ਵਿਕਾਸ ਦੇ ਸਰਮਾਏਦਾਰਾ ਰਾਹ ਦਾ ਨਤੀਜਾ ਅਜਾਰੇਦਾਰੀਆਂ ਦਾ ਵਧਣਾ ਹੁੰਦਾ ਹੈ

ਹਿੰਦੋਸਤਾਨੀ ਅਰਬਪਤੀਆਂ ਦੀ ਭੁਕਾਨੇ ਵਾਂਗ ਫੁੱਲ ਰਹੀ ਦੌਲਤ ਅਤੇ ਉਨ੍ਹਾਂ ਦੀ ਵਧ ਰਹੀ ਗਿਣਤੀ ਨੂੰ ਸਾਡੇ ਦੇਸ਼ ਦੇ ਲੋਕਾਂ ਲਈ ਇਕ ਮਾਣ ਵਾਲੀ ਗੱਲ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਵਧ ਰਹੀਆਂ ਮੁਸੀਬਤਾਂ ਨੂੰ ਆਰਥਿਕਤਾ ਦੀ ਤੇਜ਼ ਤਰੱਕੀ ਲਈ ਇਕ “ਜ਼ਰੂਰੀ ਕੁਰਬਾਨੀ” ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ।

ਹਿੰਦੋਸਤਾਨ ਦੀ ਆਰਥਿਕਤਾ ਦੇ ਤੇਜ਼ ਵਾਧੇ ਨਾਲ ਦੇਸ਼ ਦੀਆਂ ਸਭ ਤੋਂ ਬੜੀਆਂ ਅਜਾਰੇਦਾਰੀਆਂ ਦੀਆਂ ਤਿਜੌਰੀਆਂ ਹੋਰ ਜ਼ਿਆਦਾ ਰਫਤਾਰ ਨਾਲ ਭਰ ਰਹੀਆਂ ਹਨ। ਇਹ ਮਜ਼ਦੂਰਾਂ ਅਤੇ ਕਿਸਾਨਾਂ ਦੇ ਰੁਜ਼ਗਾਰ ਲਈ ਵਧੇਰੇ ਅਸੁਰਖਿਆ ਅਤੇ ਅਸਲੀ ਵੇਤਨਾਂ ਵਿਚ ਗਿਰਾਵਟ ਦੇ ਰਾਹੀਂ ਪ੍ਰਾਪਤ ਕੀਤਾ ਗਿਆ ਹੈ। ਇਹ ਬਹੁਤ ਵੱਡੀ ਗਿਣਤੀ ਵਿਚ ਛੋਟੇ ਅਤੇ ਮਮੂਲੀ ਉਦਯੋਗਾਂ ਅਤੇ ਲੱਖਾਂ ਹੀ ਖੁਦ ਲਈ ਕੰਮ ਕਰਨ ਵਾਲੇ ਕਾਰੀਗਾਰਾਂ ਅਤੇ ਦੁਕਾਨਦਾਰਾਂ ਨੂੰ ਤਬਾਹ ਕਰਕੇ ਪ੍ਰਾਪਤ ਕੀਤਾ ਜਾ ਰਿਹਾ ਹੈ।

ਅੱਜ ਦੇਸ਼ ਦੇ ਸਮੁਚੇ ਕਾਰਪੋਰੇਟ ਖੇਤਰ ਦਾ 75% ਮੁਨਾਫਾ ਕੇਵਲ 20 ਬੜੀਆਂ ਕੰਪਨੀਆਂ ਕਮਾਉਂਦੀਆਂ ਹਨ, ਜਦ ਕਿ ਇਹ ਦਹਾਕਾ ਪਹਿਲਾਂ ਇਹ ਅਨੁਪਾਤ 45% ਸੀ। ਇਹ ਅਨੁਪਾਤ ਸਾਲ ਦਰ ਸਾਲ ਵਧਦਾ ਜਾ ਰਿਹਾ ਹੈ। ਬਹੁਤੇ ਖੇਤਰਾਂ ਦੇ 85% ਮੁਨਾਫੇ ਕੇਵਲ ਦੋ ਉਪਰਲੀਆਂ (ਟਾਪ ਦੀਆਂ) ਕੰਪਨੀਆਂ ਕਮਾ ਰਹੀਆਂ ਹਨ। ਜਦੋਂ ਅਸੀਂ ਦੇਖਦੇ ਹਾਂ ਕਿ 1992-93 ਵਿਚ ਟਾਪ ਦੀਆਂ 20 ਕੰਪਨੀਆਂ ਕੁੱਲ ਮੁਨਾਫਿਆਂ ਦਾ ਕੇਵਲ 15% ਕਮਾ ਰਹੀਆਂ ਸਨ ਤਾਂ ਸਾਫ ਪਤਾ ਲਗ ਜਾਂਦਾ ਹੈ ਕਿ ਦੇਸ਼ ਵਿਚ ਸਕੇਂਦਰਣ ਅਤੇ ਅਜਾਰੇਦਾਰੀ ਕਿਸ ਰਫਤਾਰ ਨਾਲ ਵਧ ਰਿਹਾ ਹੈ।

ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ ਐਮ ਆਈ ਈ) ਦਾ ਪਿਛਲੇ 20 ਸਾਲਾਂ ਦਾ ਡਾਟਾ ਉਪਰੋਕਤ ਸਚਾਈ ਦੀ ਪੁਸ਼ਟੀ ਕਰਦਾ ਹੈ। 2000-01 ਵਿਚ ਬੰਬੇ ਸਟਾਕ ਐਕਸਚੇਂਜ ਦੇ ਸੈਨੇਕਸ 30 ਦੀ ਸੂਚੀ ਵਿਚ ਦਰਜ ਤਮਾਮ ਕੰਪਨੀਆਂ ਕੁੱਲ ਨਿਰੋਲ ਮੁਨਾਫੇ (ਟੈਕਸ ਦੇਣ ਤੋਂ ਬਾਦ) ਦਾ 35% ਕਮਾਉਂਦੀਆਂ ਸਨ ਅਤੇ 2019-20 ਵਿਚ ਇਹ ਅੰਕੜਾ 75% ਹੋ ਗਿਆ।

ਅੱਜ ਕਈ ਪ੍ਰਮੁੱਖ ਖੇਤਰਾਂ ਵਿਚ ਮੁਨਾਫੇ ਦੇ ਹਿੱਸੇ ਅਤੇ ਪੂੰਜੀ ਸਕੇਂਦਰਣ ਦਾ ਬਹੁਤ ਉੱਚਾ ਸੱਤਰ ਦਿਸਦਾ ਹੈ। ਹਰੇਕ ਖੇਤਰ ਵਿਚ ਇਕ ਜਾਂ ਦੋ ਕੰਪਨੀਆਂ ਕੁੱਲ ਮੁਨਾਫੇ ਦਾ 80% ਹਿੱਸਾ ਲੈ ਜਾਂਦੀਆਂ ਹਨ।

ਕੁਝ ਉਦਯੋਗਾਂ ਵਿਚ ਅਜਾਰੇਦਾਰਾਂ ਦੇ ਮੁਨਾਫੇ ਦੇ ਹਿੱਸੇ ਦਾ ਸਕੇਂਦਰਣ

ਬੱਚਿਆਂ ਦਾ ਪਾਊਡਰ ਦੁੱਧ ਨੈਸਲੇ
ਸਿਗਰਟਾਂ ਆਈ ਟੀ ਸੀ
ਵਾਟਰ ਪਰੂਫਿੰਗ ਪਿਡੀਲਾਈਟ
ਵਾਲਾਂ ਨੂੰ ਲਾਉਣ ਵਾਲਾ ਤੇਲ ਮੈਰਿਕੋ, ਬਜਾਜ
ਪੇਂਟਸ ਏਸ਼ੀਅਨ ਪੇਂਟਸ, ਬਰਜਰ ਪੇਂਟਸ
ਅੱਛੇ ਦਰਜੇ ਦਾ ਖਾਣ ਵਾਲਾ ਤੇਲ ਮੈਰਿਕੋ, ਅਦਾਨੀ
ਬਿਸਕੁਟ ਬ੍ਰਿਟੇਨੀਆਂ, ਪਾਰਲੇ
ਮੋਬਾਈਲ ਡੇਟਾ ਅਤੇ ਟੈਲੀਫੋਨ ਜੀਓ, ਏਅਰਟੈਲ
ਟਰੱਕ ਟਾਟਾ ਮੋਟਰਜ਼, ਅਸੋਕ ਲੇਲੈਂਡ
ਛੋਟੀਆਂ ਕਾਰਾਂ ਮਰੂਤੀ, ਹੁੰਡਈ
ਪੈਟਰੋਕੈਮੀਕਲਜ਼ ਰਿਲਾਐਂਸ
ਹਵਾਈ ਅੱਡੇ ਅਦਾਨੀ
ਸੀਮੈਂਟ ਬਿਰਲਾ, ਅਦਾਨੀ
ਬਿਜਲੀ ਖੇਤਰ ਟਾਟਾ, ਜਿੰਦਲ, ਅਦਾਨੀ, ਟੋਰੈਂਟ

 

ਬੇਬੀ ਫੂਡ ਮਾਰਕਿਟ ਵਿਚ ਇਕੱਲੀ ਨੈਸਲੇ ਕੰਪਨੀ ਦੇ ਮੁਨਾਫੇ ਦੀ ਹਿੱਸੇਦਾਰੀ ਇਸ ਖੇਤਰ ਦੀਆਂ ਤਮਾਮ ਕੰਪਨੀਆਂ ਦੇ ਕੁੱਲ ਮੁਨਾਫੇ ਵਿਚ 85% ਹੈ। ਇਸੇ ਤਰਾਂ ਸਿਗਰਟਾਂ ਵਿਚ ਆਈ ਟੀ ਸੀ (ਇੰਡੀਅਨ ਟਬਾਕੋ ਕੰਪਨੀ) ਦਾ 77%, ਚਿਪਕਾਉਣ ਵਾਲੇ ਪਦਾਰਥਾਂ ਦੇ ਖੇਤਰ ਵਿਚ ਪਿਡੀਲਾਈਟ ਦਾ 70%, ਵਾਲਾਂ ਨੂੰ ਲਾਉਣ ਵਾਲੇ ਤੇਲ ਵਿਚ ਬਜਾਜ ਦਾ 60% ਅਤੇ ਪੇਂਟ ਬਜ਼ਾਰ ਵਿਚ ਏਸ਼ੀਅਨ ਪੇਂਟਸ ਦਾ 40% ਹਿੱਸਾ ਹੈ।

ਮੋਬਾਈਲ ਡੇਟਾ ਅਤੇ ਟੈਲੀਫੋਨ ਵਿਚ ਜੀਓ ਅਤੇ ਏਅਰਟੈਲ ਦੀ ਅਜਾਰੇਦਾਰੀ ਦੇ ਹਾਨੀਕਾਰਕ ਅਸਰ ਨੂੰ ਲੋਕ ਪਹਿਲਾਂ ਹੀ ਮਹਿਸੂਸ ਕਰ ਰਹੇ ਹਨ। ਖੁਦਰਾ ਅਤੇ ਗੈਰ-ਬੈਂਕਿੰਗ ਵਿੱਤੀ ਖੇਤਰਾਂ ਵਿਚ ਵੀ ਇਸੇ ਤਰਾਂ ਦੀ ਹੀ ਅਜਾਰੇਦਾਰੀ ਉੱਭਰ ਰਹੀ ਹੈ।

ਇਕ-ਚੁਥਾਈ ਵਪਾਰਕ ਹਵਾਈ ਆਵਾਜਾਈ ਅਦਾਨੀ ਗਰੁੱਪ ਦੇ ਏਅਰਪੋਰਟਾਂ ਵਿਚ ਹੁੰਦੀ ਹੈ। ਇਸ ਗਰੁੱਪ ਕੋਲ ਸਭ ਤੋਂ ਵੱਡੇ ਸਮੁੰਦਰੀ ਅਤੇ ਹਵਾਈ ਅੱਡੇ ਹਨ। ਦੇਸ਼ ਵਿਚ ਖਾਣ ਪੀਣ ਵਾਲੇ ਦਾਣੇ ਫੱਕੇ ਦਾ 30% ਅਦਾਨੀ ਦੇ ਵੇਅਰਹਾਊਸਾਂ ਵਿਚ ਸਟੋਰ ਕੀਤਾ ਜਾਂਦਾ ਹੈ।

ਅਜਾਰੇਦਾਰੀਆਂ ਦਾ ਇਹ ਰੁਝਾਨ ਹੁਣ ਛੋਟੇ ਛੋਟੇ ਖੇਤਰਾਂ ਵਿਚ ਵੀ ਫੈਲ ਰਿਹਾ ਹੈ ਜਿਥੇ ਪਹਿਲਾਂ ਬਜ਼ਾਰ ਅਤੇ ਮੁਨਾਫੇ ਦਾ ਬਹੁਤਾ ਹਿੱਸਾ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਦੇ ਹੱਥ ਵਿਚ ਹੁੰਦਾ ਸੀ। 2016 ਦੀ ਨੋਟਬੰਦੀ ਅਤੇ 2017 ਦੇ ਜੀ.ਐਸ.ਟੀ. ਦੀ ਸ਼ੁਰੂਅਤ ਨੇ ਬਹੁਤ ਸਾਰੇ ਛੋਟੇ ਅਤੇ ਬਹੁਤ ਹੀ ਛੋਟੇ ਵਪਾਰ ਬੰਦ ਕਰਾ ਦਿਤੇ, ਜਿਸਦੇ ਕਾਰਨ ਉਪਰੋਕਤ ਰੁਝਾਨ ਹੋਰ ਰਫਤਾਰ ਫੜ ਰਿਹਾ ਹੈ। ਨੋਟਬੰਦੀ ਅਤੇ ਜੀ ਐਸ ਟੀ ਨੇ ਬਜ਼ਾਰਾਂ ਅਤੇ ਮੁਨਾਫੇ ਵਿਚ ਅਜਾਰੇਦਾਰੀਆਂ ਦਾ ਹਿੱਸਾ ਵਧਾ ਦਿਤਾ ਹੈ, ਕਿਉਂਕਿ ਉਨ੍ਹਾਂ ਕੋਲ ਪੂਰੇ ਹਿੰਦੋਸਤਾਨ ਵਿਚ ਵਿਤਰਣ ਕਰਨ ਦੇ ਬਹੁਤ ਬੜੇ ਸਾਧਨ ਹਨ।

ਪੂੰਜੀਵਾਦ ਦੀ ਉਨਤੀ ਨਾਲ, ਕਰਜ਼ੇ ਦੇਣ ਵਾਲੇ ਅਦਾਰੇ, ਜਿਨ੍ਹਾਂ ਉਤੇ ਪਹਿਲਾਂ ਇਲਾਕਾਈ ਸਰਮਾਏਦਾਰਾਂ ਦਾ ਬੋਲਬਾਲਾ ਸੀ, ਹੁਣ ਇਸ ਖੇਤਰ ਵਿਚ ਐਚ ਡੀ ਐਫ ਸੀ ਅਤੇ ਐਚ ਡੀ ਐਫ ਸੀ ਬੈਂਕ ਵਰਗੀਆਂ ਕੁਝ ਕੁ ਬਹੁਤ ਵੱਡੀਆਂ ਅਜਾਰੇਦਾਰੀਆਂ ਮੈਦਾਨ ਵਿਚ ਆ ਗਈਆਂ ਹਨ। ਪਿਛਲੇ 10 ਸਾਲਾਂ ਦੁਰਾਨ ਇਹ ਦੋਵੇਂ ਸਭ ਤੋਂ ਬੜੀਆਂ 20 ਮੁਨਾਫਾ ਕਾਰਪੋਰੇਸ਼ਨਾਂ ਦੀ ਸੂਚੀ ਵਿਚ ਆ ਗਈਆਂ ਹਨ।

ਸਸਤੇ ਕਰਜ਼ੇ ਦੀ ਸਹਾਇਤਾ ਨਾਲ ਅਜਾਰੇਦਾਰ ਕੰਪਨੀਆਂ ਮੁਕਾਬਲੇ ਨੂੰ ਦਰੜ ਸੁੱਟਦੀਆਂ ਹਨ ਅਤੇ ਪੂੰਜੀ ਨੂੰ ਹੋਰ ਵਧ ਆਪਣੇ ਹੱਥਾਂ ਵਿਚ ਸਕੇਂਦਰਿਤ ਕਰ ਲੈਂਦੀਆਂ ਹਨ। ਜਿੰਨੀ ਵੱਡੀ ਅਜਾਰੇਦਾਰੀ ਹੋਵੇ ਓਨਾਂ ਹੀ ਸਸਤਾ ਉਨ੍ਹਾਂ ਨੂੰ ਕਰਜ਼ਾ ਮਿਲਦਾ ਹੈ। ਵਿਸ਼ਵੀਕਰਣ ਨੇ ਉਨ੍ਹਾਂ ਨੂੰ ਸਭ ਤੋਂ ਘੱਟ ਰੇਟ ਉਤੇ ਕਰਜ਼ਾ ਦੇਣ ਵਾਲੇ ਦੇਸ਼ਾਂ ਤੋਂ ਕਰਜ਼ਾ ਲੈਣਾ ਸੰਭਵ ਬਣਾ ਦਿਤਾ ਹੈ। ਅਦਾਨੀ ਗਰੁੱਪ ਦੇ 2 ਲੱਖ ਕ੍ਰੋੜ ਰੁਪਏ ਤੋਂ ਵਧ ਕਰਜ਼ੇ ਦਾ ਤਿੰਨ ਚੁਥਾਈ ਕਰਜ਼ਾ ਦੇਸ਼ ਤੋਂ ਬਾਹਰੋਂ ਲਿਆ ਗਿਆ ਹੈ।

ਹਿੰਦੋਸਤਾਨ ਦੇ 20 ਟਾਪ ਮੁਨਾਫਾ ਬਣਾਉਣ ਵਾਲਿਆਂ ਦੋ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਨਿੱਜੀ ਖੇਤਰ ਦੀਆਂ ਅਜਾਰੇਦਾਰੀਆਂ ਜੋ ਦੁਨੀਆਂ ਭਰ ਵਿਚੋਂ ਸਭ ਤੋਂ ਸਸਤਾ ਕਰਜ਼ਾ ਲੈ ਸਕਣ ਦੇ ਕਾਬਲ ਹਨ, ਜਿਵੇਂ ਮੁਕੇਸ਼ ਅੰਬਾਨੀ ਦੀ ਰੀਲਾਐਂਸ, ਟਾਟਾ, ਅਦਾਨੀ, ਐਚ ਡੀ ਐਫ ਸੀ ਗਰੁਪ ਆਦਿ। ਅਤੇ ਦੂਸਰੇ ਸਰਬਜਨਕ ਖੇਤਰ ਦੀਆਂ ਇਕਾਈਆਂ (ਪਬਲਿਕ ਸੈਕਟਰ ਯੂਨਿਟਸ) ਹਨ, ਜਿਨ੍ਹਾਂ ਨੂੰ ਪ੍ਰਭੂਸੱਤ ਗਰੰਟੀ ਹੋਣ ਦੀ ਵਜ੍ਹਾ ਨਾਲ ਸਸਤਾ ਕਰਜ਼ਾ ਮਿਲਣਾ ਸੌਖਾ ਹੈ।

ਛੋਟੀਆਂ ਕੰਪਨੀਆਂ ਨੂੰ ਸਰਕਾਰੀ ਜਾਂ ਨਿੱਜੀ ਸਰੋਤਾਂ ਤੋਂ ਸਸਤਾ ਕਰਜ਼ਾ ਨਹੀਂ ਮਿਲਦਾ। ਇਸ ਵਜ੍ਹਾ ਨਾਲ ਉਨ੍ਹਾਂ ਲਈ ਬੜੀਆਂ ਅਜਾਰੇਦਾਰੀਆਂ ਨਾਲ ਮੁਕਾਬਲਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜੋ ਬਹੁਤ ਜ਼ਿਆਦਾ ਖੇਤਰਾਂ ਉਤੇ ਭਾਰੂ ਹਨ।

ਵੱਡੀਆਂ ਅਜਾਰੇਦਾਰੀਆਂ ਦੀ ਸਸਤੇ ਕਰਜ਼ਿਆਂ ਤਕ ਪਹੁੰਚ ਉਨ੍ਹਾਂ ਨੂੰ ਦੂਸਰੇ ਵੱਡੇ ਅਤੇ ਦਰਮਿਆਨੇ ਦਰਜੇ ਦੇ ਸਰਮਾਏਦਾਰਾਂ ਨਾਲੋਂ ਬਹੁਤ ਜ਼ਿਆਦਾ ਤੇਜ਼ ਰਫਤਾਰ ਉਤੇ ਉਨਤੀ ਕਰਨ ਦੇ ਕਾਬਲ ਬਣਾ ਦਿੰਦੀ ਹੈ। ਉਹ ਨਿੱਜੀ ਅਤੇ ਸਰਬਜਨਕ, ਦੋਵਾਂ ਹੀ ਖੇਤਰਾਂ ਵਿਚ ਤਰੱਕੀ ਦੇ ਮੌਕੇ ਬੋਚ ਲੈਂਦੇ ਹਨ। ਆਰਥਿਕਤਾ ਉਤੇ ਉਨ੍ਹਾਂ ਦੀ ਜਕੜ ਪੀਡੀ/ਕਰੜੀ ਹੀ ਹੁੰਦੀ ਹੈ।

ਟਾਟਾ ਗਰੁੱਪ ਨੇ ਅਗਲੇ ਪੰਜ ਸਾਲਾਂ ਵਿਚ 7 ਲੱਖ ਕ੍ਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਮੁਕੇਸ਼ ਅੰਬਾਨੀ ਦੇ ਰਿਲਾਐਂਸ ਗਰੁੱਪ ਦੀ 10 ਲੱਖ ਕ੍ਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ। ਇਸ ਗਰੁਪ ਦੀ ਦੇਸ਼ ਦੀ ਨਵਿਆਉਣਯੋਗ ਊਰਜਾ ਦਾ ਪੰਜਵਾਂ ਹਿੱਸਾ ਪੈਦਾ ਕਰਨ ਯੋਜਨਾ ਹੈ ਅਤੇ ਇਹਦੇ ਵਾਸਤੇ ਗੁਜਰਾਤ ਸਰਕਾਰ ਤੋਂ 45,000 ਏਕੜ ਜ਼ਮੀਨ ਮੰਗੀ ਹੈ।

ਆਰਥਿਕਤਾ ਦੇ ਕਈ ਇਕ ਖੇਤਰਾਂ ਵਿਚ ਹਾਸਲ ਕੀਤੇ ਪ੍ਰਭਾਵ ਉਤੇ ਅਧਾਰਿਤ, ਅਦਾਨੀ ਗਰੁੱਪ ਦੀ ਯੋਜਨਾ ਸਭ ਤੋਂ ਵਧ ਲਾਲਸਾਪੂਰਣ ਹੈ। ਆਪਣੀਆਂ ਮੌਜੂਦਾ ਵਿੱਤੀ ਸਮੱਸਿਆਵਾਂ ਤੋਂ ਪਹਿਲਾਂ, ਇਸ ਗਰੁੱਪ ਨੇ ਨੇੜਲੇ ਭਵਿੱਖ ਵਿਚ 9.5 ਤੋਂ 11 ਲੱਖ ਕ੍ਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ, ਜਿਸ ਨਾਲ ਉਸਦਾ ਤਾਪ ਬਿਜਲੀ ਉਤਪਾਦਨ, ਨਵਿਆਉਣਯੋਗ ਊਰਜਾ, ਹਰੀ ਹਾਈਡਰੋਜਨ ਊਰਜਾ, ਮਹਾਂਮਾਰਗਾਂ, ਤਾਂਬਾ, ਕੋਲੇ ਦੀਆਂ ਖਾਣਾਂ, ਡਾਟਾ ਸੈਂਟਰਾਂ, ਕਲਾਊਡ ਸੇਵਾਵਾਂ ਆਦਿ ਖੇਤਰਾਂ ਵਿਚ ਹਾਵੀ ਹੋਣਾ ਸੰਭਵ ਹੋ ਸਕਦਾ ਸੀ।

ਉਪਰੋਕਤ ਤਿੰਨ ਅਜਾਰੇਦਾਰਾ ਸਮੂਹਾਂ ਵਲੋਂ ਕੁੱਲ 30 ਲੱਖ ਕ੍ਰੋੜ ਰੁਪਏ ਦਾ ਨਿਵੇਸ਼ ਦੇਸ਼ ਦੇ ਸਕਲ ਘਰੇਲੂ ਉਤਪਾਦ ਦੇ ਦਸਵੇਂ ਹਿੱਸੇ ਦੇ ਬਰਾਬਰ ਹੈ। ਇਹ ਸਾਫ ਹੈ ਕਿ ਆਉਣ ਵਾਲੇ ਸਾਲਾਂ ਵਿਚ ਸਭ ਤੋਂ ਬੜੇ ਅਜਾਰੇਦਾਰ, ਨਿਵੇਸ਼ ਦੇ ਰਾਹੀਂ ਆਪਣੀ ਅਜਾਰੇਦਾਰੀ ਅਤੇ ਦੱਬਦਬਾ ਹੋਰ ਮਜ਼ਬੂਤ ਕਰਨ ਦੀ ਤਿਆਰੀ ਕਰ ਰਹੇ ਹਨ।

ਨਿੱਜੀਕਰਣ ਦੇ ਪ੍ਰੋਗਰਾਮ ਨੇ ਵੀ ਪੂੰਜੀ ਦੇ ਸਕੇਂਦਰਣ ਅਤੇ ਬਜ਼ਾਰ/ਮੰਡੀਆਂ ਉਤੇ ਅਜਾਰੇਦਾਰੀ ਨੂੰ ਮਦਦ ਦਿਤੀ ਹੈ। 2001-02 ਵਿਚ ਹਿੰਦੋਸਤਾਨ ਜ਼ਿੰਕ ਦਾ ਨਿੱਜੀਕਰਣ ਕੀਤੇ ਜਾਣ ਤੋਂ ਬਾਅਦ ਅਨਿਲ ਅਗਰਵਾਲ ਦੇ ਵੇਦਾਂਤਾ ਗਰੁੱਪ ਦੀ ਜ਼ਿੰਕ ਦੇ ਉਤਪਾਦਨ ਵਿਚ ਅਜਾਰੇਦਾਰੀ ਬਣ ਗਈ ਹੈ। ਇਹ ਗਰੁੱਪ ਸਰਕਾਰ ਵਲੋਂ ਭਾਰਤ ਅਲਮੀਨੀਅਮ (ਬਾਲਕੋ) ਨੂੰ ਵੇਚ ਦੇਣ ਨਾਲ ਅਲਮੀਨੀਅਨ ਦੇ ਉਤਪਾਦਨ ਵਿਚ ਮੋਹਰੀ ਸਥਾਨ ਉਤੇ ਪਹੁੰਚ ਗਿਆ ਹੈ। ਇੰਡੀਅਨ ਪੈਟਰੋਕੈਮੀਕਲਜ਼ ਕਾਰਪੋਰੇਸ਼ਨ ਲਿਮਿਟੇਡ ਨੂੰ ਰਿਲਾਐਂਸ ਕੋਲ ਵੇਚ ਦੇਣ ਨਾਲ ਪੈਟਰੋਕੈਮੀਕਲਜ਼ ਵਿਚ ਉਸ ਦੀ ਅਜਾਰੇਦਾਰਾ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਨਿੱਜੀਕਰਣ ਦੇ ਰਾਹੀਂ ਅਜਾਰੇਦਾਰੀ ਪੈਦਾ ਕਰਨ ਦੀ ਸਭ ਤੋਂ ਤਾਜ਼ਾ ਮਿਸਾਲ ਏਅਰ ਇੰਡੀਆ ਨੂੰ ਟਾਟਾ ਗਰੁੱਪ ਦੇ ਹੱਥ ਵਿੱਕਰੀ ਹੈ।

ਊਰਜਾ ਖੇਤਰ ਵਿਚ ਅਦਾਨੀ, ਟਾਟਾ, ਜਿੰਦਲ ਅਤੇ ਟੌਰੈਂਟ ਦੀ ਅਜਾਰੇਦਾਰੀ ਅਤੇ ਟੈਲੀਕਾਮ ਵਿਚ ਅੰਬਾਨੀ, ਭਾਰਤੀ ਮਿੱਤਲ ਅਤੇ ਬਿਰਲੇ ਦੀ ਅਜਾਰੇਦਾਰੀ ਇਨ੍ਹਾਂ ਖੇਤਰਾਂ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣ ਦਾ ਨਤੀਜਾ ਹੈ।

ਇਨਸੌਲਵੈਂਸੀ ਐਂਡ ਬੈਂਕਰਪਸੀ ਕੋਡ (ਆਈ ਬੀ ਸੀ) ਜਾਣੀ ਦਿਵਾਲੀਆਪਣ ਬਾਰੇ ਕਨੂੰਨ ਦਾ ਅਖੌਤੀ ਮਕਸਦ ਬੜੇ ਬੈਂਕਾਂ ਨੂੰ ਬੜੇ ਸਰਮਾਏਦਾਰਾਂ ਵਲੋਂ ਆਪਣੇ ਕਰਜ਼ੇ ਨਾਂ ਮੋੜਨ ਦੀ ਵਜ੍ਹਾ ਨਾਲ ਆਪਣਾ ਡੁੱਬਿਆ ਹੋਇਆ ਪੈਸਾ ਵਸੂਲਣ ਵਿਚ ਮਦਦ ਕਰਨਾ ਦਸਿਆ ਜਾਂਦਾ ਸੀ। ਪਰ ਇਸ ਦੇ ਉਲਟ, ਆਈ ਬੀ ਸੀ ਨੇ ਕੁਝ ਸਭ ਤੋਂ ਬੜੀਆਂ ਕੰਪਨੀਆਂ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਕੀਤੀ ਹੈ। ਆਈ ਬੀ ਸੀ ਨੂੰ ਵਰਤ ਕੇ ਕਈ ਕੰਪਨੀਆਂ ਨੇ ਦਿਵਾਲੀਆ ਹੋਈਆਂ ਕੰਪਨੀਆਂ ਦੇ ਅਸਾਸੇ ਮਿੱਟੀ ਦੇ ਭਾਅ ਖਰੀਦ ਲਏ, ਅਤੇ ਬੈਂਕਾਂ ਨੂੰ ‘ਹੇਅਰ ਕੱਟ’ ਕਰਾਉਣ ਉਤੇ ਮਜਬੂਰ ਹੋਣਾ ਪਿਆ (ਜਾਣੀ ਕਿ ਬੈਂਕਾਂ ਨੂੰ ਸਿਰਫ ਦਿਵਾਲੀਆ ਕੰਪਨੀ ਦੀ ਵਿੱਕਰੀ ਤੋਂ ਆਇਆ ਪੈਸਾ ਮਿਲਿਆ ਅਤੇ ਬਾਕੀ ਦੇ ਪੈਸੇ ਦੀ ‘ਹੇਅਰਕੱਟ’ ਹੋ ਗਈ)। ਟਾਟਾ ਗਰੁੱਪ ਨੇ ਆਈ ਬੀ ਸੀ ਤਹਿਤ ਨੀਲਾਮੀ ਰਾਹੀਂ ਭੂਸ਼ਣ ਸਟੀਲ ਖ੍ਰੀਦ ਕੇ ਸਟੀਲ ਖੇਤਰ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ। ਦੁਨੀਆਂ ਦੀ ਸਭ ਤੋਂ ਵੱਡੀ ਸਟੀਲ ਕੰਪਨੀ, ਆਰਸੇਲਰ ਮਿੱਤਲ ਨੇ ਆਈ ਬੀ ਸੀ ਰਾਹੀਂ ਇਸਰਾਰ ਸਟੀਲ ਖ੍ਰੀਦ ਲਈ।

ਪੂੰਜੀ ਦੇ ਹੋਰ ਜ਼ਿਆਦਾ ਸਕੇਂਦਰਣ ਨਾਲ ਕੁਝ ਬਹੁ-ਅਰਬਪਤੀਆਂ ਦਾ ਉਤਪਾਦਨ ਅਤੇ ਲੈਣ-ਦੇਣ ਦਾ ਸਾਧਨਾਂ ਉਤੇ ਕੰਟਰੋਲ ਵਧ ਜਾਂਦਾ ਹੈ। ਇਹ ਦੇਸ਼ ਦੇ ਬਹੁਸੰਖਿਅਕ ਮੇਹਨਤਕਸ਼ ਲੋਕਾਂ ਦੀ ਤੇਜ਼ ਹੋ ਰਹੀ ਲੁੱਟ ਨੂੰ ਹੋਰ ਵਧਾਉਂਦਾ ਹੈ, ਜਿਨ੍ਹਾਂ ਦੀ ਮੇਹਨਤ ਨਾਲ ਸਾਰੀ ਦੌਲਤ ਦਾ ਨਿਰਮਾਣ ਹੋਇਆ ਹੈ। ਰਿਪੋਰਟਾਂ ਅਨੁਸਾਰ, ਆਬਾਦੀ ਦੇ ਹੇਠਲੇ ਅੱਧੇ ਹਿੱਸੇ ਕੋਲ ਦੇਸ਼ ਦੀ ਦੌਲਤ ਦਾ ਕੇਵਲ 3% ਹੈ। ਦੇਸ਼ ਦੇ 140 ਕ੍ਰੋੜ ਲੋਕਾਂ ਦੀ ਕਿਸਮਤ ਦਾ ਫੈਸਲਾ ਮੁਨਾਫੇ ਦੇ ਭੁਖੇ ਮੁੱਠੀ ਭਰ ਸਰਮਾਏਦਾਰ ਕਰਦੇ ਹਨ, ਜਿਨ੍ਹਾਂ ਨੇ ਦੁਨੀਆਂ ਦੇ ਸਭ ਤੋਂ ਦੌਲਤਮੰਦ ਇਨਸਾਨਾਂ ਵਿਚ ਸ਼ਾਮਲ ਹੋਣ ਲਈ ਦੌੜ ਲਾਈ ਹੋਈ ਹੈ।

ਪੂੰਜੀਵਾਦ ਦੇ ਕੁਦਰਤਨ ਨਤੀਜੇ ਪੂੰਜੀ ਦਾ ਸਕੇਂਦਰਣ ਵਧਣਾ ਅਤੇ ਮੰਡੀਆਂ ਅਤੇ ਕੱਚੇ ਮਾਲ ਦੇ ਸਰੋਤਾਂ ਉਤੇ ਅਜਾਰੇਦਾਰੀ ਦਾ ਵਧਣਾ ਹਨ। ਜਿਵੇਂ ਕਿ ਕਾਰਲ ਮਾਰਕਸ ਅਤੇ ਲੈਨਿਨ ਨੇ ਖੋਜ ਕੀਤੀ ਸੀ, ਪੂੰਜੀਵਾਦ ਲਾਜ਼ਮੀ ਤੌਰ ਉਤੇ ਸਕੇਂਦਰਣ ਅਤੇ ਅਜਾਰੇਦਾਰੀ ਵਲ ਲੈ ਜਾਂਦਾ ਹੈ। ਪੂੰਜੀਵਾਦ ਸਭ ਤੋਂ ਪਹਿਲੇ ਮੁਕਾਬਲੇਬਾਜ਼ੀ ਦੇ ਦੌਰ ਤੋਂ ਵਿਕਸਤ ਹੋ ਕੇ 20 ਸਦੀ ਵਿਚ ਆਪਣੇ ਸਿਖਰਲੇ ਦੌਰ ਅਜਾਰੇਦਾਰਾ ਪੂੰਜੀਵਾਦ ਵਿਚ ਪਹੁੰਚ ਗਿਆ। ਹੁਣ ਸਕੇਂਦਰਣ ਅਤੇ ਅਜਾਰੇਦਾਰੀ ਸਭ ਤੋਂ ਸਿਖਰਲੇ ਪਰਜੀਵੀ ਅਤੇ ਤਬਾਹਕੁੰਨ ਪੱਧਰ ਤਕ ਪਹੁੰਚ ਚੁੱਕਾ ਹੈ।

ਹੁੱਣ ਸਮਾਜ ਦੇ ਹਰੇਕ ਪਹਿਲੂ ਨੂੰ ਧੜਵੈਲ ਅਜਾਰੇਦਾਰੀਆਂ ਕੰਟਰੋਲ ਕਰਦੀਆਂ ਹਨ। ਰਾਜ (ਸਟੇਟ) ਉਤੇ ਉਨ੍ਹਾਂ ਦਾ ਕੰਟਰੋਲ ਹੈ, ਜੋ ਉਨ੍ਹਾਂ ਦੇ ਹਿੱਤ ਵਿਚ ਕੰਮ ਕਰਦਾ ਹੈ। ਸਰਮਾਏਦਾਰਾ ਪ੍ਰਚਾਰ ਕਿ ਆਰਥਿਕਤਾ ਨੂੰ ਖੁੱਲੇ ਮੁਕਾਬਲੇ ਲਈ ਨਿਯਮਿਤ ਕੀਤਾ ਜਾ ਸਕਦਾ ਹੈ, ਇਕ ਭਰਮ ਹੈ। ਭਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਤੋਂ ਰਹਿਤ ਪੂੰਜੀਵਾਦ ਦਾ ਵਾਇਦਾ ਵੀ ਅਜੇਹਾ ਹੀ ਹੈ। ਅਜਾਰੇਦਾਰਾ ਪੂੰਜੀਵਾਦ ਇਕ ਪਰਜੀਵੀ ਪੂੰਜੀਵਾਦ ਹੈ ਅਤੇ ਸਮਾਜ ਦੀ ਤਰੱਕੀ ਵਿਚ ਇਕ ਰੋੜਾ ਹੈ। ਇਹ ਸਮਾਜ-ਵਿਰੋਧੀ ਹੈ।

ਇਹ ਦਾਵਾ ਝੂਠਾ ਹੈ ਕਿ ਵਿਕਾਸ ਦੀ ਉੱਚੀ ਦਰ ਨਾਲ ਸਭ ਦਾ ਕਲਿਆਣ ਹੋਵੇਗਾ। ਇਹ ਕੇਵਲ ਪੂੰਜੀਵਾਦ ਦੇ ਪੱਖ ਵਿਚ ਹਮਾਇਤ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਆਰਥਿਕਤਾ ਦੀ ਦਰ ਵਧਣ ਦੇ ਬਾਵਯੂਦ, ਸਰਮਾਏਦਾਰਾ ਵਾਧਾ ਲਾਜ਼ਮੀ ਤੌਰ ਉਤੇ ਇਕ ਸਿਰੇ ਉਤੇ ਕੁਝ ਇਕਨਾਂ ਵਾਸਤੇ ਦੌਲਤ ਨੂੰ ਵਧਾਉਂਦਾ ਹੈ ਅਤੇ ਦੂਸਰੇ ਸਿਰੇ ਉਤੇ ਬਹੁਗਿਣਤੀ ਲਈ ਗਰੀਬੀ ਨੂੰ ਵਧਾਉਂਦਾ ਹੈ।

ਕੇਵਲ ਸਰਮਾਏਦਾਰੀ ਦਾ ਖਾਤਮਾ ਅਤੇ ਸਮਾਜਵਾਦ ਵਲ ਤਬਦੀਲੀ ਨਾਲ ਹੀ ਬਹੁਸੰਖਿਆ ਲੋਕਾਂ ਦੇ ਦੁੱਖਾਂ ਦਾ ਅੰਤ ਹੋਵੇਗਾ। ਸਰਕਾਰ ਬਦਲ ਕੇ, ਜਾਣੀ ਸਰਮਾਏਦਾਰਾ ਢਾਂਚੇ ਦੇ ਪ੍ਰਬੰਧ ਵਿਚ ਕਿਸੇ ਤਬਦੀਲੀ ਨਾਲ ਮੇਹਨਤਕਸ਼ ਲੋਕਾਂ ਦੀ ਵਿਸ਼ਾਲ ਬਹੁਸੰਖਿਆ ਦੇ ਹਾਲਾਤਾਂ ਵਿਚ ਕੋਈ ਸੁਧਾਰ ਨਹੀਂ ਆ ਸਕਦਾ, ਜਾਂ ਉਨ੍ਹਾਂ ਉਤੇ ਜ਼ੁਲਮਾਂ ਅਤੇ ਉਨ੍ਹਾਂ ਦੀ ਲੁੱਟ ਨੂੰ ਘੱਟ ਨਹੀਂ ਕੀਤਾ ਜਾ ਸਕਦਾ।

ਅਜਾਰੇਦਾਰ ਸਰਮਾਏਦਾਰਾਂ ਦੇ ਲਾਲਚਾਂ ਦੀ ਪੂਰਤੀ ਦੀ ਬਜਾਇ ਮਾਨਵੀ ਜ਼ਰੂਰਤਾਂ ਦੀ ਪੂਰਤੀ ਲਈ, ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਤਹਿਤ ਸਮਾਜਿਕ ਉਤਪਾਦਨ, ਇਕ ਜ਼ਰੂਰੀ ਸ਼ਰਤ ਹੈ।

Share and Enjoy !

Shares

Leave a Reply

Your email address will not be published. Required fields are marked *