ਹਿੰਦੋਸਤਾਨ ਦੀ ਅਜ਼ਾਦੀ ਦੀ ਮਹਾਨ ਜੰਗ – 1857 ਦੇ ਗ਼ਦਰ – ਦੀ 165ਵੀਂ ਵਰ੍ਹੇਗੰਢ ਉਤੇ

ਸਾਨੂੰ ਪਾੜਨ ਅਤੇ ਸਾਡੀ ਧਰਤੀ ਅਤੇ ਕਿਰਤ ਦੀ ਲੁੱਟ ਅਤੇ ਡਕੈਤੀ ਕਰਨ ਵਾਲਿਆਂ ਦੇ ਖ਼ਿਲਾਫ਼ ਸੰਘਰਸ਼ ਜਾਰੀ ਹੈ

10 ਮਈ ਨੂੰ, ਈਸਟ ਇੰਡੀਆ ਕੰਪਨੀ ਦੇ ਮੇਰਠ ਵਿੱਚ ਸਥਿਤ ਸਿਪਾਹੀਆਂ ਵਲੋਂ ਦਿੱਲੀ ਉੱਤੇ ਕਬਜ਼ਾ ਕਰਨ ਲਈ ਕੂਚ ਕਰਨ ਤੋਂ ਬਾਦ, 165 ਸਾਲ ਬੀਤ ਚੁੱਕੇ ਹਨ। ਉਹ ਦਿਨ ਬਰਤਾਨਵੀ ਵਪਾਰਕ ਕੰਪਨੀ ਦੇ ਨਜਾਇਜ਼, ਜਾਬਰ ਅਤੇ ਆਪਣੇ ਲਾਲਚਾਂ ਵਾਸਤੇ ਹਿੰਦੋਸਤਾਨੀ ਉਪ-ਮਹਾਂਦੀਪ ਦੇ ਵਿਸ਼ਾਲ ਇਲਾਕੇ ਵਿੱਚ ਸਥਾਪਤ ਕੀਤੇ ਰਾਜ ਤੋਂ ਅਜ਼ਾਦ ਹੋਣ ਲਈ ਮਹਾਨ ਗ਼ਦਰ ਦੀ ਸ਼ੁਰੂਆਤ ਸੀ।

ਵੱਖ ਵੱਖ ਕਿਸਮ ਦਾ ਕਮ ਕਿਤਾ ਕਰਨ ਵਾਲੇ ਅਤੇ ਵੱਖ ਵੱਖ ਧਰਮਾਂ, ਜਾਤਾਂ, ਬੋਲੀਆਂ ਅਤੇ ਸੱਭਿਆਚਾਰ ਵਾਲੇ ਲੋਕ, ਕੰਪਨੀ ਦੇ ਜ਼ਾਲਮ ਰਾਜ ਦਾ ਤਖਤਾ ਉਲਟਾਉਣ ਲਈ ਇੱਕਮੁੱਠ ਹੋ ਗਏ ਸਨ। ਇਸ ਹਥਿਆਰਬੰਦ ਉਭਾਰ ਵਿੱਚ ਇਸ ਉਪ ਮਹਾਂਦੀਪ ਦੇ ਅਨੇਕਾਂ ਹਿੱਸਿਆਂ ਦੇ ਮੇਹਨਤਕਸ਼ ਕਿਸਾਨਾਂ, ਕਾਰੀਗਰਾਂ, ਆਦਿਵਾਸੀ ਲੋਕਾਂ, ਵਪਾਰੀਆਂ, ਬੁੱਧੀਜੀਵੀਆਂ, ਧਾਰਮਿਕ ਲੀਡਰਾਂ, ਦੇਸ਼ਭਗਤ ਰਾਜਿਆਂ ਅਤੇ ਰਾਣੀਆਂ ਨੇ ਹਿੱਸਾ ਲਿਆ। ਉਹ ਇੱਕ ਨਵਾਂ ਰਾਜ ਸਥਾਪਤ ਕਰਨ ਦੇ ਮਨੋਰਥ ਨਾਲ ਇੱਕਮੁੱਠ ਹੋਏ ਸਨ, ਜਿਸ ਵਿੱਚ ਇਸ ਉਪਮਹਾਂਦੀਪ ਦੇ ਲੋਕ ਆਪਣੀ ਕਿਸਮਤ ਦਾ ਫੈਸਲਾ ਖੁਦ ਕਰਨਗੇ। ਉਹ “ਹਮ ਹੈਂ ਇਸ ਕੇ ਮਾਲਕ, ਹਿੰਦੋਸਤਾਨ ਹਮਾਰਾ ਹੈ” ਦਾ ਨਾਅਰਾ ਲਾਉਂਦੇ ਹੋਏ ਅਤੇ ਮੌਤ ਤੋਂ ਬੇਪਰਵਾਹ ਹੋ ਕੇ ਜੰਗ ਵਿੱਚ ਕੁੱਦੇ ਸਨ।

1857 ਦੇ ਮਹਾਨ ਗ਼ਦਰ ਦੀ ਇਤਿਹਾਸਿਕ ਮਹੱਤਤਾ ਇਹ ਹੈ ਕਿ ਉਸ ਨੇ ਇਸ ਭਰਮ ਨੂੰ ਚਕਨਾਚੂਰ ਕਰ ਦਿੱਤਾ ਕਿ ਇਸ ਉਪ-ਮਹਾਂਦੀਪ ਦੇ ਲੋਕ ਵੱਖ ਵੱਖ ਧਰਮਾਂ, ਜਾਤਾਂ ਵਿੱਚ ਵੰਡੇ ਹੋਏ ਹਨ ਅਤੇ ਉਹ ਆਪਣੇ ਜਾਬਰਾਂ ਦੇ ਖ਼ਿਲਾਫ਼ ਇਕੱਠੇ ਹੋਣ ਤੋਂ ਅਸਮਰਥ ਹਨ।

1857 ਦੇ ਤਜਰਬੇ ਦੀ ਅਹਿਮੀਅਤ ਇਸ ਲਈ ਹੈ ਕਿ ਅੱਜ ਵੀ ਸਾਡੇ ਦੇਸ਼ ਦੀ ਧਰਤੀ ਅਤੇ ਕਿਰਤ ਦੀ ਲੁੱਟ ਜਾਰੀ ਹੈ, ਬਾਵਯੂਦ ਇਸ ਦੇ ਕਿ ਬਸਤੀਵਾਦੀ ਰਾਜ ਨੂੰ ਖਤਮ ਹੋਇਆਂ ਤਕਰੀਬਨ 75 ਸਾਲ ਹੋ ਗਏ ਹਨ। ਇਸ ਦੀ ਅਹਿਮੀਅਤ ਇਸ ਲਈ ਹੈ ਕਿ ਹਿੰਦੋਸਤਾਨ ਦੇ ਲੋਕ ਅੱਜ ਵੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਦਾ ਸ਼ਿਕਾਰ ਹਨ, ਜੋ ਬਰਤਾਨਵੀ ਰਾਜ ਨੇ ਸਥਾਪਤ ਅਤੇ ਪੱਕੀ ਕੀਤੀ ਸੀ।

***

ਈਸਟ ਇੰਡੀਆ ਕੰਪਨੀ ਨੇ ਇਸ ਉਪ-ਮਹਾਂਦੀਪ ਵਿੱਚ ਆਪਣਾ ਵਪਾਰ 17ਵੀਂ ਸਦੀ ਵਿੱਚ ਸ਼ੁਰੂ ਕੀਤਾ ਸੀ। ਅਠਾਰਵੀਂ ਸਦੀ ਦੇ ਅੱਧ ਤਕ ਉਸ ਨੇ ਗਦਾਰਾਂ ਨੂੰ ਵੱਢੀਆਂ ਦੇ ਕੇ, ਅਤੇ ਵੱਖ ਵੱਖ ਰਾਜਿਆਂ ਨਾਲ ਦੋਸਤੀ ਗੰਢ ਕੇ, ਉਨ੍ਹਾਂ ਨੂੰ ਇੱਕ ਦੂਸਰੇ ਦੇ ਖ਼ਿਲਾਫ਼ ਉਕਸਾ ਕੇ ਅਤੇ ਉਨ੍ਹਾਂ ਨਾਲ ਵਿਸਾਹਘਾਤ ਕਰਕੇ, ਇਸ ਉਪ-ਮਹਾਂਦੀਪ ਦੇ ਰਾਜਿਆਂ ਦੀਆਂ ਆਪਸੀ ਵਿਰੋਧਤਾਈਆਂ ਦਾ ਚਲਾਕੀ ਨਾਲ ਫਾਇਦਾ ਉਠਾ ਕੇ ਕਈ ਇਲਾਕੇ ਜਿੱਤ ਲਏ ਸਨ। 1850ਵਿਆਂ ਤਕ ਈਸਟ ਇੰਡੀਆ ਕੰਪਨੀ ਦੀ ਬੰਗਾਲ, ਬੰਬਈ ਅਤੇ ਮਦਰਾਸ ਵਿੱਚ ਫੌਜਾਂ ਦੇ 2 ਲੱਖ ਹਿੰਦੋਸਤਾਨੀ ਸਿਪਾਹੀ ਸਨ ਅਤੇ 38 ਹਜ਼ਾਰ ਬਰਤਾਨਵੀ ਅਫਸਰ ਸਨ।

ਇਸ ਉਪਮਹਾਂਦੀਪ ਦੇ ਸਭ ਲੋਕਾਂ ਦੀ ਧਰਤੀ ਅਤੇ ਕਿਰਤ ਨੂੰ, ਇੰਗਲੈਂਡ ਦੇ ਸਰਮਾਏਦਾਰਾਂ ਦੇ ਫਾਇਦੇ ਲਈ ਲੁੱਟਿਆ ਜਾ ਰਿਹਾ ਸੀ, ਜਿਸ ਦੇ ਸਿੱਟੇ ਵਜੋਂ ਕਾਲ ਪਏ ਅਤੇ ਲੋਕਾਂ ਨੂੰ ਮੁਸੀਬਤਾਂ ਝੱਲਣੀਆਂ ਪਈਆਂ। ਇਨ੍ਹਾਂ ਹਾਲਾਤਾਂ ਦਾ ਖਾਤਮਾ ਕਰਨ ਦੀਆਂ ਖਾਹਿਸ਼ਾਂ ਨੇ ਉਪਮਹਾਂਦੀਪ ਦੇ ਲੋਕਾਂ ਨੂੰ ਇੱਕਮੁੱਠ ਕਰ ਦਿੱਤਾ।

ਬਹਾਦਰ ਸ਼ਾਹ ਜ਼ਫਰ, ਜਿਸਨੂੰ ਇਨਕਲਾਬੀਆਂ ਨੇ ਆਪਣਾ ਮੁੱਖ ਪ੍ਰਤੀਨਿਧ ਐਲਾਨ ਕੀਤਾ ਸੀ, ਨੇ 12 ਮਈ ਨੂੰ ਇੱਕ ਸ਼ਾਹੀ ਫੁਰਮਾਨ ਜਾਰੀ ਕੀਤਾ:

“ਹਿੰਦੋਸਤਾਨ ਦੇ ਤਮਾਮ ਹਿੰਦੂ ਅਤੇ ਮੁਸਲਮਾਨ ਲੋਕੋ, ਇਸ ਘੜੀ ਉਤੇ ਲੋਕਾਂ ਪ੍ਰਤੀ ਆਪਣੇ ਫਰਜ਼ ਨੂੰ ਧਿਆਨ ਵਿੱਚ ਰੱਖਦਿਆਂ, ਮੈਂ ਆਪਣੇ ਲੋਕਾਂ ਨਾਲ ਖੜ੍ਹੇ ਹੋਣ ਦਾ ਫੈਸਲਾ ਕਰ ਲਿਆ ਹੈ…। ਹਿੰਦੂਆਂ ਅਤੇ ਮੁਸਲਮਾਨਾਂ ਦਾ ਜ਼ਰੂਰੀ ਫਰਜ਼ ਹੈ ਕਿ ਉਹ ਅੰਗਰੇਜ਼ਾਂ ਦੇ ਖ਼ਿਲਾਫ਼ ਬਗਾਵਤ ਵਿੱਚ ਸ਼ਾਮਲ ਹੋ ਜਾਣ। ਉਨ੍ਹਾਂ ਨੂੰ ਆਪਣੇ ਸ਼ਹਿਰਾਂ ਵਿੱਚ ਆਪਣੇ ਨੇਤਾਵਾਂ ਦੀ ਅਗਵਾਈ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਦੇਸ਼ ਵਿੱਚ ਅਮਨ ਬਹਾਲ ਕਰਨ ਲਈ ਕਦਮ ਉਠਾਉਣੇ ਚਾਹੀਦੇ ਹਨ। ਤਮਾਮ ਲੋਕਾਂ ਦਾ ਫਰਜ਼ ਹੈ ਕਿ ਉਹ ਜਿੰਨਾ ਵੀ ਸੰਭਵ ਹੋਵੇ ਇਸ ਫੁਰਮਾਨ ਦੀ ਨਕਲ ਕਰਕੇ ਆਪਣੇ ਸ਼ਹਿਰਾਂ ਵਿੱਚ ਖਾਸ ਖਾਸ ਥਾਵਾਂ ਉੱਤੇ ਲਗਾਉਣ। ਪਰ ਇਹ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਹਥਿਆਰਬੰਦ ਹੋ ਕੇ ਅੰਗਰੇਜ਼ਾਂ ਦੇ ਖ਼ਿਲਾਫ਼ ਜੰਗ ਦਾ ਐਲਾਨ ਕਰ ਦੇਣਾ ਚਾਹੀਦਾ ਹੈ”।

ਬਹਾਦਰ ਸ਼ਾਹ ਨੇ ਲੋਕਾਂ ਨੂੰ ਸਾਵਧਾਨ ਕਰਨ ਲਈ ਇੱਕ ਹੋਰ ਫੁਰਮਾਨ ਵੀ ਜਾਰੀ ਕੀਤਾ:

“ਅੰਗਰੇਜ਼ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇੱਕ ਦੂਸਰੇ ਦੇ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼ ਕਰਨਗੇ। ਉਹ ਜੋ ਵੀ ਕਹਿਣ ਉਸ ਵੱਲ ਧਿਆਨ ਨਾ ਦਿਓ, ਉਨ੍ਹਾਂ ਨੂੰ ਦੇਸ਼ ਵਿਚੋਂ ਬਾਹਰ ਭਜਾਓ”।

ਗ਼ਦਰ ਨੇ ਹਿੰਦੋਸਤਾਨ ਉੱਤੇ ਬਰਤਾਨਵੀ ਰਾਜ ਦੀਆਂ ਜੜ੍ਹਾਂ ਹਿੱਲਾ ਦਿੱਤੀਆਂ ਅਤੇ ਇਹ (ਗ਼ਦਰ) ਲੰਡਨ ਅਤੇ ਦੁਨੀਆਂ ਭਰ ਵਿੱਚ ਸਿਆਸੀ ਚਰਚਾ ਦਾ ਕੇਂਦਰੀ ਵਿਸ਼ਾ ਬਣ ਗਿਆ।

ਇਸ ਉਪਮਹਾਂਦੀਪ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤਕ ਲੋਕ ਇਕੱਠੇ ਹੋ ਗਏ ਹਨ, ਇਸ ਸੱਚਾਈ ਨੇ ਬਰਤਾਨਵੀ ਹਾਕਮਾਂ ਨੂੰ ਪੂਰੀ ਤਰ੍ਹਾਂ ਝੰਜੋੜ ਸੁੱਟਿਆ। ਉਦੋਂ ਤਕ, ਉਹ ਇਹੀ ਯਕੀਨ ਕਰਦੇ ਸਨ ਕਿ ਹਿੰਦੋਸਤਾਨ ਵਿੱਚ ਬੋਲੀ, ਧਰਮ ਅਤੇ ਜਾਤਾਂ ਵਿਚਕਾਰ ਵਖਰੇਵੇਂ, ਉਨ੍ਹਾਂ ਨੂੰ ਬਸਤੀਵਾਦੀ ਹਕੂਮਤ ਦਾ ਖ਼ਾਤਮਾ ਕਰਨ ਲਈ ਸਾਂਝਾ ਸੰਘਰਸ਼ ਨਹੀਂ ਚਲਾਉਣ ਦੇਣਗੇ।

ਜਿੱਤਣ ਲਈ ਅਤੇ ਰਾਜ ਕਰਨ ਲਈ ਲੋਕਾਂ ਨੂੰ ਪਾੜਨਾ, ਇਸ ਅਸੂਲ ਨੇ ਬਰਤਾਨਵੀ ਸਰਮਾਏਦਾਰੀ ਨੂੰ ਆਪਣਾ ਹਿੰਦੋਸਤਾਨੀ ਸਾਮਰਾਜ ਸਥਾਪਤ ਕਰਨ ਲਈ ਸੇਧ ਦਿੱਤੀ ਸੀ। 1822 ਵਿੱਚ ਲੈਫਟੀਨੈਂਟ ਕਰਨਲ ਕੋਕ, ਜੋ ਉਸ ਸਮੇਂ ਕੰਪਨੀ ਰਾਜ ਹੇਠ ਮੁਰਾਦਾਬਾਦ ਦਾ ਕਮਾਂਡਰ ਸੀ, ਉਸ ਨੇ ਲਿਿਖਆ ਸੀ “ਸਾਡੀ ਕੋਸ਼ਿਸ਼ ਵੱਖ ਧਰਮਾਂ ਅਤੇ ਕੌਮਾਂ ਵਿਚਕਾਰ ਵਖਰੇਂਵਿਆਂ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਣਾ ਹੋਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਨੂੰ ਜੋੜਨ ਦੀ। ਪਾੜੋ ਅਤੇ ਰਾਜ ਕਰੋ ਹਿੰਦੋਸਤਾਨੀ ਹਕੂਮਤ ਦਾ ਅਸੂਲ ਹੋਣਾ ਚਾਹੀਦਾ ਹੈ”।

ਬਰਤਾਨਵੀ ਹਾਕਮਾਂ ਨੇ ਹਿੰਦੋਸਤਾਨ ਦੀ ਅਜ਼ਾਦੀ ਲਈ ਲੜਨ ਵਾਲਿਆਂ ਖ਼ਿਲਾਫ਼, ਉਭਾਰ ਦੇ ਦੁਰਾਨ ਅਤੇ ਇਸ ਨੂੰ ਦਬਾ ਦੇਣ ਤੋਂ ਬਾਦ ਦੇ ਸਾਲਾਂ ਵਿਚ, ਬੇਮਿਸਾਲ ਨਿਰਦਾਇਤਾ ਦਿਖਾਈ। ਉਨ੍ਹਾਂ ਨੇ ਪਿਸ਼ਾਵਰ ਤੋਂ ਲੈ ਕੇ ਕਲਕੱਤੇ ਤਕ ਜੀ ਟੀ ਰੋਡ ਉੱਤੇ ਲੱਗੇ ਹਰ ਦਰਖਤ ਉੱਤੇ ਇੱਕ ਦੇਸ਼ਭਗਤ ਨੂੰ, ਇਸ ਤਰ੍ਹਾਂ ਦਹਿ-ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ਭਗਤਾਂ ਨੂੰ ਫਾਂਸੀਆਂ ਉਤੇ ਲਟਕਾਇਆ, ਪੂਰੇ ਦੇ ਪੂਰੇ ਸ਼ਹਿਰਾਂ ਨੂੰ ਲੁੱਟਿਆ, ਨਿਹੱਥੇ ਲੋਕਾਂ ਦਾ ਕਤਲੇਆਮ ਕੀਤਾ ਅਤੇ ਪਿੰਡਾਂ ਨੂੰ ਢਹਿ ਢੇਰੀ ਕਰ ਦਿੱਤਾ। ਅਵਧ ਦੇ ਇਲਾਕੇ ਦੇ ਲੋਕਾਂ ਨੂੰ ਦਹਿਸ਼ਤ ਦੇ ਰਾਜ ਤੋਂ ਬਚਣ ਲਈ ਹਿੰਦੋਸਤਾਨ ਦੇ ਹੋਰ ਇਲਾਕਿਆਂ ਨੂੰ ਭੱਜ ਜਾਣ ਲਈ ਮਜਬੂਰ ਕਰ ਦਿੱਤਾ। ਕੁੱਝ ਇਤਿਹਾਸਕਾਰਾਂ ਦਾ ਅੰਦਾਜ਼ਾ ਹੈ ਕਿ ਉਸ ਵੇਲੇ ਦੇ ਬਰਤਾਨਵੀ ਹਿੰਦੋਸਤਾਨ ਵਿੱਚ ਇੱਕ ਕ੍ਰੋੜ ਲੋਕਾਂ, ਜਾਣੀ 5 ਫੀ ਸਦੀ ਲੋਕਾਂ, ਨੂੰ ਬਰਤਾਨਵੀ ਹਾਕਮਾਂ ਨੇ ਕਤਲ ਕੀਤਾ ਸੀ। ਬਰਤਾਨਵੀ ਫੌਜ ਨੂੰ ਉਸ ਉਭਾਰ ਨੂੰ ਦਬਾਉਣ ਅਤੇ ਹਿੰਦੋਸਤਾਨੀ ਉਪ-ਮਹਾਂਦੀਪ ਉਤੇ ਦੁਬਾਰਾ ਕੰਟਰੋਲ ਕਰਨ ਲਈ ਇੱਕ ਸਾਲ ਤੋਂ ਵੀ ਵੱਧ ਸਮਾਂ ਲੱਗਾ।

ਬਰਤਾਨਵੀ ਹਾਕਮਾਂ ਨੇ ਹਿੰਦੋਸਤਾਨੀ ਸੱਭਿਆਚਾਰ ਨੂੰ ਵੀ ਨਸ਼ਟ ਕੀਤਾ। ਉਨ੍ਹਾਂ ਨੇ ਹਿੰਦੋਸਤਾਨੀ ਲੋਕਾਂ ਵਲੋਂ ਹਜ਼ਾਰਾਂ ਸਾਲਾਂ ਦੁਰਾਨ ਸਿਰਜੀ ਵਿਚਾਰ-ਸਮੱਗਰੀ ਮਿਟਾ ਦੇਣ ਲਈ ਸਾਡੇ ਲੋਕਾਂ ਦੀਆਂ ਸਮੁੱਚੀਆਂ ਲਾਇਬ੍ਰੇਰੀਆਂ ਤਬਾਹ ਕਰ ਦਿੱਤੀਆਂ। ਉਨ੍ਹਾਂ ਨੇ ਗ਼ਦਰ ਉੱਤੇ ਕਿਸੇ ਵੀ ਹਿੰਦੋਸਤਾਨੀ ਲੇਖਕ ਦੀ ਕਿਤਾਬ ਛਪਣ ਉਤੇ ਪਾਬੰਦੀ ਲਾ ਦਿੱਤੀ ਅਤੇ ਬਰਤਾਨਵੀ ਲੇਖਕਾਂ ਵਲੋਂ ਉਸ ਦੀ ਤੋੜ-ਮਰੋੜ ਕੀਤੇ ਹੋਏ ਬਿਰਤਾਂਤ ਛਪਵਾਏ।

1857 ਦੇ ਗ਼ਦਰ ਨੂੰ ਦਬਾਉਣ ਤੋਂ ਬਾਅਦ, 1858 ਵਿੱਚ ਰਾਣੀ ਵਿਕਟੋਰੀਆ ਨੇ ਈਸਟ ਇੰਡੀਆ ਕੰਪਨੀ ਦੇ ਰਾਜ ਦੀ ਥਾਂ ਬਰਤਾਨਵੀ ਰਾਜ ਦੀ ਸਿੱਧੀ ਹਕੂਮਤ ਦਾ ਐਲਾਨ ਕੀਤਾ। ਬਰਤਾਨਵੀ ਸਰਮਾਏਦਾਰੀ ਨੇ ਲੋਕਾਂ ਵਿੱਚ ਵਖਰੇਵਿਆਂ ਨੂੰ ਮਜਬੂਤ ਕਰਨ ਲਈ ਸਿਆਸੀ ਅਦਾਰੇ ਅਤੇ ਵਿਦਿਅਕ ਢਾਂਚਾ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ, ਜੋ ਇਕ ਹੋਰ ਇੱਕਮੁੱਠ ਉਭਾਰ ਪੈਦਾ ਹੋਣ ਤੋਂ ਰੋਕ ਸਕੇ। ਉਨ੍ਹਾਂ ਨੇ ਅਜੇਹੇ ਕਾਨੂੰਨ ਬਣਾਏ, ਜਿਨ੍ਹਾਂ ਨੇ ਹਿੰਦੋਸਤਾਨ ਦੀ ਬਰਤਾਨਵੀ ਲੁੱਟ ਨੂੰ ਜਾਇਜ਼ ਠਹਿਰਾਇਆ ਅਤੇ ਹਿੰਦੋਸਤਾਨੀ ਲੋਕਾਂ ਦੀ ਕੌਮੀ ਮੁਕਤੀ ਦੀ ਕੋਸ਼ਿਸ਼ ਨੂੰ ਅਪਰਾਧ ਕਰਾਰ ਦਿੱਤਾ।

ਬਰਤਾਨਵੀ ਸਰਮਾਏਦਾਰੀ ਨੇ ਇਸ ਸੱਚਾਈ ਨੂੰ ਛੁਪਾਇਆ ਕਿ 1857 ਦੇ ਗ਼ਦਰ ਵਿੱਚ ਲੋਕ ਆਪਣੇ ਧਾਰਮਿਕ ਅਕੀਦਿਆਂ ਤੋਂ ਉਪਰ ਉਠ ਕੇ ਇੱਕਮੁੱਠ ਹੋਏ ਸਨ। ਉਨ੍ਹਾਂ ਨੇ ਇਹ ਝੂਠ ਫੈਲਾਇਆ ਕਿ ਉਹ“ਮੁਸਲਮਾਨਾਂ ਦੀ ਬਗਾਵਤ” ਸੀ। ਉਨ੍ਹਾਂ ਨੇ ਕਈ ਗਦਾਰ ਮਹਾਂਰਾਜਿਆਂ ਦੇ ਸਹਿਯੋਗ ਨਾਲ ਦੇਸ਼ਭਗਤਾਂ ਦੇ ਕਤਲ ਕੀਤੇ। ਰਾਜ ਵਲੋਂ ਜਥੇਬੰਦ ਕੀਤੇ ਇਨ੍ਹਾਂ ਕਤਲੇਆਮਾਂ ਨੂੰ ਬਾਦ ਵਿੱਚ ਹੋਰ ਧਰਮਾਂ ਦੇ ਲੋਕਾਂ ਸਿਰ ਮੜ੍ਹਿਆ ਗਿਆ।

ਹਿੰਦੋਸਤਾਨੀ ਲੋਕਾਂ ਬਾਰੇ ਅੰਗਰੇਜ਼ਾਂ ਦਾ ਨਜ਼ਰੀਆ ਇਹ ਸੀ ਕਿ ਏਥੇ ਬਹੁ-ਗਿਣਤੀ ਹਿੰਦੂ ਹਨ ਅਤੇ ਮੁਸਲਮਾਨ ਅਤੇ ਕੁੱਝ ਹੋਰ ਧਰਮਾਂ ਦੇ ਲੋਕ ਘੱਟ ਗਿਣਤੀ ਵਿਚ ਹਨ। ਉਨ੍ਹਾਂ ਨੇ ਜਾਣ-ਬੁੱਝਕੇ ਇਸ ਅਧਾਰ ਉੇਤੇ ਕਾਨੂੰਨ ਬਣਾਏ। ਲਾਰਡ ਕਰਜ਼ਨ, ਜੋ 1895 ਤੋਂ 1899 ਤਕ ਹਿੰਦੋਸਤਾਨ ਦਾ ਗਵਰਨਰ ਜਨਰਲ ਰਿਹਾ ਸੀ ਅਤੇ 1899 ਤੋਂ 1904 ਤਕ ਵਾਇਸਰਾਏ ਰਿਹਾ ਸੀ, ਉਸ ਨੂੰ ਬਰਤਾਨਵੀ ਰਾਜ ਦੇ ਹਿੰਦੋਸਤਾਨ ਬਾਰੇ ਸਟੇਟ ਸਕੱਤਰ ਨੇ ਕਿਹਾ ਸੀ ਕਿ ਉਥੇ “ਪੜ੍ਹਾਈ ਦੀਆਂ ਕਿਤਾਬਾਂ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਕਮਿਉਨਿਟੀਆਂ ਵਿਚਕਾਰ ਵੱਖਰੇਵੇਂ ਹੋਰ ਪੱਕੇ ਹੋ ਜਾਣ”।

ਜਾਇਦਾਦਾਂ ਅਤੇ ਖਿਤਾਬਾਂ ਵਾਲੇ ਜਿਹੜੇ ਹਿੰਦੋਸਤਾਨੀ ਬਰਤਾਨਵੀ ਹੁਕਮਰਾਨਾਂ ਨੰ ਸਹਿਯੋਗ ਦਿੰਦੇ ਸਨ, ਉਨ੍ਹਾਂ ਨੂੰ ਜ਼ਮੀਨਾਂ ਅਤੇ ਇੰਡਸਟਰੀਅਲ ਲਾਇਸੈਂਸਾਂ ਨਾਲ ਨਿਵਾਜਿਆ ਗਿਆ। ਬਰਤਾਨਵੀ ਸਰਮਾਏਦਾਰੀ ਨੇ ਸਮਝ ਲਿਆ ਸੀ ਕਿ ਹਿੰਦੋਸਤਾਨੀਆਂ ਵਿੱਚ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਵਿਕਾਸ ਨੂੰ ਉਤਸ਼ਾਹਤ ਕਰਨਾ ਉਨ੍ਹਾਂ ਦੇ ਹਿੱਤ ਵਿਚ ਹੈ, ਅਤੇ ਬਸਤੀਵਾਦੀ ਢਾਂਚੇ ਨੂੰ ਕਾਇਮ ਰੱਖਣਾ ਇਨ੍ਹਾਂ ਜਾਇਦਾਦੀ ਜਮਾਤਾਂ ਦੇ ਹਿੱਤ ਵਿੱਚ ਹੈ। ਉਨ੍ਹਾਂ ਨੇ ਇਨ੍ਹਾਂ ਜਾਇਦਾਦੀ ਜਮਾਤਾਂ ਦੀਆਂ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਮੁਸਲਿਮ ਲੀਗ ਵਰਗੀਆਂ ਪਾਰਟੀਆਂ ਬਣਾਉਣ ਲਈ ਸਰਪਰਸਤੀ ਕੀਤੀ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਸੂਬਾਈ ਵਿਧਾਨਿਕ ਸਭਾਵਾਂ ਲਈ ਮੈਂਬਰ ਚੁਣਨ ਲਈ ਚੋਣ ਪ੍ਰੀਕ੍ਰਿਆ ਸ਼ੁਰੂ ਕੀਤੀ। ਇਨ੍ਹਾਂ ਲਈ ਅਜੇਹੀਆਂ ਪਾਰਟੀਆਂ ਹੀ ਉਮੀਦਵਾਰ ਖੜ੍ਹੇ ਕਰ ਸਕਦੀਆਂ ਸਨ ਅਤੇ ਪੜ੍ਹੇ-ਲਿਖੇ ਅਤੇ ਜਾਇਦਾਦ ਵਾਲੇ ਹਿੰਦੂ ਅਤੇ ਮੁਸਲਮਾਨ ਧਰਮ ਦੇ ਅਧਾਰ ਉੱਤੇ ਬਣਾਏ ਹੋਏ ਹਲਕਿਆਂ ਵਿੱਚ ਵੋਟ ਪਾ ਸਕਦੇ ਸਨ।

ਫਿਰਕੂ ਵੰਡ ਨੂੰ ਹੋਰ ਪੱਕਾ ਕਰਨ ਲਈ, ਬਰਤਾਨਵੀ ਹਾਕਮਾਂ ਨੇ ਕਦੇ ਹਿੰਦੂਆਂ ਦੀ ਮਦਦ ਕਰਨ ਦਾ ਅਤੇ ਕਦੇ ਮੁਸਲਮਾਨ ਦੀ ਮਦਦ ਕਰਨ ਦਾ ਢੌਂਗ ਕੀਤਾ। ਪਰ ਸੱਚਾਈ ਇਹ ਹੈ ਕਿ ਉਨ੍ਹਾਂ ਨੇ ਤਮਾਮ ਹਿੰਦੋਸਤਾਨੀ ਲੋਕਾਂ ਉੇਤੇ ਜ਼ੁਲਮ ਕੀਤਾ ਅਤੇ ਉਨ੍ਹਾਂ ਦੀ ਜ਼ਮੀਨ ਅਤੇ ਮੇਹਨਤ ਦੀ ਲੁੱਟ ਕੀਤੀ। ਬਰਤਾਨਵੀ ਰਾਜ ਹੇਠ ਕੇਵਲ ਖੁਦਗਰਜ਼ ਗਦਾਰ ਅੰਸਰਾਂ ਨੂੰ ਹੀ ਸਹੂਲਤਾਂ ਮਿਲੀਆਂ ਅਤੇ ਲਾਭ ਹੋਇਆ।

ਅਗਸਤ 1947 ਵਿੱਚ, ਧਰਮ ਦੇ ਅਧਾਰ ਉਤੇ ਹਿੰਦੋਸਤਾਨ ਦੀ ਵੰਡ ਕੀਤੀ ਗਈ ਅਤੇ ਪੰਜਾਬੀ ਅਤੇ ਬੰਗਾਲੀ ਕੌਮਾਂ ਨੂੰ ਵੰਡਿਆ ਗਿਆ, ਜੋ ਕਿ ਬਰਤਾਨਵੀ ਬਸਤੀਵਾਦੀਆਂ ਵਲੋਂ ਹਿੰਦੋਸਤਾਨੀ ਲੋਕਾਂ ਦੇ ਖ਼ਿਲਾਫ਼ ਕੀਤਾ ਗਿਆ ਸਭ ਤੋਂ ਬੜਾ ਜ਼ੁਰਮ ਸੀ। ਉਹ ਬਸਤੀਵਾਦੀ ਜੂਲੇ ਤੋਂ ਮੁਕਤੀ ਲਈ ਸਾਡੇ ਸੰਘਰਸ਼ ਉੱਤੇ ਇੱਕ ਵੱਡਾ ਹਮਲਾ ਸੀ। ਬਰਤਾਨਵੀ ਬਸਤੀਵਾਦੀਆਂ ਨੇ ਫਿਰਕੂ ਅਧਾਰ ਉਤੇ – ਹਿੰਦੋਸਤਾਨ ਅਤੇ ਪਾਕਿਸਤਾਨ – ਦੋ ਦੇਸ਼ ਬਣਾ ਦਿੱਤੇ ਤਾਂ ਕਿ ਦੇਸੀ ਅਤੇ ਬਦੇਸ਼ੀ ਸਰਮਾਏਦਾਰਾਂ ਵਲੋਂ ਸਾਡੀ ਧਰਤ ਅਤੇ ਕਿਰਤ ਦੀ ਲੁੱਟ ਨੂੰ ਕਾਇਮ ਰੱਖਿਆ ਜਾ ਸਕੇ।

ਹਿੰਦੋਸਤਾਨ ਦੀ ਹਾਕਮ ਜਮਾਤ ਨੇ ਜਾਣ-ਬੁੱਝਕੇ ਇਹ ਝੂਠ ਫੈਲਾਇਆ ਹੈ ਕਿ ਕੋਈ ਖਾਸ ਧਾਰਮਿਕ ਕਮਿਉਨਿਟੀ ਹਿੰਦੋਸਤਾਨ ਦੀ ਵੰਡ ਲਈ ਜ਼ਿਮੇਵਾਰ ਹੈ। ਸੱਚਾਈ ਇਹ ਹੈ ਕਿ ਵੰਡ ਲਈ ਬਰਤਾਨਵੀ ਸਾਮਰਾਜਵਾਦੀ ਹੀ ਜਿਮੇਵਾਰ ਸਨ।

ਕੀ ਕਾਰਨ ਹੈ ਕਿ ਸਰਕਾਰ ਦਾ ਅਸੂਲ ਅਜੇ ਵੀ ਪਾੜੋ ਅਤੇ ਰਾਜ ਕਰੋ ਹੈ? ਕੀ ਕਾਰਨ ਹੈ ਕਿ ਰਾਜ ਅਯੋਜਿਤ ਫਿਰਕੂ ਹਿੰਸਾ ਹਕੂਮਤ ਕਰਨ ਦਾ ਢੰਗ ਹੈ? ਇਹ ਇਸ ਕਰਕੇ ਹੈ ਕਿ 1947 ਵਿਚ ਰਾਜ ਦਾ ਖਾਸਾ ਨਹੀਂ ਬਦਲਿਆ। ਹਿੰਦੋਸਤਾਨ ਦੇ ਬੜੇ ਸਰਮਾਏਦਾਰਾਂ ਨੇ ਬੜੇ ਜਗੀਰਦਾਰਾਂ ਅਤੇ ਗ਼ਦਾਰ ਮਹਾਂਰਾਜਾ ਪ੍ਰਵਾਰਾਂ ਨਾਲ ਮਿਲ ਕੇ ਬਰਤਾਨਵੀ ਸਰਮਾਏਦਾਰੀ ਦੀ ਥਾਂ ਲੈ ਲਈ। ਹਿੰਦੋਸਤਾਨੀ ਸਰਮਾਏਦਾਰੀ ਦੇ ਹਿੱਤਾਂ ਦੀ ਸੇਵਾ ਕਰਨ ਲਈ ਉਹੀ ਆਰਥਿਕ ਢਾਂਚਾ, ਰਾਜਕੀ ਢਾਂਚਾ, ਕਾਨੂੰਨ, ਸਖਤ ਤੌਰ ਤਰੀਕੇ, ਪ੍ਰਸ਼ਾਸਨਿਕ ਮਸ਼ੀਨਰੀ ਅਤੇ ਹਕੂਮਤ ਕਰਨ ਦੇ ਤਰੀਕੇ ਕਾਇਮ ਰੱਖੇ ਗਏ ਹਨ।

ਪਾਰਲੀਮਾਨੀ ਜਮਹੂਰੀਅਤ ਵਾਲੀ ਸਿਆਸੀ ਪ੍ਰੀਕ੍ਰਿਆ, ਸਰਮਾਏਦਾਰੀ ਦੀ ਹਕੂਮਤ ਨੂੰ ਕਾਇਮ ਰੱਖਦੀ ਹੈ। ਕਾਨੂੰਨ ਅਤੇ ਨੀਤੀਆਂ ਘੜਨ ਵਿੱਚ ਲੋਕਾਂ ਦੀ ਕੋਈ ਭੂਮਿਕਾ ਨਹੀਂ ਹੈ। 140 ਕ੍ਰੋੜ ਹਿੰਦੋਸਤਾਨੀ ਲੋਕਾਂ ਉਪਰ ਤਕਰੀਬਨ 150 ਅਜਾਰੇਦਾਰ ਸਰਮਾਏਦਾਰ ਘਰਾਣੇ ਆਪਣੀ ਮਰਜ਼ੀ ਠੋਸ ਰਹੇ ਹਨ। ਹਿੰਦੋਸਤਾਨੀ ਅਤੇ ਬਦੇਸ਼ੀ ਸਰਮਾਏਦਾਰਾਂ ਵਲੋਂ ਹਿੰਦੋਸਤਾਨ ਦੇ ਲੋਕਾਂ ਦੀ ਧਰਤ ਅਤੇ ਕਿਰਤ ਦੀ ਮਹਾਂ-ਲੁੱਟ ਅੱਜ ਤਕ ਵੀ ਜਾਰੀ ਹੈ।

1857 ਦੇ ਗ਼ਦਰ ਨੇ ਇਸ ਨਜ਼ਰੀਏ ਨੂੰ ਜਨਮ ਦਿੱਤਾ ਕਿ ਅਜ਼ਾਦ ਹਿੰਦੋਸਤਾਨ ਅਜੇਹਾ ਹੋਵੇਗਾ ਜਿਸ ਦੇ ਮਾਲਕ ਲੋਕ ਹੋਣਗੇ। ਅੱਜ, 165 ਸਾਲ ਬਾਅਦ, ਉਹੀ ਸੁਪਨੇ ਅਤੇ ਤਾਂਘਾਂ ਨੂੰ ਅਸਲੀਅਤ ਵਿੱਚ ਬਦਲਣ ਲਈ ਸੰਘਰਸ਼ ਚਲ ਰਿਹਾ ਹੈ, ਜਿਸ ਨਾਲ 1947 ਵਿੱਚ ਗ਼ਦਾਰੀ ਕੀਤੀ ਗਈ ਸੀ।

ਗ਼ਦਰ ਨੇ ਵੱਖ ਵੱਖ ਧਰਮ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਖ਼ਿਲਾਫ਼ ਲੜਾੳੇੇੁਣ ਦੀਆਂ ਬਰਤਾਨਵੀ ਹਾਕਮਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਸਾਡੇ ਸਾਹਮਣੇ ਵੀ ਅੱਜ ਅਜੇਹੀ ਹੀ ਚੁਣੌਤੀ ਹੈ। ਸਾਨੂੰ ਆਪਣੀ ਲੜਾਕੂ ਏਕਤਾ ਨੂੰ ਤੋੜਨ ਦੀਆਂ ਹਾਕਮ ਜਮਾਤ ਦੀਆਂ ਯੋਜਨਾਵਾਂ ਨੂੰ ਅਸਫਲ ਬਣਾ ਦੇਣਾ ਚਾਹੀਦਾ ਹੈ। ਸਾਨੂੰ 1857 ਵਿੱਚ ਹਿੰਦੋਸਤਾਨ ਦੇ ਕ੍ਰੋੜਾਂ ਹੀ ਮੇਹਨਤਕਸ਼ ਅਤੇ ਸੋਚਵਾਨ ਲੋਕਾਂ ਦੀ ਆਪਣੇ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਏਕਤਾ ਤੋਂ ਸਬਕ ਲੈਣਾ ਚਾਹੀਦਾ ਹੈ। ਇਹ ਸਾਨੂੰ ਦਿਖਾ ਰਿਹਾ ਹੈ ਕਿ ਅਜੇਹਾ ਕੀਤਾ ਜਾ ਸਕਦਾ ਹੈ।

ਸਾਨੂੰ, ਹਿੰਦੋਸਤਾਨ ਵਿਚੋਂ ਫਿਰਕੂ ਹਿੰਸਾ ਦੇ ਜ਼ੁਲਮ ਦਾ ਖਾਤਮਾ ਚਾਹੁਣ ਵਾਲੇ ਅਤੇ ਸਭਨਾਂ ਦੀ ਖੁਸ਼ਹਾਲੀ ਅਤੇ ਸੁਰੱਖਿਆ ਚਾਹੁਣ ਵਾਲੇ ਸਭ ਲੋਕਾਂ ਨੂੰ 1857 ਦੇ ਸ਼ਹੀਦਾਂ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਨੂੰ ਅੱਗੇ ਲਿਜਾਣਾ ਚਾਹੀਦਾ ਹੈ। ਇਹ ਇੱਕ ਅਜੇਹਾ ਹਿੰਦੋਸਤਾਨ ਸਿਰਜਣ ਦਾ ਪ੍ਰੋਗਰਾਮ ਹੈ, ਜਿਸ ਵਿੱਚ ਲੋਕ ਸਮਰਥ ਹੋਣ, ਜਿਸ ਵਿੱਚ ਹਰੇਕ ਵਿਅਕਤੀ ਨਾਲ ਬਰਾਬਰ ਸ਼ਹਿਰੀ ਅਤੇ ਮਨੁੱਖ ਦੇ ਤੌਰ ਉਤੇ ਸਲੂਕ ਹੋਵੇ, ਜਿੱਥੇ ਮੇਹਨਤ ਕਰਨ ਵਾਲੇ ਆਪਣੀ ਸਹਿਕਾਰੀ ਮੇਹਨਤ ਦੇ ਫਲ ਦਾ ਅਨੰਦ ਮਾਣ ਸਕਣ, ਜਿੱਥੇ ਆਰਥਿਕਤਾ ਸਵੈ-ਨਿਰਭਰ ਹੋਵੇ ਅਤੇ ਮਨੁੱਖੀ ਜ਼ਰੂਰਤਾਂ ਪੂਰੀਆਂ ਕਰੇ ਨਾ ਕਿ ਸਰਮਾਏਦਾਰਾਂ ਦੇ ਲਾਲਚ।

close

Share and Enjoy !

Shares

Leave a Reply

Your email address will not be published. Required fields are marked *