ਨਾਜ਼ੀ ਜਰਮਨੀ ਦੀ ਹਾਰ ਦੀ 77ਵੀਂ ਵਰ੍ਹੇਗੰਢ ਉਤੇ:
ਦੂਸਰੀ ਸੰਸਾਰ ਜੰਗ ਦੇ ਸਬਕ

ਦੁਨੀਆਂ ਵਿੱਚ ਸਥਾਈ ਅਮਨ ਵਾਸਤੇ ਸਾਮਰਾਜੀ ਜੰਗਾਂ ਦੇ ਸਰੋਤ, ਸਾਮਰਾਜਵਾਦੀ ਢਾਂਚੇ, ਦਾ ਤਖਤਾ ਉਲਟਾ ਕੇ ਉਹਦੀ ਥਾਂ ਸਮਾਜਵਾਦ ਸਥਾਪਤ ਕਰਨ ਦੀ ਜ਼ਰੂਰਤ ਹੈ

77 ਸਾਲ ਪਹਿਲਾਂ, 9 ਮਈ 1945 ਨੂੰ ਨਾਜ਼ੀ ਜਰਮਨੀ ਨੇ ਉਥੋਂ ਦੀ ਰਾਜਧਾਨੀ ਬਰਲਿਨ ਵਿਖੇ ਸੋਵੀਅਤ ਯੂਨੀਅਨ ਦੀ ਲਾਲ ਫੌਜ ਦੇ ਮੂਹਰੇ ਹਥਿਆਰ ਸੁੱਟ ਦਿੱਤੇ। ਇਸ ਨਾਲ ਯੂਰਪ ਵਿੱਚ ਦੂਸਰੀ ਵਿਸ਼ਵ ਜੰਗ ਬੰਦ ਹੋ ਗਈ। ਇਸ ਤੋਂ ਪਹਿਲਾਂ 2 ਮਈ ਨੂੰ, ਰੀਚਸਟੈਗ (ਜਰਮਨੀ ਦੀ ਪਾਰਲੀਮੈਂਟ) ਉਪਰ ਲਾਲ ਫੌਜ ਦਾ ਝੰਡਾ ਝੁਲਾ ਦਿੱਤਾ ਗਿਆ ਸੀ, ਜੋ ਕਿ ਯੂਰਪ ਅਤੇ ਦੁਨੀਆਂ ਦੀ ਨਾਜ਼ੀ ਫਾਸ਼ੀਵਾਦ ਤੋਂ ਮੁਕਤੀ ਦਾ ਪ੍ਰਤੀਕ ਸੀ।

ਨਾਜ਼ੀ ਜਰਮਨੀ, ਫਾਸ਼ੀਵਾਦੀ ਇਟਲੀ ਅਤੇ ਫੌਜਸ਼ਾਹੀ ਜਪਾਨ ਨੇ ਦੁਨੀਆਂ ਦੀ ਨਵੇਂ ਸਿਿਰਉਂ ਵੰਡ ਕਰਕੇ ਆਪਣੀਆਂ ਮੰਡੀਆਂ ਦਾ ਪਸਾਰਾ ਕਰਨ ਲਈ ਮਨੱੁਖਤਾ ਦੇ ਇਤਿਹਾਸ ਵਿੱਚ ਦੁਨੀਆਂ ਦੇ ਲੋਕਾਂ ਖ਼ਿਲਾਫ਼ ਬਹੁਤ ਹੀ ਵਹਿਸ਼ੀ ਜੰਗ ਛੇੜ ਦਿੱਤੀ ਸੀ। ਉਨ੍ਹਾਂ ਨੇ ਤਮਾਮ ਲੋਕਾਂ ਉਪਰ ਉਨ੍ਹਾਂ ਦੇ ਧਰਮ ਅਤੇ ਨਸਲ ਦੇ ਅਧਾਰ ਉੱਤੇ ਨਸਲਕੁਸ਼ੀ ਸਮੇਤ ਅਕਹਿ ਜ਼ੁਲਮ ਢਾਏ ਸਨ।

ਯੂਰਪ, ਏਸ਼ੀਆ ਅਤੇ ਅਫਰੀਕਾ ਦੇ ਲੋਕਾਂ ਨੇ ਕਮਿਉਨਿਸਟਾਂ ਦੀ ਅਗਵਾਈ ਵਿੱਚ ਕਬਜ਼ਾਕਾਰੀ ਤਾਕਤਾਂ ਤੋਂ ਅਜ਼ਾਦੀ ਲਈ ਇੱਕ ਬਹੁਤ ਹੀ ਤਾਕਤਵਰ ਸੰਘਰਸ਼ ਵਿੱਢ ਲਿਆ ਸੀ। ਇਸ ਸੂਰਬੀਰਾਨਾ ਸੰਘਰਸ਼ ਵਿੱਚ ਸੋਵੀਅਤ ਯੂਨੀਅਨ ਦੇ ਲੋਕਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਸਨ, ਜਿਸ ਨੂੰ ਦੁਨੀਆਂ ਦੇ ਤਮਾਮ ਫਾਸ਼ੀਵਾਦ-ਵਿਰੋਧੀ ਅਤੇ ਸਾਮਰਾਜਵਾਦ-ਵਿਰੋਧੀ ਲੋਕ ਰਹਿੰਦੀ ਦੁਨੀਆਂ ਤਕ ਯਾਦ ਰੱਖਣਗੇ।

ਲੇਕਿਨ, 77 ਸਾਲ ਪਹਿਲਾਂ ਜਰਮਨੀ ਅਤੇ ਉਸਦੇ ਸਹਿਯੋਗੀਆਂ ਦੀ ਹਾਰ ਨੇ ਨਾ ਫਾਸ਼ੀਵਾਦ ਨੂੰ ਅਤੇ ਨਾ ਹੀ ਦੁਨੀਆਂ ਦੀ ਮੁੜ-ਵੰਡ ਲਈ ਸਾਮਰਾਜੀ ਜੰਗਾਂ ਨੂੰ ਖਤਮ ਕੀਤਾ ਹੈ। ਦੂਸਰੀ ਵਿਸ਼ਵ ਜੰਗ ਤੋਂ ਬਾਅਦ, ਹਿਟਲਰੀ ਫਾਸ਼ੀਵਾਦ ਦਾ ਪਰਚਮ ਅਮਰੀਕੀ ਸਾਮਰਾਜਵਾਦ ਨੇ ਚੁੱਕ ਲਿਆ। ਜੰਗ ਤੋਂ ਬਾਦ ਹੋਰ ਤਾਕਤਵਰ ਹੋ ਜਾਣ ਨਾਲ, ਉਸ ਨੇ ਆਪਣੇ ਅਥਾਹ ਸਾਧਨਾਂ ਨੂੰ ਸੋਵੀਅਤ ਯੂਨੀਅਨ ਅਤੇ ਹੋਰ ਸਮਾਜਵਾਦੀ ਦੇਸ਼ਾਂ ਨੂੰ ਕਮਜ਼ੋਰ ਅਤੇ ਤਬਾਹ ਕਰਨ ਲਈ, ਇਨਕਲਾਬ ਅਤੇ ਸਮਾਜਵਾਦ ਸਥਾਪਤ ਕਰਨ ਲਈ ਮਜ਼ਦੂਰ ਜਮਾਤ ਅਤੇ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲ ਦੇਣ ਲਈ ਅਤੇ ਆਪਣੇ ਆਪ ਨੂੰ ਸਾਮਰਾਜਵਾਦੀ ਖੇਮੇ ਦਾ ਆਗੂ ਸਥਾਪਤ ਕਰਨ ਲਈ ਵਰਤਿਆ। ਅਮਰੀਕੀ ਸਾਮਰਾਜਵਾਦ ਨੇ ਕਮਿਉਨਿਜ਼ਮ ਦੇ ਖ਼ਿਲਾਫ਼ ਛੇੜੀ ਜੰਗ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਮਨੁੱਖਤਾ ਦੇ ਖ਼ਿਲਾਫ਼ ਵਹਿਸ਼ੀ ਜ਼ੁਰਮ ਕਰਨ ਵਾਲੇ ਜੰਗੀ ਮੁਜਰਮਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ।

ਅਮਰੀਕੀ ਸਾਮਰਾਜਵਾਦ ਨੇ ਜੰਗ ਦੇ ਅਖੀਰ ਵਿੱਚ, ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪ੍ਰਮਾਣੂੰ ਬੰਬ ਸੁੱਟ ਕੇ ਜੰਗ ਤੋਂ ਅਗਲੇ ਦੌਰ ਵਿੱਚ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਇਹ ਸੋਵੀਅਤ ਯੂਨੀਅਨ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਇੱਕ ਧਮਕੀ ਸੀ ਕਿ ਉਹ ਆਪਣੇ ਰਸਤੇ ਵਿੱਚ ਰੁਕਾਵਟ ਬਣਨ ਦੀ ਜ਼ੁਰਅਤ ਕਰਨ ਵਾਲਿਆਂ ਨੂੰ ਤਬਾਹ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਉਸ ਨੇ ਕੌਮਾਂ ਦੇ ਆਪਾ-ਨਿਰਣੇ ਦੇ ਅਧਿਕਾਰ ਨੂੰ ਪੈਰਾਂ ਹੇਠ ਲਿਤਾੜਦਿਆਂ ਹੋਇਆਂ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਕੀਤੀ, ਫਾਸ਼ੀਵਾਦੀ ਹਕੂਮਤਾਂ ਦੀ ਮੱਦਦ ਕੀਤੀ ਅਤੇ ਕਮਿਉਨਿਸਟਾਂ ਅਤੇ ਇਨਕਲਾਬੀਆਂ ਦਾ ਕਤਲੇਆਮ ਕਰਨ ਵਿੱਚ ਉਨ੍ਹਾਂ ਨੂੰ ਅੰਦਰਖਾਤੇ ਉਤਸ਼ਾਹਤ ਕੀਤਾ। ਉਸ ਨੇ ਗਰੀਸ, ਕੋਰੀਆ, ਵੀਤਨਾਮ, ਇੰਡੋਨੇਸ਼ੀਆ, ਇਰਾਨ ਅਤੇ ਕਈ ਹੋਰ ਦੇਸ਼ਾਂ ਦੇ ਲੋਕਾਂ ਦੇ ਇਨਕਲਾਬੀ ਸੰਘਰਸ਼ਾਂ ਉੱਤੇ ਭਿਅੰਕਰ ਹਮਲੇ ਕੀਤੇ। ਅਮਰੀਕਾ ਦੇ ਅੰਦਰ, ਉਸ ਨੇ “ਲਾਲ ਖਤਰੇ” ਨੂੰ ਕੁਚਲਣ ਦੇ ਨਾਮ ਉੱਤੇ ਤਮਾਮ ਜਮਹੂਰੀ ਅਤੇ ਅਗਾਂਹਵਧੂ ਤਾਕਤਾਂ ਨੂੰ ਵਹਿਸ਼ੀ ਹਮਲਿਆਂ ਦਾ ਸ਼ਿਕਾਰ ਬਣਾਇਆ।

31 ਸਾਲ ਪਹਿਲਾਂ ਸੋਵੀਅਤ ਯੂਨੀਅਨ ਨੂੰ ਤਬਾਹ ਕਰਨ ਤੋਂ ਬਾਅਦ, ਦੁਨੀਆਂ ਦੇ ਸਾਮਰਾਜਵਾਦੀਆਂ ਨੇ ਅਮਰੀਕੀ ਸਾਮਰਾਜਵਾਦੀਆਂ ਦੀ ਅਗਵਾਈ ਹੇਠ ਕਮਿਉਨਿਜ਼ਮ ਅਤੇ ਮਜ਼ਦੂਰ ਜਮਾਤ ਅਤੇ ਲੋਕਾਂ ਵਲੋਂ ਸਮਰਾਏਦਾਰੀ ਅਤੇ ਸਾਮਰਾਜਵਾਦ ਤੋਂ ਮੁਕਤੀ ਪਾਉਣ ਦੇ ਸੰਘਰਸ਼ ਦੇ ਖ਼ਿਲਾਫ਼ ਇੱਕ ਬੇਮਿਸਾਲ ਹਮਲਾ ਛੇੜ ਦਿੱਤਾ। ਮਜ਼ਦੂਰ ਜਮਾਤ ਦੇ ਸੰਘਰਸ਼ਾਂ ਨੂੰ ਦਬਾਉਣ ਅਤੇ ਆਪਣੀ ਹੁਕਮਸ਼ਾਹੀ ਹੇਠ ਇੱਕ ਇੱਕ-ਧਰੁਵੀ ਦੁਨੀਆਂ ਸਥਾਪਤ ਕਰਨ ਦੇ ਨਿਸ਼ਾਨੇ ਨਾਲ, ਉਹ ਆਪਣੇ ਅਸਲਾਖਾਨੇ ਦੇ ਤਮਾਮ ਹਥਿਆਰ ਇਸਤੇਮਾਲ ਕਰ ਰਿਹਾ ਹੈ। ਇਨ੍ਹਾਂ ਵਿਚ ਜੀਵਾਣੂੰ ਹਥਿਆਰ ਅਤੇ ਅੱਤਵਾਦ, “ਜਮਹੂਰੀਅਤ ਦੀ ਹਿਫਾਜ਼ਤ” ਅਤੇ “ਅੱਤਵਾਦ ਦੇ ਖ਼ਿਲਾਫ਼ ਲੜਾਈ” ਦੇ ਨਾਮ ਉੱਤੇ ਕਈਆਂ ਦੇਸ਼ਾਂ ਵਿੱਚ ਹਕੂਮਤਾਂ ਬਦਲਣਾ ਸ਼ਾਮਲ ਹੈ। ਉਹ ਅਖੌਤੀ “ਨਿਯਮਾਂ ਉੱਤੇ ਅਧਾਰਤ ਦੁਨੀਆਂ” ਦੀ ਹਿਫਾਜ਼ਤ ਕਰਨ ਦੇ ਨਾਮ ਉੱਤੇ ਆਪਣੀ ਫੌਜੀ ਤਾਕਤ ਨੂੰ ਅਤੇ ਅੰਤਰਰਾਸ਼ਟਰੀ ਵਿੱਤੀ ਢਾਂਚੇ ਦੇ ਅੰਦਰ ਡਾਲਰ ਦੇ ਬੋਲਬਾਲੇ ਨੂੰ ਵਰਤ ਰਿਹਾ ਹੈ।

ਅਮਰੀਕੀ ਸਾਮਰਾਜਵਾਦ, ਯੂਰਪ ਨੂੰ ਪੂਰੀ ਤਰ੍ਹਾਂ ਆਪਣੀ ਜਕੜ੍ਹ ਹੇਠਾਂ ਲਿਆਉਣ ਲਈ ਨੇਟੋ ਦਾ ਪੂਰਬੀ ਯੂਰਪ ਵੱਲ ਨੂੰ ਲਗਾਤਾਰ ਪਸਾਰਾ ਕਰ ਰਿਹਾ ਹੈ, ਅਤੇ ਰੂਸ ਦੀ ਹੋਂਦ ਲਈ ਖਤਰਾ ਪੈਦਾ ਕਰ ਰਿਹਾ ਹੈ। ਏਸ਼ੀਆ ਵਿੱਚ ਉਹ ਏਸ਼ੀਆ ਪ੍ਰਸ਼ਾਂਤ-ਮਹਾਂਸਾਗਰ ਦੇ ਇਲਾਕੇ ਵਿੱਚ ਆਪਣਾ ਦਬ-ਦਬਾ ਵਧਾਉਣ ਲਈ ਅਤੇ ਚੀਨ ਨੂੰ ਘੇਰਨ ਲਈ ਇੱਕ ਫੌਜੀ ਰਣਨੀਤਕ ਗਠਜੋੜ ਬਣਾ ਰਿਹਾ ਹੈ।

ਸਰਮਾਏਦਾਰਾ ਸਾਮਰਾਜਵਾਦੀ ਢਾਂਚਾ, ਇਸ ਵਕਤ ਬੇਮਿਸਾਲ ਸੰਕਟ ਦਾ ਸੰਤਾਪ ਝੱਲ ਰਿਹਾ ਹੈ। ਅਮਰੀਕੀ ਸਾਮਰਾਜਵਾਦ ਅਤੇ ਉਸ ਦੇ ਮਿੱਤਰ ਮਜ਼ਦੂਰ ਜਮਾਤ ਅਤੇ ਦੁਨੀਆਂ ਦੇ ਲੋਕਾਂ ਦੀ ਬਲੀ ਚੜ੍ਹਾ ਕੇ ਇਸ ਸੰਕਟ ਵਿਚੋਂ ਨਿਕਲਣ ਦਾ ਰਸਤਾ ਲੱਭ ਰਹੇ ਹਨ।

ਅਮਰੀਕੀ ਸਾਮਰਾਜਵਾਦ ਫਾਸ਼ੀਵਾਦ ਅਤੇ ਸਾਮਰਾਜੀ ਜੰਗਾਂ ਦੇ ਸਰੋਤ ਬਾਰੇ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਉਣ ਲਈ ਲਗਾਤਾਰ ਪ੍ਰਚਾਰ ਕਰ ਰਿਹਾ ਹੈ। ਉਹ ਸਮਾਜਵਾਦ ਵਾਸਤੇ ਮਜ਼ਦੂਰਾਂ ਦੇ ਸੰਘਰਸ਼ਾਂ ਦੇ ਖ਼ਿਲਾਫ਼ ਫਾਸ਼ੀਵਾਦ ਨੂੰ ਤਕੜਾ ਕਰਨ ਲਈ ਅਮਰੀਕਾ, ਬਰਤਾਨੀਆਂ ਅਤੇ ਹੋਰ ਸਾਮਰਾਜੀ ਦੇਸ਼ਾਂ ਦੇ ਸਭ ਤੋਂ ਬੜੇ ਅਜਾਰੇਦਾਰ ਸਰਮਾਏਦਾਰਾਂ ਦੀ ਭੂਮਿਕਾ ਨੂੰ ਛੁਪਾਉਂਦੇ ਹਨ। ਇਹੀ ਨਹੀਂ ਕਿ ਅਮਰੀਕੀ ਸਾਮਰਾਜਵਾਦ ਅਤੇ ਉਸ ਦੇ ਮਿੱਤਰ ਦੂਸਰਾ ਵਿਸ਼ਵ ਯੁੱਧ ਲਾਉਣ ਵਿੱਚ ਸਹਾਇਕ ਸਨ, ਬਲਕਿ ਜਿਸ ਰਾਹ ਉੱਤੇ ਅੱਜ ਚੱਲ ਰਹੇ ਹਨ ਜਿਸ ਦਾ ਨਿਸ਼ਾਨਾ ਸਮੁੱਚੀ ਦੁਨੀਆਂ ਉੱਤੇ ਆਪਣੀ ਚੌਧਰ ਸਥਾਪਤ ਕਰਨਾ ਹੈ, ਉਸ ਨਾਲ ਦੁਨੀਆਂ ਵਿੱਚ ਇੱਕ ਹੋਰ ਵਿਸ਼ਵ ਯੁੱਧ ਲੱਗਣ ਦਾ ਖਤਰਾ ਹੈ।

ਅਮਰੀਕੀ ਸਾਮਰਾਜਵਾਦ ਦੀਆਂ ਯੋਜਨਾਵਾਂ ਨੂੰ ਹਰਾਉਣ ਲਈ ਅਤੇ ਮਨੁੱਖਤਾ ਨੂੰ ਇੱਕ ਹੋਰ ਸਾਮਰਾਜਵਾਦੀ ਜੰਗ ਦੇ ਕਹਿਰ ਬਚਾਉਣ ਲਈ ਲੋਕਾਂ ਨੂੰ ਦੂਸਰੇ ਵਿਸ਼ਵ ਯੁੱਧ ਤੋਂ ਸਬਕ ਸਿਖਣਾ ਬਹੁਤ ਜ਼ਰੂਰੀ ਹੈ।

ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਅਮਰੀਕਾ, ਬਰਤਾਨੀਆਂ ਅਤੇ ਫਰਾਂਸ ਦੀ ਭੂਮਿਕਾ

ਸਾਮਰਾਜਵਾਦੀ ਤਾਕਤਾਂ ਦੇ ਦੋ ਗਰੁੱਪਾਂ ਵਿਚਕਾਰ ਪਹਿਲੇ ਵਿਸ਼ਵ ਯੁੱਧ (1914-18) ਦਾ ਸਭ ਤੋਂ ਅਹਿਮ ਨਤੀਜਾ ਰੂਸ ਦੇ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਆਪਣੀ ਸਰਮਾਏਦਾਰੀ ਦਾ ਤਖਤਾ ਪਲਟਾਉਣਾ ਅਤੇ ਜੰਗ ਅਤੇ ਸਾਮਰਾਜਵਾਦੀ ਢਾਂਚੇ ਵਿਚੋਂ ਬਾਹਰ ਹੋ ਜਾਣਾ ਸੀ।

ਆਪਣੇ ਖੁਦ ਦੇ ਅਤੇ ਦੂਸਰੇ ਦੇਸ਼ਾਂ ਦੇ ਮਜ਼ਦੂਰਾਂ ਵਲੋਂ ਰੂਸ ਦੀ ਮਿਸਾਲ ਉੱਤੇ ਚੱਲ ਪੈਣ ਦੇ ਡਰੋਂ ਸਾਮਰਾਜਵਾਦੀ ਤਾਕਤਾਂ – ਅਮਰੀਕਾ, ਬਰਤਾਨੀਆਂ, ਫਰਾਂਸ ਅਤੇ ਹੋਰਨਾਂ ਨੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਨਵੀਂ ਸਥਾਪਤ ਹੋਈ ਹਕੂਮਤ ਨੂੰ ਬਦਲਣ ਅਤੇ ਸਰਮਾਏਦਾਰੀ ਬਹਾਲ ਕਰਨ ਲਈ ਰੂਸ ਦੇ ਖ਼ਿਲਾਫ਼ ਆਪਣੀਆਂ ਫੌਜਾਂ ਭੇਜ ਦਿੱਤੀਆਂ। ਸੋਵੀਅਤ ਯੂਨੀਅਨ ਦੇ ਇਨਕਲਾਬੀ ਮਜ਼ਦੂਰਾਂ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਖਦੇੜ ਦਿੱਤਾ ਸੀ।

ਸਾਮਰਾਜਵਾਦੀਆਂ ਨੇ ਆਪਣੇ ਦੇਸ਼ਾਂ ਵਿੱਚ ਮਜ਼ਦੂਰਾਂ ਦੇ ਇਨਕਲਾਬ ਰੋਕਣ ਅਤੇ ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਨੂੰ ਤਬਾਹ ਕਰਨ ਦੇ ਇਰਾਦੇ ਨੂੰ ਕਦੇ ਨਹੀਂ ਛੱਡਿਆ। ਜਦੋਂ ਯੂਰਪ ਅਤੇ ਉੱਤਰੀ ਅਮਰੀਕੀ ਦੇਸ਼ ਇੱਕ ਡੂੰਘੇ ਆਰਥਿਕ ਮੰਦਵਾੜੇ ਵਿੱਚ ਫਸ ਗਏ ਸਨ ਤਾਂ ਸਾਮਰਾਜਵਾਦੀ ਸਰਮਾਏਦਾਰੀ ਨੇ ਕਈ ਦੇਸ਼ਾਂ ਵਿੱਚ ਹਕੂਮਤ ਚਲਾਉਣ ਦਾ ਸਮਾਜਿਕ ਜਮਹੂਰੀ (ਸੋਸ਼ਲ ਡੈਮੋਕ੍ਰੇਸੀ) ਢੰਗ ਪੈਦਾ ਕਰ ਲਿਆ। ਮਜ਼ਦੂਰਾਂ ਵਿੱਚ ਭਰਮ ਫੈਲਾਏ ਗਏ ਕਿ ਪੂੰਜੀ ਅਤੇ ਕਿਰਤ ਵਿਚਕਾਰ ਵਿਰੋਧਤਾਈਆਂ ਨੂੰ ਸ਼ਾਂਤਮਈ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ, ਅਤੇ ਇਹ ਕਿ ਰਾਜ ਜਮਾਤਾਂ ਤੋਂ ਉਪਰ ਹੈ ਅਤੇ ਉਹ, ਪ੍ਰੋਲਤਾਰੀ ਅਤੇ ਬੁਰਜੂਆਜ਼ੀ, ਦੋਵਾਂ ਦੀ ਸੇਵਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਲਤਾਰੀ ਨੂੰ ਇਨਕਲਾਬ ਕਰਨ ਦੀ ਕੋਈ ਜ਼ਰੂਰਤ ਨਹੀਂ। ਇਸ ਦੇ ਨਾਲ ਨਾਲ ਸਰਮਾਏਦਾਰਾ ਜਮਹੂਰੀਅਤ ਦੀ ਉਤਮਤਾ ਦੇ ਭਰਮ ਪੈਦਾ ਕੀਤੇ ਗਏ ਅਤੇ ਸੋਵੀਅਤ ਯੂਨੀਅਨ ਦੀ ਬਦਨਾਮੀ ਕੀਤੀ ਗਈ।

ਜਦੋਂ ਸੋਸ਼ਲ ਡੈਮੋਕ੍ਰੇਸੀ, ਇਨਕਲਾਬੀ ਮਜ਼ਦੂਰਾਂ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਫੇਲ੍ਹ ਹੋ ਗਈ ਤਾਂ ਕਈਆਂ ਦੇਸ਼ਾਂ ਦੀ ਸਾਮਰਾਜਵਾਦੀ ਸਰਮਾਏਦਾਰੀ ਕਮਿਉਨਿਸਟਾਂ ਅਤੇ ਮਜ਼ਦੂਰ ਲਹਿਰਾਂ ਨੂੰ ਕੁਚਲਣ ਲਈ ਖੁੱਲ੍ਹੇਆਮ ਫਾਸ਼ੀਵਾਦ ਉੱਤੇ ਉਤਰ ਆਈ। ਉਨ੍ਹਾਂ ਨੇ ਇਨਕਲਾਬ ਦੇ ਖਤਰੇ ਨੂੰ ਟਾਲਣ ਲਈ “ਪਿੱਤਰੀ-ਭੂਮੀ ਦੀ ਰਖਵਾਲੀ” ਕਰਨ ਦੇ ਨਾਮ ਉੱਤੇ ਮਜ਼ਦੂਰ ਜਮਾਤ ਅਤੇ ਲੋਕਾਂ ਉਪਰ ਸਿੱਧੇ ਜਿਸਮਾਨੀ ਹਮਲੇ ਅਤੇ ਉਨ੍ਹਾਂ ਦੇ ਅਧਿਕਾਰਾਂ ਉੱਤੇ ਹਮਲੇ ਸ਼ੁਰੂ ਕਰ ਦਿੱਤੇ।

ਅਮਰੀਕੀ ਸਾਮਰਾਜਵਾਦ ਨੇ ਨਾਜ਼ੀ ਜਰਮਨੀ ਦੀ ਮੱਦਦ ਕਰਨ ਵਿੱਚ ਬਹੁਤ ਅਹਿਮ ਰੋਲ ਨਿਭਾਇਆ। ਰੌਕੀਫੈਲਰ, ਵਾਰਬਰਗ, ਮੌਂਟੈਗੂ ਨਾਰਮਨ, ਔਸਬੋਰਨ, ਮਾਰਗਨ, ਹੈਰੀਮੈਨ, ਡੂਲਸ ਅਤੇ ਹੋਰ ਅਜਾਰੇਦਾਰ ਸਰਮਾਏਦਾਰਾਂ ਅਤੇ ਬੈਂਕਰਾਂ ਨੇ ਜਰਮਨੀ ਨੂੰ ਹਥਿਆਰਬੰਦ ਕਰਨ ਲਈ ਤਕਨਾਲੋਜੀ ਅਤੇ ਧਨ ਦਿੱਤਾ। ਆਈ ਬੀ ਐਮ ਨੇ ਨਾਗਰਿਕਾਂ ਦਾ ਡਾਟਾਬੇਸ ਤਿਆਰ ਕਰਨ ਵਿੱਚ ਜਰਮਨੀ ਦੀ ਸਰਕਾਰ ਦੀ ਮੱਦਦ ਕੀਤੀ, ਜਿਸ ਨੂੰ ਬਾਅਦ ਵਿੱਚ ਨਸਲਕੁਸ਼ੀ ਕਰਨ ਲਈ ਵਰਤਿਆ ਗਿਆ। ਜਰਮਨੀ ਵਲੋਂ ਵਰਤੇ ਗਏ ਟੈਂਕ ਅਤੇ ਬਕਤਰਬੰਦ-ਗੱਡੀਆਂ ਜਨਰਲ ਮੋਟਰਜ਼ ਅਤੇ ਫੋਰਡ ਮੋਟਰ ਕੰਪਨੀ ਨੇ ਬਣਾਈਆਂ ਸਨ। ਸਟੈਂਡਰਡ ਆਇਲ ਦੇ ਸਭ ਤੋਂ ਬੜੇ ਸਟਾਕਹੋਲਡਰਾਂ, ਰੌਕੀਫੈਲਰ ਅਤੇ ਜਰਮਨ ਕੰਪਨੀ ਆਈ ਜੀ ਫਾਰਬੈਨ ਨੇ ਨਾਜ਼ੀ ਹਕੂਮਤ ਦੀ ਮੱਦਦ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਸਟੈਂਡਰਡ ਆਇਲ ਨੇ ਜਰਮਨੀ ਨੂੰ ਟੈਂਕਾਂ ਅਤੇ ਜੰਗੀ ਜਹਾਜ਼ਾਂ ਲਈ ਕੋਲੇ ਤੋਂ ਪਟਰੌਲ ਬਣਾਉਣ ਦੀ ਤਕਨੀਕ ਮੁਹੱਈਆ ਕੀਤੀ। ਅਮਰੀਕਾ ਦੇ ਬੜੇ ਬੈਂਕਰਾਂ ਨੇ ਬਰਤਾਨੀਆਂ ਅਤੇ ਫਰਾਂਸ ਦੇ ਬੈਂਕਰਾਂ ਨਾਲ ਮਿਲ ਕੇ ਨਾਜ਼ੀ ਜੰਗੀ ਮਸ਼ੀਨਰੀ ਨੂੰ ਧਨ ਮੁਹੱਈਆ ਕਰਨ ਲਈ ਸੈਂਟਰਲ ਸਵਿਟਜ਼ਰਲੈਂਡ ਬੈਂਕ ਬਣਾਈ। ਟਾਈਮ ਮੈਗਜ਼ੀਨ ਨੇ ਇਟਲੀ ਦੇ ਫਾਸ਼ਿਸਟ ਬੈਨੀਟੋ ਮਸੋਲੀਨੀ ਦੀ ਫੋਟੋ ਕਈ ਬਾਰੀ ਮੁੱਖ ਪੰਨੇ ਉਪਰ ਛਾਪੀ ਅਤੇ ਅਮਰੀਕਾ ਤੇ ਯੂਰਪ ਵਿੱਚ ਆਰਥਿਕ ਸੰਕਟ ਦਾ ਹੱਲ ਕਰਨ ਲਈ ਫਾਸ਼ੀਵਾਦ ਦੇ ਰਸਤੇ ਦਾ ਪ੍ਰਚਾਰ ਕੀਤਾ।

1930ਵਿਆਂ ਵਿੱਚ ਮੰਡੀਆਂ ਦੀ ਦੁਬਾਰਾ ਵੰਡ ਕਰਨ ਅਤੇ ਅਸਰ-ਰਸੂਖ ਵਧਾਉਣ ਲਈ ਇੱਕ ਨਵੀਂ ਸਾਮਰਾਜਵਾਦੀ ਜੰਗ ਸ਼ੁਰੂ ਹੋ ਗਈ। ਜਰਮਨੀ, ਜਪਾਨ ਅਤੇ ਇਟਲੀ ਆਪਣੀਆਂ ਮੰਡੀਆਂ ਅਤੇ ਅਸਰ-ਰਸੂਖ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਰਾਣੀਆਂ ਬਸਤੀਵਾਦੀ ਤਾਕਤਾਂ, ਬਰਤਾਨੀਆਂ ਅਤੇ ਫਰਾਂਸ ਨੇ ਜਰਮਨੀ ਨੂੰ ਸੋਵੀਅਤ ਯੂਨੀਅਨ ਦੇ ਖ਼ਿਲਾਫ਼, ਜਪਾਨ ਨੂੰ ਚੀਨ ਅਤੇ ਸੋਵੀਅਤ ਯੂਨੀਅਨ ਦੇ ਖ਼ਿਲਾਫ਼ ਉਕਸਾਉਣ ਦੀ ਕੋਸ਼ਿਸ਼ ਕੀਤੀ, ਤਾਂ ਕਿ ਇਹ ਦੇਸ਼ ਆਪਸ ਵਿਚ ਲੜ ਕੇ ਕਮਜ਼ੋਰ ਹੋ ਜਾਣ। ਬਰਤਾਨੀਆਂ ਅਤੇ ਫਰਾਂਸ ਨੇ ਬਾਅਦ ਵਿੱਚ ਜੰਗ ਵਿਚ ਸ਼ਾਮਲ ਹੋ ਕੇ ਜੇਤੂ ਬਣਨ ਦੀ ਯੋਜਨਾ ਬਣਾਈ।

ਅਮਰੀਕਾ ਦੀ ਰਣਨੀਤੀ ਬਾਕੀ ਦੀਆਂ ਸਾਰੀਆਂ ਤਾਕਤਾਂ ਦੇ ਹੰਭਣ ਤੋਂ ਬਾਅਦ ਵਿੱਚ ਜੰਗ ਵਿੱਚ ਸ਼ਾਮਲ ਹੋਣ ਦੀ ਸੀ, ਤਾਂ ਕਿ ਉਹ ਹੀ ਇੱਕੋ ਇੱਕ ਆਗੂ ਬਣ ਜਾਵੇ।

ਅਮਰੀਕਾ ਦੀ ਸਨਕੀ ਰਣਨੀਤੀ ਦਾ ਸਾਫ ਸਾਫ ਐਲਾਨ ਸੈਨੇਟਰ ਹੈਰੀ ਟਰੂਮੈਨ ਵਲੋਂ ਕੀਤਾ ਗਿਆ ਸੀ। ਸੋਵੀਅਤ ਯੂਨੀਅਨ ਉੱਤੇ ਨਾਜ਼ੀ ਹਮਲਾ ਕੀਤੇ ਜਾਣ ਤੋਂ ਐਨ ਪਿਛੋਂ ਟਰੂਮੈਨ ਨੇ ਕਿਹਾ (ਨਿਊ ਯਾਰਕ ਟਾਈਮਜ਼ 24 ਜੂਨ, 1941): “ਜੇਕਰ ਸਾਨੂੰ ਜਰਮਨੀ ਜਿੱਤਦਾ ਦਿੱਸਿਆ ਤਾਂ ਸਾਨੂੰ ਰੂਸ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਜੇਕਰ ਰੂਸ ਜਿੱਤਦਾ ਦਿਿਸਆ ਤਾਂ ਸਾਨੂੰ ਜਰਮਨੀ ਦੀ ਮੱਦਦ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਜਿੰਨੇ ਵੀ ਉਹ ਮਾਰ ਸਕਦੇ ਹਨ ਮਾਰ ਦੇਣ”। ਜੰਗ ਦੇ ਆਖਰੀ ਦਿਨਾਂ ਵਿੱਚ ਪ੍ਰੈਜ਼ੀਡੈਂਟ ਫਰੈਂਕਲਿਨ ਰੂਸਵੈਲਟ ਦੇ ਮਰਨ ਤੋਂ ਬਾਅਦ, ਅਪਰੈਲ 1945 ਵਿੱਚ ਹੈਰੀ ਟਰੂਮੈਨ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਗਿਆ।

ਅਮਰੀਕਾ, ਬਰਤਾਨੀਆਂ ਅਤੇ ਫਰਾਂਸ ਦੇ ਇਰਾਦਿਆਂ ਨੂੰ ਜਾਣਦਿਆਂ ਹੋਇਆਂ, ਸੋਵੀਅਤ ਯੂਨੀਅਨ ਨੇ ਜੇ.ਵੀ. ਸਟਾਲਿਨ ਦੀ ਦੂਰਅੰਦੇਸ਼ੀ ਲੀਡਰਸ਼ਿਪ ਹੇਠਾਂ ਕਿਸੇ ਵੀ ਹਮਲੇ ਤੋਂ ਆਪਣੀ ਹਿਫਾਜ਼ਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਜਰਮਨੀ ਨਾਲ ਇੱਕ ਦੂਸਰੇ ਉੱਤੇ ਹਮਲਾ ਨਾ ਕਰਨ ਦੀ ਸੰਧੀ ਕਰਕੇ ਆਪਣੇ ਲਈ ਬਹੁਤ ਹੀ ਜ਼ਰੂਰੀ ਵਕਤ ਖ੍ਰੀਦ ਲਿਆ। ਜਰਮਨੀ ਨੇ ਹਮਲੇ ਕਰਕੇ ਫਰਾਂਸ ਸਮੇਤ ਯੂਰਪ ਦੇ ਬਹੁਤੇ ਹਿੱਸੇ ਉਪਰ ਕਬਜ਼ਾ ਕਰਨ ਅਤੇ ਬਰਤਾਨੀਆਂ ਉਤੇ ਬੰਬਾਰੀ ਕਰਨੀ ਸ਼ੁਰੂ ਕਰਨ ਤੋਂ ਬਾਅਦ ਜੂਨ 1941 ਵਿੱਚ ਬਹੁਤ ਬੜੀ ਫੌਜ ਨਾਲ ਸੋਵੀਅਤ ਯੂਨੀਅਨ ਉਪਰ ਹਮਲਾ ਕਰ ਦਿੱਤਾ। ਉਸ ਦੇ ਮਗਰ ਹੀ ਜਪਾਨ ਨੇ ਬਰਤਾਨੀਆਂ, ਫਰਾਂਸੀਸੀ ਅਤੇ ਡੱਚ ਬਸਤੀਆਂ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਹੋਰ ਬਸਤੀਆਂ ਉਪਰ ਕਬਜ਼ਾ ਕਰਨ ਤੋਂ ਬਾਅਦ ਚੀਨ ਉਪਰ ਹਮਲਾ ਕਰ ਦਿੱਤਾ।

ਦਿਸੰਬਰ 1941 ਵਿੱਚ, ਜਪਾਨ ਵਲੋਂ ਪਸੇਫਿਕ ਸਾਗਰ ਵਿੱਚ ਪਰਲ ਹਾਰਬਰ ਨਾਮ ਦੇ ਅਮਰੀਕੀ ਸਮੁੰਦਰੀ ਅੱਡੇ ਉਪਰ ਹਮਲਾ ਕੀਤੇ ਜਾਣ ਤੋਂ ਬਾਅਦ ਅਮਰੀਕਾ ਜੰਗ ਵਿੱਚ ਸ਼ਾਮਲ ਹੋਇਆ।

ਦੂਸਰੀ ਵਿਸ਼ਵ ਜੰਗ ਨਾਲ ਅਮਰੀਕਾ ਸਮਾਜਵਾਦੀ ਸੋਵੀਅਤ ਯੂਨੀਅਨ ਨੂੰ ਤਬਾਹ ਹੋਇਆ ਦੇਖਣਾ ਚਾਹੁੰਦਾ ਸੀ ਅਤੇ ਜੰਗ ਤੋਂ ਬਾਅਦ ਆਪਣੇ ਸਾਮਰਾਜਵਾਦੀ ਹਿੱਤਾਂ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਜੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਉਸ ਨੇ ਜੇ.ਵੀ. ਸਟਾਲਿਨ ਅਤੇ ਸੋਵੀਅਤ ਯੂਨੀਅਨ ਵਲੋਂ ਨਾਜ਼ੀਆਂ ਦੇ ਖ਼ਿਲਾਫ਼ ਜੰਗ ਦਾ ਯੂਰਪ ਵਿੱਚ ਇੱਕ ਹੋਰ ਮੁਹਾਜ਼ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਜਰਮਨੀ ਆਪਣੀ ਤਮਾਮ ਫੌਜੀ ਤਾਕਤ ਪੂਰਬ ਵੱਲ, ਸੋਵੀਅਤ ਯੂਨੀਅਨ ਦੇ ਖ਼ਿਲਾਫ਼ ਝੋਕ ਦੇਵੇ, ਤਾਂ ਕਿ ਦੋਵੇਂ ਦੇਸ਼ ਕਮਜ਼ੋਰ ਹੋ ਜਾਣ।

ਨਾਜ਼ੀ ਜਰਮਨੀ ਦੇ ਖ਼ਿਲਾਫ਼ ਜੰਗ ਦੀ ਪੂਰੀ ਸੱਟ ਸੋਵੀਅਤ ਯੂਨੀਅਨ ਨੂੰ ਝੱਲਣੀ ਪਈ। ਇਸ ਜੰਗ ਵਿੱਚ ਸੋਵੀਅਤ ਯੂਨੀਅਨ ਦੇ 28 ਮਿਲੀਅਨ ਲੋਕਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਨਾਜ਼ੀ ਜਰਮਨੀ ਦੀ ਫੌਜ ਦੇ 73 ਫੀ ਸਦੀ ਸਿਪਾਹੀ ਅਤੇ 75 ਫੀਸਦੀ ਹਥਿਆਰ ਸੋਵੀਅਤ-ਜਰਮਨ ਫਰੰਟ ਉਤੇ ਤਬਾਹ ਹੋਏ। ਸੋਵੀਅਤ ਯੂਨੀਅਨ ਦੀ ਲਾਲ ਫੌਜ ਨੇ ਨਾ ਕੇਵਲ ਸੋਵੀਅਤ ਯੂਨੀਅਨ ਦੇ ਇਲਾਕੇ ਹੀ ਅਜ਼ਾਦ ਕਰਵਾਏ, ਬਲਕਿ ਰਸਤੇ ਵਿੱਚ ਪੈਂਦੇ ਸਭ ਦੇਸ਼ਾਂ ਨੂੰ ਅਜ਼ਾਦ ਕਰਾਉਂਦੀ ਹੋਈ ਧੁਰ ਜਰਮਨੀ ਦੇ ਅੰਦਰ ਪਹੁੰਚ ਗਈ।

ਜਦੋਂ ਇਹ ਸਾਫ ਦਿੱਸਣ ਲੱਗ ਪਿਆ ਕਿ ਲਾਲ ਫੌਜ ਇਕੱਲੀ ਹੀ ਪੂਰੇ ਯੂਰਪ ਨੂੰ ਨਾਜ਼ੀ ਫਾਸ਼ੀਵਾਦ ਦੇ ਛਿਕੰਜੇ ਤੋਂ ਮੁਕਤ ਕਰਾ ਲਵੇਗੀ, ਤਾਂ ਜਾ ਕੇ ਐਂਗਲੋ-ਅਮਰੀਕੀ ਸਾਮਰਾਜਵਾਦੀਆਂ ਨੇ 1944 ਦੀਆਂ ਗਰਮੀਆਂ ਨੂੰ ਦੂਸਰਾ ਫਰੰਟ ਖੋਲ੍ਹਿਆ। ਅਮਰੀਕਾ ਦੀ ਰਣਨੀਤੀ ਜਰਮਨੀ ਅਤੇ ਯੂਰਪ ਦੇ ਹੋਰ ਲੋਕਾਂ ਨੂੰ ਆਪਣੀ ਚੌਧਰ ਹੇਠ ਲਿਆਉਣਾ ਅਤੇ ਸਾਮਰਾਜਵਾਦੀ ਢਾਂਚੇ ਵਿਚੋਂ ਨਿਕਲਣ ਤੋਂ ਰੋਕਣਾ ਸੀ।

ਦੂਸਰੇ ਵਿਸ਼ਵ ਯੁੱਧ ਵਿੱਚ ਸੋਵੀਅਤ ਯੂਨੀਅਨ ਅਤੇ ਦੁਨੀਆਂ ਦੇ ਲੋਕਾਂ ਦੀ ਜਿੱਤ ਨੇ ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਲਈ ਫਾਸ਼ੀਵਾਦ ਦੀ ਜਕੜ੍ਹ ਅਤੇ ਸਾਮਰਾਜਵਾਦੀ ਢਾਂਚੇ ਤੋਂ ਮੁਕਤੀ ਦਾ ਰਾਹ ਖੋਲ੍ਹ ਦਿੱਤਾ। ਦੁਨੀਆਂ ਭਰ ਵਿੱਚ ਇਨਕਲਾਬੀ ਲਹਿਰਾਂ ਅਤੇ ਮੁਕਤੀ ਵਾਸਤੇ ਸੰਘਰਸ਼ ਉਭਰਨੇ ਸ਼ੁਰੂ ਹੋ ਗਏ। ਬਰਤਾਨੀਆਂ ਅਤੇ ਫਰਾਂਸ ਵਰਗੀਆਂ ਬਸਤੀਵਾਦੀ ਤਾਕਤਾਂ ਬਹੁਤ ਕਮਜ਼ੋਰ ਹੋ ਗਈਆਂ ਅਤੇ ਏਸ਼ੀਆ ਅਤੇ ਅਫਰੀਕਾ ਵਿੱਚ ਬਸਤੀਵਾਦ ਵਿਰੋਧੀ ਸੰਘਰਸ਼ ਦਹਾੜਨ ਲੱਗ ਪਏ ਅਤੇ ਬਸਤੀਵਾਦੀ ਢਾਂਚੇ ਦਾ ਖਾਤਮਾ ਕਰ ਦਿੱਤਾ ਗਿਆ। ਸਮਾਜਵਾਦੀ ਸੋਵੀਅਤ ਯੂਨੀਅਨ ਦੀ ਅਗਵਾਈ ਵਿੱਚ ਇੱਕ ਸਾਮਰਾਜਵਾਦ-ਵਿਰੋਧੀ, ਫਾਸ਼ੀਵਾਦ ਵਿਰੋਧੀ ਅਤੇ ਸਮਾਜਵਾਦੀ ਖੇਮਾ ਵਜੂਦ ਵਿੱਚ ਆ ਗਿਆ।

ਸਿੱਟਾ

ਸਾਮਰਾਜਵਾਦੀ ਢਾਂਚਾ ਤਬਾਹਕੁੰਨ ਜੰਗਾਂ ਦੀ ਜੜ੍ਹ ਹੈ। ਸਾਮਰਾਜਵਾਦੀ ਢਾਂਚੇ ਦੇ ਅੰਦਰ ਸਰਮਾਏਦਾਰਾ ਦੇਸ਼ਾਂ ਦਾ ਉਚਾ ਨੀਵਾਂ ਵਿਕਾਸ ਹਮੇਸ਼ਾ, ਵਿਰੋਧੀ ਸਾਮਰਾਜੀ ਤਾਕਤਾਂ ਨੂੰ ਮੰਡੀਆਂ ਦੀ ਦੁਬਾਰਾ ਵੰਡ, ਕੱਚੇ ਮਾਲ ਉਤੇ ਕਬਜ਼ਾ ਕਰਨ ਅਤੇ ਅਸਰ-ਰਸੂਖ ਵਧਾਉਣ ਲਈ ਟੱਕਰਾਂ ਲੈਣ ਵੱਲ ਲੈ ਜਾਂਦਾ ਹੈ।

31 ਸਾਲ ਪਹਿਲਾਂ ਸੋਵੀਅਤ ਯੂਨੀਅਨ ਦੇ ਬਿੱਖਰ ਜਾਣ ਨੇ ਇੱਕ ਅਮਨ ਦਾ ਦੌਰ ਨਹੀਂ ਲਿਆਂਦਾ, ਜਿਸ ਦਾ ਸਾਮਰਾਜਵਾਦੀਆਂ ਨੇ ਵਾਇਦਾ ਕੀਤਾ ਸੀ। ਅਮਰੀਕੀ ਸਾਮਰਾਜਵਾਦ ਨੇ ਆਪਣੀ ਹੁਕਮਸ਼ਾਹੀ ਹੇਠ ਇੱਕ ਇੱਕ-ਧਰੁਵੀ ਦੁਨੀਆਂ ਸਥਾਪਤ ਕਰਨ ਲਈ ਸਰਪੱਟ ਦੌੜ ਲਾਈ ਹੋਈ ਹੈ ਅਤੇ “ਦੁਸ਼ਟ ਦੇਸ਼ਾਂ” ਅਤੇ “ਅੱਤਵਾਦ” ਦੇ ਖ਼ਿਲਾਫ਼ ਲੜਾਈ ਦੇ ਬਹਾਨੇ ਹੇਠ ਦੁਨੀਆਂ ਵਿੱਚ ਇੱਕ ਤੋਂ ਬਾਅਦ ਦੂਸਰੀ ਜੰਗ ਲਾਉਂਦਾ ਜਾ ਰਿਹਾ ਹੈ।

ਅਮਰੀਕੀ ਸਾਮਰਾਜਵਾਦ ਜੋ “ਅਸੂਲਾਂ ਉੱਤੇ ਚੱਲਣ” ਦਾ ਦਾਅਵਾ ਕਰ ਰਿਹਾ ਹੈ ਅਤੇ ਦੂਸਰਿਆਂ ਉਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾ ਰਿਹਾ ਹੈ, ਅਸਲੀਅਤ ਵਿੱਚ ਖੁਦ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦਾ ਹੈ। ਉਹ ਦੁਨੀਆਂ ਵਿੱਚ ਅਮਨ ਲਈ ਸਭ ਤੋਂ ਬੜਾ ਖਤਰਾ ਹੈ।

ਦੁਨੀਆਂ ਵਿੱਚ ਅੱਜ ਦੋ ਢਾਂਚਿਆਂ ਵਿਚਕਾਰ ਸੰਘਰਸ਼ ਚਲ ਰਿਹਾ ਹੈ – ਸਰਮਾਏਦਾਰਾ ਸਾਮਰਾਜਵਾਦੀ ਢਾਂਚਾ ਜਿਸ ਤੋਂ ਮਨੁੱਖਤਾ ਦੀ ਤਬਾਹੀ ਹੋਣ ਦਾ ਖਤਰਾ ਹੈ ਅਤੇ ਸਮਾਜਵਾਦੀ ਢਾਂਚਾ ਜੋ ਮਨੁੱਖਤਾ ਦਾ ਭਵਿੱਖ ਹੈ।

ਜਦੋਂ ਤੀਕ ਸਾਮਰਾਜਵਾਦ ਕਾਇਮ ਰਹੇਗਾ, ਜੰਗਾਂ ਦਾ ਖਤਰਾ ਬਣਿਆਂ ਰਹੇਗਾ। ਇੱਕ ਸਥਾਈ ਅਮਨ ਰੱਖਣ ਦਾ ਇੱਕੋ ਇੱਕ ਰਸਤਾ ਪ੍ਰੋਲਤਾਰੀ ਇਨਕਲਾਬਾਂ ਦਾ ਇਕ ਦੂਸਰਾ ਦੌਰ ਹੈ। ਸਾਮਰਾਜਵਾਦੀ ਢਾਂਚੇ ਨੂੰ ਉਲਟਾ ਕੇ ਸਮਾਜਵਾਦ ਸਥਾਪਤ ਕਰਨ ਦੀ ਜ਼ਰੂਰਤ ਹੈ।

close

Share and Enjoy !

Shares

Leave a Reply

Your email address will not be published. Required fields are marked *