ਬਰਤਾਨੀਆਂ ਵਿੱਚ ਰੇਲ ਮਜ਼ਦੂਰਾਂ ਨੇ, 21 ਜੂਨ ਨੂੰ ਇੱਕ ਭਾਰੀ ਹੜਤਾਲ ਕੀਤੀ ਜੋ ਪਿਛਲੇ 30 ਸਾਲਾਂ ਵਿੱਚ ਸਭ ਤੋਂ ਬੜੀ ਹੜਤਾਲ ਸੀ। ਆਪਣੇ ਵੇਤਨ ਵਧਾਏ ਜਾਣ ਅਤੇ ਨੌਕਰੀ ਦੀ ਸੁਰੱਖਿਆ ਲਈ ਦਹਿ-ਹਜ਼ਾਰਾਂ ਰੇਲ ਮਜ਼ਦੂਰ ਡਿਊਟੀ ਉਤੇ ਨਹੀਂ ਆਏ।
40,000 ਤੋਂ ਵੱਧ ਰੇਲ ਮਜ਼ਦੂਰ ਹੜਤਾਲ ਉਤੇ ਸਨ ਅਤੇ ਉਸ ਦਿਨ ਤੜਕਸਾਰ ਹੀ ਪਿਕਟਾਂ ਲੱਗ ਗਈਆਂ ਅਤੇ ਬਰਤਾਨੀਆਂ ਦਾ ਤਮਾਮ ਰੇਲਵੇ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਗਿਆ। ਲੰਡਨ ਅੰਡਰਗਰਾਊਂਡ ਰੇਲਵੇ ਦੇ ਮਜ਼ਦੂਰ ਵੀ ਹੜਤਾਲ ਉੱਤੇ ਚਲੇ ਗਏ ਸਨ ਅਤੇ ਉਹ ਵੀ 24 ਘੰਟਿਆਂ ਲਈ ਬੰਦ ਰਿਹਾ।
ਹੜਤਾਲ ਦੀ ਅਗਵਾਈ ਕਰਨ ਵਾਲੀ ਰੇਲ, ਮਾਰੀਟਾਈਮ (ਸਮੁੰਦਰੀ ਟਰਾਂਸਪੋਰਟ), ਟਰਾਂਸਪੋਰਟ ਮਜ਼ਦੂਰ ਯੂਨੀਅਨ (ਆਰ ਐਮ ਟੀ), ਨੇ ਲੰਬੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ, ਜਿੱਥੇ ਕਿ ਹਰ ਮੰਗਲਵਾਰ, ਵੀਰਵਾਰ ਅਤੇ ਸਨਿਚਰਵਾਰ ਨੂੰ ਹੜਤਾਲ ਕੀਤੀ ਜਾਂਦੀ ਰਹੇਗੀ। ਯੂਨੀਅਨ ਨੇ ਕਿਹਾ ਹੈ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਾ ਹੋਈ ਉਦੋਂ ਤਕ ਹੜਤਾਲ ਜਾਰੀ ਰਹੇਗੀ।
ਸਫਾਈ ਕਰਨ ਵਾਲੇ ਮਜ਼ਦੂਰ, ਜਿਨ੍ਹਾਂ ਨੂੰ ਕਿ ਬਹੁਤ ਹੀ ਥੋੜ੍ਹੀ ਤਨਖਾਹ ਦਿੱਤੀ ਜਾਂਦੀ ਹੈ, ਸਮੇਤ ਹਰ ਖੇਤਰ ਦੇ ਰੇਲ ਮਜ਼ਦੂਰਾਂ ਨੇ ਇਸ ਹੜਤਾਲ ਵਿੱਚ ਭਾਗ ਲਿਆ। ਰੇਲ ਮਜ਼ਦੂਰ ਮਹਿੰਗਾਈ ਵਧ ਜਾਣ ਕਰਕੇ ਵੇਤਨਾਂ ਵਿੱਚ ਵਾਧੇ ਵਾਸਤੇ ਸੰਘਰਸ਼ ਕਰ ਰਹੇ ਹਨ। ਇਸ ਵੇਲੇ ਬਰਤਾਨੀਆਂ ਵਿੱਚ ਪਿਛਲੇ 40 ਸਾਲਾਂ ਵਿੱਚ ਸਭ ਤੋਂ ਵੱਧ ਮਹਿੰਗਾਈ ਹੈ ਅਤੇ ਇਹ ਲਗਾਤਾਰ ਉਪਰ ਜਾ ਰਹੀ ਹੈ।
ਰੇਲ ਮਜ਼ਦੂਰਾਂ ਕੰਮ ਦੇ ਬੇਹਤਰ ਹਾਲਾਤਾਂ ਅਤੇ ਨੌਕਰੀ ਦੀ ਸੁਰੱਖਿਆ ਲਈ ਵੀ ਲੜ ਰਹੇ ਹਨ। ਕੋਵਿਡ-19 ਮਹਾਂਮਾਰੀ ਦੇ ਕਾਰਨ ਬਹੁਤ ਸਾਰੀਆਂ ਰੇਲ ਸੇਵਾਵਾਂ ਬੰਦ ਹੋ ਗਈਆਂ ਸਨ। ਅਧਿਕਾਰੀਆਂ ਨੇ ਬਹੁਤ ਸਾਰੇ ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਅਤੇ ਬਚਦੇ ਮਜ਼ਦੂਰਾਂ ਦਾ ਕੰਮ-ਭਾਰ ਵਧਾ ਦਿੱਤਾ ਸੀ।
ਰੇਲ ਸੇਵਾਵਾਂ ਚਲਾਉਣ ਵਾਲੀਆਂ ਕੰਪਨੀਆਂ ਨੇ ਤਨਖਾਹ ਵਿੱਚ ਕੇਵਲ 3% ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਹੈ, ਜਦ ਕਿ ਬਰਤਾਨੀਆਂ ਵਿੱਚ ਮੁਦਰਾਸਫੀਤੀ 9% ਤੋਂ ਵੱਧ ਹੈ। ਰੇਲਵੇ ਯੂਨੀਅਨ ਨੇ ਰੇਲ ਮਜ਼ਦੂਰਾਂ ਦੀਆਂ ਘਟ ਰਹੀਆਂ ਤਨਖਾਹਾਂ ਵਾਸਤੇ ਸਰਕਾਰ ਵਲੋਂ ਟਰਾਂਸਪੋਰਟ ਪ੍ਰੋਗਰਾਮ ਦੇ ਬੱਜਟ ਵਿੱਚ 4.9 ਬਿਲੀਅਨ ਪੌਂਡ ਕਟੌਤੀ ਕੀਤੇ ਜਾਣ ਨੂੰ ਦੋਸ਼ ਦਿੱਤਾ ਹੈ। ਯੂਨੀਅਨ ਨੇ ਅੰਡਰਗਾਊਂਡ ਟਰੇਨ ਚਾਲਕਾਂ ਅਤੇ ਜ਼ਮੀਨ ਉਪਰ ਚੱਲਣ ਵਾਲੀਆਂ ਟਰੇਨਾਂ ਦੇ ਚਾਲਕਾਂ ਦੀਆਂ ਤਨਖਾਹਾਂ ਵਿੱਚ ਮੁਦਰਾਸਫੀਤੀ ਤੋਂ ਘੱਟ ਵਾਧੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਯੂਨੀਅਨਾਂ ਦੀਆਂ ਮੰਗਾਂ ਵਿੱਚ, ਨੌਕਰੀਆਂ ਬਚਾਉਣਾ, ਬੇਹਤਰ ਤਨਖਾਹ ਅਤੇ ਕੰਮ ਉਤੇ ਸੇਫਟੀ/ਬਚਾਓ ਸ਼ਾਮਲ ਹੈ। ਉਹ ਰੇਲਵੇ ਲਾਈਨਾਂ ਦੀ ਚੰਗੀ ਦੇਖ-ਰੇਖ ਅਤੇ ਮੁਰੰਮਤ ਕਾਇਮ ਰੱਖਣ ਦੀ ਵੀ ਮੰਗ ਕਰ ਰਹੇ ਹਨ। ਉਹ ਖਰਚਾ ਘਟਾਉਣ ਦੇ ਬਹਾਨੇ ਹੇਠ, ਟਰੇਨਾਂ ਵਿਚੋਂ ਗਾਰਡ ਹਟਾ ਦਿੱਤੇ ਜਾਣ ਅਤੇ 1000 ਤੋਂ ਵੱਧ ਟਿਕਟ ਆਫਿਸ ਬੰਦ ਕੀਤੇ ਜਾਣ ਦੀ ਵਿਰੋਧਤਾ ਕਰ ਰਹੇ ਹਨ।
ਬਰਤਾਨਵੀ ਰੇਲ ਮਜ਼ਦੂਰਾਂ ਦੀ ਹੜਤਾਲ ਬਰਤਾਨੀਆਂ ਦੇ ਮੇਹਨਤਕਸ਼ ਲੋਕਾਂ ਦੀਆਂ ਨੌਕਰੀਆਂ, ਤਨਖਾਹਾਂ ਅਤੇ ਕੰਮ ਦੀਆਂ ਹਾਲਤਾਂ ਉਪਰ ਕੀਤੇ ਜਾ ਰਹੇ ਹਮਲਿਆਂ ਦੇ ਖ਼ਿਲਾਫ਼ ਸੰਘਰਸ਼ ਦਾ ਅੰਗ ਹਨ।