ਮਜ਼ਦੂਰ ਏਕਤਾ ਕਮੇਟੀ ਵਲੋਂ ਜਥੇਬੰਦ ਕੀਤੀ ਗਈ ਮੀਟਿੰਗ:
ਜਾਨ ਲੇਵਾ ਸ਼ਰਾਬ ਫੈਕਟਰੀ ਦੇ ਖਿਲਾਫ ਪੰਜਾਬ ਦੇ ਲੋਕਾਂ ਦਾ ਸੰਘਰਸ਼

ਪੰਜਾਬ ਵਿਚ ਫਿਰੋਜ਼ਪੁਰ ਜ਼ਿਲੇ ਦੀ ਜ਼ੀਰਾ ਤਹਿਸੀਲ ਵਿਚ ਪੈਂਦੇ ਇਕ ਪਿੰਡ ਮਨਸੂਰਵਾਲ ਅਤੇ ਆਸ ਪਾਸ ਦੇ ਇਲਾਕੇ ਦੇ ਕਿਸਾਨ ਪਿਛਲੇ ਪੰਜਾਂ ਮਹੀਨਿਆਂ ਤੋਂ ਮਾਲਬਰੋ ਇੰਟਰਨੈਸ਼ਨਲ ਲਿਮਟਿਡ ਨਾਮੀ ਸ਼ਰਾਬ ਦੀ ਫੈਕਟਰੀ ਦੇ ਖਿਲਾਫ ਅੰਦੋਲਨ ਚਲਾ ਰਹੇ ਹਨ। ਉਹ ਸ਼ਰਾਬ ਦੀ ਫੈਕਟਰੀ ਤੋਂ ਖਾਰਜ ਕੀਤੇ ਜਾਂਦੇ ਕਚਰੇ ਨਾਲ ਉਨ੍ਹਾਂ ਦੇ ਪਾਣੀ, ਮਿੱਟੀ ਅਤੇ ਵਾਤਾਵਰਣ ਉਤੇ ਹੋ ਰਹੇ ਖਤਰਨਾਕ ਅਸਰ ਦੇ ਖਿਲਾਫ ਆਪਣਾ ਰੋਸ ਅਤੇ ਗੁੱਸਾ ਪ੍ਰਗਟ ਕਰ ਰਹੇ ਹਨ, ਜਿਸ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਹਾਲਾਂ ਕਿ ਇਸ ਮਾਮਲੇ ਉਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਚਲ ਰਹੀ ਹੈ, ਪੁਲੀਸ ਵਲੋਂ ਬਹੁਤ ਸਾਰੇ ਮੁਜ਼ਾਹਰਾਕਾਰੀਆਂ ਉਤੇ ਹਮਲੇ ਕੀਤੇ ਗਏ ਹਨ ਅਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਪੰਜਾਬ ਭਰ ਦੇ ਲੋਕਾਂ ਵਿਚ ਸਰਕਾਰ ਦੇ ਖਿਲਾਫ ਬਹੁਤ ਗੁੱਸਾ ਹੈ ਅਤੇ ਰਾਜ ਦੇ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਇਸ ਸੰਘਰਸ਼ ਵਿਚ ਸ਼ਾਮਲ ਹੋਣ ਲਈ ਆਏ ਹਨ।
ਮਜ਼ਦੂਰ ਏਕਤਾ ਕਮੇਟੀ ਵਲੋਂ 7 ਜਨਵਰੀ, 2023 ਨੂੰ ਜਾਨਲੇਵਾ ਸ਼ਰਾਬ ਫੈਕਟਰੀ ਦੇ ਖਿਲਾਫ ਪੰਜਾਬ ਦੇ ਲੋਕਾਂ ਦੀ ਹਮਾਇਤ ਵਿਚ ਇਕ ਮੀਟਿੰਗ ਜਥੇਬੰਦ ਕੀਤੀ ਗਈ। ਇਸ ਮੀਟਿੰਗ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ, ਸ੍ਰੀ ਰਜਵਿੰਦਰ ਸਿੰਘ ਬੈਂਸ ਹੁਰਾਂ ਨੇ ਸੰਬੋਧਿਤ ਕੀਤਾ, ਜੋ ਜ਼ੀਰੇ ਦੇ ਲੋਕਾਂ ਦਾ ਕੇਸ ਲੜ ਰਹੇ ਹਨ। ਮਜ਼ਦੂਰ ਏਕਤਾ ਕਮੇਟੀ ਦੇ ਸਕੱਤਰ, ਸ੍ਰੀ ਬਿਰਜੂ ਨਾਇਕ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ। ਪੰਜਾਬ ਅਤੇ ਦੇਸ਼ ਦੇ ਹੋਰ ਇਲਾਕਿਆਂ ਅਤੇ ਬਦੇਸ਼ਾਂ ਵਿਚੋਂ ਸਹਿਭਾਗੀਆਂ ਨੇ ਵੀ ਮਹੱਤਵਪੂਰਨ ਵਿਚਾਰ ਪੇਸ਼ ਕੀਤੇ ਅਤੇ ਸੰਘਰਸ਼ਸ਼ੀਲ ਲੋਕਾਂ ਨਾਲ ਆਪਣੀ ਹਮਾਇਤ ਜਤਾਈ।
ਮੀਟਿੰਗ ਦੀ ਕਾਰਵਾਈ ਮਜ਼ਦੂਰ ਏਕਤਾ ਕਮੇਟੀ ਦੇ ਸੰਤੋਸ਼ ਕੁਮਾਰ ਨੇ ਨਿਭਾਈ। ਉਸ ਨੇ ਬੁਲਾਰਿਆਂ ਅਤੇ ਸਰੋਤਿਆਂ ਨੂੰ ਜੀਅ ਆਇਆਂ ਆਖਿਆ ਅਤੇ ਸ੍ਰੀ ਰਜਵਿੰਦਰ ਸਿੰਘ ਬੈਂਸ ਨੂੰ ਇਸ ਵਿਸ਼ੇ ਉਤੇ ਵਿਚਾਰ ਪੇਸ਼ ਕਰਨ ਲਈ ਕਿਹਾ।
ਸ੍ਰੀ ਬੈਂਸ ਨੇ ਸ਼ੁਰੂ ਵਿਚ ਇਹ ਤੱਥ ਸਾਹਮਣੇ ਲਿਆਂਦਾ ਕਿ ਉਨ੍ਹਾਂ ਦੀ ਕਨੂੰਨੀ ਟੀਮ ਵਲੋਂ ਕੀਤੀ ਗਈ ਪੜਤਾਲ ਦਸਦੀ ਹੈ ਕਿ ਇਹ ਫੈਕਟਰੀ ਕੇਵਲ ਸ਼ਰਾਬ ਹੀ ਨਹੀ ਬਲਕਿ ਕੁਝ ਹੋਰ ਖਤਰਨਾਕ ਰਸਾਇਣ ਵੀ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਬਦੇਸ਼ਾਂ ਵਿਚ ਵੇਚਦੀ ਹੈ। ਉਨ੍ਹਾਂ ਦੀ ਟੀਮ ਨੇ ਹਾਈਕੋਰਟ ਵਿਚ ਪਟੀਸ਼ਨ ਦਰਜ ਕਰਕੇ ਪਰਦੂਸ਼ਣ ਕੰਟਰੋਲ ਬੋਰਡ ਕੋਲੋਂ ਜਾਣਕਾਰੀ ਮੰਗੀ ਹੈ ਪਰ ਹੁਣ ਤਕ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿਤਾ ਗਿਆ। ਅਸਲ ਵਿਚ ਪਰਦੂਸ਼ਣ ਕੰਟਰੋਲ ਬੋਰਡ ਦੇ ਰਿਕਾਰਡ ਵਿਚ ਫੈਕਟਰੀ ਵਿਚੋਂ ਕੁਝ ਵੀ ਖਾਰਜ ਨਹੀਂ ਕੀਤਾ ਜਾਂਦਾ।
ਅੰਦੋਲਨ ਦੀ ਸ਼ੁਰੂਆਤ ਪਿਛਲੇ ਸਾਲ ਜੁਲਾਈ ਵਿਚ ਹੋਈ, ਜਦੋਂ ਟਿਊਬਲਾਂ ਵਿਚੋਂ ਗੰਧਲਾ ਪਾਣੀ ਆਉਣ ਲਗ ਪਿਆ ਅਤੇ ਲਾਹਣ/ਸ਼ਰਾਬ ਦਾ ਮੁਸ਼ਕ ਮਾਰਦਾ ਸੀ। ਹਰ ਕੋਈ ਦੇਖ ਸਕਦਾ ਹੈ ਕਿ ਪਾਣੀ ਗੰਧਲਾ ਆ ਰਿਹਾ ਹੈ ਅਤੇ ਜਦੋਂ ਕਦੇ ਵੀ ਹਨੇਰੀ ਵਗਦੀ ਹੈ ਤਾਂ ਹਰ ਸ਼ੈਅ ਉਤੇ ਰਾਖ/ਸੁਆਹ ਦੀ ਮੋਟੀ ਤਹਿ ਜੰਮ ਜਾਂਦੀ ਹੈ, ਇਹਦੇ ਲਈ ਕਿਸੇ ਵੱਡੀ ਤਪਤੀਸ਼ ਦੀ ਜ਼ਰੂਰਤ ਨਹੀਂ। ਪਸ਼ੂ ਮਰੇ ਹਨ ਅਤੇ ਲੋਕ ਮਰੇ ਹਨ। ਪਰ ਸਰਕਾਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਕੋਈ ਨੋਟਿਸ ਨਹੀਂ ਲਿਆ।
ਇਲਾਕੇ ਦੇ ਲੋਕ ਪਿਛਲੇ ਪੰਜ ਮਹੀਨਿਆਂ ਤੋਂ ਫੈਕਟਰੀ ਦੇ ਸਾਹਮਣੇ ਦਿਨ ਰਾਤ ਧਰਨਾ ਦੇ ਰਹੇ ਹਨ। ਉਨ੍ਹਾਂ ਉਤੇ ਪੁਲੀਸ ਨੇ ਲਾਠੀਚਾਰਜ ਕੀਤੇ ਅਤੇ ਗ੍ਰਿਫਤਾਰੀਆਂ ਕੀਤੀਆਂ। ਲਾਠੀਚਾਰਜ ਅਤੇ ਗ੍ਰਿਫਤਾਰੀਆਂ ਨਾਲ ਅੰਦਲੋਨ ਨੇ ਇਕ ਨਵਾਂ ਮੋੜ ਕੱਟ ਲਿਆ, ਜੋ ਉਸ ਸਮੇਂ ਤਕ ਕੇਵਲ ਇਲਾਕੇ ਦੇ ਲੋਕਾਂ ਤਕ ਸੀਮਤ ਸੀ। ਉਸ ਤੋਂ ਬਾਅਦ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਵਿਚ ਇਸ ਸੰਘਰਸ਼ ਵਿਚ ਸ਼ਾਮਲ ਹੋ ਗਈਆਂ। ਲੋਕਾਂ ਦਾ ਗੁੱਸਾ ਠੰਡਾ ਕਰਨ ਲਈ, ਹੁਣ ਸਰਕਾਰ ਨੂੰ ਫਸਲਾਂ, ਪਸ਼ੂਆਂ, ਵਾਤਵਰਣ ਅਤੇ ਲੋਕਾਂ ਦੇ ਸਵਾਸਥ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਚਾਰ ਵੱਖ ਵੱਖ ਕਮੇਟੀਆਂ ਬਣਾਉਣ ਲਈ ਮਜਬੂਰ ਹੋਰਾ ਪਿਆ ਹੈ।
ਸ੍ਰੀ ਬੈਂਸ ਨੇ ਵਰਨਣ ਕੀਤਾ ਕਿ ਕਿਵੇਂ ਸਰਕਾਰ ਅਤੇ ਅਦਾਲਤ ਸਮੇਤ, ਰਾਜ ਦੀਆਂ ਤਮਾਮ ਏਜੰਸੀਆਂ ਸਰਮਾਏਦਾਰ ਦੀ ਰਖਵਾਲੀ ਕਰਨ ਵਿਚ ਘਿਉ-ਖਿਚੜੀ ਹਨ। ਉਨ੍ਹਾਂ ਦੀ ਰਾਏ ਵਿਚ, ਪੰਜਾਬ ਸਰਕਾਰ ਲੋਕਾਂ ਦੀਆਂ ਅੱਖਾਂ ਵਿਚ ਨੰਗਾ ਹੋਣ ਤੋਂ ਬਚਣ ਲਈ ਅਦਾਲਤ ਤੋਂ ਫੈਕਟਰੀ ਮਾਲਕ ਦੇ ਹੱਕ ਵਿਚ ਹੁਕਮ ਜਾਰੀ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੰਦੋਲਨ ਦੇ ਸ਼ੁਰੂ ਹੋਣ ਦੇ ਨਾਲ ਹੀ ਕੰਪਨੀ ਦਾ ਮਾਲਕ, ਦੀਪ ਮਲਹੋਤਰਾ, ਜੋ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਐਮ ਐਲ ਏ ਹੈ, ਨੇ ਹਾਈਕੋਰਟ ਵਿਚ ਪਹੁੰਚ ਕੀਤੀ, ਕਿਉਂਕਿ ਉਸ ਨੂੰ ਪੱਕਾ ਯਕੀਨ ਸੀ ਫੈਸਲਾ ਉਸ ਦੇ ਹੱਕ ਵਿਚ ਹੋਵੇਗਾ। ਹਾਈਕੋਰਟ ਨੇ ਸਰਕਾਰ ਨੂੰ ਸਰਮਾਏਦਾਰ ਨੂੰ 20 ਕ੍ਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ, ਕਿਉਂਕਿ ਮੁਜ਼ਾਹਰੇ ਦੇ ਕਾਰਨ ਫੈਕਟਰੀ ਬੰਦ ਪਈ ਹੈ। ਮੁਜ਼ਾਹਰਾਕਾਰੀਆਂ ਨੂੰ ਫੈਕਟਰੀ ਤੋਂ 300 ਮੀਟਰ ਦੂਰ ਰਹਿ ਕੇ ਮੁਜ਼ਹਰਾ ਕਰਨ ਦਾ ਹੁਕਮ ਦਿਤਾ ਗਿਆ। ਪਰ ਜਦੋਂ ਸੰਘਰਸ਼ ਜਾਰੀ ਰਿਹਾ ਤਾਂ ਅਦਾਲਤ ਨੇ ਮੁਜ਼ਾਹਰਾਕਾਰੀਆਂ ਦੀ ਜ਼ਮੀਨ ਜ਼ਬਤ ਕਰਨ ਹੁਕਮ ਸੁਣਾ ਦਿਤਾ। ਸਰਕਾਰ ਨੇ ਮੁਜ਼ਾਹਰਾਕਾਰੀਆਂ ਦੀ ਜ਼ਮੀਨ ਦੇ ਸਭ ਵੇਰਵੇ ਅਦਾਲਤ ਨੂੰ ਦੇ ਦਿਤੇ। ਅਦਾਲਤ ਨੇ ਹੁਕਮ ਦਿਤਾ ਕਿ ਫੈਕਟਰੀ ਨੂੰ ਬਿਨ੍ਹਾਂ ਕਿਸੇ ਰੁਕਾਵਟ ਚਲਣ ਦਿਤਾ ਜਾਵੇ। ਅਦਾਲਤ ਨੇ ਇਹ ਇਸ਼ਾਰਾ ਵੀ ਕੀਤਾ ਕਿ ਮੁਜ਼ਾਹਰੇ ਨੂੰ ਬੰਦ ਕਰਾਉਣ ਲਈ ਫੌਜ ਜਾਂ ਸੀ ਆਰ ਪੀ ਐਫ ਵੀ ਵਰਤੀ ਜਾ ਸਕਦੀ ਹੈ। ਇਨ੍ਹਾਂ ਸਭ ਚੀਜ਼ਾਂ ਨਾਲ ਅੰਦੋਲਨ ਪੰਜਾਬ ਪੱਧਰ ਦਾ ਰੂਪ ਧਾਰਨ ਕਰ ਗਿਆ ਹੈ।
ਸ੍ਰੀ ਬੈਂਸ ਨੇ ਕਿਹਾ ਕਿ ਹਾਲ ਹੀ ਵਿਚ ਚੁਣੀ ਗਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਲੋਕਾਂ ਦੀਆਂ ਨਜ਼ਰਾਂ ਵਿਚ ਬਿਲਕੁਲ ਬਦਨਾਮ ਹੋ ਚੁੱਕੀ ਹੈ। ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਇਹ ਸਰਕਾਰ ਵੀ, ਇਸ ਤੋਂ ਪਹਿਲੀਆਂ ਸਰਕਾਰਾਂ ਵਾਂਗ, ਸਰਮਾਏਦਾਰਾਂ ਦੇ ਹਿੱਤਾਂ ਦੀ ਹਿਫਾਜ਼ਤ ਕਰਦੀ ਹੈ ਅਤੇ ਲੋਕਾਂ ਦੇ ਹਿੱਤਾਂ ਨਾਲ ਗ਼ਦਾਰੀ ਕਰਦੀ ਹੈ। ਉਨ੍ਹਾਂ ਨੇ ਨੌਜਵਾਨਾਂ ਅਤੇ ਲੋਕਾਂ ਦੇ ਇਕ ਸਹੀ ਕਾਜ਼ ਵਾਸਤੇ ਲੜਨ ਦੀ ਖਾੜਕੂ ਅਤੇ ਮੌਤ ਤੋਂ ਬੇਪ੍ਰਵਾਹੀ ਵਾਲੀ ਭਾਵਨਾ ਦੀ ਦਾਦ ਦਿਤੀ।
ਸ੍ਰੀ ਬੈਂਸ ਨੇ ਦਸਿਆ ਕਿ ਮੁਜ਼ਾਹਰਾ ਇਕ ਬਹੁਤ ਹੀ ਉਤਸ਼ਾਹਜਨਕ ਢੰਗ ਨਾਲ ਜਥੇਬੰਦ ਕੀਤਾ ਹੋਇਆ ਨਜ਼ਰ ਆ ਰਿਹਾ ਸੀ। ਲਾਗਲੇ ਪਿੰਡਾਂ ਦੇ ਲੋਕ ਪਿਛਲੇ ਪੰਜ ਮਹੀਨਿਆਂ ਤੋਂ ਉਥੇ ਦਿੱਲੀ ਦੇ ਬਾਰਡਰਾਂ ਦੀ ਤਰਜ਼ ਤੇ ਕੈਂਪ ਲਾਈ ਬੈਠੇ ਸਨ। ਸਾਂਝੀ ਰਸੋਈ ਅਤੇ ਲੰਗਰ ਚਲ ਰਹੇ ਸਨ ਅਤੇ ਲੋਕ ਅਗੇ ਆ ਕੇ ਪੂਰੀ ਲਗਨ ਨਾਲ ਆਪਣਾ ਯੋਗਦਾਨ ਪਾ ਰਹੇ ਸਨ। ਪਿੰਡਾਂ ਵਾਲਿਆਂ ਵਲੋਂ ਰਾਸ਼ਨ, ਕੰਬਲ ਅਤੇ ਉਥੇ ਜ਼ਰੂਰਤ ਵਾਲੀਆਂ ਹੋਰ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ। ਦਿਨ-ਬ-ਦਿਨ ਹੋਰ ਲੋਕ ਮੋਰਚੇ ਵਿਚ ਸ਼ਾਮਲ ਹੋ ਰਹੇ ਹਨ। ਆਪਣੇ ਸਿਆਸੀ, ਧਾਰਮਿਕ ਅਤੇ ਲੰਿਿਗਕ ਵਖਰੇਵਿਆਂ ਨੂੰ ਪਾਸੇ ਰਖ ਕੇ ਸਮੁੱਚਾ ਭਾਈਚਾਰਾ ਇਕਮੁੱਠ ਹੈ। ਔਰਤਾਂ ਵੱਡੀ ਗਿਣਤੀ ਵਿਚ ਉਥੇ ਹਾਜ਼ਰ ਹਨ। ਸ੍ਰੀ ਬੈਂਸ ਨੇ ਇਹ ਦਸਦਿਆਂ ਹੋਇਆਂ ਸਮਾਪਤੀ ਕੀਤੀ ਕਿ ਮੁਜ਼ਾਹਰਾਕਾਰੀ ਵੱਡੇ ਹੌਸਲੇ ਅਤੇ ਦ੍ਰਿੜਤਾ ਦਿਖਾ ਰਹੇ ਹਨ।
ਸ੍ਰੀ ਬਿਰਜੂ ਨਾਇਕ ਨੇ ਜ਼ੀਰੇ ਦੇ ਲੋਕਾਂ ਦੇ ਆਪਣੇ ਦ੍ਰਿੜ ਸੰਘਰਸ਼ ਲਈ ਉਨ੍ਹਾਂ ਨੂੰ ਵਧਾਈ ਦਿਤੀ। ਉਨ੍ਹਾਂ ਨੇ ਮਜ਼ਦੂਰ ਏਕਤਾ ਕਮੇਟੀ ਵਲੋਂ ਸੰਘਰਸ਼ ਦੀ ਤਹਿ ਦਿਲ ਤੋਂ ਹਮਾਇਤ ਪੇਸ਼ ਕੀਤੀ। ਉਸ ਨੇ ਪੰਜਾਬ ਸਰਕਾਰ ਵਲੋਂ ਸ਼ਰਾਬ ਦੀ ਫੈਕਟਰੀ ਨਾਲ ਪਾਣੀ ਨੂੰ ਜ਼ਹਿਰੀਲਾ ਬਣਾਉਣ ਅਤੇ ਲੋਕਾਂ ਦੀ ਸੇਹਤ ਲਈ ਖਤਰਾ ਪੈਦਾ ਕਰਨ ਬਾਰੇ ਅਸਲੀਅਤ ਨੂੰ ਛੁਪਾਉਣ ਅਤੇ ਲੋਕ-ਵਿਰੋਧੀ ਰਵਈਏ ਅਤੇ ਅੰਦੋਲਨਕਾਰੀਆਂ ਉਤੇ ਹਮਲੇ ਕਰਨ ਲਈ ਪੁਲੀਸ ਤਕ ਭੇਜਣ ਦੀ ਕਰੜੀ ਨਿੰਦਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਪੀਣ ਲਈ ਸਾਫ ਪਾਣੀ ਅਤੇ ਸਾਫ ਵਾਤਾਵਰਣ ਲੋਕਾਂ ਦਾ ਹੱਕ ਹੈ ਅਤੇ ਇਸ ਬੁਨਿਆਦੀ ਹੱਕ ਨੂੰ ਨਕਾਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
ਸ੍ਰੀ ਬਿਰਜੂ ਨਾਇਕ ਨੇ ਤਾਮਿਲਨਾਡੂ ਵਿਚ ਤੂਥੀਕੋਡੀ ਵਿਖੇ ਸਟਰਲਾਈਟ ਪਲਾਂਟ ਦੇ ਖਿਲਾਫ ਸੰਘਰਸ਼ ਦੀ ਉਦਾਹਰਣ ਦੇ ਕੇ ਸਮਝਾਇਆ ਕਿ ਕਿਵੇਂ ਰਾਜ ਅਤੇ ਅਦਾਲਤਾਂ ਸਰਮਾਏਦਾਰਾਂ ਦੇ ਮੁਨਾਫੇ ਬਣਾਉਣ ਦੇ ਹੱਕ ਦੀ ਹਿਫਾਜ਼ਤ ਕਰਦੀ ਹੈ ਅਤੇ ਉਨ੍ਹਾਂ ਦੇ ਇਸ ਹੱਕ ਨੂੰ ਵੈਧਤਾ ਦਿੰਦੀ ਹੈ। ਉਨ੍ਹਾਂ ਨੂੰ ਲੋਕਾਂ ਦੀ ਸੇਹਤ ਅਤੇ ਵਾਤਾਵਰਣ ਦੀ ਤਬਾਹੀ ਦੀ ਕੋਈ ਫਿਕਰ ਨਹੀਂ ਹੈ। ਕੇਵਲ ਮਜ਼ਦੂਰ ਜਮਾਤ ਹੀ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਵਿਚ ਚਾਹਵਾਨ ਹੈ ਅਤੇ ਅਜੇਹਾ ਕਰਨ ਦੀ ਕਾਬਲੀਅਤ ਵੀ ਰਖਦੀ ਹੈ। ਅਗਲੀਆਂ ਪੀੜ੍ਹੀਆਂ ਵਾਸਤੇ ਵਾਤਾਵਰਣ ਨੂੰ ਬਚਾਉਣ ਲਈ ਮਜ਼ਦੂਰ ਜਮਾਤ ਨੂੰ ਰਾਜਸੱਤਾ ਆਪਣੇ ਹੱਥਾਂ ਵਿਚ ਲੈਣ ਦੀ ਜ਼ਰੂਰਤ ਹੈ।
ਸਹਿਭਾਗੀਆਂ ਵਲੋਂ ਵੀ ਕਈ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਨੇ ਜ਼ੀਰੇ ਦੇ ਲੋਕਾਂ ਦੇ ਸੰਘਰਸ਼ ਲਈ ਹਮਾਇਤ ਜ਼ਾਹਿਰ ਕੀਤੀ ਅਤੇ ਸਰਕਾਰ ਤੇ ਅਦਾਲਤਾਂ ਵਲੋਂ ਸਰਮਾਏਦਾਰਾਂ ਦੇ ਹਿੱਤਾਂ ਦੀ ਹਿਫਾਜ਼ਤ ਕੀਤੇ ਜਾਣ ਦੀ ਨਿੰਦਿਆ ਕੀਤੀ। ਉਨ੍ਹਾਂ ਨੇ ਧਿਆਨ ਦੁਆਇਆ ਕਿ ਸਰਕਾਰ ਵਲੋਂ ਸਭ ਤੋਂ ਬੜੇ ਦੇਸੀ ਅਤੇ ਬਦੇਸ਼ੀ ਸਰਮਾਏਦਾਰਾਂ ਦੇ ਹਿੱਤ ਪਾਲਣ ਲਈ ਹੀ ਬਿਜਲੀ ਸਪਲਾਈ, ਰੇਲਵੇ, ਡੀਫੈਂਸ, ਬੈਂਕਾਂ, ਬੀਮਾ, ਸਰਕਾਰੀ ਹਸਪਤਾਲ, ਪੜ੍ਹਾਈ ਅਤੇ ਹੋਰ ਅਹਿਮ ਜਨਤਕ ਅਦਾਰੇ ਅਤੇ ਸੇਵਾਵਾਂ ਦਾ ਨਿੱਜੀਕਰਣ ਕਰ ਰਹੀ ਹੈ। ਲੋਕਾਂ ਨੇ ਆਪਣੇ ਨਿੱਜੀ ਤਜਰਬੇ ਦੀਆਂ ਉਦਾਹਰਣਾਂ ਦੇ ਕੇ ਦਸਿਆ ਕਿ ਕਿਵੇਂ ਅਦਾਲਤਾਂ ਸਰਮਾਏਦਾਰਾਂ ਦੀ ਹਿਫਾਜ਼ਤ ਕਰਦੀਆਂ ਹਨ ਅਤੇ ਲੋਕਾਂ ਦੀ ਭਲਾਈ ਵਾਸਤੇ ਸੰਘਰਸ਼ ਕਰਨ ਵਾਲਿਆਂ ਉਤੇ ਹਮਲੇ ਕਰਦੀਆਂ ਹਨ। ਉਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਲਈ ਆਪਣੇ ਮਸਲਿਆਂ ਉਤੇ ਚਰਚਾ ਕਰਨ ਕਰਨ ਲਈ ਮੰਚ ਪ੍ਰਦਾਨ ਕਰਨ ਲਈ ਮਜ਼ਦੂਰ ਏਕਤਾ ਕਮੇਟੀ ਦਾ ਧੰਨਵਾਦ ਕੀਤਾ।
ਅੰਤ ਵਿਚ ਸੰਤੋਸ਼ ਕੁਮਾਰ ਨੇ ਬੁਲਾਰਿਆਂ ਅਤੇ ਤਮਾਮ ਸਰੋਤਿਆਂ ਦਾ ਧੰਨਵਾਦ ਕੀਤਾ। ਉਸਨੇ ਹਾਕਮ ਜਮਾਤ ਵਲੋਂ ਸਾਡੇ ਰੁਜ਼ਗਾਰ ਅਤੇ ਅਧਿਕਾਰਾਂ ਉਤੇ ਸਭਤਰਫਾ ਹਮਲਿਆਂ ਦੇ ਖਿਲਾਫ ਆਪਣੀ ਏਕਤਾ ਮਜ਼ਬੂਤ ਕਰਕੇ ਆਪਣਾ ਸੰਘਰਸ਼ ਅੱਗੇ ਵਧਾਉਣ ਦਾ ਸੱਦਾ ਦਿੰਦਿਆਂ ਹੋਇਆਂ ਮੀਟਿੰਗ ਦੀ ਸਮਾਪਤੀ ਕੀਤੀ।

close

Share and Enjoy !

Shares

Leave a Reply

Your email address will not be published. Required fields are marked *