ਦਿੱਲੀ ਦੇ ਮਜ਼ਦੂਰਾਂ ਨੇ ਮੁੰਡਕਾ ਅੱਗ ਵਿਰੁੱਧ ਪ੍ਰਦਰਸ਼ਨ ਕੀਤਾ:
ਮਜ਼ਦੂਰਾਂ ਨੇ ਕਿਰਤ ਮੰਤਰੀ ਨੂੰ ਚੇਤਾਵਨੀ ਦਿੱਤੀ

17 ਮਈ ਦੀ ਸਵੇਰ ਨੂੰ, ਦਿੱਲੀ ਦੇ ਜੁਆਇੰਟ ਫੋਰਮ ਆਫ਼ ਟਰੇਡ ਯੂਨੀਅਨਜ਼ ਦੀ ਅਗਵਾਈ ਹੇਠ, ਦਿੱਲੀ ਦੇ ਕਿਰਤ ਮੰਤਰੀ ਦੀ ਰਿਹਾਇਸ਼ ‘ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।

ਜਿਨ੍ਹਾਂ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਪ੍ਰਦਰਸ਼ਨ ਕੀਤਾ, ਉਨ੍ਹਾਂ ਵਿੱਚ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ), ਹਿੰਦ ਮਜ਼ਦੂਰ ਸਭਾ, ਮਜ਼ਦੂਰ ਏਕਤਾ ਕਮੇਟੀ, ਸੇਵਾ, ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨਜ਼ (ਏ.ਆਈ.ਸੀ.ਸੀ.ਟੀ.ਯੂ.), ਲੇਬਰ ਪ੍ਰੋਗਰੈਸਿਵ ਫੈਡਰੇਸ਼ਨ (ਐਲ.ਪੀ.ਐਫ), ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਅਤੇ ਇੰਡੀਅਨ ਕੌਂਸਲ ਆਫ ਟਰੇਡ ਯੂਨੀਅਨ ਸ਼ਾਮਲ ਸਨ

ਵਰਕਰਾਂ ਨੇ ਹੱਥਾਂ ਵਿੱਚ ਬੈਨਰ ਅਤੇ ਤਖ਼ਤੀਆਂ ਲੈ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ‘ਤੇ ਲਿਖੇ ਨਾਅਰੇ ਇਸ ਪ੍ਰਕਾਰ ਸਨ – ‘ਦਿੱਲੀ ਸਰਕਾਰ ਅਤੇ ਐਮ.ਸੀ.ਡੀ. ਮਜ਼ਦੂਰਾਂ ਦੇ ਕਸਤਲਾਂ ਦਾ ਜਵਾਬ ਦੇਵੇ!’, ‘ਮਜ਼ਦੂਰਾਂ ਦੀਆਂ ਮੌਤਾਂ ਲਈ ਸਰਮਾਏਦਾਰ ਮਾਲਕਾਂ ਅਤੇ ਸਰਕਾਰੀ ਏਜੰਸੀਆਂ ਦਾ ਗਠਜੋੜ ਜ਼ਿੰਮੇਵਾਰ ਹੈ!’, ‘ਉਦਯੋਗਿਕ ਹਾਦਸਿਆਂ ਲਈ ਜ਼ਿੰਮੇਵਾਰ ਕੌਣ – ਦਿੱਲੀ ਸਰਕਾਰ!’ ‘ਕੀ ਮਜ਼ਦੂਰਾਂ ਦੀਆਂ ਜਾਨਾਂ ਸਸਤੀਆਂ ਅਤੇ ਸੁਰੱਖਿਆ ਉਪਕਰਣ ਮਹਿੰਗੇ ਹਨ?’ ‘ਸਰਕਾਰੀ ਏਜੰਸੀਆਂ ਸਨਅਤੀ ਖੇਤਰਾਂ ਵਿੱਚ ਵਧ ਰਹੇ ਹਾਦਸਿਆਂ ਲਈ ਜ਼ਿੰਮੇਵਾਰ ਹਨ!’ ਆਦਿ।

ਮੁੰਡਕਾ ਅੱਗ ਵਿੱਚ ਮਜ਼ਦੂਰਾਂ ਦੀਆਂ ਹੋਈਆਂ ਮੌਤਾਂ ਲਈ ਕਿਰਤ ਮੰਤਰਾਲੇ ਅਤੇ ਨਗਰ ਨਿਗਮ ਦੇ ਅਧਿਕਾਰੀਆਂ, ਸਰਕਾਰ ਅਤੇ ਸਮੁੱਚੇ ਸੂਬਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਰੋਹ ਵਿੱਚ ਆਏ ਮਜ਼ਦੂਰਾਂ ਨੇ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਇਨਸਾਫ਼ ਅਤੇ ਮੁਆਵਜ਼ੇ ਦੀ ਮੰਗ ਕਰਦਿਆਂ ਸੂਬਾ ਅਧਿਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਧਰਨਾਕਾਰੀ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀ ਅੱਗ ਲੱਗਣ ਅਤੇ ਉਦਯੋਗਿਕ ਹਾਦਸੇ ਮੁੜ ਕਦੇ ਨਾ ਵਾਪਰਨ ਲਈ ਸਖ਼ਤ ਕਦਮ ਚੁੱਕੇ ਜਾਣ ਅਤੇ ਮਜ਼ਦੂਰਾਂ ਦੇ ਸਾਰੇ ਹੱਕਾਂ ਨੂੰ ਯਕੀਨੀ ਬਣਾਇਆ ਜਾਵੇ।

ਇਨ੍ਹਾਂ ਮੰਗਾਂ ਵਾਲਾ ਮੰਗ ਪੱਤਰ ਟਰੇਡ ਯੂਨੀਅਨਾਂ ਵੱਲੋਂ ਕਿਰਤ ਮੰਤਰੀ ਨੂੰ ਸੌਂਪਿਆ ਗਿਆ।

ਦਿੱਲੀ ਸਕਤਰੇਤ ਅੱਗੇ ਰੋਸ ਪ੍ਰਦਰਸ਼ਨ

17 ਮਈ ਨੂੰ ਮੁੰਡਕਾ ਵਿੱਚ ਭਿਆਨਕ ਫੈਕਟਰੀ ਅੱਗ ਵਿੱਚ ਮਜ਼ਦੂਰਾਂ ਦੀਆਂ ਮੌਤਾਂ ਦੇ ਵਿਰੋਧ ਵਿੱਚ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਈ ਟਰੇਡ ਯੂਨੀਅਨਾਂ, ਔਰਤਾਂ, ਨੌਜਵਾਨ ਅਤੇ ਵਿਿਦਆਰਥੀ ਜਥੇਬੰਦੀਆਂ ਅਤੇ ਜਨਤਕ ਜਥੇਬੰਦੀਆਂ ਨੇ ਦਿੱਲੀ ਸਕੱਤਰੇਤ ਅੱਗੇ ਸਾਂਝਾ ਧਰਨਾ ਦਿੱਤਾ।

ਧਰਨੇ ਵਿੱਚ ਹਿੱਸਾ ਲੈਣ ਵਾਲੀਆਂ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਜ਼ਦੂਰਾਂ ਦੇ ਕੰਮ ਦੇ ਇਨ੍ਹਾਂ ਅਣਮਨੁੱਖੀ ਹਾਲਾਤਾਂ ਅਤੇ ਮਜ਼ਦੂਰਾਂ ਦੀਆਂ ਮੌਤਾਂ ਲਈ ਸੂਬੇ ਸਰਕਾਰ ਅਤੇ ਐਮ.ਸੀ.ਡੀ. ਨੂੰ ਜ਼ਿੰਮੇਵਾਰ ਠਹਿਰਾਇਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਾਰੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਮਜ਼ਦੂਰਾਂ ਦੇ ਸਾਰੇ ਅਧਿਕਾਰ ਅਤੇ ਕੰਮ ਵਾਲੀ ਥਾਂ ‘ਤੇ ਸੁਰੱਖਿਆ ਦੀ ਗਰੰਟੀ ਕੀਤੀ ਜਾਵੇ, ਉਨ੍ਹਾਂ ਨੇ ਇਨ੍ਹਾਂ ਮੰਗਾਂ ਸਮੇਤ ਦਿੱਲੀ ਸਰਕਾਰ ਦੇ ਕਿਰਤ ਮੰਤਰੀ ਮਨੀਸ਼ ਸਿਸੋਦੀਆ ਨੂੰ ਮੰਗ ਪੱਤਰ ਸੌਂਪਿਆ।

ਰੋਸ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਸਨ – ਆਲ ਇੰਡੀਆ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਏ.ਐਫ.ਟੀ.ਯੂ.)-ਨਿਊ, ਮਜ਼ਦੂਰ ਏਕਤਾ ਕਮੇਟੀ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਆਈ.ਐਫ.ਟੀ.ਯੂ.), ਇਨਕਲਾਬੀ ਮਜ਼ਦੂਰ ਕੇਂਦਰ, ਮਜ਼ਦੂਰ ਏਕਤਾ ਕੇਂਦਰ, ਪ੍ਰਗਤੀਸ਼ੀਲ ਮਹਿਲਾ ਏਕਤਾ ਕੇਂਦਰ, ਲੋਕ ਪੱਖ, ਭਾਰਤੀ ਫੈਡਰੇਸ਼ਨ ਆਫ ਟਰੇਡ ਯੂਨੀਅਨਾਂ – ਪ੍ਰੋਲੇਤਾਰੀ, ਮਜ਼ਦੂਰ ਸਹਿਯੋਗ ਕੇਂਦਰ, ਦਿੱਲੀ ਪੀਪਲਜ਼ ਫੋਰਮ, ਆਦਿ।

close

Share and Enjoy !

Shares

Leave a Reply

Your email address will not be published. Required fields are marked *