ਕਾਰਲ ਮਾਰਕਸ, ਜਿਨ੍ਹਾਂ ਦਾ ਜਨਮ 5 ਮਈ 1818 ਨੂੰ ਹੋਇਆ ਸੀ, ਕਮਿਉਨਿਜ਼ਮ ਲਈ ਲੜਾਈ ਕਰਨ ਵਾਲਾ ਇਕ ਮਹਾਨ ਇਨਕਲਾਬੀ ਚਿੰਤਕ ਸੀ। ਉਸ ਦੀ ਜ਼ਿੰਦਗੀ ਦਾ ਮਿਸ਼ਨ ਪੂੰਜੀਵਾਦੀ ਸਮਾਜ ਅਤੇ ਪੂੰਜੀਵਾਦ ਵਲੋਂ ਬਣਾਏ ਗਏ ਅਦਾਰਿਆਂ ਦਾ ਤਖਤਾ ਪਲਟਾ ਕੇ ਆਧੁਨਿਕ ਪ੍ਰੋਲਤਾਰੀਆ/ਮਜ਼ਦੂਰ ਜਮਾਤ ਦੀ ਮੁਕਤੀ ਪ੍ਰਾਪਤ ਕਰਨ ਵਿਚ ਯੋਗਦਾਨ ਪਾਉਣਾ ਸੀ।
ਗਿਆਨ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਲਾਲਸਾ/ਭੁੱਖ ਸਮਾਜਿਕ ਪ੍ਰੀਵਰਤਨ ਦੀ ਜ਼ਰੂਰਤ ਤੋਂ ਪ੍ਰੇਰਿਤ ਸੀ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ, “ਦਾਰਸ਼ਨਿਕਾਂ ਨੇ ਕੇਵਲ ਵੱਖ ਵੱਖ ਢੰਗਾਂ ਨਾਲ ਦੁਨੀਆਂ ਦੀ ਵਿਆਖਿਆ ਕੀਤੀ ਹੈ, ਪਰ ਸਵਾਲ/ਜ਼ਰੂਰਤ ਇਸ ਨੂੰ ਬਦਲਣ ਦਾ ਹੈ”।
ਕਾਰਲ ਮਾਰਕਸ ਇਕ ਵਿਗਿਆਨਿਕ ਸੀ। ਉਸ ਨੇ ਬਹੁਤ ਸਾਰੇ ਖੇਤਰਾਂ ਦਾ ਗਹਿਰਾ ਅਧਿਐਨ ਕੀਤਾ ਅਤੇ ਉਨ੍ਹਾਂ ਖੇਤਰਾਂ ਬਾਰੇ ਅਜ਼ਾਦ ਖੋਜਾਂ ਕੀਤੀਆਂ। ਮਾਰਕਸ ਵਾਸਤੇ ਸਾਇੰਸ ਇਕ ਇਨਕਲਾਬੀ ਤਾਕਤ ਸੀ। ਉਸ ਨੇ ਵਿਗਿਆਨਿਕ ਖੋਜਾਂ ਦਾ ਖੁਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਖੋਜਾਂ ਦੇ ਫਲਸਰੂਪ ਸਮਾਜ ਵਿਚ ਕੀ ਇਨਕਲਾਬੀ ਪ੍ਰੀਵਰਤਨ ਹੋ ਸਕਦੇ ਹਨ – ਇਸ ਦਾ ਤੱਤ ਸਾਹਮਣੇ ਲਿਆਂਦਾ।
19ਵੀਂ ਸਦੀ ਵਿਚ ਪੂੰਜੀਵਾਦ ਦੇ ਵਿਕਾਸ ਨਾਲ, ਮਜ਼ਦੂਰ ਜਮਾਤ ਪੈਦਾ ਹੋਈ ਅਤੇ ਉਸ ਦਾ ਵਿਕਾਸ ਹੋਇਆ। ਮਜ਼ਦੂਰ ਜਮਾਤ ਦੀ ਉਤਪਤੀ ਆਧੁਨਿਕ ਇੰਡਸਟਰੀ ਦਾ ਨਤੀਜਾ ਹੈ। ਮਾਰਕਸ ਅਤੇ ਉਸ ਨਾਲ ਮਿਲ ਕੇ ਕੰਮ ਕਰਨ ਵਾਲੇ ਸਾਥੀ ਫਰੈਡਰਿਕ ਏਂਗਲਜ਼ ਦੇ ਸਿਧਾਂਤਕ ਕੰਮ ਦਾ ਵਿਕਾਸ ਮਜ਼ਦੂਰ ਜਮਾਤ ਦੇ ਸਿਆਸੀ ਸੰਘਰਸ਼ ਨਾਲ ਨੇੜਿਉਂ ਜੁੜਿਆ ਹੋਇਆ ਸੀ। 1830ਵਿਆਂ ਵਿਚ ਕਈ ਇਕ ਯੂਰਪੀ ਦੇਸ਼ਾਂ ਦੀ ਮਜ਼ਦੂਰ ਜਮਾਤ ਦੇ ਪ੍ਰਤੀਨਿਧਾਂ ਨੇ ਇਕ ਅੰਤਰਰਾਸ਼ਟੀ ਜਥੇਬੰਦੀ, ਕਮਿਉਨਿਸਟ ਲੀਗ ਸਥਾਪਤ ਕੀਤੀ। ਮਾਰਕਸ ਅਤੇ ਏਂਗਲਜ਼ ਨੇ ਕਮਿਉਨਿਸਟ ਲੀਗ ਦੇ ਨਿਯਮ ਬਣਾਏ ਸਨ, ਜੋ ਦਿਸੰਬਰ 1847 ਵਿਚ ਇਸ (ਲੀਗ) ਦੀ ਦੂਸਰੀ ਕਾਂਗਰਸ ਵਿਚ ਸਵੀਕਾਰ ਕਰ ਲਏ ਗਏ ਸਨ। ਉਨ੍ਹਾਂ ਨੂੰ ਇਸ ਅੰਤਰਰਾਸ਼ਟਰੀ ਪ੍ਰੋਲਤਾਰੀ ਜਥੇਬੰਦੀ ਦੇ ਮੈਨੀਫੈਸਟੋ ਦਾ ਖਰੜਾ ਤਿਆਰ ਕਰਨ ਵਾਸਤੇ ਅਧਿਕਾਰਿਤ/ਨਿਯੁਕਤ ਕੀਤਾ ਗਿਆ ਸੀ। ਉਹ ਦਸਤਾਵੇਜ਼ 1848 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜੋ ਕਿ ਕਮਿਉਨਿਸਟ ਮੈਨੀਫੈਸਟੋ ਦੇ ਨਾਮ ਨਾਲ ਮਸ਼ਹੂਰ ਹੈ।
ਮੈਨੀਫੈਸਟੋ ਵਿਚ ਕਮਿਉਨਿਸਟਾਂ ਦੇ ਕੰਮ ਨਿਰਧਾਰਿਤ ਕੀਤੇ ਗਏ ਹਨ: ਮਜ਼ਦੂਰ ਜਮਾਤ ਨੂੰ ਹਾਕਮ ਜਮਾਤ ਬਣਨ ਲਈ ਜ਼ਰੂਰੀ ਚੇਤਨਾ ਪ੍ਰਦਾਨ ਕਰਨਾ ਤਾਂ ਕਿ ਉਹ ਉਤਪਾਦਨ ਦੇ ਸਾਧਨਾਂ ਨੂੰ ਨਿੱਜੀ ਮਾਲਕੀ ਤੋਂ ਸਮਾਜਿਕ ਮਾਲਕ ਵਿਚ ਤਬਦੀਲ ਕਰ ਸਕਣ।
1864 ਵਿਚ ਮਾਰਕਸ ਨੂੰ ਕਈ ਇਕ ਯੂਰਪੀ ਦੇਸ਼ਾਂ ਦੇ ਮਜ਼ਦੂਰਾਂ ਦੀ ਲੰਡਨ ਵਿਚ ਹੋਣ ਵਾਲੀ ਇਕ ਇਤਿਹਾਸਿਕ ਮੀਟਿੰਗ ਵਿਚ ਬੁਲਾਇਆ ਗਿਆ। ਇਸ ਮੀਟਿੰਗ ਵਿਚ ਪਹਿਲੀ ਅੰਤਰਰਾਸ਼ਟਰੀ ਵਰਕਿੰਗਮੈਨਜ਼ ਐਸੋਸੀਏਸ਼ਨ ਜਾਂ ਪਹਿਲੀ ਅੰਤਰਰਾਸ਼ਟਰੀ ਦੀ ਸਥਾਪਨਾ ਕੀਤੀ ਗਈ ਸੀ।
ਇਸ ਬੇਮੇਲ (ਕਈ ਪਾਸਿਆਂ ਨੂੰ ਖਿਚਣ ਵਾਲੀ) ਅੰਤਰਰਾਸ਼ਟਰੀ ਐਸੋਸੀਏਸ਼ਨ ਵਿਚ ਮਾਰਕਸ ਇਕ ਪ੍ਰਭਾਵਸ਼ਾਲੀ ਅਤੇ ਹੱਠੀ/ਦ੍ਰਿੜ ਸਖਸ਼ੀਅਤ ਸੀ, ਜਿਸ ਨੇ ਇਸ ਨੂੰ ਅੱਠ ਸਾਲਾਂ ਤਕ ਇਕਮੁੱਠ ਰਖਿਆ। ਦੁਨੀਆਂ ਦੀ ਮਜ਼ਦੂਰ ਜਮਾਤ ਦਾ ਇਨਕਲਾਬੀ ਰੋਲ ਹੋਣ ਦੇ ਵਿਚਾਰ ਪ੍ਰਤੀ ਉਸ ਦੀ ਬਚਨਬੱਧਤਾ ਨੇ ਪਹਿਲੀ ਇੰਟਰਨੈਸ਼ਨਲ ਨੂੰ ਜ਼ਿੰਦਾ ਅਤੇ ਸਰਗਰਮ ਰਖਿਆ।
ਸੋ ਅਸੀਂ ਦੇਖ ਸਕਦੇ ਹਾਂ ਕਿ ਮਾਰਕਸਵਾਦ, ਜਾਣੀ ਮਾਰਕਸ ਵਲੋਂ ਵਿਸਤਾਰ ਨਾਲ ਸਮਝਾਈ ਗਈ ਵਿਚਾਰਧਾਰਾ, ਕਿਸੇ ਵਿਅਕਤੀ ਦੇ ਦਿਮਾਗ ਵਿਚ ਐਵੇਂ ਹੀ ਪੈਦਾ ਹੋਇਆ ਖਿਆਲ ਨਹੀਂ ਹੈ। ਇਹ ਜਮਾਤੀ ਸੰਘਰਸ਼ ਦੇ ਮੱਧ ਵਿਚ ਮਜ਼ਦੂਰ ਜਮਾਤ ਵਲੋਂ ਸਰਮਾਏਦਾਰਾਂ ਦੀ ਹਕੂਮਤ ਦਾ ਤਖਤਾ ਉਲਟਾਉਣ ਦੇ ਨਿਸ਼ਾਨੇ ਦੀ ਪ੍ਰਾਪਤੀ ਦੇ ਔਜ਼ਾਰ/ਹਥਿਆਰ ਬਤੌਰ ਪੈਦਾ ਹੋਇਆ, ਤਾਂ ਕਿ ਉਹ ਖੁਦ ਨੂੰ ਅਤੇ ਸਮੁੱਚੇ ਸਮਾਜ ਨੂੰ ਲੁੱਟ ਖਸੁੱਟ ਅਤੇ ਜਮਾਤੀ ਵੰਡੀਆਂ ਤੋਂ ਮੁਕਤ ਕਰਾ ਸਕੇ।
ਲੈਨਿਨ ਨੇ ਆਪਣੇ ਇਕ ਲੇਖ – “ਮਾਰਕਸਵਾਦ ਦੇ ਤਿੰਨ ਸਰੋਤ ਅਤੇ ਤਿੰਨ ਮੌਜੂਦ ਹਿੱਸੇ”- ਵਿਚ ਸਮਝਾਇਆ ਹੈ ਕਿ ਮਾਰਕਸਵਾਦ ਸਰਬਸ਼ਕਤੀਮਾਨ ਹੈ ਕਿਉਂਕਿ ਇਹ ਸੱਚ ਹੈ। ਇਹ ਵਿਆਪਕ ਅਤੇ ਇਕਸੁਰਤਾ ਵਾਲਾ ਹੈ, ਅਤੇ ਲੋਕਾਂ ਨੂੰ ਇਕ ਮੁਕੰਮਲ ਵਿਸ਼ਵ ਦ੍ਰਿਸ਼ਟੀਕੋਨ ਪ੍ਰਦਾਨ ਕਰਦਾ ਹੈ ਜੋ ਕਿਸੇ ਵੀ ਤਰਾਂ ਦੇ ਅੰਧਵਿਸ਼ਵਾਸ਼, ਪਿਛਾਂਹ-ਖਿਚੂ ਝੁਕਾਅ, ਜਾਂ ਸਰਮਾਏਦਾਰਾ ਜ਼ੁਲਮ ਦੀ ਹਮਾਇਤ ਕਰਨ ਦੇ ਖਿਲਾਫ ਹੈ। ਇਹ (ਮਾਰਕਸਵਾਦ) ਉਨ੍ਹੀਵੀਂ ਸਦੀ ਵਿਚ ਮਨੁੱਖਤਾ ਵਲੋਂ ਪੈਦਾ ਕੀਤੇ ਸਭ ਤੋਂ ਉੱਤਮ ਪਦਾਰਥ, ਜਿਸ ਵਿਚ ਜਰਮਨ ਦਰਸ਼ਨ/ਫਲਸਫਾ, ਇੰਗਲਿਸ਼ ਰਾਜਨੀਤਕ ਆਰਥਿਕਤਾ ਅਤੇ ਫਰਾਂਸੀਸੀ ਸਮਾਜਵਾਦ ਸ਼ਾਮਲ ਹਨ, ਦਾ ਹੱਕਦਾਰ ਜਾਨਸ਼ੀਨ ਹੈ।
18ਵੀਂ ਸਦੀ ਦੇ ਅਖੀਰ ਵਿਚ ਫਰਾਂਸ ਵਿਚ ਆਏ ਬੁਰਜੂਆ ਜਮਹੂਰੀ ਇਨਕਲਾਬ ਨੇ ਪਦਾਰਥਵਾਦ ਨੂੰ ਅੱਡੀ ਲਾਈ (ਤੇਜ਼ ਕੀਤਾ)। ਉਸ ਨੇ ਹਰ ਤਰਾਂ ਦੇ ਭਰਮਾਂ-ਵਹਿਮਾਂ ਅਤੇ ਮੱਧਕਾਲੀ ਸੋਚ ਦੇ ਖਿਲਾਫ ਬਗਾਵਤ ਕੀਤੀ। ਪਦਾਰਥਵਾਦ ਇਕ ਅਜੇਹੇ ਦਰਸ਼ਨ/ਫਲਸਫੇ ਬਤੌਰ ਉਭਰ ਕੇ ਆਇਆ, ਜੋ ਕੁਦਰਤੀ ਵਿਗਿਆਨ ਦੀਆਂ ਤਮਾਮ ਸਿਖਿਆਵਾਂ ਦੇ ਅਨੁਕੂਲ ਹੈ।
ਮਾਰਕਸ ਨੇ ਮੁਕੰਮਲ ਦਾਰਸ਼ਨਿਕ ਪਦਾਰਥਵਾਦ ਨੂੰ ਵਿਕਸਿਤ ਕੀਤਾ, ਅਤੇ ਕੁਦਰਤ ਬਾਰੇ ਸਮਝ ਦਾ ਵਿਸਤਾਰ ਕਰਕੇ ਉਸ ਵਿਚ ਮਾਨਵ ਸਮਾਜ ਬਾਰੇ ਸਮਝ ਨੂੰ ਸ਼ਾਮਲ ਕਰ ਦਿਤਾ। ਉਸ ਦਾ ਇਤਿਹਾਸਿਕ ਪਦਾਰਥਵਾਦ ਵਿਗਿਆਨਿਕ ਚਿੰਤਨ ਵਿਚ ਇਕ ਬੜੀ ਪ੍ਰਾਪਤੀ ਸੀ। ਇਹ ਵਿਗਿਆਨਿਕ ਸਿਧਾਂਤ ਹੀ ਹੈ, ਜੋ ਇਹ ਸਾਬਤ ਕਰਦਾ ਹੈ ਕਿ ਉਤਪਾਦਿਕ ਤਾਕਤਾਂ ਦਾ ਵਿਕਾਸ ਨਿਸ਼ਚਿਤ ਪੜਾਅ ਉਤੇ ਪਹੁੰਚਣ ਤੋਂ ਬਾਅਦ ਜਦੋਂ ਉਤਪਾਦਿਕ ਤਾਕਤਾਂ ਦੇ ਅਗਾਂਹ ਵਿਕਾਸ ਲਈ ਉਤਪਾਦਨ ਦੇ ਮੌਜੂਦਾ ਸਬੰਧ ਇਕ ਰੋੜਾ ਬਣ ਜਾਂਦੇ ਹਨ ਤਾਂ ਇਹ ਸਬੰਧ ਤਬਦੀਲ ਹੋ ਜਾਂਦੇ ਹਨ। ਇਸ ਨੇ ਇਹ ਸਮਝਾਇਆ ਕਿ ਉਤਪਾਦਨ ਦਾ ਪੂੰਜੀਵਾਦੀ ਤਰੀਕਾ ਜਗੀਰੂਵਾਦੀ ਸਮਾਜ ਦੇ ਅੰਦਰ ਪੈਦਾ ਹੋਇਆ ਅਤੇ ਇਸ ਨੇ ਉਤਪਾਦਨ ਦੇ ਜਗੀਰੂਵਾਦੀ ਤਰੀਕੇ ਦੀ ਥਾਂ ਲੈ ਲਈ। ਇਸ ਤੋਂ ਸਾਬਤ ਹੁੰਦਾ ਹੈ ਕਿ ਪੂੰਜੀਵਾਦੀ ਢਾਂਚਾ ਅਵੱਸ਼ ਹੀ ਸਮਾਜਵਾਦੀ ਢਾਂਚੇ ਦੇ ਰਾਹ ਦੇ ਅੱਗਿਉਂ ਹਟ ਜਾਵੇਗਾ।
ਮਾਰਕਸ ਅਤੇ ਏਂਗਲਜ਼ ਨੇ ਹੇਗਲ (ਜਰਮਨੀ ਵਿਚ ਉਸ ਸਮੇਂ ਦਾ ਸਭ ਤੋਂ ਪ੍ਰਭਾਵਸ਼ਾਲੀ ਚਿੰਤਕ) ਦਾ ਦਵੰਦਾਤਮਿਕ ਤਰੀਕਾ ਅਪਣਾਇਆ ਅਤੇ ਉਸ ਨੂੰ ਅਗਾਂਹ ਵਿਕਸਿਤ ਕਰਕੇ ਮਨੁੱਖਤਾ ਦੇ ਇਤਿਹਾਸ ਦੀ ਵਿਆਖਿਆ ਕਰਨ ਲਈ ਵਰਤਿਆ। ਉਨ੍ਹਾਂ ਨੇ ਦਾਰਸ਼ਨਿਕ ਨਜ਼ਰੀਆ ਅਤੇ ਦਵੰਦਾਤਮਿਕ ਪਦਾਰਥਵਾਦ ਦੇ ਤਰੀਕੇ ਨੂੰ ਜਨਮ ਦਿਤਾ।
ਕੁਦਰਤ ਅਤੇ ਸਮਾਜ ਨੂੰ ਸਮਝਣ ਦਾ ਦਵੰਦਾਤਮਿਕ ਤਰੀਕਾ ਇਹ ਸਿਖਾਂਉਂਦਾ ਹੈ ਕਿ ਸਭ ਕੁਝ ਨਿਰੰਰਤ ਗਤੀ ਵਿਚ ਹੈ, ਇਹ ਗਤੀ ਆਪਸੀ ਵਿਰੋਧੀ ਸ਼ਕਤੀਆਂ ਵਿਚਕਾਰ ਟੱਕਰ ਦੇ ਕਾਰਨ ਪੈਦਾ ਹੁੰਦੀ ਹੈ। ਦਵੰਦਾਤਮਿਕਤਾ ਦਾ ਮੰਨਣਾ ਹੈ ਕਿ ਤਮਾਮ ਚੀਜ਼ਾਂ ਅਤੇ ਘਟਨਾਵਾਂ ਦੇ ਅੰਦਰ ਲਾਜ਼ਮੀ ਹੀ ਆਪਸੀ ਵਿਰੋਧਤਾਈਆਂ ਹੁੰਦੀਆਂ ਹਨ। ਉਨ੍ਹਾਂ ਸਭਨਾਂ ਦੇ ਜਮ੍ਹਾਂ ਅਤੇ ਮਨਫੀ ਦੋ ਪਾਸੇ ਹਨ, ਇਕ ਅਤੀਤ ਅਤੇ ਇਕ ਭਵਿੱਖ ਹੈ, ਕੁਝ ਬਿਨਸ (ਮਰ) ਰਿਹਾ ਹੈ ਅਤੇ ਉਪਜ/ਨਵਾਂ ਪੈਦਾ ਹੋ ਰਿਹਾ ਹੈ। ਇਨ੍ਹਾਂ ਦੋ ਵਿਰੋਧਾਂ, ਨਵੇਂ ਅਤੇ ਪੁਰਾਣੇ ਵਿਚਕਾਰ, ਬਿਨਸ ਰਹੇ ਅਤੇ ਉਪਜ ਰਹੇ ਵਿਚਕਾਰ, ਜੋ ਅਲੋਪ ਹੋ ਰਿਹਾ ਹੈ ਅਤੇ ਜੋ ਉਗਮ ਰਿਹਾ ਹੈ ਵਿਚਕਾਰ ਟੱਕੱਰ, ਵਿਕਾਸ ਦੀ ਪ੍ਰੀਕ੍ਰਿਆ ਦਾ ਅੰਦਰੂਨੀ ਤੱਤ ਪਦਾਰਥ ਹੈ।
ਸਿਆਸੀ ਅਰਥ-ਵਿਗਿਆਨ ਦੇ ਖੇਤਰ ਵਿਚ, ਮਾਰਕਸ ਨੇ ਬਰਤਾਨਵੀ ਰਾਜਨੀਤਕ ਅਰਥ-ਸ਼ਾਸਤਰੀਆਂ ਦੇ ਵਿਚਾਰਾਂ ਦਾ ਵਿਕਾਸ ਕੀਤਾ। ਮਾਰਕਸ ਨੇ ਮੁੱਲ ਦੇ ਕਿਰਤ-ਸਿਧਾਂਤ ਦੀ ਹਮਾਇਤ ਵਿਚ ਸਬੂਤ ਦਿਤੇ ਅਤੇ ਹੋਰ ਵਿਕਸਿਤ ਕੀਤਾ। ਮਾਰਕਸ ਨੇ ਵਿਆਖਿਆ ਕੀਤੀ ਕਿ ਸਰਮਾਏਦਾਰ ਜਮਾਤ ਦੇ ਹੱਥਾਂ ਵਿਚ ਦੌਲਤ ਜਮ੍ਹਾਂ ਹੋਣ ਦਾ ਸਰੋਤ ਵਾਧੂ-ਮੁੱਲ ਦਾ ਪੈਦਾ ਹੋਣਾ ਹੈ ਅਤੇ ਇਹ ਵੀ ਸਮਝਾਇਆ ਕਿ ਸਮੇਂ ਸਮੇਂ ਸਿਰ ਸੰਕਟ ਪੈਦਾ ਹੋਣ ਦਾ ਕਾਰਨ ਲੋੜ ਤੋਂ ਜ਼ਿਆਦਾ ਉਤਪਾਦਨ ਹੋਣਾ ਹੈ।
ਮਾਰਕਸ ਨੇ ਪਛਾਣਿਆਂ ਕਿ ਪੂੰਜੀ ਦੇ ਮਾਲਕਾਂ ਦੀ ਜੇਬ ਵਿਚ ਜਾਣ ਵਾਲੇ ਮੁਨਾਫਿਆਂ ਦੇ ਸਰੋਤ ਵੇਤਨੀ ਕਿਰਤ ਦੀ ਲੁੱਟ ਹੈ। ਇਕ ਮਜ਼ਦੂਰ ਜਿਹੜਾ ਹਰ ਦਿਨ ਵਿਚ 8 ਘੰਟੇ ਕੰਮ ਕਰਦਾ ਹੈ ਉਹ ਉਸ ਦਿਨ ਦਾ ਕੁਝ ਹਿੱਸਾ ਆਪਣੇ ਲਈ ਕੰਮ ਕਰਦਾ ਹੈ, ਕਹਿ ਲਓ ਕਿ 4 ਘੰਟੇ, ਏਨੇ ਵਕਤ ਵਿਚ ਉਹ ਉਸ ਨੂੰ ਦਿਤੇ ਜਾਂਦੇ ਵੇਤਨ ਦੇ ਬਰਾਬਰ ਕੰਮ ਕਰ ਦਿੰਦਾ ਹੈ। ਪਰ ਬਾਕੀ ਦੇ 4 ਘੰਟੇ ਉਹ ਆਪਣੇ ਪੂੰਜੀਪਤੀ ਮਾਲਕ ਲਈ ਵਾਧੂ-ਮੁੱਲ ਪੈਦਾ ਕਰਦਾ ਹੈ।
ਕਿਰਤ ਦੀ ਲੁੱਟ ਰਾਹੀਂ ਵਧ ਤੋਂ ਵਧ ਸਰਮਾਏਦਾਰਾ ਮੁਨਾਫੇ ਬਣਾਉਣ ਦਾ ਇਕੋ ਇਕ ਉਦੇਸ਼ ਉਤਪਾਦਿਕ ਸ਼ਕਤੀਆਂ ਦੇ ਨਿਰੰਤਰ/ਅਰੁੱਕ ਵਿਕਾਸ ਦੇ ਰਾਹ ਵਿਚ ਇਕ ਬਹੁਤ ਬੜਾ ਰੋੜਾ ਹੈ। ਬਜ਼ਾਰ ਵਿਚ ਚੀਜ਼ਾਂ ਦੀ ਭਰਮਾਰ ਹੁੰਦੀ ਹੈ ਅਤੇ ਮਜ਼ਦੂਰ ਜਮਾਤ ਕੋਲ ਉਹ ਖ੍ਰੀਦਣ ਲਈ ਪੈਸੇ ਨਹੀਂ ਹੁੰਦੇ। ਇਹਦੇ ਨਾਲ ਬਾਰ ਬਾਰ ਵਾਧੂ-ਉਤਪਾਦਨ ਦਾ ਸੰਕਟ ਪੈਦਾ ਹੁੰਦਾ ਰਹਿੰਦਾ ਹੈ। ਨਤੀਜੇ ਵਜੋਂ ਪੂੰਜੀਵਾਦੀ ਉਤਪਾਦਨ ਵਿਚ ਕਟੌਤੀ ਕਰ ਦਿਤੀ ਜਾਂਦੀ ਹੈ ਅਤੇ ਮਜ਼ਦੂਰਾਂ ਨੂੰ ਕੰਮ ਤੋਂ ਕੱਢ ਦਿਤਾ ਜਾਂਦਾ ਹੈ।
ਮਾਰਕਸ ਨੇ ਸਮਾਜਿਕ ਉਤਪਾਦਨ ਅਤੇ ਉਤਪਾਦਨ ਦੇ ਸਾਧਨਾਂ ਉਤੇ ਨਿੱਜੀ ਮਾਲਕੀ ਵਿਚਕਾਰ ਬੁਨਿਆਦੀ ਟੱਕਰ/ਵਿਰੋਧਤਾਈ ਨੂੰ ਹੱਲ ਕਰਨ ਦਾ ਤਰੀਕਾ ਦਸਿਆ। ਉਤਪਾਦਨ ਦੇ ਸਾਧਨ ਨਿੱਜੀ ਜਾਇਦਾਦ ਤੋਂ ਸਮਾਜਿਕ ਜਾਇਦਾਦ ਵਿਚ ਤਬਦੀਲ ਕਰਨਾ ਜ਼ਰੂਰੀ ਹੈ। ਇਸ ਨਾਲ ਉਤਪਾਦਨ ਦੀ ਦਿਸ਼ਾ ਪੂੰਜੀਵਾਦੀ ਲਾਲਚ ਪੂਰੇ ਕਰਨ ਦੀ ਬਜਾਇ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਲ ਮੋੜਨਾ ਸੰਭਵ ਹੋ ਜਾਵੇਗਾ।
ਮਾਰਕਸਵਾਦ ਦਾ ਤੀਸਰਾ ਅੰਦਰੂਨੀ ਹਿੱਸਾ ਵਿਗਿਆਨਿਕ ਸਮਾਜਵਾਦ ਦੇ ਸਿਧਾਂਤ ਦਾ ਵਿਕਾਸ ਸੀ। ਫਰਾਂਸ ਦੇ ਬੁਰਜੂਆ ਜਮਹੂਰੀ ਇਨਕਲਾਬ ਤੋਂ ਬਾਦ ਨਿਰਾਸ਼ਾ ਪੈਦਾ ਹੋ ਗਈ, ਕਿਉਂਕਿ ਇਨਕਲਾਬ ਨੇ ਜੋ ਵਾਇਦਾ ਕੀਤਾ ਸੀ, ਅਤੇ ਜੋ ਅਸਲੀਅਤ ਵਿਚ ਹੋਇਆ ਉਹਦੇ ਵਿਚਕਾਰ ਇਕ ਬਹੁਤ ਬੜਾ ਪਾੜਾ/ਖਾਈ ਸੀ। ਇਸ ਨਾਲ ਸਮਾਜਵਾਦ ਦਾ ਨਜ਼ਰੀਆ ਪੈਦਾ ਹੋਇਆ, ਜੋ ਇਕ ਵਧੀਆ ਸਮਾਜਿਕ ਢਾਂਚਾ ਹੋਵੇਗਾ ਅਤੇ ਪੂੰਜੀਵਾਦ ਦੀਆਂ ਬੀਮਾਰੀਆਂ ਤੋਂ ਮੁਕਤ ਹੋਵੇਗਾ। ਪਰ ਸਮਾਜਵਾਦ ਬਾਰੇ ਫਰਾਂਸ ਵਿਚ ਪੈਦਾ ਹੋਏ ਮੁਢਲੇ ਖਿਆਲ ਸੁਪਨਸਾਜ਼ ਸਨ। ਸੁਪਨਸਾਜ਼ ਸਮਾਜਵਾਦੀਏ ਇਸ ਸਵਾਲ ਨੂੰ ਨਾ ਹੱਲ ਕਰ ਸਕੇ ਕਿ ਉਹ ਕਿਹੜੀ ਸ਼ਕਤੀ ਹੈ ਜੋ ਪੂੰਜੀਵਾਦ ਤੋਂ ਸਮਾਜਵਾਦ ਤਕ ਪ੍ਰੀਵਰਤਨ ਕਰਨ ਦਾ ਹਿੱਤ ਰਖਦੀ ਹੈ ਅਤੇ ਇਹ ਕਰਨ ਦੇ ਕਾਬਲ ਹੈ।
ਮਾਰਕਸ ਨੇ ਸਮਾਜਵਾਦ ਨੂੰ ਇਕ ਵਿਿਗਆਨਿਕ ਅਧਾਰ ਪ੍ਰਦਾਨ ਕੀਤਾ। ਇਸਨੇ (ਵਿਗਿਆਨਿਕ ਸਮਾਜਵਾਦ ਨੇ) ਦਿਖਾਇਆ ਕਿ ਪੂੰਜੀਵਾਦੀ ਸਮਾਜ ਜਮਾਤਾਂ ਵਿਚ ਵੰਡੇ ਹੋਏ ਸਮਾਜ ਦਾ ਆਖਰੀ ਰੂਪ ਹੈ, ਜੋ ਅਗਲੇ ਉਚੇਰੇ ਪੜਾਅ, ਇਕ ਜਮਾਤਾਂ-ਰਹਿਤ ਕਮਿਉਨਿਸਟ ਸਮਾਜ, ਦੇ ਰਾਹ ਵਿਚੋਂ ਹਟ ਜਾਵੇਗਾ। ਇਸਨੇ ਪ੍ਰੋਲਤਾਰੀ ਦੀ, ਇਕ ਅਜੇਹੀ ਜਮਾਤ ਬਤੌਰ ਸ਼ਨਾਖ਼ਤ ਕੀਤੀ ਜੀਹਦੇ ਕੋਲ ਆਪਣੀ ਕਿਰਤ ਸ਼ਕਤੀ ਤੋਂ ਬਿਨਾਂ ਹੋਰ ਕੋਈ ਜਾਇਦਾਦ ਨਹੀਂ, ਕੇਵਲ ਇਹ ਜਮਾਤ ਹੀ ਪੂੰਜੀਵਾਦ ਤੋਂ ਕਮਿਉਨਿਜ਼ਮ ਤਕ ਮੁਕੰਮਲ ਇਨਕਲਾਬੀ ਪ੍ਰੀਵਰਤਨ ਕਰਨ ਦਾ ਹਿੱਤ ਅਤੇ ਕਾਬਲੀਅਤ ਰਖਦੀ ਹੈ।
ਮਾਰਕਸ ਨੇ ਮਨੁੱਖੀ ਸਮਾਜ ਅਤੇ ਇਸ ਦੇ ਵਿਕਾਸ ਦੇ ਕਨੂੰਨਾਂ ਦੇ ਅਧਿਐਨ ਬਾਰੇ ਆਪਣਾ ਵਿਲੱਖਣ ਯੋਗਦਾਨ ਸੰਖੇਪ ਵਿਚ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ:
“ਜਿਥੇ ਤਕ ਮੇਰੀ ਗੱਲ ਹੈ, ਮੈਂ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਆਧੁਨਿਕ ਸਮਾਜ ਵਿਚ ਜਮਾਤਾਂ ਦੀ ਮੌਜੂਦਗੀ/ਹੋਂਦ ਜਾਂ ਉਨ੍ਹਾਂ ਵਿਚਕਾਰ ਟੱਕਰ/ਲੜਾਈ ਦੀ ਖੋਜ ਕੀਤੀ ਹੈ। ਮੈਥੋਂ ਬਹੁਤ ਦੇਰ ਪਹਿਲਾਂ, ਬੁਰਜੂਆ ਇਤਿਹਾਸਕਾਰਾਂ ਨੇ ਇਸ ਜਮਾਤੀ ਸੰਘਰਸ਼ ਦੇ ਆਰਥਿਕ ਅਧਾਰ ਦੀ ਵਿਆਖਿਆ ਕੀਤੀ ਸੀ। ਮੈਂ ਜੋ ਨਵਾਂ ਕੀਤਾ ਹੈ, ਉਹ ਇਹ ਸਾਬਤ ਕਰਨਾ ਸੀ ਕਿ: (1) ਜਮਾਤਾਂ ਦੀ ਹੋਂਦ ਉਤਪਾਦਨ ਦੇ ਵਿਕਾਸ ਦੇ ਖਾਸ ਇਤਿਹਾਸਿਕ ਪੜਾਵਾਂ ਨਾਲ ਬੱਝਿਆ ਹੋਇਆ ਹੈ, (2) ਜਮਾਤੀ ਸੰਘਰਸ਼ ਦਾ ਨਤੀਜਾ ਅਵੱਸ਼ ਹੀ ਪ੍ਰੋਲਤਾਰੀ/ਮਜ਼ਦੂਰ ਜਮਾਤ ਦੀ ਹੁਕਮਸ਼ਾਹੀ/ਤਾਨਾਸ਼ਾਹੀ ਦੀ ਸਥਾਪਤੀ ਹੈ, ਅਤੇ (3) ਇਹ ਹੁਕਮਸ਼ਾਹੀ ਤਮਾਮ ਜਮਾਤਾਂ ਦੇ ਖਾਤਮੇ ਅਤੇ ਜਮਾਤਾਂ-ਰਹਿਤ ਸਮਾਜ ਸਥਾਪਤ ਹੋਣ ਦੇ ਰਸਤੇ ਵਿਚ ਇਕ ਕਦਮ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੈ”।
ਮਾਰਕਸ ਦੇ ਜਿਉਂਦੇ ਜੀਅ ਉਸ ਬਾਰੇ ਸਭ ਤੋਂ ਵਧ ਝੂਠ ਬੋਲਿਆ ਗਿਆ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਉਸ ਨੂੰ ਆਪਣੇ ਦੇਸ਼ਾਂ ਵਿਚੋਂ ਡੀਪੋਰਟ ਕਰ ਦਿਤਾ ਸੀ। ਸਰਮਾਏਦਾਰੀ ਨੇ ਉਸ ਉਤੇ ਚਿੱਕੜ ਉਛਾਲਿਆ। ਪਰ ਸਮੁੱਚੀ ਦੁਨੀਆਂ ਦੀ ਮਜ਼ਦੂਰ ਜਮਾਤ ਅਤੇ ਲੋਕਾਂ ਵਾਸਤੇ, ਉਸ ਦੀ ਜ਼ਿੰਦਗੀ ਅਤੇ ਕੰਮ ਪੂੰਜੀਵਾਦ ਦਾ ਤਖਤਾ ਉਲਟਾ ਕੇ ਕਮਿਉਨਿਜ਼ਮ ਦਾ ਆਗਾਜ਼ ਕਰਨ ਦੇ ਸੰਘਰਸ਼ ਵਿਚ ਹਮੇਸ਼ਾ ਇਕ ਮਿਸਾਲ ਅਤੇ ਪ੍ਰੇਰਨਾ ਦਾ ਸੋਮਾਂ ਬਣਿਆਂ ਰਹੇਗਾ। ਉਸ ਦਾ ਨਾਮ ਅਤੇ ਉਸ ਦਾ ਕੰਮ ਯੁੱਗਾਂ ਯੁੱਗਾਂ ਤਕ ਕਾਇਮ ਰਹੇਗਾ।