11 ਸਤੰਬਰ ਦੇ ਅੱਤਵਾਦੀ ਹਮਲੇ ਦੀ 21ਵੀਂ ਬਰਸੀ ਉਤੇ:
ਦੁਨੀਆਂ ਉਤੇ ਆਪਣੀ ਚੌਧਰ ਕਾਇਮ ਰਖਣ ਲਈ ਅਮਰੀਕੀ ਸਾਮਰਾਜਵਾਦ ਦੀ ਮੁਜਰਮਾਨਾ ਯੋਜਨਾ

ਅਜੇਹੇ ਸਮੇਂ ਜਦੋਂ ਅਮਰੀਕਾ ਦੇ ਲੀਡਰ “ਨਿਯਮਾਂ ਉਤੇ ਅਧਾਰਿਤ ਅੰਤਰਰਾਸ਼ਟਰੀ ਤਰਤੀਬ” ਕਾਇਮ ਰਖਣ ਦਾ ਪਖੰਡ ਕਰ ਰਹੇ ਹਨ, ਇਹ ਜ਼ਰੂਰੀ ਹੈ ਕਿ ਸਰਬਸੰਮਤੀ ਨਾਲ ਸਥਾਪਤ ਕੀਤੇ ਹੋਏ ਨਿਯਮਾਂ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਨਦੰਡਾਂ ਦੀਆਂ ਉਲੰਘਣਾਵਾਂ ਕਰਨ ਦੇ ਅਮਰੀਕਾ ਦੀਆਂ ਹਰਕਤਾਂ ਦੇ ਰਿਕਾਰਡ ਉਤੇ ਮੁੜ ਕੇ ਨਜ਼ਰ ਮਾਰੀ ਜਾਵੇ, ਜੋ ਅਮਰੀਕਾ ਵਲੋਂ ਖਾਸ ਕਰਕੇ 2001 ਤੋਂ ਬਾਅਦ ਬੜੇ ਹੀ ਹਮਲਾਵਰ, ਅਤੇ ਪੂਰੀ ਤਰਾਂ ਨਾਲ ਯੋਜਨਾਬੱਧ ਢੰਗ ਨਾਲ ਕੀਤੀਆਂ ਜਾਣੀਆਂ ਜਾਰੀ ਹਨ।

11 ਸਤੰਬਰ, 2001 ਨੂੰ ਨਿਊਯਾਰਕ ਵਿਚ, ਵਰਲਡ ਟਰੇਡ ਸੈਂਟਰ ਦੇ ਟਵਿਨ-ਟਾਵਰਾਂ ਉਤੇ ਦੋ ਹਵਾਈ ਜਹਾਜ਼ਾਂ ਦੇ ਟਕਰਾਉਣ ਤੋਂ ਬਾਅਦ ਲੱਗਭਗ 3000 ਲੋਕ ਮਾਰੇ ਗਏ ਸਨ ਅਤੇ ਤੀਸਰਾ ਜਹਾਜ਼ ਵਾਸ਼ਿੰਗਟਨ ਵਿਚ ਪੈਂਟਾਗੌਨ ਨਾਲ ਟਕਰਾ ਕੇ ਖਤਮ ਹੋ ਗਿਆ ਸੀ। ਅਮਰੀਕਾ ਨੇ ਉਸ ਅੱਤਵਾਦੀ ਹਮਲੇ ਨੂੰ,“ਅੱਤਵਾਦ ਦੇ ਖਿਲਾਫ ਜੰਗ” ਛੇੜਨ ਦੇ ਨਾਮ ਉਤੇ, ਇਕ ਤੋਂ ਬਾਅਦ ਦੂਸਰੇ ਅਜ਼ਾਦ ਦੇਸ਼ ਉਪਰ ਹਥਿਆਰਬੰਦ ਹਮਲੇ ਕਰਨਾ ਜਾਇਜ਼ ਠਹਿਰਾਉਣ ਲਈ ਵਰਤਿਆ।

ਅਫਗ਼ਾਨਿਸਤਾਨ

9/11 ਤੋਂ ਇਕ ਦਮ ਬਾਅਦ, ਅਮਰੀਕੀ ਪ੍ਰਧਾਨ ਨੇ ਐਲਾਨ ਕਰ ਦਿਤਾ ਕਿ ਉਹ ਸਾਜ਼ਿਸ਼ ਅਲ ਕਾਇਦਾ ਨਾਮ ਦੇ ਇਸਲਾਮੀ ਅੱਤਵਾਦੀ ਗਰੋਹ ਵਲੋਂ ਅਫ਼ਗ਼ਾਨੀ ਸਰਕਾਰ ਦੀ ਮਦਦ ਨਾਲ ਰਚੀ ਗਈ ਸੀ। ਅਮਰੀਕਾ ਦੇ ਪ੍ਰਚਾਰ ਸਾਧਨਾਂ ਵਲੋਂ ਸਾਜ਼ਿਸ਼ ਦੀ ਉਸ ਕਹਾਣੀ ਨੂੰ ਬਿਨਾਂ ਕਿਸੇ ਸਬੂਤ ਦੇ ਫੈਲਾ ਦਿਤਾ ਗਿਆ। ਅਮਰੀਕਾ ਅਤੇ ਬਰਤਾਨੀਆਂ ਵਲੋਂ 7 ਅਕਤੂਬਰ ਨੂੰ ਅਫਗਾਨਿਸਤਾਨ ਉਪਰ ਫੌਜੀ ਹਮਲਾ ਕਰਨ ਅਤੇ ਕਬਜ਼ਾ ਕਰਨ ਲਈ ਇਹੀ ਸਫਾਈ ਦਿਤੀ ਸੀ।

ਅਫਗ਼ਾਨਿਸਤਾਨ ਉਤੇ ਉਹ ਹਮਲਾ 9/11 ਦੇ ਅੱਤਵਾਦੀ ਹਮਲੇ ਤੋਂ ਮਹਿਜ਼ 26 ਦਿਨਾਂ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਉਸ ਜੰਗ ਵਿਚ ਲੜ ਚੁੱਕੇ ਕਈ ਅਮਰੀਕੀ ਫੌਜੀਆਂ ਨੇ ਕਿਹਾ ਹੈ ਕਿ ਏਨੇ ਵੱਡੇ ਪੈਮਾਨੇ ਦੇ ਹਮਲੇ ਦੀ ਤਿਆਰੀ ਏਨੇ ਥੋੜੇ ਸਮੇਂ ਵਿਚ ਨਹੀਂ ਕੀਤੀ ਜਾ ਸਕਦੀ ਸੀ। 9/11 ਦੀਆਂ ਘਟਨਾਵਾਂ ਨੇ ਪਹਿਲਾਂ ਹੀ ਬਣਾਈ ਹੋਈ ਯੋਜਨਾ ਨੂੰ ਲਾਗੂ ਕਰਨ ਲਈ ਬਹਾਨਾ ਪੈਦਾ ਕਰ ਦਿਤਾ। ਅਗਲੇ 20 ਸਾਲਾਂ ਤਕ ਅਫਗਾਨਿਸਤਾਨ ਉਪਰ ਬਦੇਸ਼ੀ ਫੌਜਾਂ ਦਾ ਕਬਜ਼ਾ ਰਿਹਾ। ਅਨੁਮਾਨ ਲਾਇਆ ਗਿਆ ਹੈ ਕਿ ਇਸ ਹਮਲੇ ਨਾਲ 2001 ਤੋਂ 2021 ਤਕ 2 ਲੱਖ, 43 ਹਜ਼ਾਰ ਲੋਕ ਮਾਰੇ ਗਏ ਸਨ।

ਇਰਾਕ

ਅਮਰੀਕਾ ਦਾ ਦਾਅਵਾ ਸੀ ਕਿ ਉਸ ਦੇ ਖੁਫੀਆ ਸਰੋਤਾਂ ਦੇ ਮੁਤਾਬਿਕ, ਸਦਾਮ ਹੁਸੈਨ ਦੀ ਇਰਾਕੀ ਸਰਕਾਰ ਕੋਲ ਖਤਰਨਾਕ “ਭਾਰੀ-ਜਨਤਕ ਤਬਾਹੀ ਦੇ ਹਥਿਆਰ” ਹਨ। ਹੁਣ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਜਾਣ ਬੁੱਝ ਕੇ ਬੋਲਿਆ ਗਿਆ ਸਿਰੇ ਦਾ ਝੂਠ ਸੀ। ਇਸ ਝੂਠ ਨੂੰ ਇਰਾਕ ਉਤੇ ਫੌਜੀ ਹਮਲਾ ਕਰਨਾ ਜਾਇਜ਼ ਠਹਿਰਾਉਣ ਲਈ ਵਰਤਿਆ ਗਿਆ ਸੀ, ਜੋ 20 ਮਾਰਚ, 2003 ਵਿਚ ਸ਼ੁਰੂ ਹੋਇਆ ਸੀ। ਇਹ ਹਮਲਾ ਅਮਰੀਕਾ ਦੀ ਅਗਵਾਈ ਇਕ ਹਮਲਾਵਰ ਗਰੁਪ ਵਲੋਂ ਕੀਤਾ ਗਿਆ ਸੀ, ਜੋ ਆਪਣੇ ਆਪ ਨੂੰ “ਰਜ਼ਾਮੰਦ ਦੇਸ਼ਾਂ ਦਾ ਗਰੁਪ” (ਕੁਲੀਸ਼ਨ ਆਫ ਦਾ ਵਿਲਿੰਗ) ਕਹਿੰਦਾ ਸੀ। ਅਨੁਮਾਨ ਅਨੁਸਾਰ, ਅਮਰੀਕੀ ਅਗਵਾਈ ਹੇਠ ਇਰਾਕ ਉਤੇ ਹਮਲੇ ਅਤੇ ਕਬਜ਼ੇ ਦੁਰਾਨ 2003 ਤੋਂ 2011 ਤਕ 4 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

ਨਾ ਤਾਂ ਅਫਗ਼ਾਨਿਸਤਾਨ ਅਤੇ ਨਾ ਹੀ ਇਰਾਕ ਉਤੇ ਫੌਜੀ ਹਮਲਾ ਕਰਨ ਲਈ, ਸੰਯੁਕਤ ਰਾਸ਼ਟਰ ਸੰਘ ਦੀ ਸਹਿਮਤੀ ਲਈ ਗਈ ਸੀ। ਦੁਨੀਆਂ ਦੇ ਕਈ ਦੇਸ਼ਾਂ ਅਤੇ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਸੀ। ਪਰ ਦੋਵੇਂ ਬਾਰੀ ਅਮਰੀਕਾ ਨੇ ਅੰਤਰਰਾਸ਼ਟਰੀ ਸਬੰਧਾਂ ਦੇ ਸਭ ਮੰਨੇ ਜਾਂਦੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਕੌਮਾਂ ਦੇ ਆਪਾ-ਨਿਰਣੇ ਦੇ ਹੱਕ ਨੂੰ ਪੈਰਾਂ ਹੇਠ ਰੋਲ ਦਿਤਾ ਅਤੇ ਵਿਸ਼ਵ ਪੱਧਰ ਉਤੇ, ਬੜੇ ਪੈਮਾਨੇ ਉਤੇ, ਲੋਕਾਂ ਦੀ ਮੌਤ ਅਤੇ ਤਬਾਹੀ ਨੂੰ ਅੰਜਾਮ ਦਿਤਾ।

ਲਿਬੀਆ

ਮਾਰਚ 2011 ਵਿਚ, ਅਮਰੀਕਾ ਅਤੇ ਉਸ ਦੇ ਨਾਟੋ ਸਹਿਯੋਗੀਆਂ ਨੇ ਲਿਬੀਆ ਉਤੇ ਬੰਬਾਰੀ ਕਰਨ ਲਈ ਆਪਣੇ ਹਵਾਈ ਜਹਾਜ਼ ਭੇਜੇ ਸਨ। ਪ੍ਰਚਾਰ ਇਸ ਤਰਾਂ ਕੀਤਾ ਗਿਆ ਸੀ ਇਹ ਕਿ ਗਦਾਫ਼ੀ ਦੇ ਅਖੌਤੀ ਦੁਸ਼ਟ ਰਾਜ ਦਾ ਤਖਤਾ ਉਲਟਾਉਣ ਲਈ ਲੜ ਰਹੇ ਬਾਗੀਆਂ ਦੀ ਹਮਾਇਤ ਕਰਨ ਲਈ ਕੀਤਾ ਗਿਆ ਸੀ। ਲਿਬੀਆ ਦੀ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਕਰਨ ਵਾਲਿਆਂ ਬਤੌਰ ਪੇਸ਼ ਕਰਨ ਲਈ ਵਿਸ਼ਵ ਪੱਧਰ ਉਤੇ ਇਕ ਬਹੁਤ ਵੱਡੀ ਮੁਹਿੰਮ ਚਲਾਈ ਗਈ ਸੀ। ਇਸ ਪ੍ਰਚਾਰ ਵਿਚ ਲਿਬੀਆ ਦੇ ਸੁਰਖਿਆ ਬਲਾਂ ਨੂੰ ਔਰਤਾਂ ਦੇ ਬਲਾਤਕਾਰ ਕਰਦੇ ਹੋਏ ਅਤੇ ਆਪਣੇ ਹੀ ਨਾਗਰਿਕਾਂ ਦੇ ਗਰੁਪਾਂ ਉਤੇ ਗੋਲੀਆਂ ਚਲਾਉਂਦਿਆਂ ਦੀਆਂ ਝੂਠੀਆਂ ਵੀਡੀਓ ਕਲਿਪ ਸ਼ਾਮਲ ਸਨ।

ਵਿਦਰੋਹੀ ਦਲਾਂ ਦੀ ਫੌਜ ਦਾ ਕਮਾਂਡਰ ਇਕ ਅਜੇਹਾ ਆਦਮੀ ਸੀ, ਜਿਸ ਨੇ ਸੀ ਆਈ ਏ ਦੀ ਮਦਦ ਨਾਲ ਗਦਾਫ਼ੀ ਨੂੰ ਲਾਹੁਣ ਲਈ, ਹਥਿਆਰਬੰਦ ਦਲਾਂ ਨੂੰ ਟ੍ਰੇਨਿੰਗ ਦੇਣ ਲਈ,ਅਮਰੀਕਾ ਦੀ ਵਿਰਜੀਨੀਆ ਸਟੇਟ ਵਿਚ ਅਖੌਤੀ ਲਿਬੀਅਨ ਨੈਸ਼ਨਲ ਆਰਮੀ ਸਥਾਪਤ ਕੀਤੀ ਸੀ।

ਨਾਟੋ ਦੇ ਸੁਰਖਿਆ ਬਲਾਂ ਨੇ ਲਿਬੀਆ ਅਤੇ ਉਥੋਂ ਦੀ ਜਨਤਾ ਉਤੇ ਸੱਤ ਮਹੀਨਿਆਂ ਤਕ ਬੰਬਾਰੀ ਕਰਕੇ, ਮੌਤ ਅਤੇ ਤਬਾਹੀ ਫੈਲਾਈ ਸੀ। ਉਨ੍ਹਾਂ ਨੇ ਸਕੂਲਾਂ, ਹਸਪਤਾਲਾਂ, ਜਰਨੈਲੀ ਸੜਕਾਂ, ਟੈਲੀਵੀਯਨ ਨੈਟਵਰਕ ਅਤੇ ਨਾਲ ਹੀ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੇ ਨੈਟਵਰਕਾਂ ਨੂੰ ਬੇਰਹਿਮੀ ਨਾਲ ਤਬਾਹ ਕਰ ਦਿਤਾ। ਅਕਤੂਬਰ 2011 ਵਿਚ ਉਨ੍ਹਾਂ ਨੇ ਕਰਨਲ ਗ਼ਦਾਫੀ ਨੂੰ ਫੜ ਲਿਆ ਅਤੇ ਬਿਨਾਂ ਕਿਸੇ ਮੁਕੱਦਮੇਂ, ਉਸ ਨੂੰ ਬੇਰਹਿਮੀ ਨਾਲ ਮਾਰ ਦਿਤਾ।

ਗ਼ਦਾਫ਼ੀ ਦੀ ਸਰਕਾਰ ਦਾ ਇਸ ਤਰਾਂ ਨਾਲ ਤਖਤਾ ਉਲਟਾਉਣਾ ਲਿਬੀਆ ਦੇ ਲੋਕਾਂ ਦੇ ਆਪਣੇ ਭਵਿੱਖ ਦਾ ਫੈਸਲਾ ਆਪ ਕਰਨ ਦੇ ਹੱਕ ਦੀ ਘੋਰ ਉਲੰਘਣਾ ਸੀ। ਸਾਮਰਾਜਵਾਦੀ ਤਾਕਤਾਂ ਵਲੋਂ ਸਮਰੱਥਿਤ ਹਥਿਆਰਬੰਦ ਗਰੋਹਾਂ ਨੇ ਲਿਬੀਆ ਦੇ ਕੁਦਰਤੀ ਸਾਧਨਾਂ ਨੂੰ ਲੁੱਟ ਕੇ ਆਪਸ ਵਿਚ ਵੰਡਣ ਦੀ ਕੋਸ਼ਿਸ਼ ਵਿਚ ਲਿਬੀਆ ਵਿਚ ਅਰਾਜਕਤਾ ਫੈਲਾ ਦਿਤੀ। ਅਮਰੀਕਾ, ਬਰਤਾਨੀਆਂ, ਫਰਾਂਸ ਅਤੇ ਹੋਰ ਸਾਮਰਾਜਵਾਦੀ ਦੇਸ਼ਾਂ ਦੀਆਂ ਅਜਾਰੇਦਾਰ ਸਰਮਾਏਦਾਰ ਕੰਪਨੀਆਂ ਨੇ, ਲਿਬੀਆ ਦੇ ਵਿਸ਼ਾਲ ਤੇਲ ਭੰਡਾਰ ਅਤੇ ਤੇਲ ਨਾਲ ਸਬੰਧਤ ਇੰਡਸਟਰੀ ਉਤੇ ਆਪਣਾ ਕਬਜ਼ਾ ਜਮਾ ਲਿਆ।

ਸੀਰੀਆ

ਜਦੋਂ ਹਾਲੇ ਉਹ ਲਿਬੀਆ ਉਤੇ ਹਮਲਾ ਅਤੇ ਉਸ ਦੀ ਲੁੱਟ ਕਰਨ ਨੂੰ ਆਯੋਜਿਤ ਕਰ ਰਹੇ ਸਨ, ਅਮਰੀਕੀ ਅਗਵਾਈ ਵਾਲੇ ਸਾਮਰਾਜੀ ਗਠਜੋੜ ਨੇ ਸੀਰੀਆ ਵਿਚ ਵੀ ਆਪਣੀਆਂ ਖੁਫੀਆ ਕਾਰਵਾਈਆਂ ਸ਼ੁਰੂ ਕਰ ਦਿਤੀਆਂ ਸਨ। ਉਨ੍ਹਾਂ ਨੇ ਬਸ਼ਰ ਅਲ-ਅਸਦ ਦੀ ਸਰਕਾਰ ਨੂੰ ਉਲਟਾ ਕੇ ਆਪਣੇ ਕੰਟਰੋਲ ਹੇਠਾਂ ਵਾਲੀ ਸਰਕਾਰ ਬਿਠਾਉਣ ਲਈ ਵਿਰੋਧੀ ਤਾਕਤਾਂ ਨੂੰ ਹਥਿਆਰ ਅਤੇ ਪੈਸੇ ਦਿਤੇ। ਅਮਰੀਕੀ ਸਾਮਰਾਜਵਾਦ ਅਤੇ ਉਸਦੇ ਭਾਈਵਾਲਾਂ ਨੇ ਬੜੇ ਵੱਡੇ ਪੱਧਰ ਉਤੇ ਝੂਠ ਦੀ ਮੁਹਿੰਮ ਚਲਾਈ ਕਿ ਸੀਰੀਆ ਦੀ ਸਰਕਾਰ ਆਪਣੇ ਹੀ ਲੋਕਾਂ ਉਤੇ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ।

2014 ਵਿਚ ਅਮਰੀਕੀ ਅਤੇ ਬਰਤਾਨਵੀ ਲੜਾਕੂ ਹਵਾਈ ਜਹਾਜ਼ਾਂ ਨੇ ਸੀਰੀਆ ਉਤੇ ਬੰਬਾਂ ਦੀ ਵਰਖਾ ਕਰ ਦਿਤੀ। ਮਿਸਾਲ ਦੇ ਤੌਰ ਤੇ ਸੰਯੁਕਤ ਰਾਸ਼ਟਰ ਸੁਰਖਿਆ ਦਾ ਇਕ ਨਿਯਮ ਇਹ ਹੈ ਕਿ ਜਦੋਂ ਸੁਰਖਿਆ ਕੌਂਸਲ ਕਿਸੇ ਮਾਮਲੇ ਉਤੇ ਵਿਚਾਰ ਕਰ ਰਹੀ ਹੋਵੇ, ਉਦੋਂ ਸੰਯੁਕਤ ਰਾਸ਼ਟਰ ਦੇ ਕਿਸੇ ਵੀ ਮੈਂਬਰ ਨੂੰ ਲੜਾਈ ਲਾਉਣ ਦੀ ਇਜਾਜ਼ਤ ਨਹੀਂ ਹੈ। ਸੁਰਖਿਆ ਕੌਂਸਲ ਨੇ ਸੀਰੀਆ ਉਪਰ ਹਮਲਾ ਕਰਨ ਦੀ ਅਮਰੀਕੀ ਮੰਗ ਨੂੰ ਠੁਕਰਾ ਦਿਤਾ। ਲੇਕਿਨ ਫਿਰ ਵੀ ਅਮਰੀਕਾ ਨੇ ਅੱਤਵਾਦ ਖਿਲਾਫ ਜੰਗ ਦੇ ਬੁਰਕੇ ਹੇਠ ਹਮਲਾ ਕਰ ਦਿਤਾ।

ਅਪਰੈਲ 2018 ਵਿਚ ਅਮਰੀਕਾ, ਬਰਤਾਨੀਆਂ ਅਤੇ ਫਰਾਂਸ ਨੇ ਸੀਰੀਆ ਉਤੇ ਮਿਸਾਈਲਾਂ ਨਾਲ ਹਮਲਾ ਛੇੜ ਦਿਤਾ। ਇਨ੍ਹਾਂ ਤਾਕਤਾਂ ਵਲੋਂ ਇਕ ਦਹਾਕੇ ਤਕ ਗੈਰ-ਕਨੂੰਨੀ ਦਖਲ-ਅੰਦਾਜ਼ੀ ਨੇ ਸੀਰੀਆ ਵਿਚ ਅੰਦਰੂਨੀ ਲੜਾਈ ਨੂੰ ਲੰਬਾ ਸਮਾਂ ਚਾਲੂ ਰਖਣ ਦਾ ਕੰਮ ਕੀਤਾ ਹੈ, ਜਿਸ ਨੇ ਲੱਖਾਂ ਹੀ ਨਿਰਦੋਸ਼ ਜ਼ਿੰਦਗੀਆਂ ਤਬਾਹ ਕਰ ਦਿਤੀਆਂ ਹਨ। ਇਸ ਨੇ ਪੂਰੇ ਦੇ ਪੂਰੇ ਸ਼ਹਿਰ ਅਤੇ ਦਿਹਾਤੀ ਇਲਾਕੇ ਉਜਾੜ ਦਿਤੇ ਹਨ। ਇਸ ਦੇ ਨਤੀਜੇ ਵਜੋਂ ਕ੍ਰੋੜਾਂ ਸੀਰੀਅਨ ਲੋਕਾਂ ਨੂੰ ਦੂਸਰੇ ਦੇਸ਼ਾਂ ਵਿਚ ਪ੍ਰਵਾਸ ਕਰਨ ਲਈ ਮਜਬੂਰ ਕਰ ਦਿਤਾ ਹੈ।

ਅਮਰੀਕੀ ਸਾਮਰਾਜਵਾਦ ਦੀ ਰਣਨੀਤੀ ਅਤੇ ਹੱਥਕੰਡੇ

ਅਮਰੀਕੀ ਰਣਨੀਤੀ ਦਾ ਉਦੇਸ਼ ਇਕ ਪਾਸੇ ਤਾਂ ਅਸਲੀ ਲੋਕ-ਇਨਕਲਾਬਾਂ ਨੂੰ ਰੋਕਣਾ ਹੈ, ਅਤੇ ਦੂਸਰੇ ਪਾਸੇ ਆਪਣੀ ਚੌਧਰ ਦੇ ਅੱਗੇ ਅੜਿਕਾ ਡਾਹੁਣ ਵਾਲੇ ਕਿਸੇ ਵੀ ਦੇਸ਼ ਨੂੰ ਕਮਜ਼ੋਰ ਅਤੇ ਬਰਬਾਦ ਕਰਨਾ ਹੈ। ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਅਮਰੀਕੀ ਸਾਮਰਾਜਵਾਦ ਨੇ ਦੋ ਮੁੱਖ ਹੱਥਕੰਡੇ ਵਿਕਸਿਤ ਕੀਤੇ ਹਨ। ਇਕ ਹੈ ਖੁਫੀਆ ਤੌਰ ਉਤੇ ਅੱਤਵਾਦ ਦੀ ਸਰਪ੍ਰਸਤੀ ਕਰਨਾ ਅਤੇ ਖੁੱਲ੍ਹੇ ਤੌਰ ਉਤੇ ਅਖੌਤੀ ਅੱਤਵਾਦ ਦੇ ਖਿਲਾਫ ਜੰਗ ਚਲਾਉਣਾ। ਦੂਸਰਾ ਹੈ ਅਖੌਤੀ ਜਮਹੂਰੀਅਤ-ਪੱਖੀ ਅਤੇ ਭ੍ਰਿਸ਼ਟਾਚਾਰ-ਵਿਰੋਧੀ ਲਹਿਰਾਂ ਜਥੇਬੰਦ ਕਰਨਾ।

ਅਮਰੀਕਾ ਅਤੇ ਉਸ ਦੀਆਂ ਖੁਫੀਆ ਏਜੰਸੀਆਂ ਵੱਖ ਵੱਖ ਅੱਤਵਾਦੀ ਗਰੋਹਾਂ ਦੇ ਟਕਸਾਲੀ/ਮੂਲ ਨਿਰਮਾਤਾ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ 1980 ਦੇ ਦਹਾਕੇ ਵਿਚ ਅਫ਼ਗ਼ਾਨਿਸਤਾਨ ਵਿਚ ਸੋਵੀਅਤ ਕਬਜ਼ਾਕਰੂ ਫੌਜਾਂ ਦੇ ਖਿਲਾਫ ਲੜਨ ਲਈ ਪੈਸੇ ਅਤੇ ਹਥਿਆਰ ਦਿਤੇ ਸਨ। ਜਦੋਂ 1989 ਵਿਚ ਸੋਵੀਅਤ ਫੌਜਾਂ ਉਸ ਦੇਸ਼ ਵਿਚੋਂ ਵਾਪਸ ਚਲੇ ਗਈਆਂ, ਤਾਂ ਉਨ੍ਹਾਂ ਅੱਤਵਾਦੀ ਗਰੋਹਾਂ ਨੂੰ ਅਮਰੀਕੀ ਸਾਮਰਾਜਵਾਦ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਵੱਖ ਵੱਖ ਦੇਸ਼ਾਂ ਵਿਚ ਵਰਤਿਆ ਗਿਆ ਸੀ।

ਆਈਸਿਸ (ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ) ਉਸ ਵਕਤ ਮਸ਼ਹੂਰ ਹੋ ਗਈ ਸੀ ਜਦੋਂ ਯੂ ਇਊਬ ਉਪਰ ਇਕ ਅਮਰੀਕੀ ਪੱਤਰਕਾਰ ਸਿਰ ਕਤਲ ਕਰਨ ਦੀ ਵੀਡੀਓ ਦਿਖਾਈ ਗਈ ਸੀ। ਬਾਅਦ ਵਿਚ ਸਾਬਤ ਹੋ ਗਿਆ ਸੀ ਕਿ ਇਹ ਵੀਡੀਓ ਭਾੜੇ ਦੇ ਐਕਟਰ ਵਰਤ ਕੇ ਬਣਾਈ ਗਈ ਸੀ।

ਗੁਪਤ ਤੌਰ ਉਤੇ ਅੱਤਵਾਦੀ ਵਾਰਦਾਤਾਂ ਕਰਨ ਅਤੇ ਉਨ੍ਹਾਂ (ਵਾਰਦਾਤਾਂ) ਨੂੰ ਅਜ਼ਾਦ ਦੇਸ਼ਾਂ ਉਤੇ ਕਬਜ਼ਾ ਕਰਨ ਲਈ ਜੰਗ ਛੇੜਨ ਲਈ ਸਫਾਈ ਪੇਸ਼ ਕਰਨ ਲਈ ਵਰਤਣ ਦੇ ਨਾਲ ਨਾਲ, ਕਈਆਂ ਦੇਸ਼ਾਂ ਵਿਚ ਅਖੌਤੀ ਰੰਗਦਾਰ ਇਨਕਲਾਬ ਕਰਨ ਲਈ ਨੌਜਵਾਨਾਂ ਨੂੰ ਸੜਕਾਂ ਉਤੇ ਲਿਆਉਣ ਲਈ ਸੋਸ਼ਲ ਮੀਡੀਆ ਨੂੰ ਵਰਤਿਆ ਗਿਆ ਸੀ। ਇਨ੍ਹਾਂ ਵਿਚ ਯੂਕਰੇਨ ਦਾ ਸੰਤਰੀ ਇਨਕਲਾਬ, ਟੂਨੀਸ਼ੀਆ ਦਾ ਕਲੀ (ਜਸਮੀਨ) ਇਨਕਲਾਬ, ਮਿਸਲ ਦਾ ਕੰਵਲ (ਲੋਟਸ) ਇਨਕਲਾਬ, ਜਾਰਜੀਆ ਦਾ ਗੁਲਾਬੀ ਇਨਕਲਾਬ ਅਤੇ ਕਿਰਗਿਜ਼ਸਤਾਨ ਦਾ ਗੁੱਲਲਾਲਾ (ਟਿਊਲਿਪ) ਇਨਕਲਾਬ ਸ਼ਾਮਲ ਹਨ। ਹਰ ਦੇਸ਼ ਵਿਚ ਰੰਗਦਾਰ ਇਨਕਲਾਬ ਤੋਂ ਬਾਅਦ ਉਥੇ ਅਮਰੀਕਾ-ਪੱਖੀ ਹਕੂਮਤ ਸਥਾਪਤ ਹੁੰਦੀ ਰਹੀ ਹੈ।

ਸਿੱਟੇ

9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਦੇ 21 ਸਾਲਾਂ ਨੇ ਸਾਫ ਦਿਖਾ ਦਿਤਾ ਹੈ ਕਿ ਅੱਤਵਾਦ ਅਤੇ ਅੱਤਵਾਦ ਦੇ ਖਿਲ਼ਾਫ ਅਖੌਤੀ ਜੰਗ ਅਮਰੀਕੀ ਸਾਮਰਾਜਵਾਦ ਦੀ ਚੌਧਰ ਕਾਇਮ ਰਖਣ ਅਤੇ ਉਸ ਦੀ ਹੁਕਮਸ਼ਾਹੀ ਹੇਠ ਇਕ ਇਕ-ਧਰੁਵੀ ਦੁਨੀਆਂ ਦੇ ਉਦੇਸ਼ ਦੀ ਪ੍ਰਾਪਤੀ ਲਈ ਵਰਤੇ ਜਾਣ ਵਾਲੇ ਹੱਥਕੰਡੇ ਹਨ।

ਅਫਗ਼ਾਨਿਸਤਾਨ ਅਤੇ ਇਰਾਕ ਉਤੇ ਕਬਜ਼ੇ ਨਾਲ ਏਸ਼ੀਆ ਦੇ ਤੇਲ-ਭਰਪੂਰ ਇਲਾਕੇ ਵਿਚ ਅਮਰੀਕਾ ਦਾ ਪ੍ਰਭਾਵ ਖੇਤਰ ਦਾ ਪਸਾਰਾ ਹੋਇਆ ਹੈ ਅਤੇ ਇਰਾਨ ਨੂੰ ਪੂਰਵ ਅਤੇ ਪੱਛਮ ਵਾਲੇ ਪਾਸਿਆਂ ਤੋਂ ਘੇਰਾ ਪਾ ਲਿਆ ਗਿਆ ਹੈ।

ਇਰਾਕ ਅਤੇ ਲਿਬੀਆ ਦੀ ਤਬਾਹੀ ਨਾਲ ਸਦਾਮ ਹੁਸੈਨ ਅਤੇ ਗ਼ਦਾਫੀ ਦੀਆਂ ਸਰਕਾਰ ਵਲੋਂ ਤੇਲ ਦਾ ਵਪਾਰ ਡਾਲਰ ਦੀ ਬਜਾਇ ਯੂਰੋ ਵਿਚ ਕਰਨ ਦੀ ਕੋਸ਼ਿਸ਼ ਨਾਕਾਮ ਹੋ ਗਈ। ਸੀਰੀਆ ਅਤੇ ਯੁਕਰੇਨ ਵਿਚ ਲੰਮਾ ਸਮਾਂ ਜੰਗ ਜਾਰੀ ਰਹਿਣ ਨਾਲ ਅਮਰੀਕੀ ਵਿਚ ਹਥਿਆਰ ਇੰਡਸਟਰੀ ਵੱਧ ਫੁੱਲ ਰਹੀ ਹੈ ਅਤੇ ਹਥਿਆਰਾਂ ਦੀ ਬਰਾਮਦੀ ਕਾਇਮ ਹੈ। ਇਨ੍ਹਾਂ ਕਦਮਾਂ ਨਾਲ ਰੂਸ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ।

ਪਿਛਲੇ 21 ਸਾਲਾਂ ਦੁਰਾਨ ਦੁਨੀਆਂ ਦੇ ਇਕ ਤੋਂ ਬਾਅਦ ਦੂਸਰੇ ਦੇਸ਼ ਵਿਚ ਤਬਾਹਕੁੰਨ ਜੰਗ ਲਾਉਣ ਲਈ ਅਮਰੀਕੀ ਸਾਮਰਾਜਵਾਦ ਜ਼ਿਮੇਵਾਰ ਹੈ। ਅਮਰੀਕਾ ਨੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇਕ ਦੇਸ਼ ਦੇ ਦੂਸਰੇ ਦੇਸ਼ ਨਾਲ ਸਬੰਧਾਂ ਬਾਰੇ ਬਣਾਏ ਗਏ ਹਰ ਨਿਯਮ ਅਤੇ ਮਾਨਦੰਡ ਦੀ ਬਾਰ ਬਾਰ ਉਲੰਘਣਾ ਕੀਤੀ ਹੈ। ਜਦੋਂ ਬਾਈਡਨ ਇਕ ‘ਨਿਯਮ-ਅਧਾਰਤ ਅੰਤਰਰਾਸ਼ਟਰੀ ਢਾਂਚੇ’ ਬਾਰੇ ਗੱਲ ਕਰਦਾ ਹੈ, ਉਸ ਦਾ ਮਤਲਬ ਹੈ ਕਿ ਅਮਰੀਕੀ ਸਾਮਰਾਜਵਾਦ ਇਹ ਮੰਗ ਕਰ ਰਿਹਾ ਹੈ ਕਿ ਦੁਨੀਆਂ ਦੇ ਬਾਕੀ ਸਭ ਦੇਸ਼ਾਂ ਨੂੰ ਅਮਰੀਕਾ ਵਲੋਂ ਦੁਨੀਆਂ ਉਤੇ ਆਪਣੀ ਚੌਧਰ ਸਥਾਪਤ ਕਰਨ ਅਤੇ ਕਾਇਮ ਰਖਣ ਲਈ ਨਿਰਧਾਰਤ ਨਿਯਮਾਂ ਦਾ ਪਾਲਣ ਕਰਨਾ ਪਏਗਾ।

ਅਸਲੀ ਮਾਸਟਰਮਾਈਂਡ

ਕਈ ਪੇਸ਼ਾਵਰ ਇੰਜਨੀਅਰਾਂ ਨੇ ਕਿਹਾ ਹੈ ਕਿ ਨਿਊਯਾਰਕ ਦੇ ਟਵਿਨ ਟਾਵਰ ਹਵਾਈ ਜਹਾਜ਼ਾਂ ਦੇ ਉਪਰਲੀਆਂ ਮੰਜ਼ਲਾਂ ਨਾਲ ਟਕਰਾਉਣ ਨਾਲ ਨਹੀਂ ਢਹਿ ਸਕਦੇ ਸਨ। ਜਿਸ ਢੰਗ ਨਾਲ ਇਹ ਇਮਾਰਤਾਂ ਢੱਠੀਆਂ ਹਨ, ਉਸ ਤੋਂ ਐਸਾ ਲਗਦਾ ਹੈ ਕਿ ਇਮਾਰਤਾਂ ਦੇ ਹੇਠਾਂ ਬੰਬ ਵਿਸਫੋਟ/ਚਲਾਏ ਕੀਤੇ ਗਏ ਹੋਣਗੇ। ਏਨੇ ਵੱਡੇ ਕਾਂਡ ਦੀ ਹੁਣ ਤਕ ਕੋਈ ਅਧਿਕਾਰਿਤ ਜਾਂਚ ਨਾ ਹੋਣਾ ਇਸ ਸੰਭਾਵਨਾ ਵਲ ਇਸ਼ਾਰਾ ਕਰਦਾ ਹੈ ਕਿ 11 ਸਤੰਬਰ ਦੇ ਹਮਲਿਆਂ ਦੇ ਪਿਛੇ ਅਸਲੀ ਮਾਸਟਰਮਾਈਂਡ ਅਮਰੀਕੀ ਰਾਜ ਦੇ ਅੰਦਰ ਹੀ ਸਥਿਤ ਸੀ।

close

Share and Enjoy !

Shares

Leave a Reply

Your email address will not be published.