ਫਲਸਤੀਨੀ ਲੋਕਾਂ ਦੇ ਉਤੇ ਇਜ਼ਰਾਇਲੀ ਹਮਲਿਆਂ ਅਤੇ ਹਿੰਸਾ ਵਿਚ ਵਾਧਾ

ਇਸ ਸਾਲ ਦੇ ਸ਼ੁਰੂ ਹੋਣ ਤੋਂ ਲੈ ਕੇ ਇਜ਼ਰਾਇਲੀ ਰਾਜ ਨੇ ਫਲਸਤੀਨੀ ਲੋਕਾਂ ਉਤੇ ਅਤਿਆਚਾਰ ਹੋਰ ਵਧਾ ਦਿਤਾ ਹੈ । ਇਕ ਵੀ ਦਿਨ ਅਜੇਹਾ ਨਹੀਂ ਲੰਘਦਾ ਜਦੋਂ ਫਲਸਤੀਨੀ ਲੋਕਾਂ ਉਤੇ ਛਾਪੇ ਨਾਂ ਮਾਰੇ ਗਏ ਹੋਣ ਜਾਂ ਮਿਜ਼ਾਇਲਾਂ ਦੀ ਬੰਬਾਰੀ ਨਾ ਕੀਤੀ ਗਈ ਹੋਵੇ, ਖਾਸ ਕਰਕੇ ਪੱਛਮੀ ਤੱਟ ਅਤੇ ਗਾਜ਼ਾ ਪੱਟੀ ਦੇ ਕਬਜ਼ਾ ਕੀਤੇ ਇਲਾਕਿਆਂ ਉਤੇ ਅਤੇ ਪੂਰਵੀ ਯਰੂਸ਼ਲਮ ਉਤੇ ਵੀ। ਸੈਂਕੜੇ ਘਰ ਢਾਹ ਦਿਤੇ ਗਏ ਹਨ ਅਤੇ ਉਨ੍ਹਾਂ ਵਿਚ ਰਹਿਣ ਵਾਲਿਆਂ ਕੋਲ ਰਹਿਣ ਲਈ ਕੋਈ ਜਗਾਹ ਨਹੀਂ ਹੈ। ਉਸ ਦੇ ਨਾਲ ਹੀ, ਪਿਛਲੇ ਦਿਸੰਬਰ ਵਿਚ ਬਣਾਈ ਗਈ, ਨਿਤਨਯਾਹੂ ਦੀ ਅਗਵਾਈ ਵਾਲੀ ਸਿਰੇ ਦੀ ਸ਼ਾਵਨਵਾਦੀ ਗਠਬੰਧਨ ਸਰਕਾਰ ਨੇ ਕਬਜ਼ੇ ਹੇਠ ਲਏ ਹੋਏ ਫਲਸਤੀਨੀ ਇਲਾਕਿਆਂ ਵਿਚ ਯਹੂਦੀ ਅਬਾਦਕਾਰੀ ਕਲੋਨੀਆਂ ਸਥਾਪਤ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।

IsraelTelAvivAnti-Govprotests
21 ਜਨਵਰੀ, 2023 ਨੂੰ ਤੇਲ-ਅਵੀਵ ਵਿੱਚ ਹਜ਼ਾਰਾਂ ਲੋਕਾਂ ਨੇ ਇਜ਼ਰਾਈਲੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ

ਦੁਨੀਆਂ ਭਰ ਦੇ ਲੋਕਾਂ ਨੇ ਇਜ਼ਰਾਇਲੀ ਰਾਜ ਦੇ ਵਧ ਰਹੇ ਜ਼ੁਰਮਾਂ ਦੀ ਵਿਰੋਧਤਾ ਕੀਤੀ ਹੈ। ਇਜ਼ਰਾਈਲ ਵਿਚ ਵੀ ਦਹਿ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਮੁਜ਼ਾਹਰੇ ਕੀਤੇ ਹਨ। ਦਿਸੰਬਰ ਦੇ ਅਖੀਰ ਵਿਚ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੰਬਲੀ ਨੇ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਅਜ਼ਾਦ ਕਮਿਸ਼ਨ ਦੀ ਸਿਫਾਰਸ਼ ਨੂੰ ਸਵੀਕਾਰ ਕਰਦਾ ਮਤਾ ਪਾਸ ਕੀਤਾ ਸੀ, ਕਿ ਇਜ਼ਰਾਈਲ ਵਲੋਂ ਫਲਸਤੀਨ ਦੀ ਜ਼ਮੀਨ ਉਤੇ ਗੈਰ-ਕਨੂੰਨੀ ਕਬਜ਼ੇ ਦੇ ਮਸਲੇ ਨੂੰ ਇਨਸਾਫ ਦੀ ਅੰਤਰਰਾਸ਼ਟਰੀ ਅਦਾਲਤ ਦੇ ਸਪੁਰਦ ਕੀਤਾ ਜਾਵੇ। ਇਜ਼ਰਾਈਲੀ ਰਾਜ ਦੁਨੀਆਂ ਦੇ ਮੰਚ ਤੋਂ ਤੇਜ਼ੀ ਨਾਲ ਨਿੱਖੜ ਰਿਹਾ ਹੈ, ਪਰ ਉਹ ਅਮਰੀਕੀ ਸਾਮਰਾਜਵਾਦ ਦੀ ਪੂਰੀ ਹਮਾਇਤ ਹੋਣ ਦੀ ਵਜ੍ਹਾ ਨਾਲ ਬੜੀ ਹੈਂਕੜ ਨਾਲ ਇਹ ਹਮਲੇ ਜਾਰੀ ਰਖ ਰਿਹਾ ਹੈ ਅਤੇ ਵਧਾ ਰਿਹਾ ਹੈ।

ਇਕੱਲੇ ਜਨਵਰੀ ਦੇ ਮਹੀਨੇ ਵਿਚ ਇਜ਼ਰਾਇਲੀ ਹਮਲਿਆਂ ਵਿਚ 36 ਫਲਸਤੀਨੀ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 8 ਬੱਚੇ ਸਨ। ਹੇਠਾਂ ਇਜ਼ਰਾਇਲ ਵਲੋਂ ਕੀਤੇ ਕੁਝ ਤਾਜ਼ਾ ਜ਼ੁਰਮਾਂ ਦਾ ਵੇਰਵਾ ਹੈ:

  • 26 ਜਨਵਰੀ ਨੂੰ ਜਨੀਨ ਵਿਚ ਰਿਫਿਊਜੀ ਕੈਂਪ ਉਤੇ ਇਕੋ ਹੀ ਹਮਲੇ ਵਿਚ 9 ਫਲਸਤੀਨੀ ਮਾਰੇ ਗਏ। ਉਸੇ ਦਿਨ ਰਮਾਲਾ ਅਤੇ ਪੂਰਵੀ ਯਰੂਸ਼ਲਮ ਉਤੇ ਇਜ਼ਰਾਇਲੀ ਹਮਲਿਆਂ ਨਾਲ ਦੋ ਹੋਰ ਵਿਅਕਤੀ ਮਾਰੇ ਗਏ।
  • 5 ਫਰਵਰੀ ਨੂੰ ਅਕਬਤ ਜਾਬਰ ਰਿਫਿਊਜੀ ਕੈਂਪ ਉਤੇ ਇਕ ਭਾਰੇ ਹਮਲੇ ਨਾਲ 5 ਫਲਸਤੀਨੀ ਆਦਮੀ ਮਾਰੇ ਗਏ। ਇਜ਼ਰਾਇਲੀ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਦਿਤੀਆਂ।
  • 6 ਫਰਵਰੀ ਨੂੰ ਨਬਲਸ ਵਿਚ ਇਕ ਫਲਸਤੀਨੀ ਨੌਜਵਾਨ ਦੇ ਸਿਰ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿਤੀ ਗਈ।

ਇਜ਼ਰਾਇਲੀ ਰਾਜ 1948 ਵਿਚ ਉਸ ਦੇ ਬਣਨ ਵੇਲੇ ਤੋਂ ਹੀ ਹਮਲਾਵਰ ਅਤੇ ਪਸਾਰਵਾਦੀ ਰਾਜ ਰਿਹਾ ਹੈ। ਇਹ ਰਾਜ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇਸ ਤੇਲ-ਭਰਪੂਰ ਇਲਾਕੇ ਵਿਚ ਆਪਣੇ ਹਿੱਤਾਂ ਨੂੰ ਕਿਸੇ ਵੀ ਖਤਰੇ ਦੇ ਸਾਹਮਣੇ ਤਿਆਰ ਰਹਿਣ ਲਈ ਐਂਗਲੋ-ਅਮਰੀਕੀ ਸਾਮਰਾਜਵਾਦ ਦੀ ਪੈਦਾਵਾਰ ਸੀ। ਇਹ ਰਾਜ ਫਲਸਤੀਨੀ ਲੋਕਾਂ ਦੀ ਜ਼ਮੀਨ ਹੜੱਪ ਕੇ ਸਥਾਪਤ ਕੀਤਾ ਗਿਆ ਸੀ। ਇਸ ਇਲਾਕੇ ਦੇ 70 ਫੀਸਦੀ ਲੋਕ ਫਲਸਤੀਨੀ ਸਨ, ਜਿਨ੍ਹਾਂ ਨੂੰ ਇਸ ਇਲਾਕੇ ਦੀ 30 ਫੀਸਦੀ ਜ਼ਮੀਨ ਅਲਾਟ ਕੀਤੀ ਗਈ। ਇਹ ਜ਼ਮੀਨ ਵੀ ਉਨ੍ਹਾਂ ਦੀ ਨਹੀਂ ਰਹੀ, ਕਿਉਂਕਿ ਨਵੇਂ ਬਣੇ ਇਜ਼ਰਾਇਲੀ ਰਾਜ ਨੇ ਸ਼ੁਰੂ ਤੋਂ ਹੀ ਉਨ੍ਹਾਂ ਦੇ ਇਲਾਕਿਆਂ ਉਤੇ ਹਮਲੇ ਕਰਕੇ ਅਤੇ ਉਨ੍ਹਾਂ ਦੀ ਜ਼ਮੀਨ ਦੱਬੀ ਹੈ ਅਤੇ ਅਗਲੇ ਦਹਾਕਿਆਂ ਵਿਚ ਹੋਰ ਜ਼ਮੀਨ ਦੱਬਣਾ ਜਾਰੀ ਰਖਿਆ ਹੈ। ਇਸ ਦੇ ਸਿੱਟੇ ਵਜੋਂ 1.5 ਕ੍ਰੋੜ ਫਲਸਤੀਨੀ ਲੋਕ ਆਪਣੀ ਪੂਰੀ ਜ਼ਿੰਦਗੀ ਜੌਰਡਨ, ਸੀਰੀਆ, ਲੈਬਨਾਨ, ਮਿਸਰ, ਸਾਊਦੀ ਅਰਬ ਆਦਿ ਵੱਖ ਵੱਖ ਦੇਸ਼ਾਂ ਵਿਚ ਗੁਜ਼ਾਰ ਦੇਣ ਲਈ ਮਜਬੂਰ ਕਰ ਦਿਤੇ ਗਏ ਹਨ। ਦੂਸਰੇ ਲੋਕ ਜੋ ਦੱਬੇ ਹੋਏ ਇਲਾਕਿਆਂ ਦੇ ਅੰਦਰ ਰਹਿ ਰਹੇ ਹਨ, ਉਨ੍ਹਾਂ ਦੇ ਸਿਰਾਂ ਉਤੇ ਹਰ ਦਿਨ ਛਾਪਿਆਂ, ਘਰਾਂ ਦੀ ਤਬਾਹੀ, ਅਤੇ ਇਜ਼ਰਾਇਲੀ ਫੌਜ/ਪੁਲੀਸ ਵਲੋਂ ਲਾਏ ਗਏ ਸੈਂਕੜੇ ਹੀ ਨਾਕਿਆਂ ਉਤੇ ਤਲਾਸ਼ੀਆਂ ਲੈ ਕੇ ਜ਼ਲੀਲ ਕੀਤੇ ਜਾਣ ਦਾ ਖਤਰਾ ਮੰਡਲਾ ਰਿਹਾ ਹੈ।

ਫਲਸਤੀਨੀ ਲੋਕਾਂ ਉਤੇ ਇਜ਼ਰਾਇਲੀ ਹਮਲਿਆਂ ਦਾ ਇਕ ਅਹਿਮ ਪਹਿਲੂ, ਕਬਜ਼ਾ ਕੀਤੇ ਹੋਏ ਇਲਾਕਿਆਂ ਵਿਚ ਕਲੋਨੀਆਂ ਵਸਾਉਣ ਲਈ ਯਹੂਦੀ ਲੋਕਾਂ ਨੂੰ ਵਰਤਣਾ ਹੈ। ਇਹ ਹਰਕਤ ਸੰਯੁਕਤ ਰਾਸ਼ਟਰ ਦੀ ਚੌਥੀ ਜਨੇਵਾ ਕਨਵੈਨਸ਼ਨ ਦੀ ਸ਼ਰੇਆਮ ਉਲੰਘਣਾ ਹੈ, ਜੋ ਇਕ ਕਬਜ਼ੇਦਾਰਾ ਤਾਕਤ ਨੂੰ ਦੱਬੇ ਹੋਏ ਇਲਾਕੇ ਵਿਚ ਆਪਣੀ ਅਬਾਦੀ ਵਸਾਉਣ ਦੀ ਮਨਾਹੀ ਕਰਦੀ ਹੈ। ਮੌਜੂਦਾ ਸਰਕਾਰ ਨੇ ਇਸ ਮੁਹਿੰਮ ਨੂੰ ਪੂਰੀ ਤਾਕਤ ਨਾਲ ਜਾਰੀ ਰਖਣ ਦਾ ਐਲਾਨ ਕਰ ਦਿਤਾ ਹੈ। ਇਸ ਵਕਤ ਪੱਛਮੀ ਤੱਟ (ਵੈਸਟ ਬੈਂਕ) ਅਤੇ ਪੂਰਬੀ ਯਰੂਸ਼ਲਮ ਦੇ ਕਬਜ਼ਾ ਕੀਤੇ ਹੋਏ ਇਲਾਕਿਆਂ ਵਿਚ 250 ਗੈਰਕਨੂੰਨੀ ਬਸਤੀਆਂ ਹਨ ਜਿਨ੍ਹਾਂ ਵਿਚ 6 ਲੱਖ ਤੋਂ ਵੱਧ ਯਹੂਦੀ ਵਸਾ ਦਿਤੇ ਗਏ ਹਨ। ਇਜ਼ਰਾਇਲੀ ਰਾਜ ਇਨ੍ਹਾਂ ਨੂੰ ਮੁਕੰਮਲ ਹਥਿਆਰਬੰਦ ਸੁਰਖਿਆ ਪ੍ਰਦਾਨ ਕਰਦਾ ਹੈ। ਇਸ ਦੇ ਨਾਲ-ਨਾਲ, ਆਪਣੀ ਹੀ ਜ਼ਮੀਨ ਉਤੇ ਰਹਿ ਰਹੇ ਫਲਸਤੀਨੀ ਲੋਕਾਂ ਨੂੰ ਉਥੇ ਆਪਣੇ ਘਰ ਬਣਾਉਣ ਲਈ ਪਰਮਿਟ ਲੈਣ ਲਈ ਅਰਜ਼ੀ ਦੇਣੀ ਪੈਂਦੀ ਹੈ ਜੋ ਕਿ ਕਿਸੇ ਵਿਰਲੇ ਨੂੰ ਦਿਤਾ ਜਾਂਦਾ ਹੈ। ਫਸਲਤੀਨੀ ਲੋਕਾਂ ਦੇ ਘਰ ਢਾਉਣ ਲਈ ਇਜ਼ਰਾਇਲੀ ਅਧਿਕਾਰ ਦਾ ਆਮ ਬਹਾਨਾ ਇਹ ਹੁੰਦਾ ਹੈ ਕਿ ਉਹ “ਪਰਮਿਟ ਤੋਂ ਬਗੈਰ” ਬਣਾਏ ਗਏ ਸਨ।

ਦੂਜੇ ਪਾਸੇ, ਅਮਰੀਕੀ ਸਾਮਰਾਜਵਾਦ ਅਤੇ ਇਜ਼ਰਾਈਲ ਨੇ ਜਨਵਰੀ ਵਿਚ ਹਜ਼ਾਰਾਂ ਹੀ ਫੌਜੀ, ਹਵਾਈ ਜਹਾਜ਼, ਸਮੁੰਦਰੀ ਜਹਾਜ਼ ਅਤੇ ਤੋਪਖਾਨਾ ਹਥਿਆਰਾਂ ਦੀ ਸ਼ਮੂਲੀਅਤ ਨਾਲ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਸਨ। ਇਨ੍ਹਾਂ ਜੰਗਬਾਜ਼ ਮਸ਼ਕਾਂ ਦਾ ਸਾਫ ਉਦੇਸ਼ ਇਰਾਨ ਨੂੰ ਧਮਕੀ ਦੇਣਾ ਹੈ, ਜਿਹੜਾ ਨਿਧੜਕ ਹੋ ਕੇ ਫਲਸਤੀਨੀ ਲੋਕਾਂ ਦੀ ਹਮਾਇਤ ਕਰਦਾ ਹੈ, ਅਤੇ ਇਸ ਇਲਾਕੇ ਵਿਚ ਅਮਰੀਕੀ ਸਾਮਰਾਜਵਾਦ ਦੇ ਧੱਕੜਬਾਜ਼ ਮਨਸੂਬਿਆਂ ਦੇ ਸਾਹਮਣੇ ਇਕ ਅੜਚਣ ਹੈ।

ਇਜ਼ਰਾਈਲੀ ਰਾਜ ਵਲੋਂ ਢਾਏ ਜਾਂਦੇ ਅੱਤਿਆਚਾਰਾਂ ਵਿਚ ਵਾਧੇ ਦੇ ਬਾਵਯੂਦ, ਫਲਸਤੀਨੀ ਲੋਕ ਇਜ਼ਰਾਈਲੀ ਹਮਲਿਆਂ ਦੇ ਖਿਲਾਫ ਆਪਣੀ ਮਾਤਭੂਮੀ ਉਤੇ ਆਪਣੇ ਅਧਿਕਾਰ ਦੀ ਹਿਫਾਜ਼ਤ ਖਾਤਰ ਆਪਣਾ ਸੰਘਰਸ਼ ਤੇਜ਼ ਕਰ ਰਹੇ ਹਨ। ਉਨ੍ਹਾਂ ਦੇ ਇਸ ਸੰਘਰਸ਼ ਨੂੰ ਹਿੰਦੋਸਤਾਨੀ ਲੋਕਾਂ ਅਤੇ ਦੁਨੀਆਂ ਭਰ ਦੇ ਇਨਸਾਫ-ਪਸੰਦ ਲੋਕਾਂ ਦੀ ਹਮਾਇਤ ਹਾਸਲ ਹੈ।

ਫਲਸਤੀਨੀ ਲੋਕਾਂ ਦਾ ਸੰਘਰਸ਼ ਜ਼ਿੰਦਾਬਾਦ !

Share and Enjoy !

Shares

Leave a Reply

Your email address will not be published. Required fields are marked *