ਬਟਵਾਰੇ ਤੋਂ ਬਾਅਦ ਦੇ 75 ਸਾਲ:
ਹਿੰਦੋਸਤਾਨ ਦੀ ਵੰਡ ਦੇ ਪਿਛੇ ਬਰਤਾਨਵੀ ਸਾਮਰਾਜਵਾਦ ਦੀ ਰਣਨੀਤੀ

1947 ਵਿਚ ਉਪਮਹਾਂਦੀਪ ਦੇ ਫਿਰਕਾਪ੍ਰਸਤ ਬਟਵਾਰੇ ਦੀਆਂ ਭਿਆਨਕ ਵਾਰਦਾਤਾਂ ਨੂੰ ਹਿੰਦੋਸਤਾਨ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ। ਪਰ ਇਤਿਹਾਸ ਦੀਆਂ ਕਿਤਾਬਾਂ ਬਟਵਾਰੇ ਦੇ ਅਸਲੀ ਕਾਰਨਾਂ ਅਤੇ ਉਦੇਸ਼ਾਂ ਨੂੰ ਛੁਪਾਉਂਦੀਆਂ ਹਨ। ਹਿੰਦੋਸਤਾਨ ਦੀ ਹਾਕਮ ਜਮਾਤ ਦੇ ਸਿਆਸਤਦਾਨ ਇਸ ਮਹਾਂਦੀਪ ਦੀ ਵੰਡ ਦਾ ਦੋਸ਼ ਪਾਕਿਸਤਾਨ ਦੇ ਸਿਆਸਤਦਾਨਾ ਨੂੰ ਦਿੰਦੇ ਹਨ। ਉਹ ਇਸ ਸਚਾਈ ਨੂੰ ਛੁਪਾਉਂਦੇ ਹਨ ਕਿ ਇਸ ਦੇ ਪਿਛੇ ਕੰਮ ਕਰਨ ਵਾਲਾ ਅਸਲੀ ਦਿਮਾਗ ਬਰਤਾਨਵੀ ਬਸਤੀਵਾਦ ਹੀ ਸਨ। ਉਨ੍ਹਾਂ ਨੇ ਹਿੰਦੋਸਤਾਨ ਦੀ ਵੰਡ ਆਪਣੇ ਅਤੇ ਦੁਨੀਆਂ ਦੇ ਸਮੁੱਚੇ ਸਾਮਰਾਜਵਾਦ ਦੇ ਹਿੱਤਾਂ ਦੀ ਖਾਤਰ ਹੀ ਜਥੇਬੰਦ ਕੀਤੀ ਸੀ।

ਜਦੋਂ ਦੂਸਰੇ ਵਿਸ਼ਵਯੁੱਧ ਦਾ ਅੰਤ ਨੇੜੇ ਆ ਰਿਹਾ ਸੀ, ਉਸ ਵੇਲੇ ਬਸਤੀਵਾਦੀ ਅਤੇ ਅਰਧ-ਬਸਤੀਵਾਦੀ ਦੇਸ਼ਾਂ ਦੇ ਲੋਕ ਸਾਮਰਾਜਵਾਦੀ ਅਤੇ ਬਸਤੀਵਾਦੀ ਗੁਲਾਮੀ ਦੇ ਜੂਲੇ ਤੋਂ ਅਜ਼ਾਦ ਹੋਣ ਲਈ ਜ਼ੋਰਦਾਰ ਸੰਘਰਸ਼ਾਂ ਵਿਚ ਕੁੱਦ ਪਏ ਸਨ। ਹਿੰਦੋਸਤਾਨ ਤੋਂ ਇਲਾਵਾ ਚੀਨ, ਕੋਰੀਆ, ਵੀਤਨਾਮ, ਮਲੇਸ਼ੀਆ, ਇੰਡੋਨੇਸ਼ੀਆ, ਬਰਮਾਂ, ਫਿਲਪਾਈਨ, ਇਰਾਨ, ਇਰਾਕ ਅਤੇ ਸੀਰੀਆ ਦੇ ਲੋਕ ਵੀ ਇਸ ਵਿਚ ਸ਼ਾਮਲ ਹਨ। ਇਨ੍ਹਾਂ ਸੰਘਰਸ਼ਾਂ ਵਿਚੋਂ ਬਹੁਤ ਸਾਰੇ ਸੰਘਰਸ਼ਾਂ ਦੀ ਅਗਵਾਈ ਕਮਿਉਨਿਸਟ ਪਾਰਟੀਆਂ ਕਰ ਰਹੀਆਂ ਸਨ।

ਬਰਤਾਨਵੀ ਸਾਮਰਾਜੀਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਹੁਣ ਬਹੁਤੀ ਦੇਰ ਹਿੰਦੋਸਤਾਨ ਉਪਰ ਆਪਣਾ ਸਿੱਧਾ ਰਾਜ ਕਾਇਮ ਨਹੀਂ ਰਖ ਸਕਦੇ। ਉਨ੍ਹਾਂ ਨੇ ਜੰਗ ਦਾ ਅੰਤ ਹੋਣ ਤੋਂ ਪਹਿਲਾਂ ਹੀ ਇਥੋਂ ਚਲੇ ਜਾਣ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿਤੀ। ਮਈ 1945 ਵਿਚ “ਹਿੰਦੋਸਤਾਨ ਅਤੇ ਹਿੰਦ-ਮਹਾਂਸਾਗਰ ਵਿਚ ਬਰਤਾਨਵੀ ਸਾਮਰਾਜ ਦੇ ਰਣਨੈਤਿਕ ਹਿੱਤਾਂ ਦੀ ਰਖਿਆ ਲਈ ਜ਼ਰੂਰੀ ਦੂਰ-ਅੰਦੇਸ਼ੀ ਨੀਤੀ” ਨਾਮ ਦੀ ਰਿਪੋਰਟ ਜੰਗੀ ਮੰਤਰੀਮੰਡਲ ਨੂੰ ਦਿਤੀ ਗਈ। ਏਸ਼ੀਆ ਵਿਚ ਸਾਮਰਾਜੀ ਹਿੱਤਾਂ ਲਈ ਸਮਾਜਵਾਦੀ ਸੋਵੀਅਤ ਸੰਘ ਨੂੰ ਮੁੱਖ ਖਤਰਾ ਮੰਨਦਿਆਂ, ਇਸ ਰਿਪੋਰਟ ਨੇ ਬਰਤਾਨੀਆਂ ਲਈ ਹਿੰਦੋਸਤਾਨ ਦੀ ਰਣਨੈਤਿਕ ਅਹਿਮੀਅਤ ਦੇ ਚਾਰ ਕਾਰਨਾਂ ਦਾ ਹਵਾਲਾ ਦਿਤਾ।

“ਇਕ ਫੌਜੀ ਅੱਡੇ ਬਤੌਰ ਇਹ ਬਹੁਤ ਕੀਮਤੀ ਹੈ, ਜਿਥੇ ਬੈਠੀਆਂ ਫੌਜਾਂ ਨੂੰ ਹਿੰਦ ਮਹਾਂ-ਸਾਗਰ ਦੇ ਇਲਾਕੇ ਅਤੇ ਮੱਧ-ਪੂਰਵ ਅਤੇ ਦੂਰ-ਪੂਰਵ ਦੇ ਇਲਾਕਿਆਂ ਵਿਚ ਤਾਇਨਾਤ ਕੀਤਾ ਜਾ ਸਕਦਾ ਹੈ; ਹਵਾਈ ਅਤੇ ਸਮੁੰਦਰੀ ਆਵਾਜਾਈ ਦੁਰਾਨ ਬਦਲਣ-ਬਿੰਦੂ ਲਈ ਵਰਤਿਆ ਜਾ ਸਕਦਾ ਹੈ; ਇਥੇ ਜੰਗ ਲਈ ਵਧੀਆ ਲੜਾਕੂ ਜਨਸ਼ਕਤੀ ਹੈ; ਜਿਸ ਦੇ ਉੱਤਰ-ਪੱਛਮ ਤੋਂ ਬਰਤਾਨਵੀ ਹਵਾਈ ਸ਼ਕਤੀ ਸੋਵੀਅਤ ਫੌਜੀ ਸਥਾਪਨਾਵਾਂ ਲਈ ਖਤਰਾ ਬਣ ਸਕਦੀ ਹੈ”।

{ਦੀ ਅਨਟੋਲਡ ਸਟੋਰੀ ਆਫ ਇੰਡੀਆ’ਜ਼ ਪਾਰਟੀਸ਼ਨ (ਹਿੰਦੋਸਤਾਨ ਦੇ ਬਟਵਾਰੇ ਦੀ ਅਣਦੱਸੀ ਕਹਾਣੀ) ਨਰਿੰਦਰ ਸਿੰਘ ਸਰੀਲਾ)}

1945 ਤੋਂ 1947 ਦੁਰਾਨ ਬਰਤਾਨਵੀ ਆਰਮਡ ਫੋਰਸਿਜ਼ ਦੇ ਜਨਰਲਾਂ ਨੇ ਇਸ ਉਪਮਹਾਂਦੀਪ ਨਾਲ ਬਰਤਾਨਵੀ ਫੌਜੀ ਸੰਬੰਧ ਕਾਇਮ ਰਖਣ ਦੀ ਜ਼ਰੂਰਤ ਉਤੇ ਬਾਰ ਬਾਰ ਜ਼ੋਰ ਦਿਤਾ। ਉਨ੍ਹਾਂ ਨੇ ਉੱਤਰ-ਪੱਛਮ ਦੀ ਅਹਿਮੀਅਤ ਉਤੇ ਖਾਸ ਤੌਰ ਉਤੇ ਜ਼ੋਰ ਦਿਤਾ। ਉਨ੍ਹਾਂ ਨੇ ਬਾਰ ਬਾਰ ਜ਼ੋਰ ਦਿਤਾ ਕਿ ਹਿੰਦੋਸਤਾਨ ਦੀ ਵੰਡ ਪੱਛਮੀ ਏਸ਼ੀਆ ਦੇ ਤੇਲ-ਭਰਪੂਰ ਇਲਾਕੇ ਵਿਚ ਅਤੇ ਪੂਰਵੀ ਅਤੇ ਦੱਖਣੀ ਏਸ਼ੀਆ ਵਿਚ ਬਰਤਾਨੀਆਂ ਦੇ ਰਣਨੈਤਿਕ ਹਿੱਤਾਂ ਲਈ ਫਾਇਦੇਮੰਦ ਰਹੇਗੀ।

ਫਰਵਰੀ 1946 ਵਿਚ ਰਾਇਲ ਇੰਡੀਅਨ ਨੇਵੀ ਨੇ ਬਗਾਵਤ ਕਰ ਦਿਤੀ। ਮੁੰਬਈ, ਕਰਾਚੀ ਅਤੇ ਕਲਕੱਤੇ ਵਿਚ ਮਜ਼ਦੂਰਾਂ ਨੇ ਕਮਿਉਨਿਸਟਾਂ ਦੀ ਅਗਵਾਈ ਹੇਠ ਨੇਵੀ ਦੇ ਸਿਪਾਹੀਆਂ ਦੀ ਹਮਾਇਤ ਵਿਚ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿਤੀ। ਰਾਇਲ ਇੰਡੀਅਨ ਆਰਮੀ ਦੇ ਸਿਪਾਹੀਆਂ ਨੇ ਨੇਵੀ ਵਿਚ ਆਪਣੇ ਭਰਾਵਾਂ ਉਤੇ ਗੋਲੀ ਚਲਾਉਣ ਤੋਂ ਨਾਂਹ ਕਰ ਦਿਤੀ। ਨੇਵੀ ਤੋਂ ਬਾਅਦ ਆਰਮੀ ਅਤੇ ਏਅਰ ਫੋਰਸ ਵਿਚ ਵੀ ਬਗਾਵਤ ਫੈਲ ਗਈ। ਬਰਤਾਨਵੀ ਸਾਮਰਾਜੀਆਂ ਨੇ ਉਪਮਹਾਂਦੀਪ ਛੱਡਣ ਤੋਂ ਪਹਿਲਾਂ ਹਿੰਦੋਸਤਾਨ ਨੂੰ ਵੰਡਣ ਦੀਆਂ ਤਿਆਰੀਆਂ ਤੇਜ਼ ਕਰ ਦਿਤੀਆਂ।

ਸਤੰਬਰ 1946 ਵਿਚ ਬਰਤਾਨਵੀ ਚੀਫਸ ਆਫ ਸਟਾਫਸ ਨੇ “ਬਰਿਟਿਸ਼ ਕਾਮਨਵੈਲਥ ਲਈ ਹਿੰਦੋਸਤਾਨ ਦੀ ਰਣਨੈਤਿਕ ਅਹਿਮੀਅਤ” ਨਾਮ ਦੀ ਇਕ ਰਿਪੋਰਟ ਛਾਪੀ। ਇਸ ਰਿਪੋਰਟ ਵਿਚ ਦੁਬਾਰਾ ਜ਼ੋਰ ਦਿਤਾ ਗਿਆ ਕਿ ਬਰਤਾਨਵੀ ਸਾਮਰਾਜ ਦੇ ਹਿੱਤਾਂ ਲਈ ਹਿੰਦੋਸਤਾਨ ਦੀ ਜਨਸ਼ਕਤੀ ਅਤੇ ਇਲਾਕਾ ਬਹੁਤ ਜ਼ਰੂਰੀ ਹਨ। ਰਿਪੋਰਟ ਦੇ ਕੁਝ ਮੁੱਖ ਨੁਕਤੇ ਇਸ ਪ੍ਰਕਾਰ ਸਨ:

  • ਹਿੰਦ ਸਾਗਰ ਦੇ ਇਲਾਕੇ ਵਿਚ ਕਿਸੇ ਵੀ ਸੰਭਾਵਿਤ ਦੁਸ਼ਮਣਾਨਾ ਤਾਕਤ ਨੂੰ ਆਪਣੇ ਅੱਡੇ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ।
  • ਬਰਤਾਨਵੀ ਕਾਮਨਵੈਲਥ ਲਈ ਫਾਰਸ ਦੀ ਖਾੜੀ ਦਾ ਤੇਲ ਜ਼ਰੂਰੀ ਹੈ ਅਤੇ ਇਸ ਦੀ ਆਵਾਜਾਈ ਲਈ ਇਕ ਸੁਰਖਿਅਤ ਮਾਰਗ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ।
  • ਜੇਕਰ ਇਕ ਸ਼ਕਤੀਸ਼ਾਲੀ ਹਵਾਈ ਸੈਨਾ ਵਾਲਾ ਰੂਸ ਹਿੰਦੋਸਤਾਨ ਉਤੇ ਹਾਵੀ ਹੋ ਗਿਆ … ਤਾਂ ਬਰਤਾਨੀਆਂ ਫਾਰਸ ਦੀ ਖਾੜੀ ਅਤੇ ਉੱਤਰੀ ਹਿੰਦ ਮਹਾਂਸਾਗਰ ਦੇ ਸਮੁੰਦਰੀ ਮਾਰਗਾਂ ਉਤੇ ਆਪਣਾ ਕੰਟਰੋਲ ਗੁਆ ਲਵੇਗਾ।
  • ਹਿੰਦੋਸਤਾਨ ਸਾਡੀ ਸਾਮਰਾਜਵਾਦੀ ਰਣਨੀਤਕ ਯੋਜਨਾ ਦੀ ਇਕ ਜ਼ਰੂਰੀ ਕੜੀ ਹੈ।
  • ਹਿੰਦੋਸਤਾਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪ੍ਰਮਾਣੂੰ ਜੰਗ ਦੀਆਂ ਸੰਭਾਵਨਾਵਾਂ ਹੋਣ ਨਾਲ ਖੁੱਲੀ ਜਗ੍ਹਾ ਦੀ ਜ਼ਰੂਰਤ ਵਧ ਗਈ ਹੈ ਅਤੇ ਹਿੰਦੋਸਤਾਨ ਕੋਲ ਕਾਫੀ ਜਗ੍ਹਾ ਹੈ।
  • ਕਾਮਨਵੈਲਥ ਵਲੋਂ ਦੂਰ-ਪੂਰਵ ਵਿਚ ਬੜੇ ਪੱਧਰ ਉਤੇ ਫੌਜੀ ਕਾਰਵਾਈਆਂ ਵਾਸਤੇ ਕੇਵਲ ਹਿੰਦੋਸਤਾਨ ਹੀ ਇਕ ਢੁਕਵਾਂ ਅੱਡਾ ਹੈ।
  • ਫੌਜੀ ਨੁਕਤਾ-ਨਿਗਾਹ ਤੋਂ, ਹਿੰਦੋਸਤਾਨ ਦੀ ਸਭ ਤੋਂ ਕੀਮਤੀ ਦੌਲਤ ਇਥੋਂ ਦੀ ਲਗਭਗ ਅਮੁੱਕ ਜਨਤਕ-ਸ਼ਕਤੀ ਹੈ।

{(ਹਿੰਦੋਸਤਾਨ ਦੇ ਬਟਵਾਰੇ ਦੀ ਅਣਦੱਸੀ ਕਹਾਣੀ) ਨਰਿੰਦਰ ਸਿੰਘ ਸਰੀਲਾ)}

ਬਰਤਾਨਵੀ ਸਾਮਰਾਜੀਆਂ ਨੇ ਇਸ ਇਲਾਕੇ ਵਿਚ ਆਪਣਾ ਸੈਨਿਕ ਪੈਰ ਜਮਾਈ ਰਖਣ ਦਾ ਸਭ ਤੋਂ ਵਧੀਆ ਤਰੀਕਾ, ਹਿੰਦੋਸਤਾਨ ਦਾ ਬਟਵਾਰਾ ਕਰਨ ਦੇ ਨਾਲ ਨਾਲ ਉਥੇ ਫਿਰਕਾਪ੍ਰਸਤ ਕਤਲੇਆਮ ਜਥੇਬੰਦ ਕਰਨਾ ਸਮਝਿਆ। ਉਨ੍ਹਾਂ ਵਲੋਂ ਅਗਸਤ 1946 ਵਿਚ ਕਲਕੱਤੇ ਵਿਚ ਫਿਰਕੂ ਕਤਲੇਆਮ ਜਥੇਬੰਦ ਕਰਨ ਤੋਂ ਬਾਅਦ, ਇੰਟੈਲੀਜੈਂਟ ਬਿਊਰੋ ਦੇ ਡਾਇਰੈਕਟਰ, ਐਨ ਪੀ ਏ ਸਮਿਥ ਨੇ ਵਾਇਸਰਾਇ ਨੂੰ ਇੰਜ ਲਿਿਖਆ:

“ਗੰਭੀਰ ਫਿਰਕਾਪ੍ਰਸਤ ਗੜਬੜੀ ਦੀਆਂ ਹਾਲਤਾਂ ਵਿਚ, ਸਾਨੂੰ ਅਜੇਹੀ ਕਾਰਵਾਈ ਕਤੱਈ ਨਹੀਂ ਕਰਨੀ ਚਾਹੀਦੀ ਜੋ ਬਰਿਿਟਸ਼ ਵਿਰੋਧੀ ਅੰਦੋਲਨ ਨੂੰ ਦੁਬਾਰਾ ਸ਼ੁਰੂ ਕਰ ਦੇਵੇ। ਅਜੇਹਾ ਅੰਦੋਲਨ ਸਾਡੇ ਲਈ ਇਕ ਬੇਹੱਦ ਖਤਰਨਾਕ ਹਾਲਾਤ ਪੈਦਾ ਕਰ ਸਕਦਾ ਹੈ ਅਤੇ ਸਾਡੇ ਲਈ ਸਭ ਰਸਤੇ ਬੰਦ ਕਰਨ ਦੀਆਂ ਹਾਲਤਾਂ ਪੈਦਾ ਕਰ ਸਕਦਾ ਹੈ। ਫਿਰਕਾਪ੍ਰਸਤ ਗੜਬੜੀ ਦੇ ਹਾਲਾਤ ਬੇਸ਼ੱਕ ਇਕ ਭਿਆਨਕ ਪ੍ਰੀਕ੍ਰਿਆ ਹੈ, ਪਰ ਅਜੇਹੇ ਹਾਲਾਤ ਹਿੰਦੋਸਤਾਨ ਦੀ ਸਮੱਸਿਆ ਦੇ ਹੱਲ ਲਈ ਢੁਕਵਾਂ ਤਰੀਕਾ ਵੀ ਹੈ”।

ਜੇਹੜੇ ਖਤਰਨਾਕ ਹਾਲਾਤਾਂ ਦਾ ਬਰਤਾਨਵੀ ਖੁਫੀਆ ਮੁਖੀ ਨੇ ਜ਼ਿਕਰ ਕੀਤਾ ਸੀ, ਉਹ ਸੀ ਹਿੰਦੋਸਤਾਨ ਦੇ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਇਨਕਲਾਬ ਦੀ ਸੰਭਾਵਨਾ। ਉਹ “ਹੱਲ” ਸੀ ਫਿਰਕੂ ਅਧਾਰ ਉਤੇ ਹਿੰਦੋਸਤਾਨ ਦੀ ਵੰਡ ਕਰਨਾ।

ਹਿੰਦੋਸਤਾਨ ਦੇ ਬੜੇ ਸਰਮਾਏਦਾਰ ਅਤੇ ਜਗੀਰਦਾਰ, ਬਰਤਾਨਵੀ ਸਾਮਰਾਜ ਨਾਲੋਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਇਨਕਲਾਬ ਦੇ ਜ਼ਿਆਦਾ ਖਿਲਾਫ ਸਨ। ਉਨ੍ਹਾਂ ਨੇ ਨੇਵੀ ਦੇ ਸਿਪਾਹੀਆਂ ਦੀ ਬਗਾਵਤ ਦੀ ਨਿੰਦਿਆ ਕੀਤੀ। ਉਹ ਸੱਤਾ ਨੂੰ ਆਪਣੇ ਹੱਥ ਵਿਚ ਲੈਣ ਲਈ ਅੰਗਰੇਜ਼ਾਂ ਨਾਲ ਸਮਝੌਤਾ ਕਰਨ ਲਈ ਬਹੁਤ ਉਤਾਵਲੇ ਸਨ।

ਅੰਗਰੇਜ਼ਾਂ ਨੇ ਫਿਰਕੂ ਵੰਡ ਲਈ ਹਾਲਾਤ ਤਿਆਰ ਕਰਨ ਲਈ ਕਾਂਗਰਸ ਪਾਰਟੀ ਅਤੇ ਮੁਸਲਿਮ ਲੀਗ ਦੇ ਲੀਡਰਾਂ ਨਾਲ ਵੱਖ ਵੱਖ ਗੱਲਬਾਤ ਕੀਤੀ। ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਉਹ ਦੋਵੇਂ ਪਾਰਟੀਆਂ ਹਿੰਦੋਸਤਾਨ ਦੀ ਫਿਰਕੂ ਵੰਡ ਦਾ ਰਲ ਕੇ ਵਿਰੋਧ ਨਾ ਕਰ ਸਕਣ। ਇਸ ਲਈ ਉਨ੍ਹਾਂ ਨੇ ਉਨ੍ਹਾਂ ਵਿਚਕਾਰ ਸ਼ੱਕ ਦਾ ਮਹੌਲ ਵੀ ਪੈਦਾ ਕੀਤਾ ਅਤੇ ਬੜੀ ਮੱਕਾਰੀ ਨਾਲ ਇਉਂ ਪੇਸ਼ ਕੀਤਾ ਕਿ ਫਿਰਕੂ ਵੰਡ ਕਰਨ ਤੋਂ ਸਿਵਾ ਹੋਰ ਕੋਈ ਰਾਹ ਹੀ ਨਹੀਂ ਹੈ। ਇਨਕਲਾਬ ਨੂੰ ਰੋਕਣ ਅਤੇ ਆਪਣੇ ਹੱਥ ਵਿਚ ਸੱਤਾ ਹਾਸਲ ਕਰਨ ਦੀ ਕਾਹਲ ਵਿਚ, ਹਿੰਦੋਸਤਾਨ ਦੇ ਬੜੇ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਆਪਸ-ਵਿਰੋਧੀ ਗੁੱਟਾਂ ਨੇ ਬਰਤਾਨਵੀ ਸਾਮਰਾਜੀਆਂ ਦੀ ਬਟਵਾਰੇ ਦੀ ਯੋਜਨਾ ਨੂੰ ਸਵੀਕਾਰ ਕਰ ਲਿਆ।

ਹਿੰਦੋਸਤਾਨ ਦੀ ਵੰਡ ਨੇ ਹਿੰਦੋਸਤਾਨ ਦੇ ਉੱਤਰ-ਪੱਛਮ ਵਿਚ ਪਾਕਿਸਤਾਨ ਦੇ ਰੂਪ ਵਿਚ ਇਕ ਭਰੋਸੇਯੋਗ ਫੌਜੀ ਅੱਡਾ ਪ੍ਰਦਾਨ ਕਰਕੇ, ਬਰਤਾਨਵੀ ਸਾਮਰਾਜ ਦੀ ਰਣਨੀਤੀ ਨੂੰ ਸਫਲ ਬਣਾਇਆ।

ਸਰਦ-ਜੰਗ ਦੇ ਅਰਸੇ ਦੁਰਾਨ, ਐਂਗਲੋ-ਅਮਰੀਕੀ ਸਾਮਰਾਜਵਾਦੀਆਂ ਨੇ ਆਪਣੇ ਖੁਦਗਰਜ਼ ਹਿੱਤਾਂ ਖਾਤਰ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਕਿ ਹਿੰਦੋਸਤਾਨ ਅਤੇ ਪਾਕਿਸਤਾਨ ਇਕ ਦੂਸਰੇ ਦੇ ਦੁਸ਼ਮਣ ਬਣੇ ਰਹਿਣ।

ਸਰਦ-ਜੰਗ ਦੇ ਅਰਸੇ ਦੁਰਾਨ, ਹਿੰਦੋਸਤਾਨੀ ਹਾਕਮ ਜਮਾਤ ਨੇ ਸੋਵੀਅਤ ਸੰਘ ਨਾਲ ਨਜ਼ਦੀਕੀ ਸਬੰਧ ਬਣਾਏ, ਜਿਸ ਵਿਚ 1971 ਵਿਚ ਇਕ ਫੌਜੀ ਸਮਝੌਤੇ ਉਤੇ ਦਸਖ਼ਤ ਕਰਨਾ ਵੀ ਸ਼ਾਮਲ ਹੈ। ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਹਿੰਦੋਸਤਾਨ ਦੀ ਹਾਕਮ ਜਮਾਤ ਨੇ ਅਮਰੀਕਾ ਅਤੇ ਸੋਵੀਅਤ ਸੰਘ ਵਿਚਕਾਰ ਟੱਕਰ ਦਾ ਫਾਇਦਾ ਉਠਾਇਆ। ਪਾਕਿਸਤਾਨ ਦੀ ਹਾਕਮ ਜਮਾਤ ਨੇ ਬਰਤਾਨਵੀ ਅਤੇ ਅਮਰੀਕੀ ਸਾਮਰਾਜਵਾਦੀਆਂ ਨੂੰ ਆਪਣੇ ਦੇਸ਼ ਵਿਚ ਫੌਜੀ ਅੱਡੇ ਪ੍ਰਦਾਨ ਕੀਤੇ। ਪਾਕਿਸਤਾਨ ਅਮਰੀਕੀ ਅਗਵਾਈ ਵਾਲੇ ਦੋ ਗੁੱਟਾਂ, ਸੈਂਟੋ (ਸੈਂਟਰਲ ਟ੍ਰੀਟੀ ਔਰਗੇਨਾਈਜ਼ੇਸ਼ਨ) ਅਤੇ ਸੀਟੋ (ਸਾਊਥ ਈਸਟ ਏਸ਼ੀਆ ਟ੍ਰੀਟੀ ਔਰਗੇਨਾਈਜ਼ੇਸ਼ਨ) ਦਾ ਮੈਂਬਰ ਬਣ ਗਿਆ। ਅਮਰੀਕੀ ਸਾਮਰਾਜੀਆਂ ਨੇ ਅਫਗ਼ਾਨਿਸਤਾਨ ਵਿਚ ਸੋਵੀਅਤ ਫੌਜ ਦੇ ਖਿਲਾਫ ਪਾਕਿਸਤਾਨ ਨੂੰ ਇਕ ਪੜਾਅ ਬਤੌਰ ਵਰਤਿਆ।

ਸੋਵੀਅਤ ਸੰਘ ਦੇ ਪਤਨ ਤੋਂ ਬਾਅਦ, ਅਮਰੀਕੀ ਸਾਮਰਾਜੀਆਂ ਨੇ ਦੁਨੀਆਂ ਭਰ ਵਿਚ ਤਾਇਨਾਤ ਕਰਨ ਲਈ ਅੱਤਵਾਦੀ ਗਰੋਹਾਂ ਦੀ ਪੈਦਾਵਾਰ ਕਰਨ ਲਈ ਪਾਕਿਸਤਾਨ ਨੂੰ ਵਰਤਿਆ। ਬਾਅਦ ਵਿਚ ਉਨ੍ਹਾਂ ਨੇ ਪਾਕਿਸਤਾਨ ਨੂੰ ਅੱਤਵਾਦ ਦਾ ਸਰੋਤ ਹੋਣ ਦਾ ਦੋਸ਼ ਦਿਤਾ ਅਤੇ ਇਸ ਸਚਾਈ ਨੂੰ ਛੁਪਾ ਲਿਆ ਕਿ ਅਮਰੀਕਾ ਨੇ ਹੀ ਤਾਂ ਇਹ ਅੱਤਵਾਦੀ ਗਰੋਹ ਪੈਦਾ ਕੀਤੇ ਸਨ। ਪਾਕਿਸਤਾਨ ਵਲੋਂ ਦਹਾਕਿਆਂ ਬੱਧੀ ਅਪਣਾਏ ਗਏ ਰਾਹ ਨੇ, ਉਸ ਦੇ ਆਪਣੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਅਮਰੀਕੀ ਸਾਮਰਾਜਵਾਦੀ ਦਖ਼ਲ-ਅੰਦਾਜ਼ੀ ਨੂੰ ਵਧਾਇਆ, ਜਿਸ ਦੇ ਤਬਾਹਕੁੰਨ ਨਤੀਜੇ ਪਾਕਿਸਤਾਨ ਦੇ ਲੋਕ ਭੁਗਤ ਰਹੇ ਹਨ।

ਸਰਦ-ਜੰਗ ਖਤਮ ਹੋਣ ਤੋਂ ਬਾਅਦ ਅਮਰੀਕਾ ਇਕ ਗਿਣੇ-ਮਿਥੇ ਢੰਗ ਨਾਲ ਹਿੰਦੋਸਤਾਨ ਨਾਲ ਰਣਨੈਤਿਕ ਫੌਜੀ ਗਠਜੋੜ ਬਣਾ ਅਤੇ ਮਜ਼ਬੂਤ ਕਰ ਰਿਹਾ ਹੈ। ਅਮਰੀਕਾ ਹਿੰਦੋਸਤਾਨ ਦੀ ਧਰਤੀ ਅਤੇ ਇਥੇ ਵਸਦੇ ਲੋਕਾਂ ਨੂੰ ਚੀਨ ਅਤੇ ਦੂਸਰੇ ਏਸ਼ੀਆਈ ਦੇਸ਼ਾਂ ਦੇ ਲੋਕਾਂ ਦੇ ਖਿਲਾਫ ਵਰਤਣਾ ਚਾਹੁੰਦਾ ਹੈ, ਤਾਂ ਕਿ ਉਹ ਪੂਰੇ ਏਸ਼ੀਆ ਨੂੰ ਆਪਣੀ ਚੌਧਰ ਹੇਠ ਲਿਆਉਣ ਦੇ ਟੀਚੇ ਉਤੇ ਪਹੁੰਚ ਸਕੇ।

ਸਿੱਟਾ:

ਬਰਤਾਨਵੀ ਸਾਮਰਾਜਵਾਦੀਆਂ ਨੇ ਹਿੰਦੋਸਤਾਨ ਦੇ ਅਜ਼ਾਦ ਹੋਣ ਤੋਂ ਬਾਅਦ, ਏਸ਼ੀਆ ਵਿਚ ਆਪਣੇ ਰਣਨੈਤਿਕ ਹਿੱਤਾਂ ਦੀ ਰਖਿਆ ਲਈ ਹਿੰਦੋਸਤਾਨ ਦੇ ਬਟਵਾਰੇ ਦੀ ਯੋਜਨਾ ਬਣਾਈ ਸੀ ਅਤੇ ਉਸ ਨੂੰ ਅੰਜਾਮ ਦਿਤਾ ਸੀ। ਮਜ਼ਦੂਰਾਂ, ਕਿਸਾਨਾਂ ਅਤੇ ਬਾਗੀ ਫੌਜੀਆਂ ਦੇ ਇਨਕਲਾਬ ਦੇ ਡਰੋਂ ਹਿੰਦੋਸਤਾਨ ਦੀ ਸਰਮਾਏਦਾਰਾ ਜਮਾਤ ਦੇਸ਼ ਦੇ ਟੁਕੜੇ ਕਰਨ ਲਈ ਰਾਜ਼ੀ ਹੋ ਗਈ।

ਹਿੰਦੋਸਤਾਨ ਹਾਕਮ ਜਮਾਤ ਨੇ 1947 ਵਿਚ ਬਰਤਾਨਵੀ ਸਾਮਰਾਜ ਵਲੋਂ ਕੀਤੇ ਬਟਵਾਰੇ ਤੋਂ ਕੋਈ ਸਬਕ ਨਹੀਂ ਸਿਿਖਆ। ਆਪਣੇ ਸੌੜੇ ਖ਼ੁਦਗਰਜ਼ ਸਾਮਰਾਜਵਾਦੀ ਉਦੇਸ਼ ਹਾਸਲ ਕਰਨ ਲਈ ਸਾਡੇ ਦੇਸ਼ ਦੀ ਹਾਕਮ ਜਮਾਤ ਹਿੰਦੋਸਤਾਨ ਦੀ ਪ੍ਰਭੂਸੱਤਾ ਅਤੇ ਇਸ ਪੂਰੇ ਖੇਤਰ ਵਿਚ ਅਮਨ ਨੂੰ ਖਤਰੇੇ ਵਿਚ ਪਾ ਰਹੀ ਹੈ। ਉਹ ਅਮਰੀਕੀ ਸਾਮਰਾਜਵਾਦ ਨਾਲ ਇਕ ਖਤਰਨਾਕ ਰਣਨੈਤਿਕ-ਸੈਨਿਕ ਗਠਜੋੜ ਕਾਇਮ ਕਰਨ ਦੇ ਨਿਸ਼ਾਨੇ ਨਾਲ ਕੰਮ ਕਰ ਰਹੀ ਹੈ। ਇਹ ਇਕ ਅਜੇਹਾ ਰਸਤਾ ਹੈ ਜੋ ਸਾਡੇ ਲੋਕਾਂ ਨੂੰ ਇਕ ਤਬਾਹਕੁੰਨ ਜੰਗ ਵਿਚ ਫਸਾ ਸਕਦਾ ਹੈ।

Share and Enjoy !

Shares

Leave a Reply

Your email address will not be published. Required fields are marked *