ਖੇਤੀ ਦਾ ਸੰਕਟ ਅਤੇ ਉਸਦਾ ਹੱਲ

ਮਜ਼ਦੂਰ ਏਕਤਾ ਕਮੇਟੀ ਵਲੋਂ ਜਥੇਬੰਦ ਕੀਤੀ ਗਈ ਮੀਟਿੰਗ

ਮਜ਼ਦੂਰ ਏਕਤਾ ਕਮੇਟੀ ਵਲੋਂ ਸੰਤੋਸ਼ ਕੁਮਾਰ ਨੇ ਇਹ ਕਹਿੰਦਿਆਂ ਮੀਟਿੰਗ ਦੀ ਸ਼ੁਰੂਆਤ ਕੀਤੀ ਕਿ “ਖੇਤੀ ਦੇ ਸੰਕਟ ਦਾ ਸਮਾਜ ਦੇ ਸਭ ਵਰਗਾਂ ਉਤੇ ਅਸਰ ਪੈਂਦਾ ਹੈ ਅਤੇ ਮਜ਼ਦੂਰ ਜਮਾਤ ਲਈ ਇਹ ਇਕ ਬਹੁਤ ਚਿੰਤਾਜਨਕ ਵਿਸ਼ਾ ਹੈ”। ਸੰਤੋਸ਼ ਕੁਮਾਰ 11 ਸਤੰਬਰ ਨੂੰ “ਖੇਤੀ ਦਾ ਸੰਕਟ ਅਤੇ ਉਸਦਾ ਹੱਲ” ਵਿਸ਼ੇ ਉਤੇ ਜਥੇਬੰਦ ਕੀਤੀ ਗਈ ਇਕ ਔਨ-ਲਾਈਨ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਸੀ।

ਮੀਟਿੰਗ ਨੂੰ ਮਜ਼ਦੂਰ ਏਕਤਾ ਕਮੇਟੀ ਦੇ ਸਕੱਤਰ, ਸ੍ਰੀ ਬਿਰਜੂ ਨਾਇਕ; ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ, ਸ੍ਰੀ ਬੂਟਾ ਸਿੰਘ ਬੁਰਜ ਗਿੱਲ; ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ, ਸ੍ਰੀ ਸ਼ਲੇਂਦਿਰ ਸ਼ੈਲੇਨਦਿਰ ਦੂਬੇ; ਰਿਟਾਇਰਡ ਪ੍ਰੋਫੈਸਰ, ਡਾਕਟਰ ਬੀ ਸੇਠ ਅਤੇ ਇੰਡੀਅਨ ਰੇਲਵੇ ਲੋਕੋ ਰਨਿੰਗਮੈਨ ਆਰਗੇਨਾਈਜ਼ੇਸ਼ਨ ਦੇ ਵਰਕਿੰਗ ਪ੍ਰੈਜ਼ੀਡੈਂਟ, ਸ੍ਰੀ ਸੰਜੇ ਪਾਂਧੀ ਵਲੋਂ ਸੰਬੋਧਿਤ ਕੀਤਾ ਗਿਆ ਸੀ।

ਬੁਲਾਰਿਆਂ ਨਾਲ ਜਾਣ ਪਛਾਣ ਕਰਵਾਉਂਦਿਆਂ ਸੰਤੋਸ਼ ਕੁਮਾਰ ਨੇ ਦਸਿਆ ਕਿ ਸ੍ਰੀ ਬੂਟਾ ਸਿੰਘ ਦਿੱਲੀ ਦੇ ਬਾਰਡਰਾਂ ਉਤੇ ਕਿਸਾਨਾਂ ਵਲੋਂ ਇਕ ਸਾਲ ਤੋਂ ਵਧ ਸਮੇਂ ਲਈ ਚਲਾਏ ਗਏ ਇਤਿਹਾਸਿਕ ਸੰਘਰਸ਼ ਵਿਚ ਸਭ ਤੋਂ ਮੂਹਰੇ ਰਹੇ ਹਨ। ਉਸ ਨੇ ਇਸ ਗੱਲ ਦਾ ਸਵਾਗਤ ਕੀਤਾ ਕਿ ਬੁਲਾਰਿਆਂ ਵਿਚ ਬਿਜਲੀ ਅਤੇ ਰੇਲਵੇ ਮਜ਼ਦੂਰਾਂ ਦੇ ਪ੍ਰਤੀਨਿਧ ਅਤੇ ਇਕ ਉੱਘੇ ਪ੍ਰੋਫੈਸਰ ਅਤੇ ਹਿੰਦੋਸਤਾਨ ਤੇ ਬਦੇਸ਼ਾਂ ਤੋਂ ਸੈਂਕੜੇ ਵਿਅਕਤੀ ਇਸ ਵਿਚ ਹਿੱਸਾ ਲੈ ਰਹੇ ਹਨ।

ਮੀਟਿੰਗ ਵਿਚ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਔਰਤਾਂ ਅਤੇ ਵੱਖ ਵੱਖ ਪੇਸ਼ਿਆਂ ਵਾਲੇ ਲੋਕ ਸ਼ਾਮਲ ਹੋਏ। ਉਨ੍ਹਾਂ ਵਿਚ ਤਾਮਿਲ ਨਾਡੂ, ਮਹਾਂਰਾਸ਼ਟਰ, ਬਿਹਾਰ, ਪੰਜਾਬ, ਰਾਜਸਥਾਨ, ਯੂ ਪੀ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਤੋਂ ਮਜ਼ਦੂਰ ਅਤੇ ਕਿਸਾਨ ਯੂਨੀਅਨਾਂ ਦੇ ਕਾਰਕੁੰਨ ਅਤੇ ਬਰਤਾਨੀਆਂ ਅਤੇ ਕਨੇਡਾ ਤੋਂ ਹਿੰਦੋਸਤਾਨੀ ਪ੍ਰਵਾਸੀ ਸਨ।

ਬਿਰਜੂ ਨਾਇਕ ਨੇ ਵਿਸਤਾਰ ਨਾਲ ਦਸਿਆ ਕਿ ਖੇਤੀ ਉਤੇ ਵੱਡੇ ਹਿੰਦੋਸਤਾਨੀ ਅਤੇ ਬਦੇਸ਼ੀ ਸਰਮਾਏਦਾਰਾਂ ਦਾ ਕੰਟਰੋਲ ਵਧਦਾ ਹੀ ਜਾ ਰਿਹਾ ਹੈ। ਖੇਤੀ ਲਈ ਜ਼ਰੂਰੀ ਸਭ ਚੀਜ਼ਾਂ – ਬੀਜ, ਖਾਦਾਂ, ਬਿਜਲੀ ਅਤੇ ਸਿੰਜਾਈ ਲਈ ਪਾਣੀ ਤੋਂ ਲੈ ਕੇ ਫਸਲਾਂ ਦੀ ਖਰੀਦ ਲਈ ਕਿਸਾਨਾਂ ਨੂੰ ਮਿਲ ਰਹੀਆਂ ਕੀਮਤਾਂ ਉਤੇ ਅਤੇ ਬਜ਼ਾਰ ਵਿਚ ਮਿਲਣ ਵਾਲੇ ਉਤਪਾਦਾਂ ਦੀਆਂ ਕੀਮਤਾਂ ਉਤੇ ਅਜਾਰੇਦਾਰਾਂ ਦਾ ਕੰਟਰੋਲ ਵਧ ਰਿਹਾ ਹੈ। ਉਸ ਨੇ ਦਸਿਆ ਕਿ ਬੜੇ ਅਜਾਰੇਦਾਰ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਕੋਲ ਅਨਾਜ ਰਖਣ ਲਈ ਭੰਡਾਰ ਅਤੇ ਅਨਾਜ ਢੋਣ ਦੇ ਸਾਧਨ ਹਨ ਅਤੇ ਉਹ ਬਜ਼ਾਰ ਵਿਚ ਖੇਤੀ ਉਤਪਾਦਾਂ ਦੀ ਖਰੀਦ ਅਤੇ ਵਿੱਕਰੀ ਦੀਆਂ ਕੀਮਤਾਂ ਨੀਯਤ ਕਰ ਸਕਦੇ ਹਨ। ਉਹ ਹਿੰਦੋਸਤਾਨ ਵਿਚ ਖ੍ਰੀਦੇ ਹੋਏ ਖੇਤੀ ਉਤਪਾਦ ਹੋਰ ਵੀ ਵਧ ਕੀਮਤ ਉਤੇ ਵਿਸ਼ਵ-ਬਜ਼ਾਰ ਲਈ ਬਰਾਮਦ ਕਰ ਸਕਦੇ ਹਨ ਅਤੇ ਹੋਰ ਵਧ ਮੁਨਾਫੇ ਬਣਾ ਸਕਦੇ ਹਨ। ਉਸ ਨੇ ਇਕ ਉਦਾਹਰਣ ਦੇ ਕੇ ਸਮਝਾਇਆ ਕਿ ਸਰਕਾਰ ਬੜੇ ਤੋਂ ਬੜੇ ਸਰਮਾਏਦਾਰਾਂ ਦੇ ਹਿਤ ਵਿਚ ਕੰਮ ਕਰਦੀ ਹੈ। ਸਰਕਾਰ ਨੇ 13 ਮਈ ਨੂੰ ਅਚਾਨਕ ਹੀ ਕਣਕ ਦੀ ਬਰਾਮਦ ਉਤੇ ਬੰਦਸ਼ ਲਾਉਣ ਦਾ ਐਲਾਨ ਕਰ ਦਿਤਾ ਜਿਸ ਨਾਲ ਕਣਕ ਦੇ ਬਹੁਤੇ ਨਿਰਯਾਤਕਾਂ ਉਤੇ ਪਬੰਦੀ ਲਗ ਗਈ, ਪਰ ਮੁਕੇਸ਼ ਅੰਬਾਨੀ ਦੀ ਰਿਲਾਐਂਸ ਇੰਡਸਟਰੀਜ਼ ਨੂੰ ਉਸ ਤੋਂ ਪਹਿਲਾਂ ਹੀ ਇਕ ਬੈਂਕ ਗਰੰਟੀ ਜਾਰੀ ਕਰ ਦਿਤੀ ਸੀ ਤਾਂ ਕਿ ਉਹ ਛੇਤੀਂ ਤੋਂ ਛੇਤੀਂ ਦੂਸਰੀ ਸਭ ਤੋਂ ਬੜੀ ਕਣਕ ਬਰਾਮਦ ਕਰਨ ਵਾਲੀ ਇੰਡਸਟਰੀ ਬਣ ਸਕੇ।

ਬਿਰਜੂ ਨਾਇਕ ਨੇ ਇਸ ਮੀਟਿੰਗ ਵਿਚ ਖੇਤੀ ਦੇ ਸੰਕਟ ਦੇ ਹੱਲ ਲਈ ਜਿਹੜੇ ਸੁਝਾਅ ਪੇਸ਼ ਕੀਤੇ, ਜਿਵੇਂ ਖੇਤੀ ਲਈ ਸਭ ਜ਼ਰੂਰੀ ਚੀਜ਼ਾਂ ਕਿਸਾਨਾਂ ਨੂੰ ਰਿਆਇਤੀ ਕੀਮਤਾਂ ਉਤੇ ਉਪਲੱਭਦ ਕਰਾਉਣ ਦੀ ਗਰੰਟੀ ਹੋਵੇ, ਮੁਨਾਸਿਬ ਅਤੇ ਲਾਭਕਾਰੀ ਕੀਮਤਾਂ ਉਤੇ ਫਸਲਾਂ ਦੀ ਖ੍ਰੀਦ ਯਕੀਨੀ ਬਣਾਈ ਜਾਵੇ, ਕਿਸਾਨਾਂ ਨੂੰ ਕਰਜ਼ੇ ਉਤੇ ਰਾਹਤ ਦਿਤੀ ਜਾਵੇ ਅਤੇ ਰਾਜ ਵਲੋਂ ਇਕ ਅਜੇਹੀ ਸਰਬਜਨਕ ਵਿਤਰਣ ਪ੍ਰਣਾਲੀ ਬਣਾਈ ਜਾਵੇ ਜੋ ਦੇਸ਼ ਵਿਚ ਸਭ ਖਾਧ ਪਦਾਰਥਾਂ ਅਤੇ ਬੜੇ ਪੈਮਾਨੇ ਉਤੇ ਖਪਤ ਹੋਣ ਵਾਲੀਆਂ ਹੋਰ ਚੀਜ਼ਾਂ ਵਾਜਬ ਕੀਮਤਾਂ ਅਤੇ ਅੱਛੀ ਗੁਣਵਤਾ ਦੀ ਸਪਲਾਈ ਯਕੀਨੀ ਬਣ ਸਕੇ।

ਬੂਟਾ ਸਿੰਘ ਬੁਰਜ ਗਿੱਲ ਨੇ ਪਿਛਲੇ 3-4 ਦਹਾਕਿਆਂ ਵਿਚ ਹਿੰਦੋਸਤਾਨ ਵਿਚ ਖੇਤੀ ਦੇ ਵਧ ਰਹੇ ਸੰਕਟ ਨੂੰ ਸਮਝਾਉਣ ਲਈ ਕਈ ਤੱਥ ਪੇਸ਼ ਕੀਤੇ, ਜਿਨ੍ਹਾਂ ਦੇ ਕਾਰਨ ਮੌਜੂਦਾ ਸੰਕਟ ਪੈਦਾ ਹੋਇਆ। ਉਸਨੇ ਦਸਿਆ ਕਿ ਹਰੇ ਇਨਕਲਾਬ ਨੇ ਦੇਸ਼ ਨੂੰ ਆਤਮ ਨਿਰਭਰ ਆਰਿਥਕਤਾ ਦੇ ਨਿਰਮਾਣ ਲਈ ਸਮਰੱਥ ਬਣਾਇਆ ਅਤੇ ਇਸ ਨਾਲ ਖੇਤ ਮਜ਼ਦੂਰਾਂ ਦੀ ਹਾਲਤ ਵਿਚ ਵੀ ਸੁਧਾਰ ਆਇਆ। ਪਰ ਇਸ ਨੇ ਉਨ੍ਹਾਂ ਫਸਲਾਂ ਨੂੰ ਤਰਜੀਹ ਦਿਤੀ ਜਿਨ੍ਹਾਂ ਲਈ ਵਧੇਰੇ ਪਾਣੀ, ਰਸਾਇਣਿਕ ਖਾਦਾਂ ਅਤੇ ਕੀੜੇ-ਮਾਰ ਦਵਾਈਆਂ ਦੀ ਜ਼ਰੂਰਤ ਹੂੰਦੀ ਹੈ ਅਤੇ ਫਸਲ ਨੂੰ ਕੀੜਾ ਲਗਣ ਅਤੇ ਬਿਮਾਰੀ ਲਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਨਾਲ ਜ਼ਮੀਨ ਦੀ ਉਪਜਾਇਕ ਸ਼ਕਤੀ ਵੀ ਨਸ਼ਟ ਹੋਈ ਅਤੇ ਕਈ ਕਈ ਫਸਲਾਂ ਉਗਾਉਣ ਦੀ ਸ਼ਕਤੀ ਵੀ ਖਤਮ ਹੋ ਗਈ। ਕਈ ਕਿਸਾਨਾਂ ਨੇ ਇਹ ਸੁਪਨਾ ਲਿਆ ਸੀ ਕਿ ਹਰੇ ਇਨਕਲਾਬ ਨਾਲ ਉਨ੍ਹਾਂ ਨੂੰ ਵਧੇਰੇ ਲਾਭ ਹੋਵੇਗਾ। ਪਰ ਹਰੇ ਇਨਕਲਾਬ ਨੇ ਸੰਕਟ ਦਾ ਹੱਲ ਕਰਨ ਦੀ ਬਜਾਇ ਪੰਜਾਬ ਵਿਚ ਖੇਤੀ ਅਤੇ ਕਿਸਾਨਾਂ ਨੂੰ ਬਰਬਾਦ ਅਤੇ ਨਸ਼ਟ ਕਰ ਦਿਤਾ।

ਕੇਂਦਰ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਕਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨਾਲ ਖੇਤੀ ਉਤੇ ਹਿੰਦੋਸਤਾਨੀ ਅਤੇ ਬਦੇਸ਼ੀ ਕਾਰਪੋਰੇਟਾਂ ਦੀ ਜਕੜ ਮਜਬੂਤ ਹੋ ਜਾਵੇ। ਅਸੀਂ ਇਕ ਸਾਲ ਤੋਂ ਜ਼ਿਆਦਾ ਸਮਾਂ ਸੰਘਰਸ਼ ਚਲਾਇਆ ਅਤੇ ਪੰਜਾਬ ਤੇ ਹੋਰ ਪ੍ਰਾਂਤਾਂ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਅਤੇ ਸਰਕਾਰ ਨੂੰ ਤਿੰਨ ਖੇਤੀ ਕਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿਤਾ। ਪਰ ਸਰਕਾਰ ਨੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਿਨ੍ਹਾਂ ਦਾ ਉਸ ਨੇ ਸਾਡੇ ਸੰਘਰਸ਼ ਨੂੰ ਬੰਦ ਕੀਤੇ ਜਾਣ ਦੀ ਸ਼ਰਤ ਬਤੌਰ ਵਾਇਦਾ ਕੀਤਾ ਸੀ। ਇਸ ਲਈ ਸਾਨੂੰ ਦੁਬਾਰਾ ਅੰਦੋਲਨ ਚਲਾਉਣਾ ਪਵੇਗਾ। ਸਾਨੂੰ ਇਹ ਸੰਘਰਸ਼ ਦੁਬਾਰਾ ਛੇੜਨ ਲਈ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨਾ ਪਵੇਗਾ।

ਕਰਜ਼ੇ ਮੁਆਫ ਕੀਤੇ ਜਾਣਾ ਕਿਸਾਨਾਂ ਦੀ ਮੁੱਖ ਮੰਗ ਹੈ, ਉਸ ਨੇ ਦਸਿਆ। ਖੇਤੀ ਲਈ ਰਾਜ ਨੂੰ ਇਕ ਸਭ ਤਰਫਾ ਯੋਜਨਾ ਬਣਾਉਣ ਦੀ ਜ਼ਰੂਰਤ ਹੈ – ਕਿ ਕਿਹੜੀ ਜਗ੍ਹਾ ਉਤੇ ਕਿੰਨੀ ਅਤੇ ਕਿਹੜੀ ਫਸਲ ਪੈਦਾ ਕੀਤੀ ਜਾਵੇ, ਰਾਜ ਦੀ ਖ੍ਰੀਦਦਾਰੀ ਏਜੰਸੀਆਂ ਵਲੋਂ ਫਸਲ ਨੂੰ ਕਿਸ ਭਾਅ ਉਤੇ ਖਰੀਦਿਆ ਜਾਵੇਗਾ, ਫਸਲ ਦੇ ਭੰਡਾਰਨ, ਟਰਾਂਸਪੋਰਟ ਅਤੇ ਸਰਬਜਨਕ ਵਿਤਰਣ ਪ੍ਰਣਾਲੀ ਕੀ ਹੋਵੇਗੀ ਆਦਿ। ਕੇਵਲ ਐਮ ਐਸ ਪੀ (ਨਿਉਨਤਮ ਖ੍ਰੀਦਦਾਰੀ ਕੀਮਤ) ਦੀ ਗੱਲ ਕੀਤੀ ਜਾਣੀ ਕਾਫੀ ਨਹੀਂ, ਕਿਉਂਕਿ ਐਮ ਐਸ ਪੀ ਕੇਵਲ ਕਣਕ ਅਤੇ ਝੋਨੇ ਵਾਸਤੇ ਦਿਤੀ ਜਾਂਦੀ ਹੈ; ਖੇਤੀ ਦੇ ਤਮਾਮ ਉਤਪਾਦਾਂ ਦੀ ਲਾਭਕਾਰੀ ਕੀਮਤਾਂ ਉਤੇ ਸਰਕਾਰੀ ਖ੍ਰੀਦ ਕੀਤੀ ਜਾਣੀ ਜ਼ਰੂਰੀ ਹੈ। ਜਦੋਂ ਤਕ ਅਜੇਹੇ ਕਦਮ ਨਹੀਂ ਉਠਾਏ ਜਾਂਦੇ, ਖੇਤੀ ਦੇ ਸੰਕਟ ਦਾ ਹੱਲ ਨਹੀਂ ਹੋ ਸਕਦਾ। ਬੂਟਾ ਸਿੰਘ ਬੁਰਜ ਗਿੱਲ ਨੇ ਕਿਸਾਨਾਂ ਦੀ ਮਜ਼ਦੂਰ ਜਮਾਤ ਨਾਲ ਏਕਤਾ ਲਈ ਇਕ ਜ਼ੋਰਦਾਰ ਅਪੀਲ ਕੀਤੀ। ਜੇਕਰ ਖੇਤੀ ਅਤੇ ਸਨਅੱਤ ਮਿਲ ਕੇ ਸਮੁੱਚੇ ਸਮਾਜ ਦੀ ਭਲਾਈ ਲਈ ਕੰਮ ਕਰਨ, ਤਾਂ ਹੀ ਅਸੀਂ ਇਸ ਸੰਕਟ ਦੇ ਹੱਲ ਦੀ ਉਮੀਦ ਕਰ ਸਕਦੇ ਹਾਂ।

ਸ੍ਰੀ ਸ਼ਲੰਿਦਰ ਦੂਬੇ ਨੇ ਉਸ ਲੜਾਕੂ ਸੰਘਰਸ਼ ਵਲ ਧਿਆਨ ਦੁਆਇਆ, ਜੋ ਸੰਘਰਸ਼ ਪਾਵਰ ਇੰਜਨੀਅਰ ਅਤੇ ਕਰਮਚਾਰੀ ਬਿਜਲੀ ਸੰਸ਼ੋਧਨ ਬਿੱਲ, 2022 ਨੂੰ ਉਸ ਦੇ ਮੌਜੂਦਾ ਰੂਪ ਵਿਚ ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣ ਤੋਂ ਰੋਕਣ ਲਈ ਚਲਾਉਂਦੇ ਆ ਰਹੇ ਹਨ। ਇਸ ਬਿੱਲ ਦਾ ਉਦੇਸ਼ ਬਿਜਲੀ ਦੇ ਵਿਤਰਣ ਲਈ ਨਿੱਜੀ ਕੰਪਨੀਆਂ ਨੂੰ ਰਾਜ ਦੇ ਵਿਤਰਣ ਨੈਟਵਰਕ ਵਰਤਣ ਦੀ ਖੁੱਲ ਦੇਣਾ ਹੈ। ਅਜਾਰੇਦਾਰ ਸਰਮਾਏਦਾਰ ਦੇਸ਼ ਭਰ ਵਿਚ ਬਿਜਲੀ ਦੇ ਵਿਤਰਣ ਉਤੇ ਹਾਵੀ ਹੋਣਾ ਸੌਖਾ ਬਣਾਉਣ ਲਈ ਇਹ ਬਿੱਲ ਪਾਸ ਕਰਾਉਣਾ ਚਾਹੁੰਦੇ ਹਨ ਤਾਂ ਕਿ ਉਹ ਇਸ ਨਾਲ ਵੱਡੇ ਮੁਨਾਫੇ ਕਮਾ ਸਕਣ।

ਬਿਜਲੀ ਸੰਸ਼ੋਧਨ ਬਿੱਲ ਦਾ ਕਿਸਾਨਾਂ ਉਤੇ ਤਬਾਹਕੁੰਨ ਅਸਰ ਹੋਵੇਗਾ, ਉਸ ਨੇ ਦਸਿਆ। ਕਿਸਾਨ ਫਸਲਾਂ ਨੂੰ ਪਾਣੀ ਦੇਣ ਅਤੇ ਖੇਤੀ ਦੀ ਹੋਰ ਮਸ਼ੀਨਰੀ ਲਈ ਬਿਜਲੀ ਵਰਤਣਾ ਵਿਤੋਂ ਬਾਹਰ ਹੋ ਜਾਵੇਗਾ; ਉਹ ਹੋਰ ਜ਼ਿਆਦਾ ਕਰਜੇ ਹੇਠ ਦਬੇ ਜਾਣਗੇ, ਉਨ੍ਹਾਂ ਦੀ ਕੁਰਕੀ ਅਤੇ ਤਬਾਹੀ ਹੋਵੇਗੀ। ਕਿਸਾਨਾਂ ਦੇ ਸੰਘਰਸ਼ ਨਾਲ ਸਾਂਝ ਵਧਾਉਣ ਲਈ ਉਸ ਨੇ ਖੇਤੀ ਦੀ ਲਾਗਤ ਲਈ ਵਧੇਰੇ ਸਬਸਿਡੀਆਂ ਦਿਤੇ ਜਾਣ ਲਈ ਅਵਾਜ਼ ਉਠਾਈ। ਉਸ ਨੇ ਬਿਜਲੀ ਸੰਸ਼ੋਧਨ ਬਿੱਲ ਨੂੰ ਕਿਸਾਨ-ਵਿਰੋਧੀ ਅਤੇ ਸਮਾਜ-ਵਿਰੋਧੀ ਕਰਾਰ ਦਿੰਦਿਆਂ ਇਸ ਬਿੱਲ ਨੂੰ ਵਾਪਸ ਕਰਾਉਣ ਲਈ ਸਾਂਝਾ ਸੰਘਰਸ਼ ਚਲਾਏ ਜਾਣ ਦਾ ਸੱਦਾ ਦਿਤਾ। ਉਸ ਨੇ ਐਲਾਨ ਕੀਤਾ ਕਿ ਸਮੁੱਚੇ ਦੇਸ਼ ਦੇ ਬਿਜਲੀ ਮਜ਼ਦੂਰ ਇਸ ਸੰਘਰਸ਼ ਨੂੰ ਅੱਗੇ ਵਧਾਉਣ ਲਈ 23 ਨਵੰਬਰ ਨੂੰ ਨਵੀਂ ਦਿੱਲੀ ਵਿਚ ਇਕ ਵੱਡੀ ਵਿਰੋਧੀ ਕਾਰਵਾਈ ਕਰਨਗੇ।

ਪ੍ਰੋਫੈਸਰ ਬੀ ਸੇਠ ਨੇ ਖੇਤੀ ਸੰਕਟ ਨੂੰ ਸਮਝਾਉਣ ਲਈ ਇਕ ਪਾਵਰ ਪੁਆਇੰਡ ਪੇਸ਼ਕਾਰੀ ਕੀਤੀ। ਉਸ ਨੇ ਧਿਆਨ ਦੁਆਇਆ ਕਿ ਇਸ ਸੰਕਟ ਦੇ ਦੋ ਪਹਿਲੂ ਹਨ। ਬਹੁਤੇ ਕਿਸਾਨਾਂ ਨੂੰ ਖੇਤੀ ਦੀ ਪੈਦਾਵਾਰ ਤੋਂ ਇਕ ਸੁਰਖਿਅਤ ਜੀਵਨ ਲਈ ਲੋੜੀਂਦੀ ਆਮਦਨੀ ਨਹੀਂ ਹੁੰਦੀ। ਇਸ ਦੇ ਨਾਲ ਨਾਲ, ਸ਼ਹਿਰਾਂ ਵਿਚ ਮਜ਼ਦੂਰਾਂ ਦਾ ਇਕ ਬਹੁਤ ਬੜਾ ਹਿੱਸਾ ਲੁੜੀਂਦੀ ਮਾਤਰਾ ਵਿਚ ਪੌਸ਼ਟਿਕ ਖੁਰਾਕ ਖਾਣ ਦੀ ਗੁੰਜਾਇਸ਼ ਨਹੀਂ ਰਖਦਾ। ਇਕ ਕਿਸਾਨ ਪਰਵਾਰ ਦੀ ਔਸਤਨ ਮਾਸਿਕ ਆਮਦਨੀ 5000 ਰੁਪਏ ਹੈ। ਇਸ ਕੁਝ ਵੱਡੇ ਕਾਰਨ ਬੀਜ, ਖਾਦ, ਡੀਜ਼ਲ ਅਤੇ ਬਿਜਲੀ ਆਦਿ ਦੀਆਂ ਉੱਚੀਆਂ ਕੀਮਤਾਂ; ਫਸਲਾਂ ਲਈ ਘੱਟ ਕੀਮਤ ਮਿਲਣਾ, ਕੁਦਰਤੀ ਆਫਤਾਂ ਤੋਂ ਬਚਾਅ ਦੀ ਘਾਟ ਅਤੇ ਬਹੁਤੇ ਕਿਸਾਨਾਂ ਉਤੇ ਕਰਜ਼ਿਆਂ ਦਾ ਭਾਰ ਹਨ। ਉਸ ਨੇ ਬਹੁ-ਚਰਚਿਤ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਪਰਦਾਫਾਸ਼ ਕੀਤਾ ਕਿ ਇਸ ਦਾ ਉਦੇਸ਼ ਕਿਸਾਨਾਂ ਦੀ ਕੀਮਤ ਉਤੇ ਨਿੱਜੀ ਬੀਮਾ ਕੰਪਨੀਆਂ ਦੇ ਬੜੇ ਬੜੇ ਮੁਨਾਫੇ ਬਣਾਉਣਾ ਹੈ।

ਪ੍ਰੋ. ਸੇਠ ਨੇ ਖੇਤੀ ਦੀ ਸਮੁੱਚੀ ਪ੍ਰੀਕ੍ਰਿਆ ਉਤੇ ਹਿੰਦੋਸਤਾਨੀ ਅਤੇ ਬਦੇਸ਼ੀ ਅਜਾਰੇਦਾਰ ਕਾਰਪੋਰੇਟਾਂ ਦੇ ਦਬਦਬਾ ਨੂੰ ਉਜਾਗਰ ਕੀਤਾ, ਜਿਸ ਨਾਲ ਕਿਸਾਨਾਂ ਅਤੇ ਸ਼ਹਿਰਾਂ ਦੇ ਮਜ਼ਦੂਰਾਂ ਵਿਚ ਭੁੱਖਮਰੀ ਵਧ ਰਹੀ ਹੈ।

ਸ੍ਰੀ ਸੰਜੇ ਪਾਂਧੀ ਨੇ ਇਕ ਬਹੁਤ ਅਹਿਮ ਨੁਕਤਾ ਉਠਾਇਆ ਕਿ ਸਰਕਾਰੀ ਨੀਤੀਆਂ ਸ਼ਹਿਰਾਂ ਜਾਂ ਪਿੰਡਾਂ ਵਿਚ ਬਹੁਗਿਣਤੀ ਲੋਕਾਂ ਦੇ ਹਿੱਤ ਵਿਚ ਕੰਮ ਨਹੀਂ ਕਰਦੀਆਂ। ਇਨ੍ਹਾਂ ਨੀਤੀਆਂ ਦਾ ਉਦੇਸ਼ ਕਾਰਪੋਰੇਟ ਘਰਾਣਿਆਂ ਨੂੰ, ਮਜ਼ਦੂਰਾਂ ਅਤੇ ਕਿਸਾਨਾਂ ਦੀ ਲੁੱਟ ਕਰਕੇ ਆਪਣੀਆਂ ਤਿਜੌਰੀਆਂ ਭਰਨ ਦੇ ਸਮਰੱਥ ਬਣਾਉਣਾ ਹੈ। ਉਸ ਨੇ ਇਸ ਬਾਰੇ ਕਈ ਸੁਝਾਅ ਦਿਤੇ ਜਿਨ੍ਹਾਂ ਰਾਹੀਂ ਸਨਅੱਤੀ ਮਜ਼ਦੂਰ ਅਤੇ ਮਾਹਰ ਕਿਸਾਨ ਯੂਨੀਅਨਾਂ ਨੂੰ ਮਾਹਰੀਨ ਸਹਾਇਤਾ ਦੇ ਸਕਦੇ ਹਨ। ਭਾਰਤੀ ਰੇਲ ਦੇ ਇੰਜਣ ਡਰਾਈਵਰਾਂ, ਜੋ ਸਰਕਾਰ ਦੀਆਂ ਰੇਲਵੇ ਦਾ ਨਿੱਜੀਕਰਣ ਕਰਨ ਦੀਆਂ ਕੋਸ਼ਿਸ਼ਾਂ ਦੀ ਤਕੜੇ ਤੌਰ ਤੇ ਵਿਰੋਧਤਾ ਕਰ ਰਹੇ ਹਨ, ਦਾ ਕਾਰਕੁੰਨ ਹੋਣ ਦੇ ਨਾਤੇ ਉਸ ਨੇ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਸਾਂਝਾ ਸੰਘਰਸ਼ ਚਲਾਉਣ ਦਾ ਸੱਦਾ ਦਿਤਾ।

ਮੁੱਖ ਬੁਲਾਰਿਆਂ ਵਲੋਂ ਆਪਣੇ ਵਿਚਾਰ ਪੇਸ਼ ਕਰਨ ਤੋਂ ਬਾਅਦ, ਦਸ ਤੋਂ ਵਧ ਸਹਿਭਾਗੀਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।

ਤਾਮਿਲ ਨਾਡੂ ਦੀ ਮਜ਼ਦੂਰ ਏਕਤਾ ਲਹਿਰ ਦੇ ਇਕ ਪ੍ਰਤੀਨਿਧ ਨੇ ਪਾਰਲੀਮੈਂਟ ਦੀਆਂ ਸਿਆਸੀ ਪਾਰਟੀਆਂ ਨਾਲੋਂ ਆਪਣਾ ਨਾਤਾ ਤੋੜ ਲੈਣ ਦੀ ਜ਼ਰੂਰਤ ਉਤੇ ਜ਼ੋਰ ਦਿਤਾ। ਉਸ ਨੇ ਕਿਹਾ ਕਿ ਇਹ ਪਾਰਟੀਆਂ ਸਾਡੇ ਵਿਚ ਫੁੱਟ ਪਾਉਣ ਅਤੇ ਸਾਡੇ ਨਾਲ ਝੂਠੇ ਵਾਇਦੇ ਕਰਕੇ ਸਾਨੂੰ ਉੱਲੂ ਬਣਾਉਣ ਉਤੇ ਤੁਲੀਆਂ ਹੋਈਆਂ ਹਨ। ਉਸ ਨੇ ਕਿਹਾ ਕਿ ਅਜੇਹੀਆਂ ਪਾਰਟੀਆਂ ਅਜਾਰੇਦਾਰ ਸਰਮਾਏਦਾਰਾਂ ਦੇ ਵਧ ਤੋਂ ਵਧ ਮੁਨਾਫੇ ਬਣਾਉਣ ਲਈ ਨਿਰੰਤਰਤਾ ਨਾਲ ਕੰਮ ਕਰਦੀਆਂ ਹਨ। ਉਸ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕ ਅਜੇਹਾ ਸਮਾਜ ਸਿਰਜਣ ਦੇ ਅਜੰਡੇ ਦੁਆਲੇ ਏਕਤਾ ਬਣਾਉਣ ਦਾ ਸੱਦਾ ਦਿਤਾ, ਜਿਸ (ਸਮਾਜ) ਵਿਚ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਨਹੀਂ ਬਲਕਿ ਸਮੁੱਚੇ ਸਮਾਜ ਦੀ ਬੇਹਤਰੀ ਨੂੰ ਸਭ ਤੋਂ ਵਧ ਅਹਿਮੀਅਤ ਦਿਤੀ ਜਾਵੇਗੀ।

ਰਾਜਸਥਾਨ ਦੀ ਕਿਸਾਨ-ਮਜ਼ਦੂਰ-ਵਿਉਪਾਰੀ ਸੰਘਰਸ਼ ਸੰਮਤੀ ਦੇ ਹਨੂਮਾਨ ਪ੍ਰਸਾਦ ਸ਼ਰਮਾ ਨੇ ਖੇਤੀ ਦੇ ਸੰਕਟ ਬਾਰੇ ਵਿਆਖਿਆ ਦਿਤੀ। ਉਸ ਨੇ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੇ ਸਾਹਮਣੇ ਇਕੋ ਇਕ ਹੱਲ, ਆਪਣੇ ਸਾਂਝੇ ਦੁਸ਼ਮਣ, ਅਜਾਰੇਦਾਰ ਕਾਰਪੋਰੇਟ ਘਰਾਣਿਆਂ ਜਿਨ੍ਹਾਂ ਦੇ ਹਿੱਤਾਂ ਦਾ ਰਾਜ ਰਖਵਾਲਾ ਹੈ, ਦੇ ਖਿਲਾਫ ਇਕਮੁੱਠ ਹੋਣਾ ਹੈ। ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਿਆਸੀ ਸੱਤਾ ਆਪਣੇ ਹੱਥ ਵਿਚ ਲੈ ਕੇ ਇਕ ਅਜੇਹਾ ਸਮਾਜ ਸਿਰਜਣਾ ਪਵੇਗਾ, ਜੋ ਸਭਨਾਂ ਦੇ ਸੁੱਖ ਅਤੇ ਸੁਰਖਿਆ ਦੀ ਗਰੰਟੀ ਕਰੇਗਾ।

ਗ਼ਦਰ ਇੰਟਰਨੈਸ਼ਨਲ, ਬਰਤਾਨੀਆਂ ਦੇ ਸਲਵਿੰਦਰ ਢਿਲੋਂ ਨੇ ਹਿੰਦੋਸਤਾਨ ਦੇ ਮਜ਼ਦੂਰਾਂ ਅਤੇ ਕਿਸਾਨਾਂ ਵਾਂਗ ਬਰਤਾਨੀਆਂ ਦੇ ਮਜ਼ਦੂਰਾਂ ਦਾ ਸੰਘਰਸ਼ ਵੀ ਸਰਮਾਏਦਾਰਾ ਢਾਂਚੇ ਦੇ ਖਿਲ਼ਾਫ ਹੈ, ਜਿਸ (ਢਾਂਚੇ) ਵਿਚ ਸਭ ਤੋਂ ਬੜੇ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦਾ ਦਬਦਬਾ ਹੈ। ਉਸ  ਨੇ ਸੰਕਟ ਵਿਚੋਂ ਨਿਕਲਣ ਦਾ ਇਕੋ ਇਕ ਰਾਹ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਆਪਣੇ ਹੱਥਾਂ ਵਿਚ ਲੈਣ ਦਾ ਸੱਦਾ ਦਿਤਾ।

ਕਾਮਗਰ ਏਕਤਾ ਕਮੇਟੀ ਦੇ ਐਸ ਦਾਸ ਨੇ ਖੇਤੀ ਦੇ ਸੰਕਟ ਅਤੇ ਸਮਾਜ ਦੇ ਉਤਪਾਦਿਕ ਤਾਕਤਾਂ ਦੀ ਤਬਾਹੀ ਸਮੇਤ ਹਿੰਦੋਸਤਾਨੀ ਸਮਾਜ ਦੇ ਸੰਕਟ ਨੂੰ ਹੱਲ ਕਰਨ ਦੇ ਇਕੋ ਇਕ ਤਰੀਕੇ ਬਤੌਰ, ਸਿਆਸੀ ਤਾਕਤ ਆਪਣੇ ਹੱਥ ਵਿਚ ਲੈਣ ਵਾਸਤੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਇਕ ਇਕਮੁੱਠ ਲਹਿਰ ਉਸਾਰਨ ਦੀ ਅਪੀਲ ਕੀਤੀ।

ਆਲ ਇੰਡੀਆ ਕਿਸਾਨ ਮਜ਼ਦੂਰ ਸੰਘਰਸ਼ ਸੰਮਤੀ ਦੇ ਧਰਮ ਪਾਲ ਸਿੰਘ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਖੇਤੀ ਸਮੁੱਚੇ ਸਮਾਜ ਦੇ ਹਿੱਤ ਵਿਚ ਕੰਮ ਕਰੇ, ਇਹਦੇ ਲਈ ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਹੋਰਨਾਂ ਨੇ ਖੇਤੀ ਦੇ ਤਮਾਮ ਪਹਿਲੂਆਂ ਉਤੇ ਅਜਾਰੇਦਾਰਾਂ ਦੇ ਕੰਟਰੋਲ, ਡੇਅਰੀ ਫਾਰਮਾਂ ਦੀਆਂ ਸਮੱਸਿਆਵਾਂ, ਕਿਸਾਨਾਂ ਦੇ ਵਧ ਰਹੇ ਕਰਜ਼ਿਆਂ ਅਤੇ ਆਤਮ ਹੱਤਿਆਵਾਂ, ਥੋੜੀ ਜ਼ਮੀਨ ਵਾਲੇ ਕਿਸਾਨਾਂ ਦੀ ਦੁਰਦਸ਼ਾ ਅਤੇ ਬੇਜ਼ਮੀਨਿਆਂ ਦੀ ਵਧ ਰਹੀ ਗਿਣਤੀ ਬਾਰੇ ਵਿਚਾਰ ਦਿਤੇ। ਦਿੱਲੀ ਦੇ ਇਕ ਇੰਡਸਟਰੀਅਲ ਏਰੀਏ ਦੇ ਇਕ ਨੌਜਵਾਨ ਮਜ਼ਦੂਰ ਨੇ ਸ਼ਹਿਰਾਂ ਵਿਚ ਦਿਹਾੜੀਦਾਰ ਮਜ਼ਦੂਰਾਂ ਦੀਆਂ ਵਧ ਰਹੀਆਂ ਆਤਮ ਹੱਤਿਆਵਾਂ ਬਾਰੇ ਇਕ ਰਿਪੋਰਟ ਦਾ ਹਵਾਲਾ ਦਿਤਾ। ਮਜ਼ਦੂਰਾਂ ਅਤੇ ਕਿਸਾਨਾਂ, ਦੋਵਾਂ, ਨੂੰ ਹੀ ਰੁਜ਼ਗਾਰ ਦੀ ਅਸੁਰਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਦੇ ਲਈ ਸਰਮਾਏਦਾਰਾ ਢਾਂਚਾ ਹੀ ਜ਼ਿਮੇਵਾਰ ਹੈ। ਅਸੀਂ ਮਜ਼ਦੂਰ ਅਤੇ ਕਿਸਾਨ ਜੋ ਸਮਾਜ ਦੀ ਦੌਲਤ ਪੈਦਾ ਕਰਦੇ ਹਾਂ, ਸਾਨੂੰ ਸਮਾਜ ਦੇ ਮਾਲਕ ਬਣਨ ਦੀ ਜ਼ਰੂਰਤ ਹੈ।

ਮੀਟਿੰਗ ਵਿਚ ਹੋਈ ਚਰਚਾ ਦਾ ਸਾਰਅੰਸ਼ ਪੇਸ਼ ਕਰਦਿਆਂ, ਸੰਤੋਸ਼ ਕੁਮਾਰ ਨੇ ਬੁਲਾਰਿਆਂ ਅਤੇ ਸਭ ਹਿੱਸਾ ਲੈਣ ਵਾਲਿਆਂ ਦੀਆਂ ਕੀਮਤੀ ਪੇਸ਼ਕਾਰੀਆਂ ਅਤੇ ਸੁਝਾਵਾਂ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਸਨੇ ਕਿਹਾ ਕਿ ਮਜ਼ਦੂਰ ਏਕਤਾ ਕਮੇਟੀ “ਇਕ ਉਤੇ ਹਮਲਾ, ਸਭ ਉੇਤੇ ਹਮਲਾ” ਦੇ ਅਸੂਲ ਨੂੰ ਕਾਇਮ ਰਖਦਿਆਂ ਕਿਹਾ ਕਿ ਮਜ਼ਦੂਰ ਏਕਤਾ ਕਮੇਟੀ ਅਜੇਹੀਆਂ ਹੋਰ ਮੀਟਿੰਗਾਂ ਵੀ ਕਰੇਗੀ। ਅੰਤ ਵਿਚ ਉਸ ਨੇ ਕਿਹਾ ਕਿ ਸਾਡਾ ਨਿਸ਼ਾਨਾ ਇਕ ਅਜੇਹਾ ਸਮਾਜ ਸਥਾਪਤ ਕਰਨ ਲਈ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕ ਮੰਚ ਉਤੇ ਲਿਆਉਣਾ ਹੈ, ਜੋ ਮਜ਼ਦੂਰਾਂ, ਕਿਸਾਨਾਂ ਅਤੇ ਤਮਾਮ ਦੱਬੇ ਕੁਚਲੇ ਅਤੇ ਲੁਟੀਂਦੇ ਲੋਕਾਂ ਦੇ ਹਿੱਤਾਂ ਅਤੇ ਸੁੱਖ ਦੀ ਰਖਵਾਲੀ ਕਰੇ।

close

Share and Enjoy !

Shares

Leave a Reply

Your email address will not be published. Required fields are marked *