ਹਿੰਦੋਸਤਾਨ ਅਤੇ ਅਮਰੀਕਾ ਵਿਚਕਾਰ 2+2 ਵਾਰਤਾਲਾਪ:
ਅਮਰੀਕੀ ਸਾਮਰਾਜ ਵਲੋਂ ਹਿੰਦੋਸਤਾਨ ਨੂੰ ਆਪਣੇ ਭੂ-ਸਿਆਸੀ ਨਿਸ਼ਾਨਿਆਂ ਨਾਲ ਗੰਢਣ ਲਈ ਦਬਾਅ

ਹਿੰਦੋਸਤਾਨ ਅਤੇ ਅਮਰੀਕਾ ਵਿਚਕਾਰ 2+2 ਵਾਰਤਾਲਾਪ, 10 ਤੋਂ 15 ਅਪ੍ਰੈਲ ਤਕ ਚੱਲੀ। 2+2 ਦੇ ਰੂਪ ਦੇ ਵਾਰਤਾਲਾਪਾਂ ਵਿੱਚ, ਹਿੰਦੋਸਤਾਨ ਦੇ ਬਦੇਸ਼ ਅਤੇ ਡੀਫੈਂਸ ਮੰਤਰੀਆਂ ਅਤੇ ਅਮਰੀਕੀ ਸੈਕਟਰੀ ਆਫ ਸਟੇਟ ਅਤੇ ਡੀਫੈਂਸ ਸੈਕਟਰੀਆਂ ਵਿਚਕਾਰ ਇਕੋ ਵੇਲੇ ਗੱਲਬਾਤ ਹੁੰਦੀ ਹੈ। ਇਸ ਦਾ ਮੰਤਵ ਦੋ ਦੇਸ਼ਾਂ ਦੀਆਂ ਬਦੇਸ਼ ਅਤੇ ਡੀਫੈਂਸ ਨੀਤੀਆਂ ਵਿਚਕਾਰ ਤਾਲ-ਮੇਲ ਵਿੱਚ ਨੇੜਤਾ ਲਿਆਉਣਾ ਹੁੰਦਾ ਹੈ। ਇਸ ਵਕਤ ਹਿੰਦੋਸਤਾਨ ਦੇ 2+2 ਵਾਰਤਾਲਾਪ ਕੇਵਲ ਅਮਰੀਕਾ, ਰੂਸ, ਜਪਾਨ ਅਤੇ ਅਸਟ੍ਰੇਲੀਆ ਨਾਲ ਹੁੰਦੇ ਹਨ।

ਇਸ 2+2 ਮੀਟਿੰਗ ਦਾ ਨਿਸ਼ਾਨਾ ਪਹਿਲੀਆਂ ਮੀਟਿੰਗਾਂ ਨਾਲੋਂ ਵੱਖਰਾ ਸੀ। ਅਮਰੀਕੀ ਸਾਮਰਾਜਵਾਦ ਰੂਸ ਵਲੋਂ ਯੁਕਰੇਨ ਉੱਤੇ ਹਮਲੇ ਦਾ ਬਹਾਨਾ ਵਰਤ ਕੇ ਰੂਸ ਨੂੰ ਅੰਤਰਰਾਸ਼ਟਰੀ ਤੌਰ ਉੱਤੇ ਕਮਜ਼ੋਰ ਕਰਨ ਅਤੇ ਨਿਖੇੜਨ ਲਈ ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ। ਹੁਣ ਤਕ ਤਾਂ ਹਿੰਦੋਸਤਾਨੀ ਰਾਜ ਨੇ ਯੁਕਰੇਨ ਦੇ ਸਬੰਧ ਵਿੱਚ ਆਪਣੀ ਨੀਤੀ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਨਾਲ ਨਹੀਂ ਜੋੜੀ।

ਸਰਦ ਜੰਗ ਦੇ ਦੌਰ ਵਿੱਚ, ਹਿੰਦੋਸਤਾਨ ਦੀ ਵੱਡੀ ਸਰਮਾਏਦਾਰੀ ਦੋਵਾਂ ਹੀ ਮਹਾਂਸ਼ਕਤੀਆਂ, ਅਮਰੀਕਾ ਅਤੇ ਸੋਵੀਅਤ ਸੰਘ, ਨਾਲ ਆਪਣੇ ਸਬੰਧਾਂ ਵਿੱਚ ਸਤੰੁਲਨ ਰੱਖ ਕੇ ਆਪਣੀ ਤਾਕਤ ਵਧਾਉਂਦੀ ਰਹੀ ਸੀ ਅਤੇ ਦੋਵਾਂ ਕੋਲੋਂ ਜੋ ਕੁੱਝ ਵੀ ਫਾਇਦਾ ਲੈ ਸਕਦੀ ਸੀ, ਉਹ ਲੈਂਦੀ ਰਹੀ। ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਅਤੇ ਦੁਨੀਆਂ ਦੀ ਦੋ-ਧਰੁਵੀ ਵੰਡ ਖਤਮ ਹੋ ਜਾਣ ਤੋਂ ਬਾਅਦ, ਹਿੰਦੋਸਤਾਨੀ ਰਾਜ ਅਮਰੀਕਾ ਦੇ ਵਧੇਰੇ ਨੇੜੇ ਹੋ ਗਿਆ ਹੈ। ਇਸ ਦੇ ਨਾਲ ਨਾਲ, ਇਹ ਅਜੇ ਰੂਸ ਨਾਲ ਵੀ ਨਜ਼ਦੀਕੀ ਸਬੰਧ ਕਾਇਮ ਰੱਖ ਰਿਹਾ ਹੈ। ਮਿਸਾਲ ਦੇ ਤੌਰ ਉੱਤੇ, ਹਿੰਦੋਸਤਾਨ ਦਾ 60 ਫੀਸਦੀ ਫੌਜੀ ਸਮਾਨ ਰੂਸ ਤੋਂ ਆਉਂਦਾ ਹੈ।

ਯੁਕਰੇਨ ਦੇ ਮਸਲੇ ਬਾਰੇ, ਹਿੰਦੋਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਰਗੀਆਂ ਅੰਤਰਰਾਸ਼ਟਰੀ ਜਥੇਬੰਦੀਆਂ ਵਿੱਚ ਹੁਣ ਤਕ ਰੂਸ ਦੇ ਖ਼ਿਲਾਫ਼ ਵੋਟ ਨਹੀਂ ਪਾਈ। ਹਿੰਦੋਸਤਾਨ ਨੇ ਰੂਸ ਤੋਂ ਤੇਲ ਦੀ ਖ੍ਰੀਦ ਵੀ ਵਧਾ ਦਿੱਤੀ ਹੈ ਅਤੇ ਅਮਰੀਕਾ ਵਲੋਂ ਲਾਈਆਂ ਬੰਦਸ਼ਾਂ ਤੋਂ ਬਚਣ ਲਈ ਰੂਸ ਨਾਲ ਵਪਾਰ ਰੁਪਏ-ਰੂਬਲ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਸਥਿਤੀ ਵਿੱਚ, ਲੱਗਦਾ ਹੀ ਸੀ ਕਿ ਅਮਰੀਕਾ ਇਸ 2+2 ਮੀਟਿੰਗ ਵਿੱਚ ਹਿੰਦੋਸਤਾਨ ਨੂੰ ਫੌਜੀ ਸਮਾਨ ਅਤੇ ਹੋਰ ਰਿਆਇਤਾਂ ਦੇਣ ਦੇ ਬਦਲੇ ਆਪਣਾ ਰੁਖ ਬਦਲਣ ਅਤੇ ਅਮਰੀਕਾ ਦੇ ਉਦੇਸ਼ਾਂ ਨਾਲ ਸਹਿਮਤੀ ਵਾਸਤੇ ਦਬਾ ਪਾਏਗਾ।

2+2 ਮੀਟਿੰਗ ਵਿੱਚ ਕੀ ਹੋਇਆ?

ਅਮਰੀਕੀ ਪ੍ਰਧਾਨ, ਜੋ ਬਾਈਡਨ ਨੇ ਹਿੰਦੋਸਤਾਨ ਦੇ ਬਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਡੀਫੈਂਸ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਬਰਾਬਰ ਦੇ ਅਮਰੀਕੀ ਪਦਾਂ ਵਾਲੇ, ਐਨਥਨੀ ਬਲੰਿਕਨ ਅਤੇ ਲੌਇਡ ਔਸਟਨ ਵਿਚਕਾਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਚਨਚੇਤ ਹੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀਡੀਓ ਰਾਹੀਂ ਸਿਖਰ ਸੰਮੇਲਨ ਕੀਤਾ।

ਸਾਫ ਤੌਰ ਉੱਤੇ, ਇਹ ਸਿਖਰ ਸੰਮੇਲਨ ਹਿੰਦੋਸਤਾਨ ਉਪਰ ਸਭ ਤੋਂ ਉੱਚੇ ਪੱਧਰ ਉੱਤੇ, ਅਮਰੀਕੀ ਸਾਮਰਾਜਵਾਦ ਦੇ ਰਣਨੀਤਿਕ ਨਿਸ਼ਾਨਿਆਂ ਦੇ ਪੱਖ ਵਿੱਚ ਹੋ ਜਾਣ ਲਈ ਦਬਾ ਪਾਉਣ ਦੀ ਕੋਸ਼ਿਸ਼ ਸੀ।

ਪੱਕੀ ਜਾਣਕਾਰੀ ਤਾਂ ਭਾਵੇਂ ਨਹੀਂ ਪਤਾ ਲੱਗੀ, ਪਰ ਏਨਾ ਜ਼ਰੂਰ ਹੈ ਕਿ ਹਿੰਦੋਸਤਾਨੀ ਰਾਜ ਨੇ ਅਜੇ ਤਕ ਰੂਸ-ਯੁਕਰੇਨ ਮਸਲੇ ਉੱਤੇ ਆਪਣਾ ਸਟੈਂਡ ਨਹੀਂ ਬਦਲਿਆ।

ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ 2+2 ਮੀਟਿੰਗ ਵਿੱਚ ਇੱਕ-ਦੋ ਮੁੱਖ ਗਤੀਵਿਧੀਆਂ ਹੋਣ ਦੀ ਜੋ ਉਮੀਦ ਕੀਤੀ ਜਾਂਦੀ ਸੀ, ਉਹ ਨਹੀਂ ਹੋਈਆਂ। ਪਹਿਲਾ, ਹਿੰਦੋਸਤਾਨ ਵਲੋਂ ਆਪਣੀ ਫੌਜ ਲਈ ਅਮਰੀਕਾ ਕੋਲੋਂ 30 ਪਰੈਡਾਟਰ ਆਰਮਡ ਡਰੋਨ ਖ੍ਰੀਦਣ ਲਈ ਸਮਝੌਤਾ ਦਸਖਤ ਹੋਣ ਦੀ ਉਮੀਦ ਸੀ। ਇਹ ਵੀ ਉਮੀਦ ਸੀ ਕਿ ਅਮਰੀਕਾ ਆਪਣੇ ਵਿਰੋਧੀਆਂ ਦੇ ਖ਼ਿਲਾਫ਼ ਬੰਦਸ਼ਾਂ ਲਾਉਣ ਦੇ ਕਾਨੂੰਨ (ਸੀ ਏ ਏ ਟੀ ਐਸ ਏ – ਕਾਂਊਟਰਿੰਗ ਅਮੈਰਿਕਾਜ਼ ਅਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ) ਤੋਂ ਹਿੰਦੋਸਤਾਨ ਨੂੰ ਛੋਟ ਦੇ ਦੇਵੇਗਾ। ਇਸ ਨਾਲ ਹਿੰਦੋਸਤਾਨ ਰੂਸ ਕੋਲੋ 2018 ਵਿੱਚ ਐਸ 400 ਸਰਫਸ-ਟੂ-ਏਅਰ ਮਿਸਾਈਲ ਸਿਸਟਮ ਖ੍ਰੀਦਣ ਲਈ ਅਮਰੀਕਾ ਵਲੋਂ ਦੰਡ ਲਾਏ ਜਾਣ ਤੋਂ ਬਚ ਜਾਵੇਗਾ। ਇਸ ਤਰ੍ਹਾਂ ਦੀ ਕਿਸੇ ਵੀ ਛੋਟ ਦਾ ਐਲਾਨ ਨਹੀਂ ਹੋਇਆ।

ਲੇਕਿਨ, ਮੀਟਿੰਗਾਂ ਵਿੱਚ ਹੋਰ ਕਿਸਮ ਦੇ ਫੌਜੀ ਸਹਿਯੋਗ ਬਾਰੇ ਚਰਚਾ ਕੀਤੀ ਗਈ। ਇਹਦੇ ਵਿੱਚ ਅਕਾਸ਼ ਸਥਿਤੀ ਬਾਰੇ ਜਾਣਕਾਰੀ ਦਾ ਸਮਝੌਤਾ, ਸਾਂਝੀਆਂ ਫੌਜੀ ਮਸ਼ਕਾਂ ਹੋਰ ਵਧਾਉਣ ਲਈ ਯੋਜਨਾਵਾਂ, ਅਤੇ ਸਾਈਬਰਸਪੇਸ ਡਾਇਲਾਗ ਸ਼ਾਮਲ ਸਨ। ਇੱਕ ਹੋਰ ਮਾਮਲਾ ਜਿਹਦੇ ਬਾਰੇ ਪਹਿਲਾਂ ਕਦੇ ਕੋਈ ਚਰਚਾ ਨਹੀਂ ਹੋਇਆ, ਉਹ ਅਮਰੀਕੀ ਬਹਿਰੀ (ਨੇਵੀ) ਜਹਾਜ਼ਾਂ ਦੀ ਮੁਰੰਮਤ ਵਾਸਤੇ ਹਿੰਦੋਸਤਾਨ ਦੀਆਂ ਬੰਦਰਗਾਹਾਂ ਵਰਤਣ ਬਾਰੇ ਚਰਚਾ ਸੀ।

ਵਿਸ਼ੇਸ਼ ਤੌਰ ਉੱਤੇ, ਦੋਵਾਂ ਧਿਰਾਂ ਨੇ ਸਭ ਤੋਂ ਵਿਕਸਤ ਹਥਿਆਰਾਂ ਦਾ ਸਾਂਝਾ-ਉਤਪਾਦਨ, ਸਾਂਝਾ ਵਿਕਾਸ ਅਤੇ ਉਨ੍ਹਾਂ ਨੂੰ ਸਾਂਝੇ ਤੌਰ ਉਤੇ ਟੈਸਟ ਕਰਨ ਬਾਰੇ ਗੱਲਬਾਤ ਕੀਤੀ। ਅਮਰੀਕਾ ਕੋਲੋਂ ਫੌਜੀ ਸਾਜ਼ੋ-ਸਮਾਨ ਖ੍ਰੀਦਣ ਦੀ ਇੱਕ ਖਾਸ ਔਖਿਆਈ ਇਹ ਹੈ ਕਿ ਹਿੰਦੋਸਤਾਨ ਅਮਰੀਕਾ ਤੋਂ ਖ੍ਰੀਦੇ ਹੋਏ ਹਥਿਆਰਾਂ ਵਿੱਚ ਆਪਣੀ ਮਰਜ਼ੀ ਮੁਤਾਬਕ ਤਬਦੀਲੀਆਂ ਨਹੀਂ ਕਰ ਸਕਦਾ ਸੀ। ਇਸ ਸਮਾਨ ਲਈ ਸਪੇਅਰ ਪਾਰਟ ਜਾਂ ਉਨ੍ਹਾਂ ਦੀ ਸਰਵਿਸ ਉਨ੍ਹਾਂ ਦੇ ਉਤਪਾਦਕਾਂ ਤੋਂ ਬਿਨ੍ਹਾਂ ਹੋਰ ਕਿਸੇ ਕੋਲੋਂ ਨਹੀਂ ਕਰਵਾ ਸਕਦਾ ਸੀ। ਰੂਸ ਕੋਲੋਂ ਫੌਜੀ ਸਮਾਨ ਖ੍ਰੀਦਣ ਉਤੇ ਅਜੇਹੀ ਕੋਈ ਸ਼ਰਤ ਨਹੀਂ ਸੀ।

ਅੱਜ ਦੇ ਹਾਲਾਤਾਂ ਵਿੱਚ, ਅਮਰੀਕਾ ਰੂਸ ਦੀ ਫੌਜੀ ਇੰਡਸਟਰੀ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਹਿੰਦੋਸਤਾਨੀ ਮਾਰਕੀਟ ਦੇ ਖੁੱਸ ਜਾਣ ਨਾਲ ਰੂਸ ਨੂੰ ਬਹੁਤ ਧੱਕਾ ਲੱਗੇਗਾ। ਇਸ ਲਈ ਇਸ ਮੀਟਿੰਗ ਵਿੱਚ ਫੌਜੀ ਸਾਜ਼-ਸਮਾਨ ਦੇ ਸਾਂਝੇ ਉਤਪਾਦਨ ਅਤੇ ਤਕਨੀਕ ਦਾ ਹਸਤਾਂਤਰਣ ਕਰਨ ਦੇ ਵਾਇਦੇ ਦਾ ਲਾਲਚ ਦੇ ਕੇ, ਅਮਰੀਕਾ ਨੇ ਹਿੰਦੋਸਤਾਨ ਨੂੰ ਰੂਸੀ ਸਪਲਾਇਰਾਂ ਤੋਂ ਆਪਣੇ ਵੱਲ ਖਿਚਣ ਦੀ ਕੋਸ਼ਿਸ਼ ਕੀਤੀ।

ਕਈ ਟਿਪਣੀਕਾਰਾਂ ਦਾ ਦਾਵਾ ਹੈ ਕਿ ਇਸ ਮੀਟਿੰਗ ਵਿੱਚ ਅਮਰੀਕਾ ਅਤੇ ਹਿੰਦੋਸਤਾਨ ਰੂਸ ਅਤੇ ਯੁਕਰੇਨ ਦੇ ਮਾਮਲੇ ਵਿੱਚ ਅਸਹਿਮਤੀ ਰੱਖਣ ਲਈ ਸਹਿਮਤ ਹੋਏ ਹਨ। ਇਹ ਮੁਇਆਨਾ ਗਲਤ ਹੈ। ਅਮਰੀਕੀ ਸਾਮਰਾਜਵਾਦ ਆਪਣੇ ਰਣਨੀਤਿਕ ਨਿਸ਼ਾਨਿਆਂ ਨੂੰ ਪਾਉਣ ਲਈ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ਵਿੱਚ ਰੂਸ ਨੂੰ ਕਮਜ਼ੋਰ ਕਰਨਾ ਅਤੇ ਨਿਖੇੜਨਾ ਇਕ ਖਾਸ ਅੰਗ ਹੈ। ਇੱਕ ਵੱਡੇ ਦੇਸ਼ ਅਤੇ ਅਮਰੀਕਾ ਦੇ ਅਖੌਤੀ “ਰਣਨੈੀਤਿਕ ਸਾਂਝੀਦਾਰ” ਬਤੌਰ ਹਿੰਦੋਸਤਾਨ ਦੀ ਰੂਸ ਨਾਲ ਸਹਿਮਤੀ ਅਮਰੀਕਾ ਅਤੇ ਉਸਦੇ ਦੋਸਤਾਂ ਦੀ ਵੱਖੀ ਵਿੱਚ ਸੂਲ ਵਾਂਗ ਚੁਭ ਰਹੀ ਹੈ। ਉਹ ਅਹਿਸਮਤ ਹੋਣ ਲਈ ਸਹਿਮਤੀ ਨੂੰ ਸਵੀਕਾਰ ਨਹੀਂ ਕਰ ਸਕਦਾ, ਸਗੋਂ ਹਿੰਦੋਸਤਾਨ ਦੇ ਖ਼ਿਲਾਫ਼ ਹਰ ਸਿਆਸੀ, ਫੌਜੀ ਅਤੇ ਆਰਥਿਕ ਹਥਿਆਰ ਦੀ ਵਰਤੋਂ ਕਰੇਗਾ। ਹਿੰਦੋਸਤਾਨੀ ਹਾਕਮ ਜਮਾਤ ਦੀ ਅਮਰੀਕਾ ਨਾਲ ਨੇੜਤਾ ਕਰਨ ਦੀ ਨੀਤੀ ਨੇ ਹਿੰਦੋਸਤਾਨ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ, ਸਗੋਂ ਇਸ ਨੂੰ ਕਮਜ਼ੋਰ ਹੀ ਕੀਤਾ ਹੈ। ਆਪਣੀ ਅਜ਼ਾਦ ਬਦੇਸ਼ੀ ਨੀਤੀ ਨੂੰ ਥੋੜ੍ਹਾ ਬਹੁਤ ਵੀ ਕਾਇਮ ਰੱਖਣ ਲਈ, ਅਮਰੀਕੀ ਸਾਮਰਾਜਵਾਦ ਨਾਲ ਰਣਨੀਤਿਕ ਸਬੰਧ ਤੋੜ ਲੈਣਾ ਹਿੰਦੋਸਤਾਨ ਦੇ ਹਿੱਤ ਵਿੱਚ ਹੈ।

close

Share and Enjoy !

Shares

Leave a Reply

Your email address will not be published.