ਮਈ ਦਿਵਸ, ਅੰਤਰਰਾਸ਼ਟਰੀ ਮਜ਼ਦੂਰਾਂ ਦਾ ਦਿਨ, ਸਭ ਤੋਂ ਪਹਿਲਾਂ ਪਹਿਲੀ ਮਈ, 1890 ਵਿਚ ਮਨਾਇਆ ਗਿਆ ਸੀ। ਉਸ ਦਿਨ ਯੂਰਪ ਭਰ ਵਿਚ ਅਤੇ ਉੱਤਰੀ ਅਮਰੀਕਾ ਵਿਚ ਜਲੂਸ ਅਤੇ ਮੁਜ਼ਾਹਰੇ ਕੀਤੇ ਗਏ ਸਨ।
ਮਈ ਦਿਵਸ ਦਾ ਅਰੰਭ ਕੰਮ ਦੀ ਦਿਹਾੜੀ/ਘੰਟੇ ਘੱਟ ਕਰਨ ਵਾਸਤੇ ਸੰਘਰਸ਼ ਨਾਲ ਜੁੜਿਆ ਹੋਇਆ ਹੈ, ਜਿਸ ਮੰਗ ਦੀ ਮਜ਼ਦੂਰ ਜਮਾਤ ਲਈ ਇਕ ਬਹੁਤ ਵੱਡੀ ਸਿਆਸੀ ਮਹੱਤਤਾ ਹੈ। ਕੰਮ ਦੀ ਛੋਟੀ ਦਿਹਾੜੀ ਲਈ ਸੰਘਰਸ਼ ਤਕਰੀਬਨ ਉਸੇ ਸਮੇਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਬਰਤਾਨੀਆਂ, ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਫੈਕਟਰੀ ਸਿਸਟਮ ਸ਼ੁਰੂ ਹੋਇਆ ਸੀ। ਮਜ਼ਦੂਰ 14-16-18 ਘੰਟੇ ਲੰਬਾ ਸਮਾਂ ਕਰਨ ਦੀ ਵਿਰੋਧਤਾ ਕਰ ਰਹੇ ਸਨ। 1820ਵਿਆਂ ਅਤੇ 1830ਵਿਆਂ ਦੇ ਦਹਾਕਿਆਂ ਵਿਚ ਕੰਮ ਦੇ ਘੰਟੇ ਘਟਾਉਣ ਦੇ ਮਾਮਲੇ ਨੂੰ ਲੈ ਕੇ ਹੜਤਾਲਾਂ ਦੀ ਭਰਮਾਰ ਸੀ।
ਇੰਗਲੈਂਡ ਵਿਚ ਕੰਮ ਦਿਹਾੜੀ ਦੀ ਲੰਬਾਈ ਬਾਰੇ ਮਜ਼ਦੂਰਾਂ ਅਤੇ ਸਰਮਾਏਦਾਰਾਂ ਵਿਚਕਾਰ ਤਿੱਖੇ ਸੰਘਰਸ਼ ਚਲੇ। 1847 ਵਿਚ ਬਰਤਾਨਵੀ ਪਾਰਲੀਮੈਂਟ ਵਿਚ ਫੈਕਟਰੀਜ਼ ਐਕਟ ਪਾਸ ਹੋਇਆ ਜਿਸ ਨੇ ਕੰਮ ਦਿਹਾੜੀ 10 ਘੰਟੇ ਤਕ ਸੀਮਤ ਕਰ ਦਿਤੀ, ਜੋ ਮਜ਼ਦੂਰ ਜਮਾਤ ਵਾਸਤੇ ਇਕ ਅਹਿਮ ਜਿੱਤ ਸੀ।
ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਹੁਰਾਂ ਵਲੋਂ ਸਥਾਪਤ ਕੀਤੀ ਇੰਟਰਨੈਸ਼ਨਲ ਵਰਕਿੰਗਮੈਨਜ਼ ਐਸੋਸੀਏਸ਼ਨ ਨੇ 1866 ਵਿਚ ਆਪਣੀ ਜਨੇਵਾ ਕਾਂਗਰਸ ਵਿਚ ਕੰਮ ਦਿਹਾੜੀ 8 ਘੰਟੇ ਕਰਨ ਲਈ ਸੰਘਰਸ਼ ਕਰਨ ਦਾ ਸੱਦਾ ਦਿਤਾ ਸੀ।
20 ਅਗਸਤ, 1866 ਨੂੰ ਅਮਰੀਕਾ ਦੀਆਂ 50 ਤੋਂ ਵਧ ਟਰੇਡ ਯੂਨੀਅਨਾਂ ਦੇ ਡੈਲੀਗੇਟਾਂ ਨੇ ਨੈਸ਼ਨਲ ਲੇਬਰ ਯੂਨੀਅਨ ਬਣਾਈ। ਇਸ ਦੀ ਸਥਾਪਨਾ ਕਨਵੈਨਸ਼ਨ ਵਿਚ ਛੋਟੀ ਕੰਮ ਦਿਹਾੜੀ ਦੀ ਮੰਗ ਵਾਸਤੇ ਇਹ ਮੱਤਾ ਪਾਸ ਕੀਤਾ ਗਿਆ: “ਇਸ ਦੇਸ਼ ਦੇ ਕਿਰਤੀਆਂ ਨੂੰ ਪੂੰਜੀਵਾਦੀਆਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਅੱਜ ਸਭ ਤੋਂ ਪਹਿਲੀ ਅਤੇ ਅਹਿਮ ਜ਼ਰੂਰਤ, ਅਮਰੀਕੀ ਯੂਨੀਅਨ ਦੀਆਂ ਸਾਰੀਆਂ ਸਟੇਟਾਂ ਵਿਚ ਕੰਮ ਦਿਹਾੜੀ 8 ਘੰਟੇ ਮਿਥੀ ਜਾਣ ਲਈ ਕਨੂੰਨ ਬਣਾਏ ਜਾਣਾ ਹੈ। ਇਹ ਸ਼ਾਨਾਮੱਤਾ ਨਤੀਜਾ ਹਾਸਲ ਕਰਨ ਲਈ ਅਸੀਂ ਆਪਣਾ ਪੂਰਾ ਤਾਣ ਲਾ ਦੇਣ ਦਾ ਪ੍ਰਣ ਕਰਦੇ ਹਾਂ”।
1885 ਵਿਚ ਹੜਤਾਲਾਂ ਅਤੇ ਲਾਕਆਊਟਾਂ ਦੀ ਗਿਣਤੀ 700 ਤਕ ਪਹੁੰਚ ਗਈ ਅਤੇ ਇਨ੍ਹਾਂ ਵਿਚ 250,000 ਮਜ਼ਦੂਰ ਸ਼ਾਮਲ ਹੋਏ। 1886 ਵਿਚ ਅਮਰੀਕਾ ਵਿਚ ਹੜਤਾਲਾਂ ਦੀ ਗਿਣਤੀ ਦੁਗਣੀ ਹੋ ਗਈ, ਜੋ ਮਜ਼ਦੂਰਾਂ ਦੀ ਲੜਾਕੂ ਸਪਿਰਿਟ ਦਾ ਪ੍ਰਤੀਕ ਸੀ।
ਬਹੁਤ ਸਾਰੇ ਸ਼ਹਿਰਾਂ ਵਿਚ ਅਤੇ ਵੱਖ ਵੱਖ ਕਿੱਤਿਆਂ ਵਾਲੇ ਮਜ਼ਦੂਰ ਇਸ ਮੰਗ ਦੁਆਲੇ ਇਕਮੁੱਠ ਹੋਣੇ ਸ਼ੁਰੂ ਹੋ ਗਏ: “8 ਘੰਟੇ ਕੰਮ, 8 ਘੰਟੇ ਮਨੋਰੰਜਨ ਅਤੇ 8 ਘੰਟੇ ਅਰਾਮ”।
ਉਨ੍ਹਾਂ ਨੇ ਇਸ ਮੰਗ ਵਾਸਤੇ 1 ਮਈ, 1886 ਨੂੰ ਇਕ ਵੱਡਾ ਹੜਤਾਲੀ ਐਕਸ਼ਨ ਲੈਣ ਦੀਆਂ ਤਿਆਰੀਆਂ ਵਿੱਢ ਦਿਤੀਆਂ।
ਹੜਤਾਲ ਦਾ ਮੁੱਖ ਕੇਂਦਰ ਸ਼ਿਕਾਗੋ ਸੀ, ਜਿਥੇ ਹੜਤਾਲੀ ਲਹਿਰ ਸਭ ਤੋਂ ਜ਼ਿਆਦਾ ਫੈਲੀ ਹੋਈ ਸੀ, ਪਰ ਪਹਿਲੀ ਮਈ ਨੂੰ ਹੋਰ ਬਹੁਤ ਸਾਰੇ ਸ਼ਹਿਰ ਵੀ ਹੜਤਾਲ ਵਿਚ ਸ਼ਾਮਲ ਸਨ। ਨਿਊਯਾਰਕ, ਬਾਲਟੀਮੋਰ, ਵਾਸ਼ਿੰਗਟਨ, ਮਿਲਵਾਕੀ, ਸਿਨਸਿਨਾਟੀ, ਸੇਂਟ ਲੂਈਸ, ਪਿੱਟਸਬਰਗ, ਡੈਟਰੌਇਟ ਅਤੇ ਹੋਰ ਸ਼ਹਿਰਾਂ ਦੇ ਮਜ਼ਦੂਰਾਂ ਨੇ ਵੀ ਵੱਡੀ ਗਿਣਤੀ ਵਿਚ ਹੜਤਾਲ ਵਿਚ ਹਿੱਸਾ ਲਿਆ।
ਅਮਰੀਕਾ ਵਿਚ 8 ਘੰਟੇ ਦਿਹਾੜੀ ਲਹਿਰ, ਜੋ 1 ਮਈ, 1886 ਨੂੰ ਸਿਖਰ ਤੇ ਪਹੁੰਚੀ, ਮਜ਼ਦੂਰ ਜਮਾਤ ਦੇ ਲੜਾਕੂ ਇਤਿਹਾਸ ਵਿਚ ਇਕ ਸ਼ਾਨਦਾਰ ਕਾਂਡ ਹੈ। 1 ਮਈ, 1886 ਨੂੰ ਸ਼ਿਕਾਗੋ ਵਿਚ ਮਜ਼ਦੂਰਾਂ ਦਾ ਤਕੜਾ ਵੇਗ ਉਠਿਆ ਸਭ ਨੇ ਆਪਣੇ ਸੰਦ ਰੱਖ ਦਿਤੇ ਅਤੇ ਅਤੇ ਹੜਤਾਲ ਉਤੇ ਚਲੇ ਗਏ। ਅਮਰੀਕੀ ਰਾਜ ਅਤੇ ਸਰਮਾਏਦਾਰ ਜਮਾਤ ਮਜ਼ਦੂਰਾਂ ਦੀ ਜ਼ੋਰ ਫੜ ਰਹੀ ਲਹਿਰ ਤੋਂ ਖੌਫਜ਼ੱਦਾ ਹੋ ਗਏ। ਉਹ ਸਮੁੱਚੀ ਮਜ਼ਦੂਰ ਜਮਾਤ ਲਹਿਰ ਦੀ ਲੀਡਰਸ਼ਿਪ ਅਤੇ ਹੜਤਾਲੀ ਮਜ਼ਦੂਰਾਂ ਉਤੇ ਹਮਲਾ ਕਰਕੇ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ।
3 ਮਈ ਨੂੰ ਸ਼ਿਕਾਗੋ ਵਿਚ ਮੈਕਕੌਰਮਿਕ ਰੀਪਰ ਵਰਕਸ ਦੇ ਹੜਤਾਲੀ ਮਜ਼ਦੂਰਾਂ ਦੀ ਮੀਟਿੰਗ ਉਤੇ ਪੁਲੀਸ ਨੇ ਇਕ ਵਹਿਸ਼ੀਆਨਾ ਹਮਲਾ ਕੀਤਾ, ਜਿਸ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਦੇ ਇਸ ਅਣਉਤੇਜਿਤ ਵਹਿਸ਼ੀ ਹਮਲੇ ਦੇ ਜਵਾਬ ਵਿਚ ਮਜ਼ਦੂਰਾਂ ਨੇ 4 ਮਈ ਨੂੰ ਹੇਅਮਾਰਕੀਟ ਸਕੂਅੇਰ ਵਿਚ ਇਕ ਮੁਜ਼ਾਹਰਾ ਜਥੇਬੰਦ ਕੀਤਾ। ਇਹ ਮੀਟਿੰਗ ਬਿਲਕੁਲ ਸ਼ਾਂਤਪੂਰਨ ਸੀ ਅਤੇ ਖਤਮ ਹੀ ਹੋਣ ਵਾਲੀ ਸੀ, ਜਦੋਂ ਪੁਲੀਸ ਦੇ ਏਜੰਟਾਂ ਨੇ ਭੀੜ ਉਤੇ ਬੰਬ ਸੁੱਟ ਦਿਤਾ। ਪੁਲੀਸ ਅਤੇ ਉਨ੍ਹਾਂ ਦੇ ਏਜੰਟਾਂ ਵਲੋਂ ਜਾਣਬੁੱਝ ਕੇ ਜਥੇਬੰਦ ਕੀਤੀ ਇਸ ਹਨੇਰਗਰਦੀ ਅਤੇ ਹਿੰਸਾ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ।
ਉਸ ਤੋਂ ਬਾਦ ਅਮਰੀਕਾ ਦੇ ਸਰਮਾਏਦਾਰਾ ਮੀਡੀਆ ਨੇ ਇਕ ਭਾਰੀ ਮਜ਼ਦੂਰ-ਵਿਰੋਧੀ ਪ੍ਰਚਾਰ ਮੁਹਿੰਮ ਚਲਾ ਦਿਤੀ, ਜਿਸ ਵਿਚ ਮਜ਼ਦੂਰਾਂ ਨੂੰ ਅਰਾਜਕਤਾਵਾਦੀ ਅਤੇ ਮੁਜਰਮਾਨ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਫਾਂਸੀ ਤੇ ਟੰਗਣ ਦੇ ਅਵਾਜ਼ੇ ਕੱਸੇ ਗਏ। ਹੜਤਾਲੀ ਮਜ਼ਦੂਰਾਂ ਦੇ ਸੱਤ ਲੀਡਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬਾਅਦ ਵਿਚ ਉਨ੍ਹਾਂ ਵਿਚੋਂ ਚੌਂਹ ਨੂੰ ਫਾਂਸੀ ਲਾ ਦਿਤੀ ਗਈ। ਬਾਅਦ ਵਿਚ ਪਰਦਾਫਾਸ਼ ਹੋਇਆ ਕਿ ਸਮੁੱਚਾ ਮੁਕੱਦਮਾਂ ਇਕ ਫਰੇਬ ਸੀ। ਮਜ਼ਦੂਰਾਂ ਖਿਲਾਫ ਵਹਿਸ਼ੀ ਹਮਲੇ ਕਰਕੇ ਅਮਰੀਕਾ ਦੀ ਸਰਮਾਏਦਾਰ ਜਮਾਤ ਨੇ ਕੁਝ ਸਮੇਂ ਲਈ ਮਜ਼ਦੂਰ ਲਹਿਰ ਨੂੰ ਦਬਾ ਲਿਆ। ਪਰ ਉਹ ਮਜ਼ਦੂਰਾਂ ਦੀ ਖਾੜਕੂ ਸਪਿਰਿਟ ਨੂੰ ਨਸ਼ਟ ਕਰਨ ਵਿਚ ਕਾਮਯਾਬ ਨਾ ਹੋ ਸਕੀ। ਮਜ਼ਦੂਰਾਂ ਨੇ ਪੂਰੇ ਅਮਰੀਕਾ ਵਿਚ 1 ਮਈ, 1890 ਨੂੰ ਰੈਲੀਆਂ ਕਰਨ ਦਾ ਫੈਸਲਾ ਕੀਤਾ।
14 ਜੁਲਾਈ, 1889 ਨੂੰ ਫਰਾਂਸ ਦੇ ਬੁਰਜੂਆ ਇਨਕਲਾਬ ਦੁਰਾਨ ਬੈਸਟਿਲ ਫੋਰਟ (ਕਿੱਲੇ) ਉਤੇ ਜਿੱਤ ਦੀ 100ਵੀਂ ਵਰ੍ਹੇਗੰਢ ਉਤੇ, ਬਹੁਤ ਸਾਰੇ ਦੇਸ਼ਾਂ ਦੀਆਂ ਇਨਕਲਾਬੀ ਪ੍ਰੋਲਤਾਰੀ/ਮਜ਼ਦੂਰ ਲਹਿਰਾਂ ਦੇ ਲੀਡਰ ਪੈਰਿਸ ਵਿਚ ਇਕੱਤਰ ਹੋਏ, ਜਿਥੇ ਉਨ੍ਹਾਂ ਨੇ ਇਕ ਵਾਰ ਫਿਰ ਮਜ਼ਦੂਰਾਂ ਦੀ ਅੰਤਰਰਾਸ਼ਟਰੀ ਜਥੇਬੰਦੀ ਬਣਾ ਲਈ। ਦੂਸਰੀ ਅੰਤਰਰਾਸ਼ਟਰੀ (ਸੈਕਿੰਡ ਇੰਟਰਨੈਸ਼ਨਲ) ਦੀ ਸਥਾਪਨਾ ਮੀਟਿੰਗ ਲਈ ਜੁੜੇ ਡੈਲੀਗੇਟਾਂ ਨੇ ਅਮਰੀਕੀ ਡੈਲੀਗੇਟਾਂ ਤੋਂ ਅਮਰੀਕਾ ਵਿਚ 1884-1886 ਦੁਰਾਨ 8 ਘੰਟੇ ਦਿਹਾੜੀ ਵਾਸਤੇ ਸੰਘਰਸ਼ ਬਾਰੇ ਅਤੇ ਇਸ ਲਹਿਰ ਦੇ ਦੁਬਾਰਾ ਉਭਰਨ ਬਾਰੇ ਸੁਣਿਆਂ। ਅਮਰੀਕੀ ਮਜ਼ਦੂਰਾਂ ਦੀ ਉਦਾਹਰਣ ਤੋਂ ਉਤਸ਼ਾਹਤ ਹੋ ਕੇ ਪੈਰਿਸ ਕਾਂਗਰਸ ਨੇ ਇਹ ਮਤਾ ਪਾਸ ਕੀਤਾ:
“ਇਹ ਕਾਂਗਰਸ ਇਕ ਮਹਾਨ ਅੰਤਰਰਾਸ਼ਟਰੀ ਪ੍ਰਦਰਸ਼ਨ/ਮੁਜ਼ਾਹਰਾ ਜਥੇਬੰਦ ਕਰਨ ਦਾ ਫੈਸਲਾ ਲੈਂਦੀ ਹੈ, ਤਾਂ ਕਿ ਤਮਾਮ ਦੇਸ਼ਾਂ ਵਿਚ ਅਤੇ ਤਮਾਮ ਸ਼ਹਿਰਾਂ ਵਿਚ ਮੇਹਨਤਕਸ਼ ਲੋਕ ਰਾਜ ਦੇ ਅਧਿਕਾਰੀਆਂ ਤੋਂ 8 ਘੰਟੇ ਦੀ ਕੰਮ ਦਿਹਾੜੀ ਨੂੰ ਕਨੂੰਨੀ ਬਣਾਉਣ ਦੀ ਮੰਗ ਕਰਨ ਅਤੇ ਪੈਰਿਸ ਕਾਂਗਰਸ ਦੇ ਹੋਰ ਫੈਸਲਿਆਂ ਉਤੇ ਕੰਮ ਕਰਨ। ਅਮਰੀਕੀ ਫੈਡਰੇਸ਼ਨ ਆਫ ਲੇਬਰ ਨੇ ਸੇਂਟ ਲੂਈਸ ਵਿਚ ਦਿਸੰਬਰ, 1888 ਨੂੰ ਹੋਈ ਆਪਣੀ ਕਨਵੈਨਸ਼ਨ ਵਿਚ 1 ਮਈ, 1890 ਨੂੰ ਅਜੇਹਾ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੋਇਆ ਹੈ, ਇਹ ਦਿਨ ਅੰਤਰਰਾਸ਼ਟਰੀ ਪ੍ਰਦਰਸ਼ਨ ਲਈ ਮਨਜ਼ੂਰ/ਸਵੀਕਾਰ ਕੀਤਾ ਜਾਂਦਾ ਹੈ। ਵੱਖ ਵੱਖ ਦੇਸ਼ਾਂ ਦੇ ਮਜ਼ਦੂਰਾਂ ਨੂੰ ਨਿਸ਼ਚੇ ਹੀ ਹਰੇਕ ਦੇਸ਼ ਵਿਚ ਮੌਜੂਦਾ ਹਾਲਾਤਾਂ ਅਨੁਸਾਰ ਇਹ ਪ੍ਰਦਰਸ਼ਨ ਜਥੇਬੰਦ ਕਰਨੇ ਚਾਹੀਦੇ ਹਨ”।
ਮਈ ਦਿਵਸ ਦਾ ਅਰੰਭ ਇਸ ਤਰਾਂ ਹੋਇਆ ਸੀ।
ਏਂਗਲਜ਼ ਨੇ ਕਮਿਉਨਿਸਟ ਮੈਨੀਫੈਸਟੋ ਦੀ ਚੌਥੀ ਐਡੀਸ਼ਨ ਦੇ ਮੁੱਖਬੰਦ, ਜੋ ਉਨ੍ਹਾਂ ਨੇ 1 ਮਈ, 1890 ਨੂੰ ਲਿਖਿਆਿ ਸੀ, ਵਿਚ ਅੰਤਰਰਾਸ਼ਟਰੀ ਪ੍ਰੋਲਤਾਰੀ ਜਥੇਬੰਦੀਆਂ ਦੇ ਇਤਿਹਾਸ ਦੀ ਪੜਚੋਲ ਕਰਦਿਆਂ ਪਹਿਲੇ ਅੰਤਰਰਾਸ਼ਟਰੀ ਮਈ ਦਿਵਸ ਦੀ ਅਹਿਮੀਅਤ ਵਲ ਇਉਂ ਧਿਆਨ ਦੁਆਇਆ:
“ਜਿਉਂ ਹੀ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਯੂਰਪ ਅਤੇ ਅਮਰੀਕਾ ਦਾ ਪ੍ਰੋਲਤਾਰੀਆ ਆਪਣੀਆਂ ਲੜਾਕੂ ਤਾਕਤਾਂ ਦਾ ਮੁਆਇਨਾ ਕਰ ਰਹੇ ਹਨ, ਜੋ ਪਹਿਲੀ ਬਾਰੀ ਲਾਮਬੰਦ ਹੋਏ ਹਨ, ਇਕ ਫੌਜ ਬਤੌਰ ਲਾਮਬੰਦ ਹੋਏ ਹਨ, ਇਕ ਝੰਡੇ ਥੱਲੇ, ਇਕੋ ਹੀ ਫੌਰੀ ਉਦੇਸ਼ ਲਈ: ਅੱਠ-ਘੰਟੇ ਕੰਮ ਦਿਹਾੜੀ ਦਾ ਨੇਮ, ਇਕ ਕਨੂੰਨੀ ਐਕਟ ਰਾਹੀ ਸਥਾਪਤ ਕੀਤੇ ਜਾਣ ਲਈ, ਜਿਵੇਂ ਕਿ 1866 ਵਿਚ ਅੰਤਰਰਾਸ਼ਟਰੀ ਦੀ ਜਨੇਵਾ ਕਾਂਗਰਸ ਨੇ ਅਤੇ ਇਕ ਬਾਰੀ ਫਿਰ 1889 ਵਿਚ ਪੈਰਿਸ ਦੇ ਮਜ਼ਦੂਰਾਂ ਦੀ ਕਾਂਗਰਸ ਨੇ ਐਲਾਨ ਕੀਤਾ ਸੀ। ਅਤੇ ਅੱਜ ਇਹ ਨਜ਼ਾਰਾ ਤਮਾਮ ਦੇਸ਼ਾਂ ਦੇ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਸੱਚਾਈ ਦਿਖਾ ਦੇਵੇਗਾ ਕਿ ਸਭ ਦੇਸ਼ਾਂ ਦੇ ਮਜ਼ਦੂਰ ਵਾਕਿਆ ਹੀ ਇੱਕਮੁੱਠ ਹੋ ਗਏ ਹਨ।
ਕਾਸ਼ ਕਿ ਇਸ ਵਕਤ ਮਾਰਕਸ ਮੇਰੇ ਨਾਲ ਹੁੰਦਾ ਅਤੇ ਆਪਣੀਆਂ ਅੱਖਾਂ ਨਾਲ ਦੇਖਦਾ”।
ਉਦੋਂ ਤੋਂ ਲੈ ਕੇ ਪੂਰੀ ਦੁਨੀਆਂ ਵਿਚ ਮਜ਼ਦੂਰ 1 ਮਈ ਨੂੰ ਤਮਾਮ ਦੇਸ਼ਾਂ ਦੇ ਮਜ਼ਦੂਰਾਂ ਵਿਚਕਾਰ ਪੂੰਜੀਵਾਦ ਦੇ ਖਿਲਾਫ ਅਤੇ ਹਰ ਕਿਸਮ ਦੀ ਲੁੱਟ ਤੋਂ ਮੁਕਤੀ ਦੇ ਸੰਘਰਸ਼ ਵਿਚ ਮਿਤਰਤਾ ਬਤੌਰ ਮਨਾਉਂਦੇ ਆ ਰਹੇ ਹਨ।
ਹਿੰਦੋਸਤਾਨ ਵਿਚ ਪਹਿਲੇ ਮਈ ਦਿਵਸ ਦੀ ਸ਼ਤਾਬਦੀ – 1923
ਹਿੰਦੋਸਤਾਨ ਵਿਚ, ਪੂਰੀ ਦੁਨੀਆਂ ਵਿਚ ਹਰ ਸਾਲ ਪਹਿਲੀ ਮਈ ਨੂੰ ਜਥੇਬੰਦ ਕੀਤੇ ਜਾਂਦੇ ਸਮਾਗਮਾਂ ਦੇ ਅਟੁੱਟ ਹਿੱਸੇ ਬਤੌਰ ਮਨਾਇਆ ਜਾਂਦਾ ਆ ਰਿਹਾ ਹੈ।
ਹਿੰਦੋਸਤਾਨ ਵਿਚ ਪਹਿਲੀ ਬਾਰੀ ਮਈ ਦਿਵਸ 1 ਮਈ, 1923 ਨੂੰ ਹਿੰਦੋਸਤਾਨ ਦੀ ਕਿਰਤੀ ਕਿਸਾਨ ਪਾਰਟੀ ਵਲੋਂ ਚੰਨਈ (ਮਦਰਾਸ) ਵਿਚ ਮਨਾਇਆ ਗਿਆ ਸੀ। ਇਹ ਵੀ ਪਹਿਲੀ ਬਾਰ ਹੀ ਸੀ ਕਿ ਉਸ ਦਿਨ ਹਿੰਦੋਸਤਾਨ ਵਿਚ ਲਾਲ ਝੰਡਾ ਝੁਲਾਇਆ ਗਿਆ ਸੀ। 1923 ਵਿਚ ਪਾਰਟੀ ਦੇ ਆਗੂ ਕਾਮਰੇਡ ਸਿੰਗਾਰਾਵੇਲੂ ਨੇ ਦੋ ਥਾਵਾਂ ਉਤੇ ਮਈ ਦਿਵਸ ਮਨਾਏ ਜਾਣ ਦਾ ਪ੍ਰਬੰਧ ਕੀਤਾ ਸੀ। ਇਕ ਮੀਟਿੰਗ ਮਦਰਾਸ ਹਾਈਕੋਰਟ ਦੇ ਸਾਹਮਣੇ ਵਾਲੀ ਬੀਚ (ਰੇਤਲਾ ਤੱਟ) ਉਤੇ ਅਤੇ ਦੂਸਰੀ ਟ੍ਰਿਪਲੀਕੇਟ ਬੀਚ ਵਿਚ ਕੀਤੀ ਗਈ ਸੀ। ਮਰੀਨਾ ਬੀਚ ਉਤੇ ਲਗਾਇਆ ਗਿਆ ਟਰਾਂਇੰਫ ਆਫ ਲੇਬਰ ਸਟੈਚੂ (ਕਿਰਤ ਦੀ ਜਿੱਤ ਦਾ ਬੁੱਤ) ਚੰਨਈ ਵਿਚ ਪਹਿਲੇ ਮਈ ਦਿਵਸ ਸਮਾਰੋਹ ਦਾ ਪ੍ਰਤੀਕ ਹੈ।
ਚੰਨਈ ਵਿਚ ਮਈ ਦਿਵਸ ਸਮਾਰੋਹ ਮਨਾਇਆ ਜਾਣਾ ਮਜ਼ਦੂਰ ਜਮਾਤ ਅੰਦਰ ਸਮਾਜਵਾਦੀ ਚੇਤੰਨਤਾ ਦੇ ਪੈਦਾ ਹੋਣ ਦਾ ਪ੍ਰਤੀਬਿੰਬ ਸੀ। ਹਿੰਦੋਸਤਾਨੀ ਮਜ਼ਦੂਰ ਜਮਾਤ ਨੇ ਆਪਣੇ ਅੰਦਰਲੀ ਇਨਕਲਾਬੀ ਸੰਭਾਵਨਾ ਬਸਤੀਵਾਦ-ਵਿਰੋਧੀ ਸੰਘਰਸ਼ ਦੁਰਾਨ ਲੋਕਮਾਨਯ ਤਿਲਕ ਨੂੰ ਦੇਸ਼-ਧਰੋਹ ਦੇ ਚਾਰਜਾਂ ਉਤੇ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੀ ਗਈ ਆਮ ਹੜਤਾਲ ਨੇ ਜ਼ਾਹਿਰ ਕਰ ਦਿਤੀ ਸੀ।
ਪਹਿਲੇ ਵਿਸ਼ਵ ਯੁੱਧ ਦੇ ਖਤਮ ਹੋਣ ਤੋਂ ਬਾਦ 1918-1921 ਦੁਰਾਨ ਹਿੰਦੋਸਤਾਨ ਵਿਚ ਬੜੀਆਂ ਬੜੀਆਂ ਹੜਤਾਲਾਂ ਕੀਤੀਆਂ ਗਈਆਂ ਸਨ। 1918 ਵਿਚ ਮੁੰਬਈ ਦੀ ਸੂਤੀ ਕਪੜੇ ਦੀ ਸਮੁੱਚੀ ਇੰਡਸਟਰੀ ਨੂੰ ਮਜ਼ਦੂਰਾਂ ਵਲੋਂ ਬੇਹਤਰ ਵੇਤਨਾਂ ਅਤੇ ਕੰਮ ਤੇ ਰਹਾਇਸ਼ ਦੀਆਂ ਬੇਹਤਰ ਹਾਲਤਾਂ ਖਾਤਰ ਕੀਤੀ ਗਈ ਹੜਤਾਲ ਨੇ ਬੰਦ ਕਰਾ ਦਿਤਾ ਸੀ। ਰੇਲਵੇ ਮਜ਼ਦੂਰ ਅਤੇ ਟੈਕਸਟਾਈਲ ਮਿੱਲ ਮਜ਼ਦੂਰ ਹਿੰਦੋਸਤਾਨ ਭਰ ਵਿਚ ਫਾਸ਼ੀ ਰੌਲਟ ਐਕਟ ਦੇ ਖਿਲਾਫ ਤਾਕਤਵਰ ਸੰਘਰਸ਼ ਦੀਆਂ ਮੂਹਰਲੀਆਂ ਸਫਾਂ ਉਤੇ ਸਨ। ਨਵੰਬਰ, 1921 ਵਿਚ ਦਹਿ ਲੱਖਾਂ ਮਜ਼ਦੂਰਾਂ ਨੇ ਪਰਿੰਸ ਆਫ ਵੇਲਜ਼ ਦੀ ਫੇਰੀ ਦੇ ਵਿਰੋਧ ਵਿਚ ਪੂਰੇ ਦੇਸ਼ ਵਿਚ ਆਮ ਹੜਤਾਲ ਵਿਚ ਹਿੱਸਾ ਲਿਆ ਸੀ। ਮੁੰਬਈ ਦੇ ਟੈਕਸਟਾਈਲ ਮਿਲ ਮਜ਼ਦੂਰਾਂ ਨੇ ਪੂਰੇ ਸ਼ਹਿਰ ਵਿਚ ਕਾਰੋਬਾਰ ਬੰਦ ਕਰਾ ਦਿਤੇ ਸਨ।
ਪਹਿਲੇ ਵਿਸ਼ਵ ਯੁੱਧ ਦੇ ਦੁਰਾਨ ਅਤੇ ਉਸ ਤੋਂ ਬਾਦ ਦੇ ਅਰਸੇ ਵਿਚ ਗ਼ਦਰੀ ਇਨਕਲਾਬੀਆਂ ਦੇ ਕਾਰਨਾਮੇ ਅਤੇ 1917 ਵਿਚ ਸੋਵੀਅਤ ਯੂਨੀਅਨ ਵਿਚ ਮਹਾਨ ਅਕਤੂਬਰ ਇਨਕਲਾਬ ਦੀ ਜਿੱਤ ਹਿੰਦੋਸਤਾਨ ਵਿਚ ਉਠ ਰਹੀ ਮਜ਼ਦੂਰ ਜਮਾਤ ਲਹਿਰ ਲਈ ਉਤਸ਼ਾਹ ਦਾ ਸੋਮਾ ਸਨ।