ਅਮਰੀਕਾ ਵਲੋਂ ਫਲਸਤੀਨੀ ਲੋਕਾਂ ਦੀ ਹੋ ਰਹੀ ਨਸਲਕੁਸ਼ੀ ਦੀ ਹਮਾਇਤ ਦੀ ਨਿੰਦਿਆ ਕਰੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 21 ਅਕਤੂਬਰ, 2023

ਅਮਰੀਕੀ ਸਰਕਾਰ ਬੜੀ ਬੇਸ਼ਰਮੀ ਨਾਲ ਇਜ਼ਰਾਈਲ ਦੀ ਸਿਆਸੀ ਅਤੇ ਫੌਜੀ ਹਮਾਇਤ ਜਾਰੀ ਰਖੀ ਹੋਈ ਹੈ। ਅਮਰੀਕੀ ਪ੍ਰਧਾਨ ਬਾਈਡਨ ਅਲ ਅਹਲੀ ਅਰਬ ਹਸਪਤਾਲ ਉਤੇ ਬੰਬਾਰੀ ਤੋਂ ਕੁਝ ਹੀ ਘੰਟਿਆਂ ਬਾਅਦ ਇਜ਼ਰਾਈਲ ਪਹੁੰਚ ਗਿਆ ਅਤੇ ਐਲਾਨ ਕੀਤਾ ਕਿ ਅਮਰੀਕਾ ਅਖੀਰ ਤਕ ਇਜ਼ਰਾਈਲ ਦੇ ਨਾਲ ਖੜ੍ਹਾ ਰਹੇਗਾ।

ਅਮਰੀਕੀ ਸਾਮਰਾਜਵਾਦੀਆਂ ਨੇ ਇਜ਼ਰਾਈਲੀ ਸਮੁੰਦਰੀ ਤਟ ਦੇ ਨਾਲ ਮਧ-ਸਾਗਰ ਵਿਚ ਦੋ ਏਅਰ ਕਰਾਫਟ ਕੈਰੀਅਰ (ਬੰਬਾਰੀ ਹਵਾਈ ਜਹਾਜ਼ਾਂ ਨਾਲ ਲੈਸ ਸਮੁੰਦਰੀ ਜਹਾਜ਼) ਵੀ ਭੇਜੇ ਹਨ। ਜਦੋਂ ਇਜ਼ਰਾਈਲ ਵਲੋਂ ਸੀਰੀਆ ਦੇ ਹਵਾਈ ਅੱਡਿਆਂ ਉਤੇ ਬੰਬਾਰੀ ਕਰ ਰਹੇ ਸਨ ਤਾਂ ਇਹ ਜਹਾਜ਼ ਉਥੇ ਖੜ੍ਹੇ ਸਨ। ਅਮਰੀਕਾ ਅਰਬ ਦੇਸ਼ਾਂ ਨੂੰ ਧਮਕੀਆਂ ਦੇ ਕੇ ਅਤੇ ਹੋਰ ਢੰਗਾਂ ਨਾਲ ਉਨ੍ਹਾਂ ਉਤੇ ਦਬਾ ਪਾ ਕੇ ਇਜ਼ਰਾਈਲੀ ਕਬਜ਼ਾਕਾਰੀਆਂ ਦੇ ਖਿਲਾਫ ਫਲਸਤੀਨੀ ਲੋਕਾਂ ਦੇ ਜਾਇਜ਼ ਸੰਘਰਸ਼ ਨੂੰ ਅੱਤਵਾਦ ਕਰਾਰ ਦਿੰਦਿਆਂ ਹੋਇਆਂ ਨਿੰਦਣ ਲਈ ਕਹਿ ਰਿਹਾ ਹੈ। ਅਰਬੀ ਦੁਨੀਆਂ ਦੇ ਲੋਕ ਅਤੇ ਦੇਸ਼ ਅਜੇਹਾ ਕਰਨ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦੇਸ਼ਾਂ ਦੇ ਲੋਕ ਆਪਣੇ ਫਲਸਤੀਨੀ ਭੈਣਾਂ ਅਤੇ ਭਰਾਵਾਂ ਦੀ ਪੂਰੇ ਦਿਲ ਨਾਲ ਹਮਾਇਤ ਕਰ ਰਹੇ ਹਨ।

ਗਾਜ਼ਾ ਦੇ ਫਲਸਤੀਨੀ ਲੋਕਾਂ ਉਤੇ ਇਜ਼ਰਾਈਲ ਵਲੋਂ ਛੇੜੀ ਹੋਈ ਜੰਗ ਨੇ ਮਨੁੱਖਤਾ ਦੀ ਜ਼ਮੀਰ ਨੂੰ ਝੰਜੋੜ ਸੁੱਟਿਆ ਹੈ। 17 ਅਕਤੂਬਰ ਨੂੰ ਅਲ ਅਹਲੀ ਅਰਬ ਹਸਪਤਾਲ ਉਤੇ ਨਿਰਲੱਜਤਾ ਨਾਲ ਕੀਤੇ ਗਏ ਹਮਲੇ ਵਿਚ 500 ਤੋਂ ਵਧ ਡਾਕਟਰ, ਨਰਸਾਂ ਅਤੇ ਮਰੀਜ਼ਾਂ ਦੀ ਹੋਈ ਮੌਤ ਦੁਨੀਆਂ ਦੇ ਪੱਧਰ ਉਤੇ ਨਿੰਦਿਆ ਹੋਈ ਹੈ। ਲਗਾਤਾਰ 10 ਤੋਂ ਜ਼ਿਆਦਾ ਦਿਨਾਂ ਤੋਂ ਇਜ਼ਰਾਈਲ ਗਾਜ਼ਾ ਉਤੇ ਅੰਧਾਧੁੰਦ ਬੰਬਾਰੀ ਕਰਦਾ ਆ ਰਿਹਾ ਹੈ, ਜਿਨ੍ਹਾਂ ਵਿਚ ਰਹਾਇਸ਼ੀ ਅਪਾਰਟਮੈਂਟ, ਸਕੂਲ ਅਤੇ ਰਿਫਊਜੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਬੰਬਾਰੀਆਂ ਨਾਲ ਹਜ਼ਾਰਾਂ ਹੀ ਆਦਮੀ, ਔਰਤਾਂ ਅਤੇ ਬੱਚੇ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਹੋਰ ਜ਼ਖਮੀ ਹੋਏ ਹਨ। ਨਿੱਕੇ ਜਿਹੇ ਗਾਜ਼ਾ ਪੱਟੀ ਵਿਚ ਰਹਿ ਰਹੇ 2.3 ਮਿਲੀਅਨ ਲੋਕਾਂ ਦੀ ਨਿਰਦੈਤਾ ਨਾਲ ਘੇਰਾਬੰਦੀ ਕੀਤੀ ਹੋਈ ਹੈ। ਲੋਕਾਂ ਨੂੰ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ – ਖਾਣਾ-ਪੀਣਾ/ਰਸਦ, ਪਾਣੀ, ਬਿਜਲੀ, ਤੇਲ ਅਤੇ ਡਾਕਟਰੀ ਸਮਾਨ – ਤੋਂ ਵਾਂਝਿਆਂ ਰਖਿਆ ਹੋਇਆ ਹੈ।

ਇਜ਼ਰਾਈਲ ਇਸ ਅਣਮਨੁੱਖੀ ਜੰਗ ਨੂੰ ਹਮਸ, ਜੋ ਕਿ ਗਾਜ਼ਾ ਵਿਚ ਫਲਸਤੀਨੀ ਲੋਕਾਂ ਦੀ ਸਰਕਾਰ ਚਲਾਉਂਦੀ ਹੈ, ਨੂੰ ਤਬਾਹ ਕਰਨ ਦੇ ਨਾਮ ਉਤੇ ਜਾਇਜ਼ ਠਹਿਰਾਉਂਦਾ ਹੈ। ਉਹ ਇਸ ਜੰਗ ਨੂੰ “ਸਵੈ-ਰਖਿਆ ਦੇ ਅਧਿਕਾਰ” ਦੇ ਨਾਮ ਉਤੇ ਜਾਇਜ਼ ਠਹਿਰਾ ਰਿਹਾ ਹੈ। ਦੁਨੀਆਂ ਜਾਣਦੀ ਹੈ ਕਿ ਲੋਕਾਂ ਦੇ ਘਰਾਂ, ਸਕੂਲਾਂ ਅਤੇ ਹਸਪਤਾਲਾਂ ਉਤੇ ਬੰਬਾਂ ਦਾ ਮੀਂਹ ਬਰਸਾ ਕੇ ਲੋਕਾਂ ਨੂੰ ਯਕੀਨੀ ਤੌਰ ਤੇ ਮੌਤ ਦੇ ਘਾਟ ਉਤਾਰਨਾ, ਅਤੇ ਉਨ੍ਹਾਂ ਨੂੰ ਰਸਦ, ਪਾਣੀ, ਬਿਜਲੀ, ਡਾਕਟਰੀ ਸਮਾਨ ਅਤੇ ਹੋਰ ਚੀਜ਼ਾਂ ਤੋਂ ਵਾਂਝਿਆਂ ਰਖਣਾ ਸਵੈ-ਰਖਿਆ ਨਹੀਂ। ਇਹ ਨਸਲਕੁਸ਼ੀ ਹੈ।

ਦੁਨੀਆਂ ਦੇ ਲੋਕ ਅਤੇ ਦੇਸ਼ ਨਿਰੰਤਰਤਾ ਨਾਲ ਮੰਗ ਕਰ ਰਹੇ ਹਨ ਕਿ ਸੰਯੁਕਤ ਰਾਸ਼ਟਰ ਇਸ ਜੰਗ ਨੂੰ ਬੰਦ ਕਰਾਉਣ ਲਈ ਫੌਰੀ ਕਦਮ ਉਠਾਏ। ਲੇਕਿਨ, ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਲੋਂ ਜੰਗ ਨੂੰ ਬੰਦ ਕਰਾਉਣ ਦੀ ਹਰ ਕੋਸ਼ਿਸ਼ ਨੂੰ ਅਮਰੀਕੀ ਸਾਮਰਾਜਵਾਦ ਅਤੇ ਉਸ ਦੇ ਨੇਟੋ ਮਿੱਤਰ ਡੱਕ ਦਿਤਾ ਜਾਂਦਾ ਹੈ।

ਰੂਸ ਵਲੋਂ 16 ਅਕਤੂਬਰ ਨੂੰ ਸੰਯੁਕਤਰਾਸ਼ਟਰ ਦੀ ਸੁਰਖਿਆ ਕੌਂਸਲ ਵਿਚ ਫੌਰੀ ਮਨੁੱਖਤਾਵਾਦੀ ਯੁੱਧ-ਵਿਰਾਮ ਵਾਸਤੇ ਮਤਾ ਪੇਸ਼ ਕੀਤਾ ਗਿਆ ਸੀ। ਬਾਹਰੇਨ, ਬੰਗਲਾਦੇਸ਼, ਬੇਲਾਰੂਸ, ਜਬੂਤੀ, ਮਿਸਰ, ਏਰੀਟਰਾ, ਇੰਡੋਨੇਸ਼ੀਆ, ਜੌਰਡਨ, ਕੁਵੇਤ, ਲੈਬਨਾਨ, ਮਾਲੀ, ਮਲੇਸ਼ੀਆ, ਮਾਰੀਟਾਨੀਆਂ, ਮਾਲਦੀਪ, ਨਿਕਰਾਗੂਆ, ਓਮਾਨ, ਪਾਕਿਸਤਾਨ, ਕਤਰ, ਸਾਊਦੀ ਅਰਬ, ਸੁਡਾਨ, ਤੁਰਕੀ, ਵੈਨਜ਼ੂਏਲਾ, ਯੈਮਿਨ ਅਤੇ ਜ਼ਿਮਵਾਬੇ ਸਮੇਤ ਹੋਰ ਕਈ ਦੇਸ਼ਾਂ ਵਲੋਂ ਵੀ ਸਾਂਝੇ ਤੌਰ ਤੇ ਸਪੌਂਸਰ ਕੀਤਾ ਗਿਆ ਸੀ। ਅਮਰੀਕਾ ਅਤੇ ਸੁਰਖਿਆ ਕੌਂਸਲ ਦੇ ਤਿੰਨ ਹੋਰ ਮੈਂਬਰ ਦੇਸ਼ਾਂ – ਬਰਤਾਨੀਆਂ, ਫਰਾਂਸ ਅਤੇ ਜਪਾਨ  – ਨੇ ਮਤੇ ਦੇ ਖਿਲਾਫ ਵੋਟ ਦਿਤੇ। ਸੁਰਖਿਆ ਕੌਂਸਲ ਦੇ ਪੰਜ ਮੈਂਬਰਾਂ – ਚੀਨ, ਗਬਨ, ਮੌਜ਼ਮਬੀਕ, ਰੂਸ ਅਤੇ ਯੁਨਾਈਟਿਡ ਅਰਬ ਐਮੀਰੇਟਸ – ਨੇ ਹੱਕ ਵਿਚ ਵੋਟ ਦਿਤੇ, ਜਦ ਕਿ 6 ਮੈਂਬਰਾਂ ਨੇ ਗੈਰਹਾਜ਼ਰੀ ਲਾਈ। ਮਤਾ ਫੇਲ ਹੋ ਗਿਆ। ਸੰਯੁਕਤਰਾਸ਼ਟਰ ਵਿਚ ਰੂਸ ਦੇ ਸਥਾਈ ਪ੍ਰਤੀਨਿਧ ਨੇ ਕਿਹਾ ਕਿ ਪੱਛਮੀ ਦੇਸ਼ਾਂ ਦੇ ਡੈਲੀਗੇਸ਼ਨਾਂ ਨੇ ਇਸ ਹਿੰਸਾ ਨੂੰ ਸੁਰਖਿਆ ਕੌਂਸਲ ਵਲੋਂ ਬੰਦ ਕਰਵਾ ਸਕਣ ਦੀਆਂ ਦੁਨੀਆਂ ਭਰ ਦੇ ਲੋਕਾਂ ਦੀਆਂ ਉਮੀਦਾਂ ਨੂੰ “ਬੁਨਿਆਦੀ ਤੌਰ ਉਤੇ ਛੜੱਪੇ” ਮਾਰ ਮਾਰ ਕੇ ਮਿੱਧ ਸੁਟਿਆ ਹੈ।

ਸੰਯੁਕਤਰਾਸ਼ਟ ਵਿਚ ਫਲਸਤੀਨ ਦੇ ਸਥਾਈ ਓਬਜ਼ਰਵਰ ਨੇ ਸੁਰਖਿਆ ਕੌਂਸਲ ਨੂੰ “ਬਿਨਾਂ ਕਿਸੇ ਛੋਟ ਤੋਂ” ਅੰਤਰਰਾਸ਼ਟਰੀ ਕਨੂੰਨ ਦੇ ਅਸੂਲਾਂ ਤੋਂ ਸੇਧ ਲੈਣ ਦੀ ਬੇਨਤੀ ਕੀਤੀ ਸੀ। ਉਸ ਨੇ ਕਿਹਾ ਕਿ “ਇਹ ਸੰਕੇਤ ਨਾ ਭੇਜਿਓ ਕਿ ਫਲਸਤੀਨੀ ਜਾਨਾਂ ਦੀ ਕੋਈ ਕੀਮਤ ਨਹੀਂ। ਇਹ ਕਹਿਣ ਦਾ ਹੌਸਲਾ ਕਰਿਓ ਕਿ ਜਿਹੜੇ ਬੰਬ ਇਜ਼ਰਾਈਲ ਉਨ੍ਹਾਂ ਦੇ ਸਿਰਾਂ ਉਤੇ ਸੁੱਟ ਰਿਹਾ ਹੈ, ਉਨ੍ਹਾਂ ਵਾਸਤੇ ਇਜ਼ਰਾਈਲ ਜ਼ਿਮੇਵਾਰ ਨਹੀਂ ਹੈ”। ਉਸ ਨੇ ਕਿਹਾ ਕਿ ਜੋ ਕੁਝ ਗਾਜ਼ਾ ਵਿਚ ਹੋ ਰਿਹਾ ਹੈ ਉਹ ਮਹਿਜ਼ ਇਕ ਫੌਜੀ ਕਾਰਵਾਈ ਨਹੀਂ, ਬਲ ਕਿ ਉਸ ਦੇ ਲੋਕਾਂ ਉਤੇ ਇਕ ਵੱਡਾ ਹਮਲਾ ਅਤੇ ਬੇਕਸੂਰ ਨਾਗਰਿਕਾਂ ਦਾ ਕਤਲੇਆਮ ਹੈ। ਉਹਨੇ ਕਿਹਾ “ਗਾਜ਼ਾ ਵਿਚ ਕਿਤੇ ਵੀ ਬਚਾਅ ਨਹੀਂ, ਹਰ ਰਾਤ ਨੂੰ ਪ੍ਰਵਾਰ ਆਪਸ ਵਿਚ ਗਲੇ ਮਿਲਦੇ ਹਨ, ਇਹ ਨਾ ਜਾਣਦਿਆਂ ਹੋਇਆਂ ਕਿ ਕੀ ਇਹ ਆਖਰੀ ਬਾਰ ਹੈ” ।

18 ਅਕਤੂਬਰ ਨੂੰ ਸੁਰਖਿਆ ਕੌਂਸਲ ਵਿਚ ਜੰਗ ਬਾਰੇ ਬਰਾਜ਼ੀਲ ਵਲੋਂ ਪੇਸ਼ ਕੀਤੇ ਗਏ ਇਕ ਨਵੇਂ ਮਤੇ ਉਤੇ ਵੋਟ ਪਏ। ਮਤੇ ਵਿਚ ਸੰਯੁਕਤਰਾਸ਼ਟਰ ਦੀਆਂ ਏਜੰਸੀਆਂ ਅਤੇ ਉਨ੍ਹਾਂ ਦੇ ਸਾਂਝੀਦਾਰਾਂ ਲਈ ਮੁਕੰਮਲ, ਸੁਰਖਿਅਤ ਅਤੇ ਬੇਰੋਕ ਆਵਾਜਾਈ ਲਈ ਮਨੁੱਖਤਾਵਾਦੀ ਜੰਗ ਰੋਕੂ ਵਖਵੇ ਦਿਤੇ ਜਾਣ ਦੀ ਮੰਗ ਕੀਤੀ ਗਈ ਸੀ। ਇਹ ਮੁਕੰਮਲ ਜੰਗਬੰਦੀ ਵਾਸਤੇ ਮਤਾ ਨਹੀਂ ਸੀ, ਮਹਿਜ਼ ਇਹ ਮੰਗ ਸੀ ਕਿ ਜੰਗ ਨੂੰ ਕੁਝ ਸਮੇਂ ਲਈ ਰੋਕ ਕੇ ਗਾਜ਼ਾ ਦੇ ਵਸਨੀਕਾਂ ਦੀ ਸਹਾਇਤਾ ਲਈ ਵਸਤਾਂ ਭੇਜਣ ਦੀ ਆਗਿਆ ਦਿਤੀ ਜਾਵੇ। ਇਸ ਵਿਚ ਤਮਾਮ ਬੰਦੀਆਂ/ਹੋਸਟੇਜਜ਼ ਦੀ ਬਿਨਾਂਸ਼ਰਤ ਰਿਹਾਈ ਦੀ ਮੰਗ ਕੀਤੀ ਗਈ ਸੀ ਅਤੇ ਅੰਤਰਰਾਸ਼ਟਰੀ ਮਨੁੱਖਤਾਵਾਦੀ ਕਨੂੰਨ ਅਨੁਸਾਰ ਤਮਾਮ ਡਾਕਟਰੀ ਅਤੇ ਮਨੁਖਤਾਵਾਦੀ ਵਿਅਕਤੀਆਂ ਅਤੇ ਹਸਪਤਾਲਾਂ ਅਤੇ ਹੋਰ ਡਾਕਟਰੀ ਸਹਾਇਤਾ ਦੀਆਂ ਸੁਵਿਧਾਵਾਂ ਦੀ ਰਖਵਾਲੀ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। 12 ਦੇਸ਼ਾਂ ਨੇ ਇਹਦੇ ਹੱਕ ਵਿਚ ਵੋਟ ਪਾਏ ਅਤੇ 2 ਦੇਸ਼ ਗੈਰਹਾਜ਼ਰ ਰਹੇ। ਅਮਰੀਕਾ ਨੇ ਇਹ ਮਤਾ ਪਾਸ ਹੋਣ ਤੋਂ ਰੋਕਣ ਲਈ ਵੀਟੋ ਸ਼ਕਤੀ ਦਾ ਇਸਤੇਮਾਲ ਕੀਤਾ।

ਅਮਰੀਕਾ ਦੇ ਸਥਾਈ ਪ੍ਰਤੀਨਿਧ ਨੇ ਇਹ ਦਲੀਲ ਦਿੰਦਿਆਂ ਜੰਗ ਵਿਚ ਮਨੁੱਖਤਾਵਾਦੀ ਕਾਰਨਾਂ ਲਈ ਕੁਝ ਵਖਵਿਆਂ ਲਈ ਜੰਗ ਰੋਕਣ ਦੇ ਮਤੇ ਦੀ ਵਿਰੋਧਤਾ ਨੂੰ ਜਾਇਜ਼ ਠਹਿਰਾਇਆ ਕਿ ਇਹ ਮਤਾ ਇਜ਼ਰਾਈਲ ਦੇ “ਆਤਮ-ਰਖਿਆ ਦੇ ਅਧਿਕਾਰ” ਦੀ ਸਪੱਸ਼ਟ ਤੌਰ ਤੇ ਹਮਾਇਤ ਨਹੀਂ ਕਰਦਾ। ਇਸ ਤੋਂ ਸਾਬਤ ਹੁੰਦਾ ਹੈ ਕਿ ਅਮਰੀਕਾ ਇਜ਼ਰਾਈਲ ਵਲੋਂ ਛੇੜੀ ਗਈ ਨਸਲਕੁਸ਼ੀ ਦੀ ਜੰਗ ਦੀ ਪੂਰੀ ਤਰਾਂ ਹਮਾਇਤ ਕਰਦਾ ਹੈ।

ਅਮਰੀਕਾ ਮੀਡੀਏ ਉਤੇ ਆਪਣੀ ਸਰਦਾਰੀ ਨੂੰ ਵਰਤ ਕੇ ਗਲਤ ਜਾਣਕਾਰੀ ਫੈਲਾਉਣ ਦੀ ਮੁਹਿੰਮ ਚਲਾ ਰਿਹਾ ਹੈ। ਫਲਸਤੀਨੀ ਲੋਕਾਂ ਦੇ ਖਿਲਾਫ ਇਜ਼ਰਾਈਲ ਵਲੋਂ ਛੇੜੀ ਗਈ ਨਸਲਕੁਸ਼ੀ ਦੀ ਜੰਗ ਦੀ ਨਿਖੇਧੀ ਕਰਨ ਵਾਲੇ ਦੁਨੀਆਂ ਭਰ ਦੇ ਲੋਕਾਂ ਨੂੰ ਐਂਟੀ-ਸਮੈਟਿਕ (ਯਹੂਦੀ-ਵਿਰੋਧੀ) ਗਰਦਾਨਿਆਂ ਜਾ ਰਿਹਾ ਹੈ। ਗਲਤ ਜਾਣਕਾਰੀ ਫੈਲਾਉਣ ਦੀ ਮੁਹਿੰਮ ਇਸ ਸਚਾਈ ਨੂੰ ਛੁਪਾ ਰਹੀ ਹੈ ਕਿ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਬਹੁਤ ਸਾਰੇ ਯਹੂਦੀ ਇਸ ਜੰਗ ਦੇ ਖਿਲਾਫ ਸੜਕਾਂ ਉਤੇ ਉਤਰ ਆਏ ਹਨ। ਉਹ ਕਹਿ ਰਹੇ ਹਨ ਕਿ ਇਹ ਜੰਗ “ਮੇਰੇ ਨਾਮ ਉਤੇ ਨਾ ਕੀਤੀ ਜਾਵੇ” ਅਤੇ ਉਹ ਫਲਸਤੀਨੀਆਂ ਦਾ ਆਪਣਾ ਦੇਸ਼ ਬਣਾਏ ਜਾਣ ਦੀ ਹਮਾਇਤ ਕਰਦੇ ਹਨ। ਇਹ ਮੁਹਿੰਮ ਫਲਸਤੀਨੀ ਲੋਕਾਂ ਨੂੰ ਬਦਨਾਮ ਕਰ ਰਹੇ ਹਨ ਜਿਹੜੇ ਇਕ ਕੌਮ ਬਤੌਰ ਜਿਉਂਦੇ ਰਹਿਣ ਲਈ ਲੜ ਰਹੇ ਹਨ, ਕਿ ਉਹ ਹੀ ਸਮੱਸਿਆ ਦੀ ਜੜ੍ਹ ਹਨ, ਅਤੇ ਇਜ਼ਰਾਈਲ ਨੂੰ ਉਨ੍ਹਾਂ ਦਾ ਸ਼ਿਕਾਰ ਪੇਸ਼ ਕਰ ਰਹੀ ਹੈ। ਫਲਸਤੀਨੀ ਲੜਾਕੂਆਂ ਉਤੇ ਬਹੁਤ ਕਿਸਮ ਦੇ ਝੂਠੇ ਇਲਜ਼ਾਮ ਮੜ੍ਹੇ ਜਾ ਰਹੇ ਹਨ, ਜਿਹੜੇ ਬਾਦ ਵਿਚ ਝੂਠੀ ਖਬਰ (ਫੇਕ ਨਿਊਜ਼) ਸਾਬਤ ਹੋ ਜਾਂਦੇ ਹਨ।

ਦੁਨੀਆਂ ਦੇ ਲੋਕਾਂ ਨੂੰ ਹੁਣ ਸਾਫ ਪਤਾ ਲਗ ਰਿਹਾ ਹੈ ਕਿ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਵਿਚ ਅਮਰੀਕਾ ਵੀ ਹਿੱਸੇਦਾਰ ਹੈ। ਅਮਰੀਕਾ ਨੇ ਉਸ ਖਿਤੇ ਵਿਚ ਆਪਣੇ ਖੁਦ ਦੇ ਸਾਮਰਾਜਵਾਦੀ ਹਿੱਤਾਂ ਦੀ ਖਾਤਰ ਇਜ਼ਰਾਈਲ ਨੂੰ ਉਪਰ ਤਕ ਹਥਿਆਰਾਂ ਨਾਲ ਲੈਸ ਕੀਤਾ ਹੋਇਆ ਹੈ। ਇਸੇ ਹਿੱਤ ਦੀ ਖਾਤਰ ਅਮਰੀਕਾ 75 ਸਾਲ ਪਹਿਲਾਂ ਇਜ਼ਰਾਈਲ ਦੀ ਸਥਾਪਤੀ ਦੇ ਸਮੇਂ ਤੋਂ ਲੈ ਕੇ ਫਲਸਤੀਨੀ ਲੋਕਾਂ ਦੇ ਖਿਲਾਫ ਇਜ਼ਰਾਈਲ ਦੀਆਂ ਉਨ੍ਹਾਂ ਕਾਰਵਾਈਆਂ ਦੇ ਹੱਕ ਵਿਚ ਆਪਣੀ ਵੀਟੋ ਸ਼ਕਤੀ ਦਾ ਇਸਤੇਮਾਲ ਕਰਦਾ ਆ ਰਿਹਾ ਹੈ, ਜਿਨ੍ਹਾਂ ਦੀ ਕੋਈ ਡੀਫੈਸ ਹੋ ਹੀ ਨਹੀਂ ਸਕਦੀ।

ਅਮਰੀਕਾ ਉਸ ਰਸਤੇ ਉਤੇ ਚਲ ਰਿਹਾ ਹੈ ਜੋ ਇਜ਼ਰਾਈਲੀਆਂ, ਫਲਸਤੀਨੀਆਂ ਅਤੇ ਉਸ ਖਿੱਤੇ ਦੇ ਬਾਕੀ ਸਭ ਲੋਕਾਂ ਲਈ ਤਬਾਹਕੁੰਨ ਹਨ। ਅਮਰੀਕਾ ਦੀ ਹਥਿਆਰ ਬਣਾਉਣ ਵਾਲੀ ਇਕ ਵੱਡੀ ਕੰਪਨੀ, ਲੌਖੀਡ ਮਾਰਟਿਨ ਦੇ ਚੀਫ ਐਗਜ਼ੈਕਟਿਵ  ਜੇਮਜ਼ ਟਾਇਸਲੈਟ ਨੇ ਅਮਰੀਕਾ ਦੀ ਨੀਤੀ ਇਨ੍ਹਾਂ ਸ਼ਬਦਾਂ ਵਿਚ ਕਲਮਬੰਦ ਕੀਤੀ ਹੈ: “ਇਜ਼ਰਾਈਲ ਦੀ ਕਿਸੇ ਵੀ ਫੋਜੀ ਕਾਰਵਾਈ ਨੂੰ ਰੋਕਣ ਦੀ ਕੋਈ ਤੁੱਕ ਨਹੀਂ ਬਣਦੀ। …ਕੁਝ ਝਗੜੇ ਅਜੇਹੇ ਹੁੰਦੇ ਹਨ ਜਿਹੜੇ ਹਥਿਆਰਾਂ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ ਅਤੇ ਅਸੀਂ ਇਹ ਹਥਿਆਰ, ਇਹ ਸ਼ਸਤਰ, ਦੇਣ ਲਈ ਤਿਆਰ ਹਾਂ”।

ਹਿੰਦੋਸਤਾਨ ਦੇ ਲੋਕ ਇਸ ਜੰਗ ਨੂੰ ਫੌਰੀ ਤੌਰ ਤੇ ਖਤਮ ਕੀਤੇ ਜਾਣ ਅਤੇ ਗਾਜ਼ਾ ਦੀ ਘੇਰਾਬੰਦੀ ਚੁੱਕੇ ਜਾਣ ਦੀ ਮੰਗ ਕਰ ਰਹੇ ਦੁਨੀਆਂ ਦੇ ਹੋਰ ਦੇਸ਼ਾਂ ਦੇ ਲੋਕਾਂ ਦੇ ਨਾਲ ਹਨ। ਫਲਸਤੀਨੀ ਲੋਕਾਂ ਨੂੰ, ਲੋਕਾਂ/ਕੌਮ ਬਤੌਰ ਆਪਣੀ ਹੋਂਦ ਕਾਇਮ ਰਖਣ ਦਾ ਪੂਰਾ ਅਧਿਕਾਰ ਹੈ। ਇਜ਼ਰਾਈਲ, ਫਲਸਤੀਨ ਅਤੇ ਉਸ ਇਲਾਕੇ ਦੇ ਹੋਰ ਦੇਸ਼ਾਂ ਦੇ ਲੋਕਾਂ ਲਈ ਚਿਰਜੀਵੀ ਅਮਨ ਯਕੀਨੀ ਬਣਾਉਣ ਦਾ ਇਕੋ ਇਕ ਰਾਹ, ਫਲਸਤੀਨੀ ਲੋਕਾਂ ਦੇ ਅਧਿਕਾਰਾਂ ਦੇ ਹੱਕ ਵਿਚ ਸੰਯੁਕਤ ਰਾਸ਼ਟਰ ਵਿਚ ਪਾਸੇ ਕੀਤੇ ਜਾ ਚੁੱਕੇ ਮਤਿਆਂ ਨੂੰ ਲਾਗੂ ਕੀਤਾ ਜਾਣਾ ਹੈ। ਇਨ੍ਹਾਂ ਵਿਚ 1967 ਤੋਂ ਪਹਿਲਾਂ ਵਾਲੇ ਫਲਸਤੀਨੀ ਇਲਾਕਿਆਂ ਵਿਚੋਂ ਇਜ਼ਰਾਈਲ ਦਾ ਵਾਪਸ ਜਾਣਾ, ਪੂਰਵੀ ਯਰੂਸ਼ਲਮ ਨੂੰ ਰਾਜਧਾਨੀ ਬਣਾ ਕੇ ਫਲਸਤੀਨੀ ਦੇਸ਼ ਬਣਾਉਣਾ, ਕਬਜ਼ਾ ਕੀਤੇ ਗਏ ਇਲਾਕਿਆਂ ਵਿਚੋਂ ਇਜ਼ਰਾਈਲੀ ਬਸਤੀਆਂ ਨੂੰ ਚੁੱਕਣਾ/ਹਟਾਉਣਾ ਅਤੇ ਤਮਾਮ ਫਲਸਤੀਨੀ ਰਿਫਊਜੀਆਂ ਨੂੰ ਆਪਣੇ ਵਤਨ ਵਾਪਸ ਮੁੜਨ ਦਾ ਹੱਕ ਦਿਤਾ ਜਾਣਾ ਸ਼ਾਮਲ ਹੈ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਫਲਸਤੀਨੀ ਲੋਕਾਂ ਖਿਲਾਫ ਇਜ਼ਰਾਈਲ ਵਲੋਂ ਛੇੜੀ ਗਈ ਨਸਲਕੁਸ਼ੀ ਦੀ ਜੰਗ ਨੂੰ ਜਾਣ ਬੁੱਝ ਕੇ ਲਮਕਾਉਣ ਵਾਸਤੇ ਅਮਰੀਕੀ ਸਾਮਰਾਜਵਾਦੀਆਂ ਦੀ ਪੁਰਜ਼ੋਰ ਨਿੰਦਿਆ ਕਰਦੀ ਹੈ। ਅਮਰੀਕਾ ਸੰਯੁਕਤ ਰਾਸ਼ਟਰ ਦੀ ਸਥਾਪਤੀ ਵੇਲੇ ਬਣਾਏ ਗਏ ਤਮਾਮ ਅਸੂਲਾਂ ਵਲ ਘਿਰਣਾ ਦਿਖਾ ਰਿਹਾ ਹੈ। ਉਹ ਉਸ ਰਾਹ ਉਤੇ ਚਲ ਰਿਹਾ ਹੈ ਜੋ  ਦੁਨੀਆਂ ਦੇ ਲੋਕਾਂ ਵਾਸਤੇ ਵੱਡੇ ਖਤਰਿਆਂ ਨਾਲ ਭਰਿਆ ਪਿਆ ਹੈ।

ਫਲਸਤੀਨੀ ਲੋਕਾਂ ਦਾ ਆਪਣੀ ਮਾਤ-ਭੂਮੀ ਵਾਸਤੇ ਜਾਇਜ਼ ਸੰਘਰਸ਼ ਜ਼ਿੰਦਾਬਾਦ!

Share and Enjoy !

Shares

Leave a Reply

Your email address will not be published. Required fields are marked *