ਮਜ਼ਦੂਰਾਂ ਅਤੇ ਕਿਸਾਨਾਂ ਦੀ ਲੁੱਟ ਖਸੁੱਟ ਖਤਮ ਕਰਨ ਦੇ ਸੰਘਰਸ਼ ਨੂੰ ਅੱਗੇ ਵਧਾਓ!

ਮਈ ਦਿਵਸ, 2022 ਉਤੇ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ

ਮਜ਼ਦੂਰ ਸਾਥੀਓ,

ਅੱਜ ਮਈ ਦਿਵਸ ਹੈ, ਇਸ ਦਿਨ ਉਤੇ ਦੁਨੀਆਂ ਭਰ ਦੇ ਦੇਸ਼ਾਂ ਦੇ ਮਜ਼ਦੂਰ ਜਸ਼ਨ ਮਨਾਉਂਦੇ ਹਨ। ਸਾਡੇ ਦੇਸ਼ ਵਿੱਚ ਸਭ ਇਲਾਕਿਆਂ ਦੇ ਮਜ਼ਦੂਰ ਰੈਲੀਆਂ, ਮੀਟਿੰਗਾਂ ਅਤੇ ਮੁਜ਼ਾਹਰੇ ਕਰ ਰਹੇ ਹਨ। ਅਸੀਂ ਆਪਣੀਆਂ ਜਿੱਤਾਂ ਦਾ ਜਸ਼ਨ ਮਨਾ ਰਹੇ ਹਾਂ ਅਤੇ ਆਪਣੀਆਂ ਅਸਫਲਤਾਵਾਂ ਉੱਤੇ ਚਰਚਾ ਕਰਕੇ ਉਸ ਤੋਂ ਸਬਕ ਲਵਾਂਗੇ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਸਭਨਾਂ ਦੇਸ਼ਾਂ ਦੇ ਮਜ਼ਦੂਰਾਂ ਨੂੰ ਸਲਾਮ ਕਰਦੀ ਹੈ, ਜਿਹੜੇ ਸਰਮਾਏਦਾਰਾ ਲੁੱਟ ਦੇ ਖ਼ਿਲਾਫ਼, ਰਾਸ਼ਟਰੀ ਦਮਨ, ਨਸਲਵਾਦ, ਫਾਸ਼ੀਵਾਦ ਅਤੇ ਸਾਮਰਾਜਵਾਦੀ ਜੰਗਾਂ ਦੇ ਖ਼ਿਲਾਫ਼ ਅਤੇ ਆਪਣੇ ਹੱਕਾਂ ਲਈ ਤੇ ਇਨਕਲਾਬ ਅਤੇ ਸਮਾਜਵਾਦ ਦੀ ਫਤੇਹ ਲਈ ਬਹਾਦਰੀ ਨਾਲ ਸੰਘਰਸ਼ ਕਰ ਰਹੇ ਹਨ।

ਆਓ, ਆਪਾਂ ਫਿਰ ਤੋਂ ਪ੍ਰਣ ਕਰੀਏ ਕਿ ਅਸੀਂ ਮਜ਼ਦੂਰ ਬਤੌਰ ਅਤੇ ਮਾਨਵ ਬਤੌਰ ਆਪਣੇ ਸੰਘਰਸ ਨੂੰ ਬਿਨ੍ਹਾਂ ਸਮਝੌਤਾ ਕੀਤਿਆਂ ਲਗਾਤਾਰ ਅੱਗੇ ਵਧਾਵਾਂਗੇ। ਆਓ, ਸਭ ਤਰ੍ਹਾਂ ਦੀ ਲੁੱਟ ਤੋਂ ਮੁਕਤ ਸਮਾਜ ਸਥਾਪਤ ਕਰਨ ਦਾ ਪ੍ਰਣ ਕਰੀਏ, ਜਿਸ ਵਿੱਚ ਮੇਹਨਤ ਕਰਨ ਵਾਲਿਆਂ ਨੂੰ ਆਪਣੀ ਸਮੂਹਿਕ ਮੇਹਨਤ ਦਾ ਫਲ਼ ਮਿਲੇ ਅਤੇ ਜਿੱਥੇ ਕੋਈ ਵੀ ਦੂਜਿਆਂ ਦੀ ਕਿਰਤ ਦੀ ਲੁੱਟ ਕਰਕੇ ਆਪਣੀ ਦੌਲਤ ਨਹੀਂ ਵਧਾ ਸਕੇਗਾ।

ਪਿਛਲੇ ਸਾਲ ਵਿੱਚ, ਅਸੀਂ ਆਪਣੇ ਹੱਕਾਂ ਵਾਸਤੇ ਬੜੇ ਜ਼ੋਰਦਾਰ ਅਤੇ ਇਕਮੁੱਠ ਸੰਘਰਸ਼ ਕੀਤੇ ਹਨ। 20 ਕ੍ਰੋੜ ਤੋਂ ਵੱਧ ਮਜ਼ਦੂਰਾਂ ਨੇ 28 ਅਤੇ 29 ਮਾਰਚ ਨੂੰ ਹੋਈ ਦੋ-ਦਿਨਾ ਸਰਬ ਹਿੰਦ ਆਮ ਹੜਤਾਲ ਵਿੱਚ ਹਿੱਸਾ ਲਿਆ ਸੀ। ਕੋਲੇ ਦੀ ਖਾਣਾਂ, ਈਸਪਾਤ ਦੇ ਕਾਰਖਾਨਿਆਂ, ਪਟਰੌਲ ਰਿਫਾਨਰੀ, ਬਿਜਲੀ ਵਿਤਰਣ ਕੰਪਨੀਆਂ, ਰੇਲਵੇ ਅਤੇ ਸੜਕ ਟਰਾਂਸਪੋਰਟ, ਬੈਂਕਿੰਗ ਅਤੇ ਬੀਮਾ, ਰਖਿਆ ਖੇਤਰ, ਆਦਿ ਦੇ ਮਜ਼ਦੂਰ, ਇਮਾਰਤਾਂ ਬਣਾਉਣ ਵਾਲੇ ਮਜ਼ਦੂਰ ਅਤੇ ਸੇਵਾ ਖੇਤਰ ਦੇ ਮਜ਼ਦੂਰ, ਟੀਚਰ, ਡਾਕਟਰ, ਨਰਸਾਂ, ਖੇਤੀ ਖੇਤਰ ਦੇ ਖੇਤ-ਮਜ਼ਦੂਰ, ਆਂਗਨਵਾੜੀ ਅਤੇ ਆਸ਼ਾ ਮਜ਼ਦੂਰ – ਸਭ ਨੇ ਮਿਲ ਕੇ ਬਹੁਤ ਹੀ ਕਠਿਨ ਹਾਲਤਾਂ ਵਿੱਚ, ਬਹੁਤ ਸਾਰੇ ਬਹਾਦਰਾਨਾ ਸੰਘਰਸ਼ ਕੀਤੇ ਹਨ।

ਅਸੀਂ ਮਜ਼ਦੂਰਾਂ ਨੇ ਬੜੀ ਸਰਗਰਮੀ ਨਾਲ ਕਿਸਾਨਾਂ ਦੇ ਸੰਘਰਸ਼ ਦਾ ਸਮਰੱਥਨ ਕੀਤਾ। ਕਿਸਾਨ ਅੰਦੋਲਨ ਨੇ ਮਜ਼ਦੂਰਾਂ ਦੀਆਂ ਯੂਨੀਅਨਾਂ ਦੇ ਮੰਗ-ਪੱਤਰ ਦਾ ਸਮਰੱਥਨ ਕੀਤਾ ਹੈ। ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਹੋ ਗਈ ਹੈ।

ਅਸੀਂ ਚਾਰ ਕਿਰਤ ਨੇਮਾਵਲੀਆਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ, ਜੋ ਸਰਮਾਏਦਾਰ ਜਮਾਤ ਦੇ ਹਿੱਤਾਂ ਲਈ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਪੈਰਾਂ ਹੇਠ ਰੋਲ ਰਹੇ ਹਨ। ਅਸੀਂ ਜਿਊਣ ਲਾਇਕ ਵੇਤਨ ਲਈ, 8 ਘੰਟੇ ਕੰਮ ਦੇ ਦਿਨ ਲਈ ਅਤੇ ਠੇਕਾ ਮਜ਼ਦੂਰੀ ਨੂੰ ਖਤਮ ਕਰਨ ਲਈ ਸੰਘਰਸ਼ ਕਰ ਰਹੇ ਹਾਂ। ਅਸੀਂ ਸਭ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਵਾਸਤੇ ਸੰਘਰਸ਼ ਕਰ ਰਹੇ ਹਾਂ।

ਅਸੀਂ ਸਰਮਾਏਦਾਰੀ ਦੇ ਨਿੱਜੀਕਰਣ ਅਤੇ ਉਦਾਰੀਕਰਣ ਦੇ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਰਾਸ਼ਟਰ-ਵਿਰੋਧੀ ਪ੍ਰੋਗਰਾਮ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਾਂ। ਸਰਮਾਏਦਾਰਾਂ ਨੇ ਬੜੀ ਹੈਂਕੜ ਨਾਲ ਐਲਾਨ ਕੀਤਾ ਹੈ ਕਿ ਉਹ ਸਰਬਜਨਕ ਖੇਤਰ ਦੇ ਤਮਾਮ ਉਦਯੋਗ ਹਿੰਦੋਸਤਾਨੀ ਅਤੇ ਬਦੇਸ਼ੀ ਸਰਮਾਏਦਾਰਾਂ ਦੇ ਹੱਥਾਂ ਵਿੱਚ ਸੌਂਪ ਦੇਣਗੇ। ਸਭ ਸਰਬਜਨਕ ਖੇਤਰ ਦੇ ਉਦਯੋਗਾਂ – ਬੈਂਕਿੰਗ, ਬੀਮਾ, ਬਿਜਲੀ, ਰੇਲਵੇ, ਸੜਕ ਟਰਾਂਸਪੋਰਟ, ਕੋਲਾ, ਈਸਪਾਤ, ਪਟਰੌਲ ਅਤੇ ਰੱਖਿਆ ਉਤਪਾਦਨ – ਸਭ ਖੇਤਰਾਂ ਦੇ ਮਜ਼ਦੂਰ ਪੂਰੀ ਤਾਕਤ ਨਾਲ ਸੜਕਾਂ ਉਤੇ ਆ ਕੇ, ਸਮਾਜ ਦੇ ਇਨ੍ਹਾਂ ਅਣਮੁੱਲੇ ਸੰਸਾਧਨਾਂ ਨੂੰ ਨਿੱਜੀ ਅਜਾਰੇਦਾਰ ਕੰਪਨੀਆਂ ਦੇ ਹੱਥਾਂ ਵਿੱਚ ਵੇਚ ਦੇਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਹੇ ਹਨ।

ਪੜ੍ਹਾਈ, ਸਵਾਸਥ ਸੇਵਾ, ਰਹਾਇਸ਼, ਬਿਜਲੀ, ਪਾਣੀ, ਸਫਾਈ, ਰੇਲ ਅਤੇ ਸੜਕ ਟਰਾਂਸਪੋਰਟ, ਬੈਕਿੰਗ ਅਤੇ ਬੀਮਾ – ਇਹ ਸਭ ਆਧੁਨਿਕ ਜੀਵਨ ਦੀਆਂ ਜ਼ਰੂਰਤਾਂ ਹਨ। ਅਸੀਂ ਅਧਿਕਾਰ ਬਤੌਰ ਇਨ੍ਹਾਂ ਸਭਨਾਂ ਦੇ ਨਿੱਜੀਕਰਣ ਦਾ ਵਿਰੋਧ ਕਰ ਰਹੇ ਹਾਂ। ਇਨ੍ਹਾਂ ਸਭ ਸੇਵਾਵਾਂ ਅਤੇ ਸਮਾਜ ਦੀਆਂ ਹੋਰ ਜ਼ਰੂਰਤਾਂ ਨੂੰ ਸਰਮਾਏਦਾਰਾਂ ਦੇ ਮੁਨਾਫੇ ਦਾ ਸਰੋਤ ਬਣਾਇਆ ਜਾ ਰਿਹਾ ਹੈ, ਅਤੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ।

ਹਿੰਦੋਸਤਾਨ ਨੂੰ ਖੇਤੀ ਦੇ ਤਮਾਮ ਉਤਪਾਦਾਂ ਦੀ ਖਰੀਦ ਲਈ ਇੱਕ ਸਰਬਵਿਆਪਕ ਸਰਬਜਨਕ ਖ੍ਰੀਦ-ਪ੍ਰਣਾਲੀ ਦੇ ਢਾਂਚੇ ਦੀ ਜ਼ਰੂਰਤ ਹੈ, ਜਿਸ ਦੇ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਲਾਭਦਾਇਕ ਕੀਮਤ ਸੁਨਿਸ਼ਚਿਤ ਹੋ ਸਕੇ। ਹਿੰਦੋਸਤਾਨ ਨੂੰ ਇੱਕ ਸਰਬਵਿਆਪਕ ਸਰਬਜਨਕ ਵਿਤਰਣ ਪ੍ਰਣਾਲੀ ਦੀ ਜ਼ਰੂਰਤ ਹੈ, ਜਿਸ ਨਾਲ ਸਭ ਮੇਹਨਤਕਸ਼ ਲੋਕਾਂ ਨੂੰ ਸਸਤੇ ਭਾਅ ਉਤੇ ਲੁੜੀਂਦੀ ਮਾਤਰਾ ਵਿੱਚ ਸਭ ਜ਼ਰੂਰੀ ਚੀਜ਼ਾਂ ਪ੍ਰਾਪਤ ਹੋ ਸਕਣ। ਇਹ ਸ਼ਹਿਰਾਂ ਅਤੇ ਪਿੰਡਾਂ ਦੇ ਤਮਾਮ ਮੇਹਨਤਕਸ਼ ਲੋਕਾਂ ਲਈ, ਆਧੁਨਿਕ ਮਾਨਵ ਜੀਵਨ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਸ਼ਰਤਾਂ ਹਨ। ਇਹ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਮੰਗਾਂ ਹਨ।

ਮੇਹਨਤਕਸ਼ ਬਹੁਸੰਖਿਆ ਦੀਆਂ ਇਨ੍ਹਾਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨਾ ਪੂਰੀ ਤਰ੍ਹਾਂ ਸੰਭਵ ਹੈ। ਪਰ ਇਹ ਮੰਗਾਂ ਇਸ ਲਈ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ, ਕਿਉਂਕਿ ਇਹਦੇ ਨਾਲ ਅਜਾਰੇਦਾਰ ਸਰਮਾਏਦਾਰਾਂ ਦੇ ਵੱਧ ਤੋਂ ਵੱਧ ਮੁਨਾਫੇ ਬਣਾਉਣ ਦਾ ਲਾਲਚ ਪੂਰਾ ਨਹੀਂ ਹੁੰਦਾ। ਅਜਾਰੇਦਾਰ ਸਰਮਾਏਦਾਰ ਮਜ਼ਦੂਰਾਂ ਦੀ ਲੁੱਟ ਅਤੇ ਕਿਸਾਨਾਂ ਦੀ ਲੁੱਟ ਤੇਜ਼ ਕਰਕੇ ਜਲਦੀ ਤੋਂ ਜਲਦੀ ਹੋਰ ਅਮੀਰ ਬਣਨਾ ਚਾਹੁੰਦੇ ਹਨ। ਸਰਮਾਏਦਾਰਾਂ ਦੀ ਹਕੂਮਤ ਸਮਾਜ ਦੀ ਤਰੱਕੀ ਲਈ ਇੱਕ ਰੁਕਾਵਟ ਬਣ ਗਈ ਹੈ। ਲੋਕਾਂ ਦੀਆਂ ਤਮਾਮ ਸਮੱਸਿਆਵਾਂ ਦਾ ਸਰੋਤ ਸਰਮਾਏਦਾਰਾ ਆਰਥਿਕ ਢਾਂਚਾ ਅਤੇ ਮਜ਼ਦੂਰਾਂ ਤੇ ਕਿਸਾਨਾਂ ਉਪਰ ਸਰਮਾਏਦਾਰਾਂ ਦੀ ਹਕੂਮਤ ਦੀ ਹਿਫਾਜ਼ਤ ਕਰਨ ਵਾਲਾ ਰਾਜ ਹੈ। ਹਿੰਦੋਸਤਾਨੀ ਗਣਰਾਜ ਅਤੇ ਇਸ ਦੀਆਂ ਸਭ ਸੰਸਥਾਵਾਂ – ਸਰਕਾਰ ਚਲਾਉਣ ਵਾਲੀ ਪਾਰਟੀ ਅਤੇ ਮੰਤਰੀਮੰਡਲ, ਅਤੇ ਉਹਦੇ ਨਾਲ ਨਾਲ ਸੰਸਦੀ ਵਿਰੋਧੀ ਧਿਰ, ਪੁਲੀਸ, ਸੈਨਾ, ਨਿਆਂਪਾਲਕਾ, ਨਿਊਜ਼-ਮੀਡੀਆ – ਇਹ ਸਭ ਮਜ਼ਦੂਰਾਂ ਅਤੇ ਕਿਸਾਨਾਂ ਉਤੇ ਸਰਮਾਏਦਾਰਾਂ ਦੀ ਤਾਨਾਸ਼ਾਹੀ ਨੂੰ ਕਾਇਮ ਰੱਖਣ ਦੇ ਸਾਧਨ ਹਨ।

ਬਹੁ-ਪਾਰਟੀ ਪ੍ਰਤੀਨਿਧਤਾ ਵਾਲੀ ਜਮਹੂਰੀਅਤ ਦਾ ਢਾਂਚਾ ਇਹ ਯਕੀਨੀ ਬਣਾਉਂਦਾ ਹੈ ਕਿ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮੇਹਨਤਕਸ਼ ਲੋਕਾਂ ਨੂੰ ਹਮੇਸ਼ਾ ਹੀ ਸੱਤਾ ਤੋਂ ਬਾਹਰ ਰੱਖਿਆ ਜਾਵੇ। ਫੈਸਲੇ ਲੈਣ ਦੀ ਤਾਕਤ ਮੰਤਰੀਮੰਡਲ ਦੇ ਹੱਥਾਂ ਵਿਚ ਸਕੇਂਦਰਿਤ ਹੈ ਅਤੇ ਮੰਤਰੀਮੰਡਲ ਉਹ ਪਾਰਟੀ ਬਣਾਉਂਦੀ ਹੈ, ਜਿਸ ਦਾ ਸੰਸਦ ਵਿੱਚ ਬਹੁ-ਮੱਤ ਹੋਵੇ। ਸਰਮਾਏਦਾਰ ਇਹ ਫੈਸਲਾ ਕਰਦੇ ਹਨ ਕਿ ਉਨ੍ਹਾਂ ਦੀਆਂ ਭਰੋਸੇਮੰਦ ਪਾਰਟੀਆਂ ਵਿਚੋਂ ਕਿਸੇ ਖਾਸ ਵਕਤ ਉਤੇ ਕੇਹੜੀ ਪਾਰਟੀ ਨੂੰ ਸਰਕਾਰ ਚਲਾਉਣ ਦੀ ਜ਼ਿਮੇਵਾਰੀ ਦਿੱਤੀ ਜਾਵੇ। ਚੋਣਾਂ ਰਾਹੀਂ ਸਰਮਾਏਦਾਰ ਆਪਣੀ ਹਕੂਮਤ ਨੂੰ ਵੈਧਤਾ ਦਿੰਦੇ ਹਨ।

ਮਜ਼ਦੂਰ ਸਾਥੀਓ,

ਪਿਛਲੇ ਸਾਲ ਵਿੱਚ ਆਪਣੇ ਅਧਿਕਾਰਾਂ ਲਈ ਸੰਘਰਸ਼ ਦੇ ਦੁਰਾਨ ਆਪਾਂ ਆਪਣੀ ਏਕਤਾ ਨੂੰ ਕਾਫੀ ਮਜ਼ਬੂਤ ਕੀਤਾ ਹੈ। ਅਸੀਂ ਮਜ਼ਦੂਰ ਆਪਣੀ ਪਾਰਟੀ ਅਤੇ ਟਰੇਡ ਯੂਨੀਅਨ ਦੇ ਸਬੰਧਾਂ ਨੂੰ ਇੱਕ ਪਾਸੇ ਰੱਖ ਕੇ, ਸੰਘਰਸ਼ ਦੇ ਸਾਂਝੇ ਝੰਡੇ ਹੇਠ ਇਕਮੁੱਠ ਹੋ ਰਹੇ ਹਾਂ। ਸਰਬਜਨਕ ਖੇਤਰ ਦੇ ਸਾਰੇ ਉਦਯੋਗਾਂ ਦੇ ਮਜ਼ਦੂਰ ਇਕਮੁੱਠ ਹੋ ਕੇ, ਨਿੱਜੀਕਰਣ ਦੇ ਪ੍ਰੋਗਰਾਮ ਦੇ ਖ਼ਿਲਾਫ਼ ਸੰਘਰਸ਼ ਕਰਨ ਲਈ ਅੱਗੇ ਆ ਰਹੇ ਹਨ। ਮੇਹਨਤਕਸ਼ ਲੋਕ ਜ਼ਿਆਦਾ ਤੋਂ ਜ਼ਿਆਦਾ ਹੱਦ ਤਕ ਇਹ ਸਮਝ ਰਹੇ ਹਨ ਕਿ “ਇੱਕ ਉੱਤੇ ਹਮਲਾ ਸਭ ਉੱਤੇ ਹਮਲਾ ਹੈ”।

ਸਰਮਾਏਦਾਰਾਂ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੀ ਵਧ ਰਹੀ ਏਕਤਾ ਤੋਂ ਬਹੁਤ ਡਰ ਹੈ। ਉਨ੍ਹਾਂ ਨੇ ਸਾਡੀ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ। ਉਹ ਇਹਦੇ ਲਈ ਤਰ੍ਹਾਂ ਤਰ੍ਹਾਂ ਦੇ ਕਮੀਨੇ ਢੰਗ ਵਰਤ ਰਹੇ ਹਨ। ਦੇਸ਼ ਦੇ ਕਈ ਇਲਾਕਿਆਂ ਵਿੱਚ ਰਾਜ ਵਲੋਂ ਆਯੋਜਿਤ ਫਿਰਕੂ ਹਿੰਸਾ ਫੈਲਾਈ ਜਾ ਰਹੀ ਹੈ, ਜਿਸ ਦਾ ਨਿਸ਼ਾਨਾ ਸਾਨੂੰ ਧਰਮ ਦੇ ਅਧਾਰ ਉੱਤੇ ਪਾੜਨਾ ਹੈ।

ਦੇਸ਼ ਦੇ ਕਈ ਇਲਾਕਿਆਂ ਵਿੱਚ ਜੋ ਹਿੰਸਾ ਫੈਲਾਈ ਜਾ ਰਹੀ ਹੈ, ਜਿਸ ਤਰ੍ਹਾਂ ਕਿ ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਵਿੱਚ, ਉਸ ਨੂੰ ਵੱਖ ਵੱਖ ਧਰਮਾਂ ਦੇ ਲੋਕਾਂ ਵਿਚਕਾਰ ਲੜਾਈ ਬਤੌਰ ਪੇਸ਼ ਕੀਤਾ ਜਾ ਰਿਹਾ ਹੈ। ਇਹ ਸਰਾਸਰ ਝੂਠ ਹੈ। ਹਥਿਆਰਬੰਦ ਗੁੰਡੇ ਰਾਜ ਦੀ ਹਮਾਇਤ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਉੱਤੇ ਹਿੰਸਕ ਹਮਲੇ ਕਰ ਰਹੇ ਹਨ।

ਦਹਾਕਿਆਂ-ਬੱਧੀ ਅਮਨ-ਸ਼ਾਂਤੀ ਨਾਲ ਰਹਿਣ ਵਾਲੇ ਅਤੇ ਆਪਣੇ ਦੁੱਖ-ਦਰਦ ਵੰਡਾਉਣ ਵਾਲੇ ਲੋਕ, ਇਨ੍ਹਾਂ ਹਾਲਤਾਂ ਵਿੱਚ ਇੱਕ ਦੂਸਰੇ ਦੀ ਹਿਫਾਜ਼ਤ ਕਰਨ ਲਈ ਅੱਗੇ ਆਏ ਹਨ।

ਰਾਜਕੀ ਦਹਿਸ਼ਤਵਾਦ ਅਤੇ ਰਾਜ ਵਲੋਂ ਆਯੋਜਿਤ ਫਿਰਕੂ ਹਿੰਸਾ ਹਾਕਮ ਜਮਾਤ ਦਾ ਪਸੰਦੀਦਾ ਹਥਿਆਰ ਹੈ, ਜਿਸ ਨੂੰ ਉਹ ਸਾਡੀ ਰੋਜ਼ੀ-ਰੋਟੀ ਅਤੇ ਅਧਿਕਾਰਾਂ ਉੱਤੇ ਹਮਲਿਆਂ ਦੇ ਖ਼ਿਲਾਫ਼ ਸਾਡੇ ਇਕੱਮੁਠ ਸੰਘਰਸ਼ ਵਿੱਚ ਸਾਡੀ ਏਕਤਾ ਤੋੜਨ ਬਾਰ ਬਾਰ ਵਰਤਦਾ ਹੈ।

ਦਿੱਲੀ ਅਤੇ ਦੇਸ਼ ਦੇ ਕਈ ਇਲਾਕਿਆਂ ਵਿੱਚ ਅਧਿਕਾਰੀਆਂ ਨੇ ਫਿਰ ਤੋਂ ਝੁੱਗੀ-ਬਸਤੀਆਂ ਅਤੇ ਮੇਹਨਤਕਸ਼ਾਂ ਦੀਆਂ ਬਸਤੀਆਂ ਨੂੰ ਤੋੜਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਥੇ ਰਹਿਣ ਵਾਲੇ ਮੇਹਨਤਕਸ਼ਾਂ ਉਪਰ “ਅਪਰਾਧੀ ਅਤੇ ਰਾਸ਼ਟਰ-ਵਿਰੋਧੀ” ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ।

ਅਸਲੀਅਤ ਇਹ ਹੈ ਕਿ ਇਨ੍ਹਾਂ ਝੁੱਗੀ-ਬਸਤੀਆਂ ਵਿਚੋਂ ਹੀ ਸਰਮਾਏਦਾਰਾਂ ਦੀ ਫੈਕਟਰੀਆਂ ਲਈ ਸਸਤੀ ਮਜ਼ਦੂਰੀ ਦੀ ਬੇਰੋਕ ਸਪਲਾਈ ਯਕੀਨੀ ਬਣਦੀ ਹੈ। ਇਹ ਬਸਤੀਆਂ ਕਈਆਂ ਦਹਾਕਿਆਂ ਤੋਂ ਵਸੀਆਂ ਹੋਈਆਂ ਹਨ। ਇਨ੍ਹਾਂ ਵਿੱਚ ਰਹਿਣ ਵਾਲਿਆਂ ਕੋਲ ਵੋਟਰ ਆਈ.ਡੀ. ਕਾਰਡ, ਅਧਾਰ ਕਾਰਡ, ਬਿਜਲੀ ਦਾ ਕੁਨੈਕਸ਼ਨ, ਆਦਿ ਸਭ ਕੁੱਝ ਹੈ। ਬੜੇ ਸਰਮਾਏਦਾਰ ਰਾਜ ਦੀ ਮਸ਼ੀਨਰੀ ਨੂੰ ਵਰਤ ਕੇ ਉਸ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਮਜ਼ਦੂਰਾਂ ਨੇ ਆਪਣੇ ਘਰ ਵਸਾਏ ਹੋਏ ਹਨ, ਤਾਂ ਕਿ ਸਰਮਾਏਦਾਰ ਵੱਧ ਤੋਂ ਵੱਧ ਮੁਨਾਫੇ ਬਣਾਉਣ ਦੇ ਲਾਲਚ ਨੂੰ ਪੂਰਾ ਕਰ ਸਕਣ। ਸਰਮਾਏਦਾਰ ਅਤੇ ਉਨ੍ਹਾਂ ਦਾ ਮੀਡੀਆ ਬੜੇ ਸੋਚੇ-ਸਮਝੇ ਤਰੀਕੇ ਨਾਲ, ਲੋਕਾਂ ਦੇ ਘਰ ਢਾਹੇ ਜਾਣ ਨੂੰ ਫਿਰਕੂ ਰੰਗਤ ਦੇ ਰਹੇ ਹਨ, ਤਾਂਕਿ ਅਸੀਂ ਮਜ਼ਦੂਰ ਆਪਣੇ ਭੈਣ-ਭਰਾਵਾਂ ਉਪਰ ਹੋ ਰਹੇ ਹਮਲਿਆਂ ਦਾ ਇਕਮੱੁਠ ਹੋ ਕੇ ਵਿਰੋਧ ਨਾ ਕਰ ਸਕੀਏ।

ਮਜ਼ਦੂਰ ਸਾਥੀਓ,

ਸਾਡੇ ਦੇਸ਼ ਵਿੱਚ ਵੱਖ ਵੱਖ ਧਰਮਾਂ ਦੇ ਲੋਕਾਂ ਵਿਚਕਾਰ ਕੋਈ ਸੰਘਰਸ਼ ਨਹੀਂ ਹੈ। ਇਹ ਸੰਘਰਸ਼ ਮੁੱਠੀਭਰ ਲੋਟੂਆਂ ਅਤੇ ਲੁਟੀਂਦੀ ਬਹੁਸੰਖਿਆ ਵਿਚਕਾਰ ਹੈ। ਇਹ ਅਜਾਰੇਦਾਰ ਸਰਮਾਏਦਾਰਾਂ ਦੀ ਅਗਵਾਈ ਵਿੱਚ ਸਰਮਾਏਦਾਰਾਂ ਅਤੇ ਦੂਸਰੇ ਪਾਸੇ, ਮਜ਼ਦੂਰਾਂ-ਕਿਸਾਨਾਂ ਅਤੇ ਹੋਰ ਮੇਹਨਤਕਸ਼ ਲੋਕਾਂ ਦੇ ਵਿਚਕਾਰ ਸੰਘਰਸ਼ ਹੈ।

ਸਰਮਾਏਦਾਰ ਦੇਸ਼ ਨੂੰ ਸਾਡੇ ਹਿੱਤਾਂ ਦੇ ਖ਼ਿਲਾਫ਼ ਇੱਕ ਬਹੁਤ ਹੀ ਖ਼ਤਰਨਾਕ ਰਾਹ ਉਤੇ ਲਿਜਾ ਰਹੇ ਹਨ। ਦੇਸ਼ ਦੇ ਕੀਮਤੀ ਸਾਧਨ ਅਤੇ ਕੁਦਰਤੀ ਸਾਧਨਾਂ ਨੂੰ ਦੇਸ਼ੀ-ਬਦੇਸ਼ੀ ਸਰਮਾਏਦਾਰਾਂ ਕੋਲ ਵੇਚ ਰਹੇ ਹਨ। ਇਹ ਸਰਮਾਏਦਾਰ ਮਨੁੱਖੀ ਸਮਾਜ ਦੇ ਸਭ ਤੋਂ ਬੜੇ ਦੁਸ਼ਮਣ ਅਤੇ ਸ਼ਾਂਤੀ ਲਈ ਸਭ ਤੋਂ ਬੜੇ ਖਤਰੇ, ਅਮਰੀਕੀ ਸਾਮਰਾਜਵਾਦ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰ ਰਹੇ ਹਨ। ਉਹ ਸਾਡੇ ਲੋਕਾਂ ਅਤੇ ਗੁਆਂਢੀ ਦੇਸ਼ ਦੇ ਲੋਕਾਂ ਵਿੱਚ ਦੁਸ਼ਮਣੀ ਉਕਸਾਉਂਦੇ ਰਹਿੰਦੇ ਹਨ। ਉਹ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਆਪਣੇ ਅਸਲੀ ਦੁਸ਼ਮਣਾਂ, ਜਾਣੀ ਹਿੰਦੋਸਤਾਨੀ ਹਾਕਮ ਜਮਾਤ ਅਤੇ ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਲੜਨ ਦੇ ਰਸਤੇ ਤੋਂ ਹਟਾਉਣਾ ਚਾਹੁੰਦੇ ਹਨ। ਉਹ ਸਾਡੇ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਦੂਸਰੇ ਦੇਸ਼ਾਂ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਖ਼ਿਲਾਫ਼ ਲੜਾਉਣਾ ਚਾਹੁੰਦੇ ਹਨ।

ਸਾਨੂੰ ਆਪਣੀ ਏਕਤਾ ਨੂੰ ਤੋੜਨ ਅਤੇ ਆਪਣੇ ਸੰਘਰਸ਼ ਨੂੰ ਖਤਮ ਕਰਨ ਦੀਆਂ ਸਰਮਾਏਦਾਰਾਂ ਦੀਆਂ ਕੋਸ਼ਿਸ਼ਾਂ ਤੋਂ ਚੁਕੰਨੇ ਰਹਿਣਾ ਪਏਗਾ। ਸਾਨੂੰ ਆਪਣੀ ਜੁਝਾਰੂ ਏਕਤਾ, ਸਭ ਮਜ਼ਦੂਰਾਂ ਦੀ ਏਕਤਾ ਅਤੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਕਾਇਮ ਕਰਨੀ ਅਤੇ ਹੋਰ ਮਜ਼ਬੂਤ ਕਰਨੀ ਚਾਹੀਦੀ ਹੈ। ਸਾਨੂੰ ਇੱਕ ਅਜੇਹੀ ਸਿਆਸੀ ਤਾਕਤ ਬਣਨਾ ਪਏਗਾ, ਜੋ ਦੇਸ਼ ਦੀ ਵਾਗਡੋਰ ਸੰਭਾਲਣ ਦੇ ਕਾਬਲ ਹੋਵੇ ਅਤੇ ਸਰਮਾਏਦਾਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਉਸ ਥਾਂ ਤੋਂ ਹਟਾਉਣ ਵਿੱਚ ਕਾਮਯਾਬ ਹੋਵੇ।

ਅਸੀਂ, ਮਜ਼ਦੂਰ ਅਤੇ ਕਿਸਾਨ ਸਮਾਜ ਦੀ ਬਹੁਗਿਣਤੀ ਹਾਂ। ਅਸੀਂ ਹਿੰਦੋਸਤਾਨ ਦੀ ਦੌਲਤ ਪੈਦਾ ਕਰਦੇ ਹਾਂ। ਸਾਨੂੰ ਹਿੰਦੋਸਤਾਨ ਦੇ ਮਾਲਕ ਬਣਨਾ ਪਏਗਾ। ਅਜੇਹਾ ਕਰਕੇ ਹੀ ਅਸੀਂ ਪੂਰੀ ਆਰਥਿਕਤਾ ਨੂੰ ਸਭਨਾਂ ਦੇ ਸੁੱਖ ਅਤੇ ਸੁਰਖਿਆ ਦੀ ਦਿਸ਼ਾ ਵਿੱਚ ਅੱਗੇ ਵਧਾ ਸਕਾਂਗੇ। ਅਜੇਹਾ ਕਰਕੇ ਹੀ ਅਸੀਂ ਹਿੰਦੋਸਤਾਨ ਨੂੰ ਦੱਖਣੀ ਏਸ਼ੀਆ ਅਤੇ ਪੂਰੀ ਦੁਨੀਆਂ ਵਿੱਚ ਸ਼ਾਂਤੀ ਦਾ ਕਾਰਕ ਬਣਾ ਸਕਾਂਗੇ।

ਮਜ਼ਦੂਰ ਸਾਥੀਓ,

ਅੱਜ ਤੋਂ 132 ਸਾਲ ਪਹਿਲਾਂ, 1 ਮਈ 1890 ਵਿੱਚ ਯੂਰਪ ਦੇ ਤਮਾਮ ਦੇਸ਼ਾਂ ਦੇ ਮਜ਼ਦੂਰਾਂ ਨੇ 8 ਘੰਟੇ ਕੰਮ ਦਿਹਾੜੀ ਦੀ ਮੰਗ ਵਾਸਤੇ ਰੈਲੀਆਂ, ਹੜਤਾਲਾਂ ਆਯੋਜਿਤ ਕਰਕੇ, ਸੰਯੁਕਤ ਰੂਪ ਵਿੱਚ ਮਈ ਦਿਵਸ਼ ਦਾ ਜਸ਼ਨ ਮਨਾਇਆ ਸੀ। 1889 ਵਿੱਚ ਸਥਾਪਤ ਹੋਈ ਸੋਸ਼ਲਿਸਟ ਇੰਟਰਨੈਸ਼ਨਲ ਦੇ ਸੱਦੇ ਉੱਤੇ ਮਈ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤਕ ਸਾਰੀ ਦੁਨੀਆਂ ਵਿੱਚ ਮਈ ਦਿਵਸ ਦਾ ਅੰਦੋਲਨ ਫੈਲ ਗਿਆ ਹੈ। ਸਭ ਦੇਸ਼ਾਂ ਦੇ ਮਜ਼ਦੂਰ ਆਪਣੇ ਹੱਕਾਂ ਲਈ ਨਿਰੰਤਰ ਸੰਘਰਸ਼ ਕਰ ਰਹੇ ਹਨ ਅਤੇ ਸਰਮਾਏਦਾਰਾ ਲੁੱਟ ਤੋਂ ਮੁਕਤ, ਸਾਮਰਾਜਵਾਦੀ ਕੰਟਰੋਲ ਅਤੇ ਗੁਲਾਮੀ ਤੇ ਸਾਮਰਾਜਵਾਦੀ ਜੰਗਾਂ ਤੋਂ ਮੁਕਤ ਦੁਨੀਆਂ ਦੀ ਸਥਾਪਨਾ ਕਰਨ ਲਈ ਸੰਘਰਸ਼ ਕਰ ਰਹੇ ਹਨ।

ਆਓ, ਸਭ ਮਜ਼ਦੂਰਾਂ ਦੇ ਅਧਿਕਾਰਾਂ ਲਈ, ਜ਼ਮੀਨ ਵਾਹ ਕੇ ਪੂਰੇ ਸਮਾਜ ਦਾ ਢਿੱਡ ਭਰਨ ਵਾਲਿਆਂ ਦੇ ਅਧਿਕਾਰਾਂ ਲਈ ਆਪਣੇ ਇਕਮੁੱਠ ਸੰਘਰਸ਼ ਨੂੰ ਹੋਰ ਤੇਜ਼ ਕਰੀਏ। ਆਓ, ਅਜਾਰੇਦਾਰ ਸਰਮਾਏਦਾਰ ਘਰਾਣਿਆਂ ਦੀ ਅਗਵਾਈ ਵਿੱਚ ਸਾਰੇ ਲੋਟੂਆਂ ਦੇ ਖ਼ਿਲਾਫ਼ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਕਰੀਏ।

ਆਓ, ਸਾਨੂੰ ਵੰਡਣ ਵਾਲੀ ਹਾਕਮ ਜਮਾਤ ਦੀਆਂ ਸਭ ਕੋਸ਼ਿਸ਼ਾਂ ਨੂੰ ਨਾਕਾਮ ਕਰ ਦੇਈਏ। ਆਓ, ਸਰਮਾਏਦਾਰਾਂ ਦੀ ਹਕੂਮਤ ਦੀ ਥਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਸਥਾਪਤ ਕਰਨ ਦੇ ਨਿਸ਼ਾਨੇ ਨਾਲ ਦੇਸ਼ ਦੇ ਸਭ ਲੁਟੀਂਦੇ ਅਤੇ ਪੀੜਤ ਲੋਕਾਂ ਨੂੰ ਲਾਮਬੰਦ ਕਰੀਏ।

ਸਾਡਾ ਕਾਜ਼ ਜਾਇਜ਼ ਹੈ। ਅਸੀਂ ਦੇਸ਼ ਦੇ ਸਭ ਤੋਂ ਬਹੁਸੰਖਿਆ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਹਾਂ। ਸਾਡੀ ਜਿੱਤ ਜ਼ਰੂਰ ਹੋਵੇਗੀ।

ਮਜ਼ਦੂਰ ਏਕਤਾ ਜ਼ਿੰਦਾਬਾਦ!
ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ!
ਇਨਕਲਾਬ ਜ਼ਿੰਦਾਬਾਦ!

close

Share and Enjoy !

Shares

Leave a Reply

Your email address will not be published.