ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਨੂੰ ਫੌਰੀ ਤੌਰ ਤੇ ਖਤਮ ਕਰਨ ਦੀ ਜ਼ਰੂਰਤ ਹੈ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, ਅਕਤੂਬਰ 10, 2023

ਇਜ਼ਰਾਈਲ ਅਤੇ ਹਮਸ ਦੇ ਫਲਸਤੀਨੀ ਜੁਝਾਰੂਆਂ ਵਿਚਕਾਰ ਪੁਰਜ਼ੋਰ ਜੰਗ ਦਹਾੜ ਰਹੀ ਹੈ। ਸੰਯੁਕਤਰਾਸ਼ਟਰ ਨੂੰ ਇਹ ਜੰਗ ਫੌਰੀ ਤੌਰ ਉਤੇ ਖਤਮ ਕਰਾਉਣ ਲਈ ਕਦਮ ਉਠਾਉਣ ਦੀ ਸਖਤ ਜ਼ਰੂਰਤ ਹੈ।

ਹੁਣ ਤਕ 2000 ਤੋਂ ਵਧ ਇਜ਼ਰਾਈਲੀ ਅਤੇ ਫਲਸਤੀਨੀ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਹਜ਼ਾਰ ਜ਼ਖਮੀ ਹੋਏ ਹਨ। 7 ਅਕਤੂਬਰ ਨੂੰ ਹਮਸ ਦੇ ਫਲਸਤੀਨੀ ਜੰਗਜੂਆਂ ਵਲੋਂ “ਅਪਰੇਸ਼ਨ ਅਲ-ਅਕਸਾ ਫਲੱਡ” ਨਾਮੀ ਅਚਨਚੇਤੀ ਹਮਲੇ ਤੋਂ ਬਾਦ ਇਜ਼ਰਾਈਲ ਨੇ ਗਾਜ਼ਾ ਪੱਟੀ ਉਤੇ ਭਾਰੀ ਹਵਾਈ ਬੰਬਾਰੀ ਯੁਰੂ ਕਰ ਦਿਤੀ ਗਈ ਹੈ ਜਿਸ ਦਾ ਨਿਸ਼ਾਨਾ ਸ਼ਹਿਰੀ ਅਬਾਦੀ ਬਣੀ ਹੈ। ਇਜ਼ਰਾਈਲ ਨੇ ਗਾਜ਼ਾ ਪੱਟੀ ਦਾ ਮੁਕੰਮਲ ਘੇਰਾ ਘੱਤ ਲਿਆ ਹੈ ਅਤੇ ਪਾਣੀ, ਬਿਜਲੀ, ਤੇਲ, ਦਵਾਈਆਂ ਅਤੇ ਖਾਣ-ਪੀਣ ਦਾ ਸਮਾਨ ਗਾਜ਼ਾ ਪੱਟੀ ਦੇ ਅੰਦਰ ਜਾਣਾ ਰੋਕ ਦਿਤਾ ਹੈ। ਜੋ ਕਿ ਅੰਤਰਰਾਸ਼ਟਰੀ ਕਨੂੰਨਾਂ ਅਨੁਸਾਰ ਇਕ ਜੰਗੀ ਜ਼ੁਰਮ ਹੈ।

ਇਜ਼ਰਾਈਲੀ ਪ੍ਰਧਾਨ ਮੰਤਰੀ, ਨੇਤਨਯਾਹੂ ਨੇ ਇਕ ਨਹਿਸ਼ ਐਲਾਨ ਕੀਤਾ ਹੈ ਕਿ ਉਹਦਾ ਦੇਸ਼ ਗਾਜ਼ਾ ਨੂੰ ਇਕ ਬੇਅਬਾਦ/ਉਜੜਿਆ ਹੋਏ ਜਜ਼ੀਰੇ ਵਿਚ ਤਬਦੀਲ ਕਰ ਦੇਵੇਗਾ। ਇਸ ਐਲਾਨ ਦਾ ਮਤਲਬ ਹੈ ਕਿ ਉਹਦੀ ਸਰਕਾਰ ਫਲਸਤੀਨੀਆਂ ਦੀ ਨਸਲਕੁਸ਼ੀ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਕਿ ਇਜ਼ਰਾਈਲ ਇਹ ਨਸਲਕੁਸ਼ੀ ਕਰ ਦੇਵੇ, ਉਸ ਨੂੰ ਨਿਸ਼ਚੇ ਤੌਰ ਉਤੇ ਹੀ ਰੋਕਿਆ ਜਾਣਾ ਚਾਹੀਦਾ ਹੈ।

ਅਮਰੀਕੀ ਸਾਮਰਾਜਵਾਦੀਏ ਅਤੇ ਉਨ੍ਹਾਂ ਦੇ ਨਾਟੋ ਭਾਈਵਾਲ ਇਜ਼ਰਾਈਲੀ ਸਰਕਾਰ ਦੀ ਹਮਾਇਤ ਕਰਦੇ ਹਨ ਅਤੇ ਮੌਜੂਦਾ ਜੰਗ ਵਾਸਤੇ ਫਲਸਤੀਨੀ ਲੜਾਕੂਆਂ ਨੂੰ ਦੋਸ਼ ਦਿੰਦੇ ਹਨ। ਉਹ ਇਜ਼ਰਾਈਲੀ ਦੀ ਪੂਰੇ ਤਰਾਂ ਹਮਾਇਤ ਕਰਦੇ ਹਨ ਅਤੇ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਲਈ ਇਜ਼ਰਾਈਲ ਨੂੰ ਹਥਿਆਰ ਭੇਜ ਰਹੇ ਹਨ। ਇਹ ਇਜ਼ਰਾਈਲ ਦੇ ਲੋਕਾਂ ਲਈ ਅਤੇ ਫਲਸਤੀਨੀ ਲੋਕਾਂ ਲਈ ਅਤਿਅੰਤ ਖਤਰਨਾਕ ਹੈ। ਇਸ ਨਾਲ ਇਸ ਜੰਗ ਵਿਚ ਕਈ ਹੋਰ ਦੇਸ਼ਾਂ ਦੇ ਸ਼ਾਮਲ ਹੋ ਜਾਣ ਦੀਆਂ ਸੰਭਾਵਨਾਵਾਂ ਹਨ।

ਹਮਸ ਨੇ ਇਜ਼ਰਾਈਲੀ ਫੌਜ ਵਲੋਂ ਪੱਛਮੀ ਤੱਟ ਅਤੇ ਗਾਜ਼ਾ ਪੱਟੀ ਵਿਚ ਫਲਸਤੀਨੀ ਲੋਕਾਂ ਦੇ ਸਿਲਸਿਲੇਵਾਰ ਕਤਲਾਂ ਦੇ ਜਵਾਬ ਵਿਚ ਹਮਲਾ ਕੀਤਾ ਸੀ। ਇਸ ਨੂੰ ਗਾਜ਼ਾ ਪੱਟੀ ਵਿਚ ਰਹਿੰਦੇ ਫਲਸਤੀਨੀ ਲੋਕਾਂ ਦੀ 2007 ਤੋਂ ਲੈ ਕੇ ਇਜ਼ਰਾਈਲੀ ਸਰਕਾਰ ਵਲੋਂ ਕੀਤੀ ਹੋਈ ਹਵਾਈ, ਸਮੁੰਦਰੀ ਅਤੇ ਜ਼ਮੀਨੀ ਘੇਰਾਬੰਦੀ ਦੇ ਸੰਦਰਭ ਵਿਚ ਦੇਖੇ ਜਾਣ ਦੀ ਜ਼ਰੂਰਤ ਹੈ। ਗਾਜ਼ਾ ਪੱਟੀ ਦੇ ਸਾਰੇ ਪਾਸੇ ਇਕ ਜੇਲ੍ਹ ਦੀ ਤਰਾਂ ਇਕ ਦੀਵਾਰ ਖੜ੍ਹੀ ਕੀਤੀ ਹੋਈ ਹੈ। ਇਜ਼ਰਾਈਲ ਨੇ ਗਾਜ਼ਾ ਉਤੇ 2008, 2012, 2014 ਅਤੇ 2021 ਵਿਚ ਚਾਰ ਬਾਰੀ ਲੰਬੇ ਸਮੇਂ ਲਈ ਫੌਜੀ ਹਮਲੇ ਕੀਤੇ ਹਨ। ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ ਦਹਿ ਹਜ਼ਾਰਾਂ ਦੀ ਗਿਣਤੀ ਵਿਚ ਘਰ, ਸਕੂਲ, ਹਸਪਤਾਲ ਅਤੇ ਦਫਤਰੀ ਇਮਾਰਤਾਂ ਤਬਾਹ ਕੀਤੀਆਂ ਜਾ ਚੁੱਕੀਆਂ ਹਨ।

ਤਾਜ਼ਾ ਸਾਲਾਂ ਵਿਚ, ਨੇਤਨਯਾਹੂ ਸਰਕਾਰ ਨੇ ਪੱਛਮੀ ਤੱਟ ਅਤੇ ਪੂਰਬੀ ਯਰੂਸ਼ਲਮ ਦੇ ਕਬਜ਼ਾ ਕੀਤੇ ਹੋਏ ਇਲਾਕਿਆਂ ਵਿਚੋਂ ਫਲਸਤੀਨੀ ਪ੍ਰਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਜਬਰਦਸਤੀ ਬਾਹਰ ਕੱਢ ਕੇ ਉਥੇ ਇਜ਼ਰਾਈਲੀ ਵਸੇਵੇ ਸਥਾਪਤ ਕਰਨਾ ਤੇਜ਼ ਕਰ ਦਿਤਾ ਹੈ। ਇਹ ਸਭ ਕੁਝ ਅੰਤਰਰਾਸ਼ਟਰੀ ਕਨੂੰਨਾਂ ਅਨੁਸਾਰ ਅਜੇਹਾ ਕੀਤੇ ਜਾਣ ਦੀ ਮਨਾਹੀ ਹੋਣ ਦੇ ਬਾਵਯੂਦ ਕੀਤਾ ਜਾ ਰਿਹਾ ਹੈ। ਇਸ ਵਕਤ ਪੱਛਮੀ ਤੱਟ ਅਤੇ ਪੂਰਬੀ ਯਰੂਸ਼ਲਮ ਵਿਚ ਸਥਾਪਤ ਕੀਤੇ 250 ਵਸੇਵਿਆਂ ਵਿਚ 7.5 ਲੱਖ ਇਜ਼ਰਾਈਲੀ ਬਸਤੀਵਾਦੀਏ ਰਹਿ ਰਹੇ ਹਨ। ਇਜ਼ਰਾਈਲ ਪੂਰਬੀ ਯਰੂਸ਼ਲਮ ਵਿਚ ਇਤਿਹਾਸਿਕ ਅਲ ਅਕਸਾ ਮਸਜਿਦ ਉਤੇ ਕਬਜ਼ਾ ਕਰਨ ਲਈ ਭੜਕਾਊ ਗਰੁੱਪ ਭੇਜਦਾ ਆ ਰਿਹਾ ਹੈ। ਉਸ ਦੀਆਂ ਫੌਜਾਂ ਆਪਣੀ ਜ਼ਮੀਨ, ਘਰ ਅਤੇ ਇਬਾਦਤਗਾਹਾਂ ਦੀ ਹਿਫਾਜ਼ਤ ਕਰਨ ਵਾਲੇ ਫਲਸਤੀਨੀਆਂ ਉਤੇ ਵਹਿਸ਼ੀ ਹਮਲੇ ਕਰਦੀਆਂ ਅਤੇ ਉਨ੍ਹਾਂ ਨੂੰ ਕਤਲ ਕਰਦੀਆਂ ਹਨ।

ਫਲਸਤੀਨ ਦੇ ਲੋਕ ਇਕ ਕੌਮੀਅਤ ਬਤੌਰ ਜ਼ਿੰਦਾ ਰਹਿਣ ਦੇ ਅਧਿਕਾਰ ਲਈ ਬਹਾਦਰਾਨਾ ਸੰਘਰਸ਼ ਚਲਾਉਂਦੇ ਆ ਰਹੇ ਹਨ। ਇਜ਼ਰਾਈਲ ਫਲਸਤੀਨੀ ਕੌਮੀਅਤ ਨੂੰ ਤਬਾਹ ਕਰ ਦੇਣ ਦੀ ਨੀਤੀ ਉਤੇ ਚਲਦਾ ਆ ਰਿਹਾ ਹੈ। ਉਹ ਫਲਸਤੀਨੀ ਇਲਾਕਿਆਂ ਉਤੇ ਕਬਜ਼ਾ ਛੱਡ ਦੇਣ ਅਤੇ ਗਾਜ਼ਾ ਪੱਟੀ ਦੀ ਘੇਰਾਬੰਦ ਚੁੱਕਣ ਤੋਂ ਇਨਕਾਰ ਕਰ ਰਿਹਾ ਹੈ।

ਸੰਯੁਕਤਰਾਸ਼ਟਰ ਵਿਚ ਫਲਸਤੀਨ ਦੇ ਸਫੀਰ ਨੇ ਇਜ਼ਰਾਈਲ ਵਲੋਂ ਫਲਸਤੀਨੀ ਲੋਕਾਂ ਖਿਲਾਫ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਜੰਗ ਦੇ ਖਿਲਾਫ ਵਾਜਬ ਜਵਾਬ ਬਤੌਰ ਕੀਤੇ ਗਏ ਪ੍ਰਤੀਕ੍ਰਮ ਦੀ ਹਿਫਾਜ਼ਤ/ਹਮਾਇਤ ਕੀਤੀ ਹੈ। ਉਸ ਨੇ ਕਿਹਾ ਕਿ “ਇਜ਼ਰਾਈਲ ਇਕ ਕੌਮੀਅਤ, ਉਸਦੀ ਜ਼ਮੀਨ, ਉਸਦੇ ਪਵਿਤੱਰ ਧਾਰਮਿਕ ਅਸਥਾਨਾਂ ਉਤੇ ਪੂਰਜ਼ੋਰ ਜੰਗੀ ਹਮਲੇ ਛੇੜ ਕੇ ਜਵਾਬ ਵਿਚ ਅਮਨ ਦੀ ਉਮੀਦ ਨਹੀਂ ਕਰ ਸਕਦਾ…ਫਲਸਤੀਨੀ ਲੋਕਾ ਇਕ ਦਿਨ ਜਾਂ ਕਿਸੇ ਹੋਰ ਦਿਨ, ਇਕ ਤਰੀਕੇ ਜਾਂ ਕਿਸੇ ਹੋਰ ਤਰੀਕੇ ਨਾਲ ਅਜ਼ਾਦ ਹੋਣਗੇ”।

ਸੰਯੁਕਤ ਰਾਸ਼ਟਰ ਨੂੰ ਅਵੱਸ਼ਕ ਤੌਰ ਉਤੇ, ਫਲਸਤੀਨੀ ਲੋਕਾਂ ਦੇ ਕੌਮੀ ਘਰ (ਹੋਮਲੈਂਡ) ਦੇ ਕਨੂੰਨੀ ਅਧਿਕਾਰ ਨੂੰ ਯਕੀਨੀ ਬਣਾਉਣਾ ਪਏਗਾ। ਉਸ ਨੂੰ ਲਾਜ਼ਮੀ ਤੌਰ ਉਤੇ, ਫਲਸਤੀਨੀ ਇਲਾਕਿਆਂ ਉਤੇ ਕਬਜ਼ੇ ਨੂੰ ਖਤਮ ਕਰਵਾਉਣਾ ਅਤੇ ਦੋ ਰਾਸ਼ਟਰ ਸਥਾਪਤ ਕੀਤੇ ਜਾਣ ਲਈ ਸੰਯੁਕਤ ਰਾਸ਼ਟਰ ਦੀ ਸੁਰਖਿਆ ਕੌਂਸਲ ਵਲੋਂ ਪਾਸ ਕੀਤੇ ਮੱਤੇ ਨੂੰ ਲਾਗੂ ਕਰਵਾਉਣਾ ਚਾਹੀਦਾ ਹੈ। ਉਸ ਨੂੰ 1967 ਤੋਂ ਪਹਿਲਾਂ ਵਾਲੀਆਂ ਸੀਮਾਵਾਂ ਦੇ ਅਧਾਰ ਉਤੇ ਫਲਸਤੀਨੀ ਰਾਜ ਸਥਾਪਤ ਕਰਵਾਉਣਾ ਪਏਗਾ ਜਿਸ ਦੀ ਰਾਜਧਾਨੀ ਪੱਛਮੀ ਯਰੂਸ਼ਲਮ ਹੋਵੇਗੀ। ਕੇਵਲ ਇਹ ਹੱਲ ਹੀ ਉਸ ਇਲਾਕੇ ਵਿਚ ਸਥਾਈ ਸ਼ਾਂਤੀ ਨੂੰ ਯਕੀਨੀ ਬਣਾ ਸਕਦਾ ਹੈ।

Share and Enjoy !

Shares

Leave a Reply

Your email address will not be published. Required fields are marked *