18 ਜੂਨ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਦਹਿ-ਹਜ਼ਾਰਾਂ ਮਜ਼ਦੂਰਾਂ ਨੇ ਇੱਕ ਵਿਸ਼ਾਲ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ਅਮਰੀਕਾ ਦੇ ਲੱਗਭਗ ਸਾਰੇ ਰਾਜਾਂ ਤੋਂ ਮੇਹਨਤਕਸ਼ ਲੋਕਾਂ ਨੇ ਆ ਕੇ, ਗਰੀਬੀ ਅਤੇ ਨਸਲੀ ਵਿਤਕਰਾ ਖਤਮ ਕਰਨ ਅਤੇ ਬੁਨਿਆਦੀ ਹੱਕ ਲੈਣ ਦੀ ਮੰਗ ਉਠਾਈ। ਇਸ ਮੁਜ਼ਾਹਰੇ ਵਿੱਚ ਵੇਅਰਹਾਊਸਾਂ ਅਤੇ ਮਿਉਂਸਿਪਲ ਮਜ਼ਦੂਰਾਂ ਅਤੇ ਉਨ੍ਹਾਂ ਦੀਆਂ ਯੂਨੀਅਨਾਂ, ਸਵਾਸਥ ਸੇਵਾ ਦੇ ਮਜ਼ਦੂਰਾਂ, ਔਰਤਾਂ, ਸੀਨੀਅਰ ਸਿਟੀਜ਼ਨਾਂ ਅਤੇ ਬਹੁਤ ਸਾਰੇ ਆਰਥਿਕ ਖੇਤਰਾਂ ਦੇ ਦਸਤਾਵੇਜ਼-ਰਹਿਤ ਮਜ਼ਦੂਰਾਂ ਨੇ ਹਿੱਸਾ ਲਿਆ।
ਇਸ ਮੁਜ਼ਾਹਰੇ ਵਿੱਚ ਹਿੱਸਾ ਲੈਣ ਵਾਲਿਆਂ ਦਾ ਖਾੜਕੂ ਜੋਸ਼ ਪ੍ਰਤੱਖ ਦਿਖਾਈ ਦਿੰਦਾ ਸੀ। “ਹਰ ਕਿਸੇ ਨੂੰ ਜਿਊਣ ਦਾ ਹੱਕ ਹੈ” ਨਾਅਰੇ ਵਾਲੇ ਬੈਨਰ ਲੋਕਾਂ ਦੀਆਂ ਇਨ੍ਹਾਂ ਪ੍ਰਬਲ ਭਾਵਨਾਵਾਂ ਦੇ ਪ੍ਰਤੀਕ ਸਨ ਕਿ ਰਹਾਇਸ਼, ਸਵਾਸਥ ਸੇਵਾਵਾਂ, ਪੜ੍ਹਾਈ, ਚੰਗੇ ਵੇਤਨ ਅਤੇ ਕੰਮ ਕਰਨ ਦੇ ਸੁਰੱਖਿਅਤ ਹਾਲਾਤ ਬੁਨਿਆਦੀ ਮਾਨਵ ਅਧਿਕਾਰ ਹਨ। ਇਨ੍ਹਾਂ ਮੰਗਾਂ ਦੇ ਰਾਹੀਂ ਲੋਕ ਸਮਾਜ ਉਪਰ ਉਹੀ ਦਾਅਵਾ ਕਰ ਰਹੇ ਹਨ, ਜੋ ਕੁਝ ਉਨ੍ਹਾਂ ਦਾ ਹੱਕ ਬਣਦਾ ਹੈ।
ਰੈਲੀ ਨੂੰ ਸੰਬੋਧਨ ਕਰਨ ਵਾਲੇ, ਬਹੁਤ ਸਾਰੇ ਬੁਲਾਰਿਆਂ ਨੇ ਇਸ ਤੱਥ ਦੀ ਨਿਖੇਧੀ ਕੀਤੀ ਕਿ ਅਮਰੀਕਾ ਵਿਚ 1.40 ਕ੍ਰੋੜ ਲੋਕ ਗਰੀਬੀ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਮੰਗ ਉਠਾਈ ਕਿ ਸਰਕਾਰ ਉਨ੍ਹਾਂ ਦੀਆਂ ਮੁਸੀਬਤਾਂ ਦੂਰ ਕਰਨ ਲਈ ਫੌਰੀ ਕਦਮ ਚੁੱਕੇ।
ਬਹੁਤ ਸਾਰੇ ਬੁਲਾਰਿਆਂ ਨੇ ਗੁੱਸੇ ਨਾਲ ਇਸ ਗੱਲ ਵੱਲ ਧਿਆਨ ਦੁਆਇਆ ਕਿ ਅਮਰੀਕਾ ਦਾ ਸੰਵਿਧਾਨ ਅਤੇ ਉਸ ਦੇ ਰਾਜਾਂ (ਪ੍ਰਾਂਤਾਂ) ਦਾ ਆਪਣਾ ਆਪਣਾ ਸੰਵਿਧਾਨ ਨਸਲਵਾਦ ਅਤੇ ਨਾ-ਬਰਾਬਰੀ ਦੀ ਹਿਫਾਜ਼ਤ ਕਰਦਾ ਹੈ। ਹਰ ਪੱਧਰ ਦੀਆਂ ਸਰਕਾਰਾਂ ਇੱਕ ਅਜੇਹਾ ਢਾਂਚਾ ਬਰਕਰਾਰ ਰੱਖ ਰਹੀਆਂ ਹਨ, ਜਿਸ ਵਿੱਚ ਲੋਕਾਂ ਨੂੰ ਗਰੀਬੀ ਦੀ ਜ਼ਿੰਦਗੀ ਬਸਰ ਕਰਨੀ ਪੈਂਦੀ ਹੈ। ਲੱਖਾਂ ਹੀ ਲੋਕਾਂ ਕੋਲ ਕੋਈ ਨੌਕਰੀ ਨਹੀਂ ਹੈ, ਜਦ ਕਿ ਹੋਰ ਬਹੁਤ ਸਾਰਿਆਂ ਨੂੰ ਇੱਕ ਤੋਂ ਵਧੇਰੇ ਨੌਕਰੀਆਂ ਕਰਨੀਆਂ ਪੈਂਦੀਆਂ ਹਨ। ਗਰੀਬੀ ਵਿੱਚ ਜਿਊਣ ਵਾਲੇ ਬਹੁਗਿਣਤੀ ਲੋਕ ਪ੍ਰਵਾਸੀ (ਇਮੀਗ੍ਰੈਂਟਸ) ਅਤੇ ਕਾਲੇ ਲੋਕ ਅਤੇ ਭੂਸਲੇ ਲੋਕ ਤੇ ਅਮਰੀਕੀ ਮੂਲਵਾਸੀ ਲੋਕ ਹਨ। ਬਹੁਤ ਸਾਰੇ ਮੁਜ਼ਾਹਰਾਕਾਰੀਆਂ ਨੇ ਆਪਣੀ ਸ਼ਾਨ ਅਤੇ ਰੁਜ਼ਗਾਰ ਉਪਰ ਹੋ ਰਹੇ ਹਮਲਿਆਂ ਦੇ ਖ਼ਿਲਾਫ਼ ਗੱਲਬਾਤ ਕੀਤੀ। ਇੱਕ ਮੁਜ਼ਾਹਰਾਕਾਰੀ ਨੇ ਕਿਹਾ ਕਿ “ਲਚਕਦਾਰ ਰਹਿ ਕੇ ਜਾਂ ਸਬਰ ਦਾ ਘੁੱਟ ਭਰ ਕੇ ਜਿਉਣਾ ਕਾਫੀ ਨਹੀਂ ਹੈ, ਵਧਣਾ-ਫੁਲਣਾ ਅਤੇ ਉਨੱਤੀ ਕਰਨਾ ਸਾਡਾ ਮਾਨਵ ਅਧਿਕਾਰ ਹੈ”।
ਉਨ੍ਹਾਂ ਨੇ ਸਰਕਾਰ ਦੇ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕੀਤਾ, ਜੋ ਉਨ੍ਹਾਂ ਦੇ ਰੁਜ਼ਗਾਰ ਅਤੇ ਹੱਕਾਂ ਉਤੇ ਹਮਲਿਆਂ ਨੂੰ ਜਾਇਜ਼ ਠਹਿਰਾਉਣ ਲਈ ਕੀਤਾ ਜਾ ਰਿਹਾ ਹੈ – ਕਿ ਧਨ ਦੀ ਘਾਟ ਹੈ। ਉਨ੍ਹਾਂ ਨੇ ਉਂਗਲੀ ਕੀਤੀ ਕਿ ਕਾਰਪੋਰੇਟਾਂ ਨੂੰ ਦੇਣ ਲਈ ਤਾਂ ਸਰਕਾਰ ਕੋਲ ਧਨ ਦੀ ਕੋਈ ਘਾਟ ਨਹੀਂ ਹੈ। ਦੂਜੇ ਪਾਸੇ, ਉਹ ਦਾਵਾ ਕਰ ਰਹੀ ਹੈ ਕਿ ਸਰਬਵਿਆਪਕ ਸਵਾਸਥ ਸੇਵਾ ਢਾਂਚੇ ਲਈ ਉਸ ਕੋਲ ਕੋਈ ਧਨ ਨਹੀਂ ਹੈ। ਲੋਕਾਂ ਨੇ ਕੋਵਿਡ-19 ਸੰਕਟ ਦੁਰਾਨ ਗਰੀਬ ਲੋਕਾਂ ਪ੍ਰਤੀ ਸਰਕਾਰ ਦੇ ਮੁਜਰਮਾਨਾ ਅਤੇ ਪੱਥਰ-ਚਿੱਤ ਰਵੱਈਏ ਨੂੰ ਨੰਗਾ ਕੀਤਾ।
ਅਮਰੀਕਾ ਦੇ ਦੱਖਣੀ ਹਿੱਸੇ, ਜਿਵੇਂ ਨੌਰਥ ਕੈਰੋਲੀਨਾ, ਸਾਊਥ ਕੈਰੋਲੀਨਾ, ਜੌਰਜੀਆ ਅਤੇ ਅਲਾਬਾਮਾ ਤੋਂ ਆਏ ਮਜ਼ਦੂਰਾਂ ਨੇ ਉਨ੍ਹਾਂ ਰਾਜਾਂ ਵਿਚ ਵੇਤਨ ਨੀਵੇਂ ਰੱਖਣ ਖਾਤਰ ਮਜ਼ਦੂਰਾਂ ਦੀਆਂ ਯੂਨੀਅਨਾਂ ਬਣਾਏ ਜਾਣ ਦੇ ਖ਼ਿਲਾਫ਼ ਕਾਨੂੰਨਾਂ ਦੇ ਵਿਰੁੱਧ ਅਵਾਜ਼ ਉਠਾਈ। ਉਨ੍ਹਾਂ ਨੇ ਮੰਗ ਉਠਾਈ ਕਿ ਕੇਂਦਰ ਵਲੋਂ ਘੱਟ ਤੋਂ ਘੱਟ 7.25 ਡਾਲਰ ਵੇਤਨ ਦਿੱਤੇ ਜਾਣ ਦੀ ਸੀਮਾ ਨੂੰ 15 ਡਾਲਰ ਪ੍ਰਤੀ ਘੰਟਾ ਕੀਤਾ ਕੀਤਾ ਜਾਵੇ। ਏਨਾ ਵੇਤਨ ਵੀ ਗਰੀਬੀ ਰੇਖਾ ਤੋਂ ਮਸਾਂ ਹੀ ਕੁੱਝ ਉਪਰ ਹੈ।
ਅਮਾਂਜ਼ੋਨ ਅਤੇ ਸਟਾਰਬੱਕਸ ਦੇ ਮਜ਼ਦੂਰ ਵੱਡੀ ਗਿਣਤੀ ਵਿੱਚ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਅਮਰੀਕਾ ਭਰ ਵਿੱਚ ਆਪਣੀਆਂ ਯੂਨੀਅਨਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਯੂਨੀਅਨਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਮਜ਼ਦੂਰਾਂ ਨੂੰ ਬਹਾਲ ਕੀਤੇ ਜਾਣ ਲਈ ਖਾੜਕੂ ਸੰਘਰਸ਼ ਚਲਾ ਰਹੇ ਹਨ, ਜਿਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਦਿਤਾ ਗਿਆ ਸੀ। ਅਮਾਂਜ਼ੋਨ ਦੇ ਮਜ਼ਦੂਰ $35 ਡਾਲਰ ਪ੍ਰਤੀ ਘੰਟਾ ਵੇਤਨ ਦੀ ਮੰਗ ਕਰ ਰਹੇ ਹਨ।
ਮੁਜ਼ਾਹਰਾਕਾਰੀਆਂ ਨੇ ਅਜਾਰੇਦਾਰ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਆਪਣਾ ਗੁੱਸਾ ਪ੍ਰਗਟ ਕੀਤਾ, ਜਿਨ੍ਹਾਂ ਨੇ ਅਥਾਹ ਦੌਲਤ ਇਕੱਠੀ ਕਰ ਲਈ ਹੈ, ਜਦ ਕਿ ਮੇਹਨਤਕਸ਼ ਲੋਕਾਂ ਨੂੰ ਭੁੱਖ ਅਤੇ ਬੇਘਰੀ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸੱਚਾਈ ਨੂੰ ਉਜਾਗਰ ਕੀਤਾ ਕਿ ਅਮਰੀਕੀ ਸਰਕਾਰ ਦੇ ਖਰਬਾਂ ਡਾਲਰ ਦੇ ਫੌਜੀ ਬੱਜਟ ਦਾ ਇੱਕ ਤੁੱਸ਼ ਜਿਹਾ ਹਿੱਸਾ ਹੀ ਅਨੇਕਾਂ ਲੋਕਾਂ ਦੀ ਗਰੀਬੀ ਅਤੇ ਤਕਲੀਫਾਂ ਨੂੰ ਬਹੁਤ ਵੱਡੀ ਹੱਦ ਤਕ ਘਟਾ ਸਕਦਾ ਹੈ।
ਏਨੀ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਆਪਣੀਆਂ ਮੰਗਾਂ ਦਾ ਸਮੂਹਿਕ ਪ੍ਰਦਰਸ਼ਨ ਕਰਕੇ, ਮਜ਼ਦੂਰਾਂ ਅਤੇ ਮੇਹਨਤਕਸ਼ ਲੋਕਾਂ ਨੇ ਸਾਫ ਤੌਰ ਉਤੇ ਬਿਆਨ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ। ਉਨ੍ਹਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਲਈ ਆਪਣੀ ਦ੍ਰਿੜਤਾ ਦਾ ਇਜ਼ਹਾਰ ਕਰ ਦਿੱਤਾ ਹੈ।