ਹਿੰਦ-ਪ੍ਰਸ਼ਾਂਤ ਖੇਤਰ ਵਿਚ ਅਮਰੀਕੀ ਸਾਮਰਾਜਵਾਦ ਦਾ ਵਧ ਰਿਹਾ ਫੌਜੀਕਰਣ

ਅਮਰੀਕੀ ਨੇਵੀ ਨੇ 29 ਜੂਨ ਤੋਂ 27 ਅਗਸਤ, 2022 ਦੁਰਾਨ, ਪ੍ਰਸ਼ਾਂਤ ਮਹਾਂਸਾਗਰ ਵਿਚ ਸਥਿਤ ਆਪਣੇ ਹਵਾਈ ਨਾਂ ਦੇ ਟਾਪੂ ਦੇ ਤੱਟ ਉੱਤੇ ਦੁਨੀਆਂ ਵਿਚ ਸਭ ਤੋਂ ਬੜੀ ਸਮੁੰਦਰੀ ਜੰਗ ਦੀ ਮਸ਼ਕ ਦੀ ਮੇਜ਼ਬਾਨੀ ਕੀਤੀ।

ਇਸ ਸਮੁੰਦਰੀ ਜੰਗ ਦੀ ਮਸ਼ਕ/ਅਭਿਆਸ ਨੂੰ ਰਿਮਪੈਕ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਵਿਚ 26 ਦੇਸ਼ਾਂ ਨੇ ਹਿੱਸਾ ਲਿਆ ਸੀ। ਇਸ ਵਿਚ ਅਮਰੀਕਾ ਤੋਂ ਬਿਨਾਂ, ਬਰਤਾਨੀਆਂ, ਅਸਟ੍ਰੇਲੀਆ, ਜਰਮਨੀ, ਫਰਾਂਸ, ਕਨੇਡਾ, ਹਿੰਦੋਸਤਾਨ, ਬਰੂਨਈ, ਚਿਲੀ, ਕੋਲੰਬੀਆ, ਡੈਨਮਾਰਕ, ਐਕਉਆਡੋਰ, ਇੰਡੋਨੇਸ਼ੀਆ, ਇਜ਼ਰਾਈਲ, ਜਪਾਨ, ਮਲੇਸ਼ੀਆ, ਮੈਕਸੀਕੋ, ਨੈਦਰਲੈਂਡ, ਨਿਊਜ਼ੀਲੈਂਡ, ਪੀਰੂ, ਫਿਲਪੀਨਜ਼, ਸਿੰਘਾਪੁਰ, ਦੱਖਣੀ ਕੋਰੀਆ, ਸ਼੍ਰੀਲੰਕਾ, ਥਾਇਲੈਂਡ ਅਤੇ ਟੌਂਗਾ ਸ਼ਾਮਲ ਸਨ।

38 ਜਹਾਜ਼, 4 ਪਣਡੁੱਬੀਆਂ, 9 ਦੇਸ਼ਾਂ ਦੀਆਂ ਰਾਸ਼ਟਰੀ ਸੈਨਾਵਾਂ, 170 ਤੋਂ ਜ਼ਿਆਦਾ ਹਵਾਈ ਜਹਾਜ਼ਾਂ ਸਮੇਤ 25,000 ਸੈਨਿਕਾਂ ਨੇ ਹਵਾਈ ਟਾਪੂ ਅਤੇ ਦੱਖਣੀ ਕੈਲੇਫੋਰਨੀਆ ਵਿਚ ਅਤੇ ਉਸ ਦੇ ਆਸ ਪਾਸ ਇਕੋ ਸਮੇਂ ਜੰਗੀ ਮਸ਼ਕਾਂ ਵਿਚ ਹਿੱਸਾ ਲਿਆ। ਅਮਰੀਕਾ ਦੀ ਅਗਵਾਈ ਵਿਚ, ਸਪੱਸ਼ਟ ਰੂਪ ਵਿਚ ਚੀਨ ਦੇ ਖਿਲਾਫ ਵਿਸ਼ਾਲ ਸੈਨਿਕ ਸਹਿਯੋਗ ਅਤੇ ਕੋਆਰਡੀਨੇਸ਼ ਦਾ ਪ੍ਰਦਰਸ਼ਨ ਸੀ।

ਅਮਰੀਕਾ ਦੀ ਅਗਵਾਈ ਵਿਚ ਰਿਮਪੈਕ ਸੈਨਿਕ ਮਸ਼ਕ 1971 ਤੋਂ ਲੈ ਕੇ ਹਰ ਦੂਸਰੇ ਸਾਲ ਕੀਤੀ ਜਾਂਦੀ ਹੈ। ਇਹ ਅਮਰੀਕਾ, ਅਸਟਰੇਲੀਆ ਅਤੇ ਕਨੇਡਾ ਦੇ ਸੈਨਿਕ ਯੁੱਧ ਮਸ਼ਕ ਦੇ ਰੂਪ ਵਿਚ ਸ਼ੁਰੂ ਹੋਈ ਸੀ। 1974 ਤੋਂ ਲੈ ਕੇ ਅਮਰੀਕਾ ਇਸ ਵਿਚ ਹੋਰ ਦੇਸ਼ਾਂ ਨੂੰ ਸ਼ਾਮਲ ਕਰ ਰਿਹਾ ਹੈ। ਪਿਛਲੀ ਬਾਰ, 2018 ਵਿਚ ਬੜੇ ਪੈਮਾਨੇ ਉਤੇ ਸੈਨਿਕ ਮਸ਼ਕ ਕੀਤੀ ਗਈ ਸੀ। 2020 ਵਿਚ ਕੋਵਿਡ-19 ਮਹਾਂਮਾਰੀ ਦੇ ਕਾਰਨ, ਰਿਮਪੈਕ ਸਿਰਫ ਸਮੁੰਦਰੀ ਮਸ਼ਕ ਸੀ।

ਇਸ ਤੋਂ ਪਹਿਲਾਂ ਚੀਨ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਸੀ। ਚੀਨ ਨੇ 2014 ਅਤੇ 2016 ਵਿਚ ਰਿਮਪੈਕ ਵਿਚ ਹਿੱਸਾ ਲਿਆ ਸੀ। ਮਈ 2018 ਵਿਚ, ਅਮਰੀਕਾ ਦੇ ਡੀਫੈਂਸ ਹੈਡਕੁਆਟਰ ਨੇ ਪਹਿਲਾਂ ਚੀਨ ਨੂੰ ਹਿੱਸਾ ਲੈਣ ਲਈ ਸੱਦਾ-ਪੱਤਰ ਭੇਜਿਆ ਸੀ ਪਰ ਬਾਅਦ ਵਿਚ ਇਹ ਵਾਪਸ ਲੈ ਲਿਆ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਏਸ਼ੀਆ ਵਿਚ ਆਪਣੀ ਚੌਧਰ ਸਥਾਪਤ ਕਰਨ ਦੇ ਰਾਹ ਵਿਚ ਮੁੱਖ ਰੋੜਾ ਸਮਝਦਾ ਹੈ, ਇਸ ਲਈ ਅਮਰੀਕਾ ਨੇ ਖੁਲ੍ਹੇ ਤੌਰ ਉਤੇ ਚੀਨ ਨੂੰ ਨਿਸ਼ਾਨਾ ਬਣਾਉਣ ਦਾ ਫੈਸਲਾ ਲੈ ਲਿਆ ਹੈ। ਇਸ ਫੈਸਲੇ ਦੀ ਸਫਾਈ ਇਹ ਦਿਤੀ ਜਾਂਦੀ ਹੈ ਕਿ ਚੀਨ ਦਾ ਦੂਸਰੇ ਏਸ਼ੀਅਨ ਦੇਸ਼ਾਂ ਨਾਲ ਇਲਾਕਾਈ ਰੌਲਾ ਹੈ ਅਤੇ ਉਹ ਦੱਖਣੀ ਚੀਨ ਦੇ ਸਮੁੰਦਰ ਵਿਚ ਆਪਣੀ ਸੈਨਿਕ ਮੌਜੂਦਗੀ ਵਧਾ ਰਿਹਾ ਹੈ।

ਦਸੰਬਰ 2021 ਵਿਚ, ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੇ 2022 ਲਈ ਨੈਸ਼ਨਲ ਡੀਫੈਂਸ ਅਥਾਰਟੀ ਐਕਟ ਪਾਸ ਕੀਤਾ, ਜਿਸ ਵਿਚ ਬਾਈਡਨ ਨੇ ਸਿਫਾਰਸ਼ ਕੀਤੀ ਕਿ ਹੁਣ ਤਾਇਵਾਨ ਨੂੰ ਰਿਮਪੈਕ ਵਿਚ ਸੱਦਿਆ ਜਾਵੇ ਜੋ ਕਿ ਸਪੱਸ਼ਟ ਤੌਰ ਉਤੇ ਚੀਨ ਦੇ ਖਿਲਾਫ ਭੜਕਾਊ ਹਰਕਤ ਸੀ। ਪਰ ਅੰਤ ਵਿਚ 2022 ਵਿਚ ਤਾਇਵਾਨ ਨੂੰ ਸੱਦਾ ਨਹੀਂ ਦਿਤਾ ਗਿਆ, ਇਸ ਤਰਾਂ ਚੀਨ ਨਾਲ ਅਮਰੀਕਾ ਦੀ ਟੱਕਰ ਹੋਰ ਗੰਭੀਰ ਹੋਣ ਤੋਂ ਟਲ ਗਈ।

ਪਰ ਜਦੋਂ ਹਾਲੇ 2022 ਦੀਆਂ ਰਿਮਪੈਕ ਮਸ਼ਕਾਂ ਚਲ ਰਹੀਆਂ ਸਨ, ਤਾਂ ਮੱਧ-ਜੁਲਾਈ ਵਿਚ ਅਮਰੀਕਾ ਨੇ ਚੀਨ ਦੇ ਤੱਟ ਨਾਲ ਨਾਲ ਤਾਇਵਾਨ ਜਲ-ਡਮਰੂ ਰਾਹੀਂ ਆਪਣੇ ਬਹਿਰੀ ਜੰੰਗੀ ਬੇੜੇ ਭੇਜ ਕੇ, ਚੀਨ ਦੇ ਖਿਲਾਫ ਇਕ ਹੋਰ ਸੈਨਿਕ ਭੜਕਾਊ ਹਰਕਤ ਕੀਤੀ।

2006       ਤੋਂ ਲੈ ਕੇ ਰਿਮਪੈਕ ਮਸ਼ਕਾਂ ਵਿਚ ਹਿੰਦੋਸਤਾਨ ਬਤੌਰ ਦਰਸ਼ਕ ਸ਼ਾਮਲ ਹੁੰਦਾ ਰਿਹਾ। 2014 ਵਿਚ ਹਿੰਦੋਸਤਾਨ ਨੇ ਪਹਿਲੀ ਵਾਰ ਰਿਮਪੈਕ ਵਿਚ ਹਿੱਸਾ ਲਿਆ ਅਤੇ ਉਦੋਂ ਤੋਂ ਹਰ ਦੋ ਸਾਲਾਂ ਬਾਦ ਇਸ ਵਿਚ ਹਿੱਸਾ ਲੈਂਦਾ ਆ ਰਿਹਾ ਹੈ। ਹਿੰਦੋਸਤਾਨ ਨੇਵੀ ਦੇ ਦੋ ਜੰਗੀ ਬੇੜੇ, ਸਹਿਆਦਰੀ ਅਤੇ ਸਤਪੁਰਾ ਰਿਮਪੈਕ ਵਿਚ ਹਿੱਸਾ ਲੈਂਦੇ ਰਹੇ ਹਨ। ਪਰ 2022 ਦੇ ਰਿਮਪੈਕ ਵਿਚ ਹਿੰਦੋਸਤਾਨੀ ਸੈਨਿਕ ਬਲਾਂ ਨੇ ਹਿੰਦੋਸਤਾਨੀ ਨੇਵੀ ਲਈ ਬੋਇੰਗ ਵਲੋਂ ਬਣਾਏ ਜਾਂਦੇ ਪੀ-81 ਲੰਬੀ ਦੂਰੀ, ਬਹੁ-ਮਿਸ਼ਨ ਸਮੁੰਦਰੀ ਗਸ਼ਤੀ ਹਵਾਈ ਜਹਾਜ਼ ਵੀ ਭੇਜਿਆ। ਪੀ-81 ਵਿਚ ਪਣਡੁੱਬੀ-ਨਾਸ਼ਕ, ਸਤਹ ਉਤੇ ਸਮੁੰਦਰੀ ਜਹਾਜ਼-ਨਾਸ਼ਕ, ਖੁਫੀਆ ਤੰਤਰ, ਸਮੁੰਦਰੀ ਗਸ਼ਤ ਅਤੇ ਨਿਗਰਾਨੀ ਮਿਸ਼ਨ ਲਈ ਉੱਨਤ ਕਾਬਲੀਅਤਾਂ ਵਾਲੇ ਯੰਤਰ ਹਨ।

ਰਿਮਪੈਕ 2022 ਮਸ਼ਕਾਂ ਨੂੰ ਇਸ ਸਮੁੱਚੇ ਇਲਾਕੇ ਉਤੇ ਅਮਰੀਕਾ ਵਲੋਂ ਆਪਣੀ ਚੌਧਰ ਜਮਾਉਣ ਦੀ ਰਣਨੀਤੀ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਅਮਰੀਕਾ ਚੀਨ ਦੇ ਉਪਰ ਉੱਠਣ/ਤਰੱਕੀ ਨੂੰ ਰੋਕਣਾ ਚਾਹੁੰਦਾ ਹੈ, ਜੋ ਤਾਜ਼ਾ ਸਾਲਾਂ ਵਿਚ ਅਮਰੀਕਾ ਲਈ ਇਕ ਬੜੀ ਚੁਣੌਤੀ ਬਣ ਕੇ ਉਭਰਿਆ ਹੈ। ਚੀਨ ਦੇ ਖਿਲਾਫ ਭੜਕਾਊ ਕਾਰਵਾਈਆਂ ਦੇ ਨਾਲ ਨਾਲ, ਦੱਖਣੀ ਚੀਨ ਸਾਗਰ ਵਿਚ ਅਮਰੀਕੀ ਸੈਨਿਕ ਬਲਾਂ ਦੀ ਤਾਇਨਾਤੀ ਵੀ ਵਧੀ ਹੈ। ਅਮਰੀਕਾ ਹਿੰਦੋਸਤਾਨ ਅਤੇ ਹੋਰ ਦੇਸ਼ਾਂ ਨੂੰ ਵੀ ਚੀਨ ਦੇ ਖਿਲਾਫ ਭੜਕਾ ਰਿਹਾ ਹੈ।

ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ ਵਿਚ ਆਪਣਾ ਕੰਟਰੋਲ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਿੰਦੋਸਤਾਨ ਨੂੰ ਇਕ ਅਹਿਮ ਖਿਲਾੜੀ ਦੇ ਤੌਰ ਤੇ ਦੇਖਦਾ ਹੈ। ਇਸ ਮਕਸਦ ਲਈ ਅਮਰੀਕੀ ਸਾਮਰਾਜਵਾਦੀਏ ਹਿੰਦੋਸਤਾਨੀ ਹਾਕਮ ਜਮਾਤ ਨਾਲ ਰਣਨੈਤਿਕ ਸੈਨਿਕ ਗਠਜੋੜ ਬਣਾਉਂਦੇ ਅਤੇ ਮਜ਼ਬੂਤ ਕਰਦੇ ਆ ਰਹੇ ਹਨ। ਅਮਰੀਕਾ ਪੂਰੇ ਏਸ਼ੀਆ ਉਪਰ ਆਪਣੀ ਚੌਧਰ ਕਾਇਮ ਕਰਨ ਲਈ ਹਿੰਦੋਸਤਾਨ ਦੀ ਜ਼ਮੀਨ ਅਤੇ ਲੋਕਾਂ ਨੂੰ ਏਸ਼ੀਆ ਦੇ ਹੋਰ ਦੇਸ਼ਾਂ ਦੇ ਲੋਕਾਂ ਦੇ ਖਿਲਾਫ ਵਰਤਣਾ ਚਾਹੁੰਦਾ ਹੈ।

ਅਮਰੀਕੀ ਸਾਮਰਾਜਵਾਦ ਵਲੋਂ ਹਿੰਦ-ਪ੍ਰਸ਼ਾਂਤ ਇਲਾਕੇ ਦਾ ਫੌਜੀਕਰਣ ਕੀਤਾ ਜਾਣ ਇਸ ਇਲਾਕੇ ਵਿਚ ਅਮਨ ਲਈ ਖਤਰਾ ਹੈ। ਹਿੰਦੋਸਤਾਨੀ ਲੋਕਾਂ ਨੂੰ ਇਸ ਫੌਜੀਕਰਣ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਹਿੰਦੋਸਤਾਨ ਅਮਰੀਕਾ ਨਾਲ ਆਪਣਾ ਸੈਨਿਕ ਗਠਜੋੜ ਤੋੜ ਦੇਵੇ।

close

Share and Enjoy !

Shares

Leave a Reply

Your email address will not be published. Required fields are marked *