨੇ ਹਜ਼ਾਰਾਂ ਹੀ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਕਤਲੇਆਮ ਦਾ ਮਕਸਦ ਸਾਡੇ ਲੋਕਾਂ ਨੂੰ ਇਹ ਸਖ਼ਤ ਚਿਤਾਵਨੀ ਦੇਣਾ ਸੀ ਕਿ ਬਸਤੀਵਾਦੀ ਹੁਕਮਰਾਨ ਹਿੰਦੋਸਤਾਨੀ ਲੋਕਾਂ ਨੂੰ ਬਸਤੀਵਾਦੀ ਜੂਲ਼ੇ ਤੋਂ ਅਜ਼ਾਦੀ ਦਾ ਝੰਡਾ ਬੁਲੰਦ ਕਰਨ ਤੋਂ ਰੋਕਣ ਵਾਸਤੇ ਦਰਿੰਦਗੀ ਅਤੇ ਬੁੱਚੜਪੁਣੇ ਦੀ ਕਿਸੇ ਵੀ ਹੱਦ ਤਕ ਜਾਣ ਤੋਂ ਜ਼ਰਾ ਵੀ ਝਿਜਕਣਗੇ ਨਹੀਂ।

ਸਾਡੇ ਲੋਕਾਂ ਦੇ ਖ਼ਿਲਾਫ਼ ਅਤੇ ਸਮੁੱਚੀ ਮਾਨਵਤਾ ਦੇ ਖ਼ਿਲਾਫ਼ ਇਸ ਰਾਖਸ਼ਸ਼ੀ ਅਪਰਾਧ ਤੋਂ ਬਾਦ ਇੱਕ ਪੂਰੀ ਸਦੀ ਬੀਤ ਚੁੱਕੀ ਹੈ। ਅੰਗਰੇਜ਼ਾਂ ਦਾ ਲੋਟੂ ਅਤੇ ਦਮਨਕਾਰੀ ਰਾਜ 72 ਸਾਲ ਪਹਿਲਾਂ ਖ਼ਤਮ ਹੋ ਗਿਆ, ਪਰ ਉਹਦੀ ਜਗ੍ਹਾ ਹਿੰਦੋਸਤਾਨੀ ਸਰਮਾਏਦਾਰੀ ਦੇ ਉਤਨੇ ਹੀ ਲੋਟੂ ਅਤੇ ਦਮਨਕਾਰੀ ਰਾਜ ਨੇ ਲੈ ਲਈ। ਮਜ਼ਦੂਰ ਅਤੇ ਕਿਸਾਨ ਜਿਹੜੇ ਆਪਣੀ ਕਿਰਤ ਰਾਹੀਂ ਸਾਡੇ ਸਮਾਜ ਦੀ ਸਮੁੱਚੀ ਦੌਲਤ ਸਿਰਜਦੇ ਹਨ, ਉਹ ਅਤਿ-ਦਰਜ਼ੇ ਦੀ ਅਸੁਰੱਖਿਆ ਵਾਲੀ ਜਿੰਦਗੀ ਜੀ ਰਹੇ ਹਨ। ਦੂਸਰੇ ਪਾਸੇ ਟਾਟਿਆਂ, ਅਮਬਾਨੀਆਂ, ਬਿਰਲਿਆਂ ਅਤੇ ਹੋਰ ਵੱਡੇ ਸਰਮਾਏਦਾਰਾਂ ਨੇ, ਹਿੰਦੋਸਤਾਨੀ ਰਾਜ ਉੱਤੇ ਆਪਣੇ ਕਬਜ਼ੇ ਦੇ ਇਸਤੇਮਾਲ ਰਾਹੀਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਲੁੱਟ ਤੇਜ਼ ਕਰਕੇ ਅਤੇ ਸਾਡੇ ਕੁਦਰਤੀ ਸਾਧਨਾਂ ‘ਤੇ ਡਾਕੇ ਮਾਰਕੇ ਖੁਦ ਨੂੰ ਬੇਹੱਦ ਧਨਾਢ ਬਣਾ ਲਿਆ ਹੈ।

ਬਸਤੀਵਾਦੀ ਰਾਜ ਦੀ ਤਰ੍ਹਾਂ ਹੀ, ਵਰਤਮਾਨ ਹਿੰਦੋਸਤਾਨੀ ਰਾਜ ਵੀ ਦੇਸੀ ਅਤੇ ਬਦੇਸ਼ੀ ਲੋਟੂਆਂ ਅਤੇ ਜਾਬਰਾਂ ਦੇ ਹਿੱਤਾਂ ਦੀ ਰਖਵਾਲੀ ਕਰਦਾ ਹੈ। ਲੋਕਾਂ ਦੀਆਂ ਰਾਜਨੀਤਕ ਅਤੇ ਧਾਰਮਿਕ ਆਸਥਾਵਾਂ ਦੇ ਕਾਰਨ ਉਨ੍ਹਾਂ ਉੱਤੇ ਹਮਲੇ ਕੀਤੇ ਜਾਂਦੇ ਹਨ। ਜਿਸ ਅਸਲਾਖਾਨੇ ਦਾ ਇਸਤੇਮਾਲ ਕਰਕੇ ਬਸਤੀਵਾਦੀਆਂ ਨੇ ਸਾਡੇ ਲੋਕਾਂ ਉੱਤੇ ਰਾਜ ਕੀਤਾ ਸੀ, ਉਸ ਅਸਲੇਖਾਨੇ ਨੂੰ ਹੋਰ ਵੀ ਵਿਕਸਤ ਅਤੇ ਨਿਪੁੰਨ ਬਣਾ ਲਿਆ ਗਿਆ ਹੈ: “ਕਾਨੂੰਨ-ਵਿਵਸਥਾ” ਲੋਕਾਂ ਦੇ ਹੱਕਾਂ ਦਾ ਘਾਣ ਕਰਦੀ ਹੈ, ਅਸਹਿਮਤੀ ਨੂੰ ਕੁਚਲਣ ਲਈ ਪੁਲਿਸ ਅਤੇ ਫੌਜ ਨੂੰ ਵਰਤਿਆ ਜਾਂਦਾ ਹੈ, ਧਰਮ ਅਤੇ ਜਾਤ ਦੇ ਅਧਾਰ ‘ਤੇ ਲੋਕਾਂ ਦਾ ਉਤਪੀੜਨ ਕੀਤਾ ਜਾਂਦਾ ਹੈ ਅਤੇ ਬਾਰ-ਬਾਰ ਫਿਰਕੂ ਖੁਨ-ਖ਼ਰਾਬੇ ਜਥੇਬੰਦ ਕੀਤੇ ਜਾਂਦੇ ਹਨ। ਬਹੁ-ਪਾਰਟੀ ਪ੍ਰਤੀਨਿੱਧਤਾਵਾਦੀ ਜਮਹੂਰੀਅਤ ਅਤੇ ਚੋਣਾਂ ਦੀ ਵਿਵਸਥਾ, ਹਾਕਮ ਜਮਾਤ ਨੂੰ ਲੋਕਾਂ ਉੱਤੇ ਆਪਣੇ ਰਾਜ ਨੂੰ ਜਾਇਜ ਠਹਿਰਾਉਣ ਵਿੱਚ ਅਤੇ ਆਪਣੀਆਂ ਅੰਦਰੂਨੀ ਵਿਰੋਧਤਾਈਆਂ ਨੂੰ ਹੱਲ ਕਰਨ ਵਿੱਚ ਮੱਦਦ ਕਰਦੀ ਹੈ।

ਆਪਣੇ ਸਾਮਰਾਜਵਾਦੀ ਉਦੇਸ਼ ਹਾਸਲ ਕਰਨ ਵਾਸਤੇ, ਹੁਕਮਰਾਨ ਸਰਮਾਏਦਾਰੀ ਮਜ਼ਦੂਰਾਂ ਅਤੇ ਕਿਸਾਨਾਂ ਉੱਤੇ ਹਮਲੇ ਤੇਜ਼ ਕਰ ਰਹੀ ਹੈ, ਵੱਧ ਤੋਂ ਵੱਧ ਫੌਜੀਕਰਣ ਕਰ ਰਹੀ ਹੈ, ਪਾਕਿਸਤਾਨ ਦੇ ਖ਼ਿਲਾਫ਼ ਸ਼ਰੇਆਮ ਵਹਿਸ਼ੀ ਜੰਗਬਾਜ਼ ਪ੍ਰਾਪੇਗੰਡਾ ਕਰ ਰਹੀ ਹੈ ਅਤੇ ਬੜੇ ਹੀ ਢੀਠ ਤਰੀਕੇ ਨਾਲ ਮੁਸਲਿਮ ਧਰਮ ਦੇ ਲੋਕਾਂ ਨੂੰ ਨਿਸ਼ਾਨਾਂ ਬਣਾ ਰਹੀ ਹੈ। ਇਹ, ਬੜੇ ਹੀ ਗਿਣੇ-ਮਿਥੇ ਢੰਗ ਨਾਲ ਸਾਡੇ ਲੋਕਾਂ ਦੀ ਏਕਤਾ ਅਤੇ ਭਾਈਚਾਰੇ ਨੂੰ ਚਕਨਾਚੂਰ ਕਰ ਰਹੀ ਹੈ। ਇਹ, ਆਪਣੇ ਉਦੇਸ਼ ਹਾਸਲ ਕਰਨ ਵਾਸਤੇ ਅਮਰੀਕਾ ਨਾਲ ਇੱਕ ਫੌਜੀ ਰਣਨੀਤਕ ਗਠਜੋੜ ਨੂੰ ਮਜਬੂਤ ਕਰ ਰਹੀ ਹੈ। ਜਿਸ ਰਾਹੇ ਇਹ ਪਈ ਹੋਈ ਹੈ ਉਹ ਰਾਹ ਸਾਡੇ ਲੋਕਾਂ ਵਾਸਤੇ ਬਹੁਤ ਹੀ ਖ਼ਤਰਨਾਕ ਹੈ।

ਵਰਤਮਾਨ ਹਾਲਤ ਇਹ ਮੰਗ ਕਰਦੀ ਹੈ ਕਿ ਸੱਭ ਕਮਿਊਨਿਸਟ ਸਰਮਾਏਦਾਰੀ ਦੇ ਰਾਜ ਦੀ ਜਗ੍ਹਾ ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕਰਨ ਦੇ ਉਦੇਸ਼ ਵਾਸਤੇ ਇੱਕਮੁਠ ਹੋਵਣ। ਸਾਨੂੰ ਇੱਕ ਨਵੀਂ ਰਾਜਨੀਤਕ ਸੱਤਾ ਸਥਾਪਤ ਕਰਨੀ ਚਾਹੀਦੀ ਹੈ ਜਿਹੜੀ ਸਭਨਾਂ ਦੇ ਮਨੁੱਖੀ, ਜਮਹੂਰੀ ਅਤੇ ਕੌਮੀ ਹੱਕਾਂ ਨੂੰ ਯਕੀਨੀ ਬਣਾਏਗੀ, ਜਿਹੜੀ ਇਹ ਯਕੀਨੀ ਬਣਾਏਗੀ ਕਿ ਫੈਸਲੇ ਕਰਨ ਦਾ ਹੱਕ ਲੋਕਾਂ ਦੇ ਕੋਲ ਹੈ ਅਤੇ ਜਿਹੜੀ ਸਭਨਾਂ ਦੇ ਸੁੱਖ ਅਤੇ ਸੁਰੱਖਿਆ ਦੀ ਗਾਰੰਟੀ ਹੋਵੇਗੀ।

ਆਓ, ਆਪਾਂ ਸਾਰੇ ਕਮਿਊਨਿਸਟ ਅਤੇ ਆਪਣੇ ਲੋਕਾਂ ਦੀ ਕਿਸਮਤ ਅਤੇ ਭਵਿੱਖ ਦੀ ਚਿੰਤਾ ਕਰਨ ਵਾਲੇ ਇੱਕਜੁਟ ਹੋ ਕੇ ਹਿੰਦੋਸਤਾਨ ਦਾ ਨਵ-ਨਿਰਮਾਣ ਕਰੀਏ!

ਲਾਲ ਸਿੰਘ,

ਮੁੱਖ ਸਕੱਤਰ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ

close

Share and Enjoy !

Shares

Leave a Reply

Your email address will not be published.