ਔਰਤਾਂ ਦੀ ਮੁਕਤੀ ਦੇ ਸੰਘਰਸ਼ ਨੂੰ ਅੱਗੇ ਵਧਾਓ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 8 ਮਾਰਚ, 2023

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਅੰਤਰਰਾਸ਼ਟਰੀ ਔਰਤ ਦਿਵਸ, 2023 ਦੇ ਮੌਕੇ ਉਤੇ ਲੱਖਾਂ ਹੀ ਸੰਘਰਸ਼ਸ਼ੀਲ ਔਰਤਾਂ ਨੂੰ ਸਲਾਮ ਕਰਦੀ ਹੈ। ਅਸੀਂ ਉਨ੍ਹਾਂ ਮੇਹਨਤਕਸ਼ ਔਰਤਾਂ ਨੂੰ ਸਲਾਮ ਕਰਦੇ ਹਾਂ ਜੋ ਸਾਡੇ ਦੇਸ਼ ਵਿਚ ਨਿੱਜੀਕਰਣ ਅਤੇ ਉਦਾਰੀਕਰਣ ਦੇ ਖਿਲਾਫ ਲੜਾਈ ਵਿਚ ਸਭ ਤੋਂ ਅੱਗੇ ਹਨ। ਅਸੀਂ ਉਨ੍ਹਾਂ ਸਭਨਾਂ ਨੂੰ ਸਲਾਮ ਕਰਦੇ ਹਾਂ ਜੋ ਰਾਜ ਵਲੋਂ ਆਯੋਜਿਤ ਫਿਰਕੂ ਹਿੰਸਾ, ਰਾਜਕੀ-ਅੱਤਵਾਦ ਅਤੇ ਔਰਤਾਂ ਦੇ ਖਿਲਾਫ ਹਰ ਤਰਾਂ ਦੀ ਹਿੰਸਾ ਦੇ ਖਿਲਾਫ ਲੜ ਰਹੇ ਹਨ। ਅਸੀਂ ਯੂਰਪ ਦੀਆਂ ਉਨ੍ਹਾਂ ਔਰਤਾਂ ਨੂੰ ਸਲਾਮ ਕਰਦੇ ਹਾਂ ਜੋ ਸਾਮਰਾਜਵਾਦੀ ਜੰਗਾਂ ਭੜਕਾਉਣ ਵਾਲੇ ਨਾਟੋ ਦੇ ਖਿਲਾਫ ਸੜਕਾਂ ਉਤੇ ਆ ਗਈਆਂ ਹਨ। ਅਸੀਂ ਉਨ੍ਹਾਂ ਸਭ ਦੇਸ਼ਾਂ ਦੀਆਂ ਔਰਤਾਂ ਨੂੰ ਸਲਾਮ ਕਰਦੇ ਹਾਂ ਜੋ ਇਕ ਔਰਤ ਅਤੇ ਇਨਸਾਨ ਬਤੌਰ ਆਪਣੇ ਅਧਿਕਾਰ ਮੰਗ ਕਰ ਰਹੀਆਂ ਹਨ।

ਔਰਤਾਂ ਦੇ ਇਨਸਾਨ ਬਤੌਰ, ਅਤੇ ਨਵੀਂ ਪੀੜ੍ਹੀ ਨੂੰ ਜਨਮ ਦੇਣ ਵਿਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਦੇ ਕਾਰਨ, ਔਰਤ ਬਤੌਰ ਅਧਿਕਾਰ ਹਨ। ਲੇਕਿਨ ਔਰਤਾਂ ਸਰਮਾਏਦਾਰਾ ਸ਼ੋਸ਼ਣ ਅਤੇ ਇਕ ਅਜੇਹੇ ਕਰੂਰ ਸਮਾਜਿਕ ਢਾਂਚੇ ਕਾਰਨ ਉਤਪੀੜਤ ਹਨ, ਜੋ ਉਨ੍ਹਾਂ ਨੂੰ ਹਮੇਸ਼ਾ ਨੀਵੇਂ ਦਰਜੇ ਦੇ ਇਨਸਾਨਾਂ ਵਾਲੀ ਥਾਂ ਦਿੰਦਾ ਹੈ।

ਸਾਡੇ ਦੇਸ਼ ਵਿਚ ਔਰਤਾਂ ਪੂੰਜੀਵਾਦੀ ਸ਼ੋਸ਼ਣ ਦੇ ਨਾਲ ਨਾਲ ਜਗੀਰੂਵਾਦ ਅਤੇ ਜਾਤਪਾਤੀ ਢਾਂਚੇ ਦੀ ਰਹਿੰਦ-ਖੂੰਹਦ ਤੋਂ ਵੀ ਉਤਪੀੜਤ ਹਨ। ਉਹ ਉਸ ਪ੍ਰਚਲਤ ਰਿਵਾਜ ਦਾ ਸ਼ਿਕਾਰ ਹਨ ਕਿ ਇਕ ਲੜਕੀ ਪ੍ਰੀਵਾਰ ਉਤੇ ਇਕ ਬੋਝ ਹੁੰਦੀ ਹੈ। ਇਹ ਕੰਨਿਆਂ ਭਰੂਣ ਹੱਤਿਆ, ਲੜਕੀਆਂ ਅਤੇ ਲੜਕਿਆਂ ਵਿਚ ਫਰਕ, ਬਾਲ-ਵਿਆਹ, ਦਹੇਜ ਅਤੇ ਅਜੇਹੀਆਂ ਕਈ ਹੋਰ ਘ੍ਰਿਣਾਪੂਰਣ ਰਿਵਾਜਾਂ ਤੋਂ ਜ਼ਾਹਰ ਹੁੰਦਾ ਹੈ ਜਿਨ੍ਹਾਂ ਨੂੰ ਸਰਮਾਏਦਾਰੀ ਜਿਉਂਦਾ ਰਖ ਰਹੀ ਹੈ। ਇਨ੍ਹਾਂ ਰਿਵਾਜਾਂ ਅਨੁਸਾਰ, ਇਕ ਔਰਤ ਦਾ ਸਥਾਨ ਘਰ ਵਿਚ ਹੈ। ਜਦੋਂ ਕਿਸੇ ਔਰਤ ਉਤੇ ਕੰਮਾਂ ਉਤੇ ਜਾਂ ਸੜਕਾਂ ਉਤੇ ਕੋਈ ਹਮਲਾ ਹੁੰਦਾ ਹੈ ਤਾਂ ਉਸ ਦੀ ਸੁਰਖਿਆ ਯਕੀਨੀ ਬਣਾਉਣ ਵਿਚ ਰਾਜ ਦੀ ਨਾਕਾਮੀ ਉਤੇ ਸਵਾਲ ਨਹੀਂ ਉਠਾਏ ਜਾਂਦੇ; ਇਸ ਦੀ ਬਜਾਇ ਇਹ ਸਵਾਲ ਉਠਾਇਆ ਜਾਂਦਾ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਕਿਉਂ ਗਈ ਸੀ।

ਹਿੰਦੋਸਤਾਨ ਦੀ ਸਰਕਾਰ ਦਾਅਵਾ ਕਰਦੀ ਹੈ ਕਿ ਉਹ ਔਰਤਾਂ ਨੂੰ ਸਿਿਖਅਤ ਅਤੇ ਸਮਰੱਥ ਬਣਾਉਣ ਲਈ ਸਮਰਪਤ ਹੈ। ਸਾਡੇ ਦੇਸ਼ ਵਿਚ ਬਹੁਗਿਣਤੀ ਲੜਕੀਆਂ ਨੂੰ ਸਕੂਲੀ ਪੜਾਈ ਪੂਰੀ ਕਰਨ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਲੜਕੀਆਂ ਲਈ ਪਖਾਨਾ-ਘਰਾਂ ਦੀ ਅਣਹੋਂਦ, ਸਕੂਲ ਜਾਣ ਲਈ ਲੰਬੇ ਅਤੇ ਮੁਸ਼ਕਲ ਰਸਤੇ ਤੈਅ ਕਰਨੇ ਪੈਣੇ ਅਤੇ ਅਜੇਹੇ ਹੋਰ ਹਾਲਾਤ ਜਿਨ੍ਹਾਂ ਕਾਰਨ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਅਸੁਰਖਿਅਤ ਬਣ ਜਾਂਦੀ ਹੈ ਤੇ ਉਨ੍ਹਾਂ ਨੂੰ ਯੌਨ ਉਤਪੀੜਨ, ਬਲਾਤਕਾਰ ਆਦਿ ਦਾ ਖਤਰਾ ਪੈਦਾ ਹੁੰਦਾ ਹੈ। ਕੰਮਕਾਜੀ ਔਰਤ ਬਣ ਜਾਣ ਤੋਂ ਬਾਦ ਵੀ ਉਨ੍ਹਾਂ ਨੂੰ ਅਜੇਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਡੇ ਦੇਸ਼ ਵਿਚ ਔਰਤਾਂ ਦੀ ਇਕ ਬਹੁਤ ਵੱਡੀ ਬਹੁਗਿਣਤੀ ਨੂੰ ਬੱਚੇ ਨੂੰ ਜਨਮ ਦੇਣ ਲਈ ਸੁਰਖਿਅਤ ਸਹੂਲਤਾਂ ਦੀ ਕੋਈ ਗਰੰਟੀ ਨਹੀਂ ਪ੍ਰਾਪਤ। ਇਕ ਤਾਜ਼ਾ ਰਿਪੋਰਟ ਦਾ ਅਨੁਮਾਨ ਹੈ ਕਿ ਪਿਛਲੇ 20 ਸਾਲਾਂ ਵਿਚ ਜਨਮ-ਦੇਣ ਦੀ ਪ੍ਰੀਕ੍ਰਿਆ ਦੁਰਾਨ 13 ਲੱਖ ਔਰਤਾਂ ਦੀ ਮੌਤ ਹੋ ਚੁੱਕੀ ਹੈ।

ਔਰਤਾਂ ਦੇ ਕਈ ਅਧਿਕਾਰਾਂ ਨੂੰ ਕਨੂੰਨੀ ਮਾਨਤਾ ਤਾਂ ਪ੍ਰਾਪਤ ਹੈ ਪਰ ਅਮਲ ਵਿਚ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਬਰਾਬਰ ਕੰਮ ਵਾਸਤੇ ਬਰਾਬਰ ਤਨਖਾਹ ਅਜੇਹਾ ਹੀ ਇਕ ਅਧਿਕਾਰ ਹੈ। ਪ੍ਰਸੂਤ ਦੀ ਛੁੱਟੀ ਅਤੇ ਬੱਚਾ ਪਾਲਣ ਦੀਆਂ ਸਹੂਲਤਾਂ ਦਾ ਅਧਿਕਾਰ ਵੀ ਅਜੇਹਾ ਹੀ ਇਕ ਅਧਿਕਾਰ ਹੈ, ਜੋ ਲਾਗੂ ਨਹੀਂ ਕੀਤਾ ਜਾਂਦਾ। ਸਰਮਾਏਦਾਰ ਮਾਲਕ ਔਰਤ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਵਾਧੂ ਖਰਚ ਮੰਨਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਮੁਨਾਫਾ ਘਟਦਾ ਹੈ। ਇਸ ਕਰਕੇ ਸਰਮਾਏਦਾਰ ਇਨ੍ਹਾਂ ਅਧਿਕਾਰਾਂ ਨੂੰ ਘੱਟ ਜਾਂ ਪੂਰੀ ਤਰਾਂ ਹੀ ਖਤਮ ਕਰਾਉਣਾ ਚਾਹੁੰਦੇ ਹਨ। ਔਰਤ ਮਜ਼ਦੂਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਸਰਮਾਏਦਾਰਾਂ ਨੂੰ ਰਾਜ ਕੋਈ ਸਜ਼ਾ ਨਹੀਂ ਦਿੰਦਾ।

ਸਾਰੇ ਸਰਮਾਏਦਾਰਾ ਦੇਸ਼ਾਂ ਵਿਚ ਬੁਰਜੂਆ ਹਾਕਮ ਜਮਾਤਾਂ ਔਰਤਾਂ ਦੇ ਸ਼ੋਸ਼ਣ ਅਤੇ ਸਮਾਜ ਵਿਚ ਉਨ੍ਹਾਂ ਦੀ ਅਧੀਨਗੀ ਦੇ ਕਾਰਨਾਂ ਬਾਰੇ ਭੁਲੇਖੇ ਖੜ੍ਹੇ ਕਰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਾਚੀਨ ਕਾਲ ਤੋਂ ਹੀ, ਹਰੇਕ ਸਮਾਜ ਵਿਚ ਔਰਤਾਂ ਦਾ ਦਮਨ ਹੁੰਦਾ ਰਿਹਾ ਹੈ, ਅਤੇ ਇਸ ਲਈ ਅਜੇਹਾ ਹੁੰਦਾ ਰਹੇਗਾ, ਕਿਉਂਕਿ ਇਹ ਕੁਦਰਤ ਦਾ ਨੇਮ ਹੈ। ਜਾਂ ਫਿਰ ਉਹ ਇਹ ਵਿਚਾਰ ਫੈਲਾਉਂਦੇ ਹਨ ਕਿ ਔਰਤਾਂ ਦੀਆਂ ਸਮੱਸਿਆਵਾਂ ਵਾਸਤੇ ਪੁਰਸ਼ ਜ਼ਿਮੇਵਾਰ ਹਨ। ਉਹ ਇਸ ਨੂੰ ਔਰਤਾਂ ਅਤੇ ਆਦਮੀਆਂ ਵਿਚਕਾਰ ਲੜਾਈ ਦੇ ਤੌਰ ਉਤੇ ਪੇਸ਼ ਕਰਦੇ ਹਨ। ਉਹ ਇਹ ਭਰਮ ਫੈਲਾਉਂਦੇ ਹਨ ਕਿ ਔਰਤਾਂ ਦੀਆਂ ਸਮੱਸਿਆਵਾਂ ਕੁਝ ਇਕ ਨੀਤੀਗਤ ਕਦਮਾਂ ਅਤੇ ਸਰਕਾਰੀ ਪ੍ਰੋਗਰਾਮਾਂ ਦੇ ਰਾਹੀਂ ਸਰਮਾਏਦਾਰਾ ਢਾਂਚੇ ਦੇ ਅੰਦਰ ਰਹਿ ਕੇ ਹੀ ਹੱਲ ਹੋ ਸਕਦੀਆਂ ਹਨ।

ਸਚਾਈ ਇਹ ਹੈ ਕਿ ਸਮਾਜ ਦੇ ਅੰਦਰ ਔਰਤਾਂ ਦੇ ਅਧੀਨ/ਨੀਵੇਂ ਸਥਾਨ ਦਾ ਕਾਰਨ ਸਮਾਜ ਦੀ ਜਮਾਤੀ ਵੰਡ ਹੈ। ਜਿੰਨਾਂ ਚਿਰ ਸਮਾਜ ਵਿਚ ਮਜ਼ਦੂਰਾਂ ਦੀ ਲੁੱਟ ਹੁੰਦੀ ਰਹੇਗੀ ਓਨਾ ਚਿਰ ਔਰਤਾਂ ਦਾ ਸ਼ੋਸ਼ਣ ਵੀ ਹੁੰਦਾ ਰਹੇਗਾ। ਇਸ ਸੱਚਾਈ ਨੂੰ ਉੱਤਰੀ ਅਮਰੀਕਾ ਅਤੇ ਯੂਰਪ ਵਿਚ ਕੰੰਮ ਕਰਨ ਵਾਲੀਆਂ ਔਰਤਾਂ ਦੇ ਲੀਡਰਾਂ ਨੇ 100 ਸਾਲ ਪਹਿਲਾਂ ਪਛਾਣ ਲਿਆ ਸੀ। ਮਜ਼ਦੂਰ ਔਰਤਾਂ ਦੇ ਕਮਿਉਨਿਸਟ ਲੀਡਰਾਂ ਨੇ ਉਸ ਵੇਲੇ ਐਲਾਨ ਕੀਤਾ ਸੀ ਕਿ ਔਰਤਾਂ ਦੀ ਮੁਕਤੀ ਦਾ ਰਾਹ ਸਮਾਜ ਦੀ ਪੂੰਜੀਵਾਦ ਤੋਂ ਸਮਾਜਵਾਦ ਵਲ ਤਬਦੀਲੀ ਵਾਸਤੇ ਸੰਘਰਸ਼ ਹੈ। ਕਮਿਉਨਿਸਟ ਔਰਤਾਂ ਦੀ ਪਹਿਲ-ਕਦਮੀ ਨਾਲ 1910 ਵਿਚ 8 ਮਾਰਚ ਦਾ ਦਿਨ ਪਹਿਲੀ ਬਾਰ ਅੰਤਰਰਾਸ਼ਟਰੀ ਔਰਤ ਦਿਵਸ ਦੇ ਤੌਰ ਤੇ ਮਨਾਇਆ ਗਿਆ ਸੀ।

ਰੂਸ ਅਤੇ ਪੱਛਮੀ ਯੂਰਪ ਦੇ ਕਈ ਦੇਸ਼ਾਂ ਵਿਚ ਉਤਪਾਦਨ ਦੇ ਸਾਧਨਾਂ ਨੂੰ ਸਮਾਜਿਕ ਜਾਇਦਾਦ ਵਿਚ ਤਬਦੀਲ ਕਰਨ ਉਪਰੰਤ ਸਮਾਜਵਾਦ ਦੇ ਜਨਮ ਅਤੇ ਤਰੱਕੀ ਨੇ ਮਾਨਵੀ ਕਿਰਤ ਦੀ ਲੁੱਟ-ਖਸੁੱਟ ਦੇ ਖਾਤਮੇ ਵਾਸਤੇ ਜ਼ਮੀਨ ਤਿਆਰ ਕਰ ਦਿਤੀ ਸੀ। ਇਸ ਵਜ੍ਹਾ ਨਾਲ ਸਮਾਜਿਕ ਜ਼ਿੰਦਗੀ ਦੇ ਤਮਾਮ ਖੇਤਰਾਂ ਵਿਚ ਔਰਤਾਂ ਦੀ ਭਾਗੀਦਾਰੀ ਦੇ ਸਤਰ/ਪੱਧਰ ਵਿਚ ਅਥਾਹ ਤਰੱਕੀ ਹੋਈ। ਸਮਾਜਵਾਦੀ ਰਾਜ ਨੇ ਬੱਚਿਆਂ ਦੀ ਸੰਭਾਲ ਲਈ ਨਰਸਰੀਆਂ ਅਤੇ ਹੋਰ ਸੁਵਿਧਾਵਾਂ ਸਥਾਪਤ ਕਰਨ ਦੀ ਜ਼ਿਮੇਵਾਰੀ ਨਿਭਾਈ ਜਿਨ੍ਹਾਂ ਨਾਲ ਘਰੇਲੂ ਕੰਮ ਦਾ ਭਾਰ ਹੌਲਾ ਹੋ ਗਿਆ । ਔਰਤਾਂ ਅਤੇ ਬੱਚਿਆਂ ਦੀਆਂ ਵਿਸ਼ੇਸ਼ ਸਵਾਸਥਿਕ ਜ਼ਰੂਰਤਾਂ ਦੀ ਦੇਖ-ਭਾਲ ਕਰਨ ਲਈ ਹਰੇਕ ਮੁਹੱਲੇ ਵਿਚ ਹਸਪਤਾਲ ਅਤੇ ਡਾਕਟਰੀ ਸੁਵਿਧਾਵਾਂ ਸਥਾਪਤ ਕੀਤੀਆਂ ਗਈਆਂ। ਸਮਾਜਵਾਦੀ ਦੇਸ਼ ਲੇਡੀ ਡਾਕਟਰਾਂ, ਇੰਜਨੀਅਰਾਂ, ਟੀਚਰਾਂ, ਕਾਰੀਗਰਾਂ ਅਤੇ ਅੱਵਲ ਦਰਜੇ ਦੇ ਵਿਿਗਆਨਿਕਾਂ ਅਤੇ ਤਕਨੀਕੀ ਮਾਹਰਾਂ ਦੀ ਵਿਸ਼ਾਲ ਤਾਕਤ ਲਈ ਮਸ਼ਹੂਰ ਹੋ ਗਏ।

ਸਮਾਜਵਾਦ ਦੀ ਤਰੱਕੀ ਨੇ ਦੁਨੀਆਂ ਦੇ ਸਭ ਦੇਸ਼ਾਂ ਉਤੇ ਇਕ ਤਕੜਾ ਅਸਰ/ਦਬਾਅ ਪਾਇਆ। ਇਸ ਨੇ ਤਮਾਮ ਸਰਕਾਰਾਂ ਨੂੰ ਘੱਟ ਤੋਂ ਘੱਟ ਲਫਜ਼ਾਂ ਵਿਚ ਤਾਂ ਇਸ ਅਸੂਲ ਨੂੰ ਮੰਨਣ ਲਈ ਮਜਬੂਰ ਕਰ ਦਿਤਾ ਕਿ ਔਰਤਾਂ ਨੂੰ ਚੁਣੇ ਜਾਣ ਸਮੇਤ ਪੁਰਸ਼ਾਂ ਦੇ ਬਰਾਬਰ ਆਰਥਿਕ ਅਤੇ ਸਿਆਸੀ ਅਧਿਕਾਰ ਹੋਣੇ ਜ਼ਰੂਰੀ ਹਨ। ਲੇਕਿਨ ਜਿੰਨਾ ਚਿਰ, ਆਰਥਿਕ ਢਾਂਚਾ ਮਾਨਵੀ ਕਿਰਤ ਦੀ ਲੁੱਟ ਕਰਕੇ ਸਰਮਾਏਦਾਰਾਂ ਦੇ ਨਿੱਜੀ ਮੁਨਾਫੇ ਸਭ ਤੋਂ ਵਧ ਬਣਾਉਣ ਦੇ ਨਿਸ਼ਾਨੇ ਨਾਲ ਚਲਾਇਆ ਜਾਂਦਾ ਰਹੇਗਾ ਓਨਾ ਚਿਰ ਔਰਤਾਂ ਅਤੇ ਪੁਰਸ਼ਾਂ, ਦੋਵਾਂ ਦੇ ਹੱਕ ਮੁੱਖ ਤੌਰ ਉਤੇ ਕਾਗਜ਼ਾਂ ਵਿਚ ਹੀ ਰਹਿਣਗੇ। ਉਨ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਢਾਂਚੇ ਦੇ ਅੰਦਰ ਇਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣ ਲਈ ਕੋਈ ਤੰਤਰ/ਜੁਗਾੜ ਮੌਜੂਦ ਨਹੀਂ ਹਨ।

ਕਈ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਇਨ੍ਹਾਂ ਖਿਆਲਾਂ ਦਾ ਪ੍ਰਚਾਰ ਕਰ ਰਹੀਆਂ ਹਨ ਕਿ ਔਰਤਾਂ ਨੂੰ ਅਧਿਕਾਰਿਤ ਅਹੁਦਿਆਂ ਉਤੇ ਆ ਜਾਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਲੇਕਿਨ ਤਜਰਬਾ ਦਸਦਾ ਹੈ ਕਿ ਔਰਤਾਂ ਦੇ ਉੱਚੀਆਂ ਪੁਜ਼ੀਸ਼ਨਾਂ ਉਤੇ ਆਉਣ ਨਾਲ ਆਰਥਿਕ ਢਾਂਚੇ ਦਾ ਸਰਮਾਏਦਾਰਾ ਖਾਸਾ ਨਹੀਂ ਬਦਲਦਾ। ਇਹਦੇ ਨਾਲ ਔਰਤਾਂ ਅਤੇ ਪੁਰਸ਼ਾਂ ਦੋਵਾਂ ਦੀ ਅੰਨ੍ਹੀ ਲੁੱਟ-ਖਸੁੱਟ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀਆਂ ਉਲੰਘਾਵਾਂ ਖਤਮ ਨਹੀਂ ਹੁੰਦੀਆਂ। ਇਹ ਰਾਜ ਦਾ ਜਾਬਰ ਖਾਸਾ ਅਤੇ ਸਿਆਸੀ ਪ੍ਰੀਕ੍ਰਿਆ ਦਾ ਲੋਕ-ਵਿਰੋਧੀ ਖਾਸਾ ਨਹੀਂ ਬਦਲਦਾ।

ਮੌਜੂਦਾ ਸਿਆਸੀ ਪ੍ਰੀਕ੍ਰਿਆ ਬਹੁਤੇਰੇ ਔਰਤਾਂ ਅਤੇ ਪੁਰਸ਼ਾਂ ਨੂੰ ਆਪਣੇ ਜੀਵਨ ਉਤੇ ਅਸਰ ਪਾਉਣ ਵਾਲੇ ਫੈਸਲੇ ਲੈਣ ਤੋਂ ਵੰਚਿਤ ਕਰਦੀ ਹੈ। ਸਮੇਂ ਸਮੇਂ ਉਤੇ ਚੋਣਾਂ ਨਾਲ, ਇਕ ਜਾਂ ਦੂਸਰੀ ਸਿਆਸੀ ਪਾਰਟੀ ਸੱਤਾ ਵਿਚ ਆ ਜਾਂਦੀ ਹੈ ਅਤੇ ਅਜਾਰੇਦਾਰ ਘਰਾਣਿਆਂ ਦੀ ਅਗਵਾਈ ਵਿਚ ਸਰਮਾਏਦਾਰ ਜਮਾਤ ਲਈ ਹੋਰ ਦੌਲਤਮੰਦ ਬਣਾਉਣ ਦਾ ਅਜੰਡਾ ਲਾਗੂ ਕਰਦੀ ਹੈ।

30 ਸਾਲਾਂ ਤੋਂ ਜ਼ਿਆਦਾ ਅਰਸੇ ਤੋਂ, ਹਾਕਮ ਜਮਾਤ ਉਦਾਰੀਕਰਣ ਅਤੇ ਨਿੱਜੀਕਰਣ ਦੇ ਰਾਹੀਂ ਭੂਮੰਡਲੀਕਰਣ ਦੇ ਪ੍ਰੋਗਰਾਮ ਉਤੇ ਚਲਦੀ ਆ ਰਹੀ ਹੈ। ਚੋਣਾਂ ਦੇ ਬਾਰ ਬਾਰ ਗੇੜਿਆਂ ਨੇ ਕੋਈ ਫਰਕ ਨਹੀਂ ਪਾਇਆ। ਪਾਰਟੀਆਂ ਬਦਲੀਆਂ ਹਨ ਅਤੇ ਨਾਅਰੇ ਬਦਲੇ ਹਨ; ਪਰ ਅਜੰਡਾ ਉਹੀ ਰਿਹਾ ਹੈ। ਨਿਸ਼ਾਨਾ ਬਹੁਗਿਣਤੀ ਮੇਹਨਤਕਸ਼ ਔਰਤਾਂ ਅਤੇ ਪੁਰਸ਼ਾਂ ਦੀ ਲੁੱਟ ਅਤੇ ਸ਼ੋਸ਼ਣ ਤੇਜ਼ ਕਰਕੇ ਅਜਾਰੇਦਾਰ ਸਰਮਾਏਦਾਰਾਂ ਦੇ ਨਿੱਜੀ ਮੁਨਾਫੇ ਵਧਾਉਣਾ ਹੀ ਰਿਹਾ ਹੈ।

ਆਰਥਿਕ ਹਮਲਿਆਂ ਦੇ ਨਾਲ ਸਿਆਸਤ ਦਾ ਮੁਜਰਮੀਕਰਣ ਅਤੇ ਫਿਰਕਾਪ੍ਰਸਤੀ ਵੀ ਜੋੜ ਦਿਤੀ ਗਈ ਹੈ। ਨੌਜਵਾਨ ਲੜਕੀਆਂ ਅਤੇ ਔਰਤਾਂ ਦੇ ਖਿਲਾਫ ਵਹਿਸ਼ੀ ਜ਼ੁਰਮ ਵਧ ਰਹੇ ਹਨ ਅਤੇ ਹੋਰ ਵਹਿਸ਼ੀ ਹੁੰਦੇ ਜਾ ਰਹੇ ਹਨ। ਲੋਕਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਖੁਦ ਹੀ ਔਰਤਾਂ ਦੇ ਖਿਲਾਫ ਘਿਨਾਉਣੇ ਅਪਰਾਧ ਕਰਨ ਦੀਆਂ ਗੁਨਾਹਗਾਰ ਹਨ।

ਇਕ ਲੋਟੂ ਅਲਪਸੰਖਿਆ ਅਤੇ ਉਸ ਦੀਆਂ ਮੁਜਰਮਾਨਾ ਸਿਆਸੀ ਪਾਰਟੀਆਂ ਦੀ ਸਿਆਸੀ ਤਾਕਤ ਉਤੇ ਅਜਾਰੇਦਾਰੀ ਨੂੰ ਖਤਮ ਕਰਨਾ, ਵੱਡੀਆਂ ਇਨਕਲਾਬੀ ਤਬਦੀਲੀਆਂ ਲਿਆਉਣ ਵਾਸਤੇ ਰਾਹ ਖੋਲ੍ਹਣ ਲਈ ਇਕ ਪਹਿਲਾ ਅਤੇ ਜ਼ਰੂਰੀ ਕਦਮ ਹੈ।

ਔਰਤਾਂ ਅਤੇ ਸਭ ਮੇਹਨਤਕਸ਼ ਲੋਕਾਂ ਨੂੰ ਆਪਣੇ ਹੱਥਾਂ ਵਿਚ ਰਾਜਨੀਤਕ ਸੱਤਾ ਲੈਣ ਦੀ ਜ਼ਰੂਰਤ ਹੈ, ਤਾਂ ਕਿ ਉਹ ਖੁਦ ਅਜੰਡਾ ਨਿਰਧਾਰਿਤ ਕਰ ਸਕਣ ਅਤੇ ਆਪਣੇ ਹਾਲਾਤਾਂ ਨੂੰ ਬਦਲ ਸਕਣ। ਉਤਪਾਦਨ ਦੇ ਤਮਾਮ ਸਾਧਨਾਂ ਉਤੇ ਸਰਮਾਏਦਾਰਾਂ ਦੀ ਨਿੱਜੀ ਮਾਲਕੀ ਨੂੰ ਖਤਮ ਕਰਨ ਅਤੇ ਉਨ੍ਹਾਂ ਨੂੰ ਸਮਾਜਿਕ ਜਾਇਦਾਦ ਵਿਚ ਬਦਲਣ ਦੀ ਜ਼ਰੂਰਤ ਹੈ, ਤਾਂ ਕਿ ਆਰਥਿਕ ਢਾਂਚੇ ਨੂੰ ਸਰਮਾਏਦਾਰਾਂ ਦੇ ਲਾਲਚਾਂ ਦੀ ਬਜਾਇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀ ਦਿਸ਼ਾ ਵਿਚ ਚਲਾਇਆ ਜਾ ਸਕੇ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਔਰਤਾਂ ਨੂੰ ਹੋਕਾ ਦਿੰਦੀ ਹੈ ਕਿ ਉਹ ਸਭ ਲੁਟੀਂਦੇ ਅਤੇ ਉਤਪੀੜਤਾਂ ਦੇ ਨਾਲ ਇਕਮੁੱਠ ਹੋਣ ਅਤੇ ਉਦਾਰੀਕਰਣ ਅਤੇ  ਨਿੱਜੀਕਰਣ ਦੇ ਜ਼ਰੀਏ ਭੂਮੰਡਲੀਕਰਣ ਦੇ ਮਜ਼ਦੂਰ-ਵਿਰੋਧੀ, ਔਰਤ-ਵਿਰੋਧੀ ਅਤੇ ਸਮਾਜ-ਵਿਰੋਧੀ ਪ੍ਰੋਗਰਾਮ ਨੂੰ ਖਤਮ ਕਰਨ ਲਈ ਸੰਘਰਸ਼ ਕਰਨ। ਆਓ! ਫਿਰਕੂ ਹਿੰਸਾ ਅਤੇ ਸਭ ਪ੍ਰਕਾਰ ਦੇ ਰਾਜਕੀ ਅੱਤਵਾਦ ਦੇ ਖਿਲਾਫ ਸੰਘਰਸ਼ ਅਤੇ ਆਪਣੇ ਜਮਹੂਰੀ ਅਧਿਕਾਰਾਂ ਅਤੇ ਮਾਨਵੀ ਅਧਿਕਾਰਾਂ ਦੀ ਰਖਵਾਲੀ ਦੇ ਸੰਘਰਸ਼ ਨੂੰ ਅੱਗੇ ਵਧਾਈਏ। ਆਓ! ਇਕ ਅਜੇਹੇ ਰਾਜ ਅਤੇ ਆਰਥਿਕ ਢਾਂਚੇ ਦੀ ਸਥਾਪਨਾ ਕਰਨ ਦੇ ਉਦੇਸ਼ ਨਾਲ ਲੜਾਈ ਲੜੀਏ, ਜੋ ਸਭਨਾਂ ਲਈ ਸੁੱਖ ਅਤੇ ਸੁਰਖਿਆ ਯਕੀਨੀ ਬਣਾਏਗਾ। ਆਓ! ਇਕ ਅਜੇਹੇ ਆਰਥਿਕ ਢਾਂਚੇ ਦੇ ਨਿਰਮਾਣ ਦੇ ਉਦੇਸ਼ ਨਾਲ ਸੰਘਰਸ਼ ਚਲਾਈਏ, ਜਿਸ ਵਿਚ ਲੰਿਗ, ਜਮਾਤ ਜਾਂ ਕਿਸੇ ਹੋਰ ਅਧਾਰ ਉਤੇ ਕੋਈ ਸ਼ੋਸ਼ਣ, ਦਮਨ ਜਾਂ ਭੇਦਭਾਵ ਨਾ ਹੋਵੇ।

ਅੰਤਰਰਾਸ਼ਟਰੀ ਔਰਤ ਦਿਵਸ ਜ਼ਿੰਦਾਬਾਦ!
ਹਰ ਪ੍ਰਕਾਰ ਦੇ ਸ਼ੋਸ਼ਣ, ਦਮਨ ਅਤੇ ਭੇਦਭਾਵ ਤੋਂ ਮੁਕਤੀ ਲਈ ਇਕਮੁੱਠ ਹੋ ਕੇ ਸੰਘਰਸ਼ ਚਲਾਓ!

Share and Enjoy !

Shares

Leave a Reply

Your email address will not be published. Required fields are marked *