ਰਾਜ-ਆਯੋਜਿਤ ਫਿਰਕੂ ਹਿੰਸਾ:
ਲੋਕਾਂ ਨੂੰ ਪਾੜਨ ਅਤੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ ਹਾਕਮ ਜਮਾਤ ਦਾ ਮਨਭਾਉਂਦਾ ਤਰੀਕਾ ਹੈ

ਉੱਤਰੀ ਦਿੱਲੀ ਵਿੱਚ ਜਹਾਂਗੀਰਪੁਰੀ ਵਿੱਚ, 16 ਅਪਰੈਲ ਨੂੰ ਅਤੇ ਮੱਧ-ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਝਾਰਖੰਡ ਅਤੇ ਕਰਨਾਟਕ ਵਿੱਚ ਪਿਛਲੇ ਕੱੁਝ ਹਫਤਿਆਂ ਦੁਰਾਨ ਲੋਕਾਂ ਉੱਤੇ ਕੀਤੀ ਗਈ ਹਿੰਸਾ ਨੂੰ ਵੱਖ ਵੱਖ ਧਾਰਮਿਕ ਕਮਿਉਨਿਟੀਆਂ ਵਿਚਕਾਰ ਫਸਾਦਾਂ ਬਤੌਰ ਪੇਸ਼ ਕੀਤਾ ਗਿਆ ਹੈ। ਇਹ ਸਰਾਸਰ ਝੂਠ ਹੈ। ਲੋਕਾਂ ਨੇ ਹਰ ਜਗ੍ਹਾ ਇਹ ਦੱਸਿਆ ਹੈ ਕਿ ਹਿੰਸਾ ਕਰਨ ਵਾਲੀਆਂ ਗੈਂਗਾਂ ਸਥਾਨਕ ਨਹੀਂ ਸਨ। ਉਹ ਬਾਹਰਲੇ ਇਲਾਕਿਆਂ ਤੋਂ ਆਏ ਸਨ।

ਇਨ੍ਹਾਂ ਵਿਚੋਂ ਕਿਸੇ ਵੀ ਜਗ੍ਹਾ ਵਿੱਚ ਵੱਖ ਵੱਖ ਧਾਰਮਿਕ ਫਿਰਕਿਆਂ ਦੇ ਲੋਕਾਂ ਨੇ ਇੱਕ-ਦੂਸਰੇ ਉੱਤੇ ਹਮਲਾ ਨਹੀਂ ਕੀਤਾ ਜਾਂ ਕਤਲ ਨਹੀਂ ਕੀਤੇ। ਇਸ ਦੇ ਓਲਟ, ਸਥਾਨਕ ਲੋਕ ਗੁੰਡਿਆਂ ਦਾ ਵਿਰੋਧ ਕਰਨ ਅਤੇ ਇੱਕ-ਦੂਸਰੇ ਦੀ ਹਿਫਾਜ਼ਤ ਕਰਨ ਲਈ ਸੜਕਾਂ ਉੱਤੇ ਆਏ ਸਨ। ਉਹ ਤਾਂ ਦਹਾਕਿਆਂ ਤੋਂ ਰਲ-ਮਿਲ ਕੇ ਰਹਿੰਦੇ ਆਏ ਹਨ ਅਤੇ ਇੱਕ ਦੂਸਰੇ ਦੇ ਦੁੱਖ ਵੰਡਾਉਂਦੇ ਆਏ ਹਨ।

ਸਰਮਾਏਦਾਰ ਜਮਾਤ ਰਾਜ-ਮਸ਼ੀਨਰੀ, ਨਿਊਜ਼ ਮੀਡੀਆ ਅਤੇ ਸੋਸ਼ਲ ਮੀਡੀਆ ਉਪਰ ਆਪਣੇ ਕੰਟਰੋਲ ਰਾਹੀਂ ਝੂਠੀਆਂ ਕਹਾਣੀਆਂ ਫੈਲਾ ਰਹੀ ਹੈ। ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਕਿ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਇੱਕ ਦੂਸਰੇ ਉੱਤੇ ਹਮਲੇ ਕੀਤੇ ਹਨ।

ਅਧਿਕਾਰੀਆਂ ਨੇ ਦਿੱਲੀ ਅਤੇ ਹੋਰ ਅਨੇਕਾਂ ਥਾਵਾਂ ਉੱਤੇ ਮੇਹਨਤਕਸ਼ ਲੋਕਾਂ ਦੇ ਘਰ ਅਤੇ ਦੁਕਾਨਾਂ ਢਾਹੱੁਣ ਲਈ ਬੁਲਡੋਜ਼ਰ ਭੇਜੇ ਹਨ। ਹਾਕਮ ਜਮਾਤ ਦਾ ਪ੍ਰਾਪੇਗੰਡਾ ਇਹ ਪ੍ਰਭਾਵ ਦੇ ਰਿਹਾ ਹੈ ਕਿ ਉਹ “ਗੈਰ-ਕਾਨੂੰਨੀ” ਰਹਾਇਸ਼ੀ ਇਲਾਕਿਆਂ ਉੱਤੇ ਹਮਲਾ ਕਰਦੇ ਹਨ, ਕਿਉਂਕਿ ਇਹ ਹਰ ਤਰ੍ਹਾਂ ਦੇ ਜ਼ੁਰਮਾਂ ਦਾ ਸਰੋਤ ਹਨ। ਸੱਚਾਈ ਇਹ ਹੈ ਕਿ ਹਾਕਮ ਜਮਾਤ ਅਤੇ ਉਸ ਦੇ ਸਿਆਸੀ ਪ੍ਰਤੀਨਿਧ ਹੀ ਝੁੱਗੀ ਝੌਂਪੜੀ ਕਲੋਨੀਆਂ ਸਥਾਪਤ ਕਰਦੇ ਹਨ, ਜਿੱਥੇ ਮਜ਼ਦੂਰਾਂ ਨੂੰ ਅਣਮਨੱੁਖੀ ਹਾਲਤਾਂ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹਦੇ ਪਿੱਛੇ ਉਨ੍ਹਾਂ ਦਾ ਮੰਤਵ ਸਰਮਾਏਦਾਰਾਂ ਲਈ ਸਸਤੀ ਮਜ਼ਦੂਰੀ ਯਕੀਨੀ ਬਣਾਉਣਾ ਅਤੇ ਸਿਆਸੀ ਪਾਰਟੀਆਂ ਲਈ ਗੁੰਡੇ ਪੈਦਾ ਕਰਨਾ ਹੁੰਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਮਜ਼ਦੂਰ ਹਾਕਮ ਜਮਾਤ, ਉਸ ਦੀ ਰਾਜ ਮਸ਼ੀਨਰੀ ਅਤੇ ਸਿਆਸੀ ਪਾਰਟੀਆਂ ਦੇ ਰਹਿਮ ਉਤੇ ਹੁੰਦੇ ਹਨ। ਦਿੱਲੀ ਅਤੇ ਹੋਰ ਬੜੇ ਸ਼ਹਿਰਾਂ ਵਿੱਚ ਅਜੇਹੇ ਗਰੀਬ ਇਲਾਕਿਆਂ ਵਿੱਚ ਰਹਿਣ ਵਾਲੇ ਮੇਹਨਤਕਸ਼ ਲੋਕ ਹਕੂਮਤ ਕਰਨ ਵਾਲਿਆਂ ਦੇ ਰਹਿਮ ਉੱਤੇ ਹਨ। ਜਦੋਂ ਕਦੇ ਵੀ ਸਰਮਾਏਦਾਰੀ ਦੇ ਹਿੱਤ ਵਿੱਚ ਹੁੰਦਾ ਹੈ ਤਾਂ ਰਾਜ ਮਸ਼ੀਨਰੀ ਇਨ੍ਹਾਂ ਗੰਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਘਰ ਅਤੇ ਜਾਇਦਾਦ ਢਾਹ ਦਿੰਦੀ ਹੈ ਅਤੇ ਇਹ ਜ਼ਮੀਨ ਬੜੇ ਸਰਮਾਏਦਾਰਾਂ ਦੇ ਹਵਾਲੇ ਕਰ ਦਿੰਦੀ ਹੈ। ਨਾਲੋ ਨਾਲ, ਸਰਮਾਏਦਾਰ ਜਮਾਤ ਇਹ ਪ੍ਰਾਪੇਗੰਡਾ ਕਰਦੀ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਇੱਕ ਖਾਸ ਕਮਿਉਨਿਟੀ ਹੈ ਤਾਂ ਕਿ ਮਜ਼ਦੂਰ ਇੱਕ-ਮੁੱਠ ਹੋ ਕੇ ਉਨ੍ਹਾਂ ਦੀ ਹਿਫਾਜ਼ਤ ਨਾ ਕਰ ਸਕਣ ਜਿਨ੍ਹਾਂ ਦੇ ਘਰ ਢਾਹੇ ਜਾ ਰਹੇ ਹਨ।

ਜੋ ਸੰਘਰਸ਼ ਹਿੰਦੋਸਤਾਨ ਵਿੱਚ ਚੱਲ ਰਿਹਾ ਹੈ, ਉਹ ਵੱਖ ਵੱਖ ਧਾਰਮਿਕ ਆਸਥਾ ਰੱਖਣ ਵਾਲੇ ਲੋਕਾਂ ਦੇ ਵਿਚਕਾਰ ਨਹੀਂ ਹੈ। ਇਹ ਸੰਘਰਸ਼ ਲੋਟੂਆਂ ਅਤੇ ਲੁੱਟੇ ਜਾਣ ਵਾਲਿਆਂ ਵਿਚਕਾਰ ਹੈ। ਲੁੱਟ ਅਤੇ ਜ਼ੁਲਮ ਦੇ ਖ਼ਿਲਾਫ਼ ਲੋਕਾਂ ਦੇ ਸੰਘਰਸ਼ ਨੂੰ ਕੁਰਾਹੇ ਪਾਉਣ ਲਈ, ਹਾਕਮ ਸਰਮਾਏਦਾਰ ਜਮਾਤ ਧਰਮ ਦੇ ਅਧਾਰ ਉੱਤੇ ਨਫਰਤ ਅਤੇ ਜਜ਼ਬਾਤ ਭੜਕਾਉਣ ਲਈ ਹਰ ਹੀਲਾ ਵਰਤਦੀ ਹੈ।

ਅਜਾਰੇਦਾਰ ਘਰਾਣਿਆਂ ਦੀ ਅਗਵਾਈ ਦੇ ਹੇਠਾਂ, ਸਰਮਾਏਦਾਰੀ ਨੇ ਪਿਛਲੇ 75 ਸਾਲਾਂ ਵਿਚ, ਅਖੌਤੀ ਧਰਮ-ਨਿਰਪੱਖ ਹਿੰਦੋਸਤਾਨੀ ਰਾਜ ਨੂੰ ਸਮਾਜ ਦੇ ਸਭ ਭਾਗਾਂ ਵਿੱਚ ਫਿਰਕੂ ਜ਼ਹਿਰ ਫੈਲਾਉਣ ਲਈ ਵਰਤਿਆ ਹੈ। ਸੰਵਿਧਾਨ ਅਤੇ ਕਾਨੂੰਨਾਂ ਨੇ ਮਾਨਵ ਪਹਿਚਾਣ ਦੀ ਥਾਂ ਫਿਰਕੂ ਪਹਿਚਾਣ ਨੂੰ ਪੱਕਾ ਕੀਤਾ ਹੈ। ਹਰੇਕ ਨਾਲ ਇੱਕ ਹਿੰਦੋਸਤਾਨੀ ਨਾਗਰਿਕ ਬਤੌਰ ਸਲੂਕ ਕਰਨ ਦੀ ਬਜਾਏ,  ਉਸ ਦੇ ਧਰਮ ਦੇ ਅਧਾਰ ਉੱਤੇ ਇੱਕ “ਬਹੁ-ਗਿਣਤੀ ਕਮਿਉਨਿਟੀ” ਜਾਂ “ਘੱਟ-ਗਿਣਤੀ ਕਮਿਉਨਿਟੀ” ਦੇ ਮੈਂਬਰ ਬਤੌਰ ਸਲੂਕ ਕੀਤਾ ਜਾਂਦਾ ਹੈ। ਕਾਨੂੰਨ ਅਤੇ ਨੀਤੀਆਂ, ਸਭ ਤੋਂ ਦੱਬੇ ਕੁਚਲੇ ਭਾਗਾਂ ਦੇ ਲੋਕਾਂ ਨੂੰ ਰਾਹਤ ਦੇਣ ਦੇ ਨਾਮ ਉਤੇ, ਜਾਤ-ਪਾਤੀ ਪਹਿਚਾਣ ਨੂੰ ਜਿਉਂਦਾ ਰੱਖਦੇ ਹਨ।

ਹਿੰਦੋਸਤਾਨੀ ਰਾਜ, ਜਿਸ ਵਿੱਚ ਪਾਰਲੀਮੈਂਟ ਵਿਚਲੀਆਂ ਸਿਆਸੀ ਪਾਰਟੀਆਂ, ਪ੍ਰਸ਼ਾਸਣ ਮਸ਼ੀਨਰੀ ਅਤੇ ਸੁਰੱਖਿਆ ਬਲ ਸ਼ਾਮਲ ਹਨ, ਉਹ ਲੋਕਾਂ ਦੇ ਵੱਖ ਵੱਖ ਭਾਗਾਂ ਉਪਰ ਲਗਾਤਾਰ ਹਿੰਸਾ ਢਾਉਂਦਾ ਆ ਰਿਹਾ ਹੈ। ਅਜੇਹੀ ਹਿੰਸਾ ਦੇ ਹਰ ਦੌਰ ਤੋਂ ਬਾਦ ਹਾਕਮ ਜਮਾਤ ਦੀ ਪ੍ਰਾਪੇਗੰਡਾ ਮਸ਼ੀਨਰੀ ਹਿੰਸਾ ਵਾਸਤੇ ਲੋਕਾਂ ਨੂੰ ਦੋਸ਼ ਦਿੰਦੀ ਹੈ। ਹਾਕਮ ਜਮਾਤ ਨੇ ਇਸ ਤਰੀਕੇ ਨਾਲ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਦੇਸ਼ ਦੇ ਮਜ਼ਦੂਰ ਅਤੇ ਕਿਸਾਨ ਇਕਮੁੱਠ ਹੋ ਕੇ ਆਪਣੇ ਸਾਂਝੇ ਦੁਸ਼ਮਣ ਦੇ ਖ਼ਿਲਾਫ਼ ਲੜਾਈ ਨਾ ਕਰ ਸਕਣ।

ਰਾਜ-ਆਯੋਜਿਤ ਫਿਰਕੂ ਹਿੰਸਾ ਦਾ ਨਿਸ਼ਾਨਾ ਲੋਕਾਂ ਦਾ ਕੇਵਲ ਉਹੀ ਭਾਗ ਨਹੀਂ ਹੈ ਜਿਸ ਉਤੇ ਹਮਲਾ ਕੀਤਾ ਜਾਂਦਾ ਹੈ। ਇਸ ਦਾ ਨਿਸ਼ਾਨਾ ਸਮੁੱਚੀ ਮਜ਼ਦੂਰ ਜਮਾਤ ਅਤੇ ਮੇਹਨਤਕਸ਼ ਲੋਕ ਅਤੇ ਲੋਟੂਆਂ ਅਤੇ ਜਾਬਰਾਂ ਦੇ ਖ਼ਿਲਾਫ਼ ਲੋਕਾਂ ਦੇ ਸੰਘਰਸ਼ ਦੀ ਏਕਤਾ ਹੈ।

ਹਿੰਦੋਸਤਾਨ ਦੀ ਹਾਕਮ ਜਮਾਤ ਨੇ ਆਪਣੀਆਂ ਵਿਸ਼ਵਾਸ਼ਯੋਗ ਪਾਰਟੀਆਂ ਅਤੇ ਖੁਫੀਆ ਤੇ ਸੁਰੱਖਿਆ ਏਜੰਸੀਆਂ ਦੇ ਰਾਹੀਂ ਫਿਰਕੂ ਹਿੰਸਾ ਆਯੋਜਿਤ ਕਰਨ ਦਾ ਢੰਗ ਬਹੁਤ ਨਿਪੁੰਨ ਬਣਾ ਲਿਆ ਹੈ। ਮਸਜਿਦਾਂ ਵਿੱਚ ਸੂਰ ਦਾ ਮੀਟ ਅਤੇ ਮੰਦਰਾਂ ਵਿੱਚ ਗਾਂ ਦਾ ਮੀਟ ਸੁੱਟ ਕੇ ਜਾਂ ਧਾਰਮਿਕ ਕਿਤਾਬਾਂ ਦੀ ਬੇਅਦਬੀ ਕਰਕੇ ਭੜਕਾਹਟ ਪੈਦਾ ਕੀਤੀ ਜਾਂਦੀ ਹੈ। ਰਾਜ ਦੇ ਏਜੰਟ ਲੋਕਾਂ ਦੇ ਜਜ਼ਬਾਤ ਭੜਕਾਉਣ ਲਈ ਅਫਵਾਹਾਂ ਫੈਲਾਉਂਦੇ ਹਨ। 1984 ਵਿੱਚ ਉਨ੍ਹਾਂ ਨੇ ਇਹ ਅਫਵਾਹ ਫੈਲਾਅ ਦਿੱਤੀ ਸੀ ਕਿ ਪੀਣ ਵਾਲੇ ਪਾਣੀ ਦੇ ਖੂਹਾਂ ਵਿੱਚ ਜ਼ਹਿਰ ਮਿਲਾ ਦਿੱਤੀ ਗਈ ਹੈ।

ਹਿੰਸਕ ਹਮਲੇ ਕਰਨ ਵਾਲੀਆਂ ਗੈਂਗਾਂ ਦੀ ਰਾਜ ਵਲੋਂ ਰਖਵਾਲੀ ਕੀਤੀ ਜਾਂਦੀ ਹੈ। ਉਹ ਧਾਰਮਿਕ ਪਹਿਰਾਵਾ ਕਰ ਲੈਂਦੇ ਹਨ ਤਾਂ ਕਿ ਇਉਂ ਲੱਗੇ ਕਿ ਇੱਕ ਧਰਮ ਦੇ ਲੋਕ ਦੂਸਰੇ ਧਰਮ ਦੇ ਲੋਕਾਂ ਉੱਤੇ ਹਮਲਾ ਕਰ ਰਹੇ ਹਨ।

1984 ਅਤੇ 2022 ਦੀ ਨਸਲਕੁਸ਼ੀ ਸਮੇਤ, ਹਿੰਦੋਸਤਾਨ ਦੇ ਅਜ਼ਾਦ ਹੋਣ ਸਮੇਂ ਤੋਂ ਲੈ ਕੇ ਹੀ ਲੋਕਾਂ ਨੇ ਰਾਜ-ਆਯੋਜਿਤ ਫਿਰਕੂ ਕਤਲੇਆਮ ਹੁੰਦੇ ਦੇਖੇ ਹਨ। ਕੇਂਦਰ ਅਤੇ ਰਾਜਾਂ ਵਿੱਚ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ, ਪਰ ਕਤਲੇਆਮਾਂ ਦੇ ਪਿੱਛੇ ਸ਼ਾਤਰ ਦਿਮਾਗੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਇਹ ਇੱਕ ਸਾਫ ਸਬੂਤ ਹੈ ਕਿ ਕਤਲੇਆਮ ਹਾਕਮ ਜਮਾਤਾਂ ਦੇ ਹੁਕਮਾਂ ਨਾਲ ਕੀਤੇ ਗਏ ਸਨ। ਉਹ “ਦੰਗੇ ਫਸਾਦ” ਨਹੀਂ ਸਨ, ਬਲਕਿ ਲੋਕਾਂ ਦੇ ਖ਼ਿਲਾਫ਼ ਰਾਜ ਆਯੋਜਿਤ ਜ਼ੁਰਮ ਸਨ। ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਦੀ ਏਕਤਾ ਨੂੰ ਨਸ਼ਟ ਕਰਨ ਲਈ ਫਿਰਕੂ ਹਿੰਸਾ ਵਰਤਣਾ ਹਾਕਮ ਜਮਾਤ ਦਾ ਮਨ-ਪਸੰਦ ਤਰੀਕਾ ਹੈ।

ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਵਲੋਂ ਸਰਮਾਏਦਾਰ ਜਮਾਤ ਦੇ ਉਦਾਰੀਕਰਣ ਅਤੇ ਨਿੱਜੀਕਰਣ ਰਾਹੀਂ ਵਿਸ਼ਵੀਕਰਣ ਕਰਨ ਦੇ ਅਜੰਡੇ ਦੀ ਵਿਰੋਧਤਾ ਵਧ ਰਹੀ ਹੈ। ਬਹੁ-ਗਿਣਤੀ ਮੇਹਨਤਕਸ਼ ਲੋਕ ਵਧ ਰਹੀ ਲੁੱਟ ਖਸੁੱਟ, ਬੇਰੁਜ਼ਗਾਰੀ ਅਤੇ ਮਹਿੰਗਾਈ ਤੋਂ ਬਹੁਤ ਗੁੱਸੇ ਵਿੱਚ ਹਨ। ਵਿਰੋਧਤਾ ਮੁਜ਼ਾਹਰਿਆਂ ਵਿੱਚ ਗਿਣਤੀ ਅਤੇ ਮਜ਼ਬੂਤੀ ਵਧ ਰਹੀ ਹੈ। ਹਾਕਮ ਜਮਾਤ ਦੇ ਅਜੰਡੇ ਖ਼ਿਲਾਫ਼ ਮਜ਼ਦੂਰਾਂ, ਕਿਸਾਨਾਂ ਅਤੇ ਤਮਾਮ ਦੱਬੇ ਕੁਚਲੇ ਲੋਕਾਂ ਦੀ ਇਕਮੁੱਠ ਵਿਰੋਧਤਾ ਨੂੰ ਕੁਚਲਣ ਲਈ ਉਹ ਫਿਰਕੂ ਹਿੰਸਾ ਵਰਤ ਰਹੀ ਹੈ।

ਫਿਰਕਾਪ੍ਰਸਤੀ ਅਤੇ ਫਿਰਕੂ ਹਿੰਸਾ ਨੂੰ ਖਤਮ ਕਰਨ ਦਾ ਸੰਘਰਸ਼ ਮਜ਼ਦੂਰ ਜਮਾਤ ਅਤੇ ਲੋਕਾਂ ਵਲੋਂ ਸਰਮਾਏਦਾਰੀ ਦੀ ਹਕੂਮਤ ਦੇ ਖ਼ਿਲਾਫ਼ ਏਜੰਡੇ ਦਾ ਹਿੱਸਾ ਹੈ। ਸੰਘਰਸ਼ ਨੂੰ ਸਰਮਾਏਦਾਰੀ ਦੀ ਹਕੂਮਤ ਦੀ ਥਾਂ ਮਜ਼ਦੂਰਾਂ ਕਿਸਾਨਾਂ ਦੀ ਹਕੂਮਤ ਸਥਾਪਤ ਕਰਨ ਦੇ ਨਿਸ਼ਾਨੇ ਨਾਲ ਚਲਾਇਆ ਜਾਣਾ ਜ਼ਰੂਰੀ ਹੈ। ਕੇਵਲ ਇਸ ਤਰ੍ਹਾਂ ਹੀ ਆਪਾਂ ਹਰ ਕਿਸਮ ਦੀ ਲੁੱਟ ਖਸੁੱਟ ਅਤੇ ਦਮਨ ਤੋਂ ਮੁਕਤ ਇੱਕ ਨਵੇਂ ਸਮਾਜ ਦੀ ਉਸਾਰੀ ਕਰ ਸਕਦੇ ਹਾਂ। ਕੇਵਲ ਇਸ ਤਰ੍ਹਾਂ ਹੀ ਆਪਾਂ ਹਰ ਇੱਕ ਦੇ ਜ਼ਮੀਰ ਦੇ ਹੱਕ ਦੀ ਗਰੰਟੀ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਹੀ ਇਹ ਯਕੀਨੀ ਬਣਾ ਸਕਦੇ ਹਾਂ ਕਿ ਕਿਸੇ ਨਾਲ ਵੀ ਵਿਤਕਰਾ ਨਾ ਹੋਵੇ ਜਾਂ ਹਮਲਾ ਨਾ ਹੋਵੇ।

close

Share and Enjoy !

Shares

Leave a Reply

Your email address will not be published.