ਹੋਮ ਗਾਰਡਜ਼, ਦਿੱਲੀ ਦੇ ਡਾਇਰੈਕਟੋਰੇਟ ਜਨਰਲ ਆਫ਼ ਹੋਮ ਗਾਰਡਜ਼ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਤੋਂ ਹੋਮ ਗਾਰਡ ਬਹੁਤ ਚਿੰਤਤ ਹਨ। ਇਹ ਨੋਟੀਫਿਕੇਸ਼ਨ ਦਿੱਲੀ ਵਿੱਚ 10,285 ਹੋਮ ਗਾਰਡਜ਼ ਦੀ ਭਰਤੀ ਲਈ ਜਾਰੀ ਕੀਤਾ ਗਿਆ ਹੈ। ਆਨਲਾਈਨ ਅਰਜ਼ੀਆਂ ਦੇਣ ਦੀ ਆਖਰੀ ਮਿਤੀ 13 ਫਰਵਰੀ ਸੀ ਅਤੇ ਨਵੀਂ ਭਰਤੀ 31 ਮਾਰਚ ਤੱਕ ਕੀਤੀ ਜਾਣੀ ਹੈ। ਮੌਜੂਦਾ ਹੋਮ ਗਾਰਡਜ਼, ਜਿਨ੍ਹਾਂ ਦੀ ਗਿਣਤੀ 8,624 ਹੈ, ਨੂੰ ਡਰ ਹੈ ਕਿ ਇਸ ਵੱਡੇ ਪੱਧਰ ‘ਤੇ ਭਰਤੀ ਤੋਂ ਬਾਅਦ ਉਨ੍ਹਾਂ ਦੀਆਂ ਮੌਜੂਦਾ ਨੌਕਰੀਆਂ ਖਤਮ ਹੋ ਜਾਣਗੀਆਂ। ਜਿਸ ਕਾਰਨ ਉਹ ਆਪਣੀ ਨੌਕਰੀ ਬਚਾਉਣ ਲਈ ਪਿਛਲੇ ਇੱਕ ਸਾਲ ਤੋਂ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।
ਹੋਮ ਗਾਰਡਜ਼ ਵਿਭਾਗ ਪਹਿਲੀ ਵਾਰ ਬੰਬੇ ਹੋਮ ਗਾਰਡਜ਼ ਐਕਟ ਦੇ ਤਹਿਤ ਦਸੰਬਰ, 1946 ਵਿੱਚ ਬੰਬਈ ਪ੍ਰੈਜ਼ੀਡੈਂਸੀ ਵਿੱਚ ਸਥਾਪਿਤ ਕੀਤਾ ਗਿਆ ਸੀ। ਇਸਦੀ ਸਥਾਪਨਾ ਕਿਸੇ ਨਾਗਰਿਕ ਅਸ਼ਾਂਤੀ ਜਾਂ ਫਿਰਕੂ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸਦੀ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੱਥਾਂ ਵਿੱਚ ਦਿੱਤੀ ਗਈ ਸੀ। 1947 ਵਿੱਚ, ਇਸਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਤੱਕ ਵੀ ਵਧਾ ਦਿੱਤਾ ਗਿਆ। ਇਸ ਐਕਟ ਵਿੱਚ 1959 ਵਿੱਚ ਸੋਧ ਕੀਤੀ ਗਈ ਸੀ ਅਤੇ ਰਾਜ ਸਰਕਾਰਾਂ ਨੂੰ ਆਪਣੇ ਸਹਾਇਕ ਹੋਮ ਗਾਰਡ ਬਲਾਂ ਦੀ ਸਥਾਪਨਾ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। 1962 ਵਿਚ ਚੀਨ ਵਿਰੁੱਧ ਜੰਗ ਤੋਂ ਬਾਅਦ, ਹੋਮ ਗਾਰਡਜ਼ ਦਾ ਪੁਨਰਗਠਨ ਕੀਤਾ ਗਿਆ ਸੀ।
ਹੋਮ ਗਾਰਡ ਦੀ ਨੌਕਰੀ ਨੂੰ ਵਲੰਟੀਅਰ ਦਾ ਦਰਜਾ ਦਿੱਤਾ ਗਿਆ ਹੈ। ਰਾਜਧਾਨੀ ਦਿੱਲੀ ਵਿੱਚ, ਉਨ੍ਹਾਂ ਨੂੰ ਦਿੱਲੀ ਪੁਲਿਸ ਦੇ ਅਧੀਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੰਮ ਕਰਨਾ ਪੈਂਦਾ ਹੈ। ਆਮ ਤੌਰ ‘ਤੇ ਉਨ੍ਹਾਂ ਨੂੰ ਅੱਗ ਬੁਝਾਉਣ, ਬਚਾਅ ਕਾਰਜਾਂ, ਹਥਿਆਰਾਂ ਨੂੰ ਸੰਭਾਲਣ, ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਦੀ ਵਰਤੋਂ ਟ੍ਰੈਫਿਕ ਪ੍ਰਬੰਧਨ, ਭੀੜ ਕੰਟਰੋਲ, ਸਰਕਾਰੀ ਦਫਤਰਾਂ ਅਤੇ ਇਮਾਰਤਾਂ ਦੀ ਸੁਰੱਖਿਆ ਆਦਿ ਲਈ ਕੀਤੀ ਜਾਂਦੀ ਹੈ। ਲੋੜ ਪੈਣ ‘ਤੇ ਐਮਰਜੈਂਸੀ ਦੀ ਸੂਰਤ ਵਿੱਚ ਉਨ੍ਹਾਂ ਨੂੰ ਕਿਸੇ ਵੀ ਕੰਮ ਲਈ ਅਤੇ ਕਿਸੇ ਵੀ ਸਮੇਂ ਡਿਊਟੀ ‘ਤੇ ਬੁਲਾਇਆ ਜਾ ਸਕਦਾ ਹੈ। ਜੇਕਰ ਉਹ ਨਿਰਧਾਰਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਤਾਂ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ।
ਹੋਮ ਗਾਰਡਜ਼ ਦਾ ਡਾਇਰੈਕਟੋਰੇਟ ਦਿੱਲੀ ਸਰਕਾਰ ਦੇ ਅਧੀਨ ਆਉਂਦਾ ਹੈ। ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ (ਡੀਜੀ) ਇਸ ਦੇ ਉੱਚ ਅਧਿਕਾਰੀ ਹਨ।
ਦਿੱਲੀ ਵਿੱਚ ਇੱਕ ਹੋਮ ਗਾਰਡ ਦੀ ਮਹੀਨਾਵਾਰ ਆਮਦਨ, ਜਿਸ ਵਿੱਚ ਮਹਿੰਗਾਈ ਭੱਤਾ, ਟਰਾਂਸਪੋਰਟ ਭੱਤਾ ਆਦਿ ਸ਼ਾਮਲ ਹਨ, ਲੱਗਭਗ 25,000 ਰੁਪਏ ਪ੍ਰਤੀ ਮਹੀਨਾ ਹੈ। ਦੂਜੇ ਰਾਜਾਂ ਵਿੱਚ ਹੋਮ ਗਾਰਡਾਂ ਦੀ ਆਮਦਨ ਇਸ ਤੋਂ ਘੱਟ ਹੈ। ਦੇਸ਼ ਭਰ ਵਿੱਚ, ਹੋਮ ਗਾਰਡਾਂ ਦੀ ਔਸਤ ਆਮਦਨ 10,000 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਹੈ। ਉਹ ਤਿੰਨ ਸਾਲਾਂ ਤਕ ਨੌਕਰੀ ਕਰਦੇ ਹਨ। ਆਮ ਤੌਰ ‘ਤੇ ਇਸ ਮਿਆਦ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ ਹੋਰ ਦੋ ਸਾਲ ਲਈ ਵਧਾਇਆ ਜਾਂਦਾ ਹੈ। ਹੁਣ ਤਕ ਜ਼ਿਆਦਾਤਰ ਰਾਜਾਂ ਵਿੱਚ ਉਨ੍ਹਾਂ ਦਾ ਕਾਰਜਕਾਲ ਸੇਵਾਮੁਕਤੀ ਤੱਕ ਵਧਾ ਦਿੱਤਾ ਗਿਆ ਹੈ।
ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਨੇ, 10 ਫਰਵਰੀ ਨੂੰ ਦਿੱਲੀ ਵਿੱਚ ਆਖਰੀ ਮਾਸਿਕ ਪਰੇਡ ਵਿੱਚ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਰੁਜ਼ਗਾਰ ਦੇ ਹੋਰ ਸਾਧਨ ਲੱਭਣ ਦੇ ਨਿਰਦੇਸ਼ ਦਿੱਤੇ ਸਨ। (ਬਾਕਸ ਦੇਖੋ: ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਨੇ 10 ਫਰਵਰੀ, 2024 ਨੂੰ ਕੀ ਕਿਹਾ?)
ਇਸ ਤੋਂ ਬਾਅਦ ਹੋਮ ਗਾਰਡਾਂ ਦਾ ਖਦਸ਼ਾ ਹੋਰ ਵਧ ਗਿਆ ਹੈ।
ਡੀਜੀ ਸਾਹਬ ਦੇ ਬਿਆਨ ਮੌਜੂਦਾ ਹੋਮ ਗਾਰਡਜ਼ ਨੂੰ ਮਹਿਸੂਸ ਕਰਵਾਉਂਦਾ ਹੈ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਵਿੱਚ ਜਾਰੀ ਰਹਿਣ ਦੀ ਉਮੀਦ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਖਦਸ਼ਾ ਇਸ ਲਈ ਵੀ ਹੈ ਕਿਉਂਕਿ 29 ਦਸੰਬਰ 2023 ਨੂੰ ਦਿੱਲੀ ਹੋਮ ਗਾਰਡਜ਼ ਨਿਯਮ, 1959 ਵਿੱਚ ਤਿੰਨ ਸੋਧਾਂ ਕੀਤੀਆਂ ਗਈਆਂ ਹਨ। ਨੌਕਰੀ ਲਈ ਹੁਣ 12ਵੀਂ ਜਮਾਤ ਪਾਸ ਕਰਨੀ ਜ਼ਰੂਰੀ ਹੋਵੇਗੀ ਜਦਕਿ ਪਹਿਲਾਂ 10ਵੀਂ ਪਾਸ ਇਸ ਲਈ ਕਾਫੀ ਸੀ। ਦੂਜਾ, ਹੁਣ ਬਿਨੈਕਾਰਾਂ ਦੀ ਉਪਰਲੀ ਉਮਰ ਸੀਮਾ 50 ਸਾਲ ਤੋਂ ਘਟਾ ਕੇ 45 ਸਾਲ ਕਰ ਦਿੱਤੀ ਗਈ ਹੈ। ਮੌਜੂਦਾ ਹੋਮ ਗਾਰਡਾਂ ਦਾ ਡਰ ਜਾਇਜ਼ ਹੈ – ਨਿਯਮਾਂ ਵਿੱਚ ਇਨ੍ਹਾਂ ਦੋ ਸੋਧਾਂ ਕਾਰਨ ਮੌਜੂਦਾ ਹੋਮ ਗਾਰਡ ਅਗਲੀ ਭਰਤੀ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ ਕਿਉਂਕਿ ਮੌਜੂਦਾ ਹੋਮ ਗਾਰਡਜ਼ 10 ਤੋਂ 20 ਸਾਲਾਂ ਤੋਂ ਸੇਵਾ ਵਿੱਚ ਹਨ ਅਤੇ ਜ਼ਿਆਦਾਤਰ ਇਹਨਾਂ ਵਿੱਚੋਂ ਜਾਂ ਤਾਂ 45 ਸਾਲ ਤੋਂ ਵੱਧ ਉਮਰ ਦੇ ਹਨ ਜਾਂ ਸਿਰਫ 10ਵੀਂ ਜਮਾਤ ਪਾਸ ਕੀਤੀ ਹੈ, ਅਤੇ ਨਾਮਾਂਕਣ ਸੂਚਨਾ ਇਸ਼ਤਿਹਾਰ ਦੇ ਅਨੁਸਾਰ ਅਪਲਾਈ ਕਰਨ ਦੇ ਯੋਗ ਨਹੀਂ ਹਨ।
ਨਿਯਮਾਂ ਵਿੱਚ ਤੀਜੀ ਸੋਧ ਅਨੁਸਾਰ ਹੁਣ ਤੋਂ ਹੋਮ ਗਾਰਡਜ਼ ਲਈ “ਐਨਰੋਲਡ” ਸ਼ਬਦ ਵਰਤਿਆ ਜਾਵੇਗਾ ਅਤੇ ਉਨ੍ਹਾਂ ਦੀ ਨੌਕਰੀ ਨੂੰ ਦਰਸਾਉਣ ਲਈ “ਨਿਯੁਕਤ” ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਤੀਸਰੀ ਸੋਧ ਤੋਂ ਸਰਕਾਰ ਦੀ ਮਨਸ਼ਾ ਸਪੱਸ਼ਟ ਹੋ ਜਾਂਦੀ ਹੈ ਕਿ ਸਰਕਾਰ ਹੋਮ ਗਾਰਡਜ਼ ਨੂੰ ਨੌਕਰੀਆਂ ਦਾ ਅਧਿਕਾਰ ਨਹੀਂ ਦੇਣਾ ਚਾਹੁੰਦੀ। ਸਰਕਾਰ ਦਾ ਇਰਾਦਾ 20 ਤੋਂ 45 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਤਾਕਤ ਅਤੇ ਊਰਜਾ ਨੂੰ ਕੱੁਝ ਸਾਲਾਂ ਲਈ ਪੁਲਿਸ ਸਹਾਇਕ ਵਜੋਂ ਵਰਤਣਾ ਹੈ ਅਤੇ ਫਿਰ ਉਨ੍ਹਾਂ ਨੂੰ ਦੁੱਧ ਵਿਚੋਂ ਮੱਖੀਆਂ ਵਾਂਗ ਕੱਢ ਸੁੱਟਣਾ ਹੈ। ਉਸ ਸਮੇਂ ਉਨ੍ਹਾਂ ਕੋਲ ਰੁਜ਼ਗਾਰ ਦਾ ਕੋਈ ਮੌਕਾ ਨਹੀਂ ਬਚੇਗਾ।
ਇਸ ਵੇਲੇ ਕੰਮ ਕਰ ਰਹੇ ਹੋਮ ਗਾਰਡ ਆਪਣੀ ਨੌਕਰੀ ਬਚਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦਿੱਲੀ ਸਰਕਾਰ ਦੇ ਉੱਚ ਅਧਿਕਾਰੀਆਂ, ਐਲ.ਜੀ., ਮੁੱਖ ਮੰਤਰੀ ਅਤੇ ਇੱਥੋਂ ਤਕ ਕਿ ਪ੍ਰਧਾਨ ਮੰਤਰੀ ਤਕ ਵੀ ਸ਼ਿਕਾਇਤ ਕੀਤੀ ਹੈ। ਦਿੱਲੀ ਹੋਮ ਗਾਰਡ ਵਿਭਾਗ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਮੌਜੂਦਾ ਹੋਮ ਗਾਰਡਜ਼ ਦੇ ਕਾਰਜਕਾਲ ਨੂੰ 6 ਮਹੀਨੇ ਵਧਾਉਣ ਦੀ ਬੇਨਤੀ ਕੀਤੀ ਹੈ। ਪਰ ਉਨ੍ਹਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਜਦੋਂ ਐਲ.ਜੀ. ਦੇ ਦਫ਼ਤਰ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਕੋਲ ਜਾਣ ਲਈ ਕਿਹਾ ਤਾਂ ਮੁੱਖ ਮੰਤਰੀ ਦਫ਼ਤਰ ਉਨ੍ਹਾਂ ਨੂੰ ਦੱਸਦਾ ਹੈ ਕਿ ਹੋਮ ਗਾਰਡ ਐਲ.ਜੀ. ਹੇਠ ਹਨ। ਫਿਲਹਾਲ ਦਿੱਲੀ ਦੇ ਹੋਮ ਗਾਰਡਜ਼ ਨੇ ਵੀ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 27 ਮਾਰਚ 2024 ਰੱਖੀ ਗਈ ਹੈ। ਹੋਮ ਗਾਰਡ ਬੇਵੱਸ ਹਨ ਅਤੇ ਦਰ-ਦਰ ਭਟਕ ਰਹੇ ਹਨ।
2024 ਦੀ ਨਵੀਂ ਭਰਤੀ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਇਸ ਦਾ ਮੁੱਖ ਕਾਰਨ ਦਿੱਲੀ ਪੁਲਿਸ ਕੋਲ ਭਰਤੀ ਅਤੇ ਸਿਖਲਾਈ ਲਈ ਉਚਿਤ ਸਾਧਨਾਂ ਦੀ ਘਾਟ ਹੈ। ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਪਾਹੀ ਕਿਸਾਨਾਂ ਦੇ ਅੰਦੋਲਨ ਅਤੇ ਬੱਸ ਮਾਰਸ਼ਲਾਂ ਦੇ ਅੰਦੋਲਨ ਵਿੱਚ ਲੱਗੇ ਹੋਏ ਹਨ ਅਤੇ ਉਨ੍ਹਾਂ ਕੋਲ ਸਿਖਲਾਈ ਦੇਣ ਲਈ ਜਗ੍ਹਾ ਵੀ ਨਹੀਂ ਹੈ।
ਇਨ੍ਹਾਂ ਅਨਿਸ਼ਚਿਤ ਹਾਲਾਤਾਂ ਵਿੱਚ ਹੋਮ ਗਾਰਡਜ਼ ਆਪਣੇ ਭਵਿੱਖ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।
10 ਫਰਵਰੀ 2024 ਨੂੰ ਹੋਮ ਗਾਰਡ ਦੇ ਡਾਇਰੈਕਟਰ ਜਨਰਲ ਨੇ ਕੀ ਕਿਹਾ?
ਡੀਜੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ “ਤੁਹਾਨੂੰ ਆਪਣੀ ਰੋਜ਼ੀ-ਰੋਟੀ ਅਤੇ ਘਰ ਚਲਾਉਣ ਲਈ ਕਿਸੇ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਇਹ ਨਾ ਸੋਚੋ ਕਿ ਹੁਣ ਅਸੀਂ ਇੰਨੇ ਬੁੱਢੇ ਹੋ ਗਏ ਹਾਂ ਅਤੇ ਹੁਣ ਅਸੀਂ ਕੀ ਕਰਾਂਗੇ? ਨਹੀਂ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ। ਬਹੁਤ ਸਾਰੀਆਂ ਚੀਜ਼ਾਂ ਕਰਨ ਲਈ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ। ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਤੁਹਾਨੂੰ ਕਿਹੜੀਆਂ ਦਿਲਚਸਪੀਆਂ ਹਨ ਅਤੇ ਉਸ ਅਨੁਸਾਰ ਆਪਣੇ ਹੁਨਰ ਨੂੰ ਹਾਸਲ ਕਰਨਾ ਹੈ। ਜੋ ਵੀ ਸਮਾਂ ਤੁਹਾਨੂੰ ਮਿਲ ਰਿਹਾ ਹੈ, ਜੇਕਰ ਤੁਹਾਡੇ ਕੋਲ ਪੂੰਜੀ ਹੈ ਤਾਂ ਤੁਸੀਂ ਦੁਕਾਨ ਖੋਲ੍ਹ ਸਕਦੇ ਹੋ। ਜੇ ਨਹੀਂ, ਤਾਂ ਤੁਸੀਂ ਪਲੰਬਰ ਦਾ ਕੰਮ ਸਿੱਖ ਸਕਦੇ ਹੋ, ਤੁਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖ ਸਕਦੇ ਹੋ, ਤੁਸੀਂ ਤਰਖਾਣ ਦਾ ਕੰਮ ਸਿੱਖ ਸਕਦੇ ਹੋ, ਤੁਸੀਂ ਪੇਂਟਰ ਦਾ ਕੰਮ ਸਿੱਖ ਸਕਦੇ ਹੋ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ. ਤੁਸੀਂ ਖਾਣਾ ਬਣਾਉਣਾ ਸਿੱਖ ਸਕਦੇ ਹੋ, ਆਪਣਾ ਸਟਾਲ ਲਗਾ ਸਕਦੇ ਹੋ, ਆਪਣੀ ਦੁਕਾਨ ਸਥਾਪਤ ਕਰ ਸਕਦੇ ਹੋ। ਬਹੁਤ ਕੁਝ ਕਰ ਸਕਦੇ ਹੋ। ਕੀ ਤੁਹਾਨੂੰ ਨੌਕਰੀ ਮਿਲੇਗੀ ਜਾਂ ਨਹੀਂ – ਤੁਹਾਨੂੰ ਇਸਦੇ ਲਈ ਯਤਨ ਕਰਨੇ ਪੈਣਗੇ, ਪਰ ਜੇਕਰ ਤੁਹਾਡੇ ਕੋਲ ਹੁਨਰ ਹੈ, ਤਾਂ ਤੁਹਾਨੂੰ ਨੌਕਰੀ ਬਹੁਤ ਆਸਾਨੀ ਨਾਲ ਮਿਲ ਜਾਵੇਗੀ। |