ਅਮਰੀਕਾ ਅਤੇ ਉਸਦੇ ਮਿੱਤਰ ਯੂਰਪ ਵਿਚ ਜੰਗ ਤੇਜ਼ ਕਰ ਰਹੇ ਹਨ

ਅਮਰੀਕਾ ਅਤੇ ਉਸਦੇ ਮਿੱਤਰ – ਬਰਤਾਨੀਆਂ, ਫਰਾਂਸ ਅਤੇ ਹੋਰ ਦੇਸ਼ – ਯੁਕਰੇਨ ਵਿਚ ਜੰਗ ਨੂੰ ਤੇਜ਼ ਕਰ ਰਹੇ ਹਨ। ਇਨ੍ਹਾਂ ਹੀ ਤਾਕਤਾਂ ਨੇ ਦੋ ਸਾਲ ਪਹਿਲਾਂ ਰੂਸ ਨੂੰ ਯੁਕਰੇਨ ਦੇ ਅੰਦਰ ਫੌਜੀ ਦਖਲ-ਅੰਦਾਜ਼ੀ ਕਰਨ ਵਾਸਤੇ ਭੜਕਾਇਆ ਸੀ।

28 ਮਈ ਨੂੰ ਨਾਟੋ ਦੇ ਜਨਰਲ ਸਕੱਤਰ, ਜੈਨਜ਼ ਸਟੋਲਟਿਨਬਰਗ ਨੇ ਮਿੱਤਰ ਦੇਸ਼ਾਂ ਨੂੰ ਉਨ੍ਹਾਂ ਵਲੋਂ ਯੁਕਰੇਨ ਨੂੰ ਮੁਹਈਆ ਕੀਤੇ ਹੋਏ ਹਥਿਆਰ ਰੂਸੀ ਇਲਾਕੇ ਉਤੇ ਹਮਲਾ ਕਰਨ ਲਈ ਵਰਤਣ ਉਤੇ ਸਭ ਪਬੰਦੀਆਂ ਚੁੱਕ ਲੈਣ ਦਾ ਸੰਦੇਸ਼ ਦਿਤਾ ਹੈ। ਅਮਰੀਕਾ, ਬਰਤਾਨੀਆਂ, ਫਰਾਂਸ ਅਤੇ ਜਰਮਨੀ ਨੇ ਯੁਕਰੇਨ ਨੂੰ ਸ਼ਰ੍ਹੇਆਮ ਸੰਕੇਤ ਦੇ ਦਿਤਾ ਹੈ ਕਿ ਉਹ ਉਨ੍ਹਾਂ ਵਲੋਂ ਸਪਲਾਈ ਕੀਤੇ ਲੰਬੀ ਰੇਂਜ ਦੇ ਹਥਿਆਰ ਰੂਸੀ ਇਲਾਕੇ ਉਤੇ ਹਮਲਾ ਕਰਨ ਲਈ ਵਰਤ ਸਕਦਾ ਹੈ।

ਫਰਾਂਸ ਨੇ ਐਲਾਨ ਕੀਤਾ ਹੈ ਕਿ ਉਹ ਯੁਕਰੇਨ ਨੂੰ ਮਿਰਾਜ 2000 ਲੜਾਕੂ ਹਵਾਈ ਜਹਾਜ਼ ਦਾਨ ਕਰੇਗਾ ਅਤੇ ਯੁਕਰੇਨੀ ਪਾਇਲਟਾਂ ਨੂੰ ਟ੍ਰੇਨਿੰਗ ਦੇਣ ਲਈ ਮਾਹਰ ਭੇਜੇਗਾ। ਨਾਟੋ ਦੇ ਹੋਰ ਮੈਂਬਰ ਦੇਸ਼ਾਂ ਨੇ ਯੁਕਰੇਨ ਨੂੰ ਅਮਰੀਕਾ ਉਤਪਾਦਿਤ 80 ਐਫ-16 ਫਾਈਟਰ ਜੰਗੀ ਹਵਾਈ ਜਹਾਜ਼ ਦੇਣ ਦਾ ਬਚਨ ਦਿਤਾ ਹੈ। ਇਹ ਐਫ16 ਜੇਕਰ ਯੁਕਰੇਨ ਵਿਚ ਖੜ੍ਹੇ ਕੀਤੇ ਜਾਣਗੇ ਤਾਂ ਰੁਸ ਲਈ ਇਨ੍ਹਾਂ ਨੂੰ ਜ਼ਮੀਨ ਉਤੇ ਹੀ ਨਸ਼ਟ ਕਰ ਦੇਣਾ ਸੌਖਾ ਹੋਵੇਗਾ। ਪਰ ਜੇਕਰ ਇਨ੍ਹਾਂ ਦੀਆਂ ਉਡਾਣਾਂ ਰੂਸ ਦੇ ਨਾਲ ਲਗਦੇ ਹੋਰ ਨਾਟੋ ਦੇਸ਼ਾਂ ਵਿਚੋਂ ਭਰੀਆਂ ਜਾਣਗੀਆਂ ਤਾਂ ਰੂਸ ਉਨ੍ਹਾਂ ਦੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਨਾਲ ਨਾਟੋ ਨੂੰ ਇਸ ਦੀ ਧਾਰਾ5 ਅਧੀਨ ਇਕ-ਦੂਸਰੇ ਦੀ ਹਿਫਾਜ਼ਤ ਕਰਨ ਲਈ, ਜਵਾਬੀ ਕਾਰਵਾਈ ਕਰਨ ਦਾ ਬਹਾਨਾ ਮਿਲ ਜਾਵੇਗਾ – ਜਿਸ ਦੇ ਨਤੀਜੇ ਵਜੋਂ ਨਾਟੋ ਅਤੇ ਰੂਸ ਵਿਚਕਾਰ ਸਿੱਧੀ ਜੰਗ ਲਗ ਜਾਵੇਗੀ।

29 ਮਈ ਨੂੰ ਫਰਾਂਸੀਸੀ ਪ੍ਰਧਾਨ ਇਮੈਨੂਅਲ ਮੈਕਰੋਂ ਨੇ ਬੜੇ ਭੜਕਾਊ ਢੰਗ ਨਾਲ ਰੂਸ ਉਤੇ ਬੰਬਾਰੀ ਕਰਨ ਲਈ ਕਿਹਾ। ਅਖਬਾਰੀ ਰਿਪੋਰਟਾਂ ਮੁਤਾਬਿਕ, ਮੈਕਰੋਂ ਪ੍ਰਮਾਣੂ ਹਥਿਆਰ ਵਰਤਣ ਦੇ ਬਾਰੇ ਕਹਿ ਰਿਹਾ ਸੀ। ਨਾਟੋ ਦੇ ਹੋਰ ਦੇਸ਼ਾਂ ਨੇ ਰੂਸ ਦੇ ਛੋਟੇ ਛੋਟੇ ਟੋਟੇ ਕਰ ਦੇਣ ਦੀ ਗੱੱਲ ਕੀਤੀ ਹੈ।

ਨਾਟੋ ਨੇ ਰੂਸ ਨਾਲ ਜੰਗ ਲਗ ਜਾਣ ਦੀ ਸੂਰਤ ਵਿਚ ਪੱਛਮੀ ਯੂਰਪ ਵਿਚ ਇਕ ਪਾਸੇ ਤੋਂ ਦੂਸਰੇ ਪਾਸੇ ਫੌਜਾਂ ਟਰਾਂਸਪੋਰਟ ਕਰਨ ਦੀ ਯੋਜਨਾ ਪ੍ਰਕਾਸ਼ਿਤ ਕੀਤੀ ਹੈ। ਰੂਸ ਦੀਆਂ ਸਰਹੱਦਾਂ ਨਾਲ ਲਗਦੇ ਨਾਟੋ ਦੇਸ਼ਾਂ ਵਿਚ ਲਗਭਗ ਤਿੰਨ ਲੱਖ ਨਾਟੋ ਫੌਜਾਂ ਅੱਡਿਆਂ ਵਿਚ ਤਿਆਰ ਬਰ ਤਿਆਰ ਬੈਠੀਆਂ ਹਨ।

ਉਧਰ, ਯੁਕਰੇਨ ਨੇ ਅਰਮਾਵੀਰ ਵਿਚ ਬਹੁਤ ਹੀ ਸੰਵੇਦਨਸ਼ੀਨ ਰੂਸੀ ਅਰਲੀ/(ਅਗਾਊਂ) ਨੂਕਲੀਅਰ/(ਪ੍ਰਮਾਣੂੰ) ਵਾਰਨਿੰਗ ਸਿਸਟਮ ਉਤੇ ਡਰੋਨ ਹਮਲਾ ਕੀਤਾ ਹੈ। ਇਨ੍ਹਾਂ ਡਰੋਨਾਂ ਨੂੰ ਨਿਸ਼ਾਨੇ ਉਤੇ ਸੁੱਟਣ ਲਈ ਬਹੁਤ ਹੀ ਜਟਿਲ ਅਮਰੀਕੀ ਸਿਸਟਮ ਦੀ ਵਰਤੋਂ ਕੀਤੀ ਗਈ ਸੀ (ਡਰੋਨਾਂ ਨੂੰ ਰੂਸ ਦੇ ਰਡਾਰ ਸਿਸਟਮ ਤੋਂ ਬਚ ਕੇ ਨਿਸ਼ਾਨੇ ਉਤੇ ਪਹੁੰਚਣ ਲਈ ਬਹੁਤ ਹੀ ਭੁਲੇਖੇ ਪਾਊ ਐਕਸ਼ਨ ਕਰਨੇ ਪੈਂਦੇ ਹਨ, ਅਤੇ ਇਹ ਜਾਣਕਾਰੀ ਕੇਵਲ ਅਮਰੀਕਾ ਵਲੋਂ ਹੀ ਦਿਤੀ ਜਾ ਸਕਦੀ ਹੈ)। ਇਹ ਅਨੁਮਾਨ ਲਾਏ ਜਾ ਰਹੇ ਹਨ ਕਿ ਡਰੋਨਾਂ ਦੇ ਉਪਰੇਟਰ ਜਾਂ ਤਾਂ ਅਮਰੀਕਾ ਵਲੋਂ ਸਿਖਲਾਈਸ਼ੁਦਾ ਸਨ ਅਤੇ ਜਾਂ ਇਹ ਬਿਨ-ਵਰਦੀ ਅਮਰੀਕੀ ਫੌਜੀ ਸਨ।

13 ਜੂਨ ਨੂੰ ਅਮਰੀਕਾ ਨੇ ਯੁਕਰੇਨ ਨਾਲ 10 ਸਾਲਾ ਫੌਜੀ ਸਮਝੌਤਾ ਦਸਖਤ ਕੀਤਾ ਹੈ। ਬੜੇ ਹੀ ਬੇਸ਼ਰਮ ਅਤੇ ਭੜਕਾਊ ਢੰਗ ਨਾਲ, ਅਮਰੀਕਾ ਅਤੇ ਉਸ ਦੇ ਨਜ਼ਦੀਕੀ ਦੋਸਤਾਂ ਨੇ ਐਲਾਨ ਕੀਤਾ ਹੈ ਕਿ ਉਹ ਯੂਰਪੀ ਅਤੇ ਅਮਰੀਕੀ ਬੈਂਕਾਂ ਵਿਚ ਪਏ ਰੂਸੀ ਪੈਸੇ ਉਤੇ ਮਿਲਣ ਵਾਲੇ ਵਿਆਜ ਨੂੰ ਵਰਤ ਕੇ ਯੁਕਰੇਨ ਨੂੰ $50 ਬਿਲੀਅਨ ਕਰਜ਼ਾ ਦੇਣਗੇ। ਯਾਦ ਰਹੇ ਕਿ ਅਮਰੀਕਾ ਅਤੇ ਉਸ ਦੇ ਦੋਸਤਾਂ ਨੇ ਰੂਸ-ਯੁਕਰੇਨ ਜੰਗ ਲਗਣ ਤੋਂ ਬਾਅਦ ਆਪਣੀਆਂ ਬੈਂਕਾਂ ਵਿਚ ਪਏ $300 ਬਿਲੀਅਨ ਰੂਸੀ ਅਸਾਸੇ ਗੈਰ-ਕਨੂੰਨੀ ਢੰਗ ਨਾਲ ਜਾਮ ਕਰ ਦਿਤੇ ਸਨ।

ਰੂਸੀ ਬਦੇਸ਼ ਮੰਤਰਾਲੇ ਦੀ ਵਕਤਾ ਮਾਰੀਆ ਜ਼ਾਖਾਰੋਵਾ ਨੇ ਵਾਰਨਿੰਗ ਦਿਤੀ ਹੈ ਕਿ ਪੱਛਮ ਵਲੋਂ ਰੂਸੀ ਅਸਾਸਿਆਂ ਤੋਂ ਪੈਸੇ/ਆਮਦਨੀ ਬਣਾਉਣ ਦੀਆਂ ਕੋਸ਼ਿਸ਼ਾਂ ਮੁਜਰਮਾਨਾ ਹਨ ਅਤੇ ਰੂਸ ਵਲੋਂ ਉਸ ਦੇ ਜਵਾਬ ਵਿਚ ਲਏ ਜਾਣ ਵਾਲੇ ਕਦਮ ਯੂਰਪੀਨ ਯੂਨੀਅਨ ਵਾਸਤੇ ਬਹੁਤ ਹੀ ਦੁਖਦਾਈ ਹੋਣਗੇ।

ਅਮਰੀਕਾ ਦਾ ਝੂਠਾ ਪ੍ਰਾਪੇਗੰਡਾ ਪੂਰੀ ਤਰਾਂ ਨੰਗਾ ਹੋ ਰਿਹਾ ਹੈ

ਅਮਰੀਕਾ ਅਤੇ ਉਸ ਦੇ ਨਾਟੋ ਮਿੱਤਰ ਲਗਾਤਾਰ ਪ੍ਰਾਪੇਗੰਡਾ ਕਰਕੇ ਯੁਕਰੇਨ ਨਾਲ ਜੰਗ ਵਾਸਤੇ ਰੂਸ ਉਤੇ ਦੋਸ਼ ਲਾਉਂਦੇ ਆ ਰਹੇ ਹਨ। ਪਰ ਸਚਾਈ ਇਹ ਹੈ ਕਿ ਇਹ ਅਮਰੀਕਾ ਅਤੇ ਉਸ ਦੇ ਨਾਟੋ ਮਿੱਤਰ ਹੀ ਹਨ ਜੋ ਯੁਕਰੇਨ ਅਤੇ ਰੂਸ ਵਿਚਕਾਰ ਚਲ ਰਹੀ ਜੰਗ ਵਾਸਤੇ ਜ਼ਿਮੇਵਾਰ ਹਨ।

ਅਮਰੀਕਾ ਯੁਕਰੇਨ ਨੂੰ ਨਾਟੋ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਉਥੇ ਨਾਟੋ ਫੌਜਾਂ ਰਖ ਸਕੇ ਅਤੇ ਰੂਸ ਉਤੇ ਨਿਸ਼ਾਨਾ ਸਾਧ ਕੇ ਮਿਸਾਈਲਾਂ ਖੜ੍ਹੀਆਂ ਕਰ ਸਕੇ। ਅਮਰੀਕਾ ਨੇ 2014 ਵਿਚ ਯੁਕਰੇਨ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਆਯੋਜਿਤ ਕੀਤਾ ਸੀ ਜਿਸ ਦਾ ਨਾਮ ਸੀ ਮੈਡਨ ਰਾਜ ਪਲਟਾ, ਜਿਸ ਦਾ ਮਕਸਦ ਅਮਰੀਕਾ ਪੱਖੀ ਤਾਕਤਾਂ ਨੂੰ ਤਾਕਤ ਵਿਚ ਲਿਆਉਣਾ, ਜਿਹੜੀਆਂ ਅਮਰੀਕੀ ਅਜੰਡੇ ਦੀ ਹਮਾਇਤ ਕਰਨ। ਨਵੀਂ ਸਰਕਾਰ ਨੇ ਉਨ੍ਹਾਂ ਲੋਕਾਂ ਦਾ ਕਤਲੇਆਮ ਕੀਤਾ ਜਿਹੜੇ ਰੂਸ ਨਾਲ ਦੋਸਤਾਨਾ ਸਬੰਧ ਰਖਣਾ ਚਾਹੁੰਦੇ ਸਨ ਅਤੇ ਯੁਕਰੇਨ ਦੇ ਰੂਸ-ਵਿਰੋਧੀ ਗੁੱਟ ਵਿਚ ਸ਼ਾਮਲ ਹੋਣ ਦੇ ਖਿਲਾਫ ਸਨ।

ਅਮਰੀਕਾ ਅਤੇ ਨਾਟੋ ਨੇ 2022 ਵਿਚ ਰੂਸ ਵਲੋਂ ਇਹ ਯਕੀਨੀ ਬਣਾਉਣ ਦੀ ਮੰਗ ਨੂੰ ਰੱਦ ਕਰ ਦਿਤਾ ਸੀ, ਕਿ ਯੁਕਰੇਨ ਨਾਟੋ ਫੌਜੀ ਗੁੱਟ ਵਿਚ ਸ਼ਾਮਲ ਨਾ ਕੀਤਾ ਜਾਵੇ। ਇਸ ਦੇ ਉਲਟ, ਅਮਰੀਕਾ ਨੇ ਯੁਕਰੇਨ ਨੂੰ ਅਮਰੀਕੀ ਜੰਗੀ ਮਸ਼ੀਨ ਦਾ ਹਿਸਾ ਬਣਾਉਣ ਲਈ ਇਕ ਤੋਂ ਬਾਦ ਦੂਸਰਾ ਕਦਮ ਲੈਣਾ ਸ਼ੁਰੂ ਕਰ ਦਿਤਾ, ਤਾਂ ਕਿ ਢੁਕਵੇਂ ਵਕਤ ਉਤੇ ਨਾਟੋ ਵਿਚ ਦਾਖਲ ਕਰ ਲਿਆ ਜਾਵੇ। ਰੂਸ ਕੋਲ ਅਜੇਹੀ ਸੰਭਾਵਨਾ ਨੂੰ ਰੋਕਣ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਸੀ ਬਚਿਆ।

ਰੂਸ ਨੇ ਪਿਛਲੇ ਦੋ ਸਾਲਾਂ ਵਿਚ, ਜੰਗ ਨੂੰ ਖਤਮ ਕਰਨ ਲਈ ਸ਼ਾਂਤਮਈ ਸਮਝੌਤਾ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ। ਲੇਕਿਨ, ਅਮਰੀਕਾ ਅਤੇ ਉਸਦੇ ਮਿੱਤਰ ਨਹੀਂ ਚਾਹੁੰਦੇ ਕਿ ਯੁਕਰੇਨ ਅਜੇਹਾ ਕੋਈ ਸਮਝੌਤਾ ਦਸਖਤ ਕਰੇ। ਅਮਰੀਕਾ, ਰੂਸ ਨੂੰ ਕਮਜ਼ੋਰ ਅਤੇ ਤਬਾਹ ਕਰਨ ਲਈ, ਜਿੰਨਾ ਵੀ ਹੋ ਸਕਦਾ ਹੈ ਜੰਗ ਨੂੰ ਚਲਦਾ ਰਖਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਅਮਰੀਕਾ ਰੂਸ ਅਤੇ ਹੋਰ ਦੇਸ਼ਾਂ ਵਲੋਂ ਅਮਨ ਕਰਾਉਣ ਦੀ ਹਰ ਕੋਸ਼ਿਸ਼ ਨੂੰ ਸਾਬੋਤਾਜ ਕਰਦਾ ਆ ਰਿਹਾ ਹੈ।

ਹੋਰ ਜ਼ਿਆਦਾ ਦੇਸ਼ ਇਸ ਗਲ ਨੂੰ ਸਮਝ ਰਹੇ ਹਨ ਕਿ ਯੁਕਰੇਨ ਅਤੇ ਰੂਸ ਵਿਚਕਾਰ ਜੰਗ ਨੂੰ ਲਮਕਾਉਣ ਅਤੇ ਇਸ ਨੂੰ ਹੋਰ ਤੇਜ਼ ਕਰਨ ਲਈ ਅਮਰੀਕਾ ਅਤੇ ਉਸਦੇ ਮਿੱਤਰ ਹੀ ਜ਼ਿਮੇਵਾਰ ਹਨ। ਉਹ ਅਮਰੀਕਾ ਦੇ ਬੈਂਡ ਵਾਜੇ ਦੇ ਪਿਛੇ ਨਾ ਲਗਦੇ ਹੋਏ, ਜੰਗ ਨੂੰ ਜਾਰੀ ਰਖਣ ਲਈ ਰੂਸ ਨੂੰ ਦੋਸ਼ ਦੇਣ ਤੋਂ ਇਨਕਾਰ ਕਰ ਰਹੇ ਹਨ।

ਯੂਰਪ ਵਿਚ ਹਾਲਾਤ ਅਤੀ ਗੰਭੀਰ ਹਨ। ਦੁਨੀਆਂ ਦੇ ਲੋਕਾਂ ਨੂੰ ਚੌਕਸ ਰਹਿਣ ਅਤੇ ਰੂਸ ਦੇ ਖਿਲਾਫ ਜੰਗ ਤੇਜ਼ ਕਰਨਾ ਜਾਰੀ ਰਖਣ ਦੀਆਂ ਅਮਰੀਕੀ ਕੋਸ਼ਿਸ਼ਾਂ ਦੀ ਵਿਰੋਧਤਾ ਕਰਨੀ ਚਾਹੀਦੀ ਹੈ।

Share and Enjoy !

Shares

Leave a Reply

Your email address will not be published. Required fields are marked *