ਅੰਮ੍ਰਿਤਸਰ ਵਿੱਚ ਦਹਿਸ਼ਤਗਰਦ ਹਮਲੇ ਦੀ ਨਿਖੇਧੀ ਕਰੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦਾ ਬਿਆਨ, 19 ਨਵੰਬਰ 2018

18 ਨਵੰਬਰ ਨੂੰ ਸਵੇਰ ਵੇਲੇ, ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ਵਿੱਚ ਨਿਰੰਕਾਰੀ ਸਤਿਸੰਗ ਭਵਨ ਉੱਤੇ ਦੋ ਦਹਿਸ਼ਤਗਰਦਾਂ ਨੇ ਇੱਕ ਬੰਬ ਨਾਲ ਹਮਲਾ ਕਰ ਦਿੱਤਾ; ਉਸ ਵਕਤ 300 ਦੇ ਕਰੀਬ ਨਿਰੰਕਾਰੀ ਮਤ ਦੇ ਲੋਕ ਉੱਥੇ ਸਤਿਸੰਗ ਵਾਸਤੇ ਇਕੱਤਰ ਸਨ। ਇਸ ਹਮਲੇ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਵੀਹ ਤੋਂ ਜ਼ਿਆਦਾ ਮਰਦ, ਇਸਤਰੀਆਂ ਅਤੇ ਬੱਚੇ ਜ਼ਖਮੀ ਹੋ ਗਏ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਇਸ ਕਾਇਰਤਾਪੂਰਨ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦੀ ਹੈ। ਕਿਸੇ ਧਾਰਮਿਕ ਮਤ ਦੇ ਅਨੁਯਾਈਆਂ ਦੀ ਇਕੱਤਰਤਾ ਉੱਤੇ ਅਜੇਹੇ ਹਮਲੇ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਜਿਰਾਇਆ ਜਾ ਸਕਦਾ। ਲੁੱਟ ਅਤੇ ਦਮਨ ਤੋਂ ਆਪਣੇ ਲੋਕਾਂ ਦੀ ਮੁਕਤੀ ਵਾਸਤੇ ਲੜ ਰਹੀ ਕੋਈ ਵੀ ਰਾਜਨੀਤਕ ਤਾਕਤ, ਕਦੇ ਵੀ ਅਜਿਹਾ ਹਮਲਾ ਨਹੀਂ ਕਰ ਸਕਦੀ ਅਤੇ ਨਾ ਹੀ ਅਜਿਹੇ ਹਮਲੇ ਦੀ ਹਮਾਇਤ ਕਰ ਸਕਦੀ ਹੈ।

ਜਿਹਨੇ ਵੀ ਇਹ ਦਹਿਸ਼ਤੀ ਹਮਲਾ ਜਥੇਬੰਦ ਕੀਤਾ ਹੈ, ਉਹਦਾ ਮਕਸਦ ਪੰਜਾਬ ਵਿੱਚ ਵੱਖ-ਵੱਖ ਮਤਾਂ ਦੇ ਅਨੁਯਾਈਆਂ ਵਿਚਕਾਰ ਨਫਰਤ ਨੂੰ ਉਕਸਾਉਣਾ ਹੈ। ਇਹਦਾ ਮਕਸਦ ਪੰਜਾਬ ਅਤੇ ਹਿੰਦੋਸਤਾਨ ਦੇ ਹੋਰ ਹਿੱਸਿਆਂ ਵਿੱਚ ਅਰਾਜਕਤਾ ਅਤੇ ਹਿੰਸਾ ਭੜਕਾਉਣ ਤੋਂ ਸਿਵਾ ਹੋਰ ਕੁੱਝ ਨਹੀਂ ਨਹੀਂ ਹੋ ਸਕਦਾ ਹੈ।

ਪੰਜਾਬ ਦੇ ਲੋਕਾਂ ਨੂੰ ਕਦੇ ਵੀ, 1980ਵਿਆਂ ਅਤੇ 90ਵਿਆਂ ਦੇ ਭਿਅੰਕਰ ਤਜਰਬੇ ਨੂੰ ਭੁਲਾਉਣਾ ਨਹੀਂ ਚਾਹੀਦਾ। ਅਰਾਜਕਤਾ ਅਤੇ ਹਿੰਸਾ ਨੇ, ਦਹਿਸ਼ਤਗਰਦੀ ਅਤੇ ਰਾਜਕੀ ਦਹਿਸ਼ਤਗਰਦੀ ਨੇ, ਲੋਕਾਂ ਦੀ ਏਕਤਾ ਨੂੰ ਚਕਨਾਚੂਰ ਕਰ ਦਿੱਤਾ ਅਤੇ ਉਨ੍ਹਾਂ ਦੇ ਆਪਣੇ ਅਧਿਕਾਰਾਂ ਦੇ ਸੰਘਰਸ਼ ਵਿੱਚ ਵਿਘਨ ਪਾ ਦਿੱਤਾ ਸੀ। ਅਨੇਕਾਂ ਹੀ ਨਿਰਦੋਸ਼ ਲੋਕ ਦਹਿਸ਼ਤੀ ਹਮਲਿਆਂ ਵਿੱਚ ਮਾਰੇ ਗਏ ਸਨ। ਹਜ਼ਾਰਾਂ ਹੀ ਨੌਜਵਾਨਾਂ ਨੂੰ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਅਤੇ ਝੂਠੇ ਮੁਕਾਬਲਿਆਂ ਵਿੱਚ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਵਿੱਚ ਸੁੱਟ ਦਿੱਤੀਆਂ ਗਈਆਂ ਸਨ। ਪੰਜਾਬ ਦੇ ਲੋਕਾਂ ਦੇ ਆਪਣੇ ਹੱਕਾਂ ਦੇ ਸੰਘਰਸ਼ ਨੂੰ ਖੂਨ ਦੇ ਦਰਿਆਵਾਂ ਵਿੱਚ ਡਬੋ ਦਿੱਤਾ ਗਿਆ ਸੀ।

ਉਸ ਸਮੇਂ ਤੋਂ ਲੈ ਕੇ ਲਗਾਤਾਰ ਪੂਰੇ ਹਿੰਦੋਸਤਾਨ ਅੰਦਰ ਅਰਾਜਕਤਾ ਅਤੇ ਹਿੰਸਾ ਵੱਧ ਤੋਂ ਵੱਧ ਫੈਲਾਈ ਜਾਂਦੀ ਰਹੀ ਹੈ। ਲੋਕਾਂ ਵਿਚਾਲੇ ਧਰਮ ‘ਤੇ ਅਧਾਰਤ ਵੰਡੀਆਂ ਨੂੰ ਜਾਣ-ਬੁੱਝਕੇ ਤੇਜ਼ ਕੀਤਾ ਗਿਆ ਹੈ। ਲੋਕਾਂ ਨੂੰ ਉਨ੍ਹਾਂ ਦੀਆਂ ਧਾਰਮਿਕ ਆਸਥਾਵਾਂ ਕਾਰਨ ਹਮਲਿਆਂ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇ ਧਾਰਮਿਕ ਅਸਥਾਨਾਂ ਉੱਤੇ ਹਮਲੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜਾਣ-ਬੁੱਝਕੇ ਖੌਫ਼ਜ਼ਦਾ ਅਤੇ ਜ਼ਲੀਲ ਕੀਤਾ ਜਾਂਦਾ ਹੈ। ਸਾਡੇ ਲੋਕਾਂ ਦੀ ਏਕਤਾ ਨੂੰ ਤੋੜਨ ਦੇ ਸਿਰਤੋੜ ਜਤਨ ਕੀਤੇ ਜਾ ਰਹੇ ਹਨ। ਹੁਕਮਰਾਨ ਜਮਾਤ ਦੀਆਂ ਰਾਜਨੀਤਕ ਪਾਰਟੀਆਂ ਨੇ, ਧਰਮ ਦੇ ਅਧਾਰ ਉੱਤੇ ਭਾਵਨਾਵਾਂ ਨੂੰ ਭੜਕਾ ਕੇ ਲੋਕਾਂ ਵਿਚਾਲੇ ਵੰਡੀਆਂ ਨੂੰ ਤੇਜ਼ ਕਰਨ ਲਈ ਕੰਮ ਕੀਤਾ ਹੈ।

ਸਰਮਾਏਦਾਰ ਅਜਾਰੇਦਾਰੀਆਂ ਦਾ ਮੀਡੀਆ ਝੱਲਪੁਣੇ ਵਾਲੇ ਅਟਸਟੇ ਪੇਸ਼ ਕਰ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਦਹਿਸ਼ਤੀ ਹਮਲਾ ਕਿਸ ਨੇ ਜਥੇਬੰਦ ਕੀਤਾ ਹੈ। ਇਸ ਕਿਸਮ ਦੀ ਅਟਸਟੇਬਾਜ਼ੀ ਦਾ ਮਕਸਦ ਸਿਰਫ ਲੋਕਾਂ ਵਿੱਚ ਖ਼ੌਫ ਫੈਲਾਉਣਾ ਹੈ।

ਲੋਕਾਂ ਨੂੰ ਬੜੇ ਹੀ ਠਰੰਮ੍ਹੇ ਨਾਲ ਸੋਚਣਾ ਚਾਹੀਦਾ ਹੈ ਕਿ ਪੰਜਾਬ ਅਤੇ ਹਿੰਦੋਸਤਾਨ ਵਿੱਚ ਅਰਾਜਕਤਾ ਅਤੇ ਹਿੰਸਾ, ਦਹਿਸ਼ਤਗਰਦੀ, ਅਤੇ ਧਾਰਮਕ ਤਣਾਅ ਫੈਲਾਉਣ ਨਾਲ ਕਿਹਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਨੂੰ ਲਾਜ਼ਮੀ ਹੀ ਅਜਿਹੀਆਂ ਸਭ ਰਾਜਨੀਤਕ ਤਾਕਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ, ਜਿਹੜੀਆਂ ਦਹਿਸ਼ਤਗਰਦੀ ਨੂੰ ਜਾਇਜ਼ ਠਹਿਰਾਉਂਦੀਆਂ ਹਨ ਜਾਂ ਧਾਰਮਕ ਭਾਵਨਾਵਾਂ ਨੂੰ ਭੜਕਾਉਂਦੀਆਂ ਹਨ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਆਪਣੀ ਏਕਤਾ ਨੂੰ ਭੰਗ ਕਰਨ ਦੇ ਸਭ ਜਤਨਾਂ ਦਾ ਡਟ ਕੇ ਵਿਰੋਧ ਕਰੋ।

Share and Enjoy !

Shares

Leave a Reply

Your email address will not be published. Required fields are marked *