ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 15 ਅਗਸਤ, 2022
ਹਿੰਦੋਸਤਾਨ ਨੇ 75 ਸਾਲ ਪਹਿਲਾਂ ਬਸਤੀਵਾਦੀ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕਰ ਲਈ। ਲੇਕਿਨ, ਆਰਥਿਕ ਸਬੰਧ, ਰਾਜਕੀ ਸੰਸਥਾਵਾਂ ਅਤੇ ਦੇਸ਼ ਵਿਚ ਸਿਆਸੀ ਪ੍ਰੀਕ੍ਰਿਆ ਉਪਰ ਬਰਤਾਨਵੀ ਰਾਜ ਦੀ ਛਾਪ ਜਾਰੀ ਹੈ।
ਮੁੱਠੀ ਭਰ ਅਮੀਰਾਂ ਦੇ ਫਾਇਦੇ ਲਈ, ਟਾਟਾ, ਅੰਬਾਨੀ, ਬਿਰਲੇ ਅਤੇ ਅਦਾਨੀਆਂ ਦੀ ਅਗਵਾਈ ਵਿਚ ਦੇਸ਼ ਦੀ ਜ਼ਮੀਨ, ਮੇਹਨਤ ਅਤੇ ਕੁਦਰਤੀ ਸਾਧਨਾਂ ਦੀ ਲੁੱਟ ਅਤੇ ਡਕੈਤੀ ਅਜੇ ਵੀ ਜਾਰੀ ਹੈ। ਦੇਸ਼ ਦੀ ਆਰਥਿਕਤਾ ਅਜੇ ਵੀ ਸੰਕਟ-ਗ੍ਰਸਤ ਸਰਮਾਏਦਾਰਾ-ਸਾਮਰਾਜਵਾਦੀ ਢਾਂਚੇ ਨਾਲ ਗੰਢੀ ਹੋਈ ਹੈ।
ਕੇਂਦਰਿਤ ਅਫਸਰਸ਼ਾਹੀ ਅਤੇ ਫੌਜ, ਕਨੂੰਨ, ਅਦਾਲਤਾਂ ਅਤੇ ਜੇਲ੍ਹਾਂ ਜਿਹੜੀਆਂ ਬਰਤਾਨਵੀ ਸਰਮਾਏਦਾਰੀ ਨੇ ਸਾਡੇ ਉਤੇ ਜ਼ੁਲਮ ਅਤੇ ਹਕੂਮਤ ਕਰਨ ਦੀ ਬਣਾਈਆਂ ਸਨ, ਉਵੇਂ ਹੀ ਕਾਇਮ ਹਨ। ਪਿਛਲੇ 75 ਸਾਲਾਂ ਤੋਂ, ਉਨ੍ਹਾਂ ਨੂੰ ਅਜਾਰੇਦਾਰ ਘਰਾਣਿਆਂ ਦੀ ਅਗਵਾਈ ਵਿਚ ਹਿੰਦੋਸਤਾਨੀ ਸਰਮਾਏਦਾਰੀ ਦੀ ਹਕੂਮਤ ਕਾਇਮ ਰਖਣ ਲਈ ਵਰਤਿਆ ਜਾਂਦਾ ਆ ਰਿਹਾ ਹੈ। ‘ਪਾੜੋ ਅਤੇ ਰਾਜ ਕਰੋ’ ਅਜ਼ਾਦ ਹਿੰਦੋਸਤਾਨ ਦੇ ਹੁਕਮਰਾਨਾਂ ਦਾ ਵੀ ਰਾਹ-ਦਸਾਊ ਅਸੂਲ ਹੈ। ਰਾਜ-ਆਯੋਜਿਤ ਫਿਰਕੂ ਹਿੰਸਾ, ਹਕੂਮਤ ਕਰਨ ਦਾ ਪਸੰਦੀਦਾ ਤਰੀਕਾ ਹੈ।
ਬਸਤੀਵਾਦ ਵੇਲੇ ਦੇ ਬਹੁਤ ਸਾਰੇ ਕਨੂੰਨ, ਜੋ ਜ਼ਮੀਰ ਰੱਖਣ ਦੇ ਅਧਿਕਾਰ ਅਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ, ਹਾਲੇ ਵੀ ਕਾਇਮ ਹਨ। ਗਵਰਨਮੈਂਟ ਆਫ ਇੰਡੀਆ ਐਕਟ 1935, ਜੋ ਬਰਤਾਨਵੀ ਹਿੰਦੋਸਤਾਨ ਦਾ ਸੰਵਿਧਾਨ ਸੀ, ਉਹੀ ਅਜ਼ਾਦ ਹਿੰਦੋਸਤਾਨ ਦੇ ਸੰਵਿਧਾਨ ਦੀ ਰੂਹ ਹੈ। ਉੱਚ-ਅਦਾਲਤਾਂ, ਉਚੇਰੀ ਪੜ੍ਹਾਈ ਅਤੇ ਨੌਕਰੀਆਂ ਦੀ ਮੰਡੀ ਵਿਚ ਅੰਗਰੇਜ਼ੀ ਭਾਸ਼ਾ ਦਾ ਬੋਲ ਬਾਲਾ ਹੈ।
ਅਜ਼ਾਦੀ ਤੋਂ 75 ਸਾਲ ਬਾਅਦ ਵੀ ਹਿੰਦੋਸਤਾਨੀ ਸਮਾਜ ਉਤੇ ਬਸਤੀਵਾਦੀ ਰਾਜ ਦੀ ਵਿਰਾਸਤ ਦਾ ਬੋਝ ਕਿਉਂ ਜਾਰੀ ਹੈ? ਇਸ ਸਵਾਲ ਦੇ ਜਵਾਬ ਲਈ, 1947 ਵਿਚ ਹਿੰਦੋਸਤਾਨ ਅਤੇ ਵਿਸ਼ਵ ਪੱਧਰ ਉਤੇ ਹਾਲਾਤਾਂ ਅਤੇ ਉਸ ਸਾਲ ਅਗਸਤ ਵਿਚ ਵਿਚ ਹੋਏ ਸੱਤਾ ਦੇ ਹਸਤਾਂਤਰਣ ਦਾ ਅਧਿਐਨ ਕਰਨਾ ਅਤੀ ਜ਼ਰੂਰੀ ਹੈ।
ਅੰਤਰਰਾਸ਼ਟਰੀ ਅਤੇ ਹਿੰਦੋਸਤਾਨ ਦੇ ਹਾਲਾਤ
ਦੂਸਰੇ ਵਿਸ਼ਵ ਯੁੱਧ ਵਿਚ ਜਰਮਨੀ, ਇਟਲੀ ਅਤੇ ਜਪਾਨ ਦੇ ਫਾਸ਼ੀਵਾਦੀ ਧੁਰੇ ਦੀ ਹਾਰ ਨੇ ਵਿਸ਼ਵ ਪੱਧਰ ਉਤੇ ਇਕ ਬਹੁਤ ਹੀ ਇਨਕਲਾਬੀ ਹਾਲਾਤ ਪੈਦਾ ਕਰ ਦਿਤੇ ਸਨ। ਸੋਵੀਅਤ ਸੰਘ ਦੀ ਫੌਜ ਅਤੇ ਲੋਕਾਂ ਨੇ ਨਾਜ਼ੀ ਜਰਮਨੀ ਨੂੰ ਇਕ ਫੈਸਲਾਕੁੰਨ ਹਾਰ ਦਿਤੀ ਸੀ। ਕਈ ਇਕ ਪੱਛਮੀ ਯੂਰਪੀ ਦੇਸ਼ਾਂ ਵਿਚ ਕਮਿਉਨਿਸਟ ਪਾਰਟੀਆਂ ਦੀ ਅਗਵਾਈ ਵਿਚ ਲੋਕ-ਜਮਹੂਰੀ ਗਣਤੰਤਰ ਸਥਾਪਤ ਕਰ ਦਿਤੇ ਗਏ ਸਨ। ਚੀਨ ਵਿਚ ਮੁਕਤੀ ਦਾ ਸੰਘਰਸ਼ ਜਿੱਤ ਵਲ ਅੱਗੇ ਵਧ ਰਿਹਾ ਸੀ। ਫਾਸ਼ੀਵਾਦ ਦੇ ਖਿਲਾਫ ਸੰਘਰਸ਼ ਵਿਚ ਬਹਾਦਰਾਨਾ ਅਗਵਾਈ ਕਰਨ ਕਰਕੇ ਬਹੁਤ ਸਾਰੇ ਦੇਸ਼ਾਂ ਵਿਚ ਮਜ਼ਦੂਰ ਜਮਾਤ ਵਿਚ ਕਮਿਉਨਿਸਟਾਂ ਦੀ ਇੱਜ਼ਤ ਬਣ ਗਈ ਸੀ। ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿਚ ਬਸਤੀਵਾਦ, ਅਰਧ-ਬਸਤੀਵਾਦ ਅਤੇ ਨਵਬਸਤੀਵਾਦ ਤੋਂ ਮੁਕਤੀ ਵਾਸਤੇ ਲੜ ਰਹੀਆਂ ਕੌਮਾਂ ਅਤੇ ਲੋਕ ਸਮਾਜਵਾਦ ਦੇ ਚਾਹਵਾਨ ਸਨ।
ਵਿਸ਼ਵ ਯੁੱਧ ਮੁੱਕਣ ਵਾਲਾ ਹੀ ਸੀ ਕਿ ਅਮਰੀਕਾ ਨੇ ਇਨਕਲਾਬਾਂ ਵਾਸਤੇ ਉਠ ਰਹੇ ਦੁਨੀਆਂ ਦੇ ਲੋਕਾਂ ਨੂੰ ਡਰਾਉਣ ਵਾਸਤੇ ਜਪਾਨ ਉਪਰ ਪ੍ਰਮਾਣੂੰ ਬੰਬ ਸੁੱਟ ਦਿਤੇ। ਆਪਣੀ ਫੌਜੀ ਉੱਚਮਤਾ ਨੂੰ ਵਰਤ ਕੇ ਅਮਰੀਕੀ ਸਾਮਰਾਜਵਾਦੀਆਂ ਨੇ ਵਿਸ਼ਵ ਸਾਮਰਾਜਵਾਦ ਦੀ ਅਗਵਾਈ ਸਾਂਭ ਲਈ। ਉਨ੍ਹਾਂ ਨੇ ਨਵੇਂ ਨਵੇਂ ਅਜ਼ਾਦ ਹੋਏ ਦੇਸ਼ਾਂ ਅਤੇ ਲੋਕਾਂ ਨੂੰ ਸਮਾਜਵਾਦੀ ਰਾਹ ਅਪਣਾਉਣ ਤੋਂ ਰੋਕਣ ਲਈ ਦੁਨੀਆਂ ਦੇ ਕਈ ਹਿੱਸਿਆਂ ਵਿਚ ਹਥਿਆਰਬੰਦ ਦਖਲ-ਅੰਦਾਜ਼ੀ ਜਥੇਬੰਦ ਕੀਤੀ।
ਅਮਰੀਕੀ ਸਾਮਰਾਜਵਾਦੀਆਂ ਨੇ ਗਰੀਸ ਵਿਚ ਜਨਤਕ ਉਭਾਰ ਨੂੰ ਵਹਿਸ਼ੀਆਨਾ ਢੰਗ ਨਾਲ ਦਬਾਉਣ ਲਈ ਅਤੇ ਉਥੇ ਫਾਸ਼ੀਵਾਦੀ ਹਕੂਮਤ ਖੜ੍ਹੀ ਕਰਨ ਲਈ ਦਖਲ-ਅੰਦਾਜ਼ੀ ਕੀਤੀ। ਅਮਰੀਕੀ ਫੌਜਾਂ ਨੇ ਕੋਰੀਆ ਦੇ ਲੋਕਾਂ ਦੇ ਮੁਕਤੀ ਸੰਘਰਸ਼ ਨੂੰ ਖੂਨ ਵਿਚ ਡੁਬੋਣ ਲਈ ਹਮਲਾ ਕੀਤਾ ਜਿਸ ਦੇ ਸਿੱਟੇ ਵਜੋਂ ਉਸ ਦੇਸ਼ ਦੀ ਵੰਡ ਹੋਈ ਅਤੇ ਦੱਖਣੀ ਕੋਰੀਆ ਵਿਚ ਫਾਸ਼ੀਵਾਦੀ ਹਕੂਮਤ ਸਥਾਪਤ ਹੋਈ।
ਹਿੰਦੋਸਤਾਨ ਵਿਚ ਬਸਤੀਵਾਦ ਰਾਜ ਦੇ ਖਿਲਾਫ ਜਨਤਕ ਸੰਘਰਸ਼ ਸਿਖਰ ਉਤੇ ਪਹੁੰਚ ਚੁੱਕਾ ਸੀ। ਕਮਿਉਨਿਸਟ ਪਾਰਟੀ ਦੀ ਅਗਵਾਈ ਹੇਠ ਟੈਕਸਟਾਈਲ ਇੰਡਸਟਰੀ ਵਿਚ ਹੜਤਾਲਾਂ ਹੋ ਰਹੀਆਂ ਸਨ ਅਤੇ ਕਈ ਹੋਰ ਖੇਤਰਾਂ ਵਿਚ ਫੈਲ ਰਹੀਆਂ ਸਨ। ਦੱਖਣ ਵਿਚ ਤਿਲੰਗਾਨਾ ਅਤੇ ਬੰਗਾਲ ਵਿਚ ਤ੍ਰਿਭਾਗਾ ਸਮੇਤ ਦੇਸ਼ ਦੇ ਕਈ ਭਾਗਾਂ ਵਿਚ ਕਮਿਉਨਿਸਟਾਂ ਦੀ ਅਗਵਾਈ ਵਿਚ ਕਿਸਾਨੀ ਲਹਿਰਾਂ ਤਕੜੀਆਂ ਹੋ ਰਹੀਆਂ ਸਨ।
ਵਿਸ਼ਵ ਯੁੱਧ ਵਿਚ ਕਮਜ਼ੋਰ ਹੋ ਚੁੱਕੇ ਬਰਤਾਨਵੀ ਸਾਮਰਾਜਵਾਦੀਆਂ ਨੇ ਭਾਂਪ ਲਿਆ ਸੀ ਕਿ ਹਿੰਦੋਸਤਾਨ ਉਪਰ ਉਨ੍ਹਾਂ ਦੇ ਬਸਤੀਵਾਦੀ ਰਾਜ ਦੇ ਕੁਝ ਹੀ ਦਿਨ ਬਾਕੀ ਰਹਿ ਗਏ ਸਨ। ਉਹ ਨਹੀਂ ਚਾਹੁੰਦੇ ਸਨ ਕਿ, ਹਿੰਦੋਸਤਾਨ, ਜਿਸ ਨੂੰ ਕਿ ਉਹ ਆਪਣੀ ਸਭ ਤੋਂ ਕੀਮਤੀ ਜਾਇਦਾਦ ਸਮਝਦੇ ਸਨ, ਪੂਰੀ ਤਰਾਂ ਹੀ ਸਾਮਰਾਜਵਾਦੀ ਢਾਂਚੇ ਵਿਚੋਂ ਬਾਹਰ ਨਿਕਲ ਜਾਵੇ। ਉਨ੍ਹਾਂ ਨੇ ਹਿੰਦੋਸਤਾਨੀਆਂ ਦੀਆਂ ਉਨ੍ਹਾਂ ਜਮਾਤਾਂ ਨੂੰ ਸੱਤਾ ਦਾ ਹਸਤਾਂਤਰਣ ਕਰਨ ਦੀਆਂ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ, ਜਿਨ੍ਹਾਂ ਦੇ ਹਿੱਤ ਵਿਚ ਬਸਤੀਵਾਦੀ ਵਿਰਾਸਤ ਨੂੰ ਜਾਰੀ ਰਖਣਾ ਅਤੇ ਹਿੰਦੋਸਤਾਨ ਨੂੰ ਸਾਮਰਾਜਵਾਦੀ ਢਾਂਚੇ ਦੇ ਅੰਦਰ ਰਖਣਾ ਹੋਵੇ।
ਬਰਤਾਨਵੀਆਂ ਵਲੋਂ ਖਾਲੀ ਕੀਤੇ ਤਖਤ ਉਤੇ ਬਿਰਾਜਮਾਨ ਹੋਣ ਦੇ ਚਾਹਵਾਨ, ਹਿੰਦੋਸਤਾਨੀ ਸਰਮਾਏਦਾਰੀ ਦੇ ਮੁੱਖੀ ਸਨਅਤੀ ਘਰਾਣਿਆਂ ਨੇ ਤਾਂ 1943 ਤੋਂ ਹੀ, ਬਸਤੀਵਾਦ ਤੋਂ ਬਾਅਦ ਅਪਣਾਏ ਜਾਣ ਵਾਲੇ ਰਾਹ ਦੀਆਂ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਉਨ੍ਹਾਂ ਨੇ ਬੰਬੇ ਪਲਾਨ ਅਖਵਾਉਣ ਵਾਲਾ ਆਪਣਾ ਦ੍ਰਿਸ਼ਟਾਮਾਨੀ ਦਸਤਾਵੇਜ਼ ਜਾਰੀ ਕੀਤਾ, ਜੋ ਕਿ ਜੇ.ਆਰ.ਡੀ. ਟਾਟਾ ਅਤੇ ਜੀ.ਡੀ. ਬਿਰਲਾ ਸਮੇਤ ਮੋਹਤਵਾਰ ਸਨਅਤੀ ਘਰਾਣਿਆਂ ਨੇ ਲਿਖਿਆ ਸੀ।
ਬੰਬੇ ਪਲਾਨ ਨੇ ਵਕਾਲਤ ਕੀਤੀ ਕਿ ਸਰਮਾਏਦਾਰਾ ਸਨਅੱਤੀ ਤਰੱਕੀ ਲਈ ਹਾਲਾਤ ਤਿਆਰ ਕਰਨ ਲਈ ਸਰਬਜਨਕ (ਸਰਕਾਰੀ) ਫੰਡ ਅਤੇ ਬਦੇਸ਼ੀ ਮਦਦ ਦੀ ਲਾਜ਼ਮੀ ਵਰਤੋਂ ਕਰਕੇ ਭਾਰੀ ਇੰਡਸਟਰੀ ਅਤੇ ਅਧਾਰਕ ਸੰਰਚਨਾ ਦਾ ਸਰਕਾਰੀ ਖੇਤਰ ਤਿਆਰ ਕੀਤਾ ਜਾਵੇ। ਉਨ੍ਹਾਂ ਨੇ ਉਤਪਾਦਿਤ ਉਪਭੋਗੀ ਵਸਤਾਂ ਦੀ ਦਰਾਮਦ ਉਤੇ ਬੰਦਸ਼ਾਂ ਲਾਉਣ ਦਾ ਸੁਝਾਵ ਦਿਤਾ, ਤਾਂ ਕਿ ਉਨ੍ਹਾਂ ਮੰਡੀਆਂ ਵਿਚ ਵੱਡੇ ਹਿੰਦੋਸਤਾਨੀ ਸਰਮਾਏਦਾਰਾਂ ਦਾ ਬੋਲਬਾਲਾ ਹੋਵੇ ਅਤੇ ਉਹ ਵੱਧ ਤੋਂ ਵੱਧ ਮੁਨਾਫੇ ਬਣਾ ਸਕਣ। ਬੰਬੇ ਪਲਾਨ ਨੂੰ 1944 ਅਤੇ 1945 ਵਿਚ ਦੋ ਜਿਲਦਾਂ ਵਿਚ ਛਾਪਣ ਤੋਂ ਪਹਿਲਾਂ ਇਸ ਦਾ ਖਰੜਾ ਬਰਤਾਨਵੀ ਵਾਇਸਰਾਇ ਦੀ ਮਨਜ਼ੂਰੀ ਲਈ ਪੇਸ਼ ਕੀਤਾ ਗਿਆ ਸੀ।
ਵਿਸ਼ਵ ਯੁੱਧ ਦੇ ਖਾਤਮੇ ਤੋਂ ਬਾਦ, ਬਸਤੀਵਾਦੀ ਰਾਜ ਤੋਂ ਮੁਕੰਮਲ ਅਜ਼ਾਦੀ ਦੀ ਮੰਗ ਲਈ ਜਨਤਕ ਮੁਜ਼ਾਹਰੇ ਤੇਜ਼ ਹੋ ਗਏ ਸਨ। 1946 ਵਿਚ ਰਾਇਲ ਇੰਡੀਅਨ ਨੇਵੀ ਦੇ ਸਿਪਾਹੀਆਂ ਦੀ ਬਗਾਵਤ ਨੇ ਬਰਤਾਨਵੀ ਬਸਤੀਵਾਦੀ ਰਾਜ ਦੀਆਂ ਜੜ੍ਹਾਂ ਹਿਲਾ ਕੇ ਰਖ ਦਿਤੀਆਂ ਅਤੇ ਸੱਤਾ ਦੇ ਹਸਤਾਂਤਰਣ ਦੀ ਤਿਆਰੀ ਦੀ ਪ੍ਰੀਕ੍ਰਿਆ ਨੂੰ ਤੇਜ਼ ਕਰ ਦਿਤਾ (ਦੇਖੋ ਬਾਕਸ ਨੇਵੀ ਦੀ ਬਗਾਵਤ 1946)। ਇਨਕਲਾਬ ਤੋਂ ਸਾਂਝੇ ਡਰ ਨੇ ਬਰਤਾਨਵੀ ਸਾਮਰਾਜਵਾਦੀਆਂ ਅਤੇ ਹਿੰਦੋਸਤਾਨੀ ਸਰਮਾਏਦਾਰੀ ਨੂੰ ਸੱਤਾ ਦਾ ਹਸਤਾਂਤਰਣ ਜਲਦੀ ਨਾਲ ਨਿਪਟਾਉਣ ਲਈ ਇਕ ਦੂਜੇ ਦੇ ਨੇੜੇ ਲੈ ਆਂਦਾ।
ਨੇਵੀ ਦੀ ਬਗਾਵਤ 1946ਫਰਵਰੀ 1946 ਵਿਚ ਰਾਇਲ ਇੰਡੀਅਨ ਨੇਵੀ ਦੇ ਸਿਪਾਹੀਆਂ ਨੇ ਬਰਤਾਨਵੀ ਹਾਕਮਾਂ ਦੇ ਖਿਲਾਫ ਬਗਾਵਤ ਕਰ ਦਿਤੀ। ਬੰਬੇ ਦੀ ਬਗਾਵਤ ਕਰਾਚੀ ਅਤੇ ਕਲਕੱਤੇ ਤਕ ਫੈਲ ਗਈ। ਨੇਵੀ ਦੇ ਸਿਪਾਹੀਆਂ ਦੀ ਹਮਾਇਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ ਸੜਕਾਂ ਉਤੇ ਆ ਗਏ। 48 ਘੰਟਿਆਂ ਤੋਂ ਥੋੜ੍ਹੇ ਸਮੇਂ ਵਿਚ 20,000 ਵਿਅਕਤੀਆਂ ਨੇ 78 ਸਮੁੰਦਰੀ ਜਹਾਜ਼ਾਂ ਅਤੇ 21 ਬੰਦਰਗਾਹਾਂ ਉਤੇ ਕਬਜ਼ਾ ਕਰ ਲਿਆ। ਉਨ੍ਹਾਂ ਬਰਤਾਨਵੀ ਝੰਡੇ ਲਾਹ ਦਿਤੇ ਅਤੇ ਉਨ੍ਹਾਂ ਦੀ ਥਾਂ ਕਾਂਗਰਸ ਪਾਰਟੀ, ਮੁਸਲਿਮ ਲੀਗ ਅਤੇ ਕਮਿਉਨਿਸਟ ਪਾਰਟੀ ਦੇ ਝੰਡੇ ਲਹਿਰਾ ਦਿਤੇ। ਬਰਤਾਨਵੀ ਇੰਡੀਅਨ ਆਰਮੀ ਦੇ ਫੌਜੀਆਂ ਨੇ ਨੇਵੀ ਦੇ ਸਿਪਾਹੀਆਂ ਉਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿਤਾ। ਇਸ ਬਗਾਵਤ ਨੇ ਫੌਜ ਦੀਆਂ ਹੋਰ ਬਰਾਂਚਾਂ ਵਿਚ ਬਗਾਵਤਾਂ ਨੂੰ ਚੰਗਿਆੜੀ ਲਾ ਦਿਤੀ। ਬਗਾਵਤ ਨੂੰ ਦਬਾਉਣ ਲਈ ਅੰਗਰੇਜ਼ਾਂ ਨੇ ਨੇਵੀ ਦੇ ਲੜਾਕੂ ਸਮੁੰਦਰੀ ਜਹਾਜ਼, ਐਚ.ਐਮ.ਐਸ. ਗਲਾਸਗੋ ਅਤੇ ਰਾਇਲ ਏਅਰ ਫੋਰਸ ਦੇ ਜਹਾਜ਼ਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਨੇਵੀ ਦੇ ਸਿਪਾਹੀਆਂ ਅਤੇ ਉਨ੍ਹਾਂ ਦੀ ਹਮਾਇਤ ਲਈ ਸੜਕਾਂ ਉਪਰ ਆਏ ਲੋਕਾਂ ਉਤੇ ਗੋਲੀਆਂ ਚਲਾਈਆਂ, ਜਿਸ ਦੇ ਸਿੱਟੇ ਵਜੋਂ 400 ਤੋਂ ਵਧ ਮੌਤਾਂ ਅਤੇ 1500 ਤੋਂ ਵਧ ਲੋਕ ਜ਼ਖਮੀ ਹੋਏ। ਜਦ ਕਿ ਕਮਿਉਨਿਸਟਾਂ ਨੇ ਬਗਾਵਤ ਦੀ ਹਮਾਇਤ ਕੀਤੀ, ਪਰ ਕਾਂਗਰਸ ਪਾਰਟੀ ਅਤੇ ਮੁਸਲਿਮ ਲੀਗ ਦੇ ਲੀਡਰਾਂ ਨੇ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਬਗਾਵਤੀ ਸਿਪਾਹੀਆਂ ਨੂੰ ਆਤਮ ਸਮਰਪਣ ਕਰ ਦੇਣ ਲਈ ਰਜ਼ਾਮੰਦ ਕਰਨ ਲਈ ਆਪਣੇ ਵਫਦ ਭੇਜੇ। ਉਨ੍ਹਾਂ ਨੇ ਵਾਅਦਾ ਕੀਤਾ ਕਿ ਕਿਸੇ ਨੂੰ ਕੋਈ ਸਜ਼ਾ ਨਹੀਂ ਦਿਤੀ ਜਾਵੇਗੀ, ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਅਜ਼ਾਦੀ ਤੋਂ ਬਾਅਦ, ਹਿੰਦੋਸਤਾਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਵੀ ਉਸ ਵਾਇਦੇ ਦਾ ਸਨਮਾਨ ਕਰਨ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਨੇ ਨੌਕਰੀ ਤੋਂ ਕੱਢੇ ਗਏ ਸਿਪਾਹੀਆਂ ਨੂੰ ਦੁਬਾਰਾ ਫੌਜ ਵਿਚ ਸ਼ਾਮਲ ਕੀਤੇ ਜਾਣ ਤੋਂ ਨਾਂਹ ਕਰ ਦਿਤੀ। ਉਨ੍ਹਾਂ ਨੇ ਨੇਵੀ ਦੀ ਬਗਾਵਤ ਦੀ ਕਹਾਣੀ ਨੂੰ ਇਤਿਹਾਸਿਕ ਕਿਤਾਬਾਂ ਵਿਚ ਰਿਕਾਰਡ ਕੀਤੇ ਜਾਣ ਉਤੇ ਬੰਦਸ਼ ਲਾ ਦਿਤੀ। ਸਰੋਤ: ਪ੍ਰਮੋਦ ਕੁਮਾਰ, 1946 ਲਾਸਟ ਵਾਰ ਆਫ ਇੰਡੀਪੈਂਡੈਂਸ – ਰਾਇਲ ਇੰਡੀਅਨ ਨੇਵੀ ਮਿਊਟਿਨੀ, ਰੋਲੀ ਬੁੱਕਸ ਪ੍ਰਾਈਵੇਟ ਲਿਮਟਿਡ; 2022 |
ਸੱਤਾ ਦਾ ਹਸਤਾਂਤਰਣ
ਰਾਇਲ ਇੰਡੀਅਨ ਨੇਵੀ ਦੀ ਬਗਾਵਤ ਨੇ ਬਰਤਾਨਵੀ ਸਾਮਰਾਜਵਾਦੀਆਂ ਨੂੰ ਯਕੀਨ ਦੁਆ ਦਿਤਾ ਕਿ ਉਹ ਹੁਣ ਬਰਤਾਨਵੀ ਹਕੂਮਤ ਦੇ ਖਿਲਾਫ ਲੜ ਰਹੇ ਆਪਣੇ ਹਮਵਤਨਾਂ ਉਤੇ ਬਲ-ਪ੍ਰਯੋਗ ਕਰਨ ਲਈ ਹਿੰਦੋਸਤਾਨੀ ਸਿਪਾਹੀਆਂ ਨੂੰ ਨਹੀਂ ਵਰਤ ਸਕਦੇ। ਉਨ੍ਹਾਂ ਨੇ ਹਿੰਦੋਸਤਾਨ ਦੇ ਵੱਡੇ ਸਰਮਾਏਦਾਰਾਂ ਅਤੇ ਵੱਡੇ ਜਗੀਰਦਾਰਾਂ ਕੋਲ ਸੱਤਾ ਦਾ ਹਸਤਾਂਤਰਣ ਕਰਨ ਲਈ ਹਿੰਦੋਸਤਾਨ ਨੂੰ ਇਕ ਕੈਬਨਿਟ ਮਿਸ਼ਨ ਭੇਜਿਆ।
ਹਿੰਦੋਸਤਾਨ ਤੋਂ ਬਾਹਰ ਨਿਕਲਣ ਦੀ ਰਣਨੀਤੀ ਦੇ ਹਿੱਸੇ ਬਤੌਰ, ਬਰਤਾਨਵੀ ਸਰਮਾਏਦਾਰੀ ਨੇ ਦੇਸ਼ ਨੂੰ ਇਕ ਹਿੰਦੂ ਬਹੁਸੰਖਿਅਕ ਹਿੰਦੋਸਤਾਨ ਅਤੇ ਮੁਸਲਿਮ ਬਹੁਸੰਖਿਅਕ ਪਾਕਿਸਤਾਨ ਵਿਚ ਵੰਡਣ ਦਾ ਫੈਸਲਾ ਕਰ ਲਿਆ। ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਮੁਸਲਿਮ ਲੀਗ ਨਾਲ ਵੱਖ ਵੱਖ ਸਮਝੌਤੇ ਕਰ ਕੇ ਹਿੰਦੋਸਤਾਨੀ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਆਪਸ-ਵਿਰੋਧੀ ਧੜਿਆਂ ਨੂੰ ਮਨਾ ਲਿਆ ਕਿ ਸਿਆਸੀ ਤਾਕਤ ਹਾਸਲ ਕਰਨ ਦਾ ਇਹੀ ਇਕੋ ਇਕ ਰਾਹ ਹੈ।
ਫਿਰਕਾਪ੍ਰਸਤ ਵੰਡ ਨੇ ਇਨਕਲਾਬ ਨੂੰ ਰੋਕਣ ਅਤੇ ਲੋਕਾਂ ਦੇ ਇਕਮੁੱਠ ਸੰਘਰਸ਼ਾਂ ਨੂੰ ਖੂਨ ਵਿਚ ਡੁਬੋਣ ਦਾ ਕੰਮ ਕੀਤਾ। ਇਸ ਨੇ ਦੋ ਨਵੇਂ ਅਜ਼ਾਦ ਹੋਏ ਦੇਸ਼ਾਂ ਵਿਚਕਾਰ ਸਥਾਈ ਝਗੜਿਆਂ ਦੇ ਬੀ ਬੀਜ ਦਿਤੇ। ਇਹ ਦੱਖਣੀ ਏਸ਼ੀਆ ਨੂੰ ਕਮਜ਼ੋਰ, ਪਾਟੇ ਹੋਏ ਰਖਣ ਅਤੇ ਵਿਸ਼ਵ ਪੱਧਰ ਉਤੇ ਇਨਕਲਾਬ ਅਤੇ ਸਮਾਜਵਾਦ ਦੇ ਖਿਲਾਫ ਸਾਮਰਾਜਵਾਦੀ ਹਮਲੇ ਵਾਸਤੇ ਇਕ ਅੱਡਾ ਬਣਿਆਂ ਰਹਿਣ ਦਾ ਕੰਮ ਕੀਤਾ।
ਲਾਰਡ ਮਾਂਊਂਟਬੈਟਨ ਜੋ ਬਰਤਾਨਵੀ ਹਿੰਦੋਸਤਾਨ ਦਾ ਆਖਰੀ ਵਾਇਸਰਾਇ ਸੀ ਅਤੇ 21 ਜੂਨ, 1948 ਤਕ ਅਜ਼ਾਦ ਹਿੰਦੋਸਤਾਨ ਦਾ ਗਵਰਨਰ ਜਨਰਲ ਸੀ, ਨੇ ਜ਼ਾਹਰਾ ਤੌਰ ਤੇ ਮੰਨਿਆਂ ਹੈ ਕਿ ਸੱਤਾ ਹਸਤਾਂਤਰਣ ਨੇ ਉਲਟ-ਇਨਕਲਾਬੀ ਉਦੇਸ਼ ਦਾ ਕੰਮ ਦਿਤਾ ਹੈ। ਕਈ ਵਰ੍ਹਿਆਂ ਬਾਅਦ, ਮਾਊਂਟਬੈਟਨ ਵਲੋਂ ਦੱਖਣੀ ਕੈਲੇਫੋਰਨੀਆਂ, ਅਮਰੀਕਾ ਵਿਚ ਮਿਲਟਰੀ ਕਾਲਜ ਦੀ ਪ੍ਰੈਸ ਕਾਨਫਰੰਸ ਦੁਰਾਨ ਇਹ ਕਹੇ ਜਾਣ ਦੀ ਰਿਪੋਰਟ ਆਈ ਸੀ ਕਿ:
“ਖਤਰਾ, ਹਮੇਸ਼ਾ ਵਾਂਗ, ਵਿਨਾਸ਼ਕਾਰੀ ਕਾਰਵਾਈਆਂ ਵਿਚ ਹੈ। ਹਿੰਦੋਸਤਾਨ ਦੀ ਅਜ਼ਾਦੀ ਤੋਂ ਬਾਅਦ ਇਹ ਬਹੁਤ ਘਟ ਗਿਆ ਹੈ। ਉਸ ਨਜ਼ਰੀਏ ਤੋਂ, ਬਰਤਾਨੀਆਂ ਦੇ ਬਾਹਰ ਨਿਕਲ ਜਾਣ ਤੋਂ ਬਾਅਦ, ਕਮਿਉਨਿਸਟ ਟੁਕੜੀਆਂ ਨੂੰ ਤਬਾਹ ਕਰਨ ਅਤੇ ਕਮਿਉਨਿਸਟ ਪ੍ਰਚਾਰ ਦਾ ਖੰਡਨ ਕਰਨ ਦੀ ਹਿੰਦੋਸਤਾਨ ਦੀ ਕਾਬਲੀਅਤ ਮਜ਼ਬੂਤ ਹੋਈ ਹੈ। ਉਹ (ਕਾਂਗਰਸ) ਕਮਿਉਨਿਸਟਾਂ ਨੂੰ ਕੁਚਲ ਦਿੰਦੇ ਹਨ ਜਦ ਕਿ ਬਰਤਾਨਵੀ, ਕਮਿਉਨਿਸਟਾਂ ਪ੍ਰਤੀ ਹਿੰਦੋਸਤਾਨੀਆਂ ਦੀ ਹਮਦਰਦੀ ਜਗਾਉਣ ਤੋਂ ਬਗੈਰ ਅਜੇਹਾ ਨਹੀਂ ਕਰ ਸਕਦੇ ਸਨ”।
{22 ਦਿਸੰਬਰ, 1962 ਨੂੰ ਹਿੰਦੋਸਤਾਨ ਸਟੈਂਡਰਡ ਵਿਚ ਛਪੀ ਇਕ ਰਿਪੋਰਟ ਮੁਤਾਬਿਕ}
ਬਸਤੀਵਾਦੀ ਵਿਰਾਸਤ ਨੂੰ ਬਰਕਰਾਰ ਰਖਣਾ
ਅਜ਼ਾਦੀ ਤੋਂ ਛੇਤੀਂ ਹੀ ਬਾਅਦ ਨਹਿਰੂ ਦੀ ਸਰਕਾਰ ਨੇ ਕਮਿਉਨਿਸਟਾਂ ਨੂੰ ਬੇਰਹਿਮੀ ਨਾਲ ਕੁਚਲਣਾ ਸ਼ੁਰੂ ਕਰ ਦਿਤਾ। ਉਸ ਨੇ ਕਮਿਉਨਿਸਟਾਂ ਨੂੰ ਜੇਲ੍ਹਾਂ ਵਿਚ ਡੱਕ ਦਿਤਾ ਅਤੇ ਇਥੋਂ ਤਕ ਕਿ ਬਹੁਤ ਸਾਰਿਆਂ ਨੂੰ ਜੇਲ੍ਹ ਵਿਚ ਕਤਲ ਕਰ ਦਿਤਾ। ਜਦੋਂ ਸੰਵਿਧਾਨ ਬਣਾਇਆ ਜਾ ਰਿਹਾ ਸੀ ਉਸ ਦੁਰਾਨ ਕਮਿਉਨਿਸਟ ਪਾਰਟੀ ਨੂੰ ਬੈਨ ਕਰ ਦਿਤਾ ਗਿਆ ਸੀ।
ਸੰਵਿਧਾਨਿਕ ਸਭਾ, ਜਿਸ ਨੂੰ ਕਿ ਅਜ਼ਾਦ ਹਿੰਦੋਸਤਾਨ ਦਾ ਸੰਵਿਧਾਨ ਘੜਨ ਦਾ ਕੰਮ ਸੌਂਪਿਆ ਗਿਆ ਸੀ, ਉਹ ਸਰਬਜਨਕ ਵੋਟ-ਅਧਿਕਾਰ ਦੇ ਅਧਾਰ ਉਤੇ ਲੋਕਾਂ ਵਲੋਂ ਨਹੀਂ ਸੀ ਚੁਣੀ ਗਈ। ਉਸ ਦੇ ਕਈ ਮੈਂਬਰ ਬਰਤਾਨਵੀ ਰਾਜ ਵਲੋਂ ਨਾਮਜ਼ਦ ਕੀਤੇ ਗਏ ਸਨ। ਬਾਕੀ ਦੇ ਬਸਤੀਵਾਦੀ ਰਾਜ ਦੀਆਂ ਸੁਬਾਈ ਵਿਧਾਨਿਕ ਇਕਾਈਆਂ ਲਈ ਚੁਣੇ ਗਏ ਸਨ। ਉਹ ਬਰਤਾਨਵੀ ਰਾਜ ਹੇਠ ਚੁਣੇ ਗਏ ਸਨ, ਜਦੋਂ ਵੋਟ ਦਾ ਅਧਿਕਾਰ ਅਬਾਦੀ ਦੇ ਮੁੱਠੀ ਭਰ ਜਾਇਦਾਦ ਦੇ ਮਾਲਕਾਂ ਨੂੰ ਹੀ ਪ੍ਰਾਪਤ ਸੀ। ਸੰਵਿਧਾਨਿਕ ਸਭਾ ਦੇ ਬਹੁ-ਗਿਣਤੀ ਮੈਂਬਰ ਵੱਡੇ ਸਰਮਾਏਦਾਰਾਂ ਅਤੇ ਵੱਡੇ ਜਗੀਰਦਾਰਾਂ ਦੇ ਪ੍ਰਤੀਨਿਧ ਸਨ, ਜਿਹੜੇ ਬਰਤਾਨਵੀਆਂ ਕੋਲੋਂ ਲੈ ਕੇ ਉਹੀ ਢਾਂਚਾ ਆਪਣੇ ਖੁਦ ਦੇ ਫਾਇਦੇ ਲਈ ਚਲਾਉਣਾ ਚਾਹੁੰਦੇ ਸਨ।
1950 ਦਾ ਸੰਵਿਧਾਨ, ਮਨੁੱਖੀ ਮੇਹਨਤ ਦੀ ਲੁੱਟ-ਖਸੁੱਟ ਰਾਹੀਂ, ਕਿਸਾਨਾਂ ਅਤੇ ਹੋਰ ਛੋਟੇ ਉਤਪਾਦਕਾਂ ਦੀ ਡਕੈਤੀ ਰਾਹੀਂ ਅਤੇ ਹਿੰਦੋਸਤਾਨ ਦੇ ਕੁਦਰਤੀ ਸਾਧਨਾਂ ਦੀ ਲੁੱਟ ਅਤੇ ਡਕੈਤੀ ਰਾਹੀਂ ਆਪਣੀ ਨਿੱਜੀ ਜਾਇਦਾਦ ਵਧਾਉਣ ਦੇ ਸਰਮਾਏਦਾਰਾਂ ਦੇ “ਹੱਕ” ਦੀ ਹਿਫਾਜ਼ਤ ਕਰਦਾ ਹੈ।
ਅਜ਼ਾਦ ਹਿੰਦੋਸਤਾਨ ਦਾ ਸੰਵਿਧਾਨ ਬਰਤਾਨਵੀ ਬਸਤੀਵਾਦੀ ਰਾਜ ਵਾਲੇ ਫਿਰਕਾਪ੍ਰਸਤ ਨਜ਼ਰੀਏ ਨੂੰ ਬਰਕਰਾਰ ਰਖਦਾ ਹੈ। ਇਹ ਹਿੰਦੋਸਤਾਨੀ ਸਮਾਜ ਨੂੰ ਹਿੰਦੂ ਬਹੁ-ਗਿਣਤੀ, ਅਤੇ ਮੁਸਲਿਮ ਘੱਟ-ਗਿਣਤੀ ਅਤੇ ਹੋਰ ਧਾਰਮਿਕ ਘੱਟ-ਗਿਣਤੀਆਂ ਦਾ ਬਣਿਆਂ ਹੋਇਆ ਮੰਨਦਾ ਹੈ। ਇਹਦੇ ਵਿਚ ਇਕ ਨਿਮਨ-ਧਾਰਾ ਵੀ ਹੈ ਜੋ ਸਿੱਖਾਂ ਅਤੇ ਜੈਨੀਆਂ ਨੂੰ ਹਿੰਦੂ ਬਹੁਗਿਣਤੀ ਦਾ ਹਿੱਸਾ ਐਲਾਨ ਕਰਦਾ ਹੈ।
ਹਿੰਦੋਸਤਾਨੀ ਸਰਮਾਏਦਾਰੀ ਨੇ ਬਸਤੀਵਾਦ ਦੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਨੂੰ ਕਾਇਮ ਰਖਿਆ ਹੈ ਅਤੇ ਇਸ ਨੂੰ ਹੋਰ ਵੀ ਨਿਪੁੰਨ ਬਣਾ ਲਿਆ ਹੈ। ਰਾਜ ਵਲੋਂ ਫਿਰਕੂ ਹਿੰਸਾ ਆਯੋਜਿਤ ਕਰਕੇ, ਇਸ ਨੂੰ ਦੰਗਾ-ਫਸਾਦ ਦੇ ਤੌਰ ਤੇ ਪੇਸ਼ ਕਰਨਾ ਅਤੇ ਫੇਰ ਫਿਰਕੂ ਪ੍ਰੇਮ-ਭਾਵ ਰਖਣ ਦੇ ਉਪਦੇਸ਼ ਦੇਣੇ, ਅਜ਼ਾਦ ਹਿੰਦੋਸਤਾਨ ਵਿਚ ਹਕੂਮਤ ਕਰਨ ਦੇ ਇਹ ਪਸੰਦੀਦਾ ਤਰੀਕੇ ਹਨ।
ਜਦਕਿ ਹਿੰਦੋਸਤਾਨ ਨੂੰ “ਸੂਬਿਆਂ/ਰਾਜਾਂ ਦਾ ਸੰਘ” ਕਿਹਾ ਜਾਂਦਾ ਹੈ, ਪਰ ਇਸ ਸੰਘ ਦੇ ਕਿਸੇ ਵੀ ਘਟਕ/ਹਿੱਸੇ ਦੀ ਕੌਮੀ ਪਹਿਚਾਣ ਅਤੇ ਅਧਿਕਾਰਾਂ ਨੂੰ ਮਾਨਤਾ ਨਹੀਂ ਦਿਤੀ ਜਾਂਦੀ। ਹਿੰਦੋਸਤਾਨੀ ਸੰਘ ਦੇ ਅੰਦਰ ਆਪਣੇ ਹੱਕ ਮੰਗਣ ਵਾਲੀ ਕੌਮ, ਕੌਮੀਅਤ ਜਾਂ ਲੋਕਾਂ ਨਾਲ ਮੁਜਰਿਮਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹਿੰਦੋਸਤਾਨ ਦੀ ਰਾਸ਼ਟਰੀ ਏਕਤਾ ਅਤੇ ਇਲਾਕਾਈ ਅਖੰਡਤਾ ਲਈ ਖਤਰਾ ਸਮਝਿਆ ਜਾਂਦਾ ਹੈ। ਸੰਵਿਧਾਨ ਇਸ ਉਪ-ਮਹਾਂਦੀਪ ਦੇ ਵਿਿਭੰਨ ਲੋਕਾਂ ਦੀ ਕੌਮੀ ਪਹਿਚਾਣ ਅਤੇ ਅਧਿਕਾਰਾਂ ਨੂੰ ਮੰਨਣ ਤੋਂ ਪੂਰੀ ਤਰਾਂ ਇਨਕਾਰ ਕਰਦਾ ਹੈ।
ਰਾਜਾਂ ਦੀਆਂ ਹੱਦਾਂ ਦੀ ਪ੍ਰੀਭਾਸ਼ਾ ਉਪਰ ਕੇਂਦਰੀ ਸੰਸਦ ਉੱਚਤਮ ਤਾਕਤ ਰਖਦੀ ਹੈ। ਉਸ ਕੋਲ ਮੌਜੂਦਾ ਰਾਜਾਂ ਨੂੰ ਤੋੜਨ, ਨਵੇਂ ਰਾਜ ਬਣਾਉਣ ਜਾਂ ਮੌਜੂਦਾ ਰਾਜਾਂ ਨੂੰ ਸੰਘੀ ਖੇਤਰ ਬਣਾਉਣ ਦੀ ਤਾਕਤ ਹੈ। ਕੇਂਦਰ ਕੋਲ ਰਾਜਾਂ ਦੇ ਅਧਿਕਾਰਾਂ ਨੂੰ ਦਬਾਉਣ ਦੀ ਤਾਕਤ ਅਜਾਰੇਦਾਰ ਸਰਮਾਏਦਾਰਾਂ ਦੇ ਨਜ਼ਰੀਏ ਅਤੇ ਨਿਸ਼ਾਨੇ ਦੀ ਪ੍ਰਤੀਕ ਹੈ, ਜਿਹੜੇ ਵੰਡੇ ਹੋਏ ਹਿੰਦੋਸਤਾਨ ਦੇ ਪੂਰੇ ਇਲਾਕੇ ਨੂੰ ਆਪਣੀ ਜਗੀਰ ਸਮਝਦੇ ਹਨ।
ਸਰਬਜਨਕ ਬਾਲਗ ਵੋਟ ਅਧਿਕਾਰ ਦੀ ਲੋਕ-ਪ੍ਰਿਯ ਮੰਗ ਸਵੀਕਾਰ ਕਰਦਿਆਂ ਹੋਇਆਂ, ਸੰਵਿਧਾਨਿਕ ਸਭਾ ਨੇ ਬਰਤਾਨਵੀ ਹਾਕਮਾਂ ਵਲੋਂ ਹਿੰਦੋਸਤਾਨੀ ਲੋਕਾਂ ਉਪਰ ਰਾਜ ਕਰਨ ਲਈ ਸਥਾਪਤ ਕੀਤੇ ਪਾੜੋ ਅਤੇ ਰਾਜ ਕਰੋ ਦੇ ਰਾਜਨੀਤਕ ਢਾਂਚੇ ਨੂੰ ਕਾਇਮ ਰਖਣ ਦਾ ਫੈਸਲਾ ਕਰ ਲਿਆ। 1950 ਦੇ ਸੰਵਿਧਾਨ ਦਾ ਤਿੰਨ ਚੁਥਾਈ ਹਿੱਸਾ ਬਰਤਾਨੀਆਂ ਦੇ ਗਵਰਨਮੈਂਟ ਆਫ ਇੰਡੀਆ ਐਕਟ 1935, ਦੀ ਹੂ-ਬ-ਹੂ ਨਕਲ ਹੈ।
ਹਿੰਦੋਸਤਾਨੀ ਸਰਮਾਏਦਾਰੀ ਨੇ ਚੋਣਾਂ ਦੇ ਨਤੀਜੇ ਤੈਅ ਕਰਨ ਲਈ ਅਥਾਹ ਧਨ-ਬਲ ਅਤੇ ਮੀਡੀਆ ਦੀ ਤਾਕਤ ਨੂੰ ਵਰਤਿਆ ਹੈ। ਉਸ ਨੇ ਚੋਣਾਂ ਦੀ ਵਰਤੋਂ, ਉਹ ਪਾਰਟੀ ਜਾਂ ਪਾਰਟੀਆਂ ਦਾ ਗਠਜੋੜ ਤਾਕਤ ਵਿਚ ਲਿਆਉਣ ਲਈ ਕੀਤੀ ਹੈ ਜੋ ਉਸ ਦਾ ਅਜੰਡਾ ਪੁਰ-ਅਸਰ ਢੰਗ ਨਾਲ ਲਾਗੂ ਕਰ ਸਕਦੀ ਹੋਵੇ ਅਤੇ ਨਾਲ ਹੀ ਲੋਕਾਂ ਨੂੰ ਬੁੱਧੂ ਬਣਾ ਸਕੇ ਕਿ ਉਨ੍ਹਾਂ ਦੀਆਂ ਸਮੱਸਿਆਂਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਸਮੇਂ ਸਮੇਂ ਉਪਰ ਹਕੂਮਤੀ ਅਤੇ ਵਿਰੋਧ ਬੈਂਚਾਂ ਵਾਲੀਆਂ ਪਾਰਟੀਆਂ ਥਾਂ ਬਦਲਦੀਆਂ ਰਹਿੰਦੀਆਂ ਹਨ, ਪਰ ਇਸ ਨਾਲ ਕਦੇ ਵੀ ਆਰਥਿਕਤਾ ਦੀ ਸਰਮਾਏਦਾਰਾ ਦਿਸ਼ਾ ਜਾਂ ਲੋਕਾਂ ਦੇ ਅਧਿਕਾਰਾਂ ਦੀਆਂ ਉਲੰਘਣਾਵਾਂ ਵਿਚ ਕੋਈ ਤਬਦੀਲੀ ਨਹੀਂ ਆਈ।
75 ਸਾਲਾਂ ਦੁਰਾਨ ਪੂੰਜੀ ਦੇ ਵਧ ਰਹੇ ਕੇਂਦਰੀਕਰਨ ਦੇ ਨਾਲ ਨਾਲ ਰਾਜਨੀਤਕ ਤਾਕਤ ਦਾ ਕੇਂਦਰੀਕਰਨ ਵੀ ਵਧਿਆ ਹੈ। ਬਸਤੀਵਾਦੀ ਵੇਲਿਆਂ ਤੋਂ ਵਿਰਾਸਤ ਵਿਚ ਮਿਲੇ ਰਾਜ ਦੀ ਵਰਤੋਂ ਕਰਕੇ, ਵੱਡੇ ਸਰਮਾਏਦਾਰਾਂ ਨੇ ਪੂੰਜੀਵਾਦ ਵਿਕਸਤ ਕੀਤਾ ਹੈ, ਦੌਲਤ ਇਕੱਠੀ ਕੀਤੀ ਹੈ, ਅਤੇ ਉਹ ਅਜਾਰੇਦਾਰ ਸਰਮਾਏਦਾਰ ਬਣ ਗਏ ਹਨ ਅਤੇ ਸਾਮਰਾਜਵਾਦੀ ਬਣਨ ਦੇ ਇਰਾਦੇ ਰਖਦੇ ਹਨ। ਹੁਣ ਉਨ੍ਹਾਂ ਨੇ ਉਦਾਰੀਕਰਣ ਅਤੇ ਨਿੱਜੀਕਰਣ ਦੇ ਨੁਸਖੇ ਫੜ ਲਏ ਹਨ ਅਤੇ ਕਿਸੇ ਕਿਸਮ ਦਾ ਸਮਾਜਵਾਦ ਉਸਾਰਨ ਜਾਂ ਮਿਲੀ-ਜੁਲੀ ਆਰਥਿਕਤਾ ਸਥਾਪਤ ਕਰਨ ਦਾ ਪਖੰਡ ਛੱਡ ਦਿਤਾ ਹੈ। ਅਖੌਤੀ ਸਭ ਤੋਂ ਵੱਡੀ ਜਮਹੂਰੀਅਤ ਬੁਰੀ ਤਰਾਂ ਨੰਗੀ ਹੋ ਚੁੱਕੀ ਹੈ ਅਤੇ ਸਾਫ ਤੌਰ ਉਤੇ ਜ਼ਾਹਰ ਹੋ ਗਿਆ ਹੈ ਕਿ ਇਹ ਮੁੱਠੀ ਭਰ ਹਿੰਦੋਸਤਾਨੀ ਅਤੇ ਬਦੇਸ਼ੀ ਅਜਾਰੇਦਾਰ ਸਰਮਾਏਦਾਰਾਂ ਦੀ ਤਾਨਾਸ਼ਾਹੀ ਹੈ।
ਹਿੰਦੋਸਤਾਨੀ ਅਜਾਰੇਦਾਰ ਸਰਮਾਏਦਾਰ ਹਿੰਦੋਸਤਾਨ ਦੇ ਅੰਦਰ ਅਤੇ ਬਦੇਸ਼ੀ ਬਜ਼ਾਰਾਂ ਵਿਚ ਬਦੇਸ਼ੀ ਅਜਾਰੇਦਾਰ ਸਰਮਾਏਦਾਰਾਂ ਨਾਲ ਸਹਿਯੋਗ ਵੀ ਅਤੇ ਮੁਕਾਬਲਾ ਵੀ ਕਰਦੇ ਹਨ। ਹਿੰਦੋਸਤਾਨੀ ਰਾਜ ਅਜਾਰੇਦਾਰ ਸਰਮਾਏਦਾਰਾਂ ਦੇ ਸਾਮਰਾਜਵਾਦੀ ਮਨਸੂਬਿਆਂ ਦੀ ਪੂਰਤੀ ਲਈ ਅਮਰੀਕੀ ਸਾਮਰਾਜਵਾਦ ਨਾਲ ਰਣਨੈਤਿਕ ਫੌਜੀ ਗਠਜੋੜ ਵਿਚ ਸ਼ਾਮਲ ਹੋ ਗਿਆ ਹੈ।
ਸਰਮਾਏਦਾਰੀ ਆਪਣੇ ਅੱਤ ਦੇ ਸੌੜੇ ਹਿੱਤਾਂ ਅਤੇ ਸਾਮਰਾਜਵਾਦੀ ਨਿਸ਼ਾਨਿਆਂ ਲਈ ਦੇਸ਼ ਨੂੰ ਬਹੁਤ ਹੀ ਖਤਰਨਾਕ ਰਾਹ ਉਤੇ ਘੜੀਸ ਰਹੀ ਹੈ। ਉਹ ਮਜ਼ਦੂਰਾਂ ਦੀ ਲੁੱਟ ਤੇਜ਼ ਕਰ ਰਹੇ ਹਨ ਅਤੇ ਕਿਸਾਨਾਂ ਦੀ ਸਿਰੇ ਦੀ ਡਕੈਤੀ ਕਰ ਰਹੇ ਹਨ। ਉਹ ਸਿਰੇ ਦਾ ਤਸ਼ੱਦਦ ਢਾਹ ਰਹੇ ਹਨ ਅਤੇ ਫਾਸ਼ੀ ਕਨੂੰਨ ਵਰਤ ਕੇ ਮਨਮਰਜ਼ੀ ਨਾਲ ਗ੍ਰਿਫਤਾਰੀਆਂ ਕਰ ਰਹੇ ਹਨ।
ਸਿੱਟੇ
ਬਰਤਾਨਵੀ ਬਸਤੀਵਾਦੀ ਰਾਜ ਦਾ ਖਤਮ ਹੋਣਾ ਬਾਹਰਮੁੱਖੀ ਤੌਰ ਤੇ ਇਕ ਸਕਾਰਾਤਮਿਕ ਵਿਕਾਸ ਸੀ। ਇਹ ਇਕ ਅਗਾਂਹ ਵਲ ਕਦਮ ਸੀ। ਪਰ ਜੇਕਰ ਸਰਮਾਏਦਾਰੀ ਦੀ ਬਜਾਇ ਮਜ਼ਦੂਰ ਜਮਾਤ ਨੇ ਬਸਤੀਵਾਦ-ਵਿਰੋਧੀ ਸੰਘਰਸ਼ ਦੀ ਅਗਵਾਈ ਕੀਤੀ ਹੁੰਦੀ ਤਾਂ ਜੋ ਕੁਝ ਹਾਸਲ ਕੀਤਾ ਜਾ ਸਕਦਾ ਸੀ, ਇਹ ਉਸ ਤੋਂ ਬਹੁਤ ਘੱਟ ਸੀ।
ਜੇਕਰ ਅੱਜ ਦੇ ਨਜ਼ਰੀਏ ਤੋਂ ਪਿਛਲੇ ਸਮੇਂ ਨੂੰ ਦੇਖੀਏ ਤਾਂ ਮੰਨਣਾ ਪਵੇਗਾ ਕਿ 1947 ਵਿਚ ਸੱਤਾ ਦੇ ਹਸਤਾਂਤਰਣ ਦੁਰਾਨ, ਕਮਿਉਨਿਸਟ ਲਹਿਰ ਸਰਮਾਏਦਾਰ ਜਮਾਤ ਦੀ ਗ਼ਦਾਰੀ ਦਾ ਪਰਦਾਫਾਸ਼ ਕਰਨ ਵਿਚ ਨਾਕਾਮ ਰਹੀ। ਕਮਿਉਨਿਸਟ ਲਹਿਰ ਬਸਤੀਵਾਦੀ ਵਿਰਾਸਤ ਨਾਲ ਨਾਤਾ ਤੋੜਨ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕਰਕੇ ਸਮਾਜਵਾਦ ਦੇ ਰਾਹ ਉਤੇ ਚਲਣ ਲਈ ਇਕ ਇਨਕਲਾਬੀ ਪ੍ਰੋਗਰਾਮ ਵਿਕਸਤ ਕਰਨ ਵਿਚ ਨਾਕਾਮ ਰਿਹਾ। ਸਪੱਸ਼ਟ ਇਨਕਲਾਬੀ ਅਗਵਾਈ ਨਾ ਹੋਣ ਕਰਕੇ ਮਜ਼ਦੂਰਾਂ, ਕਿਸਾਨਾਂ ਅਤੇ ਸੈਨਕਾਂ ਦਾ ਜਨਤਕ ਉਭਾਰ ਇਨਕਲਾਬ ਦੀ ਜਿੱਤ ਤਕ ਨਹੀਂ ਪਹੁੰਚ ਸਕਿਆ।
ਕਮਿਉਨਿਸਟ ਲਹਿਰ ਲਈ ਅੱਜ ਪਿਛਲੀਆਂ ਨਾਕਾਮੀਆਂ ਬਾਰੇ ਰੋਣ ਧੋਣ ਦਾ ਕੋਈ ਫਾਇਦਾ ਨਹੀਂ ਬਲਕਿ ਅੱਜ ਸਮੱਸਿਆ ਦਾ ਹੱਲ ਕਰਨ ਦਾ ਕੰਮ ਹੱਥ ਵਿਚ ਲੈਣਾ ਹੈ। ਸਾਡਾ ਕੰਮ ਮਜ਼ਦੂਰ ਜਮਾਤ ਅਤੇ ਤਮਾਮ ਦੱਬੇ-ਕੁਚਲੇ ਅਤੇ ਲੁਟੀਂਦੇ ਲੋਕਾਂ ਨੂੰ ਬਸਤੀਵਾਦੀ ਵਿਰਾਸਤ ਨਾਲੋਂ ਨਾਤਾ ਤੋੜਨ ਦੀ ਅਵੱਸ਼ਕਤਾ ਬਾਰੇ ਜਾਗਰਤ ਕਰਨਾ ਹੈ। ਹਿੰਦੋਸਤਾਨ ਨੂੰ ਸਰਮਾਏਦਾਰੀ ਅਤੇ ਸੰਸਦੀ ਲੋਕਤੰਤਰ ਦੇ ਢਾਂਚੇ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ, ਜੋ ਢਾਂਚਾ ਮੁੱਖ ਤੌਰ ਉਤੇ ਸਰਮਾਏਦਾਰੀ ਦੀ ਤਾਨਾਸ਼ਾਹੀ ਹੈ।
ਯਥਾਸਥਿਤੀ ਦੇ ਇਨਕਲਾਬੀ ਵਿਕਲਪ ਦੇ ਗਿਰਦ ਕਮਿਉਨਿਸਟਾਂ ਦੀ ਏਕਤਾ ਬਹਾਲ ਕਰਨੀ ਪਵੇਗੀ। ਇਹਦੇ ਲਈ ਬੁਰਜੂਆ ਵਿਚਾਰਧਾਰਾ ਨਾਲ ਹਰ ਕਿਸਮ ਦੇ ਸਮਝੌਤੇ ਦੇ ਖਿਲਾਫ, ਸੰਵਿਧਾਨ ਦੇ ਸੋਹਲੇ ਗਾਉਣ ਅਤੇ ਪੂੰਜੀਵਾਦ ਅਤੇ ਸੰਸਦੀ ਲੋਕਤੰਤਰ ਬਾਰੇ ਭਰਮ ਪੈਦਾ ਕਰਨ ਦੇ ਖਿਲਾਫ ਨਿਰੰਤਰ ਸਿਧਾਂਤਕ ਸੰਘਰਸ਼ ਚਲਾਉਣ ਦੀ ਜ਼ਰੂਰਤ ਹੈ।
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਤਮਾਮ ਕਮਿਉਨਿਸਟਾਂ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦਾ ਰਾਜ ਸਥਾਪਤ ਕਰਨ, ਸਾਮਰਾਜਵਾਦੀ ਢਾਂਚੇ ਤੋਂ ਬਾਹਰ ਨਿਕਲਣ, ਜਗੀਰਦਾਰੀ ਅਤੇ ਜਾਤੀਵਾਦੀ ਢਾਂਚੇ ਦੀ ਸਾਰੀ ਰਹਿੰਦ ਖੂਹੰਦ ਨੂੰ ਖਤਮ ਕਰਨ ਅਤੇ ਪੂੰਜੀਵਾਦ ਤੋਂ ਸਮਾਜਵਾਦ ਦੇ ਰਾਹ ਉਤੇ ਚਲਣ ਦੇ ਪ੍ਰੋਗਰਾਮ ਦੇ ਇਰਦ-ਗਿਰਦ ਇਕਮੁੱਠ ਹੋਣ ਦਾ ਸੱਦਾ ਦਿੰਦੀ ਹੈ।
ਹਿੰਦੋਸਤਾਨ ਨੂੰ ਨਵ-ਨਿਰਮਾਣ ਦੀ ਜ਼ਰੂਰਤ ਹੈ, ਨਵੀਂਆਂ ਬੁਨਿਆਦਾਂ ਉਪਰ ਨਵੀਂ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ। ਹਿੰਦੋਸਤਾਨੀ ਸੰਘ ਨੂੰ ਇਕ ਸਵੈ-ਇੱਛਕ ਸੰਘ ਦੇ ਰੂਪ ਵਿਚ ਪੁਨਰਗਠਿਤ ਕਰਨਾ ਹੋਵੇਗਾ, ਜਿਸ ਵਿਚ ਹਰੇਕ ਘਟਕ ਦੇ ਕੌਮੀ ਅਧਿਕਾਰਾਂ ਦਾ ਆਦਰ ਕੀਤਾ ਜਾਵੇਗਾ। ਸੰਵਿਧਾਨ ਨੂੰ ਕੌਮੀ ਅਧਿਕਾਰਾਂ ਸਮੇਤ ਤਮਾਮ ਲੋਕਤੰਤਰਿਕ ਅਤੇ ਮਨੁੱਖੀ ਅਧਿਕਾਰਾਂ ਦੀ ਗਰੰਟੀ ਦੇਣੀ ਹੋਵੇਗੀ। ਲੋਕਾਂ ਨੂੰ ਪ੍ਰਭੂਸੱਤ ਬਣਾਉਣਾ ਹੋਵੇਗਾ। ਰਾਜਨੀਤਕ ਪ੍ਰੀਕ੍ਰਿਆ ਨੂੰ ਬਦਲਣਾ ਹੋਵੇਗਾ ਤਾਂ ਕਿ ਮੇਹਨਤਕਸ਼ ਜਨਤਾ ਫੈਸਲੇ ਲੈਣ ਦੀ ਤਾਕਤ ਦਾ ਪ੍ਰਯੋਗ ਕਰ ਸਕੇ। ਆਰਥਿਕ ਢਾਂਚੇ ਨੂੰ ਤਮਾਮ ਲੋਕਾਂ ਦੀਆਂ ਵਧ ਰਹੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਦਿਸ਼ਾ ਵਿਚ ਚਲਾਉਣਾ ਹੋਵੇਗਾ, ਨਾਂ ਕਿ ਮੁੱਠੀਭਰ ਸਰਮਾਏਦਾਰਾਂ ਦੇ ਵਧ ਤੋਂ ਵਧ ਨਿੱਜੀ ਮੁਨਾਫਿਆਂ ਦੇ ਲਾਲਚ ਪੂਰੇ ਕਰਨ ਲਈ।